(ਮੇਰੇ ਵਾਂਗ ਜਿੰਦਗੀ ਦੇ ਆਖਰੀ ਪਹਿਰ ਵਿੱਚ ਪਹੁੰਚੇ ਸੱਜਣ ਮੇਰੀ ਇਹ ਰਚਨਾ ਜ਼ਰੂਰ ਪੜ੍ਹਨ।)
(13 ਅਕਤੂਬਰ 2025)
“ਜਦੋਂ ਮੇਰਾ ਸਰੀਰ ਸਹਿਯੋਗ ਕਰਨਾ ਬੰਦ ਕਰ ਦੇਵੇ ਅਤੇ ਜਦੋਂ ਮੇਰੀ ਹਾਲਤ ਐਸੀ ਹੋਵੇ ਕਿ ਸਿਹਤ ਵਿੱਚ ਸੁਧਾਰ ਦਾ ਕੋਈ ਮੌਕਾ ਦਿਖਾਈ ਨਾ ਦੇਵੇ ਤਾਂ ਮੇਰਾ ਇਲਾਜ ਨਾ ਕਰਵਾਇਓ।” - ਡਾਕਟਰ ਲੋਪਾ ਮਹਿਤਾ।
ਅਸੀਂ ਦੇਖਦੇ ਹਾਂ ਕਿ ਫੇਸਬੁੱਕ ਵਿਦਵਾਨਾਂ ਦੁਆਰਾ ਸੋਸ਼ਲ ਮੀਡੀਆ ਦੀ ਚਕਰੀ ਘੁਮਾਉਂਦਿਆਂ ਪਾਈਆਂ ਜ਼ਿਆਦਾਤਰ ਪੋਸਟਾਂ ਭਾਵੇਂ ਵਾਹਿਯਾਤ ਅਤੇ ਊਲ ਜਲੂਲ ਹੀ ਹੁੰਦੀਆਂ ਹਨ ਪ੍ਰੰਤੂ ਕਈ ਪੋਸਟਾਂ ਬੜੀਆਂ ਸਾਰਥਿਕ ਵੀ ਹੁੰਦੀਆਂ ਹਨ ਅਤੇ ਜ਼ਿੰਦਗੀ ਪ੍ਰਤੀ ਉਸਾਰੂ ਪਹੁੰਚ ਰੱਖਦੀਆਂ ਹੁੰਦੀਆਂ ਹਨ। ਪਿਛਲੇ ਦਿਨੀਂ ਇੱਕ ਸਾਂਝੇ ਮਿੱਤਰ ਗਰੁੱਪ ਵਿੱਚ ਇੱਕ ਅਜਿਹੀ ਹੀ ਪੋਸਟ ਪੜ੍ਹਨ ਨੂੰ ਮਿਲੀ ਜਿਸਨੂੰ ਪੜ੍ਹ ਕੇ ਘੱਟੋ ਘੱਟ ਮੈਂ ਤਾਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਿਆ ਕਿਉਂਕਿ ਇਸ ਪੋਸਟ ਦਾ ਸਿੱਧਾ ਸਬੰਧ ਆਮ ਵਿਅਕਤੀ ਨਾਲ ਹੈ। ਇਸ ਲਈ ਪੋਸਟ ਪਾਉਣ ਵਾਲੇ ਸ਼ਖਸ ਅਤੇ ਡਾਕਟਰ ਲੋਪਾ ਦੇ ਧੰਨਵਾਦ ਸਹਿਤ ਮੈਂ ਆਪਣੇ ਪਾਠਕਾਂ ਨਾਲ ਇਹ ਪੋਸਟ ਸਾਂਝੀ ਕਰਨੀ ਚਾਹਾਂਗਾ। ਇਹ ਪੋਸਟ ਅੰਗਰੇਜ਼ੀ ਭਾਸ਼ਾ ਵਿੱਚ ਲਿਖੀ ਹੋਈ ਸੀ ਇਸ ਲਈ ਮੈਂ ਇਸਦਾ ਅੱਖਰ ਅੱਖਰ ਪੰਜਾਬੀ ਵਿੱਚ ਉਲੱਥਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਸ ਕਰਦਾ ਹਾਂ ਕਿ ਪਾਠਕ ਪੋਸਟ ਵਿਚਲੇ ਮੁੱਦੇ ਨੂੰ ਜ਼ਰੂਰ ਵਿਚਾਰਨਗੇ।
ਡਾਕਟਰ ਲੋਪਾ ਮਹਿਤਾ ਬੰਬਈ ਦੇ ਜੀ ਐੱਸ ਮੈਡੀਕਲ ਕਾਲਜ ਵਿਖੇ ਇੱਕ ਪ੍ਰੋਫੈਸਰ ਸੀ। ਉੱਥੇ ਉਹ ਸਰੀਰਕ ਵਿਗਿਆਨ (ਅਨਾਟਮੀ) ਵਿਭਾਗ ਦੇ ਮੁਖੀ ਦੀਆਂ ਸੇਵਾਵਾਂ ਨਿਭਾ ਰਹੀ ਸੀ। ਜਿਊਂਦੇ ਜੀ 78 ਸਾਲ ਦੀ ਉਮਰੇ ਉਸਨੇ ਇੱਕ ਵਸੀਅਤ ਲਿਖੀ ਜਿਸ ਵਿੱਚ ਉਸਨੇ ਸਾਫ ਸਾਫ ਲਿਖਿਆ, “ਜਦੋਂ ਮੇਰਾ ਸਰੀਰ ਸਹਿਯੋਗ ਕਰਨਾ ਬੰਦ ਕਰ ਦੇਵੇ, ਅਤੇ ਜਦੋਂ ਮੇਰੀ ਹਾਲਤ ਐਸੀ ਹੋਵੇ ਕਿ ਸਿਹਤ ਵਿੱਚ ਸੁਧਾਰ ਦਾ ਕੋਈ ਮੌਕਾ ਦਿਖਾਈ ਨਾ ਦੇਵੇ ਤਾਂ ਮੇਰਾ ਇਲਾਜ ਨਾ ਕਰਵਾਇਓ। ਮੈਨੂੰ ਲੈ ਕੇ ਇੱਧਰ ਉੱਧਰ ਹਸਪਤਾਲਾਂ ਵਿੱਚ ਨਾ ਭੱਜੇ ਫਿਰਿਓ, ਵੇਂਟੀਲੇਟਰ ’ਤੇ ਰੱਖ ਕੇ ਮਸਨੂਈ ਸਾਹ ਨਾ ਦਿਵਾਇਉ, ਬੇਲੋੜੀਆਂ ਟਿਊਬਾਂ ਅਤੇ ਸਰਿੰਜਾਂ ਨਾਲ ਮੇਰਾ ਸਰੀਰ ਨਾ ਵਿੰਨ੍ਹਿਓਂ। ਮੈਨੂੰ ਮੇਰੇ ਆਖਰੀ ਪਲ ਸ਼ਾਂਤੀ ਵਿੱਚ ਬਿਤਾਉਣ ਦਿਉ। ਹਸਪਤਾਲਾਂ ਵਿੱਚੋਂ ਇਲਾਜ ਕਰਵਾਉਣ ਦੀ ਜ਼ਿਦ ਨੂੰ ਤਿਆਗ ਕੇ ਸਿਆਣਪ ਨੂੰ ਤਰਜੀਹ ਦੇਣਾ।”
ਡਾਕਟਰ ਲੋਪਾ ਨੇ ਸਿਰਫ ਇਹ ਦਸਤਾਵੇਜ਼ ਹੀ ਨਹੀਂ ਲਿਖਿਆ ਸਗੋਂ ਉਸਨੇ ਮੌਤ ਉੱਪਰ ਆਪਣਾ ਖੋਜ ਪੇਪਰ ਵੀ ਛਪਵਾਇਆ। ਇਸ ਖੋਜ ਪੇਪਰ ਵਿੱਚ ਉਸਨੇ ਸਾਫ ਸਾਫ ਲਿਖਿਆ ਹੈ ਕਿ ਮੌਤ ਇੱਕ ਦਿਨ ਆਉਣੀ ਹੀ ਆਉਣੀ ਹੈ। ਮੌਤ ਕੁਦਰਤੀ ਹੈ ਅਤੇ ਇੱਕ ਜੈਵਿਕ ਪ੍ਰਕਿਰਿਆ ਹੈ। ਲੇਖਕ ਅਨੁਸਾਰ ਆਧੁਨਿਕ ਦਵਾ ਉਪਚਾਰ ਨੇ ਮੌਤ ਨੂੰ ਕਦੇ ਸੁਤੰਤਰ ਸੰਕਲਪ ਦੇ ਤੌਰ ’ਤੇ ਦੇਖਿਆ ਹੀ ਨਹੀਂ। ਮੈਡੀਕਲ ਵਿਗਿਆਨ ਸਦਾ ਇਹੀ ਸਮਝਦੀ ਹੈ ਕਿ ਮੌਤ ਦਾ ਕਾਰਨ ਕੋਈ ਨਾ ਕੋਈ ਬਿਮਾਰੀ ਹੀ ਹੁੰਦੀ ਹੈ ਅਤੇ ਜੇਕਰ ਤੁਸੀਂ ਉਸ ਬਿਮਾਰੀ ਦਾ ਇਲਾਜ ਕਰਵਾ ਲੈਂਦੇ ਹੋ ਤਾਂ ਮੌਤ ਨੂੰ ਰੋਕਿਆ ਜਾ ਸਕਦਾ ਹੈ। ਪ੍ਰੰਤੂ ਸਰੀਰਕ ਵਿਗਿਆਨ ਇਸ ਵਿਚਾਰਧਾਰਾ ਤੋਂ ਕਿਤੇ ਜ਼ਿਆਦਾ ਡੂੰਘੀ ਹੈ। ਸੰਵਾਦ ਰਚਾਉਂਦਿਆਂ ਡਾਕਟਰ ਲੋਪਾ ਕਹਿੰਦੀ ਹੈ ਕਿ ਸਰੀਰ ਮਸ਼ੀਨ ਨਿਆਈਂ ਨਹੀਂ ਹੈ, ਜਿਹੜਾ ਕਿ ਲਗਾਤਾਰ ਕੰਮ ਕਰਦਾ ਰਹੇ। ਇਹ ਸਿਸਟਮ ਸੀਮਿਤ ਹੈ। ਸਰੀਰ ਅੰਦਰ ਇੱਕ ਖਾਸ ਮਾਤਰਾ ਵਿੱਚ ਜ਼ਰੂਰੀ ਸ਼ਕਤੀ ਉਪਲਬਧ ਹੁੰਦੀ ਹੈ। ਇਹ ਸ਼ਕਤੀ ਕਿਸੇ ਸਟੋਰ ਕੀਤੇ ਹੋਏ ਟੈਂਕ ਤੋਂ ਸਪਲਾਈ ਨਹੀਂ ਹੁੰਦੀ ਪ੍ਰੰਤੂ ਇੱਕ ਖਾਸ “ਸੂਖਮ ਸਰੀਰ” ਤੋਂ ਪ੍ਰਾਪਤ ਹੁੰਦੀ ਹੈ। ਇਸ ਸੂਖਮ ਸਰੀਰ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਡਾਕਟਰ ਸਾਹਿਬ ਲਿਖਦੇ ਹਨ ਕਿ ਇਸ ਨੂੰ ਮਹਿਸੂਸ ਤਾਂ ਹਰ ਕੋਈ ਕਰਦਾ ਹੈ ਪ੍ਰੰਤੂ ਇਹ ਅਦ੍ਰਿਸ਼ ਹੁੰਦਾ ਹੈ। ਮਨ, ਵਿਦਵਤਾ, ਯਾਦਾਂ ਅਤੇ ਹੋਸ਼ੋ ਹਵਾਸ ਇਸੇ ਸੂਖਮ ਸ਼ਕਤੀ ਕਾਰਨ ਹਨ। ਸਰੀਰ ਵਿਚਲੀ ਉਪਰੋਕਤ ਜ਼ਰੂਰੀ ਸ਼ਕਤੀ ਦਾ ਇਹ ਸੂਖਮ ਭਾਗ ਪ੍ਰਵੇਸ਼ ਦੁਆਰ (ਮੁੱਖ ਦੁਆਰ) ਦੀ ਤਰ੍ਹਾਂ ਹੈ। ਕਥਿਤ ਜ਼ਰੂਰੀ ਸ਼ਕਤੀ ਸਾਰੇ ਸਰੀਰ ਵਿੱਚ ਫੈਲੀ ਹੋਈ ਹੁੰਦੀ ਹੈ ਅਤੇ ਸਾਨੂੰ ਜਿੰਦਾ ਰੱਖਦੀ ਹੈ। ਦਿਲ ਦੀ ਧੜਕਣ, ਪਾਚਨ ਪ੍ਰਕਿਰਿਆ ਅਤੇ ਸੋਚਣ ਸ਼ਕਤੀ ਇਸੇ ਅਧਾਰ ਉੱਪਰ ਕੰਮ ਕਰਦੀਆਂ ਹਨ। ਪ੍ਰੰਤੂ ਇਹ ਸ਼ਕਤੀ ਅਸੀਮਤ ਨਹੀਂ, ਸਗੋਂ ਇੱਕ ਖਾਸ ਮਾਤਰਾ ਵਿੱਚ ਹੀ ਹੁੰਦੀ ਹੈ। ਕਿਸੇ ਮਸ਼ੀਨ ਵਿੱਚ ਫਿੱਟ ਕੀਤੀ ਬੈਟਰੀ ਦੀ ਤਰ੍ਹਾਂ ਇਸ ਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਜਿਵੇਂ ਕਿ ਇੱਕ ਗਾਣਾ ਹੈ ਕਿ:
ਜਿੰਨੀ ਚਾਬੀ ਭਰੀ ਰਾਮ ਨੇ, ਉੰਨਾ ਚੱਲੇ ਖਿਲੌਣਾ।
ਡਾਕਟਰ ਲੋਪਾ ਲਿਖਦੇ ਹਨ ਕਿ ਜਦੋਂ ਇਹ ਸਾਰੀ ਸ਼ਕਤੀ ਖਰਚ ਹੋ ਜਾਂਦੀ ਹੈ, ਸੂਖਮ ਭਾਗ ਆਪਣੇ ਆਪ ਨੂੰ ਸਾਡੇ ਸਰੀਰ ਤੋਂ ਵੱਖ ਕਰ ਲੈਂਦਾ ਹੈ। ਉਸੇ ਪਲ ਸਰੀਰ ਦੀ ਹਰਕਤ ਬੰਦ ਹੋ ਜਾਂਦੀ ਹੈ। ਇਸੇ ਅਵਸਥਾ ਨੂੰ ਅਸੀਂ “ਮੌਤ” ਆਖਦੇ ਹਾਂ। ਇਸ ਪ੍ਰਕਿਰਿਆ ਦਾ ਕਿਸੇ ਬਿਮਾਰੀ ਨਾਲ ਜਾਂ ਕਿਸੇ ਸਰੀਰਕ ਨੁਕਸ ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ ਸਰੀਰ ਦਾ ਅੰਦਰੂਨੀ ਰਾਗ ਤਾਲ ਹੈ। ਇਸਦੀ ਸ਼ੁਰੂਆਤ ਬੱਚੇਦਾਨੀ ਤੋਂ ਹੀ ਹੋ ਜਾਂਦੀ ਹੈ ਅਤੇ ਪੂਰਨ ਹੋ ਕੇ ਇਹ ਮੌਤ ਨੂੰ ਬਗਲਗੀਰ ਹੋ ਜਾਂਦੀ ਹੈ। ਹਰ ਪਲ ਇਸ ਸ਼ਕਤੀ ਦਾ ਖਰਚਾ ਹੁੰਦਾ ਰਹਿੰਦਾ ਹੈ। ਹਰ ਸੈੱਲ ਅਤੇ ਹਰ ਤੰਤੂ ਆਪਣਾ ਜੀਵਨ ਪੰਧ ਸਮਾਪਤ ਕਰਦਾ ਹੈ ਅਤੇ ਜਦੋਂ ਸਮੁੱਚੇ ਸਰੀਰ ਦਾ ਕੋਟਾ ਖਤਮ ਹੋ ਜਾਂਦਾ ਹੈ, ਸਰੀਰ ਸ਼ਾਂਤ ਹੋ ਜਾਂਦਾ ਹੈ।
ਮੌਤ ਦਾ ਇਹ ਪਲ ਕਿਸੇ ਘੜੀ ਨਾਲ ਮਾਪਿਆ ਨਹੀਂ ਜਾ ਸਕਦਾ। ਜ਼ਿੰਦਗੀ ਜੈਵਿਕ ਸਮਾਂ ਹੈ। ਹਰ ਇੱਕ ਲਈ ਇਹ ਸਮਾਂ ਵੱਖਰਾ ਵੱਖਰਾ ਹੁੰਦਾ ਹੈ। ਕਈ ਪ੍ਰਾਣੀਆਂ ਦਾ ਜੀਵਨ ਪੰਧ 35 ਸਾਲ ਦਾ ਹੁੰਦਾ ਹੈ ਜਦੋਂ ਕਿ ਹੋਰ ਕਈਆਂ ਦਾ 90 ਸਾਲ। ਪ੍ਰੰਤੂ ਦੋਵਾਂ ਨੇ ਆਪੋ ਆਪਣਾ ਜੀਵਨ ਪੰਧ ਪੂਰਾ ਕਰ ਲਿਆ ਹੁੰਦਾ ਹੈ। ਜੇਕਰ ਅਸੀਂ ਇਸ ਨੂੰ ਹਾਰ ਜਾਂ ਫਿਰ ਮਜਬੂਰੀ ਨਾ ਮੰਨੀਏ ਤਾਂ ਕੋਈ ਵੀ ਅਧਵਾਟੇ ਨਹੀਂ ਗਿਆ ਹੁੰਦਾ।
ਡਾਕਟਰ ਲੋਪਾ ਅਨੁਸਾਰ ਜਦੋਂ ਆਧੁਨਿਕ ਦਵਾਈਆਂ ਨਾਲ ਅਸੀਂ ਮਰੀਜ਼ ਨੂੰ ਬਚਾਉਣ ਦੀ ਜ਼ਿਦ ਨਹੀਂ ਛੱਡਦੇ ਤਾਂ ਮਰੀਜ਼ ਦਾ ਸਰੀਰ ਹੀ ਨਹੀਂ ਬਲਕਿ ਉਸਦਾ ਸਾਰਾ ਪਰਿਵਾਰ ਵੀ ਅੱਕ ਥੱਕ ਚੁੱਕਿਆ ਹੁੰਦਾ ਹੈ। ਆਈ ਸੀ ਯੂ ਵਿਚਲੇ ਮਸਨੂਈ ਸਾਹਾਂ ਦਾ ਇੱਕ ਮਹੀਨੇ ਦਾ ਖਰਚਾ ਕਈ ਵਾਰ ਤਾਂ ਬੰਦੇ ਦੀ ਸਾਰੀ ਉਮਰ ਦੀਆਂ ਬੱਚਤਾਂ ਦਾ ਸਫਾਇਆ ਕਰ ਦਿੰਦਾ ਹੈ ਪ੍ਰੰਤੂ ਰਿਸ਼ਤੇਦਾਰ ਇਹ ਕਹਿਣੋ ਨਹੀਂ ਹਟਦੇ, “ਉਮੀਦ ਹਾਲੇ ਬਾਕੀ ਹੈ।” ਜਦੋਂ ਕਿ ਮਰੀਜ਼ ਦਾ ਸਰੀਰ ਪਹਿਲਾਂ ਹੀ ਕਹਿ ਚੁੱਕਿਆ ਹੁੰਦਾ ਹੈ ਕਿ ਬੱਸ, ਹੁਣ ਹੋਰ ਨਹੀਂ।
ਉਪਰੋਕਤ ਦੇ ਮੱਦੇਨਜ਼ਰ ਹੀ ਡਾਕਟਰ ਲੋਪਾ ਨੇ ਲਿਖਿਆ ਹੈ, “ਜਦੋਂ ਮੇਰਾ ਆਖਰੀ ਸਮਾਂ ਆ ਜਾਵੇ, ਮੈਨੂੰ ਤੁਰੰਤ ਕੇ ਈ ਐੱਮ ਹਸਪਤਾਲ ਲੈ ਜਾਇਉ। ਮੈਨੂੰ ਭਰੋਸਾ ਹੈ ਕਿ ਉੱਥੇ ਕੋਈ ਬੇਲੋੜੀ ਦਖਲ ਅੰਦਾਜ਼ੀ ਨਹੀਂ ਹੋਵੇਗੀ। ਇਲਾਜ ਦੇ ਨਾਂ ’ਤੇ ਉਹ ਤੁਹਾਨੂੰ ਕੋਈ ਤਕਲੀਫ ਨਹੀਂ ਦੇਣਗੇ। ਮੇਰੇ ਸਰੀਰ ਨੂੰ ਰੋਕਿਓ ਨਾ ਸਗੋਂ ਇਸ ਨੂੰ ਜਾਣ ਦੇਣਾ।”
ਪ੍ਰੰਤੂ ਸਵਾਲ ਹੈ, ਕੀ ਅਸੀਂ ਆਪਣੇ ਖੁਦ ਦੇ ਲਈ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ ਹੈ? ਕੀ ਸਾਡਾ ਪਰਿਵਾਰ ਸਾਡੀ ਇਸ ਮਰਜ਼ੀ ਉੱਪਰ ਫੁੱਲ ਚੜ੍ਹਾਏਗਾ? ਅਤੇ ਜੇਕਰ ਸਾਡਾ ਪਰਿਵਾਰ ਇਸ ਨੂੰ ਮੰਨ ਵੀ ਲਵੇ ਤਾਂ ਕੀ ਸਾਡਾ ਇਹ ਸਮਾਜ ਉਹਨਾਂ ਨੂੰ ਸਵੀਕਾਰ ਕਰੇਗਾ? ਕੀ ਸਾਡੀ ਇਸ ਤਰ੍ਹਾਂ ਦੀ ਚਾਹਤ ਹਸਪਤਾਲ ਵਾਲਿਆਂ ਨੂੰ ਮਨਜ਼ੂਰ ਹੋਵੇਗੀ? ਜਾਂ ਫਿਰ ਉੱਥੇ ਪਹਿਲਾਂ ਦੀ ਤਰ੍ਹਾਂ ਹੀ ਹਰ ਸਾਹ ਦੇ ਪੈਸੇ ਵਸੂਲੇ ਜਾਂਦੇ ਰਹਿਣਗੇ ਅਤੇ ਹਰ ਮੌਤ ਦਾ ਦੋਸ਼ ਮਰੀਜ਼ ਦੇ ਰਿਸ਼ਤੇਦਾਰ ਅਤੇ ਹਸਪਤਾਲ ਵਾਲੇ ਇੱਕ ਦੂਜੇ ਉੱਪਰ ਸੁੱਟਦੇ ਰਹਿਣਗੇ?
ਇਹ ਸਭ ਕੁਝ ਐਨਾ ਆਸਾਨ ਨਹੀਂ। ਤਰਕ ਅਤੇ ਭਾਵਨਾਵਾਂ ਵਿੱਚ ਤਾਲਮੇਲ ਬਿਠਾਉਣਾ ਸ਼ਾਇਦ ਸਭ ਤੋਂ ਔਖਾ ਕੰਮ ਹੋਵੇ। ਜੇਕਰ ਅਸੀਂ ਜਾਣ ਲਈਏ ਕਿ ਮੌਤ ਇੱਕ ਖਾਮੋਸ਼, ਤਰਤੀਬਵਾਰ ਅਤੇ ਕੁਦਰਤੀ ਪ੍ਰਕਿਰਿਆ ਹੈ ਤਾਂ ਹੋ ਸਕਦਾ ਹੈ ਮੌਤ ਦਾ ਡਰ ਘਟ ਜਾਵੇ ਅਤੇ ਡਾਕਟਰਾਂ ਤੋਂ ਉਮੀਦ ਤਰਕ ਭਰਪੂਰ ਅਤੇ ਯਥਾਰਥਕ ਬਣ ਜਾਵੇ। ਮੇਰੀ ਰਾਇ ਮੁਤਾਬਿਕ ਸਾਨੂੰ ਮੌਤ ਨਾਲ ਲੜਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਮੌਤ ਆਉਣ ਤੋਂ ਪਹਿਲਾਂ ਜੀਵਨ ਨੂੰ ਭਰਪੂਰ ਜਿਊਣਾ ਸਿੱਖਣਾ ਚਾਹੀਦਾ ਹੈ ਅਤੇ ਜਦੋਂ ਉਹ ਪਲ ਆਉਂਦਾ ਹੈ, ਅਸੀਂ ਇਸ ਨੂੰ ਸ਼ਾਂਤ ਚਿੱਤ ਹੋ ਕੇ ਸ਼ਾਨ ਨਾਲ ਝੱਲੀਏ।
ਉਪਰੋਕਤ ਹੈ ਜ਼ਿਕਰ ਅਧੀਨ ਲਿਖਤ ਦਾ ਹੂ ਬ ਹੂ ਪੰਜਾਬੀ ਤਰਜ਼ਮਾ। ਇੱਕ ਅਧਿਆਤਮਿਕ ਵਿਗਿਆਨੀ ਦੁਆਰਾ ਕੀਤੀ ਨਸੀਹਤ ਨੁਮਾ ਵਸੀਅਤ ਦਾ ਅਧਿਐਨ ਕੀਤਿਆਂ ਬਹੁਤ ਮਹੱਤਵਪੂਰਨ ਗੱਲਾਂ ਸਾਹਮਣੇ ਆਉਂਦੀਆਂ ਹਨ। ਇਸ ਵਸੀਅਤ ਦੇ ਅਖੀਰ ਵਿੱਚ ਨਿਕਲੇ ਨਤੀਜੇ ਦੀ ਗੱਲ ਮੈਂ ਪਹਿਲਾਂ ਕਰਨੀ ਚਾਹਾਂਗਾ। ਜਦੋਂ ਕਦੇ ਕਿਸੇ ਮਰੀਜ਼ ਦੀ ਅਵਸਥਾ ਇਹ ਹੋਵੇ ਕਿ ਉਸਦੇ ਬਚਣ ਦੇ ਮੌਕੇ ਘੱਟ ਦਿਖਾਈ ਦਿੰਦੇ ਹੋਣ ਤਾਂ ਕੀ ਉਸਦੇ ਮਹਿੰਗੇ ਇਲਾਜ ਉੱਪਰ ਖਰਚ ਕੀਤਾ ਜਾਣਾ ਚਾਹੀਦਾ ਹੈ? ਖੁਦ ਇੱਕ ਡਾਕਟਰ ਨੂੰ ਉਸ ਖਰਚੇ ਤੋਂ ਬਚਣ ਦੀ ਗੱਲ ਕਿਉਂ ਕਰਨੀ ਪਈ? ਇਸਦਾ ਇੱਕ ਵੱਡਾ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਇਲਾਜ ਬਹੁਤ ਮਹਿੰਗਾ ਹੋ ਗਿਆ ਹੈ ਅਤੇ ਆਮ ਬੰਦੇ ਦੇ ਵੱਸ ਤੋਂ ਬਾਹਰ ਹੋ ਗਿਆ ਹੈ। ਦੂਜਾ, ਮਰੀਜ਼ ਦੀ ਹਾਲਤ ਦੇਖ ਕੇ ਸਪੈਸ਼ਲਿਸਟ ਡਾਕਟਰ ਨੂੰ ਤਾਂ ਮਰੀਜ਼ ਦੇ ਬਚਣ ਜਾਂ ਨਾ ਬਚਣ ਵਾਰੇ ਅੰਦਾਜ਼ਾ ਹੋ ਹੀ ਜਾਂਦਾ ਹੈ। ਜੇਕਰ ਦਿਖਾਈ ਦੇ ਰਿਹਾ ਹੋਵੇ ਕਿ ਮਰੀਜ਼ ਲਗਭਗ ਖਤਮ ਹੀ ਹੈ ਤਾਂ ਮਰੀਜ਼ ਦੇ ਪਰਿਵਾਰ ਨੂੰ ਕਿਉਂ ਨਿਚੋੜਿਆ ਜਾਂਦਾ ਹੈ? ਕੀ ਪਰਿਵਾਰ ਕੋਲੋਂ ਇੱਕ ਲਿਖਤੀ ਸਵੈਘੋਸ਼ਣਾ ਦਸਤਖ਼ਤ ਕਰਵਾ ਕੇ ਹਸਪਤਾਲ ਲੁੱਟਣ ਦਾ ਅਧਿਕਾਰ ਪ੍ਰਾਪਤ ਕਰ ਰਿਹਾ ਹੁੰਦਾ ਹੈ? ਇਹ ਵਿਚਾਰਨ ਵਾਲੀ ਗੱਲ ਹੈ।
ਡਾਕਟਰ ਲੋਪੋ ਨੇ ਮਰੀਜ਼ ਦੇ ਪਰਿਵਾਰ ਨੂੰ ਸਲਾਹ ਦਿੱਤੀ ਹੈ ਕਿ ਅਖੀਰ ’ਤੇ ਪਹੁੰਚੇ ਹੋਏ ਪ੍ਰਾਣੀ ਨੂੰ ਸ਼ਾਂਤੀ ਨਾਲ ਮਰਨ ਦਿੱਤਾ ਜਾਵੇ। ਸਲਾਹ ਬੜੀ ਨੇਕ ਹੈ ਅਤੇ ਉਸਨੇ ਨਾਲ ਹੀ ਸਵਾਲ ਵੀ ਕੀਤਾ ਹੈ ਕਿ ਕਿ ਅਸੀਂ, ਯਾਨੀਕਿ ਅਜਿਹੇ ਮਰੀਜ਼ ਦੇ ਰਿਸ਼ਤੇਦਾਰ ਮਾਨਸਿਕ ਤੌਰ ’ਤੇ ਇਸ ਸਲਾਹ ਉੱਪਰ ਪਹਿਰਾ ਦੇਣ ਲਈ ਤਿਆਰ ਹਾਂ? ਮੇਰੇ ਅਨੁਸਾਰ ਭਾਰਤੀ ਪ੍ਰਸਥਿਤੀਆਂ ਵਿੱਚ ਤਾਂ ਬਿਲਕੁਲ ਵੀ ਨਹੀਂ। ਸਾਨੂੰ ਤਾਂ ਇਨ੍ਹਾਂ ਨਿਹੋਰਿਆਂ ਤੋਂ ਵੀ ਡਰ ਲਗਦਾ ਹੈ ਕਿ ਲੋਕ ਕਹਿਣਗੇ, “ਲੈ ਘਰੇ ਪਾ ਕੇ ਈ ਮਾਰਤਾ।” ਦੁਖੀ ਮਰੀਜ਼ ਭਾਵੇਂ ਦੱਸਣ ਦੀ ਸਥਿਤੀ ਵਿੱਚ ਨਾ ਹੋਵੇ ਪ੍ਰੰਤੂ ਸਾਡੇ ਲਈ ਤਾਂ, “ਜਬ ਤਕ ਸਾਸ ਤਬ ਤਕ ਆਸ।” ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਜਦੋਂ ਮਹਿੰਗੇ ਮੁੱਲ ਖਰੀਦੇ ਸਾਹ ਵੀ ਸਾਡੇ ਪਰਿਵਾਰਿਕ ਮੈਂਬਰ ਨੂੰ ਬਚਾ ਨਹੀਂ ਸਕਦੇ ਫਿਰ ਅਸੀਂ ਹੀ ਕਹਿੰਦੇ ਹਾਂ ਕਿ, “ਲਉ ਜੀ, ਨਾਲੇ ਤਾਂ ਬੰਦਾ ਗਿਆ ਨਾਲੇ ਘਰ ਮੂਧਾ ਵੱਜ ਗਿਆ।” ਸਾਡੇ ਸਾਰਿਆਂ ਦੀ ਜਾਣਕਾਰੀ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਹੋਣਗੀਆਂ ਕਿ ਲੱਖਾਂ ਕਰੋੜਾਂ ਖਰਚਣ ਤੋਂ ਬਾਅਦ ਵੀ ਪੱਲੇ ਨਿਰਾਸ਼ਾ ਹੀ ਪਈ।
ਲਿਖਤ ਦਾ ਪਹਿਲਾ ਹਿੱਸਾ ਨਿਰੋਲ ਅਧਿਆਤਮਿਕ ਹੈ। ਲੇਖਕ ਡਾਕਟਰ ਲੋਪਾ ਮਹਿਤਾ ਅਨੁਸਾਰ ਮੌਤ ਨਿਸ਼ਚਿਤ ਹੈ। ਉਸ ਅਨੁਸਾਰ ਸੈੱਲਾਂ ਅਤੇ ਸਰੀਰਕ ਤੰਤੁਆਂ ਨੂੰ ਇੱਕ ਸੋਮੇ ਤੋਂ ਸ਼ਕਤੀ ਮਿਲਦੀ ਹੈ ਅਤੇ ਸੋਮਾ ਖਤਮ ਹੋਣ ਨਾਲ ਸਰੀਰ ਨਿਸਫਲ ਹੋ ਜਾਂਦਾ ਹੈ ਅਤੇ ਆਪਣੀ ਅੰਤਿਮ ਸਥਿਤੀ ਯਾਨੀਕਿ ਮੌਤ ਨੂੰ ਪ੍ਰਾਪਤ ਹੁੰਦਾ ਹੈ। ਸ਼ਕਤੀ ਦੇ ਜਿਸ ਸ੍ਰੋਤ ਨੂੰ ਸੂਖਮ ਸਰੀਰ ਕਿਹਾ ਗਿਆ ਹੈ, ਉਸ ਨੂੰ ਹੀ ਸ਼ਾਇਦ ਅਸੀਂ ਆਤਮਾ ਕਹਿੰਦੇ ਹਾਂ।
ਮਹਾਤਮਾ ਬੁੱਧ ਅਨੁਸਾਰ ਮੌਤ ਜ਼ਿੰਦਗੀ ਦੇ ਸਫਰ ਦਾ ਅਗਲਾ ਪੜਾਅ ਹੈ। ਇਸੇ ਲਈ ਸਾਨੂੰ ਇਸ ਸਚਾਈ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਲਿਖਤ ਦਾ ਸਾਰੰਸ਼ ਇਹੀ ਨਿਕਲਦਾ ਹੈ ਕਿ ਡਾਕਟਰ ਲੋਪਾ ਮਹਿਤਾ ਦੇ ਵਿਚਾਰ ਨਿਰਸੰਦੇਹ ਮਹੱਤਵਪੂਰਨ ਅਤੇ ਕੀਮਤੀ ਹਨ ਅਤੇ ਹਰ ਇੱਕ ਦੇ ਵਿਚਾਰਨਯੋਗ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (