“ਤੁਹਾਡੇ ਵਿਚਾਰਾਂ ਨਾਲ ਹੀ ਤੁਹਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਜੇਕਰ ਤੁਸੀਂ ਵਿਚਾਰਾਂ ਨੂੰ ਦਰਿੱਦਰਤਾ, ਭੈਅ ਜਾਂ ...”
(28 ਅਕਤੂਬਰ 2024)
ਤੁਸੀਂ ਜੋ ਵੀ ਜੀਵਨ ਵਿੱਚ ਪ੍ਰਾਪਤ ਕਰਦੇ ਹੋ, ਉਹ ਤੁਹਾਡੇ ਆਪਣੇ ਅੰਦਰ ਦੇ ਵਿਚਾਰਾਂ ਦੇ ਅਸਰ ਕਾਰਨ ਹੀ ਸੰਭਵ ਹੁੰਦਾ ਹੈ। ਵਿਚਾਰ ਜਦੋਂ ਉੱਚੇ ਅਤੇ ਸ਼ੁੱਧ ਹੋਣਗੇ ਤਾਂ ਜੀਵਨ ਵੀ ਸਵਸ਼ ਅਤੇ ਸ਼ੁੱਧ ਰਹੇਗਾ। ਜੇਕਰ ਤੁਹਾਡੇ ਵਿਚਾਰ ਖੁੱਲ੍ਹੇ, ਉਦਾਰ ਅਤੇ ਵਿਸ਼ਾਲ ਹਨ। ਤੁਸੀਂ ਮਨ, ਵਚਨ ਅਤੇ ਕਰਮ ਨਾਲ ਯਤਨ ਕਰਦੇ ਹੋ ਤਾਂ ਤੁਸੀਂ ਜੋ ਵੀ ਜੀਵਨ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹੋ, ਉਹ ਪ੍ਰਾਪਤ ਹੋਣ ਲੱਗੇਗਾ।
ਹਰ ਸਮੇਂ ਚੰਗੇ ਵਿਚਾਰ ਆਪਣੇ ਮਨ ਵਿੱਚ ਲਿਆਓ। ਆਲਸ, ਨਿਰਾਸ਼ਾ, ਬਹੁਤਾ ਆਰਾਮ ਜਾਂ ਅੱਜ ਦਾ ਕੰਮ ਕੱਲ੍ਹ ਅਤੇ ਸਵੇਰ ਦਾ ਕੰਮ ਸ਼ਾਮ ’ਤੇ ਕਦੇ ਨਾ ਰੱਖੋ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਕੰਮ ਤੁਹਾਡੇ ਲਈ ਬੋਝ ਬਣ ਜਾਵੇਗਾ। ਕਦੇ ਵੀ ਦੂਸਰਿਆਂ ਦੀ ਨਿੰਦਿਆ ਚੁਗਲੀ ਜਾਂ ਮਨ ਵਿੱਚ ਨਫ਼ਰਤ ਦਾ ਜ਼ਹਿਰ ਉਗਲ ਕੇ ਆਪਣਾ ਦਿਮਾਗ ਅਤੇ ਸਮਾਂ ਖਰਾਬ ਨਾ ਕਰੋ। ਹਰ ਚੰਗੇ ਕੰਮ ਦੀ ਵਡਿਆਈ ਕਰਨ ਦਾ ਮੌਕਾ ਕਦੇ ਵੀ ਨਾ ਗਵਾਓ। ਆਪਣੀ ਸਿਹਤ ਲਈ ਹਰ ਰੋਜ਼ ਸਮਾਂ ਕੱਢੋ, ਸਿਹਤ ਪ੍ਰਤੀ ਸਮਰਪਿਤ ਹੋ ਜਾਓ। ਸਿਹਤ ਜੀਵਨ ਦਾ ਰਸ ਹੈ। ਸਿਹਤ ਦੇ ਮਾਮਲੇ ਵਿੱਚ ਕਦੇ ਵੀ ਸਮਝੌਤਾ ਨਾ ਕਰੋ। ਨਰੋਈ ਸਿਹਤ ਤੋਂ ਬਿਨਾਂ ਨਿੱਗਰ ਵਿਚਾਰ ਤੁਹਾਡੇ ਅੰਦਰ ਪੈਦਾ ਹੋ ਹੀ ਨਹੀਂ ਸਕਦੇ। ਆਪਣੇ ਭੈਣਾਂ ਭਰਾਵਾਂ, ਸਕੇ ਸੰਬੰਧੀਆਂ, ਰਿਸ਼ਤੇਦਾਰ ਅਤੇ ਆਂਢ-ਗੁਆਂਢ ਨਾਲ ਮਿੱਤਰਤਾ ਪੂਰਵਕ ਸੰਬੰਧ ਬਣਾ ਕੇ ਰੱਖੋ। ਆਪਣੇ-ਆਪ ’ਤੇ ਮਾਣ ਕਰੋ ਤੇ ਹਰ ਰੋਜ਼ ਆਪਣੀ ਜ਼ਿੰਦਗੀ ਨੂੰ ਨਿਹਾਰਦੇ ਜਾਓ। ਮਹਿੰਗਾਈ ਅਤੇ ਖਰਚ ਅਨੁਸਾਰ ਆਪਣੀ ਆਮਦਨ ਵਿੱਚ ਵਾਧਾ ਕਰਨ ਦੇ ਤਰੀਕੇ ਸਿੱਖੋ। ਲਗਾਤਾਰ ਨਵੇਂ ਨਵੇਂ ਵਿਚਾਰ ਪੈਦਾ ਕਰਕੇ ਜ਼ਿੰਦਗੀ ਨੂੰ ਨਵੀਂ ਨਰੋਈ ਰੱਖੋ। ਹਰ ਰੋਜ਼ ਆਪਣੇ-ਆਪ ਵਿੱਚ ਸੁਧਾਰ ਕਰੋ ਅਤੇ ਸਫਲ ਇਨਸਾਨ ਬਣ ਜਾਓ।
ਚੰਗੇ ਵਿਚਾਰ ਜਨਮ ਲੈਣ ਤੋਂ ਬਾਅਦ ਘਰ ਤੋਂ ਹੀ ਪ੍ਰਾਪਤ ਹੁੰਦੇ ਹਨ। ਮਾਂ-ਬਾਪ, ਭੈਣ-ਭਰਾ, ਚਾਚੇ-ਤਾਏ, ਰਿਸ਼ਤੇਦਾਰ ਅਤੇ ਆਂਢ-ਗੁਆਂਢ ਮਿਲਕੇ ਚੰਗੇ ਵਿਚਾਰਾਂ ਦੀ ਨੀਂਹ ਰੱਖਦੇ ਹਨ। ਚੰਗੇ ਵਿਚਾਰਾਂ ਲਈ ਐਜੂਕੇਸ਼ਨ ਅਤੇ ਅਧਿਆਪਕਾਂ ਦਾ ਵੀ ਅਹਿਮ ਰੋਲ ਹੁੰਦਾ ਹੈ। ਚੰਗੀ ਸੰਗਤ, ਚੰਗੇ ਦੋਸਤ ਚੰਗੇ ਵਿਚਾਰਾਂ ਨੂੰ ਜਨਮ ਦਿੰਦੇ ਹਨ। ਚੰਗੀਆਂ ਪੁਸਤਕਾਂ, ਮਹਾਨ ਵਿਦਵਾਨਾਂ ਦੀਆਂ ਜੀਵਨੀਆਂ, ਗੁਰੂਆਂ ਦੇ ਵਿਚਾਰ ਮਨੁੱਖ ਨੂੰ ਮਹਾਨ ਬਣਾਉਣ ਲਈ ਸੰਜੀਵਨੀ ਦਾ ਕੰਮ ਕਰਦੇ ਹਨ। ਯਾਦ ਰੱਖੋ, ਤੁਸੀਂ ਚੰਗੇ ਵਿਚਾਰ ਪ੍ਰਾਪਤ ਕਰਕੇ ਸੰਸਾਰ ਦੇ ਪ੍ਰਸਿੱਧੀ ਪ੍ਰਾਪਤ ਅਧਿਆਤਮਿਕ ਪੁਰਸ਼ ਬਣਨਾ ਹੈ ਅਤੇ ਮਾਨਵਤਾ ਦੀਆਂ ਬਿਰਤੀਆਂ ਨੂੰ ਜਗਾਉਣ ਦਾ ਕੰਮ ਕਰਨਾ ਹੈ, ਸੰਸਾਰ ਵਿੱਚ ਰੌਸ਼ਨੀ ਦਾ ਦੀਵਾ ਜਗਾਉਣਾ ਹੈ। ਤੁਸੀਂ ਅਜਿਹਾ ਕਰ ਸਕਦੇ ਹੋ। ਇਹ ਸਿਰਫ਼ ਤੁਹਾਡੇ ਅੰਦਰ ਦੇ ਵਿਚਾਰਾਂ ਕਾਰਨ ਹੀ ਸੰਭਵ ਹੋ ਸਕਦਾ ਹੈ।
ਆਪਣੇ ਮਨ ਨੂੰ ਉੱਚਾ ਉਠਾਓ। ਇਸ ਨੂੰ ਸ਼ਕਤੀਸ਼ਾਲੀ ਬਣਾਓ ਅਤੇ ਆਪਣੇ ਕੰਟਰੋਲ ਵਿੱਚ ਰੱਖੋ। ਆਪਣੇ ਮਨ ਨੂੰ ਉਦਾਰ, ਵਿਸ਼ਾਲ ਅਤੇ ਵਿਚਾਰ ਸੰਪੰਨ ਬਣਾਓ। ਇਸਦੀ ਰਚਨਾਤਮਕ ਸ਼ਕਤੀ ਨੂੰ ਜਗਾ ਕੇ ਚੰਗੇ ਕੰਮਾਂ ਵਿੱਚ ਲਗਾਓ। ਮਨ ਵਿੱਚੋਂ ਇਸ ਵਿਚਾਰ ਨੂੰ ਕੱਢ ਦਿਓ ਕਿ ਉਨਤੀ ਕਰਨਾ ਉਨ੍ਹਾਂ ਦਾ ਹੀ ਅਧਿਕਾਰ ਹੈ, ਜਿਨ੍ਹਾਂ ਕੋਲ ਸਾਧਨ ਜਾਂ ਚੰਗੇ ਅਵਸਰ ਹਨ। ਯੋਗਤਾਵਾਂ ਅਤੇ ਕਿਸਮਤਾਂ ਦੀਆਂ ਗੱਲਾਂ ਨਾ ਕਰੋ। ਤੁਹਾਡੇ ਕੋਲ ਸਭ ਕੁਝ ਹੈ। ਤੁਹਾਡੇ ਮਨ ਅੰਦਰ ਹਰ ਸ਼ਕਤੀ ਹੈ। ਮਜ਼ਬੂਤ ਮਨ ਸੰਪੰਨ ਹੁੰਦਾ ਹੈ। ਉਸ ਵਿੱਚ ਸਮਰੱਥਾ, ਯੋਗਤਾ ਅਤੇ ਅਵਸਰ ਬਣਾਉਣ ਅਤੇ ਪੈਦਾ ਕਰਨ ਦੇ ਗੁਣ ਮੌਜੂਦ ਹਨ। ਤੁਸੀਂ ਉਹਨਾਂ ਮਾਨਸਿਕ ਸ਼ਕਤੀਆਂ ਦੇ ਬੀਜ ਨੂੰ ਪਛਾਣਨਾ ਅਤੇ ਉਸਦਾ ਵਿਕਾਸ ਕਰਨਾ ਹੈ ਅਤੇ ਉੱਚੇ ਸੁੱਚੇ ਵਿਚਾਰਾਂ ਨੂੰ ਅਪਣਾ ਕੇ ਮਹਾਨ ਬਣਨਾ ਹੈ।
ਆਪਣੇ ਮਨ ਵਿੱਚ ਤੁਸੀਂ ਕਦੇ ਵੀ ਇਹ ਵਿਚਾਰ ਪੈਦਾ ਨਾ ਹੋਣ ਦਿਓ ਕਿ ਤੁਸੀਂ ਉਹ ਨਹੀਂ ਕਰ ਸਕਦੇ, ਜੋ ਦੂਸਰੇ ਕਰ ਸਕਦੇ ਹਨ। ਇਹ ਨਾ ਸੋਚੋ ਕਿ ਤੁਹਾਡੇ ਕੋਲ ਫਲਾਣੀ ਚੀਜ਼ ਨਹੀਂ ਅਤੇ ਉਹ ਨਾ ਹੀ ਹੋ ਸਕੇਗੀ। ਤੁਸੀਂ ਅਜਿਹੀਆਂ ਸੋਚਾਂ ਪਾਲ ਲਵੋਗੇ ਤਾਂ ਤੁਹਾਡਾ ਜੀਵਨ ਹਨੇਰਾ ਹੋ ਜਾਵੇਗਾ। ਆਪਣੇ ਅੰਦਰ ਅਪੂਰਨਤਾ ਅਤੇ ਦਰਿੱਦਰਤਾ ਭਰੇ ਵਿਚਾਰਾਂ ਨੂੰ ਪੈਦਾ ਹੋਣ ਹੀ ਨਾ ਦਿਓ। ਜਦੋਂ ਤਕ ਇਹ ਵਿਚਾਰ ਤੁਹਾਨੂੰ ਘੇਰੀ ਰੱਖਣਗੇ, ਤੁਹਾਡੀ ਛੁਪੀ ਆਤਮਿਕ ਸ਼ਕਤੀ ਪ੍ਰਗਟ ਨਹੀਂ ਹੋਵੇਗੀ ਅਤੇ ਤੁਹਾਡੀਆਂ ਇੱਛਾਵਾਂ ਅਧੂਰੀਆਂ ਰਹਿਣਗੀਆਂ। ਉੱਚੇ-ਸੁੱਚੇ ਵਿਚਾਰਾਂ ਦੀ ਸ਼ਕਤੀ ਹੀ ਤੁਹਾਨੂੰ ਜ਼ਿੰਦਗੀ ਦੀਆਂ ਘੁੰਮਣਘੇਰੀਆਂ ਵਿੱਚੋਂ ਕੱਢ ਸਕਦੀ ਹੈ।
ਤੁਹਾਡੇ ਵਿਚਾਰਾਂ ਨਾਲ ਹੀ ਤੁਹਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਜੇਕਰ ਤੁਸੀਂ ਵਿਚਾਰਾਂ ਨੂੰ ਦਰਿੱਦਰਤਾ, ਭੈਅ ਜਾਂ ਆਸ਼ੰਕਾਵਾਂ ਨਾਲ ਭਰਿਆ ਰੱਖੋਗੇ ਤਾਂ ਇਹ ਵਿਚਾਰ ਕਦੇ ਸਾਥ ਨਹੀਂ ਛੱਡਣਗੇ। ਨਤੀਜਾ ਇਹ ਹੋਵੇਗਾ ਕਿ ਤੁਸੀਂ ਬੇਵਸੀ ਦਾ ਜੀਵਨ ਬਿਤਾਓਗੇ। ਨਿਰਧਨ ਅਤੇ ਅਸਫ਼ਲ ਰਹੋਗੇ। ਜ਼ਿੰਦਗੀ ਨੂੰ ਖੂਬਸੂਰਤ ਅਤੇ ਖੁਸ਼ਹਾਲ ਬਣਾਓ। ਆਪਣੀ ਸਭ ਤੋਂ ਵੱਡੀ ਇੱਛਾ ਮਨੁੱਖਤਾ ਦਾ ਭਲਾ ਬਣਾਓ ਅਤੇ ਇਸਦਾ ਵਿਕਾਸ ਕਰੋ। ਜ਼ਿਆਦਾ ਤੋਂ ਜ਼ਿਆਦਾ ਮਾਨਵੀ ਗੁਣਾਂ ਨੂੰ ਆਪਣੇ ਅੰਦਰ ਸੰਗਠਿਤ ਕਰੋ। ਤੁਹਾਡੇ ਅਜਿਹਾ ਅਭਿਆਸ ਕਰਨ ਦੇ ਨਾਲ ਹੀ ਤੁਹਾਨੂੰ ਤੁਹਾਡੀ ਵਾਂਛਿਤ ਵਸਤੂ ਪ੍ਰਾਪਤ ਹੋਵੇਗੀ। ਤੁਸੀਂ ਉਨ੍ਹਾਂ ਵਿਚਾਰਾਂ ਨੂੰ ਮਨ ਵਿੱਚ ਜਗ੍ਹਾ ਦੇਵੋ, ਜੋ ਤੁਹਾਡੀਆਂ ਇਛਾਵਾਂ ਨਾਲ ਸੰਬੰਧਿਤ ਹਨ। ਸੰਸਾਰ ਦਾ ਹਰੇਕ ਮਨੁੱਖ ਆਪਣੇ ਖੁਦ ਦੇ ਵਿਚਾਰਾਂ ਅਨੁਸਾਰ ਹੀ ਬਣਿਆ ਹੋਇਆ ਹੈ। ਮਨੁੱਖ ਆਪਣੇ ਲਈ ਆਪਣੇ ਖੁਦ ਦੇ ਵਿਚਾਰਾਂ ਵਿੱਚ ਜਿਹੋ ਜਿਹੀਆਂ ਕਲਪਨਾਵਾਂ ਕਰਦਾ ਹੈ, ਵੈਸਾ ਹੀ ਮਾਨਸਿਕ ਵਿਕਾਸ ਹੁੰਦਾ ਹੈ। ਸੋ ਆਪਣੇ ਵਿਚਾਰਾਂ ਵਿੱਚ ਉੱਚੀਆਂ-ਸੁੱਚੀਆਂ ਉਡਾਣਾਂ ਭਰੋ, ਉੱਚੀਆਂ ਉਡਾਰੀਆਂ ਲਾਓ ਅਤੇ ਸਫਲ ਇਨਸਾਨ ਬਣੋ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5399)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.