“ਉਸ ਨੇ ਦੇਖਿਆ ਕਿ ਨੇੜੇ ਹੀ ਇੱਕ ਬੱਚੀ ਪਈ ਹੋਈ ਹੈ। ਲੱਗਦਾ ਸੀ ਕੋਈ ਉਸ ਬੱਚੀ ਨੂੰ ਸੁੱਟ ਕੇ ...”
(9 ਅਕਤੂਬਰ 2021)
ਮੇਰਾ ਦੋਸਤ ਬਲਵੀਰ ਮੇਰੇ ਨਾਲ ਏ ਐੱਸ ਹਾਇਰ ਸੈਕੰਡਰੀ ਸਕੂਲ ਖੰਨਾ ਵਿੱਚ ਪੜ੍ਹਦਾ ਸੀ ਅਤੇ ਅਸੀਂ ਦਸਵੀਂ ਤਕ ਯਾਨੀ ਹਾਇਰ ਸੈਕੰਡਰੀ ਪਾਰਟ ਇੱਕ ਤਕ ਇਕੱਠੇ ਪੜ੍ਹੇ ਤੇ ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਲਈ ਕਾਲਜ ਚਲਾ ਗਿਆ ਤੇ ਬਲਵੀਰ ਉਸ ਤੋਂ ਬਾਅਦ ਨਹੀਂ ਪੜ੍ਹਿਆ। ਮੈਂ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਮੈਰਿਟ ’ਤੇ ਆਉਂਦਾ ਸੀ ਪਰ ਉਹ ਪੜ੍ਹਾਈ ਵਿੱਚ ਕੋਈ ਬਹੁਤਾ ਹੁਸ਼ਿਆਰ ਨਹੀਂ ਸੀ ਤੇ ਸਿਰਫ਼ ਪਾਸ ਹੋਣ ਜੋਗੇ ਨੰਬਰ ਹੀ ਲੈਂਦਾ ਸੀ। ਫਿਰ ਵੀ ਅਸੀਂ ਦੋਵੇਂ ਇੱਕ ਦੂਜੇ ਦੇ ਦੋਸਤ ਸੀ ਕਿਉਂਕਿ ਅਸੀਂ ਇੱਕੋ ਹੀ ਮਹੱਲੇ ਵਿੱਚ ਰਹਿੰਦੇ ਸੀ ਅਤੇ ਸ਼ਾਮ ਨੂੰ ਇਕੱਠੇ ਹੀ ਖੇਡਦੇ ਹੁੰਦੇ ਸੀ। ਉਹ ਦਸਵੀਂ ਕਰਨ ਤੋਂ ਬਾਅਦ ਯੂ ਪੀ ਚਲਾ ਗਿਆ ਜਿੱਥੇ ਉਸ ਦੇ ਪੁਰਖਿਆਂ ਦੀ ਕੁਝ ਜ਼ਮੀਨ ਸੀ, ਜੋ ਉਹ ਵਾਹੁਣ ਲੱਗ ਪਿਆ। ਉਹ ਵੀ ਖੰਨਾ ਸ਼ਹਿਰ ਛੱਡ ਗਿਆ ਅਤੇ ਮੈਂ ਵੀ ਜਗਰਾਉਂ ਐੱਲ ਆਰ ਐੱਮ ਕਾਲਜ ਵਿੱਚ ਪ੍ਰੈੱਪ ਮੈਡੀਕਲ ਵਿੱਚ ਦਾਖ਼ਲ ਹੋ ਗਿਆ।
ਕਾਲਜ ਦੀ ਪੜ੍ਹਾਈ ਤੋਂ ਬਾਅਦ ਮੈਂ ਬੈਂਕ ਦਾ ਪੇਪਰ ਦੇ ਕੇ ਬੈਂਕ ਵਿੱਚ ਲੱਗ ਗਿਆ। ਉਸ ਤੋਂ ਬਾਅਦ ਮੇਰਾ ਅਤੇ ਬਲਵੀਰ ਦਾ ਕੋਈ ਮੇਲ ਨਾ ਹੋਇਆ। ਉਨ੍ਹਾਂ ਵੇਲਿਆਂ ਵਿੱਚ ਮੋਬਾਇਲ ਤਾਂ ਹੁੰਦੇ ਨਹੀਂ ਸੀ, ਇਸ ਕਰ ਕੇ ਸਾਡਾ ਆਪਸੀ ਤਾਲਮੇਲ ਟੁੱਟ ਗਿਆ। ਮੈਂ ਕਈ ਵਾਰੀ ਖੰਨੇ ਜਾ ਕੇ ਬਲਵੀਰ ਦਾ ਪਤਾ ਕੀਤਾ ਪਰ ਉਸ ਦਾ ਕੋਈ ਪਤਾ ਨਾ ਮਿਲਿਆ। ਨਾ ਹੀ ਉਸ ਦਾ ਕੋਈ ਐਡਰੈੱਸ ਮੈਂਨੂੰ ਮਿਲਿਆ। ਮੈਂ ਲੁਧਿਆਣੇ ਆਪਣਾ ਮਕਾਨ ਬਣਾ ਕੇ ਇੱਥੇ ਹੀ ਸੈੱਟ ਹੋ ਗਿਆ ਅਤੇ ਰਿਟਾਇਰਮੈਂਟ ਤੋਂ ਬਾਅਦ ਵੀ ਇੱਥੇ ਹੀ ਰਹਿਣ ਲੱਗਾ। ਅੱਜ ਉਸ ਵੇਲੇ ਮੈਂ ਬਹੁਤ ਹੈਰਾਨ ਰਹਿ ਗਿਆ ਜਦੋਂ ਬਲਵੀਰ ਨੇ ਆ ਕੇ ਮੇਰੇ ਘਰ ਦੀ ਬੈੱਲ ਕੀਤੀ। ਮੈਂ ਬਹੁਤ ਖ਼ੁਸ਼ ਸੀ ਤੇ ਅਸੀਂ ਜੱਫੀ ਪਾ ਕੇ ਮਿਲੇ। ਪੁੱਛਣ ’ਤੇ ਪਤਾ ਲੱਗਿਆ ਕਿ ਉਸ ਨੇ ਖੰਨੇ ਮੇਰੇ ਭੈਣ ਜੀ ਤੋਂ ਮੇਰਾ ਐਡਰੈੱਸ ਲਿਆ ਹੈ।
ਜਦੋਂ ਸ਼੍ਰੀਮਤੀ ਚਾਹ ਬਣਾ ਰਹੀ ਸੀ ਤਾਂ ਅਸੀਂ ਪੁਰਾਣੀਆਂ, ਬਚਪਨ ਵੇਲੇ ਦੀਆਂ ਗੱਲਾਂ ਕਰਦੇ ਰਹੇ ਤੇ ਕਿੰਨਾ ਹੀ ਚਿਰ ਆਪਣਾ ਬਚਪਨ ਅਤੇ ਸਕੂਲ ਦਾ ਟਾਈਮ ਹੰਢਾਉਂਦੇ ਰਹੇ। ਭਾਵੇਂ ਮੈਂ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਪਰ ਸ਼ਰਾਰਤੀ ਬਹੁਤ ਸੀ। ਸਕੂਲ ਵਿੱਚ ਵੀ ਅਤੇ ਸ਼ਾਮ ਵੇਲੇ ਮਹੱਲੇ ਵਿੱਚ ਵੀ ਖੇਡਦਿਆਂ ਪੂਰੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ। ਇੱਕ ਵਾਰੀ ਨਹੀਂ, ਕਈ ਵਾਰੀ ਸਾਨੂੰ ਆਪਣੀਆਂ ਸ਼ਰਾਰਤਾਂ ਕਰਕੇ ਘਰੋਂ ਮਾਰ ਪਈ ਸੀ।
ਚਾਹ ਆਈ ਤਾਂ ਅਸੀਂ ਬੜੇ ਹੀ ਮਜ਼ੇ ਦੇ ਨਾਲ ਚਾਹ ਪੀਤੀ। ਚਾਹ ਪੀਣ ਤੋਂ ਬਾਅਦ ਮੈਂ ਬਲਵੀਰ ਨੂੰ ਕਿਹਾ, “ਬਲਵੀਰ ਆਪਣੇ ਬਾਰੇ ਯੂ ਪੀ ਦੀ ਕੋਈ ਗੱਲਬਾਤ ਸੁਣਾ।”
ਬਲਵੀਰ ਕਹਿਣ ਲੱਗਾ, “ਮੈਂ ਤੈਨੂੰ ਕਰਮਾਂਵਾਲੀ ਦੇ ਵਿਆਹ ਦੀ ਗੱਲ ਸੁਣਾਉਂਦਾ ਹਾਂ।”
“ਕਰਮਾਂਵਾਲੀ ਦਾ ਵਿਆਹ?” ਮੈਂ ਹੈਰਾਨ ਹੋ ਕੇ ਪੁੱਛਿਆ, “ਕੌਣ ਹੈ ਇਹ ਕਰਮਾਂਵਾਲੀ” ਤੇ ਇਸ ਵਿੱਚ ਕੀ ਖਾਸ ਹੈ?”
“ਮੈਂ ਦੱਸਦਾਂ ...” ਬਲਵੀਰ ਨੇ ਕਿਹਾ, “ਮੈਂ ਜਿਸ ਪਿੰਡ ਵਿੱਚ ਰਹਿੰਦਾ ਹਾਂ, ਉਹ ਪਿੰਡ ਨਦੀ ਦੇ ਨੇੜੇ ਹੀ ਹੈ ਤੇ ਸਾਡੀ ਜ਼ਮੀਨ ਵੀ ਪਿੰਡ ਦੇ ਬਾਹਰਵਾਰ ਹੀ ਹੈ। ਮੇਰਾ ਬਹੁਤਾ ਸਮਾਂ ਜ਼ਮੀਨ ’ਤੇ ਹੀ ਬੀਤਦਾ ਹੈ। ਪਿੰਡ ਦੇ ਬਾਹਰਵਾਰ ਝੁੱਗੀ ਵਿੱਚ ਇੱਕ ਖੁਸਰਾ ਰਹਿੰਦਾ ਸੀ। ਪਿੰਡ ਵਾਲੇ ਉਸ ਨੂੰ ਮਹੰਤ ਕਹਿੰਦੇ ਸਨ। ਸਾਰੇ ਹੀ ਪਿੰਡ ਵਾਲੇ ਉਸ ਖੁਸਰੇ ਦੀ ਬੜੀ ਇੱਜ਼ਤ ਕਰਦੇ ਸੀ। ਭਾਵੇਂ ਉਹ ਆਪਣੀ ਝੁੱਗੀ ਵਿੱਚ ਹੀ ਮਸਤ ਰਹਿੰਦਾ ਸੀ ਪਰ ਹਰ ਲੋੜਵੰਦ ਦੇ ਕੰਮ ਵੀ ਆਉਂਦਾ ਸੀ। ਉਹ ਰੋਜ਼ਾਨਾ ਨਹਾਉਣ ਲਈ ਨਦੀ ’ਤੇ ਜਾਂਦਾ ਸੀ। ਇੱਕ ਦਿਨ ਜਦੋਂ ਉਹ ਨਦੀ ਵਿੱਚ ਨਹਾ ਕੇ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਨੇੜੇ ਹੀ ਇੱਕ ਬੱਚੀ ਪਈ ਹੋਈ ਹੈ। ਲੱਗਦਾ ਸੀ ਕੋਈ ਉਸ ਬੱਚੀ ਨੂੰ ਸੁੱਟ ਕੇ ਚਲਾ ਗਿਆ ਸੀ। ਮਹੰਤ ਬੱਚੀ ਨੂੰ ਲੈ ਕੇ ਨੇੜੇ ਦੇ ਥਾਣੇ ਚਲਾ ਗਿਆ ਅਤੇ ਕਿਹਾ ਕਿ ਮੈਂਨੂੰ ਨਦੀ ਦੇ ਕਿਨਾਰੇ ਤੋਂ ਇਹ ਬੱਚੀ ਮਿਲੀ ਹੈ। ਥਾਣੇਦਾਰ ਨੇ ਕਿਹਾ ਕਿ ਅਸੀਂ ਕਿਉਂ ਚੱਕਰ ਵਿੱਚ ਪਈਏ, ਇਸ ਨੂੰ ਤੂੰ ਹੀ ਲੈ ਜਾ। ਤੇ ਮਹੰਤ ਉਸ ਬੱਚੀ ਨੂੰ ਆਪਣੀ ਝੁੱਗੀ ਵਿੱਚ ਲੈ ਆਇਆ ਅਤੇ ਬੱਚੀ ਦਾ ਪਾਲਣ ਪੋਸ਼ਣ ਕਰਨ ਲੱਗਿਆ।
“ਸਮਾਂ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਿਆ। ਉਹ ਕੁੜੀ ਪੰਜ ਸਾਲ ਦੀ ਹੋਈ ਤਾਂ ਮਹੰਤ ਉਸ ਨੂੰ ਸਕੂਲ ਵਿੱਚ ਦਾਖ਼ਲ ਕਰਾਉਣ ਲਈ ਲੈ ਗਿਆ। ਸਕੂਲ ਵਾਲਿਆਂ ਨੇ ਕੁੜੀ ਦਾ ਨਾਂ ਪੁੱਛਿਆ ਤਾਂ ਮਹੰਤ ਨੇ ਦੱਸਿਆ ਕਿ ਉਸਨੇ ਨਾਂ ਤਾਂ ਕੋਈ ਰੱਖਿਆ ਨਹੀਂ, ਤੁਸੀਂ ਇਸਦਾ ਨਾਂ ਕਰਮਾਂਵਾਲੀ ਲਿਖ ਦਿਓ। ਪਿਓ ਦੀ ਜਗ੍ਹਾ ਉਸ ਨੇ ਆਪਣਾ ਨਾਂ ਲਿਖਾ ਦਿੱਤਾ ਅਤੇ ਮਾਂ ਦੇ ਨਾਂ ਦੀ ਜਗ੍ਹਾ ਇੱਕ ਫਰਜ਼ੀ ਜਿਹਾ ਨਾਂ ਗੰਗਾ ਦੇਵੀ ਲਿਖਾ ਦਿੱਤਾ।
“ਮਹੰਤ ਰੋਜ਼ ਹੀ ਤਿਆਰ ਕਰ ਕੇ ਕੁੜੀ ਨੂੰ ਸਕੂਲ ਛੱਡ ਆਉਂਦਾ ਅਤੇ ਲੈ ਆਉਂਦਾ। ਉਸ ਨੂੰ ਤਾਂ ਆਹਰ ਹੋ ਗਿਆ। ਕੁੜੀ ਪੜ੍ਹਾਈ ਵਿੱਚ ਹੁਸ਼ਿਆਰ ਨਿਕਲੀ ਅਤੇ ਹਾਇਰ ਸੈਕੰਡਰੀ ਪਾਸ ਕਰ ਗਈ। ਮਹੰਤ ਨੂੰ ਕਰਮਾਂਵਾਲੀ ਨੂੰ ਪੜ੍ਹਾਉਣ ਦਾ ਬੜਾ ਸ਼ੌਕ ਸੀ। ਸਕੂਲ ਤੋਂ ਬਾਅਦ ਉਸ ਨੂੰ ਕਾਲਜ ਵਿੱਚ ਦਾਖ਼ਲ ਕਰਾ ਦਿੱਤਾ। ਕਾਲਜ ਵਿੱਚ ਪੜ੍ਹਦਿਆਂ ਮਹੰਤ ਨੂੰ ਉਸ ਦੇ ਵਿਆਹ ਦੀ ਚਿੰਤਾ ਹੋਣ ਲੱਗੀ ਅਤੇ ਜਿਵੇਂ ਹੀ ਉਸ ਨੇ ਗ੍ਰੈਜੂਏਸ਼ਨ ਕੀਤੀ ਤਾਂ ਉਸ ਦੀ ਨੌਕਰੀ ਲੱਗ ਗਈ। ਮਹੰਤ ਕਰਮਾਂਵਾਲੀ ਨੂੰ ਕਹਿਣ ਲੱਗਿਆ ਕਿ ਮੈਂ ਤੇਰਾ ਵਿਆਹ ਕਰਨਾ ਹੈ। ਪਹਿਲਾਂ ਤਾਂ ਕਰਮਾਂਵਾਲੀ ਮੰਨ ਨਹੀਂ ਰਹੀ ਸੀ ਪਰ ਪਿਉ ਦੇ ਵਾਰ ਵਾਰ ਕਹਿਣ ’ਤੇ ਉਸਨੇ ਹਾਂ ਕਰ ਦਿੱਤੀ। ਕਰਮਾਂਵਾਲੀ ਲਈ ਇੱਕ ਇੰਜਨੀਅਰ ਲੜਕਾ ਲੱਭ ਲਿਆ। ਵਿਆਹ ਪੱਕਾ ਹੋ ਗਿਆ ਅਤੇ ਉਹ ਦਿਨ ਵੀ ਆ ਗਿਆ ਜਿਸ ਦਿਨ ਕਰਮਾਂਵਾਲੀ ਦਾ ਵਿਆਹ ਹੋਣਾ ਸੀ।
“ਆਲੇ ਦੁਆਲੇ ਦੇ ਪੰਜਾਹ ਪਿੰਡਾਂ ਦੇ ਖੁਸਰੇ ਆਏ ਅਤੇ ਆਪਣੇ ਨਾਲ ਗਹਿਣੇ ਅਤੇ ਕੱਪੜੇ ਦਾਜ ਵਿੱਚ ਦੇਣ ਲਈ ਲਿਆਏ। ਪੰਜਾਹ ਦੇ ਕਰੀਬ ਤਾਂ ਇਕੱਲੀਆਂ ਮੁੰਦਰੀਆਂ ਹੀ ਸਨ। ਇੰਨੇ ਗਹਿਣੇ ਅਤੇ ਕੱਪੜੇ ਮੈਂ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਵਿਆਹ ਵਿੱਚ ਨਹੀਂ ਸਨ ਵੇਖੇ। ਬਰਾਤ ਦੀ ਖ਼ੂਬ ਸੇਵਾ ਹੋਈ ਅਤੇ ਸ਼ਾਮ ਨੂੰ ਜਦੋਂ ਡੋਲੀ ਚੱਲਣ ਲੱਗੀ ਤਾਂ ਕਰਮਾਂਵਾਲੀ ਨੇ ਪਿਉ ਨੂੰ ਕਿਹਾ ਕਿ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਹੈ, ਤੁਹਾਨੂੰ ’ਕੱਲਿਆਂ ਨੂੰ ਇੱਥੇ ਨਹੀਂ ਰਹਿਣ ਦੇਣਾ। ਮਹੰਤ ਦੇ ਵਾਰ ਵਾਰ ਨਾਂਹ ਕਰਨ ਦੇ ਬਾਵਜੂਦ ਕਰਮਾਂਵਾਲੀ ਅੜੀ ਰਹੀ। ਕਰਮਾਂਵਾਲੀ ਦੇ ਸੱਸ ਸਹੁਰਾ ਅਤੇ ਉਸ ਦਾ ਘਰਵਾਲਾ ਵੀ ਨਾਲ ਚੱਲਣ ਲਈ ਜ਼ੋਰ ਦੇਣ ਲੱਗੇ।
“ਆਖਰਕਾਰ ਮਹੰਤ ਨੂੰ ਹਾਂ ਕਰਨੀ ਪਈ। ਥੋੜ੍ਹਾ ਜਿਹਾ ਹਨੇਰਾ ਵੀ ਹੋ ਗਿਆ ਸੀ ਤੇ ਜਿਵੇਂ ਹੀ ਤੁਰਨ ਵੇਲੇ ਮਹੰਤ ਨੇ ਆਪਣੀ ਝੁੱਗੀ ਵੱਲ ਵੇਖਿਆ, ਉਸ ਨੂੰ ਲੱਗਿਆ ਕਿ ਉਸਦੀ ਕੁੱਤੀ ਜੋ ਆਪਣੇ ਚਾਰ ਕਤੂਰਿਆਂ ਨਾਲ ਬੈਠੀ ਸੀ, ਉਸ ਵੱਲ ਦੇਖ ਕੇ ਪੁੱਛ ਰਹੀ ਹੋਵੇ ਕਿ ਹੁਣ ਉਨ੍ਹਾਂ ਦਾ ਧਿਆਨ ਕੌਣ ਰੱਖੇਗਾ? ਮਹੰਤ ਦਾ ਦਿਲ ਪਸੀਜ ਗਿਆ ਤੇ ਜਿਵੇਂ ਹੀ ਉਹ ਉੱਤਰ ਕੇ ਝੁੱਗੀ ਵੱਲ ਵਧਿਆ, ਉਸਦੀ ਕੁੱਤੀ ਉਸ ਨਾਲ ਚੰਬੜ ਗਈ। ਮਹੰਤ ਨੇ ਕੁੱਤੀ ਨੂੰ ਅਤੇ ਉਸਦੇ ਕਤੂਰਿਆਂ ਨੂੰ ਕਲਾਵੇ ਵਿੱਚ ਲੈ ਲਿਆ। ... ਡੋਲੀ ਵਾਲੀ ਕਾਰ ਨੇ ਸ਼ਹਿਰ ਵੱਲ ਚਾਲੇ ਪਾ ਲਏ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3068)
(ਸਰੋਕਾਰ ਨਾਲ ਸੰਪਰਕ ਲਈ: