“ਧਰਮਾਂ ਵਿੱਚ ਵੰਡੇ ਭਾਰਤ ਦੇ ਸੂਬਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਰੋਸ਼ਨੀ ਦਾ ਬੀਜ ਬੀਜਿਆ ਹੈ ...”
(16 ਮਾਰਚ 2022)
ਮਹਿਮਾਨ: 614.
ਹੁਣੇ ਹੀ ਉੱਤਰ ਪ੍ਰਦੇਸ਼, ਝਾਰਖੰਡ, ਗੋਆ, ਮਨੀਪੁਰ ਅਤੇ ਪੰਜਾਬ ਵਿੱਚ ਹੋਈਆਂ ਚੋਣਾਂ ਦੇ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ ਦੇ ਨਿਕਲੇ ਨਤੀਜੇ ਕਈ ਪੱਖਾਂ ਤੋਂ ਨਿਰਾਸ਼ਾਜਨਕ ਹਨ। ਭਾਰਤੀ ਜਨਤਾ ਪਾਰਟੀ ਨੇ ਚੋਣਾਂ ਦੇ ਦੌਰਾਨ ਹਿੰਦੂ ਧਰਮ ਦੇ ਕਾਰਡ ਦੀ ਖੁੱਲ੍ਹ ਕੇ ਵਰਤੋਂ ਕੀਤੀ। ਅਜ਼ਾਦੀ ਤੋਂ ਬਾਅਦ, ਇੰਦਰਾ ਗਾਂਧੀ ਨੇ ਪਹਿਲੀ ਵਾਰ ਆਰਥਿਕ ਮਸਲਿਆਂ ਦਾ ਹੱਲ ਨਾ ਲੱਭਣ ਕਰਕੇ ਸਿਆਸਤ ਵਿੱਚ ਵੋਟਾਂ ਲੈਣ ਲਈ ਧਰਮ ਦੀ ਵਰਤੋਂ ਸੂਖਮ ਢੰਗ ਨਾਲ ਕਰਨੀ ਸ਼ੁਰੂ ਕੀਤੀ ਸੀ। ਪਰ ਭਾਰਤੀ ਜਨਤਾ ਪਾਰਟੀ ਤਾਂ ਫ਼ਖ਼ਰ ਨਾਲ ਧਰਮ ਦੀ ਵਰਤੋਂ ਕਰ ਰਹੀ ਹੈ। ਯੋਗੀ ਨੇ ਸਿਰਫ ਮੰਦਰ ਦੇ ਮਹਾਂਰਿਸ਼ੀਆਂ ਤੋਂ ਹੀ ਮੁਸਲਮਾਨਾਂ ਵਿਰੁੱਧ ਜਹਾਦ ਦੇ ਨਾਅਰੇ ਨਹੀਂ ਲੁਆਏ ਸਗੋਂ ਆਪ ਵੀ ਇਹ ਕਹਿਕੇ ਕਿ ਚੋਣਾਂ ਦੀ ਲੜਾਈ 80% ਅਤੇ 20% ਵਿਚਕਾਰ ਹੈ। ਜਾਣੀ ਕਿ ਚੋਣਾਂ ਵਿੱਚ ਹਿੰਦੂਆਂ ਨੇ ਮੁਸਲਮਾਨਾਂ ਵਿਰੁੱਧ ਆਰੰਭੇ ਜਹਾਦ ਨੂੰ ਪੂਰਾ ਸਮਰਥਨ ਦੇ ਦਿੱਤਾ ਹੈ। ਬਹੁਤ ਦੁੱਖ ਦੀ ਗੱਲ ਹੈ ਕਿ ਲੋਕਾਂ ਨੇ ਵੀ ਵੋਟਾਂ ਜ਼ਿਆਦਾਤਰ ਧਰਮ ਦੇ ਅਧਾਰ ’ਤੇ ਪਾਈਆਂ ਹਨ। ਸਿਆਸਤ ਵਿੱਚ ਧਰਮ ਦੀ ਵਰਤੋਂ ਲੋਕਰਾਜ ਲਈ ਤਬਾਹੀ ਦੀ ਨਿਸ਼ਾਨੀ ਹੈ। ਅਸੀਂ ਜੇ ਭਾਰਤ ਤੋਂ ਬਾਹਰ ਉਨ੍ਹਾਂ ਦੇਸ਼ਾਂ ’ਤੇ ਨਜ਼ਰ ਮਾਰੀਏ ਜਿੱਥੇ ਸਿਆਸਤ ਵਿੱਚ ਧਰਮ ਦੀ ਵਰਤੋਂ ਹੈ, ਚਾਹੇ ਉਹ ਪਾਕਿਸਤਾਨ ਹੈ ਜਾਂ ਇਰਾਨ, ਨੂੰ ਲੋਕਰਾਜ ਨਹੀਂ ਕਹਿ ਸਕਦੇ। ਅਸੀਂ ਦੇਖ ਸਕਦੇ ਹਾਂ ਕਿ ਇਨ੍ਹਾਂ ਦੇਸ਼ਾਂ ਦੇ ਧਾਰਮਿਕ ਆਗੂ ਕਿਵੇਂ ਫਤਵੇ ਲਾ ਕੇ ਲੋਕਾਂ ਦੀ ਸੋਚ ਅਤੇ ਬੋਲਣ ਉੱਤੇ ਪਾਬੰਦੀਆਂ ਲਾ ਕੇ ਬੈਠੇ ਹੋਏ ਹਨ ਅਤੇ ਘੱਟ ਗਿਣਤੀ ਦੇ ਲੋਕਾਂ ਦਾ ਜੀਣਾ ਹਰਾਮ ਕਰ ਰਹੇ ਹਨ। ਬੋਲਣ ਦੀ ਪੂਰੀ ਖੁੱਲ੍ਹ ਲੋਕਰਾਜ ਦੀ ਕਸਵੱਟੀ ਹੈ। ਭਾਰਤ ਵੀ ਹੁਣ ਇਸ ਰਸਤੇ ਪਰ ਤੁਰ ਪਿਆ ਹੈ। ਲੋਕਰਾਜ ਵਿੱਚ ਘੱਟ-ਗਿਣਤੀ ਉੱਤੇ ਬਹੁ-ਗਿਣਤੀ ਲੋਕਾਂ ਦਾ ਗਲਬਾ ਨਹੀਂ ਹੁੰਦਾ। ਧਰਮ ਦੇ ਨਾਮ ਤੇ ਜਿੰਨਾ ਦੁਨੀਆਂ ਵਿੱਚ ਖੂਨ ਖਰਾਬਾ ਹੋਇਆ ਹੈ, ਸ਼ਾਇਦ ਹੀ ਹੋਰ ਕਿਸੇ ਗੱਲ ਨਾਲ ਹੋਇਆ ਹੋਵੇ। ਇੱਕ ਸ਼ਾਇਰ ਨੇ ਧਰਮਾਂ ਦੇ ਠੇਕੇਦਾਰਾਂ ਬਾਬਤ ਸੱਚ ਹੀ ਕਿਹਾ ਹੈ:
“ਇਨਸਾਨ ਟੂਟ ਜਾਤਾ ਹੈ ਏਕ ਘਰ ਬਨਾਨੇ ਮੇਂ,
ਤੁਮ ਤਰਸ ਨਹੀਂ ਕਰਤੇ ਬਸਤੀਆਂ ਜਲਾਨੇ ਮੇਂ।”
ਸਭ ਤੋਂ ਵੱਡਾ ਦੁੱਖ ਇਹ ਹੈ ਕਿ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਭਾਰਤੀ ਜਨਤਾ ਪਾਰਟੀ ਵਿਰੁੱਧ ਏਕਾ ਨਹੀਂ ਬਣਾ ਸਕੀਆਂ। ਸਚਾਈ ਤੋਂ ਉਲਟ ਇਹ ਪਾਰਟੀਆਂ ਆਸ ਲਾਈ ਬੈਠੀਆਂ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਜਿੱਤ ਹੋਵੇਗੀ ਭਾਵੇਂ ਉਨ੍ਹਾਂ ਨੇ ਹਰ ਵਾਰ ਹਾਰ ਖਾਧੀ ਹੈ। ਲਗਦਾ ਹੈ ਮੋਦੀ ਦੀ ਅਗਲੀ ਵਾਰੀ ਵੀ ਜਿੱਤ ਪੱਕੀ ਹੈ।
ਇਨ੍ਹਾਂ ਚੋਣਾਂ ਦਾ ਅਰਥ ਇਹ ਵੀ ਹੈ ਕਿ ਮੋਦੀ ਸਰਕਾਰ ਦੀ ਜੁੰਡਲੀ ਹਿੰਦੂ ਰਾਸ਼ਟਰ ਦੇ ਸੰਕਲਪ ਨੂੰ ਹੋਰ ਤੇਜ਼ ਕਰੇਗੀ। ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਸਕੂਲਾਂ ਦੀ ਪੜ੍ਹਾਈ ਦੀਆਂ ਕਿਤਾਬਾਂ ਵਿੱਚ ਤਬਦੀਲੀਆਂ ਲਿਆ ਚੁੱਕੀ ਹੈ। ਉਹ ਹਿੰਦੂ ਧਰਮ ਦੇ ਮਿਥਿਹਾਸ ਨੂੰ ਸੱਚ ਬਣਾ ਕੇ ਬੱਚਿਆਂ ਨੂੰ ਅੰਧ ਵਿਸ਼ਵਾਸ ਵੱਲ ਧੱਕ ਰਹੀ ਹੈ। ਉਸ ਦੇਸ਼ ਦਾ ਕੀ ਬਣੇਗਾ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਹੈ ਕਿ ਭਾਰਤ ਨੇ ਗੁਲਾਮੀ ਦੇ ਯੁਗ ਵਿੱਚ (ਹਿੰਦੂ ਧਰਮ ਦਾ ਮਿਥਿਹਾਸ ਜ਼ਿਆਦਾ ਇਸ ਯੁਗ ਨਾਲ ਸਬੰਧ ਰੱਖਦਾ ਹੈ) ਪਲਾਸਟਿਕ ਸਰਜਰੀ ਨਾਲ ਹਾਥੀ ਦਾ ਸਿਰ ਇੱਕ ਬੱਚੇ (ਗਣੇਸ਼) ਦੇ ਸਿਰ ’ਤੇ ਲਾ ਦਿੱਤਾ ਸੀ, ਜੋ ਅੱਜ ਤਕ ਵੀ ਹੋਣਾ ਮੁਮਕਿਨ ਨਹੀਂ ਹੈ। ਸ਼ਾਇਦ ਹੀ ਕੋਈ ਇਨਸਾਨ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਵੇ ਜੋ ਕਹੇ ਇਹ ਸਾਇੰਸ ਦਾ ਯੁਗ ਨਹੀਂ ਹੈ। ਪਰ ਭਾਰਤੀ ਜਨਤਾ ਪਾਰਟੀ ਰਮਾਇਣ ਅਤੇ ਮਹਾਂਭਾਰਤ ਦੀਆਂ ਰਚਨਾਵਾਂ ਨੂੰ ਵੀ ਸੱਚ ਮੰਨਦੀ ਹੈ। ਰਮਾਇਣ ਭਾਰਤ ਵਿੱਚ ਆਰੀਆਂ ਦੀ ਆਉਣ ਬਾਬਤ ਲਿਖੀ ਰੁਮਾਂਚਕ ਕਹਾਣੀ ਹੈ ਅਤੇ ਮਹਾਂਭਾਰਤ ਆਰੀਆਂ ਦੇ ਦੋ ਵੱਡੇ ਘਰਾਣਿਆਂ ਦੀ ਆਪਸੀ ਲੜਾਈ ਹੈ। ਇਨ੍ਹਾਂ ਵਿੱਚ ਕਲਪਨਾ ਬਹੁਤ ਹੈ ਅਤੇ ਇਹ ਸਚਾਈ ਤੋਂ ਹਜ਼ਾਰਾਂ ਮੀਲ ਦੂਰ ਹਨ। ਪਰ ਅੰਧ ਵਿਸ਼ਵਾਸੀ ਲੋਕਾਂ ਇਨ੍ਹਾਂ ਨੂੰ ਸੱਚ ਮੰਨਦੇ ਹਨ।
ਦਿਮਾਗ ਦੇ ਵਿਕਾਸ ਲਈ ਤਰਕ ਦੀ ਪੜ੍ਹਾਈ ਬਹੁਤ ਜ਼ਰੂਰੀ ਹੈ। ਸਾਇੰਸਦਾਨ ਤਰਕ ਦੀ ਵਰਤੋਂ ਨਾਲ ਹੀ ਕਾਢਾਂ ਕੱਢਦੇ ਹਨ। ਕਿਸੇ ਚੀਜ਼ ਲਈ ਜਾਨਣ ਲਈ ਕਿੰਤੂ ਕਰਨਾ ਲਾਜ਼ਮੀ ਹੈ। ਧਰਮ ਕਿੰਤੂ ਨਹੀਂ ਕਰਨ ਦਿੰਦਾ, ਜਿਸ ਕਰਕੇ ਦਿਮਾਗ ਦਾ ਵਿਕਾਸ ਨਹੀਂ ਹੁੰਦਾ। ਭਾਰਤ ਵਿੱਚ ਰਾਜ ਕਰਦੀਆਂ ਪਾਰਟੀਆਂ ਧਰਮ ਨੂੰ ਸਕੂਲਾਂ ਦੇ ਪਾਠਕ੍ਰਮ ਵਿੱਚ ਇਸ ਲਈ ਠੋਸਦੀਆਂ ਹਨ ਕਿ ਲੋਕਾਂ ਦੇ ਦਿਮਾਗਾਂ ਦਾ ਵਿਕਾਸ ਨਾ ਹੋਵੇ ਅਤੇ ਉਹ ਉਨ੍ਹਾਂ ਦੀ ਲੁੱਟ ਨੂੰ ਸਮਝ ਨਾ ਸਕਣ ਸਿਰਫ ਆਪਣੀ ਮਾੜੀ ਕਿਸਮਤ ਉੱਤੇ ਦੋਸ਼ ਥੱਪੀ ਜਾਣ। ਇਸੇ ਲਈ ਨਹਿਰੂ ਯੂਨੀਵਰਸਟੀ, ਜਿੱਥੇ ਤਰਕ ਨੂੰ ਭਾਰਤ ਦੀ ਬਾਕੀ ਯੂਨੀਵਰਸਟੀਆਂ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ’ਤੇ ਹੈ।
ਕੁਝ ਸਮੇਂ ਤੋਂ ਭਾਰਤ ਵਿੱਚ ਰਾਜ ਕਰਦੀਆਂ ਪਾਰਟੀਆਂ ਨੇ ਰਾਜ ਕਰਨ ਦੇ ਢੰਗ ਬਦਲ ਲਏ ਹਨ। ਲੋਕਾਂ ਨੂੰ ਧਰਮ ਅਤੇ ਜਾਤਾਂ ਵਿੱਚ ਵੰਡ ਕੇ ਵੋਟਾਂ ਲੈਣ ਦਾ ਢੰਗ ਤਾਂ ਆਮ ਬਣ ਗਿਆ ਹੈ। ਵੋਟਾਂ ਨਾਲ ਜਿੱਤ ਕੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਜਾ ਕਾਂਗਰਸ ਜਾਂ ਅਕਾਲੀ ਪਾਰਟੀ ਹੋਵੇ, ਇਨ੍ਹਾਂ ਦੀ ਗੁੰਡਾਗਰਦੀ ਨਾਲ ਸਰਕਾਰ ਚਲਾਉਣਾ ਆਮ ਗੱਲ ਬਣ ਗਈ ਹੈ। ਅਸੂਲੀ ਤੌਰ ’ਤੇ ਕਾਨੂੰਨ ਬਣਾਉਣ ਵਾਲੇ (ਐੱਮ.ਐੱਲ.ਏ./ਐੱਮ.ਪੀ), ਕਾਨੂੰਨ ਲਾਗੂ ਕਰਨ ਵਾਲੇ (ਪੁਲੀਸ) ਅਤੇ ਇਨਸਾਫ਼ ਕਰਨ ਵਾਲੇ (ਜੱਜ) ਇੱਕ ਦੂਸਰੇ ਤੋਂ ਅਜ਼ਾਦ ਹੁੰਦੇ ਹਨ ਪਰ ਭਾਰਤ ਵਿੱਚ ਇਹ ਮਹਿਕਮੇ ਰਾਜ ਕਰਦੀ ਪਾਰਟੀ ਦੇ ਹੱਥ ਠੋਕੇ ਬਣ ਗਏ ਹਨ। ਇਸੇ ਲਈ ਕਈ ਬਜ਼ੁਰਗ ਕਹਿੰਦੇ ਹਨ ਕਿ ਅਜੇ ਅੰਗਰੇਜ਼ ਦੇ ਸਮੇਂ ਇਨਸਾਫ਼ ਸੀ ਜਦ ਕਿ ਅੱਜ ਅਜ਼ਾਦ ਭਾਰਤ ਵਿੱਚ ਨਹੀਂ ਹੈ। ਕੀ ਸਾਨੂੰ ਇਸ ’ਤੇ ਸ਼ਰਮ ਨਹੀਂ ਆਉਣੀ ਚਾਹੀਦੀ?
ਪਰ ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਵੱਖਰਾ ਝੁਕਾ ਸਾਹਮਣੇ ਆਇਆ ਹੈ ਜੋ ਇੱਕ ਹਨ੍ਹੇਰੇ ਵਿੱਚ ਆਸ ਦਾ ਦੀਪ ਲਗਦਾ ਹੈ। ਲੋਕਾਂ ਨੇ ਜਾਤ-ਪਾਤ ਅਤੇ ਧਰਮ ਤੋਂ ਉੱਪਰ ਉਠੱ ਕੇ ਵੋਟਾਂ ਪਾਈਆਂ ਲੱਗਦੀਆਂ ਹਨ। ਹਾਲਾਂਕਿ ਮੋਦੀ ਨੇ ਸੰਤ ਸਮਾਜ ਨੂੰ ਲੈ ਕੇ ਧਰਮ ਦਾ ਪੈਂਤੜਾ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਕਿਸਾਨ ਮੋਰਚੇ ਦੇ ਆਗੂਆਂ ਨੇ, ਜਿਸ ਵਿੱਚ ਦੋਨੋਂ ਔਰਤਾਂ ਅਤੇ ਆਦਮੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਇਹ ਸਿਖਸ਼ਾ ਦਿੱਤੀ ਕਿ ਜੱਦੋਜਹਿਦ ਵਿੱਚ ਵੰਡ ਪਾਊ ਧਰਮ ਦਾ ਕੋਈ ਕੰਮ ਨਹੀਂ ਹੈ। ਜਦਕਿ ਸਵਾਰਥੀ ਹਿਤ ਵਾਲੇ ਲੋਕਾਂ ਨੇ ਧਰਮ ਦੀ ਵਰਤੋਂ ਕਰਨ ਲਈ ਆਪਣੀ ਟਿੱਲ ਲਾਈ ਹੋਈ ਸੀ। ਇੱਥੇ ਇਹ ਕਹਿਣਾ ਵੀ ਵਾਜਬ ਬਣਦਾ ਹੈ ਕਿ ਹਿੰਦੂਆਂ ਨੇ ਪੰਜਾਬ ਵਿੱਚ ਮੋਦੀ ਦੇ ਪੈਂਤੜੇ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਆਪਣੇ ਧਰਮ ਤੋਂ ਉੱਪਰ ਉੱਠ ਕੇ ਮੁੱਦਿਆਂ ਦੇ ਅਧਾਰ ’ਤੇ ਵੋਟਾਂ ਪਾਈਆਂ ਹਨ। ਧਰਮਾਂ ਵਿੱਚ ਵੰਡੇ ਭਾਰਤ ਦੇ ਸੂਬਿਆਂ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਰੋਸ਼ਨੀ ਦਾ ਬੀਜ ਬੀਜਿਆ ਹੈ, ਆਸ ਕਰਦੇ ਹਾਂ ਕਿ ਇਹ ਪੌਦਾ ਵਧਦਾ ਫੁੱਲਦਾ ਰਹੇ ਅਤੇ ਸਾਰੇ ਭਾਰਤ ਵਿੱਚ ਆਪਣਾ ਲਿਸ਼ਕਾਰਾ ਪਾਵੇ।
ਪੰਜਾਬ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਸੈਂਟਰ ਸਰਕਾਰ ਨੇ ਪੰਜਾਬ ਨੂੰ ਕਰਜ਼ਾਈ ਬਣਾਈ ਰੱਖਿਆ ਹੋਇਆ ਹੈ। ਕਾਂਗਰਸ ਅਤੇ ਅਕਾਲੀਆਂ ਨੇ ਪੰਜਾਬ ਦੀ ਤਰੱਕੀ ਤਾਂ ਕੀ ਕਰਨੀ ਸੀ, ਆਪਣੀਆਂ ਗੋਲਕਾਂ ਭਰਨ ਲਈ ਪੰਜਾਬ ਨੂੰ ਲੁੱਟਿਆ ਹੈ। ਆਸ ਹੈ ਕਿ ਨਵੀਂ ਸਰਕਾਰ ਪੰਜਾਬੀਆਂ ਦੇ ਮੁਫ਼ਾਦ ਲਈ ਕੰਮ ਕਰੇਗੀ ਅਤੇ ਲੋਕਾਂ ਦੇ ਮਸਲਿਆਂ ਦਾ ਹੱਲ ਕਰੇਗੀ। ਮੇਰਾ ਵਿਚਾਰ ਹੈ ਕਿ ਪੰਜਾਬ ਦੇ ਲੋਕਾਂ ਵਿੱਚ ਜਾਗਰਤੀ ਆ ਚੁੱਕੀ ਹੈ ਅਤੇ ਮੈਂ ਉਨ੍ਹਾਂ ਦੇ ਉਜਲੇ ਭਵਿੱਖ ਦੀ ਇੱਛਾ ਕਰਦਾ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3433)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)