JagdevSharmaBugra7ਤੈਨੂੰ ਕੀ ਲੋੜ ਪਈ ਸੀ ਅੜਿੱਕਾ ਸਾਹਬ ਬਣਨ ਦੀ? ਪਤਾ ਨੀ ਕਦੇ ਕਦੇ ਤੇਰੀ ਮੱਤ ਨੂੰ ਕੀ ...
(15 ਮਾਰਚ 2023)
ਇਸ ਸਮੇਂ ਪਾਠਕ: 314.

ਗੱਲ ਕੋਈ ਪੰਜਾਹ ਕੁ ਸਾਲ ਪੁਰਾਣੀ ਹੈ, ਜਦੋਂ ਮੈਂ ਸਤਾਰਾਂ ਅਠਾਰਾਂ ਸਾਲਾਂ ਦਾ ਸਾਂਅਸੀਂ, ਸਾਡੇ ਪਰਿਵਾਰ ਦੇ ਸਾਰੇ ਮੈਂਬਰ ਖੇਤਾਂ ਵਿੱਚੋਂ ਕੰਮ ਨਿਬੇੜ ਕੇ ਸ਼ਾਮ ਦੇ ਕੋਈ ਛੇ ਕੁ ਵਜੇ ਰੇਹੜੇ ਉੱਤੇ ਬੈਠ ਘਰ ਪਰਤ ਰਹੇ ਸਾਂ45-50 ਸਾਲ ਦੀ ਉਮਰ ਦਾ ਇੱਕ ਆਦਮੀ ਜੋ ਕਿ ਸਾਈਕਲ ਉੱਪਰ ਸਵਾਰ ਸੀ, ਸਾਈਕਲ ਹੌਲੀ ਕਰਕੇ ਸਾਡੇ ਰੇਹੜੇ ਦੇ ਬਰਾਬਰ ਚਲਦਾ ਚਲਦਾ, ਮੇਰੇ ਪਿਤਾ ਜੀ ਨੂੰ ਸੰਬੋਧਨ ਹੁੰਦਾ ਪੁੱਛਣ ਲੱਗਿਆ, “ਸਰਦਾਰ ਜੀ! ਇਸੇ ਪਿੰਡ ਦੇ ਰਹਿਣ ਵਾਲੇ ਹੋ?”

“ਆਹੋ! ਕੀ ਗੱਲ ਐ?”

“ਗੱਲ ਹੈਗੀ ਵੀ ਐ, ਨਹੀਂ ਵੀ ਹੈਗੀ ਮੈਨੂੰ ਥੋਡੇ ਪਿੰਡ ਫਲਾਨਿਆਂ ਦੇ ਮੁੰਡੇ ਦੀ ਦੱਸ ਪਈ ਐ ਦੱਸਦੇ ਨੇ ਜ਼ਮੀਨ ਵੀ ਖੁੱਲ੍ਹੀ ਐ, ਸੁੱਖ ਨਾਲ ਖੇਤੀ ਦਾ ਸਾਰਾ ਸੰਦ ਸੰਦੇੜਾ ਵੀ ਘਰ ਦਾ ਐਚਾਰ ਪਸੂਆਂ ਨਾਲ ਵੀ ਵਿਹੜਾ ਭਰਿਆ ਭਰਿਆ ਲੱਗਦਾ ਸੀਉਂਜ ਮੈਨੂੰ ਤਾਂ ਕੰਮ ਦਈਏਂ ਲੱਗਿਆਬਾਕੀ ਥੋਨੂੰ ਜ਼ਿਆਦਾ ਪਤਾ ਹੋਊ, ਥੋਡੇ ਪਿੰਡ ਦੇ ਨੇਧੀ ਧਿਆਣੀ ਦਾ ਕੰਮ ਐਮੈਂ ਸੋਚਦਾਂ ਕਿਤੇ ਕਿਸੇ ਲੋਭੜ ਵਿੱਚ ਹੀ ਨਾ ਫਸ ਜਾਈਏ, ਮੇਰੀ ਲਾਡੋ ਮੈਨੂੰ ਸਾਰੀ ਉਮਰ ਗਾਲ੍ਹਾਂ ਕੱਢੀ ਜਾਵੇਕਹਿੰਦੇ ਹੁੰਦੇ ਨੇ ਕਿ ਜਿਸਦੀ ਧੀ ਸੁਖਾਲੀ, ਉਸਦੀ ਕੁਲ ਸੁਖਾਲੀ ਹੁੰਦੀ ਐ ਮੈਨੂੰ ਤੁਸੀਂ ਭਲੇ ਮਾਣਸ ਲੱਗਦੇ ਓਬੱਸ ਮੈਂ ਤਾਂ ਆਹੀ ਪਤਾ ਕਰਨਾ ਸੀ ਬਈ ਮੇਰੀ ਧੀ ਸੁਖਾਲੀ ਰਹੂ?”

“ਭਾਈ ਸਾਹਿਬ! ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਤੁਹਾਨੂੰ ਨਹੀਂ ਜਾਣਦਾਉਂਜ ਕਹਿੰਦੇ ਹੁੰਦੇ ਨੇ ਕਿ ਦੋ ਸਿਰ ਜੁੜਦਿਆਂ ਵਿੱਚ ਭਾਨੀ ਨਹੀਂ ਮਾਰੀਦੀਪ੍ਰੰਤੂ ਤੁਸੀਂ ਮੇਰੇ ’ਤੇ ਰੱਬ ਵਰਗਾ ਭਰੋਸਾ ਕੀਤਾ ਹੈ, ਮੈਂ ਝੂਠ ਨਹੀਂ ਬੋਲਾਂਗਾਜਿਹੜੀਆਂ ਗੱਲਾਂ ਤੂੰ ਉਸ ਪਰਿਵਾਰ ਬਾਰੇ ਕੀਤੀਆਂ ਹਨ, ਸਾਰੀਆਂ ਸਹੀ ਹਨਪ੍ਰੰਤੂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਤੇਰੀ ਧੀ, ਮੇਰੀ ਧੀ ਮੇਰੀ ਮੰਨੇ ਤਾਂ ਇਹ ਰਿਸ਼ਤਾ ਨਾ ਕਰੀਂ।”

“ਕਿਉਂ, ਅਜਿਹੀ ਕੀ ਗੱਲ ਐ? ਪਰਿਵਾਰ ਵਿੱਚ ਨੁਕਸ ਐ ਕੋਈ?”

“ਬੱਸ ਅੱਗੇ ਹੋਰ ਕੁਛ ਨਾ ਪੁੱਛੀਂ।”

ਮੇਰੇ ਪਿਤਾ ਜੀ ਦੀ ਆਖਰੀ ਗੱਲ ਸੁਣ ਕੇ ਉਸ ਅਨਜਾਣ ਨੇ ਸਾਈਕਲ ਨੂੰ ਅੱਡੀ ਮਾਰ ਦਿੱਤੀ

ਛੋਟੇ ਹੁੰਦੇ ਸੁਣਿਆ ਕਰਦੇ ਸਾਂ ਕਿ ਫਲਾਣਿਆਂ ਦੇ ਮੁੰਡੇ ਜਾਂ ਕੁੜੀ ਦਾ ਰਿਸ਼ਤਾ ਸਿਰੇ ਨਹੀਂ ਚੜ੍ਹਿਆ ਕਿਉਂਕਿ ਕਿਸੇ ਨੇ ਭਾਨੀ ਮਾਰ ਦਿੱਤੀ ਸੀ ਅਤੇ ਭਾਨੀ ਕਿਵੇਂ ਵੱਜਦੀ ਹੈ, ਅੱਜ ਅਸੀਂ ਆਪਣੇ ਅੱਖੀਂ ਦੇਖ ਵੀ ਲਈ ਸੀਮਨ ਵਿੱਚ ਉੱਭਲ ਚੁੱਭਲੀ ਲੱਗੀ ਹੋਈ ਸੀਘਰ ਪਹੁੰਚਦਿਆਂ ਹੀ ਮੇਰੇ ਤੋਂ ਪਹਿਲਾਂ ਮੇਰੇ ਮਾਤਾ ਜੀ, ਜੋ ਕਿ ਰੇਹੜੇ ਉੱਤੇ ਸਾਡੇ ਨਾਲ ਹੀ ਬੈਠੇ ਸਨ, ਮੇਰੇ ਪਿਤਾ ਜੀ ਦੇ ਗਲ਼ ਪੈ ਗਏ

“ਓਂ ਤਾਂ ਤੂੰ ਆਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਦਾ ਹੈਂ, ਤੈਂ ਅੱਜ ਇਹ ਕੀ ਕੀਤਾ? ਜੇਕਰ ਕਿਸੇ ਦੀ ਧੀ ਦਾ ਰਿਸ਼ਤਾ ਵਧੀਆ ਰੱਜਦੇ ਖਾਂਦੇ ਘਰੇ ਹੁੰਦਾ ਸੀ, ਤੈਨੂੰ ਕੀ ਲੋੜ ਪਈ ਸੀ ਅੜਿੱਕਾ ਸਾਹਬ ਬਣਨ ਦੀ? ਪਤਾ ਨੀ ਕਦੇ ਕਦੇ ਤੇਰੀ ਮੱਤ ਨੂੰ ਕੀ ਹੋ ਜਾਂਦਾ ਹੈ

ਇਹੀ ਸਵਾਲ ਮੇਰੇ ਵੀ ਸਨਪ੍ਰੰਤੂ ਸਾਡੇ ਪਿਤਾ ਜੀ ਨੇ ਸਾਡੀਆਂ ਗੱਲਾਂ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ਸੀ

ਮਹੀਨੇ ਬੀਤ ਗਏ, ਸਾਲ ਬੀਤ ਗਏ ਉਹ ਮੁੰਡਾ ਵਿਆਹਿਆ ਵੀ ਗਿਆਉਸਦੇ ਅੱਗੇ ਦੋ ਬੱਚੇ, ਇੱਕ ਲੜਕਾ ਅਤੇ ਇੱਕ ਲੜਕੀ ਵੀ ਹੋ ਗਏਬੱਚੇ ਨਿਆਣੇ ਹੀ ਸਨ, ਲੜਕਾ ਪੰਜ ਸਲ ਦਾ, ਲੜਕੀ ਸੱਤ ਸਲ ਦੀਇੱਕ ਦਿਨ ਉਹ ਮੁੰਡਾ ਖੁਦ ਪਿੰਡ ਦੇ ਲਹਿੰਦੇ ਪਾਸਿਓਂ ਜਾਂਦੇ ਸੂਏ ਵਿੱਚ ਮਰਿਆ ਪਾਇਆ ਗਿਆਅੱਜ ਉਸਦਾ ਭੋਗ ਸੀਮੇਰੇ ਪਿਤਾ ਜੀ ਵੀ ਭੋਗ ’ਤੇ ਗੋਡਾ ਨਿਵਾਉਣ ਗਏ ਸਨ

“ਜਾ ਆਇਆਂ ਵੈਲੀ, ਨਸ਼ੇੜੀ ਦੇ ਭੋਗ ’ਤੇ?” ਮੇਰੀ ਮਾਂ ਦਾ ਮੇਰੇ ਪਿਤਾ ਜੀ ਨੂੰ ਸਵਾਲ ਸੀ

“ਹਾਂ, ਜਾ ਆਇਆਂਓਥੇ ਜੋ ਹੋਰ ਹੋਇਆ, ਉਹ ਵੀ ਸੁਣ ਲੈ।”

“ਓਥੇ ਅਜਿਹਾ ਹੋਰ ਕੀ ਹੋਇਆ, ਜਿਹੜਾ ਮੇਰੇ ਨਾਲ ਸਾਂਝਾ ਕਰਨਾ ਹੈ?” ਮੇਰੀ ਮਾਤਾ ਜੀ ਨੂੰ ਵੀ ਉਤਸੁਕਤਾ ਜਿਹੀ ਹੋਈ

“ਤੇਰੇ ਯਾਦ ਹੋਏਗਾ, ਕੋਈ ਦਸ ਕੁ ਸਾਲ ਪਹਿਲਾਂ ਆਪਾਂ ਖੇਤੋਂ ਵਾਪਸ ਆ ਰਹੇ ਸਾਂ ਅਤੇ ਕਿਸੇ ਭਲੇਮਾਣਸ ਨੇ ਇਸ ਮੁੰਡੇ ਨੂੰ ਰਿਸ਼ਤੇ ਬਾਰੇ ਮੇਰੀ ਰਾਇ ਮੰਗੀ ਸੀ।”

“ਹਾਂ, ਮੈਨੂੰ ਯਾਦ ਐ ਅਤੇ ਇਹ ਵੀ ਚੰਗੀ ਤਰ੍ਹਾਂ ਯਾਦ ਐ ਬਈ ਤੈਂ ਭਾਨੀ ਮਾਰਨ ਲੱਗਿਆਂ ਫੋਰਾ ਨਹੀਂ ਲਾਇਆ ਸੀ।”

“ਹਾਂ, ਬਿਲਕੁਲ ਸਹੀਅੱਜ ਮੈਨੂੰ ਭੋਗ ’ਤੇ ਓਹੀ ਬਜ਼ੁਰਗ ਫਿਰ ਮਿਲ ਗਿਆਮੈਂ ਤਾਂ ਪਛਾਣਿਆ ਨਹੀਂ ਸੀ ਕਿਉਂਕਿ ਦਸ ਸਾਲ ਪਹਿਲਾਂ ਕੋਈ ਦਸ ਕੁ ਮਿੰਟ ਦੀ ਮੁਲਾਕਾਤ ਸੀ ਪ੍ਰੰਤੂ ਉਸਨੇ ਮੈਨੂੰ ਪਛਾਣ ਲਿਆ ਸੀ ਮੈਨੂੰ ਇੱਕ ਪਾਸੇ ਲਿਜਾ ਕੇ ਪੁੱਛਣ ਲੱਗਿਆ, “ਸਰਦਾਰ ਜੀ ਮੈਨੂੰ ਪਛਾਣਿਆ?”

ਮੇਰਾ ਜਵਾਬ ਸੀ “ਨਹੀਂ” ਉਹ ਕਹਿਣ ਲੱਗਿਆ, “ਮੈਂ ਓਹੀ ਹਾਂ, ਜਿਸ ਨੂੰ ਦਸ ਸਾਲ ਪਹਿਲਾਂ ਤੁਸੀਂ ਆਪਣੀ ਧੀ ਦਾ ਰਿਸ਼ਤਾ ਇਸ ਮੁੰਡੇ ਨੂੰ ਨਾ ਕਰਨ ਦੀ ਨਸੀਹਤ ਦਿੱਤੀ ਸੀਤੁਹਾਡੀ ਮੰਨ ਕੇ ਮੈਂ ਤਾਂ ਆਪਣੇ ਪੈਰ ਪਿਛਾਂਹ ਖਿੱਚ ਲਏ ਸਨ ਪ੍ਰੰਤੂ ਮੇਰੇ ਰਿਸ਼ਤੇਦਾਰ ਨੇ ਮੇਰੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਵੀ ਆਪਣੀ ਧੀ ਯਾਨੀ ਕਿ ਮੇਰੀ ਘਰ ਵਾਲੀ ਦੀ ਭਤੀਜੀ ਦਾ ਰਿਸ਼ਤਾ ਇਸ ਮੁੰਡੇ ਨੂੰ ਕਰ ਦਿੱਤਾ ਸੀਮੈਂ ਤਾਂ ਸਮਝ ਗਿਆ ਸੀ ਕਿ ਮੁੰਡੇ ਵਿੱਚ ਜ਼ਰੂਰ ਕੋਈ ਵੈਲ ਐਬ ਹੋਵੇਗਾਮੇਰੀ ਧੀ ਤਾਂ ਭਾਵੇਂ ਤੁਸੀਂ ਡੁੱਬਣੋ ਬਚਾ ਲਈ ਸੀ ਪ੍ਰੰਤੂ ਨਤੀਜਾ ਤੁਹਾਡੇ ਸਾਹਮਣੇ ਈ ਐਇਸ ਵਿੱਚ ਭਾਵੇਂ ਕੋਈ ਸ਼ੱਕ ਨਹੀਂ ਕਿ ਸੰਯੋਗ ਤਾਂ ਧੁਰੋਂ ਲਿਖੇ ਹੁੰਦੇ ਹਨ, ਪਰ ਸਬੱਬ ਵੀ ਕੋਈ ਚੀਜ਼ ਹੁੰਦੀ ਹੈ” ਇਹ ਕਹਿੰਦਿਆਂ ਉਹ ਮੇਰਾ ਸ਼ੁਕਰਾਨਾ ਕਰਦਾ ਨਹੀਂ ਥੱਕਦਾ ਸੀ... ਨਾਲੇ ਉਸ ਦਿਨ ਤਾਂ ਤੁਸੀਂ ਵੀ ਸਾਰਾ ਟੱਬਰ ਉੱਧੜ ਕੇ ਮੇਰੇ ਗੱਲ ਪੈ ਗਏ ਸੀਤੁਹਾਨੂੰ ਤਾਂ ਸ਼ਾਇਦ ਬਾਅਦ ਵਿੱਚ ਪਤਾ ਚੱਲਿਆ ਹੋਊ, ਪਰ ਮੈਨੂੰ ਇਸਦੇ ਮਾੜੇ ਲੱਛਣਾਂ ਦਾ ਓਦੋਂ ਈ ਪਤਾ ਸੀ ਜਦੋਂ ਇੱਕ ਧੀ ਦੇ ਪਿਓ ਨੇ ਮੇਰੀ ਰਾਇ ਮੰਗੀ ਸੀ ਭਲਾ ਕਿਸੇ ਦਰਵੇਸ਼ ਦੀ ਧੀ ਨੂੰ ਖੂਹ ਵਿੱਚ ਧੱਕਾ ਦੇ ਕੇ ਮੈਂ ਪਾਪਾਂ ਦਾ ਭਾਗੀ ਕਿਉਂ ਬਣਦਾ?”

ਮੇਰੇ ਮਾਤਾ ਪਿਤਾ ਦੀ ਵਾਰਤਾਲਾਪ ਸੁਣ ਕੇ ਮੈਂ ਸੋਚ ਰਿਹਾ ਸਾਂ ਕਿ ਨਿਆਣ ਮੱਤ ਅਤੇ ਪਰਿਪੱਕ ਸੋਚ ਵਿੱਚ ਕਿੰਨਾ ਫਰਕ ਹੁੰਦਾ ਹੈਮੇਰੇ ਬਾਪ ਦੁਆਰਾ ਮਾਰੀ ਗਈ ਭਾਨੀ ਵਿੱਚ ਵੀ ਭਲਾਈ ਛੁਪੀ ਹੋਈ ਸੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3851)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਜਗਦੇਵ ਸ਼ਰਮਾ ਬੁਗਰਾ

ਜਗਦੇਵ ਸ਼ਰਮਾ ਬੁਗਰਾ

Retd. Senior Manager, Punjab National Bank.
Phone: (91 - 98727 - 87243)

Email: (jagdevsharma325@gmail.com)