“ਜੋ ਸੱਚ ਅਸੀਂ ਆਪਣੇ ’ਤੇ ਹੰਢਾਇਆ ਹੁੰਦਾ ਹੈ, ਉਹ ਲਾਜ਼ਮੀ ਹੀ ਸਾਡੇ ਸੀਨੇ ਉੱਪਰ ...”
(1 ਦਸੰਬਰ 2025)
ਅੱਜ ਦੇ ਯੁੱਗ ਵਿੱਚ ਹਰ ਇਨਸਾਨ ਅਮੀਰ ਬਣਨਾ ਚਾਹੁੰਦਾ ਹੈ। ਹਰ ਕੋਈ ਦੂਸਰੇ ਨਾਲੋਂ ਵੱਧ ਕਮਾਉਣਾ ਚਾਹੁੰਦਾ ਹੈ। ਜਿਹੜਾ ਇਨਸਾਨ ਬਰੈਂਡਡ ਕੱਪੜੇ ਪਹਿਣਦਾ ਹੈ, ਬਰੈਂਡਡ ਚੀਜ਼ਾਂ ਇਸਤੇਮਾਲ ਕਰਦਾ ਹੈ, ਘੁੰਮਣ ਫਿਰਨ ਵਿਦੇਸ਼ਾਂ ਵਿੱਚ ਜਾਂਦਾ ਹੈ, ਅਸੀਂ ਸਭ ਉਸਨੂੰ ਬਹੁਤ ਅਮੀਰ ਵਿਅਕਤੀ ਮੰਨਦੇ ਹਾਂ।
ਪਰ ਕੀ ਧਨ ਦੌਲਤ ਹੀ ਅਮੀਰੀ ਹੈ? ਹਾਂ, ਮੈਂ ਮੰਨਦੀ ਹਾਂ ਕਿ ਅੱਜ ਜ਼ਿੰਦਗੀ ਵਿੱਚ ਪੈਸਾ ਬੇਹੱਦ ਜ਼ਰੂਰੀ ਹੈ ਪਰ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਹਰ ਵਿਅਕਤੀ ਸੋਸ਼ਲ ਮੀਡੀਆ ਉੱਪਰ ਇੰਨਾ ਵਿਅਸਤ ਹੈ ਕਿ ਮੋਬਾਈਲ ਫੋਨ ਲੋਕਾਂ ਦੀ ਜਾਨ ਬਣ ਚੁੱਕੇ ਹਨ। ਹਰ ਬੰਦੇ ਦੇ ਆਪਣੇ ਰਾਜ਼ ਹਨ। ਹਰ ਇਨਸਾਨ ਨੇ ਕੋਈ ਨਾ ਕੋਈ ਮਖੌਟਾ ਪਹਿਨਿਆ ਹੋਇਆ ਹੈ। ਇਨ੍ਹਾਂ ਸਭਨਾਂ ਤੋਂ ਪਰੇ ਜੇਕਰ ਤੁਹਾਡੇ ਕੋਲ ਕੋਈ ਅਜਿਹਾ ਇਨਸਾਨ ਹੈ ਜੋ ਕਿ ਅੱਖਾਂ ਸਾਹਮਣੇ ਵੀ ਤੁਹਾਡਾ ਹੈ ਅਤੇ ਅੱਖੀਓਂ ਉਹਲੇ ਵੀ ਤੁਹਾਡੇ ਲਈ ਵਫਾ ਨਿਭਾਉਂਦਾ ਹੈ ਤਾਂ ਮੈਨੂੰ ਲੱਗਦਾ ਹੈ, ਤੁਸੀਂ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਹੋ। ਕਿਉਂਕਿ ਅੱਜ ਕੱਲ੍ਹ ਪੈਸੇ ਦੀ ਅਮੀਰੀ ਤਾਂ ਹਰ ਕਿਸੇ ਕੋਲ ਹੈ ਪਰ ਰੂਹ ਦੀ ਅਮੀਰੀ ਕਿਸੇ ਵਿਰਲੇ ਦੇ ਭਾਗਾਂ ਵਿੱਚ ਹੀ ਆਉਂਦੀ ਹੈ।
ਅੱਜ ਦੀ ਚਕਾਚੌਂਧ ਵਾਲੀ ਜ਼ਿੰਦਗੀ ਵਿੱਚ ਅਸੀਂ ਕਈ ਵਾਰ ਉਹਨਾਂ ਰਿਸ਼ਤਿਆਂ ਨੂੰ ਅਣਗੌਲਿਆ ਕਰ ਦਿੰਦੇ ਹਾਂ ਜੋ ਕਿ ਕਿਸੇ ਕੀਮਤੀ ਖਜ਼ਾਨੇ ਨਾਲੋਂ ਘੱਟ ਨਹੀਂ ਹੁੰਦੇ ਕਿਉਂਕਿ ਅਸੀਂ ਕਦੀ ਡੁੰਘਾਈ ਨਾਲ ਉਹਨਾਂ ਬਾਰੇ ਸੋਚਦੇ ਹੀ ਨਹੀਂ, ਅਸੀਂ ਕਦਰ ਹੀ ਨਹੀਂ ਕਰਦੇ। ਪਰ ਜਦੋਂ ਉਹਨਾਂ ਦੇ ਉਲਟ ਕੁਝ ਵਾਪਰਦਾ ਹੈ ਤਾਂ ਸਾਨੂੰ ਸੋਝੀ ਆਉਂਦੀ ਹੈ ਕਿ ਅਸੀਂ ਉਸ ਅਣਮੁੱਲੇ ਖਜ਼ਾਨੇ ਨੂੰ ਕਿਵੇਂ ਇੱਕ ਸਧਾਰਨ ਜਿਹੀ ਚੀਜ਼ ਸਮਝੀ ਬੈਠੇ ਸਾਂ।
ਅਜਿਹਾ ਹੀ ਰਿਸ਼ਤਾ ਹੈ ਪਤੀ ਪਤਨੀ ਦਾ। ਜਦੋਂ ਪਤੀ ਘਰ ਦੀ ਹਰ ਜ਼ਰੂਰਤ ਪੂਰੀ ਕਰਦਾ ਹੈ ਤਾਂ ਪਤਨੀ ਨੂੰ ਲੱਗਦਾ ਹੈ ਕਿ ਉਸਦੀ ਜ਼ਿੰਮੇਵਾਰੀ ਹੈ। ਤੇ ਜਦੋਂ ਪਤਨੀ ਘਰ ਵਿੱਚ ਖਾਣਾ ਪਾਣੀ ਬਣਾਉਂਦੀ ਹੈ, ਸਾਫ ਸਫਾਈ ਕਰਦੀ ਹੈ ਤਾਂ ਪਤੀ ਨੂੰ ਲੱਗਦਾ ਹੈ ਕਿ ਇਹ ਉਸਦਾ ਫਰਜ਼ ਹੈ। ਪਰ ਕੀ ਇਹ ਰਿਸ਼ਤਾ ਸਿਰਫ ਜ਼ਿੰਮੇਵਾਰੀ, ਫਰਜ਼ ਵਾਲਾ ਹੀ ਹੈ? ਨਹੀਂ, ਇਹ ਰਿਸ਼ਤਾ ਭਾਵਨਾਤਮਕ ਸਾਂਝ ਅਤੇ ਆਪਸੀ ਪ੍ਰੇਮ ਦੀ ਬੇਮਿਸਾਲ ਉਦਾਹਰਨ ਹੈ। ਅੱਜ ਕੱਲ੍ਹ ਅਸੀਂ ਆਮ ਹੀ ਖਬਰਾਂ ਪੜ੍ਹਦੇ ਸੁਣਦੇ ਹਾਂ ਕਿ ਫਲਾਣੀ ਜਗ੍ਹਾ ਤੇ ਪਤੀ ਨੇ ਪਤਨੀ ਨੂੰ ਮਾਰਿਆ ..., ਪਤਨੀ ਨੇ ਦਿੱਤੀ ਪਤੀ ਦੀ ਸੁਪਾਰੀ..., ਪਤਨੀ ਵੱਲੋਂ ਪਤੀ ਦੀ ਹੱਤਿਆ ...।
ਜਿਸ ਰਿਸ਼ਤੇ ਦੀ ਸ਼ੁਰੂਆਤ ਹੀ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਦੇ ਹਾਂ, ਉਸਦੀ ਹਜ਼ੂਰੀ ਵਿੱਚ ਲਾਵਾਂ ਫੇਰੀ ਲੈਂਦੇ ਹਾਂ, ਉਸ ਪਵਿੱਤਰ ਰਿਸ਼ਤੇ ਦਾ ਅਜਿਹਾ ਭਿਆਨਕ ਮੰਜ਼ਰ ਆਖਰ ਕਿਉਂ? ਆਖਰ ਕੀ ਕਾਰਨ ਹੈ ਜੋ ਅਜਿਹਾ ਪਾਕ ਪਵਿੱਤਰ ਰਿਸ਼ਤਾ ਇੰਝ ਖਤਰਨਾਕ ਰੂਪ ਇਖਤਿਆਰ ਕਰ ਲੈਂਦਾ ਹੈ? ਇੱਥੇ ਲੋੜ ਹੈ ਸਾਨੂੰ ਸਮਝਣ ਦੀ ਕਿ ਲੜਕਾ ਲੜਕੀ ਜਦੋਂ ਇਸ ਰਿਸ਼ਤੇ ਦੀ ਪਹਿਲ ਕਰਦੇ ਹਨ ਤਾਂ ਉਹਨਾਂ ਨੂੰ ਪਹਿਲਾਂ ਹੀ ਆਉਣ ਵਾਲੀਆਂ ਚੁਣੌਤੀਆਂ, ਖੁਸ਼ੀਆਂ ਬਾਰੇ ਸੋਚ ਲੈਣਾ ਚਾਹੀਦਾ ਤਾਂ ਜੋ ਬਾਅਦ ਵਿੱਚ ਅਜਿਹਾ ਭਿਆਨਕ ਮੰਜ਼ਰ ਨਾ ਦੇਖਣਾ ਪਵੇ।
ਜੇਕਰ ਗੱਲ ਕਰੀਏ ਇੱਕ ਕੁੜੀ ਦੀ ਤਾਂ ਲੜਕੀ ਨੂੰ ਖੰਭ ਤਾਂ ਉਸਦੇ ਪਿਤਾ ਵੱਲੋਂ ਦਿੱਤੇ ਜਾਂਦੇ ਹਨ ਪਰ ਉਸ ਵਿੱਚ ਉਡਾਣ ਉਸਦੇ ਪਤੀ ਵੱਲੋਂ ਭਰੀ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਪਤਨੀ ਹਰ ਮੁਸ਼ਕਲ ਹਾਲਾਤ ਵਿੱਚ ਪਤੀ ਦੀ ਢਾਲ ਬਣ ਕੇ ਖੜ੍ਹਦੀ ਹੈ ਤਾਂ ਪਤੀ ਦੀ ਹਿੰਮਤ ਦੁੱਗਣੀ ਹੋ ਜਾਂਦੀ ਹੈ। ਅੱਜ ਇਸ ਰਿਸ਼ਤੇ ਦੀ ਗਹਿਰਾਈ ਨੂੰ ਸਮਝਣ ਦੀ ਲੋੜ ਹੈ। ਸਿਰਫ ਪੈਸੇ ਦੀ ਚਮਕ ਜਾਂ ਦਿਖਾਵਾ ਦੇ ਕੇ ਕਦੇ ਵੀ ਰਿਸ਼ਤਾ ਨਹੀਂ ਜੋੜਨਾ ਚਾਹੀਦਾ। ਕਿਉਂਕਿ ਅਜਿਹੇ ਰਿਸ਼ਤੇ ਦੀ ਮਨਿਆਦ ਬਹੁਤ ਘੱਟ ਹੁੰਦੀ ਹੈ।
ਇੱਥੇ ਮੈਨੂੰ ਸੁਰਜੀਤ ਪਾਤਰ ਜੀ ਦੀਆਂ ਕੁਝ ਸਤਰਾਂ ਯਾਦ ਆ ਰਹੀਆਂ ਹਨ:
ਸਸਤੀਆਂ ਇੱਥੇ ਬਹੁਤ ਜ਼ਮੀਰਾਂ
ਮਹਿੰਗੀਆਂ ਬਹੁਤ ਜ਼ਮੀਨਾਂ
ਮਹਿੰਗਾ ਰਾਣੀ ਹਾਰ
ਤੇ ਸਸਤਾ ਸੱਧਰਾਂ ਭਰਿਆ ਸੀਨਾ
ਦਿਲ ਦਾ ਨਿੱਘ ਨਾ ਮੰਗੇ ਕੋਈ
ਸਭ ਮੰਗਦੇ ਪਸ਼ਮੀਨਾ
ਪਾਤਰ ਸਾਹਿਬ ਨੇ ਇਨ੍ਹਾਂ ਸਤਰਾਂ ਵਿੱਚ ਅੱਜ ਦੀ ਅਸਲੀਅਤ ਨੂੰ ਬਹੁਤ ਬਖੂਬੀ ਰੂਪ ਵਿੱਚ ਚਿਤਰਿਆ ਹੈ।
ਹਰ ਰਿਸ਼ਤਾ ਸਮਰਪਣ ਮੰਗਦਾ ਹੈ ਅਤੇ ਸਮਰਪਣ ਦੇ ਨਾਲ ਹੀ ਉਹ ਕਦਰ, ਉਹ ਵਡਿਆਈ ਮੰਗਦਾ ਹੈ, ਜਿਸ ਨਾਲ ਰਿਸ਼ਤਾ ਹੋਰ ਵੀ ਡੂੰਘਾ ਹੋ ਜਾਂਦਾ ਹੈ। ਨਿੱਕੀ ਨਿੱਕੀ ਗੱਲ ਉੱਤੇ ਕੀਤੀ ਗਈ ਤਾਰੀਫ ਕਦੇ ਕਦੇ ਜ਼ਿੰਦਗੀ ਦੀਆਂ ਬਹੁਤ ਵੱਡੀਆਂ ਉਲਝਣਾਂ ਨੂੰ ਸੁਲਝਾ ਦਿੰਦੀ ਹੈ।
ਇੱਕ ਦੂਸਰੇ ਦੀ ਗਲਤੀ ਨੂੰ ਅਣਗੌਲਿਆ ਕਰਨਾ ਵੀ ਮਨੁੱਖੀ ਸੁਭਾਅ ਦਾ ਅਹਿਮ ਗੁਣ ਹੈ। ਹਰ ਹਾਲਾਤ ਵਿੱਚ ਇੱਕ ਦੂਸਰੇ ਦਾ ਸਾਥ ਨਿਭਾਉਣ ਦਾ ਵਾਅਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਅਕਸਰ ਅਸੀਂ ਬਹੁਤ ਸਾਰੀਆਂ ਗੱਲਾਂ ਆਪਣੇ ਆਲੇ-ਦੁਆਲੇ, ਖਾਸ ਕਰਕੇ ਘਰੋਂ ਸਿੱਖਦੇ ਹਾਂ। ਮੈਂ ਉਦੋਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸਾਂ ਜਦੋਂ ਮੇਰੇ ਪਿਤਾ ਜੀ ਦਾ ਭਿਆਨਕ ਐਕਸੀਡੈਂਟ ਹੋਇਆ। ਉਨ੍ਹਾਂ ਦੀ ਰੀੜ ਦੀ ਹੱਡੀ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ। ਡਾਕਟਰ ਨੇ ਸਾਫ ਦੱਸ ਦਿੱਤਾ ਇਹ ਕਦੇ ਵੀ ਮੁੜ ਆਪਣੇ ਪੈਰਾਂ ’ਤੇ ਖੜ੍ਹ ਸਕਣਗੇ। ਉਸ ਵੇਲੇ ਉਨ੍ਹਾਂ ਦੀ ਧਰਮ ਪਤਨੀ, ਮੇਰੀ ਮਾਂ ਉਨ੍ਹਾਂ ਦੀ ਢਾਲ ਬਣ ਕੇ ਨਾਲ ਖੜ੍ਹੀ ਗਈ। ਪੂਰੇ ਛੇ ਸਾਲ ਉਹ ਮੇਰੀ ਮਾਤਾ ਜੀ ’ਤੇ ਨਿਰਭਰ ਸੀ। ਖਾਣਾ ਪੀਣਾ ਸਾਰਾ ਕੁਝ ਬਿਸਤਰੇ ’ਤੇ ਹੁੰਦਾ ਸੀ। ਉਸ ਵੇਲੇ ਮੇਰੇ ਮਾਤਾ ਜੀ ਨੇ ਸਾਡੇ ਨਾਲ ਮੇਰੇ ਪਿਤਾ ਜੀ ਨੂੰ ਵੀ ਸੰਭਾਲਿਆ।
ਜੋ ਸੱਚ ਅਸੀਂ ਆਪਣੇ ’ਤੇ ਹੰਢਾਇਆ ਹੁੰਦਾ ਹੈ, ਉਹ ਲਾਜ਼ਮੀ ਹੀ ਸਾਡੇ ਸੀਨੇ ਉੱਪਰ ਗਹਿਰੀ ਛਾਪ ਛੱਡ ਜਾਂਦਾ ਹੈ। ਮੈਂ ਮਾਤਾ ਜੀ ਨੂੰ ਪਿਤਾ ਜੀ ਨਾਲ ਮੁਸ਼ਕਿਲਾਂ ਵਿੱਚ ਵੀ ਚਟਾਨ ਵਾਂਗ ਖੜ੍ਹੇ ਆਪਣੀ ਅੱਖੀਂ ਦੇਖਿਆ। ਸਾਰਾ ਸੱਚ ਜਾਣਨ ਦੇ ਬਾਵਜੂਦ ਵੀ ਕਦੇ ਵੀ ਪਿਤਾ ਜੀ ਦੀ ਹਿੰਮਤ ਨਹੀਂ ਸੀ ਢਹਿਣ ਦਿੱਤੀ। ਅਜਿਹੀਆਂ ਪ੍ਰਸਥਿਤੀਆਂ ਦਾ ਸਾਹਮਣਾ ਉਨ੍ਹਾਂ ਨੇ ਹੱਸ ਕੇ ਕੀਤਾ, ਜਿਨ੍ਹਾਂ ਵਿਚ ਸ਼ਾਇਦ ਬੰਦਾ ਪੂਰੀ ਤਰ੍ਹਾਂ ਅੰਦਰੋਂ ਟੁੱਟ ਜਾਂਦਾ ਹੈ।
ਇੱਥੇ ਇਹ ਹਕੀਕਤ ਬਿਆਨ ਕਰਨ ਦਾ ਮੇਰਾ ਇੱਕੋ ਮਕਸਦ ਹੈ ਕਿ ਜੇਕਰ ਅਸੀਂ ਆਪਣੀ ਹੁਣ ਵਾਲੀ ਅਤੇ ਆਉਣ ਵਾਲੀ ਪੀੜ੍ਹੀ ਦਾ ਸੁਨਹਿਰੀ ਭਵਿੱਖ ਚਾਹੁੰਦੇ ਹਾਂ ਤਾਂ ਸ਼ੁਰੂਆਤ ਸਾਨੂੰ ਆਪਣੇ ਤੋਂ ਕਰਨੀ ਪਵੇਗੀ। ਸਾਨੂੰ ਆਪਣੇ ਬੱਚਿਆਂ ਲਈ ਅਜਿਹੀ ਮਿਸਾਲ ਬਣਨਾ ਪਵੇਗਾ ਕਿ ਉਹ ਵਿਆਹ ਨੂੰ ਬੋਝ ਜਾ ਇੱਕ ਰਿਵਾਜ਼ ਨਾ ਸਮਝਣ, ਬਲਕਿ ਇਸ ਰਿਸ਼ਤੇ ਦੀਆਂ ਕਦਰਾਂ, ਕੀਮਤਾਂ ਨੂੰ ਵੀ ਪਛਾਣਨ।
ਅਸੀਂ ਸਭ ਨੇ ਸੁਣਿਆ ਹੈ ਕਿ ਸਿਆਣੇ ਕਹਿੰਦੇ ਹਨ, ਜਿੱਥੇ ਦੋ ਭਾਂਡੇ ਹੋਣ, ਖੜਕਦੇ ਤਾਂ ਹੁੰਦੇ ਹੀ ਆ ਭਾਈ, ਪਰ ਇਸ ਖੜਕਣ ਨਾਲ ਆਪਣੇ ਘਰ ਦੀ ਰੌਣਕ ਕਿਵੇਂ ਵਧਾਉਣੀ ਹੈ, ਮੈਨੂੰ ਲਗਦਾ ਹੈ ਇਹ ਸਾਡੇ ਆਪਣੇ ਹੱਥ ਵਿਚ ਹੁੰਦਾ ਹੈ। ਜੇਕਰ ਦੋਵੇਂ ਜੀਅ, ਇੱਕ ਨਹੀਂ, ਦੋਵੇਂ ਜੀਅ ਸਮਝਦਾਰੀ, ਨਰਮਦਿਲੀ ਅਤੇ ਸਬਰ ਤੋਂ ਕੰਮ ਲੈਣ ਤਾਂ ਇਹ ਰਿਸ਼ਤਾ ਨਵੀਂਆਂ ਮੰਜ਼ਲਾਂ ਸਿਰਜੇਗਾ।
ਸ਼ਿੱਦਤ ਨਾਲ ਨਿਭਾਇਆ ਰਿਸ਼ਤਾ ਹਮੇਸ਼ਾ ਹੀ ਸਾਨੂੰ ਇੱਕ ਖੂਬਸੂਰਤ ਮੰਜ਼ਿਲ ਵੱਲ ਲੈ ਜਾਂਦਾ ਹੈ, ਜਿੱਥੇ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ। ਸੋ ਸਾਨੂੰ ਸਿਰਫ ਸਮਝਣ ਦੀ ਲੋੜ ਹੈ ਕਿ ਮੁਸ਼ਕਿਲ ਕੁਝ ਵੀ ਨਹੀਂ ਹੁੰਦਾ, ਆਪਣੇ ਜੀਵਨਸਾਥੀ ਦੀ ਹਮੇਸ਼ਾ ਕਦਰ ਕਰੋ ਕਿਉਂਕਿ ਛੋਟੀ ਜਿਹੀ ਦੂਰੀ ਵੀ ਤੈਅ ਕਰਨੀ ਔਖੀ ਜਾਪਦੀ ਹੈ, ਜਦੋਂ ਤੁਰਨ ਵਾਲੇ ਦੋ ਅਜਨਵੀ ਹੋਣ। ਅਤੇ ਉਦੋਂ ਮੀਲਾਂ ਦਾ ਪੈਂਡਾ ਵੀ ਸੁਖਾਲਾ ਹੋ ਜਾਂਦਾ ਹੈ, ਜਦੋਂ ਤੁਰਨ ਵਾਲੇ ਦੋ ਰਾਹੀ ਹਮਸਫਰ ਹੋਣ। ਇੱਕ ਜੀਵਨਸਾਥੀ ਹੀ ਹੈ, ਜਿਹੜਾ ਸੁਪਨਿਆਂ ਨੂੰ ਸਾਕਾਰ ਕਰਦਾ ਹੈ। ਰੂਹ ਦੀ ਅਮੀਰੀ ਸਿਰਫ ਉਸੇ ਇਨਸਾਨ ਕੋਲ ਹੁੰਦੀ ਹੈ, ਜਿਹੜਾ ਹਰ ਮੋੜ ’ਤੇ ਆਪਣੇ ਜੀਵਨ ਸਾਥੀ ਨਾਲ ਵਫਾ ਨਿਭਾਉਂਦਾ ਹੈ, ਆਪਣੇ ਜੀਵਨਸਾਥੀ ਨਾਲ ਰੂਹ ਤੋਂ ਜੁੜਿਆ ਹੁੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (