“ਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ...”
(16 ਸਤੰਬਰ 2023)
ਇਸ ਸਮੇਂ ਪਾਠਕ: 325.
ਸਫਲਤਾ ਇੱਕ ਵਿਸ਼ਵਾਸ ਹੈ ਅਤੇ ਅਜਿਹਾ ਵਿਸ਼ਵਾਸ ਪੈਦਾ ਕਰਨ ਲਈ ਸਭ ਤੋਂ ਅਹਿਮ ਰੋਲ ਅਦਾ ਕਰਦਾ ਹੈ - ਅੰਮ੍ਰਿਤ ਵੇਲਾ। ਇਸ ਕਰਕੇ ਹਰ ਇਨਸਾਨ ਨੂੰ ਅੰਮ੍ਰਿਤ ਵੇਲੇ ਦੀ ਅਹਿਮੀਅਤ ਸਮਝਣ ਦੀ ਲੋੜ ਹੈ। ਅੰਮ੍ਰਿਤ ਵੇਲੇ ਤੋਂ ਭਾਵ ਹੈ ਰਾਤ ਦਾ ਚੌਥਾ ਪਹਿਰ, ਭਾਵ ਰਾਤ ਦੇ ਤਿੰਨ ਜਾਂ 4 ਵਜੇ ਤੋਂ ਸੂਰਜ ਚੜ੍ਹਨ ਤਕ। ਇਸ ਸਮੇਂ ਉੱਠ ਕੇ ਨਾਮ ਬਾਣੀ ਦਾ ਸਿਮਰਨ ਵੀ ਕੀਤਾ ਜਾਂਦਾ ਹੈ। ਇਹ ਸਮਾਂ ਮੰਦਭਾਵਨਾ ਤੋਂ ਰਹਿਤ ਹੁੰਦਾ ਹੈ। ਕੋਈ ਸ਼ੋਰ-ਸ਼ਰਾਬਾ ਨਹੀਂ ਹੁੰਦਾ। ਕੁਦਰਤ ਸਹਿਜ ਸੁਭਾਅ ਵਿੱਚ ਰੰਗੀ ਹੁੰਦੀ ਹੈ। ਜੋ ਲੋਕ ਸਵਖਤੇ ਉੱਠਦੇ ਹਨ ਅੰਮ੍ਰਿਤ ਵੇਲੇ ਦਾ ਸਹੀ ਉਪਯੋਗ ਕਰਦੇ ਹਨ, ਖੁੱਲ੍ਹੇ ਮੈਦਾਨਾਂ ਵਿੱਚ ਜਾ ਕੁਦਰਤ ਨਾਲ ਜੁੜਦੇ ਹਨ, ਖੁੱਲ੍ਹੀ ਹਵਾ ਵਿੱਚ ਸਾਹ ਲੈਂਦੇ ਹਨ, ਕਸਰਤ ਕਰਦੇ ਹਨ, ਖੇਡਦੇ ਹਨ, ਯੋਗ ਕਰਦੇ ਹਨ। ਉਨ੍ਹਾਂ ਦੀ ਸਫ਼ਲਤਾ ਨੂੰ ਕੋਈ ਰੋਕ ਨਹੀਂ ਸਕਦਾ। ਉਹ ਲੋਕ ਹਮੇਸ਼ਾ ਮਹਾਨ ਇਨਸਾਨ ਬਣਦੇ ਹਨ।
ਇਹ ਗੱਲ ਪੱਕੀ ਹੈ ਕਿ ਜਲਦੀ ਉੱਠਣ ਵਾਲਿਆਂ ਵਿੱਚੋਂ ਹੀ ਜ਼ਿਆਦਾਤਰ ਲੋਕ ਮਹਾਨ ਬਣਦੇ ਹਨ। ਦੁਨੀਆਂ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਹਨ ਸਭ ਸਵੇਰੇ ਜਲਦੀ ਉੱਠਦੇ ਸਨ। ਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ਹੋਵੇ। ਹਰ ਵੱਡੇ ਤੋਂ ਵੱਡੇ ਆਦਮੀ ਦੀ ਜੀਵਨੀ ਅਤੇ ਨਿੱਤਨੇਮ (ਰੋਜ਼ਾਨਾ ਦੇ ਕੰਮ) ਬਾਰੇ ਜਾਨਣ ਤੇ ਤੁਸੀਂ ਦੇਖੋਗੇ ਕਿ ਸਭ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਸੀ। ਜਲਦੀ ਉੱਠਣ ਤੋਂ ਭਾਵ ਹਰ ਕੰਮ ਦੂਸਰਿਆਂ ਤੋਂ ਪਹਿਲਾਂ ਕਰਨਾ ਅਤੇ ਦੂਸਰਿਆਂ ਤੋਂ ਹਮੇਸ਼ਾ ਅੱਗੇ ਰਹਿਣਾ। ਬਹੁਤ ਸਾਰੇ ਲੋਕ ਐਨੇ ਹਿੰਮਤੀ ਹੁੰਦੇ ਹਨ ਜੋ ਆਲਸੀ ਲੋਕਾਂ ਦੇ ਉੱਠਣ ਤੋਂ ਪਹਿਲਾਂ ਹੀ ਸਾਰਾ ਕੰਮ ਨਿਬੇੜ ਲੈਂਦੇ ਹਨ। ਸਫ਼ਲਤਾ ਅਜਿਹੇ ਲੋਕਾਂ ਦੇ ਪੈਰ ਚੁੰਮਦੀ ਹੈ।
ਅੰਮ੍ਰਿਤ ਵੇਲਾ ਮਨੁੱਖੀ ਸਫ਼ਲਤਾ ਲਈ ਸਭ ਤੋਂ ਅਹਿਮ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚਮੁੱਚ ਹੀ ਅੰਮ੍ਰਿਤ ਦਾ ਕੰਮ ਕਰਦਾ ਹੈ। ਅੰਮ੍ਰਿਤ ਵੇਲਾ ਨਵੀਂ ਊਰਜਾ ਅਤੇ ਸ਼ਕਤੀ ਦਾ ਅਜਿਹਾ ਸੋਮਾ ਹੈ ਜੋ ਆਮ ਮਨੁੱਖ ਨੂੰ ਵੀ ਮਹਾਨ ਬਣਾ ਦਿੰਦਾ ਹੈ। ਅੰਮ੍ਰਿਤ ਵੇਲੇ ਵਿੱਚ ਐਨਾ ਆਨੰਦ ਹੁੰਦਾ ਹੈ ਕਿ ਮਨੁੱਖ ਦੇ ਮਨ ਵਿੱਚ ਨਿਰਾਸ਼ਾ ਦਾ ਵਿਚਾਰ ਆਉਂਦਾ ਹੀ ਨਹੀਂ। ਅੰਮ੍ਰਿਤ ਵੇਲਾ ਮਨੁੱਖੀ ਸੋਚ ਨੂੰ ਬਦਲ ਕੇ ਰੱਖ ਦਿੰਦਾ ਹੈ। ਮਨੁੱਖ ਦੇ ਦਿਮਾਗ ਵਿੱਚ ਕਦੇ ਨਾਂਹ-ਪੱਖੀ ਵਿਚਾਰ ਆਉਂਦੇ ਹੀ ਨਹੀਂ। ਮਨੁੱਖ ਜੇਕਰ ਇਸ ਸਮੇਂ ਦਾ ਸਹੀ ਉਪਯੋਗ (ਵਰਤੋਂ) ਕਰ ਲਵੇ ਤਾਂ ਉਹ ਕਦੇ ਬਿਮਾਰ ਨਹੀਂ ਹੁੰਦਾ। ਅੰਮ੍ਰਿਤ ਵੇਲਾ ਸਾਰੇ ਰੋਗਾਂ ਦੀ ਸਫਲ ਦਵਾਈ ਹੈ। ਅੰਮ੍ਰਿਤ ਵੇਲੇ ਦਾ ਸਹੀ ਉਪਯੋਗ ਕਰਨ ਵਾਲਿਆਂ ਦੇ ਚਿਹਰੇ ਤੋਂ ਨਿਰਾਸ਼ਾ ਗਾਇਬ ਹੋ ਜਾਂਦੀ ਅਤੇ ਨਵੀਂ ਚਮਕ ਅਤੇ ਸਫਲਤਾ ਦਾ ਨੂਰ ਦਿਖਾਈ ਦੇਣ ਲੱਗ ਪੈਂਦਾ ਹੈ।
ਸਵੇਰੇ ਜਲਦੀ ਉੱਠ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਬੜੀ ਵੱਡੀ ਸਫ਼ਲਤਾ ਮਿਲਦੀ ਹੈ। ਅਜਿਹੇ ਵਿਦਿਆਰਥੀ ਹਮੇਸ਼ਾ ਹੀ ਪਹਿਲੇ ਨੰਬਰ ’ਤੇ ਆਉਂਦੇ ਹਨ। ਅਸਫ਼ਲਤਾ ਉਨ੍ਹਾਂ ਦੀ ਜ਼ਿੰਦਗੀ ਵਾਲੇ ਵਰਕੇ ਤੋਂ ਗਾਇਬ ਹੋ ਜਾਂਦੀ ਹੈ। ਅੰਮ੍ਰਿਤ ਵੇਲੇ ਗਿਆਨ ਇੰਦਰੀਆਂ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ। ਇਕਾਗਰਤਾ ਪੂਰੇ ਜੋਬਨ ’ਤੇ ਹੁੰਦੀ ਹੈ ਅਤੇ ਗਿਆਨ ਦਾ ਸਾਗਰ ਵਿਦਿਆਰਥੀ ਨੂੰ ਆਪਣੇ ਆਪ ਵਿੱਚ ਡੁਬੋ ਲੈਂਦਾ ਹੈ ਅਤੇ ਉਸ ਨੂੰ ਉਸਦੇ ਮੁਕਾਮ ’ਤੇ ਪਹੁੰਚਾ ਦਿੰਦਾ ਹੈ। ਸਵੇਰੇ ਜਲਦੀ ਉੱਠਣ ਵਾਲਾ ਦੁਕਾਨਦਾਰ ਹਮੇਸ਼ਾ ਹੀ ਆਪਣੇ ਵਿਉਪਾਰ ਵਿੱਚ ਦੂਸਰਿਆਂ ਤੋਂ ਅੱਗੇ ਨਿਕਲ ਜਾਂਦਾ ਹੈ ਅਤੇ ਸਫ਼ਲ ਵਿਉਪਾਰੀ ਬਣ ਜਾਂਦਾ ਹੈ। ਜੋ ਕਿਸਾਨ ਸਾਝਰੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਹੈ, ਉਸਦੀ ਜ਼ਮੀਨ ਦੀ ਉਪਜਾਊ ਸ਼ਕਤੀ ਦੁੱਗਣੀ ਹੋ ਜਾਂਦੀ ਹੈ ਅਤੇ ਉਹ ਸਫਲ ਕਿਸਾਨ ਬਣ ਜਾਂਦਾ ਹੈ।
ਸਫ਼ਲਤਾ ਬਣਾਉਟੀ ਚੀਜ਼ਾਂ ਵਿੱਚੋਂ ਨਹੀਂ ਮਿਲਦੀ। ਅੱਜਕਲ੍ਹ ਬਜਾਰਾਂ ਵਿੱਚ ਬਨਾਵਟੀ ਚੀਜ਼ਾਂ ਖਰੀਦਣ ਦੀ ਬੜੀ ਵੱਡੀ ਹੋੜ ਲੱਗੀ ਹੋਈ ਹੈ। ਲੋਕ ਮਹਿੰਗੀਆਂ ਕਾਰਾਂ, ਮੋਬਾਇਲ, ਸਲੀਪਵੈੱਲ ਦੇ ਗੱਦੇ, ਮਹਿੰਗੇ ਕੱਪੜੇ ਖਰੀਦ ਕੇ ਸਫ਼ਲਤਾ ਦੇ ਸੁਪਨੇ ਦੇਖਦੇ ਹਨ ਪਰ ਕੁਦਰਤ ਵੱਲੋਂ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਲਈ ਲੱਗੀਆਂ ਸੇਲਾਂ ਜਿੱਥੋਂ ਸ਼ੁੱਧ ਆਕਸੀਜਨ, ਪੰਛੀਆਂ ਦਾ ਗੀਤ ਸੰਗੀਤ, ਫੁੱਲਾਂ ਦੀ ਖੁਸ਼ਬੋ, ਜਿਉਂਦੀਆਂ ਰੂਹਾਂ ਦੇ ਦਰਸ਼ਨ, ਕੁਦਰਤੀ ਦ੍ਰਿਸ਼ਾਂ ਦੇ ਨਜ਼ਾਰੇ, ਸਭ ਕੁਝ ਮੁਫ਼ਤ ਵਿੱਚ ਮਿਲਦਾ ਹੈ, ਤੋਂ ਅਕਸਰ ਹੀ ਵਾਂਝਾ ਰਹਿ ਜਾਂਦੇ ਹਨ। ਜੋ ਇਨਸਾਨ ਮੁਫ਼ਤ ਵਿੱਚ ਐਨਾ ਕੀਮਤੀ ਸਮਾਨ ਨਹੀਂ ਲੈ ਸਕਦਾ, ਉਹ ਅਸਫ਼ਲ ਇਨਸਾਨ ਹੀ ਹੋ ਸਕਦਾ। ਇਸ ਲਈ ਉਸ ਇਨਸਾਨ ਨੂੰ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਜ਼ਰੂਰ ਪਾ ਲੈਣੀ ਚਾਹੀਦੀ ਹੈ ਜਿਸਨੇ ਜੀਵਨ ਵਿੱਚ ਕੁਝ ਬਣਨਾ ਹੈ, ਸਫ਼ਲਤਾ ਪ੍ਰਾਪਤ ਕਰਨੀ ਹੈ, ਅੱਗੇ ਵਧਣਾ ਹੈ, ਉਚਾਈਆਂ ’ਤੇ ਪਹੁੰਚਣਾ ਹੈ।
ਸਵੇਰੇ ਜਲਦੀ ਉੱਠਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਕੁਦਰਤੀ ਸ਼ੁੱਧ ਹਵਾ ਜਦੋਂ ਫੇਫੜਿਆਂ ਨੂੰ ਜਾਂਦੀ ਹੈ ਤਾਂ ਦਿਮਾਗ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਅੰਮ੍ਰਿਤ ਵੇਲੇ ਤਾਜ਼ੀ ਹਵਾ ਵਿੱਚ ਖੇਡਣ, ਕਸਰਤ, ਯੋਗ ਜਾਂ ਪ੍ਰਭੂ ਦਾ ਸਿਮਰਨ ਕਰਨ ਨਾਲ ਤੁਹਾਡੇ ਸਰੀਰ ਵਿੱਚ ਅਜੀਬ ਪਰਿਵਤਨ ਹੋਵੇਗਾ। ਇੰਝ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਸਫ਼ਲਤਾ ਵਲ ਵਧ ਰਹੇ ਹੋ। ਇਸ ਲਈ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਓ ਅਤੇ ਸਫਲਤਾ ਦੇ ਝੰਡੇ ਬੁਲੰਦ ਕਰੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4225)
(ਸਰੋਕਾਰ ਨਾਲ ਸੰਪਰਕ ਲਈ: (