“ਸਾਰੀਆਂ ਕੁੜੀਆਂ ਦੇ ਚਿਹਰਿਆਂ ’ਤੇ ਮੈਂ ਇੱਕ ਬਹੁਤ ਹੀ ਮਾਣ ਵਾਲਾ ਹੁਲਾਸ ...”
(9 ਜੂਨ 2025)
ਨਵੇਂ ਸੈਸ਼ਨ ਦੀ ਆਮਦ ਕਾਰਨ ਸਕੂਲ ਵਿੱਚ ਨਵੇਂ ਦਾਖਲਿਆਂ ਦਾ ਕੰਮ ਜ਼ੋਰਾਂ ਸ਼ੋਰਾਂ ’ਤੇ ਚੱਲ ਰਿਹਾ ਸੀ। ਮੈਂ ਸਕੂਲ ਵਿੱਚ ਦਾਖਲਾ ਸੈੱਲ ਦੀ ਇੰਚਾਰਜ ਹੋਣ ਦੇ ਨਾਂ ’ਤੇ ਸਕੂਲ ਵਿੱਚ ਦਾਖਲਾ ਕਰਾਉਣ ਆਏ ਮਾਪਿਆਂ ਨੂੰ ਗਾਈਡ ਕਰਨ ਦੇ ਲਈ ਦਾਖਲਾ ਹੈਲਪ ਡੈਸਕ ਲਗਾ ਰੱਖਿਆ ਸੀ। ਛੇਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤਕ ਦੇ ਸਾਰੇ ਜਮਾਤ ਇੰਚਾਰਜ ਤਕਰੀਬਨ ਨਾਲ ਹੀ ਬੈਠੇ ਹੋਏ ਸਨ। ਸਕੂਲ ਵਿੱਚ ਪੇਪਰਾਂ ਤੋਂ ਬਾਅਦ ਇਹ ਉਹ ਦਿਨ ਹੁੰਦੇ ਹਨ ਜਦੋਂ ਪੁਰਾਣੇ ਬੱਚਿਆਂ ਨੂੰ ਵਿਦਾਇਗੀ ਦੇਣ ਤੋਂ ਬਾਅਦ ਅਸੀਂ ਸਕੂਲ ਵਿੱਚ ਨਵੇਂ ਆਏ ਨੰਨੇ ਮੁੰਨੇ ਅਤੇ ਹੋਰ ਜਮਾਤਾਂ ਦੇ ਬੱਚਿਆਂ ਦਾ ਖਿੜੇ ਮੱਥੇ ਸਵਾਗਤ ਕਰਦੇ ਹਾਂ। ਸਵੇਰੇ ਸਵੇਰੇ ਹਾਲੇ ਅਸੀਂ ਸਾਰੇ ਉੱਥੇ ਦਾਖਲਾ ਕਰਨ ਲਈ ਬੈਠੇ ਹੀ ਸਾਂ ਕਿ ਸਭ ਤੋਂ ਪਹਿਲਾਂ ਦਾਖਲਾ ਕਰਾਉਣ ਲਈ ਦੋ ਬਹੁਤ ਹੀ ਪਿਆਰੀਆਂ ਬੱਚੀਆਂ ਆਪਣੀ ਮਾਂ ਦੇ ਨਾਲ ਅੰਦਰ ਆਈਆਂ। ਬਾਲੜੀਆਂ ਸੋਹਣੀਆਂ, ਆਕਰਸ਼ਿਤ ਤੇ ਨਾਲ ਹੀ ਸਤਿਕਾਰਿਤ ਦਿਲ ਨੂੰ ਲਭਾਉਣ ਵਾਲੀਆਂ ਲੱਗੀਆਂ। ਉਹਨਾਂ ਦੀ ਮਾਂ ਦੀ ਸਥਿਤੀ ਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਪਹਿਲਾਂ ਬੈਠਣ ਦੀ ਤਰਜੀਹ ਦਿੱਤੀ ਕਿਉਂ ਜੋ ਉਹ ਮਾਂ ਬੱਚੇ ਨੂੰ ਜਨਮ ਦੇਣ ਵਾਲੀ ਸੀ। ਉਹਨੇ ਸਾਨੂੰ ਬੜੀ ਹੀ ਮਜਬੂਰੀ ਅਤੇ ਤਰਸਾਊ ਜਿਹੇ ਢੰਗ ਨਾਲ ਦੱਸਿਆ ਕਿ ਜੀ ਮੈਂ ਫਲਾਣੇ ਪਿੰਡੋਂ ਪੰਜ ਕਿਲੋਮੀਟਰ ਤੋਂ ਤੁਰ ਕੇ ਆਈ ਹਾਂ। ਮੈਨੂੰ ਆਪਣੇ ਅੰਦਰ ਇੱਕ ਅਕਹਿ ਦਰਦ ਅਤੇ ਤਰਸ ਉਸ ਔਰਤ ’ਤੇ ਮਹਿਸੂਸ ਹੋਇਆ। ਕਿਹੜੇ ਹਾਲੀਂ ਉਹ ਮਾਂ ਆਪਣੇ ਬੱਚਿਆਂ ਨੂੰ ਸਕੂਲ ਦਾਖਲ ਕਰਵਾਉਣ ਆਈ ਸੀ। ਦੋਨੋਂ ਹੀ ਬੱਚੀਆਂ ਦਾ ਦਾਖਲਾ ਛੇਵੀਂ ਕਲਾਸ ਵਿੱਚ ਕਰਵਾਉਣਾ ਸੀ। ਗੱਲਾਂ ਗੱਲਾਂ ਵਿੱਚ ਹੀ ਪੁੱਛਣ ’ਤੇ ਬੱਚੀਆਂ ਦੀ ਮਾਂ ਨੇ ਅੱਖਾਂ ਭਰ ਲਈਆਂ ਅਤੇ ਬੱਚੀਆਂ ਵੀ ਬੜੇ ਹੀ ਰੋਣੇ ਜਿਹੇ ਚਿਹਰੇ ਨਾਲ ਇੱਕ ਦਮ ਮੁਰਝਾ ਕੇ ਮਾਂ ਦੇ ਆਲੇ ਦੁਆਲੇ ਖੜ੍ਹ ਗਈਆਂ। ਮਾਂ ਨੇ ਭਰੇ ਮਨ ਨਾਲ ਦੱਸਿਆ, “ਜੀ, ਪਹਿਲਾਂ ਦੋ ਕੁੜੀਆਂ ਨੇ ਮੇਰੇ ਤੇ ਹੁਣ ਪਰਮਾਤਮਾ ਅੱਗੇ ਅਰਦਾਸ ਹੈ ਕਿ ਇੱਕ ਮੁੰਡਾ ਹੋ ਜਾਵੇ ਮੇਰੇ ਘਰ ਤਾਂ ਕਿ ਮੇਰਾ ਪਰਿਵਾਰ ਅੱਗੇ ਵਧ ਜਾਵੇ।”
ਉਹ ਮਾਂ ਇੱਕੋ ਸਾਹ ਦੱਸਣ ਲੱਗੀ, “ਪਹਿਲਾਂ ਮੇਰਾ ਘਰ ਵਾਲਾ ਵੀ ਪੰਜ ਭੈਣਾਂ ਉੱਤੋਂ ਦੀ ਹੋਇਆ ਸੀ ਤੇ ਹੁਣ ਮੇਰੇ ਸਹੁਰੇ ਇਹੀ ਚਾਹੁੰਦੇ ਹਨ ਕਿ ਸਾਡੇ ਘਰ ਵਿੱਚ ਹੋਰ ਧੀਆਂ ਨਾ ਪੈਦਾ ਹੋਣ। ਇਸ ਵਾਰ ਰੱਬ ਮੇਰੀ ਸੁਣ ਲਵੇ। ...”
ਉੱਥੇ ਬੈਠੀਆਂ ਸਾਰੀਆਂ ਹੀ ਅਧਿਆਪਕਾਵਾਂ ਹੈਰਾਨ ਪਰੇਸ਼ਾਨ ਜਿਹੀਆਂ ਹੋ ਗਈਆਂ। ਅਸੀਂ ਉਸ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, “ਭੈਣ ਜੀ, ਧੀਆਂ ਪੁੱਤਰ ਤਾਂ ਰੱਬ ਦੀ ਦੇਣ ਹੁੰਦੇ ਹਨ। ...”
ਪਰ ਉਹ ਵਿਚਾਰੀ ਸ਼ਾਇਦ ਆਪਣੇ ਪਰਿਵਾਰ ਦੇ ਬੋਝ ਥੱਲੇ ਇਸ ਗੱਲ ਨੂੰ ਸਮਝਣ ਤੋਂ ਅਸਮਰੱਥ ਸੀ। ਖੈਰ! ਅਸੀਂ ਉਸ ਨੂੰ ਦਿਲਾਸਾ ਦੇ ਕੇ ਤੇ ਬੱਚਿਆਂ ਦਾ ਦਾਖਲਾ ਕਰਕੇ ਉਹਨਾਂ ਨੂੰ ਤੋਰ ਦਿੱਤਾ।
ਸਕੂਲਾਂ ਵਿੱਚ ਦਾਖਲੇ ਖਤਮ ਹੋਣ ਉਪਰੰਤ ਜਮਾਤਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਵੇਰ ਦੀ ਸਭਾ ਵਿੱਚ ਮੈਂ ਕਈ ਵਾਰ ਦੇਖਿਆ ਕਿ ਉਹ ਦੋਨੋਂ ਭੈਣਾਂ ਉਦਾਸ ਜਿਹੀਆਂ ਰਹਿੰਦੀਆਂ ਸਨ। ਜਮਾਤ ਇੰਚਾਰਜ ਅਧਿਆਪਕ ਅਤੇ ਮੇਰੇ ਵੱਲੋਂ ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚੀਆਂ ਆਪਣਾ ਦਰਦ ਅੰਦਰੇ ਹੀ ਲੁਕਾ ਲੈਂਦੀਆਂ, ਚੁੱਪ ਚੁੱਪ ਰਹਿੰਦੀਆਂ ਤੇ ਕਿਸੇ ਨੂੰ ਕੁਝ ਨਾ ਦੱਸਦੀਆਂ। ਫਿਰ ਉਹ ਕੁੜੀਆਂ ਹਫਤਾ ਭਰ ਸਕੂਲ ਨਾ ਆਈਆਂ। ਜਮਾਤ ਇੰਚਾਰਜ ਅਧਿਆਪਕ ਨਾਲ ਗੱਲ ਕਰਨ ਅਤੇ ਪੁੱਛਣ ’ਤੇ ਪਤਾ ਲੱਗਿਆ ਉਹਨਾਂ ਬੱਚੀਆਂ ਦੇ ਘਰ ਤੀਸਰੀ ਭੈਣ ਨੇ ਜਨਮ ਲਿਆ ਹੈ। ਸਾਰਾ ਟੱਬਰ ਉਹਨਾਂ ਦਾ ਸੋਗ ਵਿੱਚ ਡੁੱਬ ਚੁੱਕਿਆ ਹੈ। ਅਸੀਂ ਸਮਝ ਗਏ ਕਿ ਉਹ ਬੱਚੀਆਂ ਇਸ ਚੀਸ ਦੀ ਵੇਦਨਾ ਵਿੱਚ ਹਨ। ਉਹ ਮਾਂ ਦੇ ਢਿੱਡੋਂ ਜੰਮੀ ਛੋਟੀ ਜਿਹੀ ਭੈਣ ਨੂੰ ਅਪਣਾਉਣ ਤੋਂ ਕਿਵੇਂ ਇਨਕਾਰੀ ਹੋ ਸਕਦੀਆਂ ਹਨ ਪਰ ਉਹ ਨਿਆਣ ਮੱਤ ਵਿੱਚ ਇਸ ਦਵੰਧ ਨੂੰ ਸਮਝ ਹੀ ਨਹੀਂ ਪਾ ਰਹੀਆਂ ਸਨ। ਨਾਲ ਦੇ ਬੱਚਿਆਂ ਨੇ ਦੱਸਿਆ ਕਿ ਜੀ ਪੈਦਾ ਹੋਈ ਛੋਟੀ ਜਿਹੀ ਕੁੜੀ ਬਹੁਤ ਹੀ ਸੋਹਣੀ ਤੇ ਪਿਆਰੀ ਹੈ। ਫਿਰ ਉਨ੍ਹਾਂ ਕੁੜੀਆਂ ਦੇ ਘਰ ਫੋਨ ਕਰਕੇ ਉਹਨਾਂ ਨੂੰ ਸਮਝਾ ਬੁਝਾ ਕੇ ਅਸੀਂ ਸਕੂਲ ਬੁਲਾ ਲਿਆ। ਉਹ ਬਹੁਤ ਹੀ ਉਦਾਸੀਆਂ ਜਿਹੀਆਂ ਸਕੂਲ ਆਈਆਂ ਤੇ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਬੇਵਸੀ ਸੀ, ਇੱਕ ਨੀਰਸਤਾ ਸੀ। ਕਿਵੇਂ ਨਾ ਕਿਵੇਂ ਅਸੀਂ ਉਹਨਾਂ ਨੂੰ ਸਮਝਾ ਕੇ ਪਿਆਰ ਨਾਲ ਆਪਣੇ ਨਾਲ ਲਾਇਆ ਤੇ ਕਿਹਾ ਕਿ ਘਰ ਵਿੱਚ ਆਈ ਨਿੱਕੀ ਭੈਣ ਦੇ ਜਨਮ ਦੀ ਉਹਨਾਂ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਕਿਉਂਕਿ ਉਹ ਵੀ ਤਾਂ ਆਖਰ ਧੀਆਂ ਹੀ ਹਨ। ਕਸੂਰ ਉਹਨਾਂ ਬੱਚੀਆਂ ਦਾ ਨਹੀਂ, ਕਸੂਰ ਸਮਾਜ ਦਾ ਹੈ। ਕਿਵੇਂ ਛੋਟੀਆਂ ਫੁੱਲਾਂ ਵਰਗੀਆਂ ਬੱਚਿਆਂ ਨੂੰ ਇਹੋ ਜਿਹੀ ਦੁਬਿਧਾ ਵਿੱਚ ਪਾ ਦਿੱਤਾ, ਜਿਸ ਦਾ ਅਸਲੋਂ ਉਹਨਾਂ ਨੂੰ ਅਰਥ ਹੀ ਪਤਾ ਨਹੀਂ। ਸਿਰਫ ਸਮਾਜ ਦੀ ਇਸੇ ਲਾਲਸਾ ਨੇ ਹੀ ਸਰਕਾਰ ਨੂੰ ਪੀ ਐੱਨ ਡੀ ਟੀ ਵਰਗੇ ਐਕਟ ਬਣਾਉਣ ਲਈ ਮਜਬੂਰ ਕਰ ਦਿੱਤਾ ਤਾਂ ਕਿ ਬਾਲੜੀਆਂ ਨੂੰ ਕੁੱਖਾਂ ਵਿੱਚ ਹੀ ਖਤਮ ਨਾ ਕੀਤਾ ਜਾਵੇ।
ਪੁੱਤਰਾਂ ਦੀ ਲਾਲਸਾ ਜਾਂ ਪਰਿਵਾਰ ਨੂੰ ਅੱਗੇ ਵਧਾਉਣ ਵਰਗੀਆਂ ਪ੍ਰਥਾਵਾਂ ਨੂੰ ਸਮਾਜ ਨੇ ਇਸ ਪੱਧਰ ਤਕ ਮਾਨਤਾ ਦਿੱਤੀ ਹੋਈ ਹੈ ਕਿ ਸਾਡੇ ਸਮਾਜ ਦੀਆਂ ਨੀਹਾਂ ਵਿੱਚ ਚਿਣੀ ਗਈ ਹੈ ਇਹ ਰੀਤ। ਮੇਰਾ ਦਿਲ ਪਸੀਜ ਗਿਆ। ਮੇਰਾ ਦਿਲ ਕੀਤਾ ਕਿ ਸਕੂਲ ਦੀਆਂ ਸਾਰੀਆਂ ਕੁੜੀਆਂ ਨੂੰ ਇਕੱਠੇ ਕਰਕੇ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ। ਉਹਨਾਂ ਨੂੰ ਇੰਨਾ ਕੁ ਸਮਝਾਇਆ ਜਾਵੇ ਤਾਂ ਕਿ ਉਹ ਆਪਣੇ ਮਾਂ ਪਿਓ ਨੂੰ ਜਾਂ ਹੋਰ ਪਰਿਵਾਰਿਕ ਮੈਂਬਰਾਂ ਨੂੰ ਸਮਝਾ ਸਕਣ ਤੇ ਦਿਲਾਸਾ ਦੇ ਸਕਣ।
ਮੈਂ ਅੱਧੀ ਛੁੱਟੀ ਤੋਂ ਬਾਅਦ ਗਾਈਡੈਂਸ ਦੇ ਪੀਰੀਅਡ ਵਿੱਚ ਸਾਰੀਆਂ ਕੁੜੀਆਂ ਨੂੰ ਹਾਲ ਕਮਰੇ ਵਿੱਚ ਬੁਲਾ ਲਿਆ। ਮੈਂ ਬੋਲਣਾ ਸ਼ੁਰੂ ਕੀਤਾ ਕਿ ਗੱਲ ਸਾਡੀ ਹੋਂਦ ਦੀ ਹੈ। ਮੈਂ ਕਿਹਾ, “ਸੁਣੋ ਬੱਚੀਓ, ਜੇਕਰ ਤੁਸੀਂ ਹੀ ਘਰ ਵਿੱਚ ਆਈਆਂ ਭੈਣਾਂ ਦਾ ਸਵਾਗਤ ਨਹੀਂ ਕਰੋਂਗੀਆਂ, ਹੋਰ ਕੌਣ ਕਰੇਗਾ? ਕੀ ਤੁਹਾਨੂੰ ਆਪਣੇ ਕੁੜੀਆਂ ਹੋਣ ’ਤੇ ਕੋਈ ਅਫਸੋਸ ਹੈ? ਕੁੜੀਆਂ ਨੇ ’ਨਾ’ ਵਿੱਚ ਸਿਰ ਹਿਲਾਇਆ। ਮੈਂ ਉਹਨਾਂ ਨੂੰ ਉਦਾਹਰਨਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਧੀਆਂ ਹੋਣ ਵਿੱਚ ਫਖਰ ਮਹਿਸੂਸ ਕਰਿਆ ਕਰੋ, ਕਮਲੀਓ?! ਆਦਮੀ ਜਾਂ ਔਰਤ ਬਣ ਕੇ ਆਉਣਾ ਸਾਡੇ ਹੱਥ ਵੱਸ ਨਹੀਂ, ਉਸ ਕੁਦਰਤ ਦੇ ਵੱਸ ਹੈ। ਸੋ ਜੋ ਕੁਝ ਉਸ ਪਰਮਾਤਮਾ ਨੇ ਸਾਜ ਕੇ ਭੇਜ ਦਿੱਤਾ, ਉਸ ਨੂੰ ਸਵੀਕਾਰ ਕਰਨਾ ਸਿਖਾਉਣਾ ਤੁਹਾਡਾ ਆਪਣੇ ਪਰਿਵਾਰ ਲਈ ਇੱਕ ਮੁਢਲਾ ਫਰਜ਼ ਬਣ ਜਾਂਦਾ ਹੈ। ...”
ਮੈਂ ਬੋਲਣਾ ਜਾਰੀ ਰੱਖਿਆ, “ਅੱਜ ਕੱਲ੍ਹ ਦੱਸੋ ਕੁੜੀਆਂ ਕਦੋਂ ਬੋਝ ਬਣਦੀਆਂ ਨੇ ਆਪਣੇ ਮਾਪਿਆਂ ਉੱਤੇ? ਸਗੋਂ ਉਹ ਤਾਂ ਹਰ ਦੁੱਖ ਸੁੱਖ ਵਿੱਚ ਮਾਪਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਟਾਨ ਵਾਂਗ ਖੜ੍ਹੀਆਂ ਹੁੰਦੀਆਂ ਹਨ। ਜ਼ਮਾਨਾ ਬਦਲ ਚੁੱਕਿਆ ਹੈ, ਹੁਣ ਤਾਂ ਧੀਆਂ ਹਰ ਖੇਤਰ ਵਿੱਚ ਅੱਗੇ ਹਨ। ਔਰਤਾਂ ਸਿੱਖਿਆ, ਰਾਜਨੀਤੀ, ਸੁਰੱਖਿਆ, ਵਿੱਤੀ ਖੇਤਰ, ਮੁੱਕਦੀ ਗੱਲ ਕਿ ਅਗਾਂਹ ਵਧੂ ਸੋਚ ਦੀਆਂ ਧਾਰਨੀ ਬਣ ਚੁੱਕੀਆਂ ਹਨ। ਇੱਥੋਂ ਤਕ ਕਿ ਭਾਰਤ ਪਾਕਿਸਤਾਨ ਵਿਚਾਲੇ ਹੋਏ ਅਪਰੇਸ਼ਨ ਸੰਧੂਰ ਦੀ ਵਾਗ ਡੋਰ ਵੀ ਦੋ ਸਿਰਕੱਢ ਏਅਰ ਫੋਰਸ ਲੇਡੀਜ਼ ਅਫਸਰਾਂ, ਵਿੰਗ ਕਮਾਂਡਰ ਵਓਮਿਕਾ ਸਿੰਘ ਅਤੇ ਕਰਨਲ ਸੋਫੀਆ ਕੁਰੈਸ਼ੀ ਨੇ ਸੰਭਾਲੀ। ਇਸ ਤੋਂ ਜ਼ਿਆਦਾ ਮਾਣਮੱਤੀ ਗੱਲ ਸਾਡੇ ਵਾਸਤੇ ਭਲਾ ਹੋਰ ਕੀ ਹੋ ਸਕਦੀ ਹੈ। ਲੜਾਕੂ ਵਿਮਾਨ ਤਕ ਕੁੜੀਆਂ ਉਡਾ ਰਹੀਆਂ ਹਨ ਅਤੇ ਆਪਣੇ ਚਾਵਾਂ ਨੂੰ ਅਸਮਾਨੀ ਹੁਲਾਰੇ ਦੇ ਰਹੀਆਂ ਹਨ। ਫਿਰ ਵੀ ਸਾਡਾ ਸਮਾਜ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਹਾਲੇ ਵੀ ਕੁੜੀਆਂ ਨਾਲ ਉਹ ਇਨਸਾਫ ਨਹੀਂ ਕਰ ਪਾਉਂਦਾ। ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਵਧੇਰੇ ਮਾਪੇ ਇਨ੍ਹਾਂ ਚੀਜ਼ਾਂ ਨੂੰ ਕਾਫੀ ਹੱਦ ਤਕ ਅਪਣਾ ਚੁੱਕੇ ਹਨ। ਮੇਰੀ ਜਾਣ ਪਛਾਣ ਵਿੱਚ ਬਹੁਤ ਸਾਰੇ ਇਹੋ ਜਿਹੇ ਮਾਪੇ ਹਨ ਜਿਨ੍ਹਾਂ ਦੇ ਇੱਕ ਧੀ ਜਾਂ ਦੋ ਧੀਆਂ ਹਨ ਤੇ ਉਹਨਾਂ ਨੇ ਆਪਣਾ ਸਾਰਾ ਲਾਡ ਪਿਆਰ ਉਹਨਾਂ ਧੀਆਂ ’ਤੇ ਹੀ ਨਿਛਾਵਰ ਕਰ ਛੱਡਿਆ ਹੈ। ਮੈਨੂੰ ਖੁਦ ਇੱਕ ਧੀ ਦੀ ਮਾਂ ਹੋਣ ’ਤੇ ਬਹੁਤ ਹੀ ਮਾਣ ਹੈ ਤੇ ਮੈਂ ਕਦੀ ਵੀ ਆਪਣੇ ਆਪ ਨੂੰ ਇਸ ਪਾਸਿਓਂ ਊਣੀ ਮਹਿਸੂਸ ਨਹੀਂ ਕੀਤਾ। ਸੱਚੀਂ ਪਰਮਾਤਮਾ ਦੀ ਮਿਹਰ ਸਦਕਾ ਧੀਆਂ ਕਰਮਾਂ ਵਾਲਿਆਂ ਦੇ ਘਰ ਪੈਦਾ ਹੁੰਦੀਆਂ ਹਨ। ਕਈ ਵਾਰੀ ਮਾਪੇ ਹੋ ਸਕਦਾ ਹੈ ਸ਼ਾਇਦ ਵਧਦੀ ਟੈਕਨੌਲੋਜੀ ਦੇ ਵਿਸਥਾਰ ਕਾਰਨ, ਜੋ ਜਬਰ ਜ਼ੁਲਮ ਜਾਂ ਗੰਦੀਆਂ ਹਰਕਤਾਂ ਕੁੜੀਆਂ ਨਾਲ ਸਮਾਜ ਵਿੱਚ ਹੋ ਰਹੀਆਂ ਹਨ, ਤੋਂ ਘਬਰਾ ਜਾਂਦੇ ਹਨ ਪਰ ਸਿਰਫ ਇੱਕ ਪੁੱਤ ਦੀ ਲਾਲਸਾ ਪਿੱਛੇ ਪੰਜ ਸੱਤ ਧੀਆਂ ਘਰ ਵਿੱਚ ਆ ਜਾਣੀਆਂ ਤੇ ਉਹਨਾਂ ਦੀ ਕਦਰ ਨਾ ਕਰਨਾ ਪਰਮਾਤਮਾ ਨੂੰ ਵਿਸਾਰਨ ਦੇ ਬਰਾਬਰ ਹੁੰਦਾ ਹੈ। ਮੰਨਦੇ ਹਾਂ ਕਿ ਪੁੱਤਰਾਂ ਨਾਲ ਵੰਸ਼ ਅੱਗੇ ਚਲਦੇ ਹਨ। ਪਰ ਵੰਸ਼ ਚਲਾਉਣ ਵਾਲੀ ਕੁੱਖ ਤਾਂ ਸਾਡੀ ਔਰਤਾਂ ਦੀ ਹੀ ਹੁੰਦੀ ਹੈ। ਫਿਰ ਕਿਉਂ ਔਰਤਾਂ ਧੀਆਂ ਜੰਮਣ ਤੋਂ ਇਨਕਾਰੀ ਹੋ ਕੇ ਸਮਾਜ ਦੀ ਇਸ ਉਤਪੀੜਨਾ ਦਾ ਸ਼ਿਕਾਰ ਹੋ ਜਾਂਦੀਆਂ ਹਨ।”
ਮੈਂ ਇੱਕੋ ਸਾਹ ਬੋਲਦੀ ਰਹੀ, “ਹੋਰ ਤਾਂ ਹੋਰ, ਜੇਕਰ ਅਸੀਂ ਆਪਣੇ ਦਸਵੀਂ ਅਤੇ ਬਾਰ੍ਹਵੀਂ ਦੇ ਆਏ ਨਤੀਜਿਆਂ ਦੀ ਗੱਲ ਵੀ ਕਰੀਏ ਤਾਂ ਵੀ ਉਹਨਾਂ ਵਿੱਚ ਕੁੜੀਆਂ ਨੇ ਹੀ ਪਹਿਲੇ ਸਥਾਨਾਂ ਅਤੇ ਮੈਰਿਟ ਲਿਸਟਾਂ ਵਿੱਚ ਮੱਲਾਂ ਮਾਰੀਆਂ ਹਨ। ਪਿੱਛੇ ਜਿਹੇ ਆਏ ਯੂਪੀਐੱਸਸੀ ਦੇ ਨਤੀਜਿਆਂ ਵਿੱਚ ਵੀ ਪਹਿਲੀਆਂ ਪੁਜੀਸ਼ਨਾਂ ’ਤੇ ਕੁੜੀਆਂ ਹੀ ਕਾਬਜ਼ ਰਹੀਆਂ ਹਨ। ਫਿਰ ਵੀ ਸਮਝ ਨਹੀਂ ਆਉਂਦੀ ਕਿ ਸਮਾਜ ਦਾ ਕੁੜੀਆਂ ਪ੍ਰਤੀ ਇਹ ਮਤਰੇਆ ਵਤੀਰਾ ਸੁਧਰ ਕਿਉਂ ਨਹੀਂ ਰਿਹਾ। ਅਸੀਂ ਹਾਲਾਤ ਨੂੰ ਦੇਖਦੇ ਹੋਏ ਧੀਆਂ ਜੰਮਣ ਤੋਂ ਹੀ ਡਰਨ ਲੱਗ ਪਏ ਹਾਂ, ਜਦੋਂ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਧੀਆਂ ਨੂੰ ਹਾਲਾਤ ਨਾਲ ਨਜਿੱਠਣਾ ਸਿਖਾਈਏ ਅਤੇ ਸਮੇਂ ਦੀਆਂ ਹਾਣੀ ਬਣਾਈਏ। ਸਾਰੀਆਂ ਕੁੜੀਆਂ ਦੇ ਚਿਹਰਿਆਂ ’ਤੇ ਮੈਂ ਇੱਕ ਬਹੁਤ ਹੀ ਮਾਣ ਵਾਲਾ ਹੁਲਾਸ ਅਤੇ ਉਤਸ਼ਾਹ ਦੇਖਿਆ। ਸਾਰੀਆਂ ਪਿਆਰੀਆਂ ਬੱਚੀਆਂ ਤੋਂ ਪ੍ਰਣ ਲਿਆ ਕਿ ਕੋਸ਼ਿਸ਼ ਕਰਨੀ ਆਪਣੇ ਮਾਪਿਆਂ ਅਤੇ ਸਮਾਜ ਨੂੰ ਸਮਝਾ ਸਕਣ ਦੀ ਕਿ ਅਸੀਂ ਬੋਝ ਨਹੀਂ, ਅਸੀਂ ਬੋਝ ਵੰਡਾਉਣ ਵਾਲੀਆਂ ਹਾਂ। ਕਈ ਵਾਰੀ ਮੈਂ ਪੰਜ ਪੰਜ ਪੁੱਤਰਾਂ ਦੇ ਮਾਪਿਆਂ ਨੂੰ ਇਕੱਲੇ ਹੀ ਬਿਰਧ ਆਸ਼ਰਮ ਵਿੱਚ ਰੁਲਦੇ ਦੇਖਿਆ ਹੈ। ਇੱਥੇ ਇਹ ਗੱਲ ਬਿਲਕੁਲ ਪੂਰੀ ਢੁਕਦੀ ਹੈ ਕਿ ਜ਼ਰੂਰੀ ਨਹੀਂ ਪੁੱਤਰਾਂ ਨਾਲ ਹੀ ਘਰ ਵਿੱਚ ਦੀਵੇ ਜਗਣ, ਧੀਆਂ ਵੀ ਘਰ ਰੁਸ਼ਨਾਉਂਦੀਆਂ ਨੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)







































































































