MonikaKataria7ਮੇਰਾ ਮੰਨਣਾ ਇਹ ਹੈ, ਸਾਨੂੰ ਇਸ ਤਰ੍ਹਾਂ ਜਿਊਣਾ ਚਾਹੀਦਾ ਹੈ ਕਿ ਸਾਡਾ ਜੀਵਨ ...
(26 ਅਕਤੂਬਰ 2025)

 

ਕੁਦਰਤ ਨੇ ਮਨੁੱਖ ਨੂੰ ਬਹੁਤ ਹੀ ਬਿਹਤਰੀਨ ਜਜ਼ਬਾਤਾਂ ਅਤੇ ਕਲਾਵਾਂ ਨਾਲ ਨਿਵਾਜਿਆ ਹੈ ਜਿਨ੍ਹਾਂ ਰਾਹੀਂ ਉਹ ਆਪਣੇ ਦੁੱਖ-ਸੁਖ ਨੂੰ ਮਹਿਸੂਸ ਕਰਦਾ ਹੈ ਅਤੇ ਦੂਸਰਿਆਂ ਨਾਲ ਸਾਂਝੇ ਕਰਦਾ ਹੈ। ਹਰ ਮਨੁੱਖ ਵਿੱਚ ਜਜ਼ਬਾਤ ਹੁੰਦੇ ਹਨ ਪ੍ਰੰਤੂ ਉਹਨਾਂ ਨੂੰ ਵਿਅਕਤ ਕਰਨ ਦਾ ਤਰੀਕਾ, ਹਰ ਕਿਸੇ ਦਾ ਆਪਣਾ ਹੁੰਦਾ ਹੈ। ਕਈਆਂ ਦਾ ਆਪਣੇ ਜਜ਼ਬਾਤਾਂ ਉੱਪਰ ਕੰਟਰੋਲ ਨਹੀਂ ਹੁੰਦਾ ਅਤੇ ਕਈ ਆਪਣੇ ਜਜ਼ਬਾਤਾਂ ਨੂੰ ਲੁਕਾਉਣਾ ਬਾਖੂਬੀ ਜਾਣਦੇ ਹਨ। ਇਹ ਵੀ ਇੱਕ ਕਲਾ। ਮਨੁੱਖ ਦਾ ਹਰ ਚੀਜ਼ ਨੂੰ ਦੇਖਣ ਦਾ, ਸਮਝਣ ਦਾ, ਆਪਣਾ ਢੰਗ ਹੁੰਦਾ ਹੈ। ਉਸਦੀ ਆਪਣੀ ਕਲਾ, ਚਾਹੇ ਉਹ ਪਿਆਰ ਕਰਨ ਦੀ ਕਲਾ ਹੋਵੇ, ਕਿਸੇ ਰੁੱਸੇ ਨੂੰ ਮਨਾਉਣ ਦੀ, ਕਿਸੇ ਨੂੰ ਰਿਝਾਉਣ ਦੀ, ਉਸ ਨੂੰ ਦੂਸਰਿਆਂ ਤੋਂ ਅਲੱਗ ਬਣਾਉਂਦੀ ਹੈ। ਅਕਬਰ ਅਲਾਹਾਬਾਦੀ ਇਸ ਨੂੰ ਇਉਂ ਪੇਸ਼ ਕਰਦੇ ਹਨ:

ਜਿਵੇਂ ਪਿਆਰ ਕਰਨਾ, ਰੁੱਸਣਾ, ਮਨਾਉਣਾ ਇਨ੍ਹਾਂ ਸਾਰੇ ਅੰਦਾਜ਼ਾਂ ਨੂੰ ਮਨੁੱਖ ਬਾਖੂਬੀ ਨਿਭਾਉਣਾ ਜਾਣਦਾ ਹੈ। ਇਨ੍ਹਾਂ ਤੋਂ ਇਲਾਵਾ ਇੱਕ ਕਲਾ ਹੋਰ ਵੀ ਹੈ, ਜਿਸਨੂੰ ਅਸੀਂ ਜਾਣਦੇ ਤਾਂ ਬਹੁਤ ਚੰਗੀ ਤਰ੍ਹਾਂ ਹਾਂ ਪਰ ਉਸ ਨੂੰ ਮਾਣਨਾ ਭੁੱਲ ਬੈਠੇ ਹਾਂ, ਉਹ ਹੈ ਜਿਊਣ ਦੀ ਕਲਾ। ਜੀ ਹਾਂ, ਜਿਊਣਾ ਵੀ ਇੱਕ ਕਲਾ ਹੈ। ਅੱਜ ਦੇ ਦੌਰ ਵਿੱਚ ਮਨੁੱਖ ਸਿਰਫ ਦੌੜ ਰਿਹਾ ਹੈ, ਕਦੀ ਸਫਲਤਾ ਪਿੱਛੇ, ਦੂਸਰਿਆਂ ਪਿੱਛੇ, ਕਦੀ ਆਪਣੀਆਂ ਲਾਲਸਾਵਾਂ ਪਿੱਛੇ। ਇਸ ਸਭ ਦੇ ਚੱਲਦੇ, ਉਹ ਜ਼ਿੰਦਗੀ ਗੁਜ਼ਾਰ ਤਾਂ ਰਿਹਾ ਹੈ, ਪਰ ਜੀਅ ਨਹੀਂ ਰਿਹਾ। ਉਹ ਸਿਰਫ ਇਸ ਜੱਦੋਜਹਿਦ ਵਿੱਚ ਹੈ ਕਿ ਮੇਰਾ ਸਟੇਟਸ, ਮੇਰਾ ਰੁਤਬਾ ਬਣਿਆ ਰਹੇ, ਇਸ ਨੂੰ ਕੋਈ ਖੋਹ ਨਾ ਲਵੇ। ਅਸੀਂ ਆਪਣੇ-ਆਪ ਨੂੰ ਇੰਨਾ ਕੁ ਵਿਅਸਤ ਕਰ ਲਿਆ ਹੈ ਕਿ ਸਾਡੇ ਕੋਲ ਕਿਸੇ ਦੂਸਰੇ ਲਈ ਸਮਾਂ ਹੈ ਹੀ ਨਹੀਂ। ਸਾਡੇ ਰਿਸ਼ਤੇ-ਨਾਤੇ ਫੋਨ ਦੇ ਸੁਨੇਹਿਆਂ ਤਕ ਸੀਮਿਤ ਹੋ ਕੇ ਰਹਿ ਗਏ ਹਨ। ਸਾਡਾ ਹਾਸਾ ਇੱਕ ਬਨਾਵਟੀ ਜਿਹੀ ਮੁਸਕਾਨ ਬਣ ਕੇ ਰਹਿ ਗਿਆ ਹੈ। ਅਸੀਂ ਆਪਣੇ ਆਪ ਨੂੰ ਅਜਿਹੀ ਮਸ਼ੀਨ ਬਣਾ ਰਹੇ ਹਾਂ ਜਿਸ ਵਿੱਚ ਜਜ਼ਬਾਤ ਤਾਂ ਬਹੁਤ ਸੀ, ਪਰ ਹੁਣ ਉਹਨਾਂ ਨੂੰ ਦੌਲਤ-ਸ਼ੌਹਰਤ ਦਾ ਘੁਣ ਲੱਗ ਚੁੱਕਾ ਹੈ। ਜੇਕਰ ਇਹ ਸਭ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਸ਼ੀਨਾਂ, ਇਨਸਾਨ ਨੂੰ ਚਲਾਉਣਗੀਆਂ।”

ਅੱਜ ਦੇ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਕਿ ਉਹ ਕੁਦਰਤ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ ਜਦਕਿ ਜਿਊਣ ਦੀ ਸਭ ਤੋਂ ਵੱਡੀ ਕਲਾ ਸਾਨੂੰ ਕੁਦਰਤ ਸਿਖਾਉਦੀ ਹੈ। ਕੁਦਰਤ ਸਿਰਫ ਦੇਣਾ ਜਾਣਦੀ ਹੈ ਅਤੇ ਬਦਲੇ ਵਿੱਚ ਸਾਡੇ ਕੋਲੋਂ ਸਿਰਫ ਪਿਆਰ ਅਤੇ ਅਪਣੱਤ ਦੀ ਮੰਗ ਕਰਦੀ ਹੈ। ਕੁਦਰਤ ਸਾਨੂੰ ਸਿਖਾਉਂਦੀ ਹੈ ਕਿ ਬਿਨਾਂ ਸਵਾਰਥ ਦੇ ਦੂਸਰਿਆਂ ਲਈ ਕਿਵੇਂ ਜੀਵਿਆ ਜਾਂਦਾ ਹੈ। ਇਕੱਲੇ ਆਪਣੇ ਲਈ ਸੋਚਣਾ, ਜਿਊਣਾ, ਉਸ ਵਿੱਚ ਉਹ ਅਨੰਦ ਨਹੀਂ, ਜੋ ਦੂਸਰਿਆਂ ਦੀ ਖੁਸ਼ੀ ਦੀ ਵਜਾਹ ਬਣਨ ਵਿੱਚ ਹੁੰਦਾ ਹੈ। ਸਾਨੂੰ ਜ਼ਿੰਦਗੀ ਦੇ ਹਰ ਪਹਿਲੂ ਨੂੰ ਸਕਾਰਾਤਮਕ ਦ੍ਰਿਸ਼ਟੀ ਤੋਂ ਵਾਚਣਾ ਚਾਹੀਦਾ ਹੈ। ਕਿਉਂਕਿ ਅਸੀਂ ਜਿਹੋ-ਜਿਹਾ ਸੋਚਦੇ ਹਾਂ, ਅਸੀਂ ਉਵੇਂ ਦੇ ਹੀ ਹੋ ਜਾਂਦੇ ਹਾਂ, ਅਤੇ ਸਾਡੇ ਨਾਲ ਉਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਹਮੇਸ਼ਾ ਦੂਸਰਿਆਂ ਦਾ ਚੰਗਾ ਸੋਚੋ, ਤੁਹਾਡੇ ਨਾਲ ਕਦੇ ਵੀ ਬੁਰਾ ਨਹੀਂ ਹੋਵੇਗਾ। ਸਾਨੂੰ ਆਪਣੇ ਮਨ ਅੰਦਰ ਮੁਸੀਬਤਾਂ ਦਾ ਹੱਸ ਕੇ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਕਰਨ ਦੀ ਲੋੜ ਹੈ। ਸਾਡਾ ਖੁਸ਼ਨੁਮਾ ਸੁਭਾਅ ਹੀ ਸਾਡੇ ਮਿਥੇ ਹੋਏ ਮਨੋਰਥ ਤਕ ਪਹੁੰਚਣ ਵਿੱਚ ਸਹਾਇਕ ਹੁੰਦਾ ਹੈ। ਆਪਣੇ ਮਨੋਰਥ, ਉਦੇਸ਼ ਨੂੰ ਹਮੇਸ਼ਾ ਕੇਂਦਰ ਬਿੰਦੂ ’ਤੇ ਰੱਖੋ ਉਸਤੋਂ ਕਦੇ ਵੀ ਭਟਕੋ ਨਾ।

ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵੇ,
ਜਿਊਣ ਦਾ ਮਕਸਦ ਨਹੀਂ ਭੁੱਲੀਦਾ।
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ
,
ਪੱਥਰਾਂ ’ਤੇ ਨਹੀਂ ਡੁੱਲ੍ਹੀਦਾ।

ਅਸੀਂ ਆਪਣੇ ਦ੍ਰਿੜ੍ਹ ਨਿਸ਼ਚੇ ਅਤੇ ਮਿਹਨਤ ਨਾਲ ਹਰ ਮੈਦਾਨ ਫਤਿਹ ਕਰ ਸਕਦੇ ਹਾਂ। ਜ਼ਿੰਦਗੀ ਨੂੰ ਜੇਕਰ ਸੱਚ-ਮੁੱਚ ਹੀ ਖੁਸ਼ਨੁਮਾ ਬਣਾਉਣਾ ਚਾਹੁੰਦੇ ਹੋ ਤਾਂ ‘ਵਰਤਮਾਨ’ ਵਿੱਚ ਜਿਊਣਾ ਸਿੱਖੋ। ਬੀਤ ਚੁੱਕੇ (ਭਤਕਾਲ) ਜਾਂ ਆਉਣ ਵਾਲੇ (ਭਵਿੱਖ) ਬਾਰੇ ਸੋਚ ਕੇ ਆਪਣਾ ਅੱਜ ਖਰਾਬ ਨਾ ਕਰੋ। ਆਪਣੇ ਅੱਜ ਨੂੰ ਮਾਣੋ, ਕਿਉਂਕਿ ਸਾਡਾ ਕੱਲ੍ਹ, ਸਾਡਾ ਅੱਜ ਤੈਅ ਕਰਦਾ ਹੈ। ਜੇਕਰ ਅੱਜ ਨੂੰ ਬੇਹਤਰੀਨ ਬਣਾਵਾਂਗੇ, ਆਉਣ ਵਾਲਾ ਕੱਲ੍ਹ ਦੋਵੇਂ ਬਾਹਾਂ ਪਾਸਾਰ ਕੇ ਸਾਡਾ ਸਵਾਗਤ ਕਰੇਗਾ। ਕਦੇ ਵੀ ਜ਼ਿੰਦਗੀ ਵਿੱਚ ਹਾਰ ਨਾ ਮੰਨੋ ਅਤੇ ਆਪਣੇ ਵੱਲੋਂ ਹਰ ਅਸੰਭਵ ਨੂੰ ਸੰਭਵ ਬਣਾਉਣ ਲਈ ਕੋਸ਼ਿਸ਼ ਕਰੋ। ਸਫਲਤਾ ਜ਼ਰੂਰ ਤੁਹਾਡੇ ਕਦਮ ਚੁੰਮੇਗੀ।

ਆਪਣੇ ਪਿਤਾ ਜੀ ਦੀ ਮੌਤ ਦਾ ਭਿਆਨਕ ਮੰਜ਼ਰ ਮੈਂ ਬਹੁਤ ਛੋਟੀ ਉਮਰੇ ਦੇਖਿਆ। ਉਸ ਵੇਲੇ ਮੈਨੂੰ ਆਪਣੀ ਜ਼ਿੰਦਗੀ ਖਤਮ ਹੋ ਚੁੱਕੀ ਜਾਪਦੀ ਸੀ। ਪਰ ਕਹਿੰਦੇ ਨੇ ਕਿ ਜੋ ਦੁੱਖ ਦਿੰਦਾ ਹੈ, ਉਹ ਉਸ ਨੂੰ ਸਹਿਣ ਕਰਨ ਦਾ ਹੌਸਲਾ ਪਹਿਲਾਂ ਬਖਸ਼ ਦਿੰਦਾ ਹੈ। ਮੈਂ ਇਹ ਨਹੀਂ ਕਹਿ ਰਹੀ, ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ। ਬਲਕਿ ਅਸੀਂ ਉਹਨਾਂ ਦੀ ਖਾਤਰ, ਉਹਨਾਂ ਦੇ ਸੁਪਨਿਆਂ ਦੀ ਖਾਤਰ ਨਵੇਂ ਸਿਰਿਉਂ ਜਿਊਣਾ ਸ਼ੁਰੂ ਕਰ ਦਿੰਦੇ ਹਾਂ, ਜਿਵੇਂ ਕਿ ਮੈਂ ਕੀਤਾ ਸੀ, ਜੋ ਮੈਂ ਹੁਣ ਵੀ ਕਰ ਰਹੀ ਹਾਂ। ਜੋ ਚਲੇ ਜਾਂਦੇ ਹਨ, ਉਹਨਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਪਰ ਜੇਕਰ ਅਸੀਂ ਜ਼ਰਾ ਗੌਹ ਨਾਲ ਵੇਖੀਏ ਤਾਂ ਬਹੁਤ ਸਾਰੀਆਂ ਸੰਭਾਵਨਾਵਾਂ ਸਾਡੇ ਆਸ-ਪਾਸ ਹੀ ਮੌਜੂਦ ਹੁੰਦੀਆਂ ਹਨ, ਜੋ ਜਿਊਣ ਦਾ ਨਵਾਂ ਮਕਸਦ ਬਖਸ਼ਦੀਆਂ ਹਨ। ਉਹ ਕੁਝ ਕਿਤਾਬਾਂ ਵੀ ਨਹੀਂ ਸਿਖਾ ਸਕਦੀਆਂ, ਜੋ ਤੁਹਾਨੂੰ ਤੁਹਾਡਾ ਬੁਰਾ ਵਕਤ ਅਤੇ ਜ਼ਿੰਦਗੀ ਸਿਖਾਉਂਦੀ ਹੈ। ਕਦੇ ਵੀ ਆਪਣੇ ਜੀਵਨ ਵਿੱਚ ਖੜੋਤ ਨਾ ਆਉਣ ਦਿਉ। ਮੇਰਾ ਮੰਨਣਾ ਇਹ ਹੈ, ਸਾਨੂੰ ਇਸ ਤਰ੍ਹਾਂ ਜਿਊਣਾ ਚਾਹੀਦਾ ਹੈ ਕਿ ਸਾਡਾ ਜੀਵਨ ਦੂਸਰਿਆਂ ਲਈ ਮਾਰਗ ਦਰਸ਼ਨ ਬਣ ਸਕੇ। ਇਨ੍ਹਾਂ ਸਾਰਿਆਂ ਨੁਕਤਿਆਂ ਬਾਰੇ ਮੈਂ ਆਪਣੇ ਨਿੱਜੀ ਜੀਵਨ ਅਨੁਭਵ ਤੋਂ ਸਿੱਖਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ:

ਮਨ ਤੂੰ ਜੋਤਿ ਸਰੂਪ ਹੈ,
ਆਪਣਾ ਮੂਲ ਪਛਾਣ।

ਸੱਚ-ਮੁੱਚ ਹੀ ਸਾਡੇ ਮਨ ਵਿੱਚ ਉਸ ਪ੍ਰਮਾਤਮਾ ਦੀ ਜੋਤ ਜਗ ਰਹੀ ਹੈ, ਇਸ ਨੂੰ ਇੰਝ ਜਗਦੇ ਰੱਖਣ ਲਈ ਸਾਨੂੰ ਆਪਣਾ ਜੀਵਨ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਦੂਸਰਿਆਂ ਦੇ ਭਲੇ ਲਈ ਲਾਉਣਾ ਚਾਹੀਦਾ ਹੈ। ਅਜਿਹੇ ਬੇਗਰਜ਼ ਹੋ ਕੇ ਜ਼ਿੰਦਗੀ ਜੀਓ ਕਿ ਤੁਹਾਡੀ ਜ਼ਿੰਦਗੀ ਦੂਸਰਿਆਂ ਲਈ ਪਾਰਸ ਬਣ ਜਾਵੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਨਿਕਾ ਕਟਾਰੀਆ

ਮੋਨਿਕਾ ਕਟਾਰੀਆ

V+PO: Pharala, Shaheed Bhagat Singh Nagar, Punjab, India.
Whatsapp: (91 - 62390 - 27026)
Email: (monikakataria70@gmail.com)