“ਤੂੰ ਕਿਉਂ ਡੋਲਦੀ ਹੈਂ? ਮੈਂ ਬੈਠਾਂ, ਤੇਰਾ ਭਰਾ ਤੇਰੇ ਨਾਲ। ਤੂੰ ਸਿਰਫ ਪੜ੍ਹਨ ਵੱਲ ਧਿਆਨ ਦੇ, ਤੇਰੀ ਫੀਸ ...”
(16 ਅਕਤੂਬਰ 2025)
ਸਾਡੇ ਦੋਂਹ ਭੈਣਾਂ ਦੇ ਵੀਰ ਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਨੂੰ ਵੀ ਬੜਾ ਸ਼ੌਕ ਸੀ, ਮੈਂ ਕਾਲਜ ਜਾਵਾਂਗਾ, ਪਰ ਸਾਡੇ ਪਿਤਾ ਜੀ ਦੇ ਦਿਹਾਂਤ ਤੋਂ ਬਾਅਦ ਉਹਨੇ ਬਾਰ੍ਹਵੀਂ ਪੂਰੀ ਕਰਕੇ ਆਪਣੇ ਪੜ੍ਹਾਈ ਦੇ, ਆਪਣੇ ਕਾਲਜ ਜਾਣ ਦੇ ਸਾਰੇ ਸ਼ੌਕ ਮਾਰ ਦਿੱਤੇ ਤਾਂ ਕਿ ਮੈਂ ਤੇ ਮੇਰੀ ਭੈਣ ਨੂੰ ਵਧੀਆ ਜੀਵਨ ਮਿਲ ਸਕੇ, ਅਸੀਂ ਆਪਣੇ ਸ਼ੌਕ ਪੂਰੇ ਕਰ ਸਕੀਏ। ਮੈਂ ਕਦੇ ਵੀ ਉਸ ਨੂੰ ਹੋਰਾਂ ਮੁੰਡਿਆਂ ਵਿੱਚ, ਜੋ ਉਸ ਵੇਲੇ ਉਸਦੀ ਉਮਰ ਦੇ ਸੀ, ਖੜ੍ਹਾ ਨਹੀਂ ਦੇਖਿਆ, ਉਨ੍ਹਾਂ ਵਾਂਗ ਘੁੰਮਦਾ ਨਹੀਂ ਦੇਖਿਆ। ਰੱਬ ਦੀ ਅਣਹੋਣੀ ਨੇ ਉਸ ਨੂੰ ਉਸਦੀ ਉਮਰ ਤੋਂ ਵੱਧ ਸਿਆਣਪ ਬਖਸ਼ ਦਿੱਤੀ। ਉਹ ਸਾਡੇ ਲਈ ਹਰ ਉਹ ਕੁਝ ਕਰਨ ਦੀ ਕੋਸ਼ਿਸ਼ ਕਰਦਾ, ਜੋ ਜੇ ਸਾਡੇ ਪਿਤਾ ਜੀ ਹੁੰਦੇ ਤਾਂ ਉਹ ਕਰਦੇ। ਕੋਈ ਵੀ ਦਿਨ ਤਿਉਹਾਰ, ਦਿਵਾਲੀ, ਦਸਹਿਰਾ, ਰੱਖੜੀ, ਉਹ ਹਮੇਸ਼ਾ ਇਸ ਤਰ੍ਹਾਂ ਸਮਾਨ ਲਿਆਉਂਦਾ ਸੀ, ਜਿਵੇਂ ਇੱਕ ਪਿਓ ਆਪਣੇ ਨਿਆਣਿਆਂ ਲਈ ਲੈ ਕੇ ਆਉਂਦਾ ਹੁੰਦਾ ਹੈ। ਮੰਮੀ ਅਤੇ ਭਰਾ ਦੀ ਅਣਥੱਕ ਮਿਹਨਤ ਸਦਕਾ ਵੱਡੀ ਭੈਣ ਨੇ ਐੱਮ ਏ, ਬੀ ਐੱਡ ਕੀਤੀ। ਮੈਂ ਵੀ ਐੱਮ ਏ, ਬੀਐੱਡ ਕਰਕੇ ਚੰਗੀ ਨੌਕਰੀ ਪ੍ਰਾਪਤ ਕਰ ਲਈ। ਇਹ ਸਿਰਫ ਉਸ ਭਰਾ ਸਦਕਾ, ਜੋ ਉਸ ਸਮੇਂ ਦੇ ਹਾਲਾਤ ਨੂੰ ਦੇਖ ਕੇ ਭਰਾ ਤੋਂ ਕਦੋਂ ‘ਪਿਤਾ’ ਬਣ ਗਿਆ, ਸ਼ਾਇਦ ਉਹਨੂੰ ਵੀ ਨਹੀਂ ਪਤਾ ਲੱਗਿਆ। ਵੱਡੀ ਭੈਣ ਤੋਂ ਛੋਟਾ ਹੋਣ ਦੇ ਬਾਵਜੂਦ ਵੀ ਇੱਕ ਪਿਓ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਉਸਨੇ ਨਿਭਾਈਆਂ, ਮੈਂ ਤਾਂ ਖੈਰ ਹੈ ਹੀ ਘਰ ਵਿੱਚ ਸਭ ਤੋਂ ਛੋਟੀ ਸੀ। ਮੈਨੂੰ ਤਾਂ ਉਸਨੇ ਆਪਣੇ ਪੁੱਤਾਂ ਵਾਂਗ ਪਾਲਿਆ।
ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਜਦੋਂ ਮੈਂ ਤੇ ਮੇਰਾ ਭਰਾ ਬੀ ਐੱਡ ਦੇ ਵਿੱਚ ਮੇਰੀ ਐਡਮਿਸ਼ਨ ਕਰਾਉਣ ਲਈ ਗਏ ਸੀ। ਅਸੀਂ ਇੱਕ ਬਹੁਤ ਨਾਮੀ ਕਾਲਜ ਵਿੱਚ ਬੈਠੇ ਸਾਂ। ਪੜ੍ਹਾਈ ਵਿੱਚ ਚੰਗੀ ਹੋਣ ਕਰਕੇ ਮੇਰੇ ਨੰਬਰ ਬਹੁਤ ਜ਼ਿਆਦਾ ਸੀ ਅਤੇ ਉਹ ਕਾਲਜ ਵੀ ਬਹੁਤ ਵਧੀਆ ਸੀ। ਜਦੋਂ ਅਸੀਂ ਐਡਮਿਸ਼ਨ ਲੈਣ ਪਹੁੰਚੇ ਤਾਂ ਸਾਡੀ ਰਿਸੈਪਸ਼ਨਿਸਟ ਨਾਲ ਗੱਲ ਹੋਈ। ਉਹਨਾਂ ਨੇ ਸਾਨੂੰ ਮੈਡਮ ਨਾਲ ਮਿਲਾਇਆ। ਮੈਡਮ ਨੇ ਕੋਰਸ ਦੀ ਸਾਰੀ ਫੀਸ ਦੱਸੀ ਕਿ ਤੁਹਾਡੀ ਇੰਨੇ ਸਮੈਸਟਰਾਂ ਦੀ ਇੰਨੇ ਹਜ਼ਾਰ ਤਕ ਫੀਸ ਜਾਏਗੀ। ਇੰਨੇ ਸਾਲ ਦੀ ਇੰਨੀ। ਉਸ ਸਮੇਂ ਉੰਨੇ ਪੈਸਿਆਂ ਦਾ ਇੰਤਜ਼ਾਮ ਕਰਨਾ ਮੇਰੇ ਪਰਿਵਾਰ ਲਈ ਬਹੁਤ ਵੱਡੀ ਗੱਲ ਸੀ। ਮੈਡਮ ਉਹਨਾਂ ਦੁਆਰਾ ਦੱਸੀ ਫੀਸ ਸੁਣ ਕੇ ਮੈਂ ਇੱਕਦਮ ਨਿਰਾਸ਼ਾ ਵਿੱਚ ਚਲੀ ਗਈ ਕਿ ਹੁਣ ਮੇਰਾ ਅੱਗੇ ਪੜ੍ਹਾਈ ਜਾਰੀ ਰੱਖਣਾ ਔਖਾ ਹੋਵੇਗਾ। ਬੀਏ ਪਾਸ ਕਰਨ ਤੋਂ ਬਾਅਦ ਮੈਨੂੰ ਇੰਨੀ ਕੁ ਸਮਝ ਆ ਚੁੱਕੀ ਸੀ ਕਿ ਮੇਰੇ ਘਰ ਦੇ ਮੇਰੇ ’ਤੇ ਕਿੰਨਾ ਕੁ ਖਰਚਾ ਕਰ ਸਕਦੇ ਹਨ ਜਾਂ ਉਹਨਾਂ ਦੀ ਜੇਬ ਕਿੰਨੀ ਕੁ ਮਨਜ਼ੂਰੀ ਦੇ ਰਹੀ ਹੈ। ਸੋ ਮੈਂ ਉੱਥੇ ਹੌਸਲਾ ਛੱਡ ਦਿੱਤਾ ਪਰ ਮੇਰੇ ਨਾਲ ਬੈਠੇ ਮੇਰੇ ਭਰਾ ਨੇ ਮੈਨੂੰ ਕਿਹਾ, “ਤੂੰ ਕਿਉਂ ਡੋਲਦੀ ਹੈਂ? ਮੈਂ ਬੈਠਾਂ, ਤੇਰਾ ਭਰਾ ਤੇਰੇ ਨਾਲ। ਤੂੰ ਸਿਰਫ ਪੜ੍ਹਨ ਵੱਲ ਧਿਆਨ ਦੇ, ਤੇਰੀ ਫੀਸ ਮੈਂ ਆਪੇ ਕੁਛ ਨਾ ਕੁਛ ਕਰਕੇ ਮੈਨੇਜ ਕਰ ਲਵਾਂਗਾ।”
ਉਸਦੇ ਕਹੇ ਇਨ੍ਹਾਂ ਸ਼ਬਦਾਂ ਨੇ ਮੇਰੇ ਸਰੀਰ ਵਿੱਚ ਨਵੀਂ ਰੂਹ ਫੂਕ ਦਿੱਤੀ। ਮੈਂ ਬੜੀ ਹੈਰਾਨ ਹੋ ਕੇ ਉਹਦੇ ਵੱਲ ਦੇਖਣ ਲੱਗੀ ਕਿ ਕਿੰਨੇ ਜਿਗਰੇ ਨਾਲ ਮੇਰੇ ਭਰਾ ਨੇ ਸਿਰਫ ਮੇਰੀ ਪੜ੍ਹਾਈ ਜਾਰੀ ਰੱਖਣੀ ਲਈ ਜੇਬ ਤੋਂ ਬਾਹਰ ਦੇ ਖਰਚੇ ਨੂੰ ਵੀ ਹਾਂ ਕਰ ਦਿੱਤੀ ਹੈ ਜਦੋਂ ਕਿ ਉਸਦੇ ਲਈ ਉੱਥੇ ਇਹ ਕਹਿਣਾ ਵੀ ਬਹੁਤ ਆਸਾਨ ਸੀ ਕਿ ਕੋਈ ਨਹੀਂ ਬੀਏ ਤਾਂ ਕਰ ਹੀ ਲਈ ਹੈ, ਅੱਗੇ ਤੇਰਾ ਵਿਆਹ ਹੀ ਕਰਨਾ ਹੈ, ਤੂੰ ਕੀ ਕਰਨਾ ਇੰਨਾ ਪੜ੍ਹ ਕੇ? ਜਾਂ ਉਸ ਵੇਲੇ ਹਾਲਾਤ ਨੂੰ ਮਜਬੂਰੀ ਦਾ ਨਾਮ ਦੇ ਕੇ ਵੀ ਇਸ ਜ਼ਿੰਮੇਵਾਰੀ ਤੋਂ ਪੱਲਾ ਝਾੜ ਸਕਦਾ ਸੀ। ਪਰ ਉਸਦੇ ਕਹੇ ਇਹ ਸ਼ਬਦ ਕਿ ਤੂੰ ਸਿਰਫ ਪੜ੍ਹ, ਹੋਰ ਕੁਝ ਨਾ ਸੋਚ, ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ।
ਉਸਦੇ ਇੰਨੇ ਕਹਿਣ ਦੇ ਨਾਲ ਹੀ ਮੇਰਾ ਹੌਸਲਾ ਦੁੱਗਣਾ ਹੋ ਗਿਆ। ਜਵੇਂ ਕਹਿੰਦੇ ਨੇ “ਜਿੱਥੇ ਚਾਹ ਉੱਥੇ ਰਾਹ” ਕੁਝ ਰੱਬ ਦੀ ਮਿਹਰ ਹੋਈ, ਕੁਛ ਮੇਰੀ ਮਿਹਨਤ ਸਦਕਾ ਇਹ ਸਬੱਬ ਬਣਿਆ ਕਿ ਮੈਨੂੰ ਗੌਰਮੈਂਟ ਕਾਲਜ ਵਿੱਚ ਐਡਮਿਸ਼ਨ ਮਿਲ ਗਈ। ਸੋ ਇੱਥੇ ਇਹ ਵਾਕਿਆ ਦੱਸਣ ਦਾ ਮੇਰਾ ਮਕਸਦ ਇਹੀ ਹੈ ਕਿ ਜਦੋਂ ਭਰਾ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਜਾਂਦਾ ਹੈ ਤਾਂ ਦੁਨੀਆਂ ਦੀ ਕੋਈ ਵੀ ਮੁਸ਼ਕਿਲ ਕਿਉਂ ਨਾ ਹੋਵੇ, ਅਸੀਂ ਉਹ ਫਤਿਹ ਕਰ ਸਕਦੇ ਹਾਂ।
ਇੱਕੋ ਘਰ, ਇੱਕੋ ਵਿਹੜੇ ਵਿੱਚ ਲੜਦੇ-ਝਗੜਦੇ, ਹੱਸਦੇ-ਖੇਡਦੇ ਅਸੀਂ ਕਦੋਂ ਵੱਡੇ ਹੋ ਜਾਂਦੇ ਹਾਂ, ਕਦੋਂ ਸਾਡਾ ਬਚਪਨ ਉਡਾਰੀ ਮਾਰ ਕੇ ਜਵਾਨੀ ਵਿੱਚ ਬਦਲ ਜਾਂਦਾ ਹੈ, ਸਾਨੂੰ ਪਤਾ ਹੀ ਨਹੀਂ ਲਗਦਾ। ਜਦੋਂ ਇੱਕ ਦੂਜੇ ਤੋਂ ਦੂਰ ਹੁੰਦੇ ਹਾਂ ਤਾਂ ਭੈਣ ਭਰਾ ਦੀ ਅਹਿਮੀਅਤ ਦਾ ਹੋਰ ਵੀ ਜ਼ਿਆਦਾ ਪਤਾ ਲਗਦਾ ਹੈ। ਮੇਰੇ ਵੀਰ ਨੇ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਸਾਡੇ ਪਿਤਾ ਦਾ ਸਾਇਆ ਸਾਡੇ ਸਿਰ ਉੱਪਰ ਨਹੀਂ ਰਿਹਾ। ਹਰ ਮੌਕੇ ’ਤੇ ਜਿੱਥੇ ਭਰਾ ਦੀ ਲੋੜ ਸੀ, ਉਹ ਭਰਾ ਬਣਕੇ ਖੜ੍ਹ ਗਿਆ, ਤੇ ਜਿੱਥੇ ਪਿਓ ਦੀ ਲੋੜ ਸੀ, ਉੱਥੇ ਉਹ ਪਿਓ ਬਣਕੇ ਖੜ੍ਹ ਗਿਆ। ਮੇਰੀ ਵੱਡੀ ਭੈਣ ਦੇ ਵਿਆਹ ’ਤੇ ਉਹ ਬਹਿਰੀਨ ਵਿੱਚ ਸੀ। ਜਿਸ ਦਿਨ ਮੇਰੀ ਭੈਣ ਦਾ ਵਿਆਹ ਸੀ, ਉਸਨੇ ਸਾਰਾ ਹੀ ਵਿਆਹ ਵੀਡੀਓ ਕਾਲ ਰਾਹੀਂ ਦੇਖਿਆ, ਪਰ ਮੇਰੇ ਵਿਆਹ ਤੇ ਉਹ ਇੱਧਰ ਸੀ ਤੇ ਉਸਨੇ ਮੇਰਾ ਕੰਨਿਆਂ ਦਾਨ ਆਪਣੇ ਹੱਥੀਂ ਕੀਤਾ। ਭਰਾ ਅਤੇ ਪਿਤਾ ਦੇ ਦੋਨੋਂ ਫਰਜ਼ਾਂ ਨੂੰ ਉਸਨੇ ਬਾਖੂਬੀ ਨਿਭਾਇਆ। ਮੈਂ ਉਹਦੀਆਂ ਅੱਖਾਂ ਵਿੱਚ ਹਮੇਸ਼ਾ ਭਰਾ ਨਾਲੋਂ ਵੱਧ ਪਿਓ ਵਾਲਾ ਪਿਆਰ ਦੇਖਿਆ।
ਉਸਦੀ ਦਿੱਤੀ ਹੱਲਾਸ਼ੇਰੀ ਨੇ ਕਦੇ ਵੀ ਸਾਡੀ ਦੋਨਾਂ ਭੈਣਾਂ ਦੀ, ਮੇਰੇ ਮੰਮੀ ਦੀ ਕਦੇ ਹਿੰਮਤ ਢਹਿਣ ਨਹੀਂ ਦਿੱਤੀ। ਪਿਤਾ ਦੀ ਕਮੀ ਤਾਂ ਕੋਈ ਨਹੀਂ ਪੂਰੀ ਕਰ ਸਕਦਾ ਪਰ ਮੇਰੇ ਵੀਰ ਨੇ ਆਪਣੇ ਸਾਰੀਆਂ ਸੱਧਰਾਂ, ਚਾਵਾਂ ਨੂੰ ਇੱਕ ਪਾਸੇ ਰੱਖ ਕੇ ਆਪਣੀ ਜ਼ਿੰਦਗੀ ਨੂੰ ਸਾਡੇ ਨਾਮ ਕਰ ਦਿੱਤਾ। ਸੱਚੀਂ ਉਹ ਆਪਣੇ ਨਾਮ ‘ਕੁਲਦੀਪ’ ਵਾਂਗ ਕੁੱਲ ਦਾ ਦੀਪਕ ਬਣ ਕੇ ਸਾਡੇ ਲਈ ਚਮਕਿਆ।
ਜੇ ਹੱਥ ਮੇਰੇ ਹੋਵੇ, ਤੇਰੀ ਖੁਸ਼ੀਆਂ ਭਰੀ ਤਕਦੀਰ ਲਿਖਾਂ।
ਤੇਰੇ ਪਿਉ ਵਰਗੇ ਰੁਤਬੇ ਨੂੰ, ਮੈਂ ਉਸ ਰੱਬ ਦੇ ਕਰੀਬ ਲਿਖਾਂ।
ਹਰ ਜਨਮ ਮੈਂ ਤੇਰੀ ਭੈਣ, ਤੈਨੂੰ ਆਪਣਾ ਵੀਰ ਲਿਖਾਂ।
ਭਰਾ ਭੈਣ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੈ। ਭਰਾ ਭੈਣ ਦਾ ਰਿਸ਼ਤਾ ਹੀ ਅਜਿਹਾ ਹੈ, ਜਿਸ ਵਿੱਚ ਦੋਨੋਂ ਜਣੇ ਇੱਕ ਦੂਜੇ ਵਿੱਚ ਆਪਣਾ ਦੋਸਤ ਵੀ ਦੇਖਦੇ ਹਨ, ਜਦੋਂ ਲੜਦੇ ਹਨ ਦੁਸ਼ਮਣ ਬਣ ਜਾਂਦੇ ਹਨ, ਇੱਕ ਦੂਜੇ ਦੇ ਰਾਜ਼ਦਾਰ ਵੀ ਹੁੰਦੇ ਹਨ।
ਇਹ ਰਿਸ਼ਤਾ ਜ਼ਮੀਨ ਜਾਇਦਾਦ ਵਿੱਚੋਂ ਹਿੱਸੇ ਲੈਣ ਤੋਂ ਕਿਤੇ ਪਰ੍ਹਾਂ ਦਾ ਹੈ, ਸਿਰਫ ਪਿਆਰ ਮੰਗਦਾ ਹੈ ਅਤੇ ਪਿਆਰ ਵੰਡਦਾ ਹੈ। ਭੈਣ ਭੂਆ ਬਣ ਭਰਾ ਦੇ ਬੱਚਿਆਂ ਵਿੱਚੋਂ ਆਪਣਾ ਬਚਪਨ ਦੇਖਦੀ ਹੈ, ਤੇ ਭਰਾ ਮਾਮਾ ਬਣ ਆਪਣੇ ਭਾਣਜੇ, ਭਾਣਜੀਆਂ ਦੇ ਚਾਅ ਲਾਡ ਕਰਦੇ ਹਨ। ਭੈਣਾਂ ਹਮੇਸ਼ਾ ਆਪਣੇ ਬਾਬਲ ਦੇ ਵਿਹੜੇ ਦੀ ਖੈਰ ਮਨਾਉਂਦੀਆਂ ਹਨ। ਇੱਕ ਕੁੜੀ ਦੇ ਮਾਪੇ, ਭਰਾ ਭਰਜਾਈ ਪਿਆਰ ਦੇ ਸਦਕਾ ਹਮੇਸ਼ਾ ਜਿਊਂਦੇ ਰਹਿੰਦੇ ਹਨ।
ਆਮ ਹੀ ਕਿਹਾ ਜਾਂਦਾ ਕਿ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ। ਪੇਕੇ ਘਰ ਹੁੰਦੀ ਹੈ ਤਾਂ ਉਸ ਨੂੰ ਬਿਗਾਨਾ ਧਨ ਸਮਝਿਆ ਜਾਂਦਾ ਹੈ, ਜਦੋਂ ਸਹੁਰੇ ਘਰ ਜਾਂਦੀ ਹੈ ਤਾਂ ਬਿਗਾਨੀ ਧੀ ਕਹਿਲਾਉਂਦੀ ਹੈ। ਪਰ ਜਦੋਂ ਪਿਓ ਵਰਗਾ ਵੀਰ ਤੁਹਾਡੇ ਨਾਲ ਖੜ੍ਹਾ ਹੋਵੇ, ਤਾਂ ਉਸ ਕੁੜੀ ਦੀ ਹਿੰਮਤ ਵਧ ਜਾਂਦੀ ਹੈ, ਉਦੋਂ ਮਾਪਿਆ ਦਾ ਘਰ ਹਮੇਸ਼ਾ ਲਈ ਪੇਕਾ ਘਰ ਬਣਿਆ ਰਹਿੰਦਾ।
ਮੈਂ ਇਹੀ ਕਾਮਨਾ ਕਰਦੀ ਹਾਂ ਕਿ ਸਾਰੀਆਂ ਹੀ ਭੈਣਾਂ ਦੇ ਭਰਾਵਾਂ ਨੂੰ ਰੱਬ ਲੰਬੀਆਂ ਉਮਰਾਂ ਬਖਸ਼ੇ ਅਤੇ ਭੈਣ ਭਰਾ ਦਾ ਇਹ ਪਵਿੱਤਰ ਰਿਸ਼ਤਾ ਇੰਜ ਹੀ ਆਪਣੀ ਪਵਿੱਤਰਤਾ ਬਰਕਰਾਰ ਰੱਖਦਾ ਹੋਇਆ ਵਧੇ।
ਵੀਰ ਹੁੰਦੇ ਨੇ ਸਹਾਰਾ ਸਦਾ ਭੈਣਾਂ ਦਾ,
ਵੀਰਾਂ ਦੇ ਸਿਰ ਉੱਤੇ ਹੁੰਦੀ ਸਰਦਾਰੀ।
ਭੈਣ ਬਿਨਾਂ ਗੁੱਟ ਸੁੰਨਾ ਵੀਰ ਦਾ,
ਭੈਣ ਬਿਨਾਂ ਨਾ ਘਰ ਵਿੱਚ ਖੁਸ਼ਹਾਲੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (