ManinderBhatia7ਅਸੀਂ ਜਿਸ ਮਕਾਨ ਵਿੱਚ ਰਹਿੰਦੇ ਸੀ, ਉਹ ਵੇਚ ਦਿੱਤਾ। ਜਿੰਨੇ ਵੀ ਪੈਸੇ ਮਿਲੇ, ਉਨ੍ਹਾਂ ਨਾਲ ਛੋਟੀ ਭੈਣ ਦਾ ...
(30 ਦਸੰਬਰ 2021)

 

ਪਾਕਿਸਤਾਨੀ ਰੁਪਏ ਦੀ ਹਾਲਤ
ਪਾਉਂਡ =            100 ਭਾਰਤੀ ਰੁਪਏ,    240 ਪਾਕਿਸਤਾਨੀ ਰੁਪਏ,
ਯੂ ਐੱਸ ਡਾਲਰ =    
75 ਭਾਰਤੀ ਰੁਪਏ,    177 ਪਾਕਿਸਤਾਨੀ ਰੁਪਏ,
ਕਨੇਡੀਅਨ ਡਾਲਰ =   58 ਭਾਰਤੀ ਰੁਪਏ,   139 ਪਾਕਿਸਤਾਨੀ ਰੁਪਏ.

***

ਲੁਧਿਆਣਾ ਵਿੱਚ ਸਾਡਾ ਸੀਨੀਅਰ ਸੈਕੰਡਰੀ ਸਕੂਲ ਹੈ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਹੈ। ਇਹ ਸਕੂਲ ਸਾਡੇ ਘਰ ਦੇ ਸਾਹਮਣੇ ਹੀ ਹੈਜਦੋਂ ਸ਼ਾਮ ਵੇਲੇ ਅਸੀਂ ਸਕੂਲ ਦੀ ਗਰਾਊਂਡ ਵਿੱਚ ਬੈਠਦੇ ਹਾਂ ਤਾਂ ਪੁਰਾਣੀਆਂ ਗੱਲਾਂ ਯਾਦ ਕਰਦੇ ਹਾਂ ਕਿ ਕਿਵੇਂ ਇੱਕ ਇੱਕ ਇੱਟ ਲਾ ਕੇ ਅਸੀਂ ਇੱਡਾ ਵੱਡਾ ਸਕੂਲ ਖੜ੍ਹਾ ਕੀਤਾ ਸੀ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਹਾਂ ਜਦੋਂ 1980 ਵਿੱਚ ਮੇਰੀ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਪੋਸਟਿੰਗ ਮੰਡੀ ਗੋਬਿੰਦਗੜ੍ਹ ਵਿੱਚ ਸੀ ਮੈਂ ਉੱਥੇ ਹੀ ਆਪਣੇ ਸੀਨੀਅਰ ਅਫ਼ਸਰ ਨਾਲ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿੰਦਾ ਸੀ ਅਤੇ ਹਫ਼ਤੇ ਬਾਅਦ ਘਰ ਲੁਧਿਆਣੇ ਆਉਂਦਾ ਸੀ। ਉਸ ਵੇਲੇ ਮੇਰੀ ਉਮਰ ਬਾਈ ਸਾਲ ਸੀ

ਉੱਥੇ ਰਹਿੰਦੇ ਸਮੇਂ ਇੱਕ ਭਾਟੀਆ ਪਰਿਵਾਰ ਵੱਲੋਂ ਮੇਰੇ ਰਿਸ਼ਤੇ ਦੀ ਗੱਲ ਚਲਾਈ ਗਈ। ਉਨ੍ਹਾਂ ਦੀ ਲੜਕੀ ਕਾਲਜ ਵਿੱਚ ਪੜ੍ਹਦੀ ਸੀਜਦੋਂ ਸਾਡੇ ਘਰ ਵਿੱਚ ਗੱਲ ਚੱਲੀ ਤਾਂ ਅਸੀਂ ਇਸ ਰਿਸ਼ਤੇ ਲਈ ਨਾਂਹ ਕਰ ਦਿੱਤੀ। ਮੇਰੇ ਮਾਤਾ ਜੀ ਅਤੇ ਭਾਪਾ ਜੀ ਚਾਹੁੰਦੇ ਸਨ ਕਿ ਸਾਨੂੰ ਕੋਈ ਨੌਕਰੀ ਵਾਲੀ ਲੜਕੀ ਮਿਲ ਜਾਵੇ। ਉਸ ਵੇਲੇ ਮੇਰੇ ਤੋਂ ਛੋਟੀ ਭੈਣ ਲੁਧਿਆਣੇ ਕਾਲਜ ਵਿੱਚ ਪੜ੍ਹਦੀ ਸੀ ਭਾਪਾ ਜੀ ਨੂੰ ਹੁਣ ਤਕ ਦੋ ਵਾਰੀ ਹਾਰਟ ਅਟੈਕ ਹੋ ਚੁੱਕਾ ਸੀ ਤੇ ਉਹ ਚਾਹੁੰਦੇ ਸਨ ਕਿ ਪਹਿਲਾਂ ਮੇਰੀ ਛੋਟੀ ਭੈਣ ਦਾ ਵਿਆਹ ਹੋ ਜਾਵੇ ਅਤੇ ਉਹ ਇਸ ਬਾਰੇ ਚਿੰਤਤ ਵੀ ਰਹਿੰਦੇ ਸਨ

ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੋਈ ਰਿਸ਼ਤਾ ਨਾ ਲੱਭਿਆ ਜਦੋਂ ਭਾਪਾ ਜੀ ਦਸੰਬਰ 1982 ਵਿੱਚ ਤੀਜਾ ਹਾਰਟ ਅਟੈਕ ਹੋਇਆ ਤਾਂ ਉਹ ਬਚ ਨਾ ਸਕੇ। ਸਾਡੀ ਦੁਕਾਨ, ਜਿਸ ’ਤੇ ਭਾਪਾ ਜੀ ਦੇ ਨਾਲ ਮੇਰੇ ਵੱਡੇ ਭਰਾ ਜੀ ਬੈਠਦੇ ਸਨ, ਉਹ ਤਾਂ ਭਾਪਾ ਜੀ ਦੀ ਬਿਮਾਰੀ ਕਰ ਕੇ ਕਾਫੀ ਘਾਟੇ ਵਿੱਚ ਚਲੀ ਗਈ ਸੀ ਤੇ ਬੱਸ ਮੇਰੀ ਨੌਕਰੀ ਹੀ ਸੀ ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ ਕੁਝ ਸਮਾਂ ਲੰਘਣ ਤੋਂ ਬਾਅਦ ਪਰਿਵਾਰ ਨੇ ਮੇਰੇ ਲਈ ਅਤੇ ਮੇਰੀ ਛੋਟੀ ਭੈਣ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ 1984 ਦੇ ਸ਼ੁਰੂ ਵਿੱਚ ਸਾਡੇ ਦੋਹਾਂ ਲਈ ਹੀ ਰਿਸ਼ਤੇ ਲੱਭ ਗਏ। ਮੇਰਾ ਰਿਸ਼ਤਾ ਉੱਥੇ ਹੀ ਹੋਇਆ ਜਿੱਥੇ ਸਭ ਤੋਂ ਪਹਿਲਾਂ 1980 ਵਿੱਚ ਗੱਲ ਚੱਲੀ ਸੀ ਛੋਟੀ ਭੈਣ ਲਈ ਵੀ ਅੱਛਾ ਰਿਸ਼ਤਾ ਮਿਲ ਗਿਆ ਲੜਕਾ ਬੈਂਕ ਵਿੱਚ ਲੱਗਿਆ ਹੋਇਆ ਸੀ।

ਮੇਰਾ ਵਿਆਹ ਅਪਰੈਲ ਵਿੱਚ ਕੀਤਾ ਗਿਆ ਅਤੇ ਛੋਟੀ ਭੈਣ ਦਾ ਵਿਆਹ ਅਕਤੂਬਰ ਵਿੱਚ ਰੱਖਿਆ ਗਿਆ। ਮੇਰਾ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਹੋਇਆ ਕਿਉਂਕਿ ਕੁਝ ਕਰਨ ਲਈ ਪੈਸੇ ਹੀ ਨਹੀਂ ਸਨ ਬਰਾਤ ਦੇ ਨਾਂ ’ਤੇ ਤੇਰਾਂ ਜਣੇ ਅਤੇ ਵਾਹਨ ਦੇ ਤੌਰ ’ਤੇ ਸਕੂਲ ਦੀ ਮੈਟਾਡੋਰ ਕੀਤੀ ਗਈ ਸੀ ਕੋਈ ਵਾਜਿਆਂ ਵਾਲੇ ਨਹੀਂ ਅਤੇ ਨਾ ਹੀ ਕੋਈ ਫੋਟੋਗ੍ਰਾਫਰ। ਇਸ ਤਰ੍ਹਾਂ ਸਾਡਾ ਵਿਆਹ ਹੋ ਗਿਆ। ਕੁਝ ਫੋਟੋਆਂ ਮੇਰੇ ਚਾਚਾ ਜੀ ਦੇ ਬੇਟੇ ਨੇ ਆਪਣੇ ਕੈਮਰੇ ਨਾਲ ਖਿੱਚੀਆਂ ਸਨ

ਮੇਰੇ ਸ੍ਰੀਮਤੀ ਜੀ ਕੇਂਦਰ ਸਰਕਾਰ ਦੇ ਇੱਕ ਪ੍ਰਾਜੈਕਟ ਵਿੱਚ ਕੰਮ ਕਰਦੇ ਸਨ ਅਤੇ ਲੁਧਿਆਣੇ ਤੋਂ ਥੋੜ੍ਹੀ ਦੂਰ ਡੇਹਲੋਂ ਹਰ ਰੋਜ਼ ਬੱਸ ’ਤੇ ਜਾਂਦੇ ਸਨ। ਹੁਣ ਜਦੋਂ ਮੈਂ ਸਕੂਲ ਦੀ ਗਰਾਊਂਡ ਵਿੱਚ ਖੜ੍ਹੀ ਆਪਣੀ ਨਵੀਂ ਕਾਰ ਅਤੇ ਸਕੂਟਰ ਦੇਖਦਾ ਹਾਂ ਤਾਂ ਯਾਦ ਕਰਦਾ ਹਾਂ ਕਿ ਜਦੋਂ ਮੇਰਾ ਵਿਆਹ ਹੋਇਆ ਸੀ, ਉਸ ਵੇਲੇ ਮੇਰੇ ਕੋਲ ਇੱਕ ਸਾਈਕਲ ਹੁੰਦਾ ਸੀ ਜਿਸ ’ਤੇ ਮੈਂ ਬੈਂਕ ਜਾਂਦਾ ਹੁੰਦਾ ਸੀ। ਪਹਿਲਾਂ ਮੈਂ ਸਵੇਰੇ ਸ਼੍ਰੀਮਤੀ ਨੂੰ ਬੱਸ ’ਤੇ ਸਟੈਂਡ ਛੱਡਦਾ, ਫੇਰ ਬੈਂਕ ਜਾਂਦਾ ਅਤੇ ਸ਼ਾਮ ਨੂੰ ਬੱਸ ਸਟੈਂਡ ਤੋਂ ਉਨ੍ਹਾਂ ਨੂੰ ਲੈ ਕੇ ਅਸੀਂ ਘਰ ਆਉਂਦਾ

ਫਿਰ ਛੋਟੀ ਭੈਣ ਦੇ ਵਿਆਹ ਦੀ ਤਿਆਰੀ ਹੋਣ ਲੱਗੀ। ਪੈਸੇ ਤਾਂ ਕੋਲ ਹੈ ਨਹੀਂ ਸਨ, ਇਸ ਕਰਕੇ ਅਸੀਂ ਜਿਸ ਮਕਾਨ ਵਿੱਚ ਰਹਿੰਦੇ ਸੀ, ਉਹ ਵੇਚ ਦਿੱਤਾ। ਜਿੰਨੇ ਵੀ ਪੈਸੇ ਮਿਲੇ, ਉਨ੍ਹਾਂ ਨਾਲ ਛੋਟੀ ਭੈਣ ਦਾ ਵਿਆਹ ਕਰ ਕੇ ਅਸੀਂ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ।

ਇੱਧਰੋਂ ਸ੍ਰੀਮਤੀ ਜੀ ਦਾ ਪ੍ਰੋਜੈਕਟ ਪੂਰਾ ਹੋ ਗਿਆ ਤੇ ਉਨ੍ਹਾਂ ਨੂੰ ਉੱਥੋਂ ਜਵਾਬ ਮਿਲ ਗਿਆ। ਇਸ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਟਾਈਪਿਸਟ ਦੀਆਂ ਨੌਕਰੀਆਂ ਨਿਕਲੀਆਂ ਇਨ੍ਹਾਂ ਨੇ ਪੰਜਾਬੀ ਟਾਈਪ ਸਿੱਖੀ ਅਤੇ ਉਹ ਪੇਪਰ ਦਿੱਤਾ ਪਰ ਸਿਲੈਕਸ਼ਨ ਨਾ ਹੋਈ ਇਨ੍ਹਾਂ ਨੇ ਐੱਮ ਏ ਕੀਤੀ ਹੋਈ ਸੀ ਤੇ ਅਸੀਂ ਕਿਸੇ ਦੀ ਸਿਫ਼ਾਰਸ਼ ਨਾਲ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਲੈ ਲਈ ਫਿਰ ਬੈਂਕ ਤੋਂ ਕਰਜ਼ਾ ਲੈ ਕੇ ਅਸੀਂ ਇੱਕ ਮਕਾਨ ਲੈ ਲਿਆ

ਸ੍ਰੀਮਤੀ ਜੀ ਨੇ ਬੀ ਐੱਡ ਕਰਨ ਦਾ ਫ਼ੈਸਲਾ ਕੀਤਾ ਅਤੇ ਅਸੀਂ ਅਲਾਹਾਬਾਦ ਯੂਨੀਵਰਸਿਟੀ ਤੋਂ ਡਾਕ ਰਾਹੀਂ ਕਾਗਜ਼ ਭਰ ਦਿੱਤੇ। ਪੇਪਰਾਂ ਲਈ ਸੈਂਟਰ ਦਿੱਲੀ ਬਣਿਆ। ਜਦੋਂ ਜੂਨ 1987 ਵਿੱਚ ਪੇਪਰ ਦੇਣ ਦਿੱਲੀ ਗਏ, ਉਦੋਂ ਸਾਡਾ ਵੱਡਾ ਬੇਟਾ ਦਸ ਦਿਨ ਦਾ ਸੀ, ਜਿਸ ਨੂੰ ਅਸੀਂ ਨਾਲ ਲੈ ਕੇ ਗਏ ਸੀ। ਇੱਥੇ ਜਿਸ ਸਕੂਲ ਵਿੱਚ ਮੈਡਮ ਪੜ੍ਹਾਉਂਦੇ ਸਨ ਉਸ ਦੀ ਹਾਲਤ ਗਿਣਤੀ ਦੇ ਪੱਖੋਂ ਵੀ ਕੋਈ ਬਹੁਤੀ ਚੰਗੀ ਨਹੀਂ ਸੀ ਇਸ ਕਰਕੇ ਉਸ ਦਾ ਮਾਲਕ ਵੀ ਘੱਟ ਵੱਧ ਹੀ ਆਉਂਦਾ ਸੀ ਤੇ ਸਾਰਾ ਪ੍ਰਬੰਧ ਇਨ੍ਹਾਂ ਦੇ ਸਿਰ ’ਤੇ ਹੀ ਛੱਡਿਆ ਹੋਇਆ ਸੀ

ਅੰਤ ਨੂੰ ਉਹ ਹੀ ਹੋਇਆ ਜਿਸਦਾ ਸਾਨੂੰ ਡਰ ਸੀ। ਸਕੂਲ ਦੇ ਮਾਲਕ ਨੇ ਸਕੂਲ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਨੌਕਰੀ ਕੋਈ ਹੈ ਨਹੀਂ ਸੀ, ਇਸ ਕਰ ਕੇ ਅਸੀਂ ਸਲਾਹ ਕੀਤੀ ਕਿ ਆਪਣਾ ਸਕੂਲ ਖੋਲ੍ਹ ਲਈਏ। ਇਸ ਤਰ੍ਹਾਂ 1989 ਵਿੱਚ ਅਸੀਂ ਆਪਣਾ ਸਕੂਲ ਖੋਲ੍ਹਿਆ ਉਸ ਸਕੂਲ ਵਿੱਚ ਸਾਡੇ ਮਹੱਲੇ ਦੇ ਜੋ ਬੱਚੇ ਪੜ੍ਹਦੇ ਸਨ, ਉਹ ਸਾਡੇ ਕੋਲ ਆ ਗਏ। ਦੋਂਹ ਕਮਰਿਆਂ ਦੇ ਮਕਾਨ ਵਿੱਚ ਸਾਰਾ ਪਰਿਵਾਰ ਰਹਿੰਦਾ ਸੀ। ਸਕੂਲ ਅਸੀਂ ਘਰ ਦੇ ਬਰਾਂਡੇ ਵਿੱਚ ਸ਼ੁਰੂ ਕਰ ਦਿੱਤਾ। ਸਕੂਲ ਲਈ ਬੈਂਚ ਅਤੇ ਹੋਰ ਸਾਜ਼ੋ ਸਾਮਾਨ ਅਸੀਂ ਕਰਜ਼ਾ ਚੁੱਕ ਕੇ ਲਿਆਂਦਾ ਘਰ ਘਰ ਜਾ ਕੇ ਸਕੂਲ ਲਈ ਬੱਚੇ ਇਕੱਠੇ ਕੀਤੇ। ਜੇ ਸਫ਼ਾਈ ਵਾਲਾ ਨਾ ਆਉਂਦਾ ਤਾਂ ਅਸੀਂ ਦੋਨੋਂ ਆਪ ਹੀ ਸਫ਼ਾਈ ਕਰਦੇ ਸੀ ਜੇ ਬੱਘੀ ਵਾਲੇ ਦਾ ਰਿਕਸ਼ਾ ਖ਼ਰਾਬ ਹੋ ਜਾਣਾ ਤਾਂ ਬੱਚਿਆਂ ਨੂੰ ਲਾਗਲੇ ਪਿੰਡ ਤੋਂ ਲਿਆਉਣਾ ਅਤੇ ਛੁੱਟੀ ਤੋਂ ਬਾਅਦ ਛੱਡ ਕੇ ਵੀ ਆਪ ਹੀ ਆਉਣਾ ਇਸ ਤਰ੍ਹਾਂ ਮਿਹਨਤ ਕਰਨ ਨਾਲ ਬੜੀ ਖੁਸ਼ੀ ਮਿਲਦੀ ਕਿਉਂਕਿ ਸਾਡੀ ਮਿਹਨਤ ਨੂੰ ਬੂਰ ਪੈ ਰਿਹਾ ਸੀ

ਅੱਜ ਜਦੋਂ ਸਾਡੇ ਮਾਤਾ ਜੀ ਸਾਡੇ ਦਰਮਿਆਨ ਨਹੀਂ ਹਨ ਤਾਂ ਇਹ ਸੋਚ ਕੇ ਦਿਲ ਭਰ ਆਉਂਦਾ ਹੈ ਕਿ ਇਸ ਸਕੂਲ ਨੂੰ ਬਣਾਉਣ ਵਿੱਚ ਉਨ੍ਹਾਂ ਦਾ ਕਿੱਡਾ ਵੱਡਾ ਯੋਗਦਾਨ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3240)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਨਿੰਦਰ ਭਾਟੀਆ

ਮਨਿੰਦਰ ਭਾਟੀਆ

Ludhiana, Punjab, India.
Phone: (91 - 99884-91002)
Email: (msbhatianzpc@gmail.com)

More articles from this author