“ਜਾਗਣ ਉਪਰੰਤ ਇਹ ਪਾਠਕ ਬਹੁਤ ਜ਼ਜ਼ਬਾਤੀ ਹੋ ਗਿਆ ਸੀ ਕਿਉਂਕਿ ...”
(ਅਗਸਤ 12, 2016)
ਨਸ਼ਿਆਂ ਦੀ ਸਮੱਸਿਆ ਅੱਜ ਪੰਜਾਬ ਦਾ ਇੱਕ ਭਖਵਾਂ ਵਿਸ਼ਾ ਹੈ। ਨਸ਼ੇ ਕਾਰਣ ਸਮਾਜਿਕ ਰੁਤਬਿਆਂ ਦਾ ਡਿੱਗਣਾ ਅਤੇ ਆਰਥਿਕ ਪੱਖੋਂ ਖੋਖਲੇ ਹੋਣਾ ਬਹੁਤ ਪਰਿਵਾਰਾਂ ਦੀ ਕਹਾਣੀ ਹੈ। ਪਰ ਇੱਕ ਹਕੀਕਤ ਇਹ ਵੀ ਹੈ ਕਿ ਬਹੁਤ ਸਾਰੇ ਨਸ਼ੇੜੀ ਇਸ ਅਲਾਮਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸਿਰਫ ਕਿਸੇ ਬਾਹਰੀ ਉਤੇਜਨਾ ਦੀ ਲੋੜ ਹੁੰਦੀ ਹੈ।
ਇਹ ਗੱਲ ਸਾਲ ਕੁ ਪਹਿਲਾਂ ਦੀ ਹੈ ਜਦੋਂ ‘ਪੰਜਾਬੀ ਟ੍ਰਿਬਿਊਨ’ ਵਲੋਂ ਮੇਰਾ ਇੱਕ ਲੇਖ ‘ਅਣਜਾਣਿਆ ਨਾਨਕਾ ਪਿੰਡ’ ਛਾਪਿਆ ਗਿਆ ਸੀ। ਦਿਨ ਭਰ ਬਹੁਤ ਪਾਠਕਾਂ ਦੇ ਫੋਨ ਆਉਂਦੇ ਰਹੇ। ਇਨ੍ਹਾਂ ਵਿੱਚੋਂ ਇੱਕ ਪਾਠਕ ਦਾ ਵਤੀਰਾ ਕੁਝ ਅਜੀਬ ਸੀ। ਉਹ ਵਾਰ ਵਾਰ ਹੈਲੋ ਹੋਣ ਤੋਂ ਬਾਦ ਫੋਨ ਕੱਟ ਰਿਹਾ ਸੀ। ਭਾਵੇਂ ਕੁੱਝ ਸਮੇਂ ਲਈ ਤਾਂ ਉਸ ਵਲੋਂ ਅਜਿਹਾ ਕਰਨਾ ਮੈਨੂੰ ਕੁੱਝ ਅਸੱਭਿਆ ਲੱਗਿਆ ਪਰ ਉਸਦੀ ਆਵਾਜ਼ ਤੋਂ ਉਹ ਕੁੱਝ ਜਿਆਦਾ ਭਾਵੁਕ ਵੀ ਲੱਗ ਰਿਹਾ ਸੀ। ਦਰਅਸਲ ਇਹ ਲਿਖਤ ਇੱਕ ਸੱਚੀ ਕਹਾਣੀ ’ਤੇ ਅਧਾਰਿਤ ਸੀ ਜਿਸਦੀ ਨਾਇਕਾ ਇੱਕ ਛੋਟੀ ਜਿਹੀ ਕੁੜੀ ਸੀ। 10-11 ਕੁ ਸਾਲ ਦੀ ਇਸ ਕੁੜੀ ਦਾ ਪਿਤਾ ਨਸ਼ੇੜੀ ਸੀ ਜਿਸ ਦੀ ਬਦੌਲਤ ਉਸਦਾ ਸਾਰਾ ਪਰਿਵਾਰ ਖੇਰੂੰ ਖੇਰੂੰ ਹੋ ਜਾਂਦਾ ਹੈ। ਮਾਨਸਿਕ ਅਤੇ ਸਰੀਰਕ ਅੱਤਿਆਚਾਰ ਤੋਂ ਤੰਗ ਆ ਕੇ ਉਸਦੀ ਮਾਂ ਘਰ ਛੱਡ ਕੇ ਚਲੀ ਜਾਂਦੀ ਹੈ ਅਤੇ ਅੰਤ ਵਿੱਚ ਜਿਗਰ ਦੀ ਖਰਾਬੀ ਕਾਰਣ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਆਰਥਿਕ ਮੰਦਹਾਲੀ ਅਤੇ ਲਾਚਾਰ ਹੋਣ ਕਾਰਣ ਉਸਦਾ ਬਜ਼ੁਰਗ ਦਾਦਾ ਚਰਨੀ ਨਾਮ ਦੀ ਇਸ ਕੁੜੀ ਨੂੰ ਨਾਨਕੇ ਘਰ ਛੱਡਣ ਦਾ ਬਹਾਨਾ ਲਾ ਕੇ ਇੱਕ ਯਤੀਮਖਾਨੇ ਨੂੰ ਸੌਂਪ ਦਿੰਦਾ ਹੈ।
ਸੰਬੰਧਤ ਪਾਠਕ ਉਸ ਸਮੇਂ ਕਿਸੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਸੀ। ਕਾਊਂਸਲਰ ਵਲੋਂ ਉਸ ਨੂੰ ਵਿਸ਼ੇਸ਼ ਤੌਰ ’ਤੇ ਇਹ ਲੇਖ ਪੜ੍ਹਣ ਲਈ ਅਖਬਾਰ ਦਿੱਤਾ ਗਿਆ। ਇਸ ਉਪਰੰਤ ਕਿਸੇ ਦਵਾਈ ਦੇ ਪ੍ਰਭਾਵ ਅਧੀਨ ਉਸ ਨੂੰ ਨੀਂਦ ਆ ਗਈ ਜਿਸ ਵਿੱਚ ਉਸ ਨੇ ਬਹੁਤ ਡਰਾਉਣਾ ਸੁਪਨਾ ਦੇਖਿਆ। ਅਸਲ ਵਿੱਚ ਸੁਪਨੇ ਨੀਂਦ ਦੇ ਇੱਕ ਖਾਸ ਪੜਾ ਵਿੱਚ ਆਉਂਦੇ ਹਨ ਜਦੋਂ ਸੁਚੇਤ ਮਨ ਵਿੱਚ ਪਈ ਸੂਚਨਾ ਨੂੰ ਅਚੇਤ ਮਨ ਗ੍ਰਹਿਣ ਕਰਦਾ ਹੈ ਅਤੇ ਇਹ ਅਧੂਰੀਆਂ ਲਾਲਸਾਵਾਂ, ਭੈਅ ਜਾਂ ਖੁਸ਼ੀ ਨਾਲ ਜੁੜੀਆਂ ਕਹਾਣੀਆਂ ਨੂੰ ਪੂਰਾ ਕਰਦਾ ਹੈ। ਸੁਪਨਿਆਂ ਦੇ ਪਾਤਰ ਅਸਲੀ ਵੀ ਹੋ ਸਕਦੇ ਹਨ ਅਤੇ ਕਲਪਨਾਤਮਿਕ ਵੀ। ਇਸ ਪਾਠਕ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਵਾਪਰਿਆ।
ਜਾਗਣ ਉਪਰੰਤ ਇਹ ਪਾਠਕ ਬਹੁਤ ਜ਼ਜ਼ਬਾਤੀ ਹੋ ਗਿਆ ਸੀ ਕਿਉਂਕਿ ਕਹਾਣੀ ਵਿਚਲੀ ਚਰਨੀ ਸੁਪਨੇ ਵਿੱਚ ਉਸਦੀ ਆਪਣੀ ਧੀ ਜਾਪਦੀ ਹੈ ਜਿਸ ਨੂੰ ਉਸੇ ਤਰ੍ਹਾਂ ਦੇ ਹਾਲਾਤ ਵਿੱਚ ਕਿਸੇ ਯਤੀਮਖਾਨੇ ਰੁਲਣਾ ਪੈਂਦਾ ਹੈ। ਇਤਫਾਕਨ ਉਸ ਦੀ ਧੀ ਦਾ ਨਾਂ ਵੀ ਚਰਨਪ੍ਰੀਤ ਸੀ ਤੇ ਉਹ ਵੀ ਛੇਵੀਂ ਜਮਾਤ ਵਿੱਚ ਪੜ੍ਹਦੀ ਸੀ। ਇਹ ਖੌਫਨਾਕ ਦ੍ਰਿਸ਼ ਦੇਖਣ ਤੋਂ ਬਾਦ ਅੱਜ ਉਹ ਪ੍ਰਤਿੱਗਿਆ ਕਰ ਰਿਹਾ ਸੀ ਕਿ ਨਸ਼ਿਆਂ ਦੀ ਅਲਾਮਤ ਤੋਂ ਹਰ ਹਾਲਤ ਛੁਟਕਾਰਾ ਪਾਵੇਗਾ।. ਉਸਦੇ ਕਹਿਣ ਮੁਤਾਬਕ ਚਰਨੀ ਉਸਦੀ ਲਾਡਲੀ ਧੀ ਸੀ ਅਤੇ ਉਹ ਹਰ ਹਾਲਤ ਉਸ ਨੂੰ ਪੜ੍ਹਾ ਲਿਖਾ ਕੇ ਉਸ ਦੀ ਡੋਲੀ ਆਪਣੇ ਹੱਥੀਂ ਤੋਰੇਗਾ। ਉਹ ਆਪਣੀ ਧੀ ਦੇ ਸਿਰ ’ਤੇ ਹੱਥ ਰੱਖ ਕੇ ਸਹੁੰ ਖਾਣ ਦੀ ਗੱਲ ਵੀ ਕਰ ਰਿਹਾ ਸੀ। ਇਹ ਵਾਅਦਾ ਕਰਦਿਆਂ ਕਿ ਆਪਣੀ ਕਮਜ਼ੋਰੀ ਉੱਤੇ ਜਿੱਤ ਪਾਉਣ ਤੋਂ ਬਾਦ ਉਹ ਜ਼ਰੂਰ ਦੱਸੇਗਾ, ਉਸ ਨੇ ਫੋਨ ਕੱਟ ਦਿੱਤਾ।
ਭਾਵੇਂ ਇਹ ਘਟਨਾ ਮੇਰੇ ਚੇਤਿਆਂ ਵਿੱਚ ਮੱਧਮ ਪੈ ਗਈ ਸੀ। ਕੁਝ ਮਹੀਨੇ ਬੀਤ ਜਾਣ ਤੋਂ ਬਾਦ ਫਿਰ ਉਸੇ ਨੰਬਰ ਤੋਂ ਫੋਨ ਆਇਆ। ਪਹਿਲਾਂ ਤਾਂ ਇਸੇ ਪਾਠਕ ਨੇ ਖੁਦ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਆਉਣ ਦੀ ਖੁਸ਼ਖਬਰੀ ਮੈਂਨੂੰ ਦਿੱਤੀ ਅਤੇ ਫੇਰ ਉਸ ਦੀ ਪਤਨੀ ਨੇ ਵੀ ਇਸ ਦੀ ਪੁਸ਼ਟੀ ਕਰ ਕੇ ਮੈਨੂੰ ਯਕੀਨ ਦਿਵਾਇਆ। ਮੇਰੀ ਖਾਹਿਸ਼ ਇਸ ਦੂਜੀ ਕਹਾਣੀ ਦੀ ਨਾਇਕਾ ਚਰਨਪ੍ਰੀਤ ਨਾਲ ਗੱਲ ਕਰਨ ਦੀ ਵੀ ਸੀ। ਇਹ ਬੱਚੀ ਬੜੀ ਹੀ ਮਿੱਠੀ ਆਵਾਜ਼ ਵਿੱਚ ਬੋਲ ਰਹੀ ਸੀ। ਚਰਨਪ੍ਰੀਤ ਦੇ ਦੱਸਣ ਮੁਤਾਬਕ ਉਹ ਅੱਜ ਆਪਣੇ ਪਾਪਾ ਦੀ ਗੋਦ ਵਿੱਚ ਬੈਠੀ ਸੀ। ਉਹ ਪੜ੍ਹ ਲਿਖ ਕੇ ਵਿਗਿਆਨੀ ਬਣਨਾ ਚਾਹੁੰਦੀ ਸੀ। ਮੈਨੂੰ ਅਥਾਹ ਖੁਸ਼ੀ ਹੋ ਰਹੀ ਸੀ ਅਤੇ ਅਹਿਸਾਸ ਹੋ ਰਿਹਾ ਸੀ ਜਿਵੇਂ ਮੇਰੀ ਮਾਮੂਲੀ ਜਿਹੀ ਕੋਸ਼ਿਸ਼ ਨੇ ਯਤੀਮਖਾਨੇ ਬੈਠੀ ਉਸ ਪਹਿਲੀ ਚਰਨੀ ਨੂੰ ਵਾਪਿਸ ਘਰ ਲੈ ਆਂਦਾ ਹੋਵੇ। ਸ਼ਾਲਾ! ਇਸ ਧਰਤੀ ਤੋਂ ਨਸ਼ਿਆਂ ਦਾ ਪ੍ਰਕੋਪ ਛੇਤੀ ਖਤਮ ਹੋ ਜਾਵੇ।
*****
(386)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)







































































































