DeepDevinderS7ਰਾਜੂ ਨੇ ਆਪਣੀ ਪਤਨੀ ਨੂੰ ਆਂਢ ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆ। ਮੇਰੇ ਲਈ ਉਹ ਸੱਤਰ ਰੁਪਏ ...
(12 ਅਪਰੈਲ 2022)
ਮਹਿਮਾਨ: 349.

 

ਉਸ ਵਰ੍ਹੇ ਠੰਢ ਵੀ ਅੰਤਾਂ ਦੀ ਪਈ ਸੀਸਵੇਰ ਦੀ ਪਸਰੀ ਧੁੰਦ ਸ਼ਾਮ ਤੀਕ ਵੀ ਨਹੀਂ ਸੀ ਚੁੱਕੀ ਜਾਂਦੀਜੇ ਕਦੇ ਐਵੇਂ ਮਾਮੂਲੀ ਜਿਹੀ ਸੂਰਜ ਦੀ ਟਿੱਕੀ ਵਿਖਾਈ ਦਿੰਦੀ ਵੀ ਤਾਂ ਧੁੰਦ ਦੇ ਸੰਘਣੇ ਬੱਦਲ ਉਹਨੂੰ ਫਿਰ ਆਪਣੀ ਬੁੱਕਲ਼ ਵਿੱਚ ਲੈ ਲੈਂਦੇਮੱਠੀ ਮੱਠੀ ਵਗਦੀ ਸਰਦ ਹਵਾ ਹੱਡਾਂ ਨੂੰ ਚੀਰਦੀ ਜਾਂਦੀ

ਉਹਨੀਂ ਦਿਨੀਂ ਮੈਂ ਪਿੰਡ ਛੱਡ ਸ਼ਹਿਰ ਕਰਾਏ ਦੇ ਮਕਾਨ ਵਿੱਚ ਰਹਿਣ ਲੱਗਿਆ ਸਾਂਮੇਰੇ ਨਾਲ ਮੇਰੀ ਪਤਨੀ ਅਤੇ ਪੰਜ-ਸੱਤ ਮਹੀਨਿਆਂ ਦੀ ਮੇਰੀ ਲੜਕੀ ਸੀ, ਜਿਹੜੀ ਠੰਢ ਕਰਕੇ ਪਿਛਲੇ ਦੋ ਤਿੰਨ ਦਿਨ ਤੋਂ ਬਿਮਾਰ ਸੀਲੰਘੀ ਰਾਤ ਵੀ ਉਹ ਰੀਂ ਰੀਂ ਕਰਦੀ ਰਹੀ ਸੀ ਤੇ ਚੱਜ ਨਾਲ ਸੁੱਤੀ ਵੀ ਨਹੀਂ ਸੀ

ਉਹ ਦਿਨ ਮੇਰੇ ਲਈ ਬਹੁਤ ਤੰਗੀ ਦੇ ਦਿਨ ਸਨਸ਼ਹਿਰ ਦੇ ਲੇਬਰ ਚੌਂਕ ਵਿੱਚ ਮੈਂ ਅਕਸਰ ਰਾਜ ਮਿਸਤਰੀ ਦੀ ਦਿਹਾੜੀ ਲੱਭਣ ਲਈ ਖਲੋਂਦਾਕੰਮਾਂ ਦਾ ਹਾਲ ਮੰਦਾ ਹੋਣ ਕਰਕੇ ਕਈ ਵਾਰ ਤਾਂ ਖਾਲੀ ਹੱਥ ਵੀ ਪਰਤਣਾ ਪੈਂਦਾਉਸ ਦਿਨ ਵੀ ਘਰੋਂ ਤੁਰਨ ਵੇਲੇ ਰੋਟੀ ਵਾਲਾ ਡੱਬਾ ਹੱਥ ਵਿੱਚ ਫੜਾਉਂਦਿਆਂ ਪਤਨੀ ਨੇ ਰਾਤ ਨੂੰ ਥੋੜ੍ਹਾ ਜਲਦੀ ਤੇ ਲਾਈਆਂ ਦਿਹਾੜੀਆਂ ਦੇ ਪੈਸੇ ਲੈ ਕੇ ਆਉਣ ਲਈ ਕਿਹਾ ਸੀ ਤਾਂ ਜੋ ਬੱਚੀ ਨੂੰ ਡਾਕਟਰ ਦੇ ਵਿਖਾਇਆ ਜਾ ਸਕੇਉਹਦੇ ਚਿਹਰੇ ਅਤੇ ਬੋਲਾਂ ਵਿੱਚ ਚਿੰਤਾ ਸੀ ਅਤੇ ਮੈਂ ਵੀ ਇਸੇ ਚਿੰਤਾ ਕਰਕੇ ਦਿਨ ਭਰ ਗੁੰਮ ਸੁੰਮ ਰਿਹਾ

ਉਹਨਾਂ ਦਿਨਾਂ ਵਿੱਚ ਸ਼ਹਿਰ ਦੇ ਬਾਹਰਵਾਰ ਕਿਸੇ ਦੇ ਘਰ ਕੰਮ ਚੱਲਦਾ ਸੀ ਮੇਰਾਮਕਾਨ ਦੀ ਦੂਜੀ ਮੰਜ਼ਿਲ ਦੇ ਬਨੇਰੇ ਪਲੱਸਤਰ ਕਰ ਰਹੇ ਸਾਂਉੱਚੇ ਥਾਂ ’ਤੇ ਚੜ੍ਹ ਕੇ ਕੰਮ ਕਰਦਿਆਂ ਸਵੇਰ ਤੋਂ ਵਗਦੇ ਠੱਕੇ ਨੇ ਮੱਤ ਮਾਰ ਛੱਡੀ ਸੀ ਦਿਹਾੜੀ ਕਰਦੇ ਰਾਜੂ ਕੋਲੋਂ ਦੋ ਵਾਰੀ ਦੁਕਾਨ ਤੋਂ ਚਾਹ ਵੀ ਮੰਗਵਾਈ ਸੀਜਦੋਂ ਤਕ ਰਾਜੂ ਪਤਲੀਆਂ ਤੇ ਲੰਮੀਆਂ ਜਿਹੀਆਂ ਗਲਾਸੀਆਂ ਵਾਲਾ ਛਿਕਾ ਉੱਪਰ ਲੈ ਕੇ ਪਹੁੰਚਦਾ, ਚਾਹ ਪਾਣੀ ਵਰਗੀ ਹੋਈ ਹੁੰਦੀ

ਰਾਜੂ ਮੇਰੇ ਤੋਂ ਪਹਿਲਾਂ ਦਾ ਇਸ ਸ਼ਹਿਰ ਵਿੱਚ ਆਪਣੇ ਟੱਬਰ ਟੀਹਰ ਨਾਲ ਰਹਿੰਦਾ ਸੀ ਪਿੱਛਿਉਂ ਉਹ ਬਿਹਾਰ ਦੇ ਕਿਸੇ ਪਿੰਡੋਂ ਆਇਆ ਸੀਉਹਦੇ ਕੋਲ ਸ਼ਹਿਰ ਦਾ ਅਨੁਭਵ ਮੇਰੇ ਤੋਂ ਬਹੁਤਾ ਸੀਅਸੀਂ ਆਪੋ ਆਪਣੀ ਕਬੀਲਦਾਰੀ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇਉਸ ਰੋਜ਼ ਸਾਨੂੰ ਲੱਗ ਗਈਆਂ ਪੰਜ ਪੰਜ ਦਿਹਾੜੀਆਂ ਦੇ ਪੈਸੇ ਦੇਣੇ ਸਨ ਸਰਦਾਰ ਨੇਰਾਜੂ ਨੇ ਵੀ ਕਵਾਟਰ ਦਾ ਕਰਾਇਆ ਦੇਣਾ ਸੀਮੈਂਨੂੰ ਬਿਮਾਰ ਬੱਚੀ ਦੀ ਚਿੰਤਾ ਸੀ, ਜਿਸ ਨੂੰ ਰਾਤੀਂ ਵੀ ਪੈਸਿਆਂ ਖੁਣੋ ਡਾਕਟਰ ਦੇ ਨਹੀਂ ਸੀ ਲਿਜਾ ਸਕਿਆ।

ਇਸੇ ਆਸ ਵਿੱਚ ਸ਼ਾਮੀਂ ਹਥਲਾ ਕੰਮ ਸਮੇਟਦਿਆਂ ਕੱਪੜਾ ਲੱਤਾ ਬਦਲ ਹੇਠਾਂ ਉੱਤਰੇਸਰਦਾਰ ਕਿਧਰੇ ਬਜ਼ਾਰ ਗਿਆ ਹੋਇਆ ਸੀ ਜਿਹਨੂੰ ਉਡੀਕਦਿਆਂ ਉਡੀਕਦਿਆਂ ਹਨੇਰਾ ਆਣ ਉੱਤਰਿਆਸਮਝ ਨਹੀਂ ਸੀ ਆ ਰਹੀ ਕਿ ਘਰ ਕਿੰਝ ਜਾਇਆ ਜਾਵੇਕਦੀ ਕਦੀ ਪਤਨੀ ਉੱਤੇ ਵੀ ਖਿਝ ਆਵੇ ਕਿ ਐਵੇਂ ਜ਼ਿੱਦ ਕਰਕੇ ਸ਼ਹਿਰ ਆ ਗਈਚੰਗੇ ਭਲੇ ਮਾਂ ਬਾਪ, ਭਰਾ ਭਰਜਾਈਆਂ ਦੇ ਸਾਂਝੇ ਆਰ ਪਰਿਵਾਰ ਵਿੱਚ ਰਹਿੰਦੇ ਸਾਂਹੁਣ ਆਪ ਵੀ ਦੁਖੀ ਤੇ ਮੇਰੀ ਵੀ ਵੇਲਣੇ ਵਿੱਚ ਬਾਂਹ ਦਿੱਤੀ ਹੋਈ ਸੀ

ਮੇਰੇ ਪੈਰੋ ਪੈਰ ਬਦਲ ਰਹੇ ਰੰਗ ਨੂੰ ਵੇਖ ਰਾਜੂ ਪੈਰ ਘਸੀਟਦਾ ਮੇਰੇ ਕੋਲ ਆਣ ਖਲੋਤਾ ਤੇ ਉਦਾਸੀ ਜਿਹੀ ਸੁਰ ਵਿੱਚ ਬੋਲਿਆ, “ਅਰੇ ਭਾ ਜੀ ਸਰਦਾਰ ਤੋਂ ਲਗਤਾ ਅਬ ਨਹੀਂ ਆਏਗਾ

ਮੈਨੂੰ ਅੱਗਿਉਂ ਕੋਈ ਜਵਾਬ ਨਾ ਅਹੁੜਿਆਮੈਂ ਉਂਝ ਹੀ ਨਿੰਮੋਝੂਣਾ ਖਲੋਤਾ ਇੱਧਰ ਉੱਧਰ ਝਾਕੀ ਗਿਆ। ਫਿਰ ਪਤਾ ਨਹੀਂ ਕੀ ਸੋਚ ਕੇ ਰਾਜੂ ਬੋਲਿਆ, “ਆਈਏ ਭਾ ਜੀ ਹਮਾਰੇ ਸਾਥ” ਤੇ ਨਾਲ ਹੀ ਉਸ ਨੇ ਆਪਣਾ ਸਾਇਕਲ ਰੇੜ੍ਹ ਲਿਆਅਸੀਂ ਅੱਗੜ ਪਿੱਛੜ ਸਾਇਕਲ ਚਲਾਉਂਦੇ ਰਾਜੂ ਦੇ ਕਵਾਟਰ ਪਹੁੰਚ ਗਏਰਾਜੂ ਨੇ ਆਪਣੀ ਪਤਨੀ ਨੂੰ ਆਂਢ ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆਮੇਰੇ ਲਈ ਉਹ ਸੱਤਰ ਰੁਪਏ ਸੱਤ ਸੌ ਰੁਪਏ ਵਰਗੇ ਸਨਰਾਜੂ ਮੈਨੂੰ ਰੱਬ ਵਰਗਾ ਲੱਗ ਰਿਹਾ ਸੀ, ਜਿਸਨੇ ਮੇਰੀ ਗਰਜ਼ ਪੂਰੀ ਕਰ ਦਿੱਤੀ ਸੀ

ਹਨੇਰਾ ਵਾਹਵਾ ਆਣ ਉੱਤਰਿਆਬਰੀਕ ਬਰੀਕ ਕਣੀਆਂ ਵੀ ਪੈਣ ਲੱਗੀਆਂਮੈਂ ਵਾਹੋ ਦਾਹੀ ਘਰ ਨੂੰ ਭੱਜਿਆਬਿਮਾਰ ਬੱਚੀ ਤੇ ਪਤਨੀ ਦਾ ਉੱਤਰਿਆ ਚਿਹਰਾ ਦਿਨ ਭਰ ਮੇਰੇ ਕਲੇਜੇ ਨੂੰ ਵਾਢ ਪਾਉਂਦੇ ਰਹੇ ਸਨਇਸੇ ਲਈ ਘਰ ਮੁਹਰੇ ਜਾ ਕੇ ਮੇਰੇ ਕੋਲੋਂ ਸਾਇਕਲ ਦਾ ਸਟੈਂਡ ਵੀ ਨਹੀਂ ਸੀ ਲੱਗਿਆ। ਕੰਧ ਦੇ ਆਸਰੇ ਸਾਇਕਲ ਖੜ੍ਹਾ ਕਰਕੇ ਮੈਂ ਕਾਹਲੀ ਨਾਲ ਬੂਹਿਉਂ ਅੰਦਰ ਝਾਤੀ ਮਾਰੀਸਾਹਮਣੀ ਕੰਧ ਨਾਲ ਡਿੱਠੀ ਮੰਜੀ ’ਤੇ ਪਿੰਡੋਂ ਆਈ ਬੀਬੀ ਬੈਠੀ ਸੀ ਤੇ ਉਹਦੀ ਗੋਦੀ ਵਿੱਚ ਬੱਚੀ ਚੈਨ ਨਾਲ ਸੁੱਤੀ ਪਈ ਸੀਲਗਦਾ ਸੀ ਬੀਬੀ ਨੇ ਕੋਈ ਘਰ ਦਾ ਓਹੜ ਪੋਹੜ ਕਰਨ ਦੇ ਨਾਲ ਨਾਲ ਡਾਕਟਰ ਦੇ ਵੀ ਵਿਖਾਇਆ ਹੋਊ ਇੱਕ ਨੁੱਕਰੇ ਬੂਰੇ ਵਾਲੀ ਅੰਗੀਠੀ ਮਘ ਰਹੀ ਸੀਪਤਨੀ ਅਰਾਮ ਨਾਲ ਚੌਂਕੇ ਚੁੱਲ੍ਹੇ ਦੇ ਆਹਰ ਵਿੱਚ ਰੁੱਝੀ ਹੋਈ ਸੀਘਰ ਵਿੱਚ ਅੰਤਾਂ ਦਾ ਨਿੱਘ ਸੀਠੰਢ ਦਾ ਤਾਂ ਹੁਣ ਕਿੱਧਰੇ ਨਾਮੋ ਨਿਸ਼ਾਨ ਵੀ ਨਹੀਂ ਸੀ ਲਗਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3497)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)