“ਪ੍ਰੰਤੂ ਸਮੇਂ ਦੀ ਤੋਰ ਨਾਲ ਲੋਕਤੰਤਰੀ ਪ੍ਰਣਾਲੀ ਵਿੱਚ ਤਾਕਤ ਦਾ ਧੁਰਾ ...”
(6 ਅਪ੍ਰੈਲ 2019)
ਇਤਿਹਾਸ ਦੇ ਥੋੜ੍ਹੇ ਜਿਹੇ ਜਾਣਕਾਰ ਵੀ ਇਸ ਗੱਲ ਦੇ ਜਾਣੂੰ ਹਨ ਕਿ ਸਿਆਸਤ ਵਿੱਚ ਕੁਰਸੀ ਦੀ ਖਾਤਰ ਪਿਓ, ਪੁੱਤਰ, ਭਰਾ ਜਾਂ ਹੋਰ ਕਿਸੇ ਰਿਸ਼ਤੇ ਦਾ ਆਪਸ ਵਿੱਚ ਰਿਸ਼ਤਾ ਨਾਤਾ ਉੰਨਾ ਚਿਰ ਹੀ ਬਣਿਆ ਰਹਿੰਦਾ ਹੈ ਜਿੰਨਾ ਚਿਰ ਕੁਰਸੀ ਅੱਖ ਤਿਣ ਨਾ ਦਿਸਣ ਲੱਗ ਪਵੇ। ਕੁਰਸੀ ਨੂੰ ਖ਼ਤਰਾ ਜਾਂ ਫਿਰ ਇਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਪਿਓ-ਪੁੱਤਰ, ਭਰਾ-ਭਰਾ ਜਾਂ ਫਿਰ ਮਾਲਕ ਨੌਕਰ ਵਿੱਚ ਖਾਨਾ-ਜੰਗੀ ਛੇੜ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਇਸ ਖਾਨਾ-ਜੰਗੀ ਵਿੱਚ ਕਈ ਵਾਰੀ ਕੋਈ ਤੀਸਰੀ ਧਿਰ ਆ ਕੇ ਫਾਇਦਾ ਲੈ ਜਾਇਆ ਕਰਦੀ ਹੈ। ਵਰਤਮਾਨ ਸਮੇਂ ਵਿਸ਼ਵ ਦੇ ਬਹੁਤ ਮੁਲਕਾਂ ਵਿੱਚ ਲੋਕਤੰਤਰੀ ਰਾਜ ਪ੍ਰਣਾਲੀ ਪ੍ਰਚੱਲਤ ਹੋ ਚੁੱਕੀ ਹੈ ਅਤੇ ਕੁਝ ਇੱਕ ਦੇਸ਼ਾਂ ਨੂੰ ਛੱਡ ਕੇ ਇਹ ਮਜ਼ਬੂਤੀ ਨਾਲ ਚੱਲ ਵੀ ਰਹੀ ਹੈ। ਇਸ ਲੋਕਤੰਤਰੀ ਰਾਜ ਪ੍ਰਣਾਲੀ ਨੇ ਸ਼ੁਰੂ ਸ਼ੁਰੂ ਵਿੱਚ (ਹਰ ਥਾਂ) ਜਨ-ਸਧਾਰਨ ਨੂੰ ਵੀ ਸਿਆਸਤ ਵੱਲ ਖਿੱਚ ਲਿਆ ਅਤੇ ਕਿਧਰੇ ਕਿਧਰੇ ਜਨ-ਸਧਾਰਨ ਉੱਚੀ ਕੁਰਸੀ ਤੱਕ ਪਹੁੰਚ ਵੀ ਗਿਆ ਸੀ। ਅਸਲ ਵਿੱਚ ਅਜਿਹੇ ਸਮੇਂ ਵਿੱਚ ਸਿਆਸਤ ਦਾ ਧੁਰਾ ਕੋਈ ਨਾ ਕੋਈ ਵਿਚਾਰਧਾਰਾ ਹੋਇਆ ਕਰਦੀ ਸੀ। ਪ੍ਰੰਤੂ ਸਮੇਂ ਦੀ ਤੋਰ ਨਾਲ ਲੋਕਤੰਤਰੀ ਪ੍ਰਣਾਲੀ ਵਿੱਚ ਤਾਕਤ ਦਾ ਧੁਰਾ ਉੱਚੀਆਂ ਕੁਰਸੀਆਂ ਉੱਤੇ ਬਿਰਾਜਮਾਨ ਹੋਣ ਵਾਲੇ ਸਿਆਸੀ ਲੋਕਾਂ ਦੁਆਲੇ ਘੁੰਮਣ ਲੱਗ ਪਿਆ। ਤਾਕਤ ਦੇ ਇਸ ਧੁਰੇ ਨੇ ਲੋਕਤੰਤਰੀ ਪ੍ਰਣਾਲੀ ਵਿੱਚ ਫਿਰ ਰਾਜ ਘਰਾਣਿਆਂ/ਧਨਾਢਾਂ/ਸਰਮਾਏਦਾਰਾਂ ਦਾ ਕੁਰਸੀ ’ਤੇ ਅੱਖ ਵਾਲਾ ਮੁਹਾਵਰਾ ਪੈਦਾ ਕਰ ਦਿੱਤਾ। ਫਲਸਰੂਪ ਬਹੁਤੇ ਥਾਂਵਾਂ ਉੱਤੇ ਸਿਆਸਤ ਨਾਲ ਜੁੜੇ ਲੋਕਾਂ ਵਿੱਚ ਆਪਾ-ਧਾਪੀ ਵਾਲਾ ਮਾਹੌਲ ਪੈਦਾ ਕਰ ਦਿੱਤਾ। ਇਨ੍ਹਾਂ ਥਾਂਵਾਂ ਵਿੱਚੋਂ ਭਾਰਤ ਦਾ (ਹੁਣ) ਇੱਕ ਛੋਟਾ ਜਿਹਾ ਸੂਬਾ ਪੰਜਾਬ ਇਸਦੀ ਪੁਖ਼ਤਾ ਮਿਸਾਲ ਬਣ ਗਿਆ ਹੈ।
ਦੇਸ਼ ਦੇ ਅਜ਼ਾਦੀ ਸੰਗਰਾਮ ਵਿੱਚ ਕਾਂਗਰਸ ਪਾਰਟੀ ਨੇ ਪਹਿਲੀਆਂ ਵਿੱਚ ਜਨਤਾ ਦੀ ਅਗਵਾਈ ਕੀਤੀ। ਜਿਵੇਂ ਹੀ ਅਜ਼ਾਦੀ ਪ੍ਰਾਪਤੀ ਦੀ ਇਸ ਲੜਾਈ ਵਿੱਚ ਹੋਰ ਵਿਚਾਰਧਾਰਾਵਾਂ ਦਾ ਪ੍ਰਵੇਸ਼ ਹੋਇਆ ਕਾਂਗਰਸ ਪਾਰਟੀ ਨੇ ਇਨ੍ਹਾਂ ਧਿਰਾਂ ਨੂੰ ਪਰਦੇ ਤੋਂ ਧਕੇਲਣ ਲਈ ਸਿਆਸੀ ਚਾਲਾਂ ਦਾ ਵੀ ਸਹਾਰਾ ਲਿਆ। ਇਸੇ ਕਰਕੇ 1947 ਵਿੱਚ ਜਦੋਂ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਮਿਲਿਆ ਤਾਂ ਦੇਸ਼ ਦੀ ਵੰਡ ਵਾਲਾ ਇੱਕ ਬਹੁਤ ਵੱਡਾ ਦੁਖਾਂਤ ਵੀ ਵਾਪਰ ਗਿਆ। ਖੈਰ! ਭਾਰਤ ਵਿੱਚ ਕੇਂਦਰ ਸਮੇਤ ਦੇਸ਼ ਦੇ ਸੂਬਿਆਂ ਵਿੱਚ ਕਾਂਗਰਸ ਪਾਰਟੀ ਨੂੰ ਰਾਜ ਭਾਗ ਨਸੀਬ ਹੋ ਗਿਆ। ਦੇਸ਼ ਲੋਕਤੰਤਰੀ ਸਿਆਸੀ ਢਾਂਚੇ ਵਿੱਚ ਪਰਿਵਰਤਤ ਹੋ ਗਿਆ ਅਤੇ 1952 ਵਿੱਚ ਅਜ਼ਾਦ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਹੋਈਆਂ। ਅੱਗੇ ਚੱਲ ਕੇ ਬਹੁਤਾ ਸਮਾਂ ਰਾਜ ਭਾਗ ਉੱਤੇ ਕਾਂਗਰਸ ਪਾਰਟੀ ਹੀ ਕਾਬਜ਼ ਰਹੀ। ਕਾਂਗਰਸ ਪਾਰਟੀ ਇੱਕ ਵਿਚਾਰਧਾਰਾ ਦਾ ਨਾਮ ਸੀ ਜਿਸ ਦੀ ਤਾਰ ਅਜ਼ਾਦੀ ਸੰਗਰਾਮ ਨਾਲ ਜੁੜਦੀ ਸੀ ਅਤੇ ਰਾਜਕੀ ਵਿਵਸਥਾ ਅੰਗਰੇਜ਼ੀ ਸ਼ਾਸਨ ਵਾਲੀ ਹੀ ਸੀ। ਜਮਹੂਰੀ ਤਰਜ਼ ਦੀ ਰਾਜਕੀ ਵਿਵਸਥਾ ਵਿੱਚ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਬਾਗੀ ਸੁਰਾਂ ਉੱਠੀਆਂ ਅਤੇ ਕਾਂਗਰਸ ਪਾਰਟੀ ਦੀ ਬਾਰਬਰੀ ਦੂਸਰੀਆਂ ਵਿਚਾਰਾਧਾਰਾਵਾਂ ਨੇ ਵੀ ਕਰਨੀ ਸ਼ੁਰੂ ਕੀਤੀ। ਸਮਾਂ ਪਾ ਕੇ ਕੇਂਦਰ ਸਮੇਤ ਕੁਝ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੇ ਇਲਾਵਾ ਹੋਰਨਾਂ ਪਾਰਟੀਆਂ ਨੂੰ ਰਾਜ ਭਾਗ ਮਿਲਣ ਲੱਗਾ। ਇਸ ਵਿੱਚ ਸਿਆਸੀ ਚਾਲਾਂ ਵੀ ਸ਼ੁਰੂ ਹੋ ਗਈਆਂ।
ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਵਿੱਚੋਂ ਪੰਜਾਬ ਦੀ ਫਿਰ ਵੰਡ ਹੋਈ ਅਤੇ ਹੌਲੀ ਹੌਲੀ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਕਰਨ ਦਾ ਮੌਕਾ ਮਿਲ ਗਿਆ। ਭਾਵੇਂ ਰਾਖਵੇਂਕਰਨ ਦੀ ਨੀਤੀ ਕਾਰਨ ਕਥਿਤ ਛੋਟੀਆਂ ਜਾਤਾਂ ਨੂੰ ਵੀ ਸਿਆਸੀ ਤਾਕਤ ਵਿੱਚੋਂ ਹਿੱਸਾ ਨਸੀਬ ਹੋਣ ਲੱਗ ਪਿਆ ਸੀ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਉੱਤੇ ਅਸਲ ਕਬਜ਼ਾ ਵੱਡੇ ਜੱਟ ਸਿੱਖ ਘਰਾਣਿਆਂ ਦਾ ਹੀ ਰਿਹਾ ਅਤੇ ਛੋਟੀਆਂ ਛੋਟੀਆਂ ਬਗਾਵਤਾਂ ਨਾਲ ਇਸਦੀ ਵੰਡ ਹੁੰਦੀ ਗਈ ਪ੍ਰੰਤੂ ਅਸਲ ਤਾਕਤ ਸ਼੍ਰੋਮਣੀ ਅਕਾਲੀ ਦਲ ਦੇ (ਸ. ਪ੍ਰਕਾਸ਼ ਸਿੰਘ) ਬਾਦਲ ਪਰਿਵਾਰ ਦੁਆਲੇ ਹੀ ਘੁੰਮਦੀ ਰਹੀ।
ਸਮੇਂ ਦੀ ਤੋਰ ਨਾਲ ਖੱਬੀਆਂ ਧਿਰਾਂ ਦਾ ਉਭਾਰ ਤਾਂ ਹੋਇਆ ਪ੍ਰੰਤੂ ਪੰਜਾਬ ਵਿੱਚ ਉਹੀ ਪੁਰਾਣੇ ਜਾਗੀਰਦਾਰੀ ਅਤੇ ਫਿਰ ਸਰਮਾਏਦਾਰੀ ਸਿਸਟਮ ਦੇ ਜ਼ੋਰਾਵਰ ਹੋਣ ਤੇ ਖੱਬੀਆਂ ਧਿਰਾਂ ਸਿਆਸੀ ਪਰਦੇ ਦੇ ਪਿਛਵਾੜੇ ਵਿੱਚ ਜਾਣ ਵਾਲੀ ਸਥਿਤੀ ਵਿੱਚ ਪਹੁੰਚ ਗਈਆਂ। ਵਿੱਚ ਜਿਹੇ ਬਹੁਜਨ ਸਮਾਜ ਪਾਰਟੀ ਨੂੰ ਵੀ ਵਿਗਸਣ ਦਾ ਮੌਕਾ ਮਿਲਿਆ ਪ੍ਰੰਤੂ ਇਹ ਵੀ ਛੇਤੀ ਹੀ ਪੰਜਾਬ ਦੇ ਸਿਆਸੀ ਪਰਦੇ ਤੋਂ ਲੁਪਤ ਹੋਣ ਵਾਲੀ ਸਥਿਤੀ ਵਿੱਚ ਪਹੁੰਚ ਗਈ। ਖਾੜਕੂਵਾਦ ਦੇ ਸਮੇਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮਾਨ ਧੜੇ ਨੂੰ ਵੀ ਉੱਭਰਨ ਦਾ ਮੌਕਾ ਦਿੱਤਾ ਪ੍ਰੰਤੂ ਛੇਤੀ ਹੀ ਇਹ ਵੀ ਮਿਟਣ ਵਾਲੀ ਲਕੀਰ ’ਤੇ ਪਹੁੰਚ ਗਿਆ। ਬਾਦਲ ਘਰਾਣੇ ਵਿੱਚੋਂ ਘਰੇਲੂ ਖਾਨਾਜੰਗੀ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਨੇ ਭਗਤ ਸਿੰਘ ਦੀ ਸੋਚ ਦਾ ਸਹਾਰਾ ਲੈ ਕੇ ਉੱਭਰਨ ਦਾ ਯਤਨ ਕੀਤਾ ਪ੍ਰੰਤੂ ਉਹ ਵੀ ਕੁਝ ਸਿਆਸੀ ਪ੍ਰਾਪਤੀ ਨਾ ਕਰ ਸਕਿਆ ਅਤੇ ਫਿਰ ਕਾਂਗਰਸ ਪਾਰਟੀ ਦੇ ਲੜ ਲੱਗ ਗਿਆ। ਅਸਲ ਵਿੱਚ ਕਾਂਗਰਸ ਪਾਰਟੀ ਕੇਂਦਰੀ ਪਾਰਟੀ ਹੋਣ ਕਰਕੇ ਹੇਠਾਂ ਉੱਤੇ ਤਾਂ ਹੁੰਦੀ ਰਹੀ ਪ੍ਰੰਤੂ ਨਵੇਂ ਹੋਂਦ ਵਿੱਚ ਆਏ ਪੰਜਾਬ ਵਿੱਚ ਉਹ ਬਾਦਲ ਧੜੇ ਨੂੰ ਟੱਕਰ ਦਿੰਦੀ ਆ ਰਹੀ ਹੈ। ਬਾਦਲ ਧੜੇ ਨੇ ਬੜੀ ਵੱਡੀ ਸਿਆਸੀ ਸੋਚ ਅਨੁਸਾਰ ਪਹਿਲਾਂ ਜਨਤਾ ਪਾਰਟੀ ਅਤੇ ਫਿਰ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਸਿਆਸੀ ਗਠਜੋੜ ਬਣਾਈ ਰੱਖਿਆ। ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਵਾਂਗ ਕਈ ਵਾਰੀ ਸਿਆਸੀ ਕਲਾਬਾਜ਼ੀਆਂ ਵਾਲੇ ਸਮਝੌਤੇ ਵੀ ਕੀਤੇ।
ਅੰਨਾ ਹਜ਼ਾਰੇ ਦੇ ਅੰਦੋਲਨ ਵਿੱਚੋਂ ਸਿਆਸੀ ਲਾਹਾ ਲੈਂਦਿਆਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਗਠਨ ਕਰ ਲਿਆ ਅਤੇ ਦਿੱਲੀ ਦੇ ਲੋਕਾਂ ਸਾਹਮਣੇ ਪਹਿਲਾਂ ਅੰਨਾ ਹਜ਼ਾਰੇ ਦੇ ਵਿਚਾਰ ਅਤੇ ਫਿਰ ਅਰਵਿੰਦ ਕੇਜਰੀਵਾਲ ਦਾ ਨਾਹਰੇ ਹੋਣ ਕਰਕੇ ਪੂਰੀ ਦੀ ਪੂਰੀ ਦਿੱਲੀ ਇੱਕ-ਦਮ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਣ ਪਈ। ਕੇਜਰੀਵਾਲ ਵੱਡੇ ਸੁਫ਼ਨੇ ਲੈਣ ਲੱਗ ਪਿਆ। ਬੇਸ਼ੱਕ ਹੋਰਨਾਂ ਸੂਬਿਆਂ ਵਿੱਚ ਵੀ ਇਸ ਨੂੰ ਕੁਝ ਸਹਾਰਾ ਮਿਲਿਆ ਪ੍ਰੰਤੂ ਅਸਲ ਵਿੱਚ ਪੰਜਾਬ ਵਿੱਚੋਂ ਇਸ ਨੂੰ ਵੱਡਾ ਹੁੰਗਾਰਾ ਮਿਲ ਗਿਆ। ਲੋਕ ਸਭਾ ਵਿੱਚ ਚਾਰ ਸੀਟਾਂ ਮਿਲਣ ਸਦਕਾ ਕੇਜਰੀਵਾਲ ਬੜੇ ਵੱਡੇ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਗਿਆ। ਪੰਜਾਬੀ ਮਾਨਸਿਕਤਾ ਨੂੰ ਸਮਝਣ ਵਿੱਚ ਉੱਕਣ ਕਰਕੇ ਉਹ ਆਪਣੇ ਆਪ ਨੂੰ ਕੇਂਦਰੀ ਤਾਕਤ ਸਮਝਦਿਆਂ ਗਲਤੀਆਂ ਕਰਦਾ ਗਿਆ ਅਤੇ ਪੰਜਾਬ ਵਿੱਚ ‘ਆਪ’ ਦੇ ਪੱਖ ਵਿੱਚ ਝੁੱਲ ਰਹੀ ਹਨ੍ਹੇਰੀ ਦਾ ਫਾਇਦਾ ਲੈਣ ਤੋਂ ਚੁੱਕ ਗਿਆ। ਆਪ ਦੇ ਹੱਕ ਵਿੱਚ ਝੁੱਲੀ ਹਨ੍ਹੇਰੀ ਨੇ ਫਿਰ ਵੀ ਵਿਧਾਨ ਸਭਾ ਵਿੱਚ ਆਪ ਨੂੰ 22 ਸੀਟਾਂ ਦਿਵਾ ਕੇ ਲੋਕਾਂ ਨੇ ਕੇਜਰੀਵਾਲ ਨੂੰ ਦੂਹਰਾ ਸੰਕੇਤ ਦਿੱਤਾ। ਪੰਜਾਬ ਦੇ ਲੋਕ ਦੂਸਰੇ ਵਿਅਕਤੀ ਦੀ ਅਗਵਾਈ ਤਾਂ ਮੰਨ ਲੈਂਦੇ ਹਨ ਪ੍ਰੰਤੂ ਇਹ ਪੂਰੀ ਤਰ੍ਹਾਂ ਈਨ ਨਹੀਂ ਮੰਨਦੇ। ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਨੂੰ ਤਾਕਤ ਵਿੱਚੋਂ ਬਣਦਾ ਹਿੱਸਾ ਦੇਣ ਦੀ ਥਾਂ ਕੇਂਦਰੀ ਹਕੂਮਤ ਚਲਾਉਣ ਦੀ ਵੱਡੀ ਗਲਤੀ ਕਰ ਲਈ। ਫਲਸਰੂਪ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ ਦੇ ਝਾੜੂ ਦੇ ਤੀਲੇ ਬੁਰੀ ਤਰ੍ਹਾਂ ਬਿਖ਼ਰ ਚੁੱਕੇ ਹਨ। ਇੱਕ ਤੋਂ ਦੋ ਹੋਣ ਕਾਰਨ ਇਸਦੇ ਦੋਨਾਂ ਧੜਿਆਂ ਨੂੰ ਇੱਕ ਦੂਸਰੇ ਨੂੰ ਭੰਡਣ ਤੋਂ ਅੱਗੇ ਜ਼ਿਆਦਾ ਪ੍ਰਾਪਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹੋ ਸਕਦਾ ਹੈ ਕਨ੍ਹਈਆ ਕੁਮਾਰ ਪ੍ਰਚਾਰ ਵਾਸਤੇ ਪੰਜਾਬ ਵਿੱਚ ਆ ਕੇ ਖਹਿਰਾ ਧੜੇ ਨੂੰ ਕੇਜਰੀਵਾਲ ਧੜੇ ਤੋਂ ਕੁਝ ਬਿਹਤਰ ਸਥਿਤੀ ਵਿੱਚ ਲੈ ਆਵੇ ਪ੍ਰੰਤੂ ਤਾਕਤ ਦਾ ਤਵਾਜ਼ਨ ਕਿਸੇ ਦੇ ਵੀ ਹੱਥ ਆਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਕਹਿਣ ਨੂੰ ਭਾਵੇਂ ਕੋਟਕਪੂਰਾ-ਬਹਿਬਲ-ਬਰਗਾੜੀ ਕਾਂਡ ਬਾਦਲ ਧੜੇ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਸਾਬਤ ਹੋਇਆ ਹੈ ਪ੍ਰੰਤੂ ਅਸਲ ਵਿੱਚ ਸੁਖਬੀਰ-ਮਜੀਠੀਆ ਨੀਤੀਆਂ ਅਤੇ ਫੜ੍ਹਾਂ ਵਿੱਚ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਵਾਲੀਆਂ ਲੋਕ ਲੁਭਾਊ ਗੱਲਾਂ ਹਨ ਅਤੇ ਨਾ ਹੀ ਦੋਨਾਂ (ਸੁਖਬੀਰ-ਮਜੀਠੀਆ) ਨੂੰ ਪ੍ਰਕਾਸ਼ ਸਿੰਘ ਬਾਦਲ ਵਾਂਗ ਮਿੱਠੀਆਂ ਮਾਰ ਕੇ ਲੋਕਾਂ ਦੇ ਢਿੱਡ ਵਿੱਚ ਵੜਨਾ ਆਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਵਡੇਰੀ ਉਮਰ, ਪੁੱਤਰ ਮੋਹ ਅਤੇ ਸੁਖਬੀਰ ਬਾਦਲ ਦੇ ਭਾਰੂ ਵਤੀਰੇ ਕਾਰਨ ਸਿਆਸੀ ਨਕਸ਼ੇ ਤੋਂ ਪਾਸੇ ਹੋਣ ਵਾਂਗ ਹੋਣਾ ਪੈ ਗਿਆ ਹੈ ਅਤੇ ਸੁਖਬੀਰ-ਮਜੀਠੀਆ ਦੀਆਂ ਨੀਤੀਆਂ ਦੇ ਭਵਿੱਖ ਵਿੱਚ ਜਨਤਕ ਲਾਮਬੰਦੀ ਕਰਨ ਦੀ ਉਮੀਦ ਬੱਝਦੀ ਨਜ਼ਰ ਨਹੀਂ ਆਉਂਦੀ। ਸਿੱਖ ਧੜਿਆਂ ਦੇ ਨਾਮ ’ਤੇ ਹੋਰਨਾਂ ਅਕਾਲੀ ਗਰੁੱਪਾਂ ਦਾ ਸਿਆਸੀ ਅਧਾਰ ਥੋੜ੍ਹੇ ਖਿੱਤੇ ਤੋਂ ਅੱਗੇ ਵਧਣ ਦੀ ਭੋਰਾ ਵੀ ਆਸ ਨਹੀਂ ਕੀਤੀ ਜਾ ਸਕਦੀ। ਕਾਂਗਰਸ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਦਲ ਦਲ ਵੱਲ ਨਰਾਜ਼ਗੀ ਦੇ ਸਿੱਟੇ ਵਜੋਂ ਮਿਲੇ ਬਹੁਮੱਤ ਨੂੰ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਕੋਈ ਵਿਸ਼ੇਸ਼ ਆਕਰਸ਼ਣ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਹੋਏ ਹਨ।
ਉਪਰੋਕਤ ਸਾਰੇ ਦੇ ਸਿੱਟੇ ਵਜੋਂ ਪੰਜਾਬ ਵਿੱਚ ਸਿਆਸੀ ਆਪਾ-ਧਾਪੀ ਵਾਲਾ ਮਾਹੌਲ ਬਣ ਗਿਆ ਹੈ।
ਕਿਸੇ ਵੀ ਦੇਸ਼ ਅਥਵਾ ਸੂਬੇ ਵਿੱਚ ਸਿਆਸੀ ਸਥਿਰਤਾ ਸੂਬੇ ਦੇ ਵਿਕਾਸ ਵਿੱਚ ਵੱਡਾ ਰੋਲ ਅਦਾ ਕਰਦੀ ਹੈ ਜਦੋਂ ਕਿ ਸਿਆਸੀ ਅਸਥਿਰਤਾ ਸੂਬੇ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਸਿਰਜ ਦਿੰਦੀ ਹੈ। ਪੰਜਾਬ ਨੇ ਕਦੇ ਅਤਿਵਾਦ ਦੇ ਕਾਲੇ ਦਿਨਾਂ ਦਾ ਸੰਤਾਪ ਬੜੀ ਬੁਰੀ ਤਰ੍ਹਾਂ ਝੱਲਿਆ ਹੈ ਅਤੇ ਜੇਕਰ ਉਸ ਸਮੇਂ ਦੇ ਹਾਲਾਤ ਦਾ ਜਾਇਜ਼ਾ ਲਿਆ ਜਾਵੇ ਤਾਂ ਬਹੁਤਾ ਨਹੀਂ ਤਾਂ ਇਸ ਨੇ ਪੰਜਾਬ ਨੂੰ ਘੱਟੋ-ਘੱਟ ਇੱਕ ਸਦੀ ਪਿੱਛੇ ਧੱਕ ਦਿੱਤਾ ਸੀ। ਬਾਦਲਾਂ ਦੇ ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਰੇਤ-ਬੱਜਰੀ ਮਾਫ਼ੀਆ, ਨਸ਼ਾ ਤਸਕਰੀ, ਗੈਂਗਸਟਰ ਰਾਜ, ਟ੍ਰਾਂਸਪੋਰਟ ਮਾਫ਼ੀਆ, ਹਰ ਤਰ੍ਹਾਂ ਦੇ ਮੁਨਾਫ਼ੇ ਦਾ ਰੁਖ ਸਿਆਸੀ ਤਾਕਤ ਵੱਲ; ਆਦਿ ਪ੍ਰਮੁੱਖ ਰਹੇ ਹਨ ਜਿਸਦੇ ਸਿੱਟੇ ਵਜੋਂ ਦਸਾਂ ਨਹੁੰਆਂ ਦੀ ਕਮਾਈ ਕਰਕੇ ਦੋ ਡੰਗ ਦੀ ਰੋਟੀ ਖਾਣ ਵਾਲੇ ਕਿਸਾਨ ਅਤੇ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪਏ ਅਤੇ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਵੱਲ ਮੂੰਹ ਕਰ ਚੁੱਕੀ ਹੈ। ਆਰਥਿਕ ਤੰਗੀ ਅਤੇ ਨਸ਼ਿਆਂ ਦੀ ਓਵਰਡੋਜ਼ ਕਾਰਨ ਨਿੱਤ ਦਿਹਾੜੇ ਪੰਜਾਬ ਵਿੱਚ ਸਿਵੇ ਬਲ਼ਦੇ ਹਨ। ਜੇਕਰ ਸਿਆਸੀ ਆਪਾ-ਧਾਪੀ ਇਸੇ ਤਰ੍ਹਾਂ ਰਹੀ ਤਾਂ ਵਿਕਾਸ ਪੱਖੋਂ ਪੰਜਾਬ ਦੇ ਹੋਰ ਨਿਵਾਣਾਂ ਵੱਲ ਜਾਣ ਦੇ ਦਿਨ ਵੇਖਣੇ ਸਾਡੇ ਨਸੀਬਾਂ ਦਾ ਅੰਗ ਹੋਣਗੇ। ਅਸੀਂ ਵੱਡੇ ਦੁਖਾਂਤ ਹੰਢਾਉਣ ਨੂੰ ਆਪਣੀ ਕਿਸਮਤ ਮੰਨਾਂਗੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1574)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)