GurdipSDhudi7ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਤਾਵਾਂ ਅਤੇ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਭਾਰਤੀ ਹਾਂ ਅਤੇ ...
(12 ਜੁਲਾਈ 2023)


1999 ਵਿੱਚ ਕੇਂਦਰ ਸਰਕਾਰ ਦੇ ਸੀ.ਸੀ.ਆਰ.ਟੀ. (ਸੈਂਟਰ ਫਾਰ ਕਲਚਰਲ ਰਿਸੋਰਸਜ਼ ਐਂਡ ਟਰੇਨਿੰਗ) ਵਿਭਾਗ ਦੁਆਰਾ ਸਕੂਲ ਅਧਿਆਪਕਾਂ ਦੀ ਕੌਮੀ ਪੱਧਰ ਦੀ ਗੋਆ ਵਿਖੇ ਲਗਾਈ ਗਈ ਵਰਕਸ਼ਾਪ ਵਿੱਚ ਪੰਜਾਬ ਤੋਂ ਮੈਂ ਇਕੱਲਾ ਅਧਿਆਪਕ ਹੀ ਗਿਆ ਸਾਂ
ਮੇਰੇ ਵਾਸਤੇ ਇਸ ਕੈਂਪ ਦੀ ਇਹ ਵੀ ਵਿਲੱਖਣਤਾ ਸੀ ਕਿ ਮੈਂ ਪਹਿਲੀ ਵਾਰੀ ਭਾਰਤ ਦੇ ਦੱਖਣੀ ਹਿੱਸੇ ਦੇ ਕਿਸੇ ਸੂਬੇ ਵਿੱਚ ਜਾ ਰਿਹਾ ਸਾਂ ਅਤੇ ਵਿਸ਼ੇਸ਼ ਕਰਕੇ ਕਿਸੇ ਸਮੁੰਦਰ ਵਿੱਚ ਘਿਰਿਆਂ ਵਰਗੇ ਖਿੱਤੇ ਵਿੱਚਇਸ ਕਰਕੇ ਮੈਨੂੰ ਇੱਥੋਂ ਦੇ ਰਹਿਣ-ਸਹਿਣ, ਬੋਲ-ਚਾਲ, ਪਹਿਨਣ-ਪਚਰਨ, ਖਾਣ-ਪੀਣ ਦੀ ਵਿਹਾਰਕ ਜਾਣਕਾਰੀ ਨਹੀਂ ਸੀਹਾਲਾਂਕਿ ਮੈਂ ਆਪਣੇ ਦੋਸਤ ਪਰਮਿੰਦਰ ਤੱਗੜ (ਉਸ ਨੇ ਭੂਗੋਲ ਵਿਸ਼ੇ ਵਿੱਚ ਵੀ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੋਈ ਹੈ।) ਤੋਂ ਇਸ ਬਾਰੇ ਮੋਟਾ ਮੋਟਾ ਜਾਣ ਲਿਆ ਸੀ ਪ੍ਰੰਤੂ ਇਹ ਵੀ ਮੇਰੇ ਉੰਨਾ ਕੰਮ ਨਹੀਂ ਆਇਆ ਸੀਆਪਣੀ ਹੀ ਧੁਨ ਵਿੱਚ ਮੈਂ ਰੇਲ ਗੱਡੀ ਰਾਹੀਂ ਦਿੱਲੀ ਪਹੁੰਚ ਗਿਆਮੇਰੇ ਦਿਮਾਗ ਵਿੱਚ ਸੀ ਕਿ ਪੰਜਾਬ ਦੇ ਕਿਸੇ ਹੋਰ ਸਥਾਨ ਤੋਂ ਜਾਣ ਵਾਲਾ ਕੋਈ ਅਧਿਆਪਕ ਦਿੱਲੀ ਰੇਲਵੇ ਸਟੇਸ਼ਨ ਤੇ ਮਿਲ ਜਾਵੇਗਾ ਪ੍ਰੰਤੂ ਦਿੱਲੀ ਰੇਲਵੇ ਸਟੇਸ਼ਨ ਤੇ ਮੇਰੀਆਂ ਅੱਖਾਂ ਦੀ ਤਲਾਸ਼ ਖਾਲੀ ਹੀ ਰਹੀ

ਗੋਆ ਐਕਸਪ੍ਰੈੱਸ ਗੱਡੀ ਦਾ ਏ.ਸੀ. ਕਮਰਾ ਬੁੱਕ ਸੀ ਅਤੇ ਮੇਰੀ ਬੋਲ-ਬਾਣੀ ਅਤੇ ਪਹਿਰਾਵੇ ਵਾਲਾ ਇਸ ਡੱਬੇ ਵਿੱਚ ਹੋਰ ਕੋਈ ਵੀ ਨਹੀਂ ਸੀਇਸ ਕਰਕੇ ਰਸਤੇ ਵਿੱਚ ਮੈਨੂੰ ਇਕੱਲਤਾ ਦਾ ਅਹਿਸਾਸ ਹੋਇਆ, ਖਾਣੇ ਦੀ ਸਮੱਸਿਆ ਆਈ ਅਤੇ ਬੋਲਬਾਣੀ ਸਾਂਝੀ ਕਰਨ ਵਿੱਚ ਮੁਸ਼ਕਲ ਆਈ ਪ੍ਰੰਤੂ ਕਿਵੇਂ ਨਾ ਕਿਵੇਂ ਮੈਂ ਗੋਆ ਦੀ ਰਾਜਧਾਨੀ ਪਣਜੀ ਦੇ ਉਸ ਥਾਂ ’ਤੇ ਪਹੁੰਚ ਗਿਆ ਜੋ ਆਉਣ ਵਾਲੇ ਬਾਰਾਂ ਦਿਨ ਸਾਡੀ ਰਾਜਧਾਨੀ ਬਣਨੀ ਸੀਖੋਪੇ ਦੇ ਤੇਲ ਵਿੱਚ ਬਣੀਆਂ ਭਾਜੀਆਂ, ਰਬੜ ਵਾਂਗ ਵਧਦੀਆਂ ਰੋਟੀਆਂ, ਸੁੱਕੇ ਦੁੱਧ ਦੀ ਬਣੀ ਚਾਹ ਅਤੇ ਮਾਂ ਤੋਂ ਮਿਲੀ ਮਿੱਠੀ ਸ਼ਹਿਦ ਵਰਗੀ ਬੋਲੀ ਨੂੰ ਤਰਸਦੀ ਜੀਭ ਦੇ ਬਾਵਜੂਦ ਵੀ ਸ਼ਾਮਾਂ ਨੂੰ ਬੀਚਾਂ ’ਤੇ ਕੀਤੀ ਆਵਾਰਗੀ, ਬਾਰਾਂ ਚਾਨਣੀਆਂ ਰਾਤਾਂ ਅਤੇ ਦੱਖਣੀ ਸੂਬਿਆਂ ਦੇ ਅਧਿਆਪਕ/ਅਧਿਆਪਕਾਵਾਂ ਦਾ ਮਿਲਿਆ ਪਿਆਰ ਮੇਰੇ ਚੇਤਿਆਂ ਵਿੱਚ ਥਾਂ ਮੱਲੀ ਬੈਠਾ ਹੈਇਹ ਮੇਰੇ ਵਾਸਤੇ ਸੁਖਦ ਅਹਿਸਾਸ ਸੀ ਕਿ ਹੋਰਨਾਂ ਸੂਬਿਆਂ ਦੇ ਅਧਿਆਪਕਾਂ ਨੇ ਮੈਨੂੰ ਇਕੱਲਤਾ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾਸਗੋਂ ਬਹੁਤ ਸਾਰਿਆਂ ਨੇ ਆਪਣਿਆਂ ਵਰਗੇ ਅਹਿਸਾਸ ਵਿੱਚ ਰੰਗ ਕੇ ਮਿਲਣਾ

ਇਸ ਵਰਕਸ਼ਾਪ ਵਿੱਚ ਮੈਂ ਇਕੱਲਾ ਹੀ ਪੰਜਾਬੀ ਅਤੇ ਉਹ ਵੀ ਪਗੜੀਧਾਰੀ ਸੀਇਸ ਕਾਰਨ ਵਿਸ਼ੇਸ਼ ਕਰਕੇ ਦੱਖਣੀ ਸੂਬਿਆਂ ਦੇ ਅਧਿਆਪਕਾਂ ਵਾਸਤੇ ਮੈਂ ਆਕਰਸ਼ਣ ਦਾ ਕਾਰਨ ਵੀ ਬਣਦਾ ਸਾਂਵਿਹਲੇ ਸਮੇਂ ਵਿੱਚ ਉਹ ਮੈਥੋਂ ਆਪਣੇ ਸਿਰ ’ਤੇ ਪੱਗ ਬੰਨ੍ਹਵਾਉਂਦੇ ਅਤੇ ਪੰਜਾਬੀ ਰਹਿਤਲ ਬਾਰੇ ਪੁੱਛਦੇ ਰਹਿੰਦੇਸਿੱਖ ਗੁਰੂਆਂ, ਸਿੱਖ ਇਤਿਹਾਸ ਦੇ ਨਾਲ ਹੀ ਬੰਗਾਲੀਆਂ ਨੇ ਪੰਜਾਬ ਵਿਚਲੀ ਨਕਸਲੀ ਲਹਿਰ ਬਾਰੇ ਵੀ ਮੇਰੇ ਨਾਲ ਗੱਲਾਂ ਕੀਤੀਆਂਨਕਸਲੀ ਲਹਿਰ ਨਾਲ ਸਬੰਧਤ ਨਾਵਲ ‘ਲਹੂ ਦੀ ਲੋਅ’ ’ਤੇ ਮੈਂ ਐੱਮ.ਫਿਲ. ਕੀਤੀ ਸੀ ਅਤੇ ਅੱਗੇ ਪੀ.ਐੱਚ.ਡੀ. ਕਰਨ ਦਾ ਇਰਾਦਾ ਹੋਣ ਕਰਕੇ ਮੈਂ ਵਾਹਵਾ ਸਾਰੇ ਸਾਹਿਤ ਦਾ ਮੁਤਾਲਿਆ ਕੀਤਾ ਹੋਣ ਕਰਕੇ ਮੈਨੂੰ ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਸਕੂਨ ਮਿਲਦਾ ਸੀਪਹਿਰਾਵੇ ਦੀ ਮੇਰੇ ਵਾਸਤੇ ਮੁਸ਼ਕਲ ਇਹ ਮਹਿਸੂਸ ਹੋਈ ਕਿ ਮੁੜ੍ਹਕੇ ਨਾਲ ਭਿੱਜੇ ਕੱਪੜਿਆਂ ਵਿੱਚ ਮੈਨੂੰ ਅਲਕਤ ਆਉਣ ਕਰਕੇ ਮੈਂ ਤਿੰਨ ਵਾਰੀ ਨਹਾਉਂਦਾ ਅਤੇ ਤਿੰਨ ਵਾਰੀ ਹੀ ਦਿਨ ਵਿੱਚ ਆਪਣੇ ਕੱਪੜੇ ਬਦਲਦਾਇਸ ਤਰ੍ਹਾਂ ਮੈਂ ਇਸ ਕੰਮ ਵਿੱਚ ਹੀ ਉਲਝਣ ਵਾਲਿਆਂ ਵਾਂਗ ਹੋਇਆ ਰਹਿੰਦਾ ਕਿਉਂਕਿ ਪਹਿਲਾਂ ਉਤਾਰੇ ਕੱਪੜੇ ਮੈਨੂੰ ਆਪ ਨੂੰ ਹੀ ਰਾਤ ਸਮੇਂ ਧੋਣੇ ਪੈਂਦੇ ਅਤੇ ਪ੍ਰੈੱਸ ਕਰਵਾ ਕੇ ਲਿਆਉਣੇ ਪੈਂਦੇਵਿਹਲੇ ਹੋ ਕੇ ਅਸੀਂ ਗਰੁੱਪਾਂ ਵਿੱਚ ਸਮੁੰਦਰੀ ਬੀਚਾਂ ਵੇਖਣ ਵਾਸਤੇ ਚਲੇ ਜਾਂਦੇ

ਬੱਸਾਂ ਵਿੱਚ ਦੋ ਗੱਲਾਂ ਮੇਰੇ ਨਾਲ ਵਿਸ਼ੇਸ਼ ਵਾਪਰਦੀਆਂਪਹਿਲੀ ਗੱਲ ਬੱਸ ਵਿੱਚ ਖੜ੍ਹੇ ਮਰਦਾਂ ਅਤੇ ਔਰਤਾਂ ਵਿੱਚੋਂ ਕੱਚੀ ਮੱਛੀ ਦੀ ਬੂਅ ਜਿਹੀ ਆਉਂਦੀ ਹੋਣ ਕਰਕੇ ਮੈਨੂੰ ਸਾਹ ਲੈਣਾ ਵੀ ਔਖਾ ਔਖਾ ਜਿਹਾ ਜਾਪਦਾ ਅਤੇ ਦੂਸਰੀ ਗੱਲ ਸਥਾਨਕ ਔਰਤਾਂ ਦੇ ਆਮ ਤੌਰ ’ਤੇ ਛੋਟੀਆਂ ਕਮੀਜ਼ਾਂ ਅਤੇ ਛੋਟੀਆਂ ਘੱਗਰੀਆਂ (ਟੌਪ ਸਕਰਟ) ਪਾਈਆਂ ਹੁੰਦੀਆਂਇਸ ਤਰ੍ਹਾਂ ਦਾ ਸਾਡੇ ਇੱਥੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੀਆਂ ਛੋਟੀਆਂ ਕੁੜੀਆਂ ਦਾ ਪਹਿਰਾਵਾਂ ਹੁੰਦਾ ਸੀਵਰਕਸ਼ਾਪ ਵਿੱਚ ਸ਼ਾਮਲ ਔਰਤ ਅਧਿਆਪਕਾਵਾਂ ਵੱਲ ਨਿਗਾਹ ਜਾਂਦੀ ਤਾਂ ਸਥਾਨਕ ਅਧਿਆਪਕਾਵਾਂ ਦੇ ਵੀ ਇਹੋ ਹੀ ਪੁਸ਼ਾਕ ਪਾਈ ਹੁੰਦੀ ਸੀ

ਜਦੋਂ ਕੁਝ ਦਿਨਾਂ ਬਾਅਦ ਥੋੜ੍ਹਾ ਜਿਹਾ ਘੁਲ਼ ਮਿਲ਼ ਗਏ ਤਾਂ ਗੋਆ ਵਾਲੀਆਂ ਅਧਿਆਪਕਾਵਾਂ ਨੂੰ ਇੱਕ ਦਿਨ ਮੈਂ ਪੁੱਛਿਆ, “ਆਪ ਨੇ ਇਹ ਜੋ ਪਹਿਰਾਵਾ ਪਹਿਨਿਆ ਹੋਇਆ ਹੈ, ਸਕੂਲ ਵਿੱਚ ਵੀ ਇਹੋ ਹੀ ਪਾ ਕੇ ਜਾਂਦੀਆਂ ਹੋ?” ਬੜੀਆਂ ਹੈਰਾਨ ਜਿਹਾ ਹੋ ਕੇ ਉਹ ਮੇਰੇ ਮੂੰਹ ਵੱਲ ਵੇਖਣ ਲੱਗੀਆਂ, ਜਿਵੇਂ ਮੈਂ ਕੋਈ ਅਟਪਟਾ ਸਵਾਲ ਕੀਤਾ ਹੋਵੇ“ਆਪ ਨੇ ਇਹ ਕਿਉਂ ਪੁੱਛਿਆ ਹੈ?” ਉਨ੍ਹਾਂ ਨੇ ਮੈਨੂੰ ਉਲਟਾ ਸਵਾਲ ਕੀਤਾ “ਦਰਅਸਲ ਇਹ ਟੌਪ ਸਕਰਟਾਂ ਸਾਡੇ ਕੇਵਲ ਛੋਟੀਆਂ ਲੜਕੀਆਂ ਹੀ ਪਹਿਨਦੀਆਂ ਹਨਆਮ ਤੌਰ ’ਤੇ ਵੱਡੀਆਂ ਔਰਤਾਂ ਤਾਂ ਕਮੀਜ਼ ਸਲਵਾਰ ਹੀ ਪਾਉਂਦੀਆਂ ਹਨਘਰਾਂ ਵਿੱਚ ਜਾਂ ਫਿਰ ਹੋਰ ਥਾਂਵਾਂ ’ਤੇ ਕੁਝ ਔਰਤਾਂ ਸਾੜ੍ਹੀ ਬੰਨ੍ਹਦੀਆਂ ਹਨ।”

“ਨਹੀਂ ਜੀ, ਸਾਡੇ ਤਾਂ ਇਹ ਪਹਿਰਾਵਾ ਹੈ, ਸਕੂਲਾਂ, ਕਾਲਜਾਂ ਵਿੱਚ ਵੀ ਅਸੀਂ ਇਹੋ ਹੀ ਪਹਿਨਦੀਆਂ ਹਾਂਕਮੀਜ਼ ਸਲਵਾਰ ਜਾਂ ਫਿਰ ਸਾੜ੍ਹੀ ਇੱਥੋਂ ਦੇ ਮੌਸਮ ਦੇ ਅਨੁਸਾਰ ਸਾਨੂੰ ਔਖਿਆਂ ਕਰਦੀ ਹੈ।” ਉਨ੍ਹਾਂ ਨੇ ਆਪਣੇ ਵੱਲੋਂ ਬਣਦਾ ਸਰਦਾ ਜਵਾਬ ਦਿੱਤਾਬਾਅਦ ਵਿੱਚ ਜਦੋਂ ਮੈਂ ਜਾਣਿਆ ਕਿ ਮੈਨੂੰ ਦੋ ਤਿੰਨ ਵਾਰੀ ਕੱਪੜੇ ਇੱਥੋਂ ਦੇ ਮੌਸਮ ਕਾਰਨ ਹੀ ਬਦਲਣੇ ਪੈਂਦੇ ਹਨ ਤਾਂ ਮੈਨੂੰ ਉਨ੍ਹਾਂ ਦੇ ਪਹਿਰਾਵੇ ਦੀ ਜਾਣਕਾਰੀ ਮਿਲੀਅਸਲ ਵਿੱਚ ਇਹ ਉੱਤਰ ਅਤੇ ਦੱਖਣ ਵਿਚਲੇ ਇਲਾਕਿਆਂ ਦੀ ਵਿੱਥ ਸੀ ਜਿਹੜੀ ਮੈਨੂੰ ਬਾਅਦ ਵਿੱਚ ਸਮਝ ਆਈ

ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਅਨੇਕਾਂ ਭਿੰਨਤਾਵਾਂ ਹਨ ਜਿਨ੍ਹਾਂ ਦੇ ਹੁੰਦਿਆਂ ਹੋਇਆਂ ਵੀ ਸਾਡੇ ਵਿੱਚ ਏਕਤਾ ਹੈਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਤਾਵਾਂ ਅਤੇ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਭਾਰਤੀ ਹਾਂ ਅਤੇ ਆਪਣੇ ਆਪ ਨੂੰ ਭਾਰਤੀ ਅਖਵਾ ਕੇ ਮਾਣ ਮਹਿਸੂਸਦੇ ਹਾਂਅਸੀਂ ਭਾਰਤੀ ਮਾਲਾ ਦੇ ਮਣਕੇ ਹਾਂ ਅਤੇ ਇਸਦਾ ਸਾਨੂੰ ਮਾਣ ਵੀ ਹੈਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਾਰਾਰ ਰੱਖਣ ਵਾਸਤੇ ਆਪਣਾ ਪੂਰਾ ਤਾਣ ਲਾਉਂਦੇ ਹਾਂਸਾਡੇ ਰਾਸ਼ਟਰੀ ਉਤਸਵਾਂ ਸਮੇਂ ਇਹ ਅਨੇਕਤਾ ਵਿੱਚ ਏਕਤਾ ਦਾ ਪੂਰਾ ਅਹਿਸਾਸ ਵੇਖਿਆ ਜਾ ਸਕਦਾ ਹੈਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਰਾਜਨੀਤਕ ਪਾਰਟੀਆਂ ਇਸ ਤਰ੍ਹਾਂ ਦੀ ਏਕਤਾ ਦੀ ਸਮਾਪਤੀ ਕਰਕੇ ਇੱਕ ਰਾਸ਼ਟਰੀਅਤਾ ਦੇ ਨਾਮ ’ਤੇ ਨਫ਼ਰਤ ਫ਼ੈਲਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨਸ਼ਾਲਾ, ਉਨ੍ਹਾਂ ਨੂੰ ਕਦੇ ਵੀ ਸਫ਼ਲਤਾ ਨਾ ਮਿਲੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4083)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਗੁਰਦੀਪ ਸਿੰਘ ਢੁੱਡੀ

ਪ੍ਰਿੰ. ਗੁਰਦੀਪ ਸਿੰਘ ਢੁੱਡੀ

Faridkot, Punjab, India.
Phone: (91 - 95010 - 20731)
Email: (gurdip_dhudi@yahoo.com)