JangirSDilbar 7ਮੈਂ ਦੇਸ਼ ਦੇ ਸਾਰੇ ਹੀ ਲੀਡਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਾਰੇ ਮੱਤ ਭੇਦ ਭੁਲਾ ਕੇ ਦੇਸ਼ ਦੀ ...
(28 ਸਤੰਬਰ 2023)


ਬਹੁਤ ਹੀ ਦੁੱਖ ਦੀ ਗੱਲ ਹੈ ਕਿ ਦੇਵ ਭੂਮੀ ਭਾਰਤ, ਜਿਸ ਨੂੰ ਸਾਡੇ ਪ੍ਰਚਾਰਕ ਗੁਰੂਆਂ
, ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁੰਨੀਆਂ, ਹੋਰ ਪਤਾ ਨਹੀਂ ਕਿਹੜੇ ਕਿਹੜੇ ਦੇਵੀ ਦੇਵਤਿਆਂ ਦੀ ਧਰਤੀ ਲਿਖਦੇ ਅਤੇ ਬੋਲਦੇ ਨਹੀਂ ਥੱਕਦੇ, ਉੱਥੋਂ ਜ਼ਹਿਰ ਵੀ ਮਿਲਾਵਟੀ ਮਿਲਦੀ ਹੈ। ਹਰ ਸ਼ਹਿਰ, ਹਰ ਪਿੰਡ ਵਿਚ ਮਿਲਾਵਟੀ ਚੀਜ਼ਾਂ ਤਿਆਰ ਕਰਨ ਵਾਲੇ ਛੋਟੇ ਛੋਟੇ ਯੂਨਿਟ ਪੜਤਾਲ ਕਰਨ ’ਤੇ ਆਮ ਮਿਲ ਜਾਣਗੇ। ਸ਼ਹਿਰਾਂ ਦੇ ਨਾਲ ਨਾਲ ਲਗਦੇ ਪਿੰਡਾਂ ਵਿੱਚ ਮਿਲਾਵਟ ਦੇ ਸੌਦਾਗਰਾਂ ਨੇ ਮਕਾਨ ਕਿਰਾਏ ਤੇ ਲੈ ਕੇ ਹਰ ਕਿਸਮ ਦੀ ਮਿਲਾਵਟੀ ਚੀਜ਼ ਤਿਆਰ ਕਰਨ ਦੇ ਅੱਡੇ ਬਣਾਏ ਹੋਏ ਹਨ। ਬਹੁਤ ਸਾਰੇ ਵਪਾਰੀਆਂ ਨੇ ਵੱਡੇ ਵੱਡੇ ਗੁਦਾਮ ਬਣਾਏ ਹੋਏ ਹਨ ਜਿੱਥੋਂ ਲੱਖਾਂ ਰੁਪਏ ਦਾ ਨਕਲੀ-ਅਸਲੀ ਸਮਾਨ ਬਿਨਾਂ ਬਿੱਲਾਂ ਤੋਂ ਦੋ ਨੰਬਰ ਵਿਚ ਵੇਚ ਕੇ ਕਰੋੜਾਂ ਰੁਪਏ ਦੇ ਜੀਐੱਸਟੀ ਟੈਕਸ ਦੀ ਚੋਰੀ ਕੀਤੀ ਜਾਂਦੀ ਹੈ।

ਕਈ ਪਿੰਡਾਂ ਅਤੇ ਸ਼ਹਿਰਾਂ ਦੀਆਂ ਬਸਤੀਆਂ ਵਿੱਚ ਨਕਲੀ ਚੀਜ਼ਾਂ ਤਿਆਰ ਕਰਨ ਦੀਆਂ ਫੈਕਟਰੀਆਂ ਚੱਲਦੀਆਂ ਹਨ, ਜਿੱਥੋਂ ਹਰ ਤਰ੍ਹਾਂ ਦੇ ਨਕਲੀ ਪੇਂਟ ਤਿਆਰ ਕਰਕੇ ਮਸ਼ਹੂਰ ਕੰਪਨੀਆਂ ਦੇ ਲੇਬਲ ਲਾ ਕੇ ਵੇਚੇ ਜਾਂਦੇ ਹਨ। ਅੱਜਕਲ ਵਿਕਣ ਵਾਲਾ ਹਰ ਕਿਸਮ ਦਾ ਸੋਡਾ, ਗੋਲੀ ਵਾਲਾ ਸੋਡਾ, ਹੋਰ ਵੀ ਸੋਡੇ ਨਕਲੀ ਵਿਕ ਰਹੇ ਹਨ। ਪਰ ਅਫਸੋਸ ਸਾਡੇ ਸਿਹਤ ਵਿਭਾਗ ਦੇ ਸੈਂਪਲ ਭਰਨ ਵਾਲੇ ਭੱਦਰ ਪੁਰਸ਼ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ ਜਾਂ ਮਸਤ ਹਾਥੀ ਦੀ ਚਾਲ ਚੱਲ ਰਹੇ ਹਨ। ਇਹ ਮਿਲਾਵਟ ਖੋਰ ਸ਼ਰੇਆਮ ਆਪਣੇ ਕਾਲੇ ਧੰਦੇ ਚਲਾ ਰਹੇ ਹਨ। ਇਹਨਾਂ ਮਿਲਾਵਟਖੋਰਾਂ ਨੂੰ ਕੋਈ ਹੱਥ ਨਹੀਂ ਪਾਉਂਦਾ ਕਿਉਂਕਿ ਇਹ ਚੜ੍ਹਾਵਾ ਮੋਟਾ ਚਾੜ੍ਹਦੇ ਹਨ। ਜੇ ਕੋਈ ਸਮਾਜ ਸੇਵੀ ਇਹਨਾਂ ਮਿਲਾਵਟਖੋਰਾਂ ਦੀ ਸਿਹਤ ਵਿਭਾਗ ਕੋਲ ਸ਼ਿਕਾਇਤ ਦਰਜ ਕਰਵਾਉਂਦਾ ਹੈ ਤਾਂ ਸ਼ਿਕਾਇਤ ਕਰਤਾ ਦਾ ਨਾਮ ਅਤੇ ਛਾਪਾ ਮਾਰਨ ਦੀ ਤਰੀਖ ਅਤੇ ਸਮਾਂ ਮਿਲਾਵਟਖੋਰ ਪਾਸ ਪਹਿਲਾਂ ਪੁੱਜ ਜਾਂਦਾ ਹੈ ਤਾਂ ਕਿ ਦੋਸ਼ੀ ਬਚ ਜਾਵੇ ਅਤੇ ਸ਼ਿਕਾਇਤ ਕਰਤਾ ਦਾ ਸਿਰ ਪਾੜ ਦਿੱਤਾ ਜਾਵੇ ਜਾਂ ਉਸ ਨੂੰ ਤੇਜ਼ ਹਥਿਆਰਾਂ ਨਾਲ ਟੁਕੜੇ ਟੁਕੜੇ ਕਰਕੇ ਗੰਦੇ ਨਾਲ਼ੇ ਵਿਚ ਸੁੱਟ ਦਿੱਤਾ ਜਾਵੇ।

ਅੱਜ ਜਦੋਂ ਵੀ ਤੁਸੀਂ ਕੋਈ ਟੈਲੀਵਿਜਨ ਦਾ ਚੈਨਲ ਦੇਖਦੇ ਹੋ ਜਾਂ ਅਖਬਾਰਾਂ ਦੀਆਂ ਸੁਰਖੀਆਂ ਦੇਖਦੇ ਹੋ ਤਾਂ ਹਰ ਅਖਬਾਰ ਵਿਚ ਸਰਕਾਰ ਡੇਢ ਡੇਢ ਲੱਖ ਰੁਪਏ ਦੇ ਇਸ਼ਤਿਆਰ ਵੱਖ ਵੱਖ ਪੋਜ਼ਾਂ ਵਿਚ ਆਦਮ ਕੱਦ ਫੋਟੋਆਂ ਨਾਲ ਦੇ ਕੇ ਲੋਕਾਂ ਵਲੋਂ ਖੂਨ ਪਸੀਨੇ ਦੀ ਕਮਾਈ ਵਿੱਚੋਂ ਦਿੱਤੇ ਟੈਕਸ ਜੋ ਆਮ ਜਨਤਾ ਦੀ ਮਦਦ ਲਈ ਹੁੰਦੇ ਹਨ, ਉਹ ਆਪਣੀ ਹਰ ਖੇਤਰ ਕੀਤੀ ਅਧੂਰੀ ਕੀਤੀ ਤਰੱਕੀ ਬਾਰੇ ਝੂਠ ਪਰਚਾਰ ਲਈ ਅਖਬਾਰਾਂ ਦੇ ਮਾਲਕਾਂ ਨੂੰ ਭੇਂਟ ਦੇ ਤੌਰ ’ਤੇ ਪਰੋਸੇ ਜਾਂਦੇ ਹਨ! ਕੀ ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਹ ਵਿਖਾਈ ਨਹੀਂ ਦਿੰਦਾ ਜਾਂ ਚੇਤਾ ਨਹੀਂ ਆਉਂਦਾ ਕਿ ਦੇਸ਼ ਦੀ ਜਨਤਾ ਦੇ ਦੁਸ਼ਮਣ ਆਪਣੇ ਘਰ ਭਰਨ ਲਈ ਹਰ ਖਾਣ ਪੀਣ ਵਾਲੀ ਚੀਜ਼ ਵਿੱਚ ਜਹਿਰਾਂ ਘੋਲ ਰਹੇ ਹਨ? ਦੇਸ਼ ਦੇ ਇਹ ਅਖੌਤੀ ਲੋਕ ਸੇਵਕ ਲੀਡਰ ਆਪਣੀਆਂ ਮੁਫਤਖੋਰੀ ਦੀਆਂ ਸੁਖ ਸਹੂਲਤਾਂ ਦਾ ਤਿਆਗ ਕਰਕੇ ਲੋਕਾਂ ਦੀ ਜ਼ਿੰਦਗੀ ਨਾਲ ਹੁੰਦੇ ਖਿਲਵਾੜ ਨੂੰ ਰੋਕਣ ਲਈ ਯਤਨ ਕਿਉਂ ਨਹੀਂ ਕਰਦੇ? ਬਹੁਤ ਹੀ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਦੇ 99% ਰਾਜਨੀਤਕ ਲੀਡਰ ਸਿਰਫ ਤੇ ਸਿਰਫ ਆਪਣੀਆਂ ਜੇਬਾਂ ਭਰਨ ਦੇ ਨਾਲ ਨਾਲ ਕੁਰਸੀਆਂ ਹਾਸਲ ਕਰਨ ਦੇ ਲਾਲਚ ਵਿੱਚ ਹਰ ਸਮੇਂ ਬਾਂਦਰਾਂ ਦੀ ਤਰ੍ਹਾਂ ਟਪੂਸੀਆਂ ਮਾਰਕੇ ਪਹਿਲੀ ਮਾਂ ਪਾਰਟੀ ਦੀ ਪਿੱਠ ਵਿਚ ਖੰਜਰ ਮਾਰ ਕੇ, ਜਿਸ ਨੂੰ ਪਹਿਲਾਂ ਚੋਰਾਂ, ਠੱਗਾਂ, ਲੁਟੇਰਿਆਂ, ਗਦਾਰਾਂ ਦੀ ਪਾਰਟੀ ਕਹਿੰਦੇ ਸਨ, ਉਸ ਦੀ ਝੋਲੀ ਵਿਚ ਆਪਣੀ ਅਣਖ, ਜ਼ਮੀਰ ਨੂੰ ਪਾ ਦਿੰਦੇ ਹਨ। ਮੈਂ ਦੇਸ਼ ਦੇ ਸਾਰੇ ਹੀ ਲੀਡਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਾਰੇ ਮੱਤ ਭੇਦ ਭੁਲਾ ਕੇ ਦੇਸ਼ ਦੀ ਭੋਲੀ ਭਾਲੀ ਜਨਤਾ ਅਤੇ ਦੇਸ਼ ਦੇ ਵਾਰਸਾਂ ਨੂੰ ਇਸ ਮਿਲਾਵਟੀ ਕੈਂਸਰ ਦੀ ਨਾ-ਮੁਰਾਦ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਇਸ ਨੂੰ ਰਾਸ਼ਟਰੀ ਤੌਰ ’ਤੇ ਭਿਆਨਕ ਬਿਮਾਰੀ ਐਲਾਨ ਕੇ ਇਸ ਦਾ ਖਾਤਮਾ ਕਰਨ ਲਈ ਹੰਭਲਾ ਮਾਰੋ, ਨਹੀਂ ਤਾਂ ਇਕ ਦਿਨ ਇਹ ਬਿਮਾਰੀ ਨਸ਼ਿਆਂ ਤੋਂ ਵੱਧ ਖਤਰਨਾਕ ਸਾਬਤ ਹੋਵੇਗੀ ਅਤੇ ਦੇਸ਼ ਦੇ ਵਾਰਸਾਂ ਨੂੰ ਨਿਗਲ ਜਾਵੇਗੀ। ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਸੰਭਲ ਜਾਵੋ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4252)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜੰਗੀਰ ਸਿੰਘ ਦਿਲਬਰ

ਜੰਗੀਰ ਸਿੰਘ ਦਿਲਬਰ

Barnala, Punjab, India.
Phone: (98770-33838)