MonikaKataria7ਨਿੱਕੀ ਜਿਹੀ ਜਦੋਂ ਮੇਰੀ ਉਂਗਲੀ ਫੜਕੇ ਤੁਰਦੀ ਹੈ ਤਾਂ ਮੇਰੇ ਵਿੱਚ ਇੱਕ ਨਵੀਂ ਰੂਹ ...
(21 ਅਕਤੂਬਰ 2025)

 

ਇਸੇ ਸਾਲ ਦੀ ਗੱਲ ਹੈ, ਅਸੀਂ ਕਿਸੇ ਦੇ ਘਰ ਲੋਹੜੀ ਦੇ ਫੰਕਸ਼ਨ ’ਤੇ ਜਾਣਾ ਸੀ। ਮੈਂ, ਮੇਰੇ ਪਤੀ ਅਤੇ ਸਾਡੀ ਬੇਟੀ ਜਦੋਂ ਫੰਕਸ਼ਨ ’ਤੇ ਪਹੁੰਚੇ ਤਾਂ ਸਾਰੇ ਹੀ ਪੁੱਤਰ ਹੋਣ ਦੀ ਖੁਸ਼ੀ ਵਿੱਚ ਲੋਹੜੀ ਮਨਾ ਰਹੇ ਸੀ। ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਸੀ। ਸਾਰੇ ਘਰਦਿਆਂ ਨੂੰ ਵਧਾਈ ਦੇ ਰਹੇ ਸਨ। ਮੈਂ ਵੀ ਅੱਗੇ ਹੋ ਕੇ ਆਖਿਆ, “ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ।”

ਉਸ ਵੇਲੇ ਉੱਥੇ ਚਾਰ ਪੰਜ ਔਰਤਾਂ ਬੈਠੀਆਂ ਸਨ, ਉਹਨਾਂ ਮੈਨੂੰ ਸਵਾ ਵਧਾਈਆਂ ਤਾਂ ਬਾਅਦ ਵਿੱਚ ਕਿਹਾ, ਪਹਿਲਾਂ ਆਖਿਆ, “ਕੋਈ ਨਾ ਪੁੱਤ, ਰੱਬ ਤੈਨੂੰ ਵੀ ਜੀਅ ਦੇਊ।”

ਇਹ ਸ਼ਬਦ ਸੁਣ ਕੇ ਮੇਰੇ ਅੰਦਰ ਇੱਕ ਤੁਫਾਨ ਜਿਹਾ ਉੱਠ ਖੜ੍ਹਾ ਹੋਇਆ। ਮੈਂ ਆਖਿਆ, “ਆਂਟੀ ਜੀ, ਮੇਰਾ ਜੀਅ ਤਾਂ ਰੱਬ ਨੇ ਮੈਨੂੰ ਤਿੰਨ ਸਾਲ ਪਹਿਲਾਂ ਹੀ ਦੇ ਦਿੱਤਾ ਹੈ। ਮੇਰੀ ਧੀ, ਗੁਰਜੋਤ ਕੌਰ।”

ਉਹ ਅੱਗੋਂ ਕਹਿਣ ਲੱਗੀਆਂ, “ਨਹੀਂ, ਨਹੀਂ, ਤੂੰ ਸਮਝੀ ਨਹੀਂ। ਰੱਬ ਤੈਨੂੰ ਵੀ ਮੁੰਡਾ ਦੇਵੇ।”

ਖੈਰ, ਫੰਕਸ਼ਨ ਦੀ ਸਮਾਪਤੀ ਹੋਈ। ਅਸੀਂ ਘਰ ਪਰਤ ਆਏ। ਪਰ ਮੇਰੇ ਜ਼ਿਹਨ ਵਿੱਚ ਅਜੇ ਵੀ ਉਹ ਗੱਲ ਘੁੰਮੀ ਜਾ ਰਹੀ ਸੀ। ਅਸੀਂ ਅੱਜ ਗੱਲ ਕਰਦੇ ਹਾਂ ਧੀਆਂ ਨੂੰ ਮੁੰਡਿਆਂ ਵਾਂਗ ਪੜ੍ਹਾਉਣ ਦੀ, ਉਹਨਾਂ ਨੂੰ ਬਰਾਬਰ ਹੱਕ ਦੇਣ ਦੀ ਪਰ ਇੱਥੇ ਹੱਕ ਤਾਂ ਛੱਡੋ, ਕੁਝ ਲੋਕ ਧੀ ਨੂੰ ਜੀਅ ਦਾ ਦਰਜਾ ਵੀ ਨਹੀਂ ਦਿੰਦੇ। ਕਿਉਂ ਬਈ, ਧੀ ਰੱਬ ਦਾ ਜੀਅ ਨਹੀਂ? ਮੇਰੇ ਵਾਂਗ ਹਰ ਉਹ ਮਾਂ, ਜਿਸਦੀ ਪਹਿਲੀ ਔਲਾਦ ਧੀ ਹੈ। ਉਹਨੂੰ ਕਦੇ ਨਾ ਕਦੇ ਇਹ ਲਫਜ਼ ਜ਼ਰੂਰ ਸੁਣਨ ਨੂੰ ਮਿਲੇ ਹੋਣਗੇ,

“ਕੋਈ ਨਾ ਪੁੱਤ, ਰੱਬ ਤੈਨੂੰ ਵੀ ਜੀਅ ਦੇਊ।”
“ਕੋਈ ਨਹੀਂ
, ਹਨੇਰੀ ਆ ਮੀਂਹ ਵੀ ਆਊਗਾ।”
“ਰੱਬ ਮੁੰਡਾ ਦੇਵੇ
, ਜੱਗ ’ਤੇ ਨਾਮ ਰਹਿਜੂ।”

ਆਖਰ ਇਸ ਤਰ੍ਹਾਂ ਕਿਉਂ? ਅੱਜ ਜਿੱਥੇ ਸਾਡੇ ਬੋਲਣ ਦੇ ਢੰਗ ਤੋਂ ਲੈ ਕੇ ਸਾਡੇ ਲਿਬਾਸ ਤਕ ਸਭ ਕੁਝ ਮਾਡਰਨ ਹੋ ਚੁੱਕਾ ਹੈ, ਉੱਥੇ ਸਾਡੀ ਸੋਚ ਅੱਜ ਵੀ ਪੁਰਾਣੀ ਹੀ ਹੈ। ਜਾਂ ਫਿਰ ਇਉਂ ਆਖਿਆ ਜਾਵੇ, ਨਵੇਂ ਲਿਬਾਸ ਪਾਈ ਪੁਰਾਣੀ ਸੋਚ, ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇੱਥੇ ਸਾਨੂੰ ਸਮਝਣ ਦੀ ਲੋੜ ਹੈ, ਜੇਕਰ ਪੁੱਤਰ ਮਿਠੜੇ ਮੇਵੇ ਨੇ ਤਾਂ ਧੀਆਂ ਉਹ ਕੋਹਿਨੂਰ ਹੀਰਾ ਹਨ, ਜੋ ਆਪਣੀ ਰੌਸ਼ਨੀ ਨਾਲ ਹਮੇਸ਼ਾ ਘਰਾਂ ਨੂੰ ਰੁਸ਼ਨਾਉਂਦੀਆਂ ਹਨ। ਇੱਕ ਹੀ ਘਰ ਨਹੀਂ ਬਲਕਿ ਦੋ ਘਰਾਂ ਨੂੰ ਹਮੇਸ਼ਾ ਬੰਨ੍ਹ ਕੇ ਰੱਖਦੀਆਂ ਹਨ ਅਤੇ ਨਵੀਂ ਨੀਂਹ ਉਸਾਰਦੀਆਂ ਹਨ। ਜਦੋਂ ਮੇਰੇ ਘਰ ਧੀ ਹੋਈ ਸੀ, ਮੇਰੇ ਦਿਲ ਵਿੱਚ ਤਾਂ ਆਹੀ ਸਤਰਾਂ ਗੁੰਜੀਆਂ ਸਨ:

ਜੋ ਨਵੀਂਆਂ ਪੀੜ੍ਹੀਆਂ ਸਿਰਜੇਗੀ, ਮੇਰੇ ਘਰ ਐਸੀ ਨੀਂਹ ਦਿੱਤੀ।
ਤੇਰਾ ਲੱਖ ਸ਼ੁਕਰ ਹੈ ਸੱਚੇ ਪਾਤਸ਼ਾਹ ਮੈਨੂੰ ਪਹਿਲੀ ਔਲਾਦ ਧੀ ਦਿੱਤੀ...

ਮੇਰੀ ਧੀ ਜਦੋਂ ਸਾਡੀ ਜ਼ਿੰਦਗੀ ਵਿੱਚ ਆਈ, ਸਾਡੀ ਤਾਂ ਜ਼ਿੰਦਗੀ ਸਵਰਗ ਬਣ ਗਈ। ਨਿੱਕੀ ਜਿਹੀ ਜਦੋਂ ਮੇਰੀ ਉਂਗਲੀ ਫੜਕੇ ਤੁਰਦੀ ਹੈ ਤਾਂ ਮੇਰੇ ਵਿੱਚ ਇੱਕ ਨਵੀਂ ਰੂਹ ਫੂਕ ਦਿੰਦੀ ਹੈ। ਕੰਮ ਤੋਂ ਥੱਕੇ ਹੋਏ ਆਪਣੇ ਪਾਪਾ ਦਾ ਕਲਾਵਾ ਭਰ ਪੂਰੇ ਦਿਨ ਦੀ ਥਕਾਵਟ ਦੂਰ ਕਰ ਦਿੰਦੀ ਹੈ। ਉਹਨੂੰ ਦੇਖ ਮੇਰੇ ਜ਼ਿਹਨ ਵਿੱਚ ਕਿਤੇ ਪਈਆਂ ਹੋਈਆਂ ਸਤਰਾਂ ਯਾਦ ਆਉਂਦੀਆਂ ਹਨ:

ਤੋਤਲੀ ਜਿਹੀ ਜ਼ਬਾਨ ਨਾਲ ਬੋਲਦੀ,
ਇਸ਼ਾਰਿਆਂ ਵਿੱਚ ਗੱਲਾਂ ਕਰਦੀ ਆ।
ਮੇਰੇ ਘਰ ਰੱਬ ਨੇ ਧੀ ਦਿੱਤੀ,
ਜਮਾ ਖਿਡੌਣਿਆਂ ਵਰਗੀ ਆ।

ਸਾਨੂੰ ਕਦੇ ਵੀ ਧੀਆਂ ਪੁੱਤਰਾਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ, ਇਹ ਦੋਨੋਂ ਹੀ ਰੱਬ ਦੇ ਜੀਅ ਹਨ। ਮੈਂ ਇਹ ਨਹੀਂ ਕਹਿੰਦੀ ਕਿ ਪੁੱਤਰ ਮਾੜੇ ਹਨ ਪਰ ਕਿਸੇ ਪੁੱਤਰ ਦੀ ਚਾਹ ਵਿੱਚ ਧੀ ਦੀ ਜ਼ਿੰਦਗੀ ਨੂੰ ਕਦੇ ਵੀ ਤਬਾਹ ਨਹੀਂ ਕਰਨਾ ਚਾਹੀਦਾ। ਪੁੱਤ ਦੇ ਮੋਹ ਵਿੱਚ ਧੀ ਦੇ ਹੱਕ ਕਦੇ ਵੀ ਮਾਰਨੇ ਨਹੀਂ ਚਾਹੀਦੇ। ਜਦੋਂ ਉਹ ਅਕਾਲ ਪੁਰਖ, ਉਹ ਸਿਰਜਣਹਾਰ ਆਪਣੇ ਜੀਆਂ ਵਿੱਚ ਕੋਈ ਫਰਕ ਨਹੀਂ ਕਰਦਾ ਤਾਂ ਅਸੀਂ ਕੌਣ ਹੁੰਦੇ ਹਾਂ ਉਸਦੀ ਦਿੱਤੀ ਦਾਤ ਨੂੰ ਨਿੰਦਣ ਵਾਲੇ। ਸਾਡੇ ਕੋਲੋਂ ਤਾਂ ਚੰਗੇ ਉਹ ਬੇਜ਼ਬਾਨ ਜਾਨਵਰ ਹਨ, ਜੋ ਆਪਣੇ ਬੱਚਿਆਂ ਵਿੱਚ ਫਰਕ ਨਹੀਂ ਕਰਦੇ। ਜਾਨਵਰ ਤਾਂ ਕਦੇ ਨਹੀਂ ਦੇਖਦੇ ਕਿ ਇਹ ਧੀ ਹੈ ਕਿ ਪੁੱਤ ਹੈ। ਉਹ ਤਾਂ ਦੋਨਾਂ ਨੂੰ ਇੱਕੋ ਜਿਹਾ ਹੀ ਪਿਆਰ ਕਰਦੇ ਨੇ ਤੇ ਫਿਰ ਅਸੀਂ ਕਿਉਂ ਧੀ, ਪੁੱਤਰ ਦੇ ਚੱਕਰ ਵਿੱਚ ਹਾਲੇ ਵੀ ਫਸੇ ਹੋਏ ਹਾਂ?

ਅੰਤ ਵਿੱਚ ਮੈਂ ਇਹੋ ਕਹਿਣਾ ਚਾਹੁੰਦੀ ਆਂ ਕਿ ਕਦੇ ਵੀ ਪੁੱਤਰ ਦੀ ਲਾਲਸਾ ਵਿੱਚ ਧੀ ਦੇ ਹਿੱਸੇ ਦੀਆਂ ਖੁਸ਼ੀਆਂ ਨਾ ਖੋਹਵੋ। ਧੀਆਂ ਤਾਂ ਮਰਦੇ ਦਮ ਤਕ ਮਾਪਿਆਂ ਦਾ ਮੋਹ ਨੀ ਤਿਆਗਦੀਆਂ, ਹਮੇਸ਼ਾ ਬਾਬਲ ਦੇ ਵਿਹੜੇ ਦੀ ਖੈਰ ਹੀ ਮਨਾਉਂਦੀਆਂ ਹਨ।

ਸੋ ਆਉ ਅਸੀਂ ਸਾਰੇ ਰਲ ਕੇ ਧੀਆਂ ਦਾ ਸਤਿਕਾਰ ਕਰੀਏ ਤੇ ਉਹਨਾਂ ਨੂੰ ਪੁੱਤਰਾਂ ਵਾਂਗ ਪਿਆਰ ਕਰੀਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਮੋਨਿਕਾ ਕਟਾਰੀਆ

ਮੋਨਿਕਾ ਕਟਾਰੀਆ

V+PO: Pharala, Shaheed Bhagat Singh Nagar, Punjab, India.
Whatsapp: (91 - 62390 - 27026)
Email: (monikakataria70@gmail.com)