“ਪਿੰਡ ਵਿੱਚ ਰਹਿ ਕੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ। ਮੁੰਡਾ ਚੰਗਾ ਪੜ੍ਹਿਆ-ਲਿਖਿਆ ਐ, ਉੱਚਾ ਲੰਮਾ ਕੱਦ ਐ, ਬਣਦਾ-ਠਣਦਾ ...”
(16 ਅਗਸਤ 2024)
ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਵਿੱਚ ਦੁਕਾਨ ਅਤੇ ਆਟਾ ਚੱਕੀ ਦਾ ਵਧੀਆ ਕਾਰੋਬਾਰ ਛੱਡ ਅਤੇ ਸਾਰਾ ਕੁਝ ਵੇਚ ਵੱਟ ਕੇ ਸ਼ਹਿਰ ਵਿੱਚ ਕੰਮ ਕਰਨ ਦੀ ਤਿਆਰੀ ਕਰ ਰਿਹਾ ਸੇਠ ਜਗਨ ਨਾਥ ਗੱਲਾਂ-ਗੱਲਾਂ ਵਿੱਚ ਦੱਸ ਰਿਹਾ ਸੀ, “ਬਈ ਕੰਮ ਤਾਂ ਪਿੰਡ ਵਿੱਚ ਮੇਰਾ ਫੰਨੇ ਐ, ਪਰ ਕੀ ਕਰਾਂ, ਮਜਬੂਰੀ ਐ। ਪਿੰਡ ਵਿੱਚ ਰਹਿ ਕੇ ਮੁੰਡੇ ਦਾ ਰਿਸ਼ਤਾ ਨਹੀਂ ਹੁੰਦਾ। ਮੁੰਡਾ ਚੰਗਾ ਪੜ੍ਹਿਆ-ਲਿਖਿਆ ਐ, ਉੱਚਾ ਲੰਮਾ ਕੱਦ ਐ, ਬਣਦਾ-ਠਣਦਾ ਵੀ ਐ। ਕੋਈ ਸਾਡੀ ਮੰਗ ਨੀ। ਕੋਠੀ ਵਰਗਾ ਘਰ ਐ ਪਰ ਜਦੋਂ ਰਿਸ਼ਤੇ ਦੀ ਗੱਲ ਆਉਂਦੀ ਐ, ਸਾਲਾ ਕੋਈ ਝਾਕਦਾ ਵੀ ਨਹੀਂ।”
ਮੇਰਾ ਇੱਕ ਦੋਸਤ ਸਰਕਾਰੀ ਮਹਿਕਮੇ ਵਿੱਚੋਂ ਰਿਟਾਇਰ ਹੋਇਆ ਹੈ। ਆਪਣੀ ਲੜਕੀ ਦਾ ਵਿਆਹ ਤਾਂ ਉਹਨੇ ਨੌਕਰੀ ਦੌਰਾਨ ਹੀ ਕਰ ਦਿੱਤਾ ਸੀ, ਹੁਣ ਮੁੰਡੇ ਦਾ ਕੰਮ ਅੜਿਆ ਪਿਆ ਹੈ। ਵਧੀਆ ਮੁੰਡਾ ਹੈ, ਸ਼ਹਿਰ ਵਿੱਚ ਵਧੀਆ ਮਕਾਨ ਹੈ। ਚੰਗੀ ਇੱਜ਼ਤ ਹੈ। ਪਹਿਲਾਂ ਮੁੰਡਾ ਵਿਹਲਾ ਸੀ, ਹੁਣ ਦੁਕਾਨ ਵੀ ਕਰਵਾ ਦਿੱਤੀ। ਪਤਨੀ ਉਸਦੀ ਬਿਮਾਰ ਰਹਿੰਦੀ ਹੈ। ਘਰ ਵਿੱਚ ਰੋਟੀ ਬਣਾਉਣ ਵਾਲਾ ਕੋਈ ਨਹੀਂ। ਪੈਨਸ਼ਨ ਮਿਲਦੀ ਹੈ। ਰਿਟਾਇਰਮੈਂਟ ਦੇ ਪੈਸੇ ਵੀ ਕੋਲ ਹਨ ਪਰ ਮੁੰਡੇ ਨੂੰ ਰਿਸ਼ਤਾ ਨਹੀਂ ਹੋ ਰਿਹਾ। ਪਹਿਲਾਂ ਤਾਂ ਸਰਕਾਰੀ ਨੌਕਰੀ ਦੇ ਹੌਸਲੇ ਇੱਧਰ-ਉੱਧਰ ਭੱਜਿਆ ਫਿਰਦਾ ਸੀ। ਕੁਝ ਸਮਾਂ ਰਿਟਾਇਰਮੈਂਟ ਦੇ ਮਿਲੇ ਪੈਸੇ ਸੰਭਾਲਣ ਅਤੇ ਫਿਰ ਪੈਨਸ਼ਨ ਲਗਵਾਉਣ ਵਿੱਚ ਲੰਘ ਗਿਆ। ਹੁਣ ਜਦੋਂ ਮੁੰਡਾ 35 ਸਾਲ ਦਾ ਹੋ ਗਿਆ ਹੈ ਤਾਂ ਰਿਸ਼ਤੇ ਲਈ ਜਣੇ-ਖਣੇ ਦੇ ਹਾੜ੍ਹੇ ਕੱਢ ਰਿਹਾ ਹੈ। ਫਿਕਰ ਨਾਲ ਸਰੀਰ ਅੱਧਾ ਰਹਿ ਗਿਆ ਹੈ। ਕਹਿੰਦਾ ਜਾਤ-ਪਾਤ ਦਾ ਵੀ ਕੋਈ ਬੰਨ੍ਹਣ ਨਹੀਂ, ਗਰੀਬ ਘਰ ਦੀ ਕੁੜੀ ਵੀ ਮਨਜ਼ੂਰ ਹੈ। ਹੌਲੀ ਹੌਲੀ ਉਹ ਮੁੰਡੇ ਦੇ ਰਿਸ਼ਤੇ ਲਈ ਪੈਸੇ ਦੇਣ ਲਈ ਵੀ ਤਿਆਰ ਹੋ ਗਿਆ। ਹੁਣ ਕਹਿੰਦਾ ਕੋਈ ਛੱਡੀ ਹੋਈ ਮਿਲ ਜਾਵੇ, ਉਹ ਵੀ ਮਨਜ਼ੂਰ ਕਰ ਲਵਾਂਗੇ। ਪਰ ਰਿਸ਼ਤਾ ਹਜ਼ਾਰਾਂ ਕੋਹ ਦੂਰ ਤਕ ਵੀ ਕਿਤੇ ਨਜ਼ਰ ਨਹੀਂ ਆ ਰਿਹਾ।
ਕਦੇ ਇਹ ਗੱਲ ਆਮ ਹੀ ਸੁਣਦੇ ਸਾਂ, ਕਹਿੰਦੇ ਹੁੰਦੇ ਸਨ ਜਦੋਂ ਮੁੰਡਾ ਸਰਕਾਰੀ ਮੁਲਾਜ਼ਮ ਲੱਗ ਜਾਵੇ ਤਾਂ ਉਸ ਨੂੰ ਰਿਸ਼ਤਿਆਂ ਦੀ ਕੋਈ ਤੋਟ ਨਹੀਂ ਰਹਿੰਦੀ। ਰਿਸ਼ਤੇ ਵਾਲੇ ਉਸਦੇ ਅੱਗੇ ਪਿੱਛੇ ਫਿਰਦੇ ਨੇ ਕਿਉਂਕਿ ਕੁੜੀਆਂ ਜ਼ਿਆਦਾ ਤਰ ਸਰਕਾਰੀ ਨੌਕਰੀ ਪੇਸ਼ਾ ਮੁੰਡਿਆਂ ਨੂੰ ਹੀ ਪਸੰਦ ਕਰਦੀਆਂ ਨੇ। ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਅਤੇ ਰਹਿਣ ਸਹਿਣ ਬਹੁਤ ਵਧੀਆ ਹੁੰਦਾ ਹੈ। ਪ੍ਰੰਤੂ ਜਿਸ ਹਿਸਾਬ ਨਾਲ ਲੋਕ ਕੁੜੀਆਂ ਨੂੰ ਕੁੱਖਾਂ ਵਿੱਚ ਫਨਾਹ ਕਰਨ ਲੱਗੇ ਹੋਏ ਹਨ, ਕੁੜੀਆਂ ਦੀ ਘਟ ਰਹੀ ਗਿਣਤੀ ਨੇ ਲੋਕਾਂ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ। ਅੱਜ ਕੱਲ੍ਹ ਨੌਕਰੀ ਲੱਗੇ ਸੋਹਣੇ ਸੁਨੱਖੇ ਨੌਜਵਾਨ ਵੀ ਵਿਆਹ ਲਈ ਤਰਸ ਰਹੇ ਹਨ। ਭਾਵੇਂ ਸਰਕਾਰੀ ਨੌਕਰੀ ਦਾ ਵਹਿਮ ਪਾਲ ਕੇ ਚੰਗੇ ਬੂਟ ਸੂਟ ਪਾ, ਕਾਲੇ ਚਸ਼ਮੇ ਲਾ ਜਦੋਂ ਇਨਫੀਲਡ ਮੋਟਰਸਾਈਕਲ ਜਾਂ ਗੱਡੀ ਵਿੱਚੋਂ ਉੱਤਰ ਦਫਤਰ ਵਿੱਚ ਸਰਕਾਰੀ ਕੁਰਸੀ ’ਤੇ ਬੈਠਦੇ ਹਨ ਤਾਂ ਆਪਣੇ-ਆਪ ਨੂੰ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਸਮਝਦੇ। ਮਾਂ-ਬਾਪ ਦੀ ਧੌਣ ਵੀ ਕੋਹੜ ਕਿਰਲੇ ਵਾਂਗ ਵੀ ਆਕੜੀ ਹੁੰਦੀ ਹੈਪਰ ਜਦੋਂ ਰਿਸ਼ਤੇ ਦੀ ਗੱਲ ਆਉਂਦੀ ਹੈ ਤਾਂ “ਗੰਢੇ ਦੀ ਭੂਕ ਵਾਂਗ ਪੋਲੇ” ਹੋ ਜਾਂਦੇ ਹਨ। ਮੇਰਾ ਇੱਕ ਹੋਰ ਮਿੱਤਰ ਹੈ, ਜਿਸਦਾ ਲੜਕਾ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਹੈ। ਉਸ ਨੇ ਪੁੱਤਰ ਨੂੰ ਵਿਆਹੁਣ ਲਈ ਪਹਿਲਾਂ ਲੋਨ ਲੈ ਕੇ ਕੋਠੀ ਪਾਈ, ਫਿਰ ਪੈਸੇ ਉਧਾਰੇ ਚੁੱਕ ਕੇ ਗੱਡੀ ਲਿਆਂਦੀ। ਕਰਜ਼ੇ ਦੇ ਬੋਝ ਕਾਰਨ ਹੁਣ ਉਸ ਨੂੰ ਗੋਲੀ ਲੈ ਕੇ ਵੀ ਨੀਂਦ ਨਹੀਂ ਆਉਂਦੀ। ਪਰ ਰਿਸ਼ਤੇ ਵਾਲੇ ਗੂੜ੍ਹੀ ਨੀਂਦ ਘੁਰਾੜੇ ਮਾਰ ਰਹੇ ਹਨ, ਉਹਨਾਂ ਦੀ ਅੱਖ ਪਤਾ ਨਹੀਂ ਕਦੋਂ ਖੁਲ੍ਹੇਗੀ। ਜਦੋਂ ਚੰਗੇ ਘਰਾਂ ਦੇ ਕੰਮਕਾਰ ਕਰਦੇ ਮੁੰਡਿਆਂ ਦਾ ਬੁਰਾ ਹਾਲ ਹੈ ਤਾਂ ਹਿਸਾਬ ਲਾ ਲਵੋ ਬਈ ਵਿਹਲੀ ਜਨਤਾ ਦਾ ਕੀ ਬਣਦਾ ਹੋਉ? ਮੈਰਿਜ ਬਿਊਰੋ ਵਾਲਿਆਂ ਲਈ ਮੌਜਾਂ ਬਣ ਗਈਆਂ ਹਨ, ਜਿਹੜੇ ਪਹਿਲਾਂ ਰਿਸ਼ਤੇ ਲਈ ਕੁੜੀ ਵਾਲਿਆਂ ਨਾਲ ਦਾਜ ਦੀ ਗੱਲ ਕਰਦੇ ਸੀ, ਹੁਣ ਮੁੰਡੇ ਵਾਲਿਆਂ ਤੋਂ ਰਿਸ਼ਤੇ ਕਰਵਾਉਣ ਦੇ ਰੱਜਵੇਂ ਪੈਸੇ ਲੈ ਰਹੇ ਹਨ। ਕੋਈ ਗਰੰਟੀ ਨਹੀਂ, ਰਿਸ਼ਤਾ ਭਾਵੇਂ ਜਾਂਦਿਆਂ ਸਾਰ ਟੁੱਟ ਜਾਵੇ। ਅਸਲ ਵਿੱਚ ਕੁੜੀਆਂ ਦੀ ਗਿਣਤੀ ਘਟਣ ਕਾਰਨ ਹੁਣ ਉਹ ਪੱਥਰ ਤੋਂ ਸੋਨਾ ਬਣ ਗਈਆਂ ਹਨ। ਉਨ੍ਹਾਂ ਦੀ ਅਸਲ ਕੀਮਤ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਹੈ।
ਲੋਕਾਂ ਨੇ ਕੁੜੀਆਂ ’ਤੇ ਭੋਰਾ ਭਰ ਵੀ ਤਰਸ ਨਹੀਂ ਕੀਤਾ। ਔਰਤ ਜਾਤੀ ਦਾ ਰੱਜ ਕੇ ਸ਼ੋਸ਼ਣ ਕੀਤਾ ਹੈ। ਔਰਤ ਜਾਤੀ ਨੂੰ ਪੈਰ ਦੀ ਜੁੱਤੀ ਸਮਝਿਆ। ਸਮਾਜ ਨੇ ਔਰਤਾਂ ਅਤੇ ਬੱਚੀਆਂ ਦਾ ਜਿੰਨਾ ਪਾਪ ਕੀਤਾ ਹੈ, ਉਸਦੀ ਬਣਦੀ ਸਜ਼ਾ ਹੀ ਕੁਦਰਤ ਵੱਲੋਂ ਮਿਲ ਰਹੀ ਹੈ। ਬੰਦਾ ਆਪਣੇ ਪੁੱਟੇ ਹੋਏ ਟੋਇਆਂ ਵਿੱਚ ਆਪ ਹੀ ਡਿਗ ਰਿਹਾ ਹੈ। ਜੋ ਕੀਤਾ, ਉਹ ਅੱਗੇ ਆ ਰਿਹਾ ਹੈ। ਕਹਿੰਦੇ ਹਨ, “ਜੋ ਬੀਜੋਗੇ, ਉਹੋ ਹੀ ਵਢੋਗੇ।”
6 ਮਾਰਚ 2011 ਨੂੰ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿੱਚ ਡਾ. ਹਰਸ਼ਿੰਦਰ ਕੌਰ ਦਾ ਲੇਖ ਇਤਿਹਾਸ, ਵਰਤਮਾਨ ਅਤੇ ਭਵਿੱਖ ਪੜ੍ਹਿਆ ਸੀ, ਜਿਸ ਵਿੱਚ ਪੁਰਾਤਨ ਸਮੇਂ ਤੋਂ ਵਰਤਮਾਨ ਤਕ ਕੁੜੀਆਂ ਨੂੰ ਮਾਰਨ ਦੀ ਗਾਥਾ ਦਾ ਜ਼ਿਕਰ ਕੀਤਾ ਗਿਆ ਸੀ। ਅਖ਼ਬਾਰ ਦੀ ਰਿਪੋਰਟ ਅਨੁਸਾਰ ਪ੍ਰਸਿੱਧ ਚਿੰਤਕ ਨਿਕੋਲਸ ਨੇ 1991 ਵਿੱਚ ਦੱਸਿਆ ਕਿ ਨਵ ਜੰਮੀਆਂ ਬੱਚੀਆਂ ਨੂੰ ਮਾਰਨ ਵਿੱਚ ਭਾਰਤ ਅਤੇ ਚੀਨ ਨੇ ਅੱਤ ਚੁੱਕੀ ਹੋਈ ਹੈ। ਪ੍ਰੋ. ਰੈਡਿੰਗ ਨੇ ਕਿਹਾ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਕੁੜੀਆਂ ਭਾਰਤ ਵਿੱਚ ਮਾਰੀਆਂ ਜਾ ਚੁੱਕੀਆਂ ਹਨ, ਜਿੱਥੇ ਰੱਬ ਦੀ ਸ਼ਕਲ ਵਿੱਚ ਔਰਤ ਦੀ ਪੂਜਾ ਕੀਤੀ ਜਾਂਦੀ ਹੈ। ਭਾਵੇਂ ਕੁੜੀਆਂ ਨੂੰ ਮਾਰਨ ਦਾ ਸਿਲਸਿਲਾ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਹੈ ਪਰ ਅਲਟਰਾਸਾਊਂਡ ਮਸ਼ੀਨ ਨੇ ਤਾਂ ਹਨੇਰਗਰਦੀ ਮਚਾ ਦਿੱਤੀ। ਸਿਰਫ ਪੰਜਾਬ ਵਿੱਚ ਹੀ ਸਾਲ 2010 ਵਿੱਚ ਜਿੰਨੀਆਂ ਗਰਭਵਤੀ ਔਰਤਾਂ ਦਰਜ ਹੋਈਆਂ, ਉਨ੍ਹਾਂ ਵਿੱਚੋਂ 75000 ਮਾਦਾ ਭਰੂਣ ਤਾਂ ਗਾਇਬ ਹੀ ਹੋ ਗਏ। 2005 ਤੋਂ 2015 ਤਕ ਪੰਜਾਬ ਵਿੱਚ ਹੀ ਇੱਕ ਕਰੋੜ ਕੁੜੀਆਂ ਦਾ ਕੁੱਖ ਵਿੱਚ ਕਤਲ ਕੀਤਾ ਗਿਆ। ਉਸ ਵੇਲੇ ਇੱਕ ਨਾਅਰਾ ਦਿੱਤਾ ਗਿਆ ਸੀ, “ਕੁੜੀਆਂ ਨੂੰ ਕੁੱਖ ਵਿੱਚ ਮਾਰੋਗੇ, ਫਿਰ ਨੂੰਹਾਂ ਕਿੱਥੋਂ ਭਾਲੋਗੇ?” ਇਹ ਨਾਅਰਾ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਹੈ।
ਡਾ, ਹਰਸ਼ਿੰਦਰ ਕੌਰ ਦੁਆਰਾ ਲਿਖੇ ਲੇਖ ਦੀ ਕੰਟਿਗ ਮੈਂ ਅੱਜ ਤੇਰ੍ਹਾਂ ਸਾਲ ਬਾਅਦ ਦੁਬਾਰਾ ਪੜ੍ਹ ਰਿਹਾ ਸੀ। ਅੱਜ ਵੀ ਪੜ੍ਹ ਕੇ ਲੂੰ ਕੰਡੇ ਖੜ੍ਹੇ ਹੋ ਰਹੇ ਸੀ ਅਤੇ ਮੈਂ ਸੋਚ ਰਿਹਾ ਸੀ ਕਿ ਕੁੜੀਆਂ ਕਿੰਨੀਆਂ ਤਰਸ ਦੀਆਂ ਪਾਤਰ ਹਨ। ਪ੍ਰੰਤੂ ਸਮੇਂ ਨੇ ਉਨ੍ਹਾਂ ਦੀ ਤਕਦੀਰ ਬਦਲ ਦਿੱਤੀ। ਕੁੜੀਆਂ ਪੜ੍ਹ ਲਿਖ ਕੇ ਡਾਕਟਰ, ਵਕੀਲ, ਇੰਜਨੀਅਰ, ਜੱਜ ਬਣ ਗਈਆਂ ਹਨ। ਉਹਨਾਂ ਦੇ ਗਲਾਂ ਵਿੱਚ ਸੋਨੇ ਦੇ ਮੈਡਲ ਪੈ ਰਹੇ ਹਨ। ਉਹ ਮੁੰਡਿਆਂ ਨਾਲੋਂ ਕਿਤੇ ਅੱਗੇ ਨਿਕਲ ਗਈਆਂ ਹਨ। ਅਚਾਨਕ ਮੈਨੂੰ ਨੇੜੇ ਗਲੀ ਵਿੱਚ ਢੋਲ ਦੀ ਆਵਾਜ਼ ਸੁਣਾਈ ਦਿੱਤੀ। ਬਹੁਤ ਗਰੀਬ ਘਰ ਦੀਆਂ ਦੋ ਕੁੜੀਆਂ ਨੂੰ ਵਿਆਹੁਣ ਲਈ ਬਾਰਾਤ ਆਈ ਸੀ। ਆਂਢੀ-ਗੁਆਂਢੀ ਲੜਕੀਆਂ ਨੂੰ ਸ਼ਗਨ ਦੇ ਰਹੇ ਸਨ ਤਾਂ ਧੀਆਂ ਦੀ ਮਾਂ ਦੱਸ ਰਹੀ ਸੀ, “ਭਾਈ ਭਾਵੇਂ ਅਸੀਂ ਗਰੀਬ ਹਾਂ ਪਰ ਸਾਡੀਆਂ ਕੁੜੀਆਂ ਅਮੀਰ, ਉੱਚੇ ਘਰਾਣੇ ਅਤੇ ਵਧੀਆ ਸ਼ਹਿਰ ਜਾ ਰਹੀਆਂ ਹਨ। ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲਿਆਂ ਵੱਲੋਂ ਹੈ।”
ਉਸ ਮਾਂ ਦੀਆਂ ਅੱਖਾਂ ਵਿੱਚ ਗਮੀ ਨਹੀਂ, ਸਗੋਂ ਖੁਸ਼ੀ ਦੇ ਅੱਥਰੂ ਦੱਸ ਰਹੇ ਸਨ ਕਿ ਜਿਨ੍ਹਾਂ ਨੂੰ ਅਸੀਂ ਪੱਥਰ ਸਮਝ ਕੇ ਮਾਰਨਾ ਚਾਹੁੰਦੇ ਸੀ, ਉਹ ਹੁਣ ਸੋਨਾ ਬਣ ਗਈਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5219)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.