“ਕਦੇ ਵੀ, ਕਿਸੇ ਨਾਲ ਵੀ, ਕਿਸੇ ਵੀ ਸੂਰਤ ਵਿੱਚ ਆਪਣੇ ਖ਼ਜ਼ਾਨੇ ਦੇ ਜ਼ਿੰਦਰੇ ਦੀ ਚਾਬੀ ਯਾਨੀ ਕਿ ਓ ਟੀ ਪੀ ਸਾਂਝਾ ...”
(1 ਅਪ੍ਰੈਲ 2023)
ਇਸ ਸਮੇਂ ਪਾਠਕ: 502.
ਪਦਾਰਥਵਾਦ ਦੇ ਯੁਗ ਵਿੱਚ ਰਾਤੋ ਰਾਤ ਅਮੀਰ ਬਣਨ ਦੀ ਲਲ੍ਹਕ ਨੇ ਲੋਕਾਂ ਨੂੰ ਇਨਸਾਨੀਅਤ ਭੁਲਾ ਦਿੱਤੀ ਹੈ। ਅੱਜ ਠੱਗਾਂ ਦਾ ਇੱਕ ਅਜਿਹਾ ਵਰਗ ਪੈਦਾ ਹੋ ਗਿਆ ਹੈ ਜਿਹੜਾ ਸਾਇੰਸ ਦੀ ਦੁਰਵਰਤੋਂ ਕਰਕੇ ਸਾਡੇ ਬੈਂਕ ਖਾਤਿਆਂ ਉੱਤੇ ਡਾਕੇ ਮਾਰਦਾ ਹੈ। ਆਓ ਦੇਖੀਏ ਅਜਿਹੇ ਲੋਕ ਕਿਹੜੇ ਕਿਹੜੇ ਘਿਨਾਉਣੇ ਢੰਗ ਤਰੀਕੇ ਵਰਤਦੇ ਹਨ ਅਤੇ ਆਮ ਆਦਮੀ ਇਹਨਾਂ ਦੀਆਂ ਕੋਝੀਆਂ ਚਾਲਾਂ ਤੋਂ ਕਿਵੇਂ ਬਚ ਸਕਦਾ ਹੈ।
ਤਰੀਕਾ ਬੇਸ਼ਕ ਪੁਰਾਣਾ ਹੈ ਪ੍ਰੰਤੂ ਅੱਜ ਵੀ ਚਾਲੂ ਹੈ।
ਏ ਟੀ ਐੱਮ ਮਸ਼ੀਨ ਵਿੱਚੋਂ ਨਕਦੀ ਕਢਵਾਉਂਦੇ ਵਕਤ ਜਦੋਂ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਹਾਡੇ ਪਿੱਛੇ ਖੜ੍ਹਾ ਕੋਈ ਸ਼ਖਸ ਤੁਹਾਡੀ ਸਹਾਇਤਾ ਕਰਨ ਦੇ ਬਹਾਨੇ ਤੁਹਾਡਾ ਏ ਟੀ ਐੱਮ ਕਾਰਡ ਬਦਲ ਦਿੰਦਾ ਹੈ ਅਤੇ ਅਸਲੀ ਕਾਰਡ ਨਾਲ ਕਿਸੇ ਹੋਰ ਏ ਟੀ ਐੱਮ ਤੋਂ ਆਪ ਰਕਮ ਕਢਵਾ ਲੈਂਦਾ ਹੈ। ਏ ਟੀ ਐੱਮ ਰੂਮ ਵਿੱਚ ਬਹੁਤ ਹੀ ਮਹੀਨ ਕੈਮਰੇ ਲਗਾ ਕੇ ਕਾਰਡ ਦੇ ਪਾਸ ਵਰਡ ਅਤੇ ਤੁਹਾਡੇ ਖਾਤੇ ਦੀ ਸਾਰੀ ਜਾਣਕਾਰੀ ਕਾਪੀ ਕਰ ਲਈ ਜਾਂਦੀ ਹੈ। ਜਾਂ ਏ ਟੀ ਐੱਮ ਦੇ ਸੁਰਾਖ ਵਿੱਚ ਬਹੁਤ ਹੀ ਮਹੀਨ ਯੰਤਰ ਫਿੱਟ ਕਰਕੇ ਤੁਹਾਡੇ ਖਾਤੇ ਅਤੇ ਕਾਰਡ ਦੀ ਜਾਣਕਾਰੀ ਹਾਸਲ ਕਰ ਲਈ ਜਾਂਦੀ ਹੈ। ਇਸ ਤਰੀਕੇ ਹਾਸਲ ਕੀਤੀ ਜਾਣਕਾਰੀ ਠੱਗੀ ਮਾਰਨ ਲਈ ਵਰਤੀ ਜਾਂਦੀ ਹੈ। ਤੁਹਾਡੇ ਕਾਰਡ ਦਾ ਕਲੋਨ ਤਿਆਰ ਕਰਨ ਦਾ ਤਰੀਕਾ ਵੀ ਠੱਗੀ ਮਾਰਨ ਵਲੋਂ ਵਰਤਿਆ ਜਾਂਦਾ ਹੈ।
ਠੱਗ ਲੋਕ ਬੈਂਕ ਵਾਲਾ ਬਣ ਕੇ ਆਮ ਤੌਰ ’ਤੇ ਸਾਨੂੰ ਫੋਨ ਕਰਦੇ ਹਨ ਕਿ ਤੁਹਾਡਾ ਕੇ ਵਾਈ ਸੀ ਅਧੂਰਾ ਹੈ, ਉਸ ਨੂੰ ਪੂਰਾ ਕਰਨ ਹਿਤ ਕੁਛ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਇਸ ਤਰ੍ਹਾਂ ਉਹ ਸਾਡੇ ਖਾਤੇ ਤਕ ਪਹੁੰਚ ਬਣਾ ਲੈਂਦੇ ਹਨ। ਅਜਿਹੀ ਫੋਨ ਕਾਲ ਆਉਂਦਿਆਂ ਹੀ ਕੱਟ ਦਿਓ ਕਿਉਂਕਿ ਕੋਈ ਵੀ ਬੈਂਕ ਅਜਿਹਾ ਫੋਨ ਨਹੀਂ ਕਰਦਾ। ਇਸੇ ਤਰ੍ਹਾਂ ਤੁਹਾਡੇ ਏ ਟੀ ਐੱਮ ਕਾਰਡ ਐਕਸਪਾਇਰੀ ਦੇ ਬਹਾਨੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਰੈਡਿਟ ਕਾਰਡ ਲਿਮਿਟ ਵਧਾਉਣ ਬਾਰੇ ਫੋਨ ’ਤੇ ਜਾਣਕਾਰੀ ਲੈਣ ਦਾ ਮਕਸਦ ਵੀ ਠੱਗੀ ਲਾਉਣਾ ਹੀ ਹੁੰਦਾ ਹੈ।
ਅੱਜ ਕੱਲ੍ਹ ਅਸੀਂ ਸਾਰੇ ਹੀ ਆਪਣੇ ਬਹੁਤੇ ਲੈਣ ਦੇਣ ਔਨ ਲਾਈਨ ਕਰਦੇ ਹਾਂ। ਅਜਿਹੇ ਜ਼ਿਆਦਾਤਰ ਕੰਮ ਓ ਟੀ ਪੀ (ਵਨ ਟਾਈਮ ਪਾਸ ਵਾਰਡ) ਦੇ ਰਾਹੀਂ ਨੇਪਰੇ ਚੜ੍ਹਦੇ ਹਨ। ਜਿੱਥੋਂ ਤਕ ਤੁਸੀਂ ਆਪ ਇਸ ਓ ਟੀ ਪੀ ਦੀ ਵਰਤੋਂ ਕਰਦੇ ਹੋ, ਕੋਈ ਖਤਰਾ ਨਹੀਂ ਪ੍ਰੰਤੂ ਜਿਓਂ ਹੀ ਇਹ ਫਿੱਟੜੀਆਂ ਦੀ ਫੇਟ, ਓ ਟੀ ਪੀ ਸ਼ਬਦ ਕਿਸੇ ਨਾਲ ਸਾਂਝਾ ਕਰ ਲਿਆ, ਤੁਸੀਂ ਠੱਗੇ ਗਏ। ਪਲਕ ਝਪਕਦਿਆਂ ਹੀ ਸਾਈਬਰ ਠੱਗ ਤੁਹਾਡਾ ਖਾਤਾ ਸਾਫ ਕਰ ਦੇਣਗੇ। ਇਸ ਲਈ ਭੁੱਲ ਕੇ ਵੀ ਓ ਟੀ ਪੀ ਕਿਸੇ ਨਾਲ ਸਾਂਝਾ ਨਾ ਕਰੋ।
ਆਨ ਲਾਈਨ ਠੱਗੀ ਦਾ ਅੱਜ ਕੱਲ੍ਹ ਇੱਕ ਨਵਾਂ ਢੰਗ ਅਪਣਾਇਆ ਜਾ ਰਿਹਾ ਹੈ। ਤੁਹਾਨੂੰ ਵਿਦੇਸ਼ ਵਿੱਚੋਂ ਫੋਨ ਆਉਂਦਾ ਹੈ ਕਿ ਤੁਹਾਡੇ ਕਿਸੇ ਨੇੜਲੇ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਹਸਪਤਾਲ ਵਿੱਚ ਦਾਖਲ ਹੈ। ਉਸ ਦੇ ਇਲਾਜ ਖਾਤਰ ਤੁਹਾਨੂੰ ਕਿਸੇ ਅਣਜਾਣ ਦੇ ਖਾਤੇ ਵਿੱਚ ਪੈਸੇ ਪਾਉਣ ਲਈ ਕਿਹਾ ਜਾਂਦਾ ਹੈ। ਅਜਿਹੇ ਫੋਨ ਕਰਨ ਵਾਲੇ ਆਮ ਤੌਰ ’ਤੇ ਬਹੁਤ ਵਧੀਆ ਪੰਜਾਬੀ ਬੋਲ ਰਹੇ ਹੁੰਦੇ ਹਨ। ਅਜਿਹੇ ਠੱਗਾਂ ਤੋਂ ਬਚਿਆ ਜਾਵੇ। ਆਪਣੀ ਪੂਰੀ ਤਸੱਲੀ ਕਰ ਲੈਣ ਤੋਂ ਬਾਅਦ ਹੀ ਕਿਸੇ ਦੇ ਖਾਤੇ ਵਿੱਚ ਪੈਸੇ ਪਾਓ। ਅਜਿਹਾ ਹੀ ਤਰੀਕਾ ਫੇਸਬੁੱਕ ਉੱਤੇ ਤੁਹਾਡੇ ਕਿਸੇ ਜਾਣੂ ਦੀ ਫੇਕ ਆਈ ਡੀ ਤੋਂ ਤੁਹਾਡੇ ਮਿੱਤਰ ਦੀ ਜਾਨ ਬਚਾਉਣ ਦੇ ਬਹਾਨੇ ਪੈਸਿਆਂ ਮੰਗ ਕੀਤੀ ਜਾਂਦੀ ਹੈ।
ਠੱਗੀ ਦਾ ਇੱਕ ਹੋਰ ਪ੍ਰਚੱਲਤ ਤਰੀਕਾ ਹੈ, ਲਾਟਰੀ ਦਾ। ਤੁਹਾਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਕਰੋੜਾਂ ਦੀ ਲਾਟਰੀ ਲੱਗੀ ਹੈ, ਜਦੋਂ ਕਿ ਤੁਸੀਂ ਅਜਿਹੀ ਕੋਈ ਲਾਟਰੀ ਪਾਈ ਹੀ ਨਹੀਂ ਹੁੰਦੀ। ਲਾਟਰੀ ਦੀ ਪ੍ਰੋਸੈਸਿੰਗ ਦੇ ਬਹਾਨੇ ਤੁਹਾਡੇ ਕੋਲੋਂ ਕੁਛ ਰਕਮ ਕਿਸੇ ਖਾਤੇ ਵਿੱਚ ਪਾਉਣ ਨੂੰ ਕਿਹਾ ਜਾਂਦਾ ਹੈ। ਜਿਓਂ ਹੀ ਕੋਈ ਭੋਲਾ ਭਾਲਾ ਉਹਨਾਂ ਦੇ ਝਾਂਸੇ ਵਿੱਚ ਆ ਕੇ ਮੰਗੀ ਗਈ ਰਾਸ਼ੀ ਉਹਨਾਂ ਦੇ ਖਾਤੇ ਵਿੱਚ ਪਾ ਦਿੰਦਾ ਹੈ, ਉਸੇ ਟਾਈਮ ਹੋਰ ਪੈਸਿਆਂ ਦੀ ਮੰਗ ਰੱਖ ਦਿੱਤੀ ਜਾਂਦੀ ਹੈ। ਕਈ ਵਾਰੀ ਬਿਨਾ ਕਿਤੇ ਨੌਕਰੀ ਲਈ ਅਰਜ਼ੀ ਭੇਜਿਆਂ ਹੀ ਤੁਹਾਨੂੰ ਨੌਕਰੀ ਲਈ ਸਿਲੈਕਸ਼ਨ ਦਾ ਫ਼ੋਨ ਆਉਂਦਾ ਹੈ। ਕੁਛ ਸਮੇਂ ਬਾਅਦ ਕੋਈ ਫਾਰਮ ਭਰ ਕੇ ਭੇਜਣ ਲਈ ਤੁਹਾਨੂੰ ਫਿਰ ਫੋਨ ਆਉਂਦਾ ਹੈ ਅਤੇ ਨਾਲ ਹੀ ਕੁਛ ਰਕਮ ਸਕਿਓਰਟੀ ਦੇ ਤੌਰ ’ਤੇ ਮੰਗੀ ਜਾਂਦੀ ਹੈ। ਘਰੇ ਬੈਠ ਕੇ ਕੰਮ ਕਰਕੇ ਮੋਟੀ ਕਮਾਈ ਦਾ ਝਾਂਸਾ ਦੇ ਕੇ ਵੀ ਸਕਿਓਰਟੀ ਦੇ ਨਾਂ ’ਤੇ ਰਾਸ਼ੀ ਕਿਸੇ ਖਾਤੇ ਵਿੱਚ ਪਾਉਣ ਲਈ ਕਿਹਾ ਜਾਂਦਾ ਹੈ। ਮੋਬਾਇਲ ਟਾਵਰ ਲਗਾਉਣ ਵਾਲਿਆਂ ਨੂੰ ਬਿਨਾ ਕੋਈ ਜਗ੍ਹਾ ਦੇਖਿਆਂ ਹੀ ਮੋਟੀ ਰਕਮ ਜ਼ਮਾਨਤ ਰਾਸ਼ੀ ਕਹਿ ਕੇ ਮੰਗੀ ਜਾਂਦੀ ਹੈ।
ਅੱਜ ਕੱਲ੍ਹ ਆਨਲਾਈਨ ਖਰੀਦਦਾਰੀ ਦਾ ਬੜਾ ਰਿਵਾਜ਼ ਹੋ ਗਿਆ ਹੈ। ਮੰਗਵਾਈ ਗਈ ਵਸਤੂ ਦੀ ਪੂਰੀ ਕੀਮਤ ਜਾਂ ਉਸਦੀ ਕੀਮਤ ਦਾ ਕੁਛ ਹਿੱਸਾ ਪਹਿਲਾਂ ਅਦਾਇਗੀ ਲਈ ਕਿਹਾ ਜਾਂਦਾ ਹੈ। ਗ੍ਰਾਹਕ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਵਸਤੂ ਦੀ ਕੀਮਤ ਬਾਜ਼ਾਰ ਨਾਲੋਂ ਕਿਤੇ ਘੱਟ ਦਰਸਾਈ ਗਈ ਹੁੰਦੀ ਹੈ। ਜਦੋਂ ਤੁਸੀਂ ਪਹਿਲਾਂ ਅਦਾਇਗੀ ਕਰ ਦਿੰਦੇ ਹੋ ਫਿਰ ਜਾਂ ਤਾਂ ਤੁਹਾਨੂੰ ਮੰਗੀ ਗਈ ਵਸਤੂ ਅੱਧੀ ਅਧੂਰੀ ਪਹੁੰਚਦੀ ਹੈ ਜਾਂ ਘਟੀਆ ਗੁਣਵੱਤਾ ਦੀ ਵਸਤੂ ਤੁਹਾਡੇ ਮੱਥੇ ਮੜ੍ਹ ਦਿੱਤੀ ਜਾਂਦੀ ਹੈ।
ਜੇਕਰ ਤੁਸੀਂ ਕੋਈ ਵਸਤੂ ਆਨਲਾਇਨ ਵੇਚਣ ਦਾ ਇਸ਼ਤਿਹਾਰ ਦਿੱਤਾ ਹੈ ਅਤੇ ਵਗੈਰ ਵਸਤੂ ਦੀ ਪੂਰੀ ਜਾਣਕਾਰੀ ਹਾਸਲ ਕੀਤਿਆਂ ਹੀ ਕੋਈ ਗਾਹਕ ਤੁਹਾਨੂੰ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਹੋ ਜਾਂਦਾ ਹੈ ਅਤੇ ਕੁਛ ਪੈਸੇ ਤੁਹਾਡੇ ਖਾਤੇ ਵਿੱਚ ਪਾ ਵੀ ਦਿੰਦਾ ਹੈ ਤਾਂ ਤੁਰੰਤ ਪਿੱਛੇ ਹਟ ਜਾਓ ਨਹੀਂ ਤਾਂ ਸਮਝੋ ਤੁਸੀਂ ਕਿਸੇ ਸਾਈਬਰ ਠੱਗ ਦੇ ਜਾਲ਼ ਵਿੱਚ ਫਸ ਗਏ ਹੋ। ਜੇਕਰ ਤੁਹਾਨੂੰ ਫੋਨ ਆਇਆ ਹੈ ਕਿ ਤੁਹਾਡੇ ਖਾਤੇ ਵਿੱਚ ਗਲਤੀ ਨਾਲ ਰਕਮ ਤਬਦੀਲ ਹੋ ਗਈ ਹੈ ਅਤੇ ਤੁਹਾਨੂੰ ਉਹ ਰਕਮ ਵਾਪਸ ਕਰਨ ਲਈ ਕਿਹਾ ਜਾਂਦਾ ਹੈ ਤਾਂ ਕਦੇ ਭੁੱਲ ਕੇ ਵੀ ਖਾਤੇ ਰਾਹੀਂ ਰਕਮ ਵਾਪਸ ਨਾ ਕਰੋ ਸਗੋਂ ਅਜਿਹੇ ਆਦਮੀ ਨੂੰ ਆਪਣੇ ਬਾਰੇ ਸਾਰੇ ਸਬੂਤਾਂ ਸਮੇਤ ਨੇੜਲੇ ਥਾਣੇ ਬੁਲਾਕੇ ਰਕਮ ਵਾਪਸ ਕਰੋ।
ਕਈ ਵਾਰੀ ਕੋਰੀਅਰ ਤੁਹਾਡੇ ਦਰ ’ਤੇ ਬਿਨਾਂ ਮੰਗਵਾਏ ਹੀ ਕੋਰੀਅਰ ਦੇਣ ਆਉਂਦਾ ਹੈ। ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਤਾਂ ਅਜਿਹਾ ਕੋਈ ਆਰਡਰ ਹੀ ਨਹੀਂ ਕੀਤਾ ਤਾਂ ਉਹ ਵਸਤੂ ਦੀ ਵਾਪਸੀ ਪਾਉਂਦਾ ਹੈ। ਵਾਪਸੀ ਦੀ ਕਨਫਰਮੇਸ਼ਨ ਵਾਸਤੇ ਤੁਹਾਡੇ ਫੋਨ ਉੱਤੇ ਆਏ ਓ ਟੀ ਪੀ ਦੀ ਮੰਗ ਕੀਤੀ ਜਾਂਦੀ ਹੈ। ਇਸ ਓ ਟੀ ਪੀ ਦਾ ਕੋਰੀਅਰ ਨਾਲ ਕੋਈ ਸੰਬਧ ਨਹੀਂ ਹੁੰਦਾ ਸਗੋਂ ਇਹ ਤਾਂ ਤੁਹਾਡਾ ਖਾਤਾ ਸਾਫ ਕਰਨ ਦਾ ਨਵਾਂ ਇਜ਼ਾਦ ਕੀਤਾ ਇੱਕ ਢੰਗ ਹੀ ਹੈ।
ਬਜ਼ੁਰਗ ਪੈਨਸ਼ਨਰਾਂ ਨੂੰ ਫੋਨ ਆਉਂਦਾ ਹੈ ਕਿ ਹੁਣ ਬੈਂਕ ਵਿੱਚ ਜਾ ਕੇ ਲਾਈਫ ਸਰਟੀਫਿਕੇਟ ਭਰਨ ਦੀ ਲੋੜ ਨਹੀਂ, ਸਗੋਂ ਤੁਸੀਂ ਆਨ ਲਾਈਨ ਇੱਕ ਫਾਰਮ ਭਰਨਾ ਹੈ। ਫਾਰਮ ਭਰਦੇ ਵਕਤ ਜਿੱਥੇ ਤੁਸੀਂ ਅਟਕ ਜਾਓਗੇ, ਠੱਗ ਤੁਹਾਨੂੰ ਆਪਣੀਆਂ ਸੇਵਾਵਾਂ ਅਰਪਨ ਕਰੇਗਾ। ਥੋੜ੍ਹੀ ਦੇਰ ਬਾਅਦ ਤੁਹਾਡੇ ਫੋਨ ਉੱਪਰ ਆਏ ਓ ਟੀ ਪੀ ਦੀ ਮੰਗ ਕੀਤੀ ਜਾਵੇਗੀ। ਜਿਓਂ ਹੀ ਤੁਸੀਂ ਓ ਟੀ ਪੀ ਦੱਸਿਆ, ਉਸਦੇ ਅਗਲੇ ਹੀ ਪਲ ਤੁਹਾਡਾ ਖਾਤਾ ਸਾਫ ਕਰ ਦਿੱਤਾ ਜਾਵੇਗਾ।
ਬਜ਼ੁਰਗਾਂ ਨੂੰ ਐੱਫ ਡੀ ਉੱਤੇ ਘਰ ਬੈਠਿਆਂ ਹੀ ਕਰਜ਼ ਦੀ ਸੁਵਿਧਾ ਦੇ ਬਹਾਨੇ ਕਰਜ਼ੇ ਦੇ ਦਸਤਾਵੇਜ਼ਾਂ ਉੱਤੇ ਦਸਤਖ਼ਤ ਕਰਵਾ ਕੇ ਕਰਜ਼ ਕੋਈ ਹੋਰ ਹੀ ਲੈ ਜਾਂਦਾ ਹੈ।
ਰੇਲਵੇ ਸਟੇਸ਼ਨ, ਮਾਲ, ਬੱਸ ਸਟੈਂਡ, ਏਅਰਪੋਰਟ ਵਰਗੀਆਂ ਸਾਂਝੀਆਂ ਥਾਂਵਾਂ ਉੱਤੇ ਚਾਰਜਿੰਗ ਕੇਬਲ ਰਾਹੀਂ ਡਾਟਾ ਚੋਰੀ ਦੀਆਂ ਘਟਨਾਵਾਂ ਵਾਪਰਨ ਲੱਗ ਪਈਆਂ ਹਨ। ਅਜਿਹੀਆਂ ਥਾਂਵਾਂ ਉੱਤੇ ਜੇਕਰ ਨੈੱਟਵਰਕ ਕੰਮ ਨਹੀਂ ਕਰ ਰਿਹਾ ਹੈ ਅਤੇ ਤੁਹਾਨੂੰ ਫਰੀ ਦਾ ਵਾਈ ਫਾਈ ਪੇਸ਼ ਕੀਤਾ ਜਾਂਦਾ ਹੈ, ਸਮਝ ਲਵੋ ਕਿ ਜ਼ਰੂਰ ਕੋਈ ਗੜਬੜ ਹੈ।
ਕਿਸੇ ਵੀ ਤਰੀਕੇ ਤੁਹਾਡੇ ਫੋਨ ਉੱਪਰ ਭੇਜੀ ਗਈ ਅਨਜਾਣ ਸਾਈਟ ਨੂੰ ਕਲਿੱਕ ਨਾ ਕਰੋ। ਆਨ ਲਾਈਨ ਗੇਮ ਖੇਲ੍ਹਦੇ ਵਕਤ ਅਤਿਅੰਤ ਸਾਵਧਾਨੀ ਵਰਤੋ। ਜਦੋਂ ਕੋਈ ਔਰਤ ਫੋਨ ਰਾਹੀਂ ਅਸ਼ਲੀਲਤਾ ’ਤੇ ਉੱਤਰ ਆਵੇ, ਤਾਂ ਸਮਝ ਲਵੋ ਕਿ ਓਦੋਂ ਉਹ ਤੁਹਾਡੇ ਉਜੱਡਪੁਣੇ ਨੂੰ ਤੁਹਾਨੂੰ ਬਲੈਕਮੇਲ ਕਰਨ ਲਈ ਵਰਤੇਗੀ। ਤੁਹਾਡੇ ਖਿਲਾਫ ਆਈ ਸ਼ਿਕਾਇਤ ਬਾਬਤ ਕਿਸੇ ਫੇਕ ਥਾਣੇ ਵਿੱਚੋਂ ਫੇਕ ਅਧਿਕਾਰੀ ਦਾ ਫੋਨ ਆਵੇਗਾ ਅਤੇ ਤੁਹਾਡੇ ਕੋਲੋਂ ਪੈਸੇ ਬਟੋਰ ਲਏ ਜਾਣਗੇ। ਸੋ ਇੱਥੇ ਵੀ ਸਾਵਧਾਨੀ ਦੀ ਲੋੜ ਹੈ।
ਕ੍ਰਿਕਟ ਵਰਗੀ ਗੇਮ ਵਿੱਚ ਸੱਟੇ ਰਾਹੀਂ ਸੌਖਿਆਂ ਲੱਖਪਤੀ ਬਣਨ ਲਈ ਰਜਿਸਟਰੇਸ਼ਨ ਕਰਵਾਉਣ ਦੇ ਨਾਂ ’ਤੇ, ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਲਈ ਰਜਿਸਟਰੇਸ਼ਨ ਦੇ ਨਾਂ ’ਤੇ ਰਕਮ ਮੰਗੀ ਜਾਂਦੀ ਹੈ। ਜਾਅਲੀ ਗੈਰ ਸਰਕਾਰੀ ਸੰਸਥਾਵਾਂ ਸਰਕਾਰੀ ਸਹਾਇਤਾ ਉਪਲਬਧ ਕਰਵਾਉਣ ਦੇ ਬਹਾਨੇ ਕੁਛ ਪੈਸੇ ਫੀਸ ਦੇ ਨਾਂ ’ਤੇ ਉਗਰਾਹ ਕੇ ਰਫੂ ਚੱਕਰ ਹੋ ਜਾਂਦੀਆਂ ਹਨ। ਤੁਹਾਨੂੰ ਤੁਹਾਡੀ ਪੁੱਗ ਚੁੱਕੀ ਬੀਮਾ ਪਾਲਿਸੀ ਉੱਪਰ ਬੋਨਸ ਦੇਣ ਦੇ ਬਹਾਨੇ, ਕਰੋਨਾ ਦੇ ਟੀਕਾ ਕਰਨ ਬਹਾਨੇ ਤੁਹਾਡੇ ਪੈਨ ਨੰਬਰ, ਅਧਾਰ ਕਾਰਡ ਆਦਿ ਦੀ ਜਾਣਕਾਰੀ ਮੰਗ ਕੇ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਉਪਰੋਕਤ ਤੋਂ ਸਿੱਟਾ ਨਿੱਕਲਦਾ ਹੈ ਕਿ ਸਾਈਬਰ ਠੱਗਾਂ ਨੇ ਥਾਂ ਥਾਂ ’ਤੇ ਆਪਣੇ ਜਾਲ ਵਿਛਾ ਰੱਖੇ ਹਨ। ਲੋੜ ਹੈ ਸਾਵਧਾਨੀ ਵਰਤਣ ਦੀ। ਕਦੇ ਵੀ, ਕਿਸੇ ਨਾਲ ਵੀ, ਕਿਸੇ ਵੀ ਸੂਰਤ ਵਿੱਚ ਆਪਣੇ ਖ਼ਜ਼ਾਨੇ ਦੇ ਜ਼ਿੰਦਰੇ ਦੀ ਚਾਬੀ ਯਾਨੀ ਕਿ ਓ ਟੀ ਪੀ ਸਾਂਝਾ ਨਾ ਕਰੋ। ਆਪਣੇ ਭਾਂਤਭਾਂਤ ਦੇ ਪਾਸਵਰਡ ਬੈਂਕ ਦੀ ਪਾਸ ਬੁੱਕ ਜਾਂ ਮੋਬਾਇਲ ਵਿੱਚ ਲਿਖ ਕੇ ਨਾ ਰੱਖੋ। ਆਪਣਾਪਾਸ ਵਰਡ ਸਮੇਂ ਸਮੇਂ ’ਤੇ ਬਦਲਦੇ ਰਹੋ। ਆਪਣੇ ਪੈੱਨ ਕਾਰਡ, ਅਧਾਰ ਕਾਰਡ, ਖਾਤੇ ਸਬੰਧੀ, ਜਾਂ ਸਿਮ ਸਬੰਧੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਜੈਕਪਾਟ ਲਾਟਰੀ ਵਗੈਰਾ ਦੇ ਲਾਲਚ ਵਿੱਚ ਨਾ ਫਸੋ। ਕਿਸੇ ਵੀ ਮਾਲ, ਰੈਸਟੋਰੈਂਟ, ਪੈਟਰੋਲ ਪੰਪ ਉੱਤੇ ਅਪਣਾ ਏ ਟੀ ਐੱਮ ਕਾਰਡ ਦੂਜੇ ਦੇ ਹੱਥ ਵਿੱਚ ਨਾ ਦਿਓ। ਆਨਲਾਈਨ ਖਰੀਦਦਾਰੀ ਕਰਦਿਆਂ ਅਦਾਇਗੀ ਵਸਤੂ ਲੈਣ ਵੇਲੇ ਹੀ ਕਰੋ। ਕਿਸੇ ਅਣਜਾਣ ਨੰਬਰ ਤੋਂ ਤੁਹਾਡੇ ਵਟਸਐਪ ਜ਼ਰੀਏ ਆਈ ਕਾਲ ਨੂੰ ਅਟੈਂਡ ਨਾ ਕਰੋ। ਜਾਅਲੀ ਸਰਵੇਅਰਾਂ ਤੋਂ ਸਾਵਧਾਨ ਰਹੋ।
ਰੱਬ ਨਾ ਕਰੇ, ਜੇਕਰ ਤੁਹਾਡੇ ਨਾਲ ਫਰਾਡ ਹੋ ਗਿਆ ਹੈ, ਇਸਦੀ ਸੂਚਨਾ ਬਿਨਾ ਕਿਸੇ ਦੇਰੀ ਦੇ ਸਬੰਧਿਤ ਬੈਂਕ ਦੀ ਆਪਣੇ ਨੇੜਲੀ ਸ਼ਾਖਾ ਵਿੱਚ ਦਿਓ। ਘਰ ਬੈਠੇ ਬੈਂਕ ਦੇ ਹੈਲਪ ਲਾਈਨ ਨੰਬਰ ’ਤੇ ਆਪਣਾ ਕਾਰਡ ਅਤੇ ਖਾਤਾ ਫਰੀਜ਼ ਕਰਵਾਓ। ਲਿਖਤੀ ਸ਼ਿਕਾਇਤ ਨੇੜਲੇ ਸਾਈਬਰ ਕ੍ਰਾਈਮ ਥਾਣੇ ਵਿੱਚ ਜ਼ਰੂਰ ਕਰੋ। ਸ਼ਿਕਾਇਤ ਟੌਲ ਫਰੀ ਨੰਬਰ 1930 ’ਤੇ ਵੀ ਦਰਜ਼ ਕਰਵਾਈ ਜਾ ਸਕਦੀ ਹੈ। ਲਿਖਤੀ ਸ਼ਿਕਾਇਤ ਦੀ ਰਸੀਦ ਲੈਣਾ ਨਾ ਭੁੱਲੋ। ਇਹ ਸਾਵਧਾਨੀਆਂ ਵਰਤ ਕੇ ਰੋਜ਼ਾਨਾ ਹੋਣ ਵਾਲੀਆਂ ਧੋਖਾਧੜੀਆਂ ਤੋਂ ਕਾਫੀ ਹੱਦ ਤਕ ਬਚਿਆ ਜਾ ਸਕਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3885)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)