“ਡੀਆਈਜੀ ਭੁੱਲਰ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ। ਸੀਬੀਆਈ ਦੀ ਮੁਢਲੀ ਜਾਂਚ ਵਿੱਚ ...”
(20 ਅਕਤੂਬਰ 2025)
* ਪੰਜਾਬ ਦੇ ਡੇਢ ਦਰਜਨ ਆਈਏਐੱਸ ਤੇ ਪੀਸੀਐੱਸ ਅਫਸਰਾਂ ’ਤੇ ਸੀਬੀਆਈ ਦੀ ਅੱਖ।
* ਹਰਚਰਨ ਸਿੰਘ ਭੁੱਲਰ ਦੇ ਖ਼ਿਲਾਫ ਇੱਕ ਹੋਰ ਪਰਚਾ ਦਰਜ ਕਰਨ ਦੀ ਤਿਆਰੀ, ਈਡੀ ਦੇ ਹੱਥ ਪਾਉਣ ਦੀ ਸੰਭਾਵਨਾ।
* ਸਰਕਾਰ ਦੇ ਅੱਖੀਂ ਘੱਟਾ ਪਾਉਣ ਲਈ ਨਵੇਂ ਸਿਵਲ ਅਤੇ ਪੁਲਿਸ ਅਫਸਰ ਜੁਆਇਨਿੰਗ ਵੇਲੇ ਦੱਸਣ ਲੱਗੇ ਵੱਧ ਜਾਇਦਾਦ।
* ਭੁੱਲਰ ਦੀ ਗ੍ਰਿਫਤਾਰੀ ਦੇ ਕਰਕੇ ਕਈ ਵੱਡੇ ਅਫਸਰਾਂ ਦੀ ਦਿਵਾਲੀ ਰਹੀ ਸੁੱਕੀ।
ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਕਹਾਣੀ ਵੱਖਰੀ ਜ਼ਰੂਰ ਹੈ ਪਰ ਇਹ ਨਹੀਂ ਕਿ ਉਹਨਾਂ ਤੋਂ ਪਹਿਲਾਂ ਵੱਡੇ ਅਫਸਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਫਸਦੇ ਨਹੀਂ ਰਹੇ। ਕਈ ਵੱਡੇ ਅਫਸਰਾਂ ਸਮੇਤ ਦੋ ਸਾਬਕਾ ਪੁਲੀਸ ਮੁਖੀਆਂ ਸਮੇਤ ਸੈਣੀ ਅਤੇ ਸਰਬਜੀਤ ਸਿੰਘ ਵਿਰਕ ਨੂੰ ਤਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਰਹਿਣਾ ਵੀ ਪਿਆ ਸੀ। ਨਸ਼ੇ ਦੇ ਵਪਾਰ ਦੇ ਮਾਮਲੇ ਵਿੱਚ ਵੀ ਕਈ ਅਫਸਰ ਜੇਲ੍ਹ ਯਾਤਰਾ ਕਰ ਚੁੱਕੇ ਹਨ। ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਕੇਸ ਵਿੱਚ ਜੇਲ੍ਹ ਅੰਦਰ ਗੁੜ ਨਾਲ ਚਣੇ ਖਾਣ ਵਾਲੇ ਸਿਆਸਤਦਾਨਾਂ ਦੀ ਗਿਣਤੀ ਵੀ ਜੇ ਪੁਲਿਸ ਅਫਸਰਾਂ ਨਾਲੋਂ ਵੱਧ ਨਹੀਂ, ਤਾਂ ਘੱਟ ਵੀ ਨਹੀਂ ਹੈ। ਸਾਬਕਾ ਏਆਈਜੀ ਰਾਜਜੀਤ ਸਿੰਘ ਹਾਲੇ ਤਕ ਜ਼ਰੂਰ ਬਚਦੇ ਆ ਰਹੇ ਹਨ। ਨਸ਼ਿਆਂ ਬਾਰੇ ਹਾਈ ਕੋਰਟ ਵਿੱਚ ਬੰਦ ਪਈ ਰਿਪੋਰਟ ਖੁੱਲ੍ਹ ਜਾਵੇ ਤਾਂ ਕਈ ਹੋਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪੈ ਸਕਦਾ ਹੈ। ਇਸੇ ਤਰ੍ਹਾਂ ਸੀਬੀਆਈ ਨੇ ਭੁੱਲਰ ਦੇ ਦਲਾਲ ਕਿਰਸਾਨੂ ਦੀ ਡਾਇਰੀ ਦੇ ਪੰਨੇ ਪੜ੍ਹ ਲਏ ਤਾਂ ਕਈ ਆਈਏਐੱਸ ਅਤੇ ਪੀਸੀਐੱਸ ਅਫਸਰਾਂ ਨੂੰ ਹਰਚਰਨ ਸਿੰਘ ਭੁੱਲਰ ਦਾ ਬੁੜੈਲ ਜੇਲ੍ਹ ਵਿੱਚ ਗੁਆਂਢੀ ਬਣਨਾ ਪੈ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਭੁੱਲਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਸੀਬੀਆਈ ਵੱਲੋਂ ਉਸਦੇ ਬੈਂਕ ਖ਼ਾਤੇ ਸੀਲ ਕਰ ਦਿੱਤੇ ਗਏ ਹਨ। ਖ਼ਬਰਾਂ ਤਾਂ ਇਹ ਵੀ ਹਨ ਉਸ ਵਿਰੁੱਧ ਹੋਰ ਕੇਸ ਵੀ ਦਰਜ ਹੋ ਸਕਦੇ ਹਨ। ਹਾਲਾਂਕਿ ਸੀਬੀਆਈ ਨੇ ਅਦਾਲਤ ਵਿੱਚ ਉਸਦਾ ਰਿਮਾਂਡ ਨਹੀਂ ਸੀ ਮੰਗਿਆ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਐੱਸ ਐੱਸ ਵਿਰਕ ਨੂੰ ਜੇਲ੍ਹ ਵਿੱਚ ਜਾਣਾ ਪਿਆ ਸੀ। ਕਿਸੇ ਤਰ੍ਹਾਂ ਇੱਕ ਹੋਰ ਸਾਬਕਾ ਡੀਜੀਪੀ ਮੁਖੀ ਸੁਮੇਧ ਸੈਣੀ ਚਾਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਹਾਲੇ ਤਕ ਬਚੇ ਆ ਰਹੇ ਹਨ ਪਰ ਜੇਲ੍ਹ ਵਿੱਚ ਉਹਨਾਂ ਨੂੰ ਵੀ ਇੱਕ ਰਾਤ ਜ਼ਰੂਰ ਕੱਟਣੀ ਪੈ ਗਈ ਸੀ।
ਅੰਮ੍ਰਿਤਸਰ ਦੇ ਐੱਸਐੱਸਪੀ ਰਹੇ ਕੁਲਤਾਰ ਸਿੰਘ ਉੱਤੇ ਵੀ ਅੰਮ੍ਰਿਤਸਰ ਦੇ ਇੱਕ ਪਰਿਵਾਰ ਵੱਲੋਂ ਧੱਕੇ ਨਾਲ ਰਿਸ਼ਵਤ ਲੈਣ ਦੇ ਦੋਸ਼ ਹੀ ਨਹੀਂ ਲਾਏ ਗਏ ਸਗੋਂ ਪਰਿਵਾਰ ਵੱਲੋਂ ਸਮੂਹਿਕ ਖੁਦਕੁਸ਼ੀ ਵੀ ਕਰ ਲਈ ਗਈ ਸੀ। ਉਸ ਤੋਂ ਬਾਅਦ ਉਹ ਕੁੜਿੱਕੀ ਵਿੱਚ ਫਸ ਗਏ ਸਨ। ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਬਚਾਉਣ ਅਤੇ ਫਸਾਉਣ ਵਿੱਚ ਲੱਗੀਆਂ ਰਹੀਆਂ। ਸੰਕਟ ਦੇ ਚਲਦਿਆਂ ਉਹ ਡੀਆਈ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ।
ਪੈਸੇ ਦੇ ਲੈਣ ਦੇਣ ਵਿੱਚ ਵਿੱਤੀ ਗੜਬੜੀਆਂ ਦੇ ਦੋਸ਼ਾਂ ਹੇਠ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਨ ਆਸ਼ੂ, ਸੁੰਦਰ ਸ਼ਾਮ ਅਰੋੜਾ ਅਤੇ ਓ ਪੀ ਸੋਨੀ ਨੂੰ ਜੇਲ੍ਹ ਦੀ ਯਾਤਰਾ ਕਰਨੀ ਪਈ ਸੀ। ਨਸ਼ਿਆਂ ਦੇ ਕੇਸ ਵਿੱਚ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਦੂਜੀ ਵਾਰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਇਸ ਨਾਲ ਰਲਦੇ ਮਿਲਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਗੁੜ ਨਾਲ ਚਣੇ ਚੱਬਣੇ ਪੈ ਗਏ ਸਨ। ਉਹਨਾਂ ਬਾਰੇ ਤਾਂ ਹੁਣ ਵੀ ਇਹ ਖ਼ਬਰ ਹੈ ਕਿ ਉਹ ਗ੍ਰਿਫਤਾਰੀ ਤੋਂ ਡਰਦੇ ਹੌਲੇ ਹੋਏ ਹੋਏ ਹਨ।
ਪੰਜਾਬ ਤੇ ਕਈ ਆਈਏਐੱਸ ਅਫਸਰਾਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਜਾਣਾ ਪੈ ਗਿਆ ਸੀ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਬਿਕਰਮਜੀਤ ਸਿੰਘ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ।
ਹਰਚਰਨ ਸਿੰਘ ਭੁੱਲਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਦਲਾਲ ਕਿਰਸਾਨੂ ਦੀ ਕਈ ਅਫਸਰਾਂ ਨਾਲ ਸੈਟਿੰਗ ਸੀ। ਖ਼ਬਰਾਂ ਤਾਂ ਇਹ ਵੀ ਹਨ ਕਿ ਉਹਨਾਂ ਦੀ ਨੇੜਤਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਧੂ ਸਿੰਘ ਧਰਮ ਸੋਤ ਨਾਲ ਰਹੀ ਹੈ। ਨਵਜੋਤ ਸਿੰਘ ਸਿੱਧੂ ਦਾ ਦਾਮਨ ਹੈ ਸਾਫ ਪਰ ਕਿਹਾ ਜਾਂਦਾ ਹੈ ਕਿ ਕਿਰਸਾਨੂ ਮੰਤਰੀਆਂ ਸੰਤਰੀਆਂ ਨਾਲ ਨੇੜਤਾ ਬਣਾਉਣ ਦਾ ਗੁਰ ਜਾਣਦਾ ਸੀ।
ਰੋਪੜ ਰੇਂਜ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਭ੍ਰਿਸ਼ਟਾਚਾਰ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਹੁਣ ਪੰਜਾਬ ਦੇ ਕਈ ਆਈਏਐੱਸ ਅਤੇ ਅਫਸਰਾਂ ਤਕ ਪਹੁੰਚ ਸਕਦੀ ਹੈ। ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਦਲਾਲ ਕਿਰਸਾਨੂ ਸ਼ਾਰਦਾ ਦੀ ਭੂਮਿਕਾ ਅਹਿਮ ਦੱਸੀ ਜਾ ਰਹੀ ਹੈ, ਜਿਸਦੇ ਸੰਪਰਕ ਵਿੱਚ ਕੇਵਲ ਭੁੱਲਰ ਤਕ ਹੀ ਸੀਮਿਤ ਨਹੀਂ ਸਨ ਸਗੋਂ ਉਹ ਹੋਰ ਕਈ ਕੁਝ ਅਧਿਕਾਰੀਆਂ ਦੇ ਲਈ ਵੀ ਕਮਾਈ ਦਾ ਜ਼ਰੀਆ ਬਣਿਆ ਹੋਇਆ ਸੀ। ਦੂਜੇ ਬੰਨੇ ਗ੍ਰਹਿ ਵਿਭਾਗ ਨੇ ਡੀਆਈਜੀ ਭੁੱਲਰ ਨੂੰ ਨੌਕਰੀ ਤੋਂ ਲਾਂਭੇ ਕਰ ਦਿੱਤਾ ਹੈ। ਸੀਬੀਆਈ ਦੀ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਰਸਾਨੂ ਲੰਬੇ ਸਮੇਂ ਤੋਂ ਪੰਜਾਬ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਮਹਿਕਮੇ ਦੇ ਕਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਸੀ ਅਤੇ ਉਹ ਉਹਨਾਂ ਲਈ ਆਰਥਿਕ ਕੰਮ ਕਾਜ ਦੇਖ ਰਿਹਾ ਸੀ। ਸੀਬੀਆਈ ਦੇ ਇੱਕ ਉੱਚ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸੀਬੀਆਈ ਨੇ ਭੁੱਲਰ ਅਤੇ ਕਿਰਸਾਨੂ ਦੇ ਟਿਕਾਣਿਆਂ ਤੋਂ ਵੱਡੀ ਮਾਤਰਾ ਵਿੱਚ ਦਸਤਾਵੇਜ਼ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਡੁੰਘਾਈ ਨਾਲ ਜਾਂਚ ਜਾਰੀ ਹੈ।
ਸੂਤਰਾਂ ਅਨੁਸਾਰ ਡੀਆਈ ਭੁੱਲਰ ਨੂੰ ਸ਼ਰਾਬ ਕਾਰੋਬਾਰੀਆਂ, ਆਨਲਾਈਨ ਸੱਟਾ ਸਮੇਤ ਹੋਰ ਵਪਾਰੀਆਂ ਤੋਂ ਮਹੀਨੇ ਦੀ ਸੇਵਾ ਆ ਰਹੀ ਸੀ। ਉਸਦੇ ਰੁਤਬੇ ਮੋਹਰੇ ਕੋਈ ਵੀ ਵਿਅਕਤੀ ਖੁੱਲ੍ਹ ਕੇ ਸ਼ਿਕਾਇਤ ਲਈ ਸਾਹਮਣੇ ਨਹੀਂ ਆ ਰਿਹਾ ਸੀ ਪਰ ਮੰਡੀ ਗੋਬਿੰਦਗੜ੍ਹ ਦੇ ਆਕਾਸ਼ ਬੱਤਾ ਨੇ ਹੌਸਲਾ ਦਿਖਾਇਆ ਹੈ। ਹੁਣ ਤਕ ਸੀਬੀਆਈ ਦੀ ਜਾਂਚ ਵਿੱਚ ਡੀਆਈਜੀ ਭੁੱਲਰ ਨਾਲ ਜੁੜੀਆਂ 73 ਜਾਇਦਾਦਾਂ ਦਾ ਪਤਾ ਲੱਗਾ ਹੈ, ਜਿਨ੍ਹਾਂ ਵਿੱਚ ਕਈ ਬੇਨਾਮੀ ਅਤੇ ਵਿਸ਼ਵਾਸ ਪਾਤਰਾਂ ਦੇ ਨਾਮ ਉੱਤੇ ਦਰਜ ਹਨ। ਕਈ ਜਾਇਦਾਦਾਂ ਉਸ ਸਮੇਂ ਖਰੀਦੀਆਂ ਗਈਆਂ ਜਦੋਂ ਪੰਜਾਬ ਵਿੱਚ ਖਾੜਕੂਵਾਦ ਦਾ ਜ਼ੋਰ ਸੀ। ਉਸ ਸਮੇਂ ਦੌਰਾਨ ਭੁੱਲਰ ਅਤੇ ਉਸਦੇ ਪਰਿਵਾਰ ਨੇ ਵੱਖ-ਵੱਖ ਸ਼ਹਿਰਾਂ ਵਿੱਚ ਜ਼ਰੂਰਤਮੰਦਾਂ ਤੋਂ ਸਸਤੀਆਂ ਦਰਾਂ ਉੱਤੇ ਜ਼ਮੀਨ ਖਰੀਦੀ ਸੀ ਜਿਨ੍ਹਾਂ ਦੀ ਕੀਮਤ ਹੁਣ ਕਰੋੜਾਂ ਵਿੱਚ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਦਰਜ ਐੱਫਆਈਆਰ ਤੋਂ ਇਲਾਵਾ ਸੀਬੀਆਈ ਹੁਣ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਨ ਦੀ ਤਿਆਰੀ ਵਿੱਚ ਹੈ। ਇਸ ਵਾਸਤੇ ਦਿੱਲੀ ਹੈੱਡ ਆਫਿਸ ਤੋਂ ਪ੍ਰਵਾਨਗੀ ਮੰਗੀ ਜਾ ਰਹੀ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ਉੱਤੇ ਈਡੀ ਵੀ ਜਾਂਚ ਸ਼ੁਰੂ ਕਰ ਰਿਹਾ ਹੈ। ਈਡੀ ਵੱਲੋਂ ਸੀਬੀਆਈ ਤੋਂ ਦਸਤਾਵੇਜ਼ ਮੰਗੇ ਜਾਣਗੇ ਅਤੇ ਮਨੀ ਲਾਂਡਰਿੰਗ ਦੇ ਪੱਖ ਤੋਂ ਵੀ ਕੇਸ ਦੀ ਘੋਖ ਕਰੇਗੀ।
ਕਿਰਸਾਨੂ ਸ਼ਾਰਦਾ ਨਾਭਾ ਦਾ ਰਹਿਣ ਵਾਲਾ ਹੈ ਅਤੇ ਉਸਨੇ ਸਭ ਤੋਂ ਪਹਿਲਾਂ ਉੱਥੋਂ ਦੇ ਨੇਤਾਵਾਂ ਨਾਲ ਆਪਣੀ ਨੇੜਤਾ ਵਧਾਈ ਸੀ। ਉਹ ਹਾਕੀ ਦਾ ਖਿਡਾਰੀ ਰਿਹਾ ਹੈ। ਪਤਾ ਲੱਗਾ ਹੈ ਕਿ ਕਰੀਬ ਦੋ ਸਾਲ ਪਹਿਲਾਂ ਭੁੱਲਰ ਦੀ ਮੁਲਾਕਾਤ ਇੱਕ ਪੀਪੀਐੱਸ ਅਧਿਕਾਰੀ ਨੇ ਕਿਰਸਾਨੂ ਨਾਲ ਕਰਾਈ ਸੀ। ਉਸ ਤੋਂ ਬਾਅਦ ਭੁੱਲਰ ਨੇ ਆਪਣੀ ਮਸਿਕ ਉਗਰਾਹੀ ਅਤੇ ਹੋਰ ਲੈਣ ਦੇਣ ਦਾ ਜ਼ਿੰਮਾ ਕਿਰਸਾਨੂ ਨੂੰ ਸੌਂਪ ਦਿੱਤਾ ਸੀ। ਇਸ ਪੂਰੇ ਨੈੱਟਵਰਕ ਵਿੱਚ ਕਿਰਸਾਨੂੰ ਤੋਂ ਇਲਾਵਾ ਦੋ ਹੋਰ ਵਿਅਕਤੀ ਵੀ ਸ਼ਾਮਲ ਸਨ। ਪਿਛਲੇ ਦੋ ਸਾਲਾਂ ਤੋਂ ਕਿਰਸਾਨੂ ਡੀਆਈਜੀ ਭੁੱਲਰ ਸਹਿਤ ਕਈ ਹੋਰ ਅਧਿਕਾਰੀਆਂ ਦੇ ਲਈ ਮਹੀਨੇ ਦਾ ਲੈਣ ਦੇਣ ਸੰਭਾਲ ਰਿਹਾ ਹੈ।
ਇਸੇ ਦੌਰਾਨ ਇੱਕ ਸੇਵਾ ਮੁਕਤ ਆਈਏਐੱਸ ਨੇ ਉੱਚ ਅਫਸਰਸ਼ਾਹੀ ਨਾਲ ਜੁੜੀ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ ਕਿਸੇ ਵੀ ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਨੂੰ ਨੌਕਰੀ ਜੁਆਇੰਨ ਕਰਨ ਵੇਲੇ ਆਪਣੀ ਜਾਇਦਾਦ ਦਾ ਵੇਰਵਾ ਦੇਣਾ ਪੈਂਦਾ ਹੈ। ਇਹ ਅਧਿਕਾਰੀ ਸ਼ੁਰੂ ਵਿੱਚ ਹੀ ਆਪਣੀ ਜ਼ਾਇਦਾਦ ਦੀ ਜਾਣਕਾਰੀ ਵਧਾ ਚੜ੍ਹਾ ਕੇ ਦਿੰਦੇ ਹਨ ਤਾਂ ਜੋ ਨੌਕਰੀ ਦੌਰਾਨ ਬਣਾਈ ਜਾਣ ਵਾਲੀ ਜ਼ਾਇਦਾਦ ਉਹ ਆਪਣੀ ਵਿਰਾਸਤੀ ਪ੍ਰਾਪਰਟੀ ਵਿੱਚ ਸ਼ੋ ਕਰਦੇ ਰਹਿਣ। ਇੱਥੇ ਇਹ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਨਵੇਂ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ਵੱਲੋਂ ਦਿੱਤੇ ਹਲਫ਼ੀਆ ਬਿਆਨ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ। ਉਸਦਾ ਕਹਿਣਾ ਹੈ ਕਿ ਸਰਕਾਰ ਜੇ ਆਈਏਐੱਸ ਅਤੇ ਆਈਪੀ ਅਫਸਰਾਂ ਤੋਂ ਹਰ ਸਾਲ ਵਧਦੀ ਜਾਇਦਾਦ ਦਾ ਹਲਫ਼ੀਆ ਬਿਆਨ ਲੈਣ ਲੱਗ ਪਵੇ ਤਾਂ ਰਿਸ਼ਵਤਖੋਰੀ ਨੂੰ ਕਾਫ਼ੀ ਹੱਦ ਤਕ ਠੱਲ੍ਹ ਪੈ ਸਕਦੀ ਹੈ। ਬਹੁਤ ਸਾਰੇ ਅਫਸਰ ਅਜਿਹੇ ਵੀ ਹਨ ਜਿਹੜੇ ਆਪਣੇ ਗਹਿਣੇ ਗੱਟੇ ਨੂੰ ਮਾਪਿਆਂ ਅਤੇ ਸਹੁਰਿਆਂ ਵੱਲੋਂ ਮਿਲਿਆ ਤੋਹਫ਼ਾ ਦੱਸ ਕੇ ਸਰਕਾਰਾਂ ਨੂੰ ਗੁਮਰਾਹ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ।
ਉਂਝ ਤਾਂ ਭ੍ਰਿਸ਼ਟਾਚਾਰ ਤੋਂ ਪੂਰਾ ਵਿਸ਼ਵ ਨਹੀਂ ਬਚ ਸਕਿਆ ਹੈ ਪਰ ਮੇਰਾ ਭਾਰਤ ਮਹਾਨ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਉੱਪਰਲਿਆਂ ਵਿੱਚ ਗਿਣਿਆ ਜਾਂਦਾ ਹੈ। ਅਸਲ ਵਿੱਚ ਇਮਾਨ ਖੰਭ ਲਾ ਕੇ ਉਡ ਗਿਆ ਹੈ। ਬੰਦਾ ਦੂਜੇ ਬੰਦੇ ਵਿੱਚੋਂ ਇਨਸਾਨ ਨਹੀਂ, ਪੈਸਾ ਦੇਖਣ ਲੱਗਾ ਹੈ। ਅੱਜ ਬੰਦਾ ਇਨਸਾਨ ਨਹੀਂ ਰਿਹਾ। ਸੱਚ ਤਾਂ ਇਹ ਹੈ ਕਿ ਬੰਦਾ ਕਦੇ ਬੰਦਾ ਹੁੰਦਾ ਸੀ, ਪਰ ਅੱਜ ...?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (