ManpreetKminhas8ਸੋਚਦੀ ਹਾਂਅੱਧੀ ਜ਼ਿੰਦਗੀ ਤਾਂ ਲੰਘ ਗਈ ਹੈ, ਜਿਹੜੀ ਰਹਿ ਗਈ ਹੈ ਉਹ ਵੀ ...
(13 ਫਰਵਰੀ 2022)
ਇਸ ਸਮੇਂ ਮਹਿਮਾਨ: 665.


ਅੱਧੀ ਛੁੱਟੀ ਹੋਈ
, ਸਾਰੀਆਂ ਮੈਡਮਾਂ ਸਟਾਫ ਰੂਮ ਵਿੱਚ ਇਕੱਠੀਆਂ ਹੋ ਕੇ ਗੱਲਾਂਬਾਤਾਂ ਕਰਨ ਲੱਗੀਆਂਪਰਸ ਦੀ ਗੱਲ ਚੱਲੀ ਤਾਂ ਸਾਇੰਸ ਵਾਲੇ ਮੈਡਮ ਦੱਸਣ ਲੱਗੇ, “ਪਿਛਲੇ ਸਕੂਲ ਵਿੱਚ ਮੇਰੇ ਨਾਲ ਇੱਕ ਮੈਡਮ ਬੱਸ ਵਿੱਚ ਜਾਂਦੇ ਸੀ ਜੋ ਕਿਸੇ ਹੋਰ ਸਕੂਲ ਵਿੱਚ ਅਧਿਆਪਕ ਸੀ। ਕਦੇ ਕਦੇ ਉਨ੍ਹਾਂ ਨਾਲ ਗੱਲਬਾਤ ਹੋ ਜਾਂਦੀ ਸੀ। ਉਨ੍ਹਾਂ ਕੋਲ ਜਿਹੜਾ ਪਰਸ ਹੁੰਦਾ ਸੀ, ਉਹ ਜ਼ਿਆਦਾਤਰ ਖਾਲੀ ਹੀ ਹੁੰਦਾ ਸੀਮੈਂ ਹਮੇਸ਼ਾ ਮਜ਼ਾਕ ਕਰਨਾ ਕਿ ਮੈਡਮ ਤੁਸੀਂ ਖਾਲੀ ਪਰਸ ਲੈ ਕੇ ਹੀ ਆ ਜਾਂਦੇ ਹੋ, ਇਸ ਵਿੱਚ ਕੁਝ ਪਾ ਵੀ ਲਿਆ ਕਰੋਪਰਸ ਵੱਡਾ ਸੀ, ਇਸ ਲਈ ਖਾਲੀ ਖਾਲੀ ਲੱਗਦਾ ਸੀ ਉਨ੍ਹਾਂ ਨੇ ਹਰ ਵਾਰ ਹੱਸ ਛੱਡਣਾ ਕੁਝ ਨਾ ਕਹਿਣਾ

“ਇੱਕ ਦਿਨ ਬੱਸ ਵਿੱਚ ਉਹ ਮੇਰੇ ਨਾਲ ਸੀਟ ’ਤੇ ਬੈਠ ਗਏਉਸ ਦਿਨ ਵੀ ਮੈਂ ਮਜ਼ਾਕ ਮਜ਼ਾਕ ਵਿੱਚ ਕਹਿ ਦਿੱਤਾ, “ਮੈਡਮ ਤੁਸੀਂ ਪਰਸ ਖਾਲੀ ਹੀ ਲੈ ਕੇ ਆ ਜਾਂਦੇ ਹੋ

ਮੇਰੇ ਇੰਨਾ ਕਹਿਣ ਦੀ ਦੇਰ ਸੀ ਕਿ ਮੈਡਮ ਇਕਦਮ ਭਾਵਕ ਹੋ ਗਏ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹ ਕਹਿਣ ਲੱਗੇ, “ਤੁਸੀਂ ਠੀਕ ਕਹਿੰਦੇ ਹੋ ਮੈਡਮ! ਮੇਰਾ ਪਰਸ ਖਾਲੀ ਹੀ ਹੁੰਦਾ ਹੈ ਇਸ ਵਿੱਚ ਸਿਵਾਏ 100 ਰੁਪਏ ਤੋਂ ਹੋਰ ਕੁਝ ਵੀ ਨਹੀਂ ਹੁੰਦਾ ਮੇਰੇ ਪਤੀ ਮੈਂਨੂੰ ਗਿਣ ਕੇ ਸੌ ਰੁਪਇਆ ਦਿੰਦੇ ਹਨ 80 ਰੁਪਏ ਬੱਸ ਦਾ ਆਉਣ ਜਾਣ ਦਾ ਕਿਰਾਇਆ ਅਤੇ 20 ਰੁਪਏ ਆਟੋ ਦੇ

ਇਹ ਸੁਣ ਕੇ ਮੈਂ ਤਾਂ ਸੁੰਨ ਜਿਹੀ ਹੀ ਹੋ ਗਈ ਮੈਂਨੂੰ ਕੀ ਪਤਾ ਸੀ ਕਿ ਮੈਡਮ ਦਿਲ ਵਿੱਚ ਇੰਨਾ ਦਰਦ ਲੈ ਕੇ ਬੈਠੇ ਨੇ ਫਿਰ ਉਹ ਆਪ ਹੀ ਕਹਿਣ ਲੱਗੇ ਕਿ ਮੇਰਾ ਏਟੀਐੱਮ ਪਤੀ ਦੇਵ ਦੇ ਕਬਜ਼ੇ ਵਿੱਚ ਹੈ। ਉਹ ਜਿੰਨੇ ਪੈਸੇ ਮੈਂਨੂੰ ਦਿੰਦੇ ਹਨ, ਮੈਂ ਉੰਨੇ ਹੀ ਖ਼ਰਚ ਸਕਦੀ ਹਾਂ। ਆਪਣੀ ਮਰਜ਼ੀ ਬਿਲਕੁਲ ਵੀ ਨਹੀਂ ਕਰ ਸਕਦੀ। ਮੈਂਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰੇ ਖਾਤੇ ਵਿੱਚ ਕਿੰਨੇ ਪੈਸੇ ਹਨਇੰਨਾ ਕਮਾਉਣ ਦੇ ਬਾਵਜੂਦ ਵੀ ਇੱਕ ਇੱਕ ਰੁਪਏ ਨੂੰ ਤਰਸਣਾ ਪੈਂਦਾ ਹੈ

ਜਦੋਂ ਮੈਂ ਇਹ ਪੁੱਛਿਆ ਕਿ ਤੁਹਾਡੇ ਪਤੀ ਕੀ ਕੰਮ ਕਰਦੇ ਹਨ ਤਾਂ ਉਹ ਚੁੱਪ ਕਰ ਗਏ। ਕੁਝ ਦੇਰ ਬਾਰ ਕਹਿੰਦੇ, ਉਹ ਕੁਝ ਨਹੀਂ ਕਰਦੇ, ਉਹ ਘਰ ਹੀ ਰਹਿੰਦੇ ਨੇਦੂਜਾ, ਮੇਰੇ ’ਤੇ ਸ਼ੱਕ ਵੀ ਕਰਦੇ ਨੇ ਅਤੇ ਕਈ ਵਾਰ ਅਚਾਨਕ ਸਕੂਲ ਆ ਜਾਂਦੇ ਨੇ ਇਹ ਦੇਖਣ ਲਈ ਕਿ ਕਿਤੇ ਮੈਂ ਕਿਸੇ ਮਾਸਟਰ ਨਾਲ ਗੱਲ ਤਾਂ ਨਹੀਂ ਕਰ ਰਹੀ

ਮੈਂ ਕਿਹਾ, “ਤੁਸੀਂ ਆਤਮ ਨਿਰਭਰ ਹੋ ਤੁਸੀਂ ਅਜਿਹੇ ਬੰਦੇ ਨੂੰ ਛੱਡ ਕਿਉਂ ਨਹੀਂ ਦਿੰਦੇ?”

“ਬੱਚਿਆਂ ਦੀ ਖਾਤਰ ਸਭ ਕੁਝ ਸਹਿਣਾ ਪੈਂਦਾ ਹੈ। ਸੋਚਦੀ ਹਾਂ, ਅੱਧੀ ਜ਼ਿੰਦਗੀ ਤਾਂ ਲੰਘ ਗਈ ਹੈ, ਜਿਹੜੀ ਰਹਿ ਗਈ ਹੈ ਉਹ ਵੀ ਲੰਘ ਜਾਵੇਗੀ।”

ਮੈਡਮ ਗੱਲ ਸੁਣਾ ਕੇ ਕਹਿਣ ਲੱਗੇ, ਉਸ ਦਿਨ ਮੈਂ ਇਹ ਸਬਕ ਲਿਆ ਕਿ ਬਿਨਾਂ ਮਤਲਬ ਤੋਂ ਕਦੇ ਕਿਸੇ ਨੂੰ ਕੋਈ ਮਜ਼ਾਕ ਨਹੀਂ ਕਰਨਾ। ਪਤਾ ਨਹੀਂ ਬੰਦਾ ਕਿਹੋ ਜਿਹੀਆਂ ਹਾਲਤਾਂ ਵਿੱਚ ਜ਼ਿੰਦਗੀ ਨਾਲ ਜੂਝ ਰਿਹਾ ਹੈ

ਮੈਡਮ ਦੀ ਗੱਲ ਸੁਣਨ ਤੋਂ ਬਾਅਦ ਮੇਰੇ ਮਨ ਵਿੱਚ ਵਿਆਹ ਤੋਂ ਪਹਿਲਾਂ ਪੜ੍ਹੀ ਮਸ਼ਹੂਰ ਲੇਖਿਕਾ ਅਜੀਤ ਕੌਰ ਦੀ ਸਵੈ ਜੀਵਨੀ ਆ ਗਈ ਜਿਸ ਵਿੱਚ ਇੱਕ ਜਗ੍ਹਾ ਉਹ ਜ਼ਿਕਰ ਕਰਦੇ ਨੇ ਕਿ ਕਿਵੇਂ ਉਨ੍ਹਾਂ ਦਾ ਡਾਕਟਰ ਪਤੀ ਉਨ੍ਹਾਂ ਦੁਆਰਾ ਖਰੀਦੀਆਂ ਸਬਜ਼ੀਆਂ ਦੇ ਵੀ ਬਿੱਲ ਲੈਂਦਾ ਸੀ ਅਤੇ ਹਿਸਾਬ ਬਰਾਬਰ ਨਾ ਹੋਣ ’ਤੇ ਮਾਰਦਾ ਕੁੱਟਦਾ ਵੀ ਸੀ ਅਤੇ ਕਿਵੇਂ ਉਨ੍ਹਾਂ ਨੇ ਪਤੀ ਨਾਲ ਅਲੱਗ ਹੋਣ ਤੋਂ ਬਾਅਦ ਆਪਣੀਆਂ ਧੀਆਂ ਦੀ ਪ੍ਰਵਰਿਸ਼ ਇਕੱਲਿਆਂ ਕੀਤੀ ਸੀ। ਇਹ ਕਿਤਾਬ ਪੜ੍ਹਨ ਤੋਂ ਬਾਅਦ ਇੱਕ ਵਾਰ ਤਾਂ ਮੈਂ ਵੀ ਵਿਆਹ ਕਰਵਾਉਣ ਤੋਂ ਡਰਨ ਲੱਗੀ ਸੀ ਕਿ ਪਤੀ ਇਹੋ ਜਿਹੇ ਵੀ ਹੁੰਦੇ ਹਨ? ਫਿਰ ਤਾਂ ਬਹੁਤ ਔਖਾ ...। ਪਤਾ ਨਹੀਂ ਕਿਹੋ ਜਿਹੇ ਪਤੀ ਨਾਲ ਵਾਹ ਪਵੇਗਾ?

ਇਹ ਤਰਾਸਦੀ ਹੈ ਸਾਡੇ ਸਮਾਜ ਦੀ ਕਿ ਇੱਕ ਆਤਮ ਨਿਰਭਰ ਔਰਤ ਵੀ ਆਪਣੇ ਪਤੀ ਦੇ ਜ਼ੁਲਮ ਚੁੱਪ ਚਾਪ ਸਹਿੰਦੀ ਹੈ ਅਤੇ ਬੱਚਿਆਂ ਦੀ ਖਾਤਿਰ ਹਾਲਾਤ ਨਾਲ ਸਮਝੌਤਾ ਕਰਕੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਕੱਢ ਦਿੰਦੀ ਹੈ। ਮੇਰਾ ਮਕਸਦ ਕਿਸੇ ਖ਼ਾਸ ਵਰਗ ਨੂੰ ਭੰਡਣਾ ਨਹੀਂ ਕਿਉਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੇ ਮਾਨਸਿਕ ਰੋਗੀ ਆਪਣੇ ਨਾਲ ਨਾਲ ਹੋਰ ਕਈ ਜ਼ਿੰਦਗੀਆਂ ਨੂੰ ਰੋਲ਼ ਕੇ ਰੱਖ ਦਿੰਦੇ ਹਨ

ਹੱਦੋਂ ਵੱਧ ਖ਼ਰਚੀਲੀ ਪਤਨੀ ਅਤੇ ਬੇਹੱਦ ਕੰਜੂਸ ਪਤੀ ਆਪਣੇ ਨਾਲ ਦੇ ਸਾਥੀ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ ਕਿਉਂਕਿ ਪੈਸਾ ਕਮਾ ਹਰ ਕੋਈ ਲੈਂਦਾ ਹੈ ਪਰ ਵਿਉਂਤਬੰਦੀ ਨਾਲ ਖਰਚਣਾ ਬਹੁਤ ਘੱਟ ਦੇ ਹਿੱਸੇ ਆਉਂਦਾ ਹੈ ਜਿਨ੍ਹਾਂ ਘਰਾਂ ਵਿੱਚ ਪਤੀ ਪਤਨੀ ਦੀ ਆਪਸੀ ਸੂਝ ਨਾਲ ਬੱਚਤ ਕੀਤੀ ਜਾਂਦੀ ਹੈ ਅਤੇ ਖਰਚਾ ਕੀਤਾ ਜਾਂਦਾ ਹੈ, ਉਹ ਘਰ ਹਮੇਸ਼ਾ ਖੁਸ਼ਹਾਲ ਰਹਿੰਦੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3358)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਨਪ੍ਰੀਤ ਕੌਰ ਮਿਨਹਾਸ

ਮਨਪ੍ਰੀਤ ਕੌਰ ਮਿਨਹਾਸ

Bahadurgarh, Fatehgarh Sahib, Punjab, India.
Email: (preetminhas09@gmail.com)

More articles from this author