“ਬਜ਼ੁਰਗ ਦੀਆਂ ਅੱਖਾਂ ਵਿੱਚ ਬੇਵਸੀ ਦੇ ਅੱਥਰੂ ਛਲਕ ਪਏ ...”
(3 ਸਤੰਬਰ 2016)
(ਨੋਟ: ਪਾਠਕ ਇਹ ਲੇਖ ਪੜ੍ਹਨ ਤੋਂ ਪਹਿਲਾਂ ਜੇ 12 ਅਗਸਤ ਨੂੰ ‘ਸਰੋਕਾਰ’ ਵਿਚ ਛਪਿਆ ਪੁਸ਼ਪਿੰਦਰ ਮੋਰਿੰਡਾ ਦਾ ਲੇਖ ‘ਸੁਣਿਓ ਵੇ ਕਲਮਾਂ ਵਾਲਿਓ’ ਪੜ੍ਹ ਲੈਣ ਤਾਂ ਬਿਹਤਰ ਰਹੇਗਾ --- ਸੰਪਾਦਕ)
ਇਹ ਘਟਨਾ ਚਾਰ ਕੁ ਸਾਲ ਪਹਿਲਾਂ ਦੀ ਹੈ, ਜਦੋਂ ਮੈਨੂੰ ਘਰ ਤੋਂ ਕੰਮ ’ਤੇ ਜਾਂਦੇ ਸਮੇਂ ਇੱਕ ਪਗਡੰਡੀ ਨੁਮਾ ਰਸਤੇ ਵਿੱਚੋਂ ਲੰਘਣਾ ਪੈਂਦਾ ਸੀ। ਇਸੇ ਰਸਤੇ ਇੱਕ ਬਜ਼ੁਰਗ ਇੱਕ ਛੋਟੀ ਜਿਹੀ ਕੁੜੀ ਨੂੰ ਸਕੂਲ ਛੱਡਣ ਜਾਂਦਾ, ਮੁੱਖ ਸੜਕ ਪਾਰ ਕਰਵਾ ਕੇ ਵਾਪਸ ਚਲਾ ਜਾਂਦਾ। ਸ਼ਾਇਦ ਦਸੰਬਰ ਮਹੀਨੇ ਦੀ ਸੰਘਣੀ ਧੁੰਦ ਦੇ ਦਿਨਾਂ ਵਿੱਚ ਬੱਚੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਅਜਿਹਾ ਕਰਨਾ ਜ਼ਰੂਰੀ ਸਮਝਦਾ ਸੀ। ਰਿਸ਼ਤੇ ਤੋਂ ਦੋਵੇਂ ਜਣੇ ਦਾਦਾ ਅਤੇ ਪੋਤੀ ਲਗਦੇ ਸਨ। ਬਜ਼ੁਰਗ ਦੀ ਖਾਂਸੀ ਦੀ ਆਵਾਜ਼ ਕਦੇ ਕਦੇ ਮੈਨੂੰ ਗਾੜ੍ਹੀ ਧੁੰਦ ਵਿੱਚ ਦੂਰੋਂ ਹੀ ਸੁਣਾਈ ਦਿੰਦੀ ਤਾਂ ਮੈਂ ਆਪਣੀ ਰਫਤਾਰ ਘੱਟ ਕਰ ਲੈਂਦੀ ਅਤੇ ਉਹ ਕੁੜੀ ਦੌੜ ਕੇ ਮੇਰੇ ਨਾਲ ਰਲ ਜਾਂਦੀ। ਇਸ ਤਰ੍ਹਾਂ ਉਸ ਦਾ ਦਾਦਾ ਉੱਥੋਂ ਹੀ ਵਾਪਸ ਚਲਾ ਜਾਂਦਾ।
ਸਮਾਂ ਅਤੇ ਰਸਤਾ ਇੱਕ ਹੋਣ ਕਾਰਣ ਇਹ ਦੋਵੇਂ ਜਣੇ ਅਕਸਰ ਹਰ ਰੋਜ਼ ਹੀ ਮੈਨੂੰ ਮਿਲਦੇ। ਕੁੱਝ ਦਿਨਾਂ ਬਾਦ ਉਹ ਬਜ਼ੁਰਗ ਇਸ ਕੁੜੀ ਨੂੰ ਮੇਰੇ ਘਰ ਤੱਕ ਹੀ ਛੱਡ ਕੇ ਵਾਪਸ ਜਾਣ ਲੱਗ ਪਿਆ। ਕੁੜੀ ਬਾਕੀ ਪੈਂਡਾ ਮੇਰੇ ਨਾਲ ਮਿਲ ਕੇ ਤੈਅ ਕਰ ਲੈਂਦੀ ਅਤੇ ਬਜ਼ੁਰਗ ਆਪਣੇ ਆਪ ਨੂੰ ਬੇਫਿਕਰ ਮਹਿਸੂਸ ਕਰਦਾ।
ਇਸ ਕੁੜੀ ਨਾਲ ਮੇਰਾ 10-15 ਮਿੰਟ ਦਾ ਵਾਰਤਾਲਾਪ ਪੰਜਾਬ ਦੇ ਅੱਜਕਲ ਦੇ ਦੁਖਾਂਤ ਦੀ ਬਾਤ ਪਾਉਂਦਾ ਸੀ। ਮੇਰੇ ਅਤੇ ਚਰਨੀ ਵਿਚਕਾਰ ਨੇੜਤਾ ਵਧਦੀ ਗਈ। ਹਾਲਾਤ ਨਾਲ ਦੋ ਚਾਰ ਹੋ ਰਹੀ ਚਰਨੀ ਆਪਣੀ ਉਮਰ ਤੋਂ ਕਿਤੇ ਵੱਡੀਆਂ ਗੱਲਾਂ ਕਰਦੀ ਸੀ। ਚਰਨੀ ਦਾ ਪਿਤਾ ਨਸ਼ੇੜੀ ਸੀ। ਉਹ ਚਰਨੀ ਦੀ ਮਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਦਾ ਸੀ। ਨਸ਼ੇ ਦੀ ਪੂਰਤੀ ਲਈ ਘਰ ਦੇ ਡੰਗਰ ਪਸ਼ੂ ਤੱਕ ਸਭ ਕੁੱਝ ਵੇਚ ਦਿੱਤਾ ਗਿਆ ਸੀ। ਰੋਜ਼ ਮਰਾ ਦੇ ਅੱਤਿਆਚਾਰ ਤੋਂ ਤੰਗ ਆ ਕੇ ਚਰਨੀ ਦੀ ਮਾਂ ਅਚਾਨਕ ਘਰ ਤੋਂ ਚਲੀ ਗਈ ਸੀ,ਅਤੇ ਲੰਮਾ ਸਮਾਂ ਬੀਤ ਜਾਣ ਤੋਂ ਬਾਦ ਵੀ ਉਸ ਦਾ ਕੋਈ ਥਹੁ ਪਤਾ ਨਹੀਂ ਸੀ ਲੱਗਿਆ। ਛੇਵੀਂ ਜਮਾਤ ਵਿੱਚ ਪੜ੍ਹਦੀ ਚਰਨੀ ਆਪਣੇ ਛੋਟੇ ਭੈਣ ਭਰਾਵਾਂ ਲਈ ਮਾਂ ਵਰਗੀ ਭੂਮਿਕਾ ਵੀ ਨਿਭਾ ਰਹੀ ਸੀ। ਜਿਗਰ ਦੀ ਖਰਾਬੀ ਕਾਰਣ ਉਸ ਦੇ ਪਿਤਾ ਨਾਲ ਜੋ ਹੋਣ ਵਾਲਾ ਸੀ, ਉਸ ਤੋਂ ਉਹ ਭਲੀ ਭਾਂਤ ਜਾਣੂ ਸੀ। ਕਦੇ ਕਦੇ ਉਹ ਆਪਣੇ ਭਵਿੱਖ ’ਤੇ ਲੱਗੇ ਪ੍ਰਸ਼ਨ ਚਿੰਨ੍ਹ ਨੂੰ ਵੀ ਵਾਚਦੀ ਅਤੇ ਚੁੱਪ ਹੋ ਜਾਂਦੀ। ਬਜ਼ੁਰਗ ਦਾਦੇ ਦੀ ਨਾ ਮਾਤਰ ਬੁਢਾਪਾ ਪੈਨਸ਼ਨ ਘਰ ਦੇ ਗੁਜ਼ਾਰੇ ਲਈ ਕਾਫੀ ਨਹੀਂ ਸੀ।
ਇੱਕ ਦਿਨ ਚਰਨੀ ਨੂੰ ਫਟੇ ਪੁਰਾਣੇ ਚੀਥੜਿਆਂ ਵਿੱਚ ਦੇਖ ਕੇ ਮੇਰਾ ਮਨ ਭਾਵੁਕ ਹੋ ਗਿਆ। ਅਗਲੇ ਹੀ ਦਿਨ ਮੈਂ ਉਸ ਨੂੰ ਇੱਕ ਨਵਾਂ ਸੂਟ ਤਿਆਰ ਕਰਵਾ ਦਿੱਤਾ। ਅਤੇ ਨਾਲ ਇਹ ਵੀ ਕਹਿ ਦਿੱਤਾ ਕਿ ਜਿਸ ਦਿਨ ਉਹ ਨਵਾਂ ਸੂਟ ਪਹਿਨੇ, ਮੈਨੂੰ ਜ਼ਰੂਰ ਦਿਖਾ ਕੇ ਜਾਵੇ। ਉਹ ਝੱਟ ਹੀ ਮੇਰੇ ਨਾਲ ਸਹਿਮਤ ਹੋ ਗਈ। ਅਤੇ ਕਹਿਣ ਲੱਗੀ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਉਹ ਆਪਣੇ ਨਾਨਕੇ ਘਰ ਜਾਣ ਸਮੇਂ ਇਹ ਸੂਟ ਪਹਿਨੇਗੀ।
ਜੂਨ ਦੀਆਂ ਛੁੱਟੀਆਂ ਦਾ ਅੱਧ ਵਿਚਕਾਰ ਸੀ। ਸਵੇਰੇ ਸਵੇਰੇ ਗੇਟ ਦੀ ਘੰਟੀ ਵੱਜੀ। ਜਦੋਂ ਮੈਂ ਗੇਟ ਖੋਲ੍ਹ ਕੇ ਦੇਖਿਆ ਤਾਂ ਬਾਹਰ ਨਵੇਂ ਸੂਟ ਵਿੱਚ ਚਰਨੀ ਅਤੇ ਉਸਦਾ ਦਾਦਾ ਖੜ੍ਹੇ ਸਨ। ਇਹ ਮੇਰਾ ਅੰਦਾਜ਼ਾ ਸੀ ਕਿ ਅੱਜ ਚਰਨੀ ਜਰੂਰ ਆਪਣੇ ਨਾਨਕੇ ਘਰ ਜਾ ਰਹੀ ਹੈ। ਉਸ ਨੂੰ ਕਲਾਵੇ ਵਿੱਚ ਲੈਂਦਿਆਂ ਮੈਂ ਸੁਭਾਵਿਕ ਹੀ ਕਹਿ ਦਿੱਤਾ ਕਿ ਉਹ ਨਾਨਕਿਆਂ ਤੋਂ ਜਲਦੀ ਵਾਪਿਸ ਆ ਜਾਵੇ। ਬਜ਼ੁਰਗ ਦੀਆਂ ਅੱਖਾਂ ਵਿੱਚ ਬੇਵਸੀ ਦੇ ਅੱਥਰੂ ਛਲਕ ਪਏ। ਚਰਨੀ ਦੇ ਚਿਹਰੇ ਉੱਤੇ ਨਿਰੀ ਮਾਸੂਮੀਅਤ ਸੀ। ਉਹ ਹੱਥ ਹਿਲਾਉਂਦੀ ਬਾਏ ਬਾਏ ਕਰਦੀ ਰਵਾਨਾ ਹੋ ਗਈ।
ਛੁੱਟੀਆਂ ਖਤਮ ਹੋ ਚੁੱਕੀਆਂ ਸਨ ਪਰ ਚਰਨੀ ਵਾਪਸ ਨਹੀਂ ਆਈ। ਕਈ ਮਹੀਨੇ ਬੀਤ ਜਾਣ ਤੋਂ ਬਾਦ ਚਰਨੀ ਦੇ ਸਕੂਲ ਕਿਸੇ ਅਧਿਆਪਕਾ ਕੋਲੋਂ ਪਤਾ ਲੱਗਾ ਕਿ ਚਰਨੀ ਦੇ ਪਿਤਾ ਦੀ ਮੌਤ ਹੋ ਗਈ ਸੀ। ਪਿਤਾ ਦੀ ਮੌਤ ਤੋਂ ਬਾਦ ਉਸ ਦੇ ਬਜ਼ੁਰਗ ਦਾਦੇ ਨੇ ਉਸਨੂੰ ਕਿਸੇ ਯਤੀਮਖਾਨੇ ਨੂੰ ਸੌਂਪ ਦਿੱਤਾ ਸੀ। ਇੱਕ ਗੈਰ ਸਰਕਾਰੀ ਸੰਸਥਾ ਵਲੋਂ ਚਲਾਇਆ ਜਾ ਰਿਹਾ ਇਹ ਯਤੀਮਖਾਨਾ ਹੀ ਉਸ ਦਾ ਨਾਨਕਾ ਪਿੰਡ ਸੀ, ਜਿੱਥੇ ਉਹ ਬੇਗਾਨਿਆਂ ਵਿੱਚੋਂ ਆਪਣਿਆਂ ਦੀ ਤਲਾਸ਼ ਕਰ ਰਹੀ ਸੀ। ਉਸ ਵਲੋਂ ਅਖੀਰਲੇ ਸਮੇਂ ਕੀਤੀ ਬਾਏ ਬਾਏ ਦੀ ਯਾਦ ਅੱਜ ਵੀ ਮੈਨੂੰ ਉਦਾਸ ਕਰ ਜਾਂਦੀ ਹੈ। ਪਤਾ ਨਹੀਂ ਨਸ਼ਿਆਂ ਦੇ ਇਸ ਦੈਂਤ ਨੇ ਕਿੰਨੇ ਹੋਰ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਪਿਆਰ ਤੋਂ ਵਿਹੂਣੇ ਕਰ ਦਿੱਤਾ ਹੋਵੇਗਾ।
*****
(414)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































