JangirSDilbar 7ਸਰਕਾਰ ਜੀ, ਸ਼ਰਾਬ ਦੇ ਇੰਨੇ ਠੇਕਿਆਂ ਦੀ ਸੁਨਾਮੀ ਵਿੱਚ ਕਿਤੇ ਪੰਜਾਬ ਦੇ ਲੋਕ ਅਤੇ ਪੰਜਾਬ ਹੀ ਨਾ ਰੁੜ੍ਹ ਜਾਵੇ? ...
(4 ਅਕਤੂਬਰ 2023)


ਅੱਜ ਤਕ ਰੰਗਲੇ ਪੰਜਾਬ ਵਿੱਚ ਸੁੱਖ ਨਾਲ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਾਰੀਆਂ ਨੇ, ਉਨ੍ਹਾਂ ਨੇ ਵੋਟਰਾਂ ਨੂੰ ਇੱਕੋ ਲਾਰਾ ਲਾਇਆ ਕਿ ਜਿਸ ਦਿਨ ਸਾਡੀ ਸਰਕਾਰ ਬਣੀ
, ਅਸੀਂ ਚੌਵੀ ਘੰਟਿਆਂ ਵਿੱਚ ਸਾਰੇ ਨਸ਼ੇ ਬਿਲਕੁਲ ਬੰਦ ਕਰ ਦਿਆਂਗੇ। ਪਰ ਅਫਸੋਸ ਇੰਝ ਹੁੰਦਾ ਨਹੀਂਇਹ ਸਾਰਾ ਕੁਝ ਵੇਖਕੇ ਇੱਕ ਲੋਕ ਪਖਾਣਾ ਯਾਦ ਆ ਜਾਂਦਾ ਹੈ ਕਿ ‘ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ’ ਵਿਚਾਰੀ ਭੋਲੀ-ਭਾਲੀ ਜਨਤਾ ਅਤੇ ਆਮ ਵੋਟਰ ਉੱਠ ਦਾ ਬੁੱਲ੍ਹ ਡਿਗਣ ਵਾਲੀ ਕਹਾਵਤ ਦੀ ਕਹਾਣੀ ਦੀ ਤਰ੍ਹਾਂ ਹਰ ਪੰਜ ਸਾਲਾਂ ਤਕ ਉਡੀਕ ਕਰਦੇ ਕਰਦੇ ਉਮਰਾਂ ਗੁਜ਼ਾਰ ਚੁੱਕੇ ਹਨ ਪਰ ‘ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ’ ਹੈ। ਭਾਵ ਕਿ ਹਰ ਸਾਲ ਨਸ਼ਿਆਂ ਦੀ ਵਿੱਕਰੀ ਦੁੱਗਣੀਇਸ ਤੋਂ ਇਲਾਵਾ ਰੋਜ਼ਾਨਾ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਧਰਨੇ-ਮੁਜ਼ਾਹਰੇ ਹੋਣ ਦੇ ਨਾਲ-ਨਾਲ ਵੋਟਾਂ ਵੇਲੇ ਲੋਕਾਂ ਵੱਲੋਂ ਸ਼ਰਾਬ ਬੰਦੀ ਦੀ ਮੰਗ ਜ਼ੋਰ ਸ਼ੋਰ ਨਾਲ ਉਠਾਈ ਜਾਂਦੀ ਹੈ, ਅਤੇ ਹਰ ਚੋਣ ਲੜ ਰਹੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਮੁਕੰਮਲ ਸ਼ਰਾਬ ਬੰਦੀ ਦੀ ਮੰਗ ਲਾਗੂ ਕਰਨ ਦੀ ਗੱਲ ਆਖੀ ਜਾਂਦੀ ਹੈਪਰ ਭਾਰਤ ਦੇਸ਼ ਮਹਾਨ ਅਤੇ ਦੇਵ ਭੂੰਮੀ ਭਾਰਤ ਦੇ ਮਹਾਨ ਸਪੂਤ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ, ਸਹੁੰ ਚੁੱਕਦੇ ਹੀ ਸ਼ਰਾਬ ਦੀ ਵਿੱਕਰੀ ਦੇ ਠੇਕਿਆਂ ਦੀ ਗਿਣਤੀ ਇੰਨੀ ਵਧਾ ਦਿੰਦੇ ਹਨ, ਜਿਵੇਂ ਮੁਫਤ ਰਾਸ਼ਨ ਦੀਆਂ ਦੁਕਾਨਾਂ ਖੋਲ੍ਹ ਕੇ ਭੁੱਖੇ ਲੋਕਾਂ ਨੂੰ ਪੇਟ ਭਰਨ ਲਈ ਅਨਾਜ ਆਦਿ ਚੀਜ਼ਾਂ ਦਿਲ ਖੋਲ੍ਹ ਕੇ ਵੰਡਣੀਆਂ ਹੋਣ

ਜਦੋਂ ਤੋਂ ਇਹ ਚੋਣ ਚੱਕਰਵਿਊ ਅਤੇ ਚਲਾਕੀ ਭਰੀ ਗੰਧਲੀ ਰਾਜਨੀਤੀ ਦੀ ਸਮਝ ਆਉਣ ਲੱਗੀ ਤਾਂ ਇਸ ਤਿਗੜਮਵਾਜ਼ੀਆਂ ਨਾਲ ਭਰੀ ਸਿਆਸਤਦਾਨਾਂ ਦੀ ਦਲਦਲ ਦੀ ਗਹਿਰਾਈ ਵੱਲ ਧਿਆਨ ਹੀ ਨਹੀਂ ਦਿੱਤਾਹਰ ਪਾਰਟੀ ਦੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਵੇਖਕੇ ਅੰਦਾਜ਼ਾ ਲੱਗ ਜਾਂਦਾ ਸੀ ਕਿ ਇਹ ਇੱਕੋ ਹੀ ਥੈਲੀ ਦੇ ਚੱਟੇ-ਵੱਟੇ ਹਨਪਰ ਜਦੋਂ ਸਮਝ ਦੀ ਪੌੜੀ ਚੜ੍ਹਦੇ ਚੜ੍ਹਦੇ ਨੇ ਮੈਂ ਅਕਲ ਤੋਂ ਕੰਮ ਲੈਣਾ ਸ਼ੁਰੂ ਕੀਤਾ ਤਾਂ ਇਨ੍ਹਾਂ ਦੀਆਂ ਲੂੰਬੜ ਚਾਲਾਂ ਅਤੇ ਮਕੜ ਜਾਲ ਦੀਆਂ ਤਾਰਾਂ ਦੇ ਤਾਣੇ-ਬਾਣੇ ਦੀ ਖੇਡ ਸਮਝ ਆਈਉਪਰੋਕਤ ਹਾਲਾਤ ਨੂੰ ਮੁੱਖ ਰੱਖਦਿਆਂ ਇਸ ਬਾਰ ਚੋਣਾਂ ਵੇਲੇ ਹਰ ਪਾਰਟੀ ਦੇ ਮਨੋਰਥ ਪੱਤਰਾਂ ਵਿੱਚ ਵੋਟਰਾਂ ਨਾਲ ਕੀਤੇ ਵਾਅਦਿਆਂ ਵੱਲ ਧਿਆਨ ਰੱਖਿਆ ਕਿ ਕਿਹੜੀ ਪਾਰਟੀ ਕਿਹੜੇ ਕਿਹੜੇ ਝੂਠੇ ਲਾਰਿਆਂ ਦੇ ਲੌਲੀ ਪੌਪ ਵੰਡਦੀ ਹੈਇਸ ਬਾਰੇ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਤੋਂ ਇਲਾਵਾ ਲੋਕਾਂ ਨੇ ਨਵੀਂ ਉੱਭਰ ਰਹੀ ਆਮ ਆਦਮੀ ਪਾਰਟੀ (ਆਪ) ਨੂੰ ਤਰਜੀਹ ਦਿੱਤੀ, ਕਿਉਂਕਿ ਇਸ ਪਾਰਟੀ ਨੇ ਜ਼ੋਰ-ਸ਼ੋਰ ਨਾਲ ਹੋਕਾ ਦਿੱਤਾ ਸੀ ਕਿ ਇਸ ਵਾਰ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਸਾਨੂੰ ਜਿਤਾਓ, ਅਸੀਂ ਤੁਹਾਨੂੰ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਬਦਲਾਓ ਲਿਆ ਕੇ ਚੰਗਾ ਰਾਜ ਪ੍ਰਬੰਧ ਕਰਕੇ ਲੋਕਾਂ ਦੀਆਂ ਸਾਰੀਆਂ ਦੁੱਖ-ਤਕਲੀਫਾਂ ਪਹਿਲ ਦੇ ਅਧਾਰ ’ਤੇ ਹੱਲ ਕਰਾਂਗੇਨਸ਼ੇ, ਰਿਸ਼ਵਤ, ਬੇਰੁਜ਼ਗਾਰੀ, ਨੌਜਵਾਨਾਂ ਦੇ ਮਸਲੇ, ਕੱਚੇ-ਪੱਕੇ ਅਧਿਆਪਕਾਂ ਅਤੇ ਕਿਸਾਨਾਂ ਦੇ ਨਾਲ ਨਾਲ ਹੋਰ ਸਾਰੇ ਜ਼ਰੂਰੀ ਅਤੇ ਭਖਦੇ ਮਸਲਿਆਂ ਦਾ ਤੁਰੰਤ ਹੱਲ ਕਰਾਂਗੇ ਸੂਬੇ ਦੇ ਲੋਕਾਂ ਅਤੇ ਵੋਟਰਾਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕੀਤੇ ਵਾਅਦਿਆਂ ਉੱਪਰ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਅਤੇ 92 ਸੀਟਾਂ ਉੱਤੇ ਜਿੱਤ ਦਰਜ ਕਰਵਾ ਦਿੱਤੀ, ਜਿਸ ਕਾਰਨ ਪੰਜਾਬ ਦੀ ਸਿਆਸਤ ਉੱਤੇ (ਆਪ) ਪਾਰਟੀ ਕਾਬਜ਼ ਹੋ ਗਈਰਸਮ ਅਨੁਸਾਰ ਆਮ ਇਸ ਪਾਰਟੀ ਦੇ ਵਿਧਾਇਕਾਂ ਨੇ ਮੰਤਰੀ ਪਦ ਦੀ ਸਹੁੰ ਚੁੱਕਣ ਤੋਂ ਬਾਅਦ ਕੁਰਸੀਆਂ ਅਤੇ ਮਹਿਕਮੇ ਸਾਂਭ ਲਏਕੁਰਸੀਆਂ ’ਤੇ ਬੈਠਦੇ ਸਾਰ ਹੀ ਸਰਕਾਰ ਨੇ ਕਈ ਲੋਕ ਪੱਖੀ ਫੈਸਲੇ ਵੀ ਲਏ, ਜਿਨ੍ਹਾਂ ਵਿੱਚੋਂ ਸਾਰਿਆਂ ਤੋਂ ਚੰਗਾ ਫੈਸਲਾ ਸੀ ਹਰ ਨਵੇਂ-ਪੁਰਾਣੇ ਵਿਧਾਇਕ ਨੂੰ ਹਰ ਮਹੀਨੇ ਸਿਰਫ ਅਤੇ ਸਿਰਫ ਇੱਕ ਪੈਂਨਸ਼ਨ ਹੀ ਮਿਲੇਗੀਹੋਰ ਵੀ ਕਈ ਲੋਕ ਪੱਖੀ ਫੈਸਲੇ ਲਏ, ਜਿਸ ਨਾਲ ਆਮ ਜਨਤਾ ਨੂੰ ਉਮੀਦ ਬੱਝੀ ਕਿ ਇਸ ਪਾਰਟੀ ਦੀ ਸਰਕਾਰ ਕੁਝ ਚੰਗੇ ਕੰਮ ਕਰੇਗੀ ਅਤੇ ਬਦਲਾਵ ਜ਼ਰੂਰ ਰੰਗ ਲਿਆਵੇਗਾਪਰ ਅਫਸੋਸ ਸਰਕਾਰ ਵੱਲੋਂ ਨਸ਼ਿਆਂ ਅਤੇ ਸ਼ਰਾਬ ਦੇ ਵਗਦੇ ਦਰਿਆਵਾਂ ਨੂੰ ਠੱਲ੍ਹ ਪਾਉਣ ਦੀ ਬਜਾਏ ਪੰਜਾਬ ਵਿੱਚ ਸ਼ੁਰੂ-ਸ਼ੁਰੂ ਵਿੱਚ ਤਾਂ ਸੰਥੈਟਿਕ ਨਸ਼ਿਆਂ ਨੂੰ ਤਾਂ ਕੁਝ ਠੱਲ੍ਹ ਪਈ (ਹੁਣ ਹਾਲ ਓਹੀ ਹੈ) ਪਰ ਦੂਜੇ ਪਾਸੇ ਸ਼ਰਾਬ ਰਾਣੀ ਦੇ ਦਰਿਆਵਾਂ ਵਿੱਚ ਹੜ੍ਹ ਜਿਹਾ ਆ ਗਿਆਹਰ ਪਾਸੇ ਕੀਮਤਾਂ ਅਤੇ ਠੇਕਿਆਂ ਦੇ ਵਾਧੇ ਵਿੱਚ ਸੁਨਾਮੀ ਜਿਹਾ ਝਟਕਾ ਲੱਗ ਗਿਆ ਇੱਥੋਂ ਤਕ ਕਿ ਜਿਨ੍ਹਾਂ ਹਮਾਤੜਾਂ ਨੇ ਕਦੇ ਠੇਕੇ ਦਾ ਨਾਮ ਤਕ ਨਹੀਂ ਸੁਣਿਆ ਸੀ, ਉਹ ਪਤੰਦਰਾਂ ਵੀ ਕਈ ਕਈ ਠੇਕਿਆਂ ਜਾਂ ਹੋਲ ਸੇਲ ਦੇ ਮਾਲਕ ਬਣਕੇ ਲੁੱਡੀਆਂ, ਭੰਗੜੇ ਪਾਉਂਦੇ ਗਲੀਆਂ ਵਿੱਚ ਜਸ਼ਨ ਮਨਾਉਂਦੇ ਫਿਰਦੇ ਹਨਇਸ ਗੱਲ ਦੀ ਗਲੀ-ਗਲੀ, ਸ਼ਹਿਰ-ਸ਼ਹਿਰ ਅਅਤੇ ਹਰ ਮਹੱਲੇ ਚਰਚਾ ਵੀ ਹੈ ਕਿ ਇਸ ਬਾਰ ਮਾਣਯੋਗ ਸਰਕਾਰ ਨੇ ਵੱਡੇ ਸ਼ਹਿਰਾਂ ਵਿੱਚ ਥੋੜ੍ਹੀ ਜਿੰਨੀ ਲਾਈਸੰਸ ਫੀਸ ਭਰਕੇ ਕੋਈ ਦੁਕਾਨਦਾਰ ਸ਼ਰਾਬ ਰੱਖਕੇ ਵੇਚ ਸਕਦਾ ਹੈ ਇੱਥੇ ਹੀ ਬੱਸ ਨਹੀਂ, ਸਰਕਾਰ ਜੀ ਨੇ ਤਾਂ ਬੀਬੀਆਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਕੇ ਉਨ੍ਹਾਂ ਦਾ ਕੱਦ ਉੱਚਾ ਕਰ ਦਿੱਤਾਉਨ੍ਹਾਂ ਵਿੱਚੋਂ ਝਾਂਸੀ ਦੀ ਰਾਣੀ ਜਿਹੀ ਝਲਕ ਦਿਸਣ ਲਾ ਕੇ ਦੇਸ਼ ਅੰਦਰ ਪਹਿਲੀ ਵਾਰ ਮਿਸਾਲ ਕਾਇਮ ਕਰਨ ਦਾ ਮਾਣ ਹਾਸਲ ਕਰ ਲਿਆਵਾਹ! ਮੇਰੇ ਰੰਗਲੇ ਬਣ ਰਹੇ ਪੰਜਾਬ ਦੇ ਮਹਾਨ ਸ਼ਾਸਕੋ! ਮੈਂ ਤੁਹਾਨੂੰ ਇਸ ਮਹਾਨ ਕ੍ਰਾਂਤੀਕਾਰੀ ਪਹਿਲ ਦੀ ਦੁਖੀ ਦਿਲ ਨਾਲ ਅੰਦਰੋਂ ਵਧਾਈ ਦਿੰਦਾ ਹਾਂ

ਵਰਤਮਾਨ ਸਰਕਾਰ ਜੀ ਨੇ ਚੋਣ ਸਮੇਂ ਜੋ ਜੋ ਗਰੰਟੀਆਂ ਦਿੱਤੀਆਂ ਸਨ ,ਉਹ ਹੌਲੀ-ਹੌਲੀ ਪੂਰੀਆਂ ਕਰਨੀਆਂ ਸ਼ੁਰੂ ਤਾਂ ਕਰ ਦਿੱਤੀਆਂ ਹਨ, ਜੇ ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ ਹਜ਼ਾਰ ਹਜ਼ਾਰ ਰੁਪਏ ਨਹੀਂ ਆਏ ਤਾਂ ਫਿਰ ਕੀ ਪਹਾੜ੍ਹ ਡਿਗ ਪਿਆ, ਉਸ ਦੀ ਥਾਂ ਔਰਤਾਂ ਨੂੰ ਪੰਜ ਰਤਨੀ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੀਆਂ ਸਹੂਲਤਾਂ ਦੇਣੀਆਂ ਕਿਹੜੀਆਂ ਗਰੰਟੀਆਂ ਵਿੱਚ ਸਨ, ਹਜ਼ਾਰ ਹਜ਼ਾਰ ਖਾਤੇ ਵਿੱਚ ਨਹੀਂ ਆਏ ਤਾਂ ਪੱਕੀ ਆਮਦਨ ਦਾ ਜੁਗਾੜ ਹੀ ਸਹੀਇੰਝ ਕਰਕੇ ਸਰਕਾਰ ਜੀ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਵਾਲਾ ਮਾਅਰਕੇ ਦਾ ਕੰਮ ਕੀਤਾ। ਬੀਬੀਆਂ ਨੂੰ ਪੰਜ ਰਤਨੀ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਜ਼ਤ ਦੇ ਕੇ ਤੇ ਬੱਸਾਂ ਵਿੱਚ ਮੁਫ਼ਤ ਸਫਰ ਦੀਆਂ ਸਹੂਲਤਾਂ ਜਾਰੀ ਕਰਕੇ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਨਾਲ ਪੱਕੇ ਤੌਰ ’ਤੇ ਜੋੜ ਲਿਆ, ਨਾਲੇ ਵਿਚਾਰੇ ਸ਼ਰਾਬੀਆਂ ਦੀ ਜੂਨ ਸੁਧਰ ਗਈ। ਪਹਿਲਾਂ ਜਦੋਂ ਸ਼ਰਾਬੀ ਸ਼ਰਾਬ ਪੀ ਕੇ ਘਰ ਜਾਂਦਾ ਸੀ ਤਾਂ ਘਰ ਦੇ ਸਾਰੇ ਮੈਂਬਰਾਂ ਵਲੋਂ ਉਸਦਾ ਗਾਲ੍ਹਾਂ, ਝਿੜਕਾਂ, ਰੋਟੀ ਤਕ ਨਾ ਦੇਣੀ ਜਾਂ ਫਿਰ ਕਈ ਵਾਰ ਜੁਤ-ਪੱਤਾਣ ਨਾਲ ਵੀ ਸੇਵਾ ਕਰਕੇ ਸਵਾਗਤ ਕੀਤਾ ਜਾਂਦਾ ਸੀ, ਪਰ ਹੁਣ ਘਰਾਂ ਵਿੱਚ ਇੱਜ਼ਤ-ਮਾਣ ਮਿਲਦਾ ਹੈ, ਕਿਉਂਕਿ ਹੁਣ ਔਰਤਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦੇ ਕੇ ਸਾਰੇ ਪਰਿਵਾਰ ਨੂੰ ਪੰਜ ਰਤਨੀ ਦੇ ਗੁਣਾਂ ਬਾਰੇ ਚਾਨਣ ਹੋ ਗਿਆ ਹੈਪਰ ਸਰਕਾਰ ਜੀ ਸਾਡੇ ਦੇਸ਼, ਖ਼ਾਸ ਕਰਕੇ ਪੰਜਾਬ ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ ਅਤੇ ਧਰਮਾਂ ਨਾਲ ਬੱਝਿਆ ਹੋਣ ਕਰਕੇ ਇੱਥੇ ਸਾਡੇ ਲੋਕਾਂ ਨੂੰ ਪਰਿਵਾਰਕ ਸੰਸਕਾਰ ਅਤੇ ਸਾਡਾ ਸੱਭਿਆਚਾਰ ਇਨ੍ਹਾਂ ਗੱਲਾਂ ਦੀ ਹਾਮੀ ਨਹੀਂ ਭਰਦਾਤੁਹਾਡੀ ਸਰਕਾਰ ਨੇ ਜਿਹੜਾ ਔਰਤਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਖ਼ੋਲਣ ਦੀ ਨਵੀਂ ਨੀਤੀ ਦੀ ਬੁਨਿਆਦ ਦਾ ਨੀਂਹ ਪੱਥਰ ਰੱਖ ਦਿੱਤਾ, ਇਸ ਬਦਲਾਓ ਨਾਲ ਆਮ ਲੋਕਾਂ ਅਤੇ ਘਰਾਂ ਦੀ ਬਰਬਾਦੀ ਤੈਅ ਹੋਵੇਗੀਇਸਦੇ ਉਦਘਾਟਨ ਦਾ ਨੀਂਹ ਪੱਥਰ ਨਾ ਰੱਖਿਓ ਜੀ! ਪਹਿਲਾਂ ਜਿਹੜੀਆਂ ਔਰਤਾਂ ਅਤੇ ਪਰਿਵਾਰ ਸ਼ਰਾਬ ਨੂੰ ਘਰਾਂ-ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਸਮਝਦੇ ਹੋਏ ਆਪਣੇ ਪਿੰਡ ਵਿੱਚ ਤਾਂ ਕੀ ਦੂਜੇ ਪਿੰਡ ਦੇ ਠੇਕੇਦਾਰ ਨੂੰ ਵੀ ਉਸਦੇ ਪਿੰਡ ਦੀ ਹੱਦ ਅੰਦਰ ਅਤੇ ਆਪਣੇ ਪਿੰਡ ਦੀ ਹੱਦ ਨਾਲ ਠੇਕੇ ਵੀ ਖੋਲ੍ਹਣ ਦਾ ਵੀ ਡਟਕੇ ਵਿਰੋਧ ਕਰਦੀਆਂ ਸਨ, ਕਿਉਂਕਿ ਉਨ੍ਹਾਂ ਨੂੰ ਖਤਰਾ ਮਹਿਸੂਸ ਹੁੰਦਾ ਸੀ ਕਿ ਜੇ ਠੇਕਾ ਪਿੰਡ ਦੀ ਹੱਦ ’ਤੇ ਖੁੱਲ੍ਹ ਗਿਆ ਤਾਂ ਉਨ੍ਹਾਂ ਦੇ ਪਿੰਡ ਦੇ ਲੋਕ ਅਸਾਨੀ ਨਾਲ ਉਸ ਠੇਕੇ ਤੋਂ ਸ਼ਰਾਬ ਖਰੀਦ ਕੇ ਪੀਣਗੇ ਅਤੇ ਘਰਾਂ ਨੂੰ ਬਰਬਾਦ ਕਰਨਗੇਪਰ ਮੌਕੇ ਦੀ ਸਰਕਾਰ ਜੀ ਨੇ ਬੀਬੀਆਂ ਦੇ ਇਸ ਡਰ ਨੂੰ ਦੂਰ ਕਰਨ ਲਈ ਐਸਾ ਮਾਅਰਕੇ ਦਾ ਕੰਮ ਕੀਤਾ ਉਨ੍ਹਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਵਾਕੇ ਸ਼ਰਾਬ ਦੇ ਕਾਰੋਬਾਰ ਵਿੱਚ ਹਿੱਸੇਦਾਰ ਬਣਾਕੇ ਇੱਕ ਯੁਗ ਪਲਟਾਉ ਫੈਸਲਾ ਕਰਕੇ ਸੂਬੇ ਦੀ ਸਰਕਾਰ ਚੈਂਪੀਅਨ ਬਣਨ ਦੀ ਪਹਿਲੀ ਕਤਾਰ ਵਿੱਚ ਸ਼ਾਮਲ ਹੋ ਚੁੱਕੀ ਹੈ, ਇਸ ਪਹਿਲ ਕਦਮੀਂ ਕਰਨ ਵਾਲੀ ਸਰਕਾਰ ਜੀ ਨੂੰ ਦੁਖੀ ਦਿਲੋਂ ਲੱਖ ਬਾਰ ਵਧਾਈ ਦਿੰਦਾ ਹਾਂ!

ਪਰ ਸਰਕਾਰ ਜੀ ਉਕਤ ਘਟਨਾ ਚੱਕਰ ਨਾਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਪ ਜੀ ਦੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਸੀ ਕਿ ਜੇ ਸਾਡੀ ਪਾਰਟੀ ਸਰਕਾਰ ਬਣਾਏਗੀ ਤਾਂ 24ਘੰਟਿਆਂ ਵਿੱਚ ਨਸ਼ੇ ਬੰਦ ਕਰ ਦਿੱਤੇ ਜਾਣਗੇ ਜਾਂ ਫਿਰ ਇੱਕ ਹਫਤੇ ਵਿੱਚ ਤਾਂ ਪੱਕੇ ਬੰਦ ਹੋਣਗੇਪਰ ਸਰਕਾਰ ਜੀ ਸ਼ਰਾਬ ਜੀ ਦੇ ਪੰਜ ਰਤਨੀ ਠੇਕਿਆਂ ਦੀ ਗਿਣਤੀ ਤਾਂ ਸੁੱਖ ਨਾਲ ਪੰਜ ਤੋਂ ਦੱਸ ਗੁਣਾਂ ਤਕ ਲੋਕਾਂ ਦੀ ਸੇਵਾ ਵਿੱਚ ਪਰੋਸ ਦਿੱਤੀ ਅਤੇ ਰਹਿੰਦੀ ਕਸਰ ਸਾਡੇ ਘਰਾਂ ਦੀਆਂ ਇੱਜ਼ਤਦਾਰ ਅਖਵਾਉਣ ਵਾਲੀਆਂ ਧੀ-ਧਿਆਣੀਆਂ ਨੂੰ ਪੰਜ ਰਤਨੀ ਦੁਕਾਨਾਂ ਨੂੰ ਚਲਾਉਣ ਦੀ ਆਗਿਆ ਦੇ ਕੇ ਪੁਰੀ ਕਰ ਦਿੱਤੀ? ਹੋਰ ਤਾਂ ਕੋਈ ਗੱਲ ਨਹੀਂ, ਮੈਂ ਔਰਤ ਜਾਤੀ ਜਾਂ ਦੇਵ ਭੂੰਮੀ ਭਾਰਤ ਦੀਆਂ ਬੀਬੀਆਂ ਦੀ ਆਜ਼ਾਦੀ ਜਾਂ ਹਰ ਖੇਤਰ ਵਿੱਚ ਹੁੰਦੀ ਤਰੱਕੀ ਦਾ ਹਾਮੀ ਹਾਂ ਪਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਵਾਲੇ ਕਿੱਤੇ ਉੱਪਰ ਕੁਝ ਹੋਰ ਸੋਚ ਰੱਖਦਾ ਹਾਂ। ਪਰ ਆਪ ਜੀ ਤਾਂ ਸਰਕਾਰ ਚਲਾ ਰਹੇ ਹੋ, ਇਸ ਲਈ ਜ਼ਰੂਰੀ ਨਹੀਂ ਕਿ ਆਪ ਮੇਰੇ ਵਰਗੇ ਘੱਟ ਸੋਚ ਰੱਖਣ ਵਾਲੇ ਐਰੇ ਗੈਰੇ ਆਮ ਆਦਮੀ ਦੀ ਸੋਚ ਨਾਲ ਸਹਿਮਤ ਹੋਵੋ, ਸਰਕਾਰ ਤਾਂ ਸਰਕਾਰ ਹੀ ਹੁੰਦੀ ਹੈ ਜੀ!

ਸਰਕਾਰ ਜੀ, ਤੁਹਾਡੇ ਬਦਲਾਓ ਵਾਲੇ ਪ੍ਰੋਗਰਾਮ ਅਨੁਸਾਰ ਤੁਹਾਡੇ ਵੱਲੋਂ ਕੀਤੇ ਕਈ ਬਦਲਾਓ ਬਹੁਤ ਚੰਗੇ ਅਤੇ ਸ਼ਲਾਗਾਯੋਗ ਹਨ, ਪਰ ਸਰਕਾਰ ਜੀ ਹਰ ਸੜਕ, ਹਰ ਮੋੜ ’ਤੇ ਅਤੇ ਹਰ ਚੌਂਕ ਵਿੱਚ ਠੇਕਿਆਂ ਦੀ ਭਰਮਾਰ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸ਼ਰਾਬ ਦੇ ਖੇਤਰ ਵਿੱਚ ਹੜ੍ਹਾਂ ਦਾ ਰੂਪ ਧਾਰੀ ਸ਼ਰਾਬ ਦੀਆਂ ਨਦੀਆਂ ਨਹੀਂ, ਸ਼ਰਾਬ ਦੇ ਹੜ੍ਹ ਵਗ ਰਹੇ ਹਨ ਕੀ ਸ਼ਰਾਬ ਘਰ ਉਜਾੜਨ ਵਾਲਾ ਨਸ਼ਾ ਨਹੀਂ? ਕੀ ਸ਼ਰਾਬ ਤੁਹਾਡੀ ਨਸ਼ਾ ਰੋਕੂ ਗਰੰਟੀ ਤੋਂ ਬਾਹਰ ਦਾ ਮੁੱਦਾ ਹੈ? ਜੇ ਬਾਹਰ ਦਾ ਮੁੱਦਾ ਹੈ, ਤਾਂ ਕਿਉਂ? ਜੇ ਅੰਦਰ ਦਾ ਮੁੱਦਾ ਹੈ ਤਾਂ ਪੰਜਾਬ ਦੇ ਚੱਪੇ ਚੱਪੇ ’ਤੇ ਸ਼ਰਾਬ ਦੇ ਠੇਕੇ ਕਿਉਂ ਹਨ? ਸਰਕਾਰ ਜੀ ਕੀ ਆਪ ਇਸ ਘਟਨਾਚੱਕਰ ਤੋਂ ਅਣਜਾਣ ਹੋ, ਜਾਂ ਜਾਣਦੇ ਹੋਏ ਵੀ ਕੁਝ ਕਰਨ ਲਈ ਤਿਆਰ ਨਹੀਂ ਹੋ? ਜੇ ਇੰਝ ਹੈ ਤਾਂ ਬਹੁਤ ਵੱਡਾ ਘਾਲਾ-ਮਾਲਾ ਹੈਇਸ ਮਸਲੇ ਵੱਲ ਤੁਰੰਤ ਅਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਇਹ ਮਸਲਾ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਦੀ ਬਰਬਾਦੀ ਜਾਂ ਖੁਸ਼ਹਾਲੀ ਨਾਲ ਜੁੜਿਆ ਹੈ

ਉਪਰੋਕਤ ਸਾਰਾ ਕੁਝ ਨਸ਼ਿਆਂ ਵਿੱਚੋਂ ਸਭ ਤੋਂ ਪਹਿਲਾਂ ਪਿੰਡਾਂ ਦੇ ਲੋਕ ਮਿਲਾਵਟੀ ਸ਼ਰਾਬ ਜਾਂ ਘਰ ਦੀ ਕੱਢੀ ਜਿਸ ਨੂੰ ਲੋਕ ਰੂੜੀ ਮਾਰਕਾ ਕਹਿੰਦੇ ਹਨ, ਪੀ ਕੇ ਕਮਲੇ ਹੋਣ ਦਾ ਜਾਂ ਸਰੀਰਾਂ ਅਤੇ ਘਰ-ਪਰਿਵਾਰਾਂ ਦੀ ਤਬਾਹੀ ਦਾ ਮੁੱਢ ਬੰਨ੍ਹਦੇ ਸਨਬਾਕੀ ਜੋ ਨਵੇਂ ਜਾਂ ਸੰਥੈਟਿਕ ਨਸ਼ੇ ਹਨ ਇਹ ਤਾਂ ਬਹੁਤ ਲੇਟ ਮੈਦਾਨ ਵਿੱਚ ਆਏ ਹਨਇਸ ਲਈ ਆਪ ਜੀ ਦੀ ਸਰਕਾਰ ਨੇ ਸੁੱਖ ਨਾਲ ਜੋ ਮੁਢਲੀ ਬਿਮਾਰੀ ਸ਼ਰਾਬ ਦੇ ਠੇਕਿਆਂ ਦਾ ਸੂਬੇ ਵਿੱਚ ਹੜ੍ਹ ਜਿਹਾ ਲਿਆ ਦਿੱਤਾ, ਇਹ ਜਨਤਾ ਲਈ ਤਬਾਹੀ ਦਾ ਕਾਰਨ ਬਣੇਗਾਇਸ ਬਾਰੇ ਜਲਦੀ ਸੋਚਣ ਦੀ ਲੋੜ ਹੈ

ਮੇਰੇ ਅੰਦਰ ਇੱਕ ਡਰ ਜਿਹਾ ਬੈਠ ਗਿਆ ਹੈ, ਸਾਡੇ ਵੱਡੇ-ਵਡੇਰੇ ਬਹੁਤ ਸਿਆਣੇ ਅਤੇ ਤਜਰਬੇਕਾਰ ਸਨ ਅਤੇ ਉਨ੍ਹਾਂ ਦੇ ਤਜਰਬੇ ਕਹਾਵਤਾਂ ਜਾਂ ਪਖਾਣੇ ਸੱਚ ਵੀ ਸਾਬਤ ਹੁੰਦੇ ਹਨ, ਜਿਵੇਂ ਕਿ ਖਰਬੂਜੇ ਨੂੰ ਵੇਖਕੇ ਖਰਬੂਜਾ ਰੰਗ ਬਦਲਦਾ ਹੈ, ਜਾਂ ਜੈਸੀ ਬੈਠਕ ਤੈਸੀ ਸੋਹਬਤ’ ਇੰਝ ਜਿਹੜੀਆਂ ਬੀਬੀਆਂ ਨੇ ਸ਼ਰਾਬ ਦੀਆਂ ਦੁਕਾਨਾਂ ਖ਼ੋਲ੍ਹ ਲਈਆਂ, ਉਨ੍ਹਾਂ ਦੇ ਰਹਿਣ-ਸਹਿਣ, ਬੋਲ-ਚਾਲ, ਖਾਣ-ਪੀਣ ਅਤੇ ਰੁਤਬੇ ਵਿੱਚ ਤੁਹਾਡੇ ਵੱਲੋਂ ਕੀਤੇ ਬਦਲਾਓ ਦੀ ਝਲਕ ਜ਼ਰੂਰ ਨਜ਼ਰ ਆਵੇਗੀ ਜਿੱਥੇ ਉਹ ਸ਼ਰਾਬ ਪੀਣ ਵਾਲੀਆਂ ਬੀਬੀਆਂ ਵੱਲੋਂ ਖੁੱਲ੍ਹੀਆਂ ਦੁਕਾਨਾਂ ਤੋਂ ਰੋਜ਼ਾਨਾ ਸ਼ਰਾਬ ਖ਼ਰੀਦਣਗੀਆਂ ਤਾਂ ਖਰਬੂਜੇ ਦੇ ਰੰਗ ਬਦਲਣ ਵਾਲੀ ਗੱਲ ਮੁਤਾਬਿਕ ਕਿਤੇ ਨਾ ਕਿਤੇ ਕਦੇ ਨਾ ਕਦੇ ਸ਼ਰਾਬ ਦੀ ਦੁਕਾਨਾਂ ਚਲਾਉਣ ਵਾਲੀਆਂ ਬੀਬੀਆਂ ਦੇ ਮੰਨਾਂ ਅੰਦਰ ਤਾਂ ਆ ਸਕਦਾ ਹੈ ਕਿ ਜਿਹੜੇ ਹਜ਼ਾਰਾਂ ਲੋਕ ਰੋਜ਼ਾਨਾ ਸ਼ਰਾਬ ਪੀਂਦੇ ਹਨ, ਇਸ ਵਿੱਚ ਜ਼ਰੂਰ ਕੋਈ ਚੰਗੇ ਤੱਤ ਹੋਣਗੇ, ਕਿਉਂ ਨਾ ਇੱਕ ਦੋ ਪੈੱਗ ਆਪਾਂ ਵੀ ਪੀ ਕੇ ਵੇਖ ਲਈਏਇੰਝ ਠੇਕਿਆਂ ਤੋਂ ਤੁਰਦੀ ਪੈੱਗਾਂ ਦੀ ਆਦਤ ਜਾਂ ਚਸਕਾ ਘਰਾਂ ਦੀਆਂ ਦਹਿਲੀਜ਼ਾਂ ਅੰਦਰ ਵੜ ਕੇ ਘਰ-ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਬਣ ਜਾਵੇ

ਖਰਬੂਜੇ ਤੋਂ ਅੱਗੇ ਲੋਕ ਕਥਾ ਹੈ, ਬੈਠਕ ਸੋਬਤ ਦੀ, ਸੁਣਿਆ ਹੈ ਕਿ ਇੱਕ ਸ਼ਿਕਾਰੀ ਅਤੇ ਇੱਕ ਕਿਸੇ ਸਾਧ ਦੇ ਅੰਨ੍ਹੇ ਸ਼ਰਧਲੂ ਦੀ ਦੋਸਤੀ ਸੀ ਇੱਕ ਦਿਨ ਕਿਸੇ ਸਾਧ ਦਾ ਸ਼ਰਧਾਲੂ ਸ਼ਿਕਾਰੀ ਨੂੰ ਕਹਿਣ ਲੱਗਾ ਕਿ ਸੰਤ ਜੀ ਬਹੁਤ ਪੱਕੇ ਇਰਾਦੇ ਵਾਲੇ ਹਨ ਉਨ੍ਹਾਂ ਨੂੰ ਕੋਈ ਬਦਲ ਨਹੀਂ ਸਕਦਾਇਹ ਗੱਲ ਕੁਣਕੇ ਸ਼ਿਕਾਰੀ ਕਹਿੰਦਾ, “ਮੈਂ ਤੇਰੇ ਸੰਤ ਦਾ ਮੰਨ ਬਦਲ ਸਕਦਾ ਹਾਂ ਪਰ ਸ਼ਰਤ ਇਹ ਹੈ ਤੂੰ ਉਸ ਨੂੰ ਆਪਣੇ ਵਿੱਚ ਹੋਈ ਗੱਲ ਦੱਸਣੀ ਨਹੀਂ।” ਦੋਵਾਂ ਦੀ ਸ਼ਰਤ ਲੱਗ ਗਈ ਇੱਕ ਦਿਨ ਦੋਨੋ ਇਕੱਠੇ ਸਾਧੂ ਦੇ ਡੇਰੇ ਚਲੇ ਗਏ। ਸ਼ਿਕਾਰੀ ਆਪਣੇ ਨਾਲ ਦੋ ਤੀਰ ਕਮਾਨ ਅਤੇ ਦੋ ਬੰਡਲ ਤੀਰਾਂ ਦੇ ਲੈ ਗਿਆ। ਦੋਨੋਂ ਸੰਤ ਕੋਲ ਜਾ ਕੇ ਬੈਠ ਗਏ। ਚਾਹ-ਪਾਣੀ ਪੀ ਕੇ ਸੰਤ ਤੋਂ ਆਗਿਆ ਲੈ ਕੇ ਤੁਰਨ ਤੋਂ ਪਹਿਲਾਂ ਸ਼ਿਕਾਰੀ ਨੇ ਸੰਤ ਨੂੰ ਕਿਹਾ, “ਸੰਤ ਜੀ, ਅੱਜ ਜ਼ਿਆਦਾ ਲੋੜ ਮਹਿਸੂਸ ਕਰਦਾ ਹੋਇਆ ਮੈਂ ਤੀਰ ਕਮਾਨ ਅਤੇ ਤੀਰਾਂ ਦੇ ਬੰਡਲ ਦੋ ਦੋ ਲੈ ਆਇਆ ਪਰ ਅੱਜ ਮੈਨੂੰ ਇੱਕ-ਇਕ ਚੀਜ਼ ਦੀ ਲੋੜ ਹੈ, ਇਸ ਲਈ ਇੱਕ ਤੀਰ ਕਮਾਨ ਅਤੇ ਇੱਕ ਤੀਰਾਂ ਦਾ ਬੰਡਲ ਇੱਥੇ ਰੱਖ ਚੱਲਿਆ ਹਾਂ, ਕੁਝ ਦਿਨਾਂ ਬਾਅਦ ਲੈ ਜਾਵਾਂਗਾ।”

ਦੋਨੋਂ ਉਲੀਕੇ ਪ੍ਰੋਗਰਾਮ ਅਨੁਸਾਰ ਡੇਰੇ ਵਿੱਚੋਂ ਚਲੇ ਗਏ ਅਤੇ ਸੰਤ ਜੀ ਵੱਲੋਂ ਬੈਠਕ-ਸੋਬਤ ਵਾਲਾ ਅਮਲ ਸ਼ੁਰੂ ਹੋ ਗਿਆ। ਕੁਝ ਦਿਨਾਂ ਬਾਅਦ ਸੰਤ ਜੀ ਡੇਰੇ ਵਿੱਚ ਬੈਠੇ ਕੋਈ ਜਾਪ ਕਰ ਰਹੇ ਸਨ, ਡੇਰੇ ਦੇ ਵਿੱਚ ਲੱਗੇ ਦਰਖਤਾਂ ਉੱਪਰ ਪੰਛੀਆਂ ਨੇ ਅਵਾਜ਼ਾਂ ਨਾਲ ਸ਼ੋਰ ਪਾ ਰੱਖਿਆ ਸੀ। ਸਾਧੂ ਜੀ ਮਹਾਰਾਜ ਨੇ ਤਜਰਬਾ ਕਰਨ ਲਈ ਤੀਰ ਕਮਾਨ ਉਠਾਇਆ ਅਤੇ ਪੰਛੀਆਂ ਵਾਲੇ ਪੇੜ ਵਿੱਚ ਚਲਾ ਦਿੱਤਾਵੇਖਦੇ ਹੀ ਵੇਖਦੇ ਦੋ-ਤਿੰਨ ਪੰਛੀ ਹੇਠਾਂ ਆ ਡਿਗੇ! ਇਹ ਸਿਲਸਿਲਾ ਇੱਕ ਮਹੀਨਾ ਚੱਲਦਾ ਰਿਹਾ। ਸੰਤ ਜੀ ’ਤੇ ਬੈਠਕ-ਸੋਬਤ ਵਾਲਾ ਜਾਦੂ ਪੂਰੀ ਤਰ੍ਹਾਂ ਅਸਰ ਕਰ ਚੁੱਕਿਆ ਸੀ। ਸਾਧੂ ਜੀ ਮਹਾਰਾਜ ਪੱਕੇ ਸ਼ਿਕਾਰੀ ਬਣ ਚੁੱਕੇ ਸਨ। ਉਹ ਰੋਜ਼ਾਨਾ ਜੰਗਲ ਵਿੱਚੋਂ ਸ਼ਿਕਾਰ ਮਾਰ ਕੇ ਲਿਆਉਣ ਅਤੇ ਖਾਣ ਵਿੱਚ ਨਿਪੁੰਨ ਹੋ ਗਏ। ਇੱਕ ਮਹੀਨੇ ਬਾਅਦ ਜਦੋਂ ਸ਼ਿਕਾਰੀ ਅਤੇ ਉਸ ਦੇ ਦੋਸਤ ਨੇ ਡੇਰੇ ਆ ਕੇ ਉਸ ਦੇ ਚੇਲਿਆਂ ਨੂੰ ਸੰਤ ਬਾਰੇ ਪੁੱਛਿਆ ਤਾਂ ਪਤਾ ਲੱਗਾ ਕਿ ਸੰਤ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਹੋਏ ਸਨ

ਉਕਤ ਦੋਂਹਾਂ ਕਹਾਵਤਾਂ ਤੋਂ ਗੱਲ ਸਾਫ ਹੋ ਜਾਂਦੀ ਹੈ ਕਿ ਠੇਕਿਆਂ ਦੇ ਹੜ੍ਹਾਂ ਵਿੱਚ ਅਤੇ ਬੀਬੀਆਂ ਨੂੰ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਵਾਉਣ ਵਿੱਚ ਭਾਗੀਦਾਰ ਬਣਾਉਣ ਕਾਰਨ ਰੰਗਲਾ ਪੰਜਾਬ ਕਿਤੇ ਕੰਗਲੇ ਪੰਜਾਬ ਦੀ ਬਰਬਾਦੀ ਦੇ ਕੰਢੇ ਖੜ੍ਹਾ ਨਾ ਹੋ ਜਾਵੇ। ਸੋ ਸਰਕਾਰ ਜੀ, ਸ਼ਰਾਬ ਦੇ ਇੰਨੇ ਠੇਕਿਆਂ ਦੀ ਸੁਨਾਮੀ ਵਿੱਚ ਕਿਤੇ ਪੰਜਾਬ ਦੇ ਲੋਕ ਅਤੇ ਪੰਜਾਬ ਹੀ ਨਾ ਰੁੜ੍ਹ ਜਾਵੇ? ਇਸ ਸਿਸਟਮ ਦੀ ਦਰੁਸਤੀ ਜਲਦੀ ਧਿਆਨ ਮੰਗਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4266)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜੰਗੀਰ ਸਿੰਘ ਦਿਲਬਰ

ਜੰਗੀਰ ਸਿੰਘ ਦਿਲਬਰ

Barnala, Punjab, India.
Phone: (98770-33838)