DeepDevinderS7ਉਹਦੀ ਪਿੰਡ ਵਾਲੇ ਦੀ ਚਿੰਤਾ ਕਰਿਆ ਕਰ। ਮੌਤ ਨਹੀਂ ਪਈ ਸਾਨੂੰ ...।” ਕਹਿ ਕੇ ਉਹ ਦਰਵਾਜ਼ਿਓਂ ਓਹਲੇ ਹੋ ਗਿਆ। ...
(10 ਫਰਵਰੀ 2022)


ਅੱਜ ਫਿਰ ਉਹ ਮੇਰੀ ਨਿਗ੍ਹਾ ਚੜ੍ਹਿਆ ਸੀ। ਸੜਕ ਦੇ ਪਾਰਲੇ ਕੰਢੇ ਖੜ੍ਹਾ ਕਿਸੇ ਰਿਕਸ਼ੇ, ਟੈਂਪੂ ਦੀ ਉਡੀਕ ਕਰ ਰਿਹਾ ਲੱਗਦਾ ਸੀ। ਅਸੀਂ ਆਹਮੋ-ਸਾਹਮਣੇ ਤੇਜ਼ ਵਗਦੀ ਸੜਕ ਦੇ ਦੋਹਾਂ ਕਿਨਾਰਿਆਂ ’ਤੇ ਖੜ੍ਹੇ ਸਾਂ
, ਜਿਹਦੇ ਐਨ ਵਿਚਕਾਰ ਲੋਹੇ ਦੀ ਗਰਿੱਲ ਸੀ। ਗਰਿੱਲ ਨੂੰ ਸਹਿਜੇ ਟੱਪਿਆ ਨਹੀਂ ਸੀ ਜਾ ਸਕਦਾ। ਇਸ ਨਵੇਂ ਬਣੇ ਹਾਈ-ਵੇਅ ਨੇ ਸੜਕਾਂ ’ਤੇ ਗੋਲੀ ਵਾਂਗ ਭੱਜਦੀ ਮਨੁੱਖੀ ਜ਼ਿੰਦਗੀ ਨੂੰ ਭਾਂਪਦਿਆਂ ਸੱਜੇ-ਖੱਬੇ ਵਾਲਿਆਂ ਦਾ ਸਿੱਧਾ ਮੇਲ-ਜੋਲ ਖ਼ਤਮ ਕਰ ਦਿੱਤਾ ਸੀ। ਹੁਣ ਕਈ ਕਿਲੋਮੀਟਰ ਦੇ ਫ਼ਾਸਲੇ ਬਾਅਦ ਹੀ ਬੰਦਾ ਯੂ-ਟਰਨ ਮਾਰ ਸਕਦਾ ਸੀ। ਮੈਂ ਖੜ੍ਹਾ ਖੜੋਤਾ ਉਹਨੂੰ ਗਹੁ-ਨਾਲ ਝਾਕਦਿਆਂ ਸਿਆਨਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਉਹਦੇ ਅੱਗੇ ਇੱਕ ਦੋ ਆਟੋ ਵਾਲਿਆਂ ਬਰੇਕ ਵੀ ਮਾਰੀ ਸੀ ਤੇ ਥੋੜ੍ਹੀ ਜਿਹੀ ਧੌਣ ਬਾਹਰ ਕੱਢ ਕੇ ਉਹਨੂੰ ਜਾਣ ਲਈ ਵੀ ਪੁੱਛਦੇ ਸਨ। ਉਹ ਅੱਗਿਉਂ ਹਰ ਵਾਰੀ ਨਾਂਹ ਵਿੱਚ ਸਿਰ ਹਿਲਾਉਂਦਾ ਸੀ।

ਮੈਂ ਕਾਹਲੀ ਨਾਲ ਉੱਪਰੋਂ ਦੀ ਘੁੰਮ ਕੇ ਉਹਦੇ ਸਾਹਮਣੇ ਜਾ ਖੜ੍ਹਾ ਹੋਇਆ। ਉਸਨੇ ਥੋੜ੍ਹੀ ਕੁ ਧੌਣ ਉੱਪਰ ਚੁੱਕੀ ਤੇ ਨਿਗਾਹ ਭਰ ਕੇ ਮੇਰੇ ਵੱਲ ਝਾਕਿਆ। ਉਸਦਾ ਚਿਹਰਾ ਬੁਝਿਆ-ਬੁਝਿਆ ਜਿਹਾ ਲੱਗ ਰਿਹਾ ਸੀ। ਉਹਦੇ ਸਿਰ ਉਤਲੀ ਪੱਗ ਦੇ ਲੜ ਵੀ ਐਵੇਂ ਬੇਤਰਤੀਬੇ ਜਿਹੇ ਸਨ, ਜਿਵੇਂ ਕਾਹਲੀ-ਕਾਹਲੀ ਬਗ਼ੈਰ ਸ਼ੀਸ਼ੇ ਵਿੱਚ ਝਾਤੀ ਮਾਰਿਆਂ ਹੀ ਪੱਗ ਉਹਨੇ ਸਿਰ ’ਤੇ ਵਲੇਟ ਲਈ ਹੋਵੇ। ਅੱਜ ਉਹਦੀਆਂ ਅੱਖਾਂ ਵਿੱਚ ਵਿਚਾਰਗੀ ਅਤੇ ਲਾਚਾਰਗੀ ਸਾਫ਼ ਵਿਖਾਈ ਦੇਂਦੀ ਸੀ।

ਮੇਰੀਆਂ ਸੋਚਾਂ ਵਿੱਚ ਸੱਤ-ਅੱਠ ਮਹੀਨੇ ਪਹਿਲਾਂ ਵਾਲਾ ਬਾਪੂ ਖ਼ਜ਼ਾਨ ਸਿਹੁੰ ਪ੍ਰਗਟ ਹੁੰਦਾ ਹੈ। ਮੈਂ ਉਸ ਦਿਨ ਆਪਣੇ ਕਾਰੋਬਾਰ ਦੇ ਬਾਹਰ ਬੈਠਾ ਕੁਝ ਪੜ੍ਹ ਰਿਹਾ ਸਾਂ, ਜਦੋਂ ਇਹੋ ਬਾਪੂ ਸਾਹ ਲੈਣ ਲਈ ਮੇਰੇ ਕੋਲ ਆਣ ਖਲੋਤਾ ਸੀ। ਗੱਲਾਂ-ਗੱਲਾਂ ਵਿੱਚ ਉਸ ਦੱਸਿਆ ਸੀ ਕਿ ਉਹਦੇ ਦੋ ਪੁੱਤਰ ਨੇ, ਇੱਕ ਪਿੰਡ ਰਹਿੰਦਾ ਤੇ ਦੂਜਾ ਸ਼ਹਿਰ। ਸ਼ਹਿਰਨ ਨੂੰਹ ਬੁਟੀਕ ਚਲਾਉਂਦੀ ਐ ਤੇ ਮੁੰਡਾ ਕਿਸੇ ਕਾਲਜ ਦੀ ਕਨਟੀਨ। ਪਿੰਡ ਵਾਲਾ ਹਮਾਤੜ ਐ ਤੇ ਇਹ ਸੌਖੀ ਰੋਟੀ ਖਾਂਦੇ ਐ।

ਬਾਪੂ ਖ਼ਜ਼ਾਨ ਸਿਹੁੰ ਕੋਲ ਜ਼ਿੰਦਗੀ ਦੀਆਂ ਬੇਸ਼ੁਮਾਰ ਕਹਾਣੀਆਂ ਸਨ, ਜਿਹੜੀਆਂ ਉਸ ਸਾਂਝੀਆਂ ਕੀਤੀਆਂ। ਮੈਂ ਪਾਣੀ-ਧਾਣੀ ਪੁੱਛਿਆ ਅਤੇ ਜਾਣ ਲੱਗੇ ਨੂੰ ਝਕਦਿਆਂ-ਝਕਦਿਆਂ ਕੁਝ ਪੈਸੇ ਦੇਣੇ ਚਾਹੇ। ਉਹਨੇ ਤਲਖੀ ਜਿਹੀ ਵਿੱਚ ਉੱਠਦਿਆਂ ਆਪਣੇ ਗਲ਼ ਪਾਏ ਕਮੀਜ਼ ਦੀ ਵੱਖੀ ਵਾਲੀ ਜੇਬ ਅੰਦਰੋਂ ਕੁੱਝ ਰੁਪਈਏ ਵਿਖਾਉਂਦਿਆਂ ਕਿਹਾ, “ਤੂੰ ਮੈਨੂੰ ਮਾੜਾ ਧੀੜਾ ਸਮਝਦੈਂ? ਕਮਾਊ ਪੁੱਤਰ ਐ ਮੇਰੇ ...” ਤੇ ਨਾਲ ਹੀ ਉਨੇ ਮੇਰੇ ਤੋਂ ਮੂੰਹ ਫੇਰ ਲਿਆ। ਮੈਂ ਕੱਚਾ ਜਿਹਾ ਹੋ ਗਿਆ ਤੇ ਉਹ ਬਿਨਾਂ ਕੁਝ ਹੋਰ ਬੋਲੇ-ਚਾਲੇ ਕੋਲੋਂ ਚਲਾ ਗਿਆ।

ਅੱਜ ਫਿਰ ਉਹ ਮੇਰੇ ਸਾਹਮਣੇ ਖੜ੍ਹਾ ਸੀ, ਮੇਰੇ ਵੱਲ ਖ਼ਾਲੀ-ਖ਼ਾਲੀ ਜਿਹੀ ਨਜ਼ਰੇ ਝਾਕਦਾ। ਮੈਂ ਉਸ ਕੋਲੋਂ ਕੁਝ ਸੁਣਨਾ ਚਾਹੁੰਦਾ ਸਾਂ। ਉਹਦੇ ਬਾਰੇ, ਉਹਦੇ ਜੀਆ-ਜੰਤ ਬਾਰੇ। ਉਹ ਵੀ ਕੁਝ ਕਹਿਣਾ ਚਾਹੁੰਦਾ ਸੀ। ਉਹਦੇ ਬੁੱਲ੍ਹ ਫਰਕਦੇ ਸਨ ਕਦੇ-ਕਦੇ। ਫਿਰ ਵੀ ਉਹਦੇ ਕੋਲੋਂ ਪਹਿਲਾਂ ਵਰਗੀ ਲੈਅ ਨਹੀਂ ਸੀ ਬੱਝ ਰਹੀ। “ਬਾਪੂ ਜੀ ਅੱਜ ਸਵੇਰੇ-ਸਵੇਰੇ?” ਮੈਂ ਗੱਲ ਛੇੜੀ।

“ਮੁੰਡਾ ਢਿੱਲਾ-ਮੱਠਾ ਐ ਇੱਥੋਂ ਵਾਲਾ। ਮਾਂ ਉਹਦੀ ਖਹਿੜੇ ਪਈਓ ਸੀ ਕਈ ਦਿਨਾਂ ਦੀ ਕਿ ਪਤਾ ਲੈ ਕੇ ਆ। ਆਪ ਉਹਤੋਂ ਤੁਰਿਆ ਫਿਰਿਆ ਨਹੀਂ ਜਾਂਦਾ। ਸਰੀਰ ਭਾਰਾ, ਗੱਡੀਆਂ-ਮੋਟਰਾਂ ’ਤੇ ਚੜ੍ਹ ਨਹੀਂ ਹੁੰਦਾ ਉਹਤੋਂ।” ਬਾਪੂ ਨੇ ਲੜੀ ਤਾਂ ਸ਼ੁਰੂ ਕਰ ਲਈ ਪਰ ਆਵਾਜ਼ ਧੀਮੀ ਤੇ ਨਿਰਾਸ਼ਤਾ ਵਾਲੀ ਸੀ।

“ਫਿਰ ਮਿਲਿਆ ਮੁੰਡਾ?” ਮੈਂ ਪੁੱਛਿਆ।

“ਲਹੂ ਸਫ਼ੈਦ ਹੋ ਗਏ ਐ ਅੱਜ-ਕੱਲ੍ਹ ...” ਕਹਿੰਦਿਆਂ ਬਾਬੂ ਨੇ ਗੱਲਾਂ ਦੀ ਸ਼ਿਸਤ ਬੰਨ੍ਹ ਲਈ। ਮੈਂ ਵੀ ਉਹਨੂੰ ਅਟਕਾਉਣਾ ਨਹੀਂ ਸੀ ਚਾਹੁੰਦਾ, ਇਸੇ ਲਈ ਹੁੰਗਾਰਾ ਵੀ ਬਹੁਤ ਮੱਠਾ ਜਿਹਾ ਹੀ ਭਰ ਰਿਹਾ ਸਾਂ।

ਖੰਗੂਰਾ ਮਾਰਦਿਆਂ ਬਾਪੂ ਕਹਿੰਦਾ, “ਏਥੋਂ ਵਾਲਾ ਮੁੰਡਾ ਗੁੱਸੇ ਐ ਛੋਟੇ ਭਰਾ ਨਾਲ। ਕਹਿੰਦਾ ਸੀ ਮੈਂ ਪਿੰਡ ਵਾਲਾ ਥਾਂ ਵੇਚਣਾ ਅੱਧਾ। ਉਹਨੇ ਆਪਣੀ ਕਬੀਲਦਾਰੀ ਦੱਸਦਿਆਂ ਨਾਂਹ-ਨੁੱਕਰ ਕਰ ਦਿੱਤੀ। ਆਪਾਂ ਬੁੱਢਾ-ਬੁੱਢੀ ਜਿਹਦੇ ਬੂਹੇ ਬੈਠੇਂ ਹੋਏ ਆਂ, ਉਹਦੀ ਖ਼ੈਰ ਮੰਗਦਿਆਂ ਸਮਝਾਇਆ, ਭਈ ਨਾ ਵੇਚ, ਭੁੱਖੇ ਥਿਆਏ ਰਹਿ ਕੇ ਥਾਂ ਬਣਾਇਆ, ਬਣਿਆ ਰਹਿਣ ਦੇ। ਇਸੇ ਗੱਲੋਂ ਵੱਟ ਖਾ ਗਿਆ ...।”

ਖ਼ਜ਼ਾਨ ਸਿਹੁੰ ਦੇ ਗੱਲਾਂ ਕਰਦਿਆਂ ਕਈ ਰੰਗ ਬਦਲ ਰਹੇ ਸਨ। ਫਿਰ ਉਹ ਕਹਿਣ ਲੱਗਾ, “ਜਦ ਪਤਾ ਲੱਗਿਆ ਮੁੰਡਾ ਢਿੱਲਾ-ਮੱਠਾ ਰਿਹਾ, ਆਪ ਤੋਂ ਕਿੱਥੇ ਰਹਿ ਹੁੰਦਾ, ਆਂਦਰਾਂ ਜੂ ਹੋਈਆਂ। ਮਾਂ ਇਹਦੀ ਨੇ ਸਾਰੀ ਰਾਤ ਜ਼ੁਬਾਨ ਮੂੰਹ ’ਚ ਨਹੀਂ ਪਾਈ, ਸੁੱਚੇ ਮੂੰਹ ਹੀ ਤੋਰਤਾ ਕਿ ਜਾ ਕੇ ਪਤਾ ਲੈ ਕੇ ਆ।” ਇਹ ਕਹਿੰਦਿਆਂ ਬਾਪੂ ਅਗਲੀ ਗੱਲ ਕਹਿਣ ਲਈ ਰੁਕ ਗਿਆ, ਸ਼ਾਇਦ ਆਪਣੀ ਅੰਦਰਲੀ ਸੱਤਿਆ ਇਕੱਠੀ ਕਰਨ ਲਈ। ਘਗਿਆਈ ਆਵਾਜ਼ ਵਿੱਚ ਕਹਿੰਦਾ, “ਮੈਂ ਉਹਦੇ ਘਰ ਅੰਦਰਲੇ ਦਰਵਾਜ਼ੇ ਨੂੰ ਕਈ ਵਾਰੀ ਖੜਕਾਇਆ। ਜਾਲੀ ਵਾਲੇ ਬੰਦ ਬੂਹੇ ਅੱਗੇ ਵੀ ਹੋਇਆ। ਨਿਰਮੋਹਿਆਂ ਵਾਂਗ ਵਿੰਹਦਾ ਰਿਹਾ ਚੁੱਪ-ਚਾਪ। ਹਾਰ ਕੇ ਮੈਂ ਹੀ ਪੁੱਛਿਆ, “ਕਰਨੈਲ ਸਿਹਾਂ ਕੀ ਹਾਲ ਤੇਰਾ ਹੁਣ?” ਅੱਗਿਉਂ ਕਹਿੰਦਾ, “ਉਹਦੀ ਪਿੰਡ ਵਾਲੇ ਦੀ ਚਿੰਤਾ ਕਰਿਆ ਕਰ। ਮੌਤ ਨਹੀਂ ਪਈ ਸਾਨੂੰ ...।” ਕਹਿ ਕੇ ਉਹ ਦਰਵਾਜ਼ਿਓਂ ਓਹਲੇ ਹੋ ਗਿਆ। ਮੁੜ ਕੋਈ ਜੀਅ ਬਾਹਰ ਨਹੀਂ ਆਇਆ।” ਇਹ ਕਹਿੰਦਿਆਂ ਬਾਪੂ ਦਾ ਗੱਚ ਭਰ ਆਇਆ।

ਬੱਪੂ ਦੀ ਗੱਲ ਸੁਣਕੇ ਮੈਂ ਝੰਜੋੜਿਆ ਗਿਆ। ਮੇਰਾ ਚਿੱਤ ਕਰੇ ਮੈਂ ਉਹਨੂੰ ਕਲਾਵੇ ਵਿੱਚ ਲੈ ਕੇ ਦਿਲਾਸਾ ਦੇਵਾਂ। ਇਸੇ ਲਈ ਮੈਂ ਉਹਦੇ ਮੋਢੇ ’ਤੇ ਹੱਥ ਧਰਦਿਆਂ ਕਿਹਾ, “ਬਾਬਾ, ਜੇ ਕਹੇਂ ਤਾਂ ਬਾਈਪਾਸ ਤੀਕ ਛੱਡ ਆਵਾਂ?”

ਥੋੜ੍ਹਾ ਚਿਰ ਉਹ ਮੇਰੇ ਮੂੰਹ ਵੱਲ ਵਿੰਹਦਾ ਰਿਹਾ। ਫਿਰ ਪਤਾ ਨਹੀਂ ਕੀ ਸੋਚ ਕੇ ਕਹਿਣ ਲੱਗਿਆ, “ਦਿਲ ਤਾਂ ਨਹੀਂ ਮੰਨਦਾ ਸ਼ੇਰਾ, ਪਰ ਤੂੰ ਐਂ ਕਰ ਮੈਨੂੰ ਕਿਤੇ ਛੱਡ ਕੇ ਆਉਣ ਨਾਲੋਂ ਅੱਜ ਵੀਹ ਰੁਪਏ ਦੇ ਦੇ। ਪਿੰਡ ਜਾਣ ਲਈ ਪੰਜਾਹ ਲੱਗਣੇ ਐ ਤੀਹ ਬਚੇ ਐ ਮੇਰੇ ਕੋਲ।”

ਮੈਂ ਕਾਹਲੀ ਨਾਲ ਸੌ ਦਾ ਨੋਟ ਕੱਢ ਕੇ ਉਹਦੇ ਵੱਲ ਵਧਾਇਆ। ਉਹਨੇ ਅਗਿਉਂ ਦੋਵੇਂ ਹੱਥ ਪਿਛਾਂਹ ਕਰਦਿਆਂ ਵੀਹ ਰੁਪਏ ਵਾਲੀ ਲੋੜ ਮੁੜ ਦੁਹਰਾਈ ਅਤੇ ਕਿਹਾ, “ਪਾੜ੍ਹਿਆ, ਕੀ ਕਰਨੇ ਆਂ ਮੈਂ ਵਾਧੂ ਪੈਸੇ, ਪਿੰਡ ਪਹੁੰਚਣ ਲਈ ਵੀਹਾਂ ਦੀ ਲੋੜ ਆ ਬੱਸ।”

ਮੇਰਾ ਵਧਿਆ ਹੱਥ ਉੱਥੇ ਹੀ ਅਟਕ ਗਿਆ। ਮੈਂ ਬਾਪੂ ਖਜ਼ਾਨ ਸਿਹੁੰ ਦੇ ਚਿਹਰੇ ਵੱਲ ਨੀਝ ਨਾਲ ਝਾਕ ਰਿਹਾ ਸਾਂ। ਉਹਦੇ ਚਿਹਰੇ ’ਤੇ ਬੇਸ਼ੱਕ ਔਲਾਦ ਦੀ ਬੇਰੁਖੀ ਦਾ ਸੰਘਣਾ ਪ੍ਰਛਾਵਾਂ ਝਲਕ ਰਿਹਾ ਸੀ, ਪਰ ਉਹਦੀਆਂ ਮਹੀਨ ਅੱਖਾਂ ਦੀ ਲਿਸ਼ਕ ਅੰਦਰ ਦਰਵੇਸ਼ਾਂ ਵਰਗੀ ਸਹਿਜਤਾ ਕਿਤੇ ਧੁਰ ਅੰਦਰ ਠੰਢਕ ਦਾ ਅਹਿਸਾਸ ਕਰਵਾ ਰਹੀ ਸੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3349)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਦੀਪ ਦਵਿੰਦਰ ਸਿੰਘ

ਦੀਪ ਦਵਿੰਦਰ ਸਿੰਘ

Amritsar, Punjab, India.
Phone: (91 - 98721 - 65707)

Email: (deepkahanikar@gmail.com)