AvtarGondara7ਮਾਪਿਆਂ ਵੱਲੋਂ ਅੱਜ ਕੱਲ੍ਹ ਬਹੁਤਾ ਜ਼ੋਰ ਇਮਤਿਹਾਨਾਂ ਵਿੱਚ ਵੱਧ ਨੰਬਰ ਦਿਵਾਉਣ ’ਤੇ ਲਾਇਆ ਜਾਂਦਾ ਹੈ ...
(3 ਨਵੰਬਰ 2021)

 

ਅੱਜ ਕੱਲ੍ਹ ਮਾਪਿਆਂ ਦਾ ਸਾਰਾ ਜ਼ੋਰ ਪੜ੍ਹਾਈ ਲਿਖਾਈ, ਆਪਣੇ ਬੱਚਿਆਂ ਨੂੰ ਮਾਹਿਰ ਤੇ ਤਕਨੀਸ਼ਅਨ ਬਣਾਉਣਾ ਹੈ ਤਾਂ ਜੋ ਵੱਡੇ ਹੋ ਕੇ ਉਹ ਅਥਾਹ ਮਾਇਆ ਅਤੇ ਚੀਜ਼ਾਂ ਨਾਲ ਘਰ ਭਰ ਸਕਣ। ਉਹ ਭਾਵੇਂ ਡਾਕਟਰ, ਇੰਜਨੀਅਰ ਜਾਂ ਆਈ ਆਈ ਟੀ ਕੁਝ ਵੀ ਬਣਨ। ਬੇਸ਼ਕ ਇਹ ਗੱਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਬਿਲਕੁਲ ਸਹਾਈ ਨਹੀਂ ਹੁੰਦੀ। ਸਵਾਲ ਇਹ ਨਹੀਂ ਕਿ ਸਰਵਪੱਖੀ ਵਿਕਾਸ ਦੇ ਮੌਕੇ ਹਨ ਜਾਂ ਨਹੀਂ, ਸਵਾਲ ਇਹ ਹੈ ਇਸ ਲੋੜ ਦੀ ਅਹਿਮੀਅਤ ਦਾ ਅਹਿਸਾਸ ਹੀ ਨਹੀਂ ਹੈ। ਮਾਇਆ ਅਤੇ ਚੀਜ਼ਾਂ ਦੇ ਅੰਬਾਰਾਂ ਵਿੱਚ ਘਿਰੇ ਹੋਏ ਵੀ ਉਹ ਇਕੱਲੇ, ਨਿਰਾਸ਼ ਅਤੇ ਮਾਨਸਿਕ ਅਸੁਰੱਖਿਆ ਦਾ ਸ਼ਿਕਾਰ ਬਣੇ ਰਹਿੰਦੇ ਹਨ। ਇਹ ਇਸੇ ਤਰ੍ਹਾਂ ਹੈ, ਜਿਵੇਂ ਹੱਥ ਦੀਆਂ ਪੰਜਾਂ ਉਂਗਲਾਂ ਵਿੱਚੋਂ ਇੱਕ ਦੋ ਬੇਮੇਚੀਆਂ ਵਧ ਜਾਣ। ਇਹ ਵਿਕਾਸ ਨਹੀਂ, ਵਿਗਾੜ ਦੀ ਅਲਾਮਤ ਹੈ।

ਇਸ ਵਿਗਾੜ ਦਾ ਸੇਕ ਆਸੇ ਪਾਸੇ ਦੇਖਣ ਨੂੰ ਮਿਲ ਜਾਂਦਾ ਹੈ। 2008 ਵਿੱਚ ਬਿੱਗ ਬੈਂਗ ਬਾਰੇ ਦੁਰਪ੍ਰਚਾਰ ਤੋਂ ਘਬਰਾਕੇ ਇੰਦੋਰ ਦੀ 16 ਸਾਲ ਕੁੜੀ ਨੇ ਖੁਦਕੁਸ਼ੀ ਕਰ ਲਈ। ਸ਼ੇਅਰ ਬਜ਼ਾਰ ਵਿੱਚ ਘਾਟਾ ਖਾ ਕੇ ਐੱਮ. ਬੀ. ਏ. ਦੀ ਡਿਗਰੀ ਵਾਲੇ ਭਾਰਤੀ ਗਭਰੂ ਨੇ, ਨਿਊਯਾਰਕ ਵਿੱਚ ਪਰਿਵਾਰ ਸਮੇਤ ਆਪਣੇ ਆਪ ਨੂੰ ਖਤਮ ਕਰ ਲਿਆ। ਸੱਤਾ ਦੇ ਗਲਿਆਰਿਆਂ ਦਾ ਸੁਖ ਭੋਗ ਰਹੇ ਪੰਜਾਬ ਦੇ ਇੱਕ ਆਈ. ਏ. ਐੱਸ. ਅਧਿਕਾਰੀ ਏ ਛੱਤਵਾਲ ਵੱਲੋਂ ਫਾਹਾ ਲੈਣ ਦੀਆਂ ਘਟਨਾਵਾਂ ਮਾਨਸਿਕ ਸਿਹਤ ਵਿਚਲੇ ਵਿਗਾੜ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਹ ਤਾਂ ਮੀਡੀਆ ਵਿੱਚ ਆਈਆਂ ਕੁਝ ਘਟਨਾਵਾਂ ਹਨ, ਅਣਗੌਲੀਆਂ ਰਹਿ ਗਈਆਂ ਪਤਾ ਨਹੀਂ ਕਿੰਨੀਆਂ ਕੁ ਹੋਣਗੀਆਂ।

ਤੇਜ਼ੀ ਨਾਲ ਬਦਲ ਰਹੇ ਹਾਲਾਤ ਨਾਲ ਸਿੱਝਣ ਲਈ ਮਾਪਿਆਂ ਵੱਲੋਂ ਬੱਚੇ ਨੂੰ ਤਿਆਰ ਨਹੀਂ ਕੀਤਾ ਜਾਂਦਾ। ਉਮਰ ਵੱਡੀ ਹੋ ਜਾਂਦੀ ਹੈ ਪਰ ਅੰਦਰਲਾ ਅਣਵਿਕਸਤ ਬੱਚਾ, ਬੰਦੇ ਦਾ ਖਹਿੜਾ ਨਹੀਂ ਛੱਡਦਾ। ਇਕੱਲਤਾ, ਨਿਰਾਸ਼ਾ ਅਤੇ ਉਦਾਸੀ ਬੰਦੇ ਦੇ ਮਨ ਵਿੱਚ ਵਸੇ ਉਸ ਦੀ ਬਾਲ ਵਰੇਸ ਦੇ ਅਣਵਿਕਸਿਤ ਲੱਛਣ ਹਨ। ਆਪਾਂ ਆਮ ਦੇਖਦੇ ਹਾਂ ਕਿ ਬੱਚਿਆਂ ਦੀ ਰਚਨਾਤਮਕ ਊਰਜਾ ਦੇ ਬਹੁ-ਪੱਖੀ ਵਿਕਾਸ ਲਈ ਨਾ ਮਾਪੇ ਚੇਤਨ ਹਨ ਅਤੇ ਨਾ ਹੀ ਅਧਿਆਪਕਾਂ ਦਾ ਇਸ ਨਾਲ ਕੋਈ ਸਰੋਕਾਰ ਹੈ। ਆਪਣੇ ਭਾਵ ਪ੍ਰਗਟਾਵੇ ਲਈ ਬੱਚੇ ਕੈਦੀਆਂ ਵਾਂਗ ਵਿਹਾਰ ਕਰਦੇ ਹਨ। ਇਸ ਲਈ ਮਾਨਸਿਕ ਸਿਹਤ ਵਾਸਤੇ ਬੱਚਿਆਂ ਨੂੰ ਜੀਵਨ ਜਾਚ ਦੇ ਕੁਝ ਗੁਰ ਸਿਖਾਉਣ ਦੀ ਲੋੜ ਹੈ।

ਇਸ ਕੰਮ ਲਈ ਜੇ ਸਕੂਲਾਂ ਵਿੱਚ ਕੁਝ ਨਹੀਂ ਹੋ ਸਕਦਾ ਤਾਂ ਜਨਤਕ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਜੇ ਹੋਰ ਧਾਰਮਿਕ ਇਕੱਠਾਂ ਜਾਂ ਸੇਵਾ-ਭਾਵੀ ਸਰਗਰਮੀਆਂ ਲਈ ਅਸੀਂ ਸਮਾਂ ਕੱਢ ਸਕਦੇ ਹਾਂ ਤਾਂ ਚਲੰਤ ਮਸਲਿਆਂ ਬਾਰੇ ਗੱਲਬਾਤ ਕਰਨ ਲਈ ਅਜਿਹਾ ਉਪਰਾਲਾ ਕਿਉਂ ਨਹੀਂ ਹੋ ਸਕਦਾ। ਮਿਸਾਲ ਵਜੋਂ ਬਿੱਗ ਬੈਂਗ ਬਾਰੇ ਪਰਲੋ ਦਾ ਡਰਾਵਾ ਜਾਂ ਕੁਝ ਸਮਾਂ ਪਹਿਲਾਂ ਮੂਰਤੀਆਂ ਦੁਆਰਾ ਦੁੱਧ ਪੀਣ ਦਾ ਪਰਦਾ ਫਾਸ਼ ਕਰਨ ਲਈ ਸਰਕਾਰੀ ਅਦਾਰਿਆਂ ਨੂੰ ਪਹਿਲ ਕਰਮੀ ਕਰਨੀ ਚਾਹੀਦੀ ਸੀ, ਜੋ ਨਹੀਂ ਹੋਈ। ਇਹ ਕੰਮ ਲੋਕ-ਪੱਖੀ ਸਰੋਕਾਰ ਰੱਖਣ ਵਾਲੀਆਂ ਕੁਝ ਜਨਤਕ ਜਥੇਬੰਦੀਆਂ ਨੇ ਕੀਤਾ। ਅਫਸੋਸ ਦੀ ਗੱਲ ਇਹ ਹੈ ਕਿ ਇਸ ਪਾਗਲਪਣ ਵਿੱਚ ਪੜ੍ਹਿਆ ਲਿਖਿਆ ਵਰਗ ਵੀ ਸ਼ਾਮਿਲ ਸੀ।

ਚੰਗੀ ਮਾਨਸਿਕ ਸਿਹਤ ਲਈ, ਜੀਵਨ ਜਾਚ ਦੇ ਕੁਝ ਗੁਰ, ਜਿਵੇਂ ਦਰਪੇਸ਼ ਸਮੱਸਿਆਵਾਂ ਨੂੰ ਖੁਦ ਨਜਿੱਠਣ ਦਾ ਬੱਲ, ਦੁਬਿਧਾ ਵੇਲੇ ਨਿਰਣਾ ਕਰਨ ਦੀ ਜਾਚ ਅਤੇ ਸਹੀ ਫੈਸਲੇ ਲੈਣ ਦੀ ਜ਼ੁਰਅਤ, ਭਾਵਨਾਵਾਂ ਦਾ ਸੰਚਾਲਨ, ਸਿਰੜ ਅਤੇ ਪ੍ਰਤੀਬੱਧਤਾ ਆਦਿ ਦੀ ਵਿਹਾਰਕ ਸਿੱਖਿਆ ਜ਼ਰੂਰੀ ਹੈ। ਇਸ ਪ੍ਰਸੰਗ ਵਿੱਚ ਦੇਖਦਿਆਂ, ਮਾਨਸਿਕ ਸਿਹਤ ਦੀ ਪੜ੍ਹਾਈ ਨੂੰ ਜ਼ਰੂਰੀ ਵਿਸ਼ੇ ਵੱਲੋਂ ਲਾਉਣ ਲਈ ਅਕਾਦਮਿਕ ਅਦਾਰਿਆਂ ’ਤੇ ਜ਼ੋਰ ਪਾਉਣਾ ਜ਼ਰੂਰੀ ਹੈ। ਇਨ੍ਹਾਂ ਗੁਣਾਂ ਦੇ ਸੰਚਾਰ ਲਈ, ਆਪਸੀ ਵਿਚਾਰ ਵਟਾਂਦਰੇ, ਸੈਮੀਨਾਰ, ਅਤੇ ਅਮਲੀ ਸਮੱਸਿਆਵਾਂ ਦਿੱਤੀਆਂ ਜਾ ਸਕਦੀਆਂ ਹਨ।

ਕੁਝ ਸਕੂਲਾਂ ਨੇ ਪੀਅਰ ਕਾਉਂਸਲਿੰਗ ਦਾ ਢੰਗ ਵੀ ਅਪਣਾਇਆ ਹੈ, ਜਿਸ ਵਿੱਚ ਬੱਚੇ, ਕਿਸੇ ਮੁੱਦੇ ਤੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਹਨ। ਸੰਗਾਊ ਬੱਚਿਆਂ ਲਈ ਸਕੂਲਾਂ ਵਿੱਚ ‘ਸੁਝਾਓ ਪੇਟੀ’ ਰੱਖੀ ਜਾ ਸਕਦੀ ਹੈ, ਜਿਸ ਵਿੱਚ ਉਹ ਆਪਣੀਆਂ ਸਮੱਸਿਆਵਾਂ ਅਤੇ ਸਵਾਲ ਲਿਖ ਕੇ ਪਾ ਸਕਦੇ ਹਨ। ਇਨ੍ਹਾਂ ਦਾ ਹੱਲ ਕਲਾਸ ਟੀਚਰ ਦੱਸੇ। ਇਸ ਤਰ੍ਹਾਂ ਦੇ ਬੱਚਿਆਂ ਵਿੱਚੋਂ ਝਿਜਕ ਕੱਢਣ ਦੀ ਵੀ ਲੋੜ ਹੈ। ਸਿਲੇਬਲ ਦੀਆਂ ਕਿਤਾਬਾਂ ਤਾਂ ਪੜ੍ਹਨੀਆਂ ਹੀ ਹਨ, ਇਸਦੇ ਨਾਲ ਚੰਗੇ ਸਾਹਿਤ, ਯੁਗ-ਪੁਰਸ਼ਾਂ ਦੀਆਂ ਜੀਵਨੀਆਂ, ਸੰਗੀਤ ਆਦਿ ਵੀ ਪੜ੍ਹਾਈ ਦਾ ਅਟੁਟ ਅੰਗ ਬਣੇ। ਜਿੱਥੋਂ ਤਕ ਮਾਪਿਆਂ ਦਾ ਸਵਾਲ ਹੈ, ਇਕੱਲੀਆਂ ਫੀਸਾਂ ਦੇਣੀਆਂ ਹੀ ਉਨ੍ਹਾਂ ਦਾ ਮੁੱਖ ਕਾਰਜ ਨਹੀਂ, ਉਨ੍ਹਾਂ ਨੂੰ ਇਹ ਖਬਰ ਵੀ ਹੋਣੀ ਚਾਹੀਦੀ ਹੈ ਕਿ ਬੱਚੇ ਕੀ ਪੜ੍ਹਦੇ ਹਨ। ਉਨ੍ਹਾਂ ਦੀਆਂ ਦਿਲਚਸਪੀਆਂ ਕੀ ਹਨ? ਉਨ੍ਹਾਂ ਦੇ ਖਬਤ ਕਿਹੋ ਜਿਹੇ ਹਨ? ਉਹ ਕਿਸ ਚੀਜ਼ ਤੋਂ ਡਰਦੇ ਹਨ? ਅਣਪੜ੍ਹ ਮਾਪਿਆਂ ਲਈ ਇਹ ਕੰਮ ਔਖਾ, ਪੜ੍ਹੇ ਲਿਖੇ ਸਗੋਂ ਉਨ੍ਹਾਂ ਦੀ ਮਦਦ ਕਰ ਸਕਦੇ ਹਨ। ਇਸ ਗੱਲ ਲਈ, ਮਾਪਿਆਂ ਨੂੰ ਅਧਿਆਪਕਾਂ ਨਾਲ ਤਾਲ ਮੇਲ ਬਣਾਈ ਰੱਖਣਾ ਚਾਹੀਦਾ ਹੈ। ਮਾਪਿਆਂ ਵੱਲੋਂ ਅੱਜ ਕੱਲ੍ਹ ਬਹੁਤਾ ਜ਼ੋਰ ਇਮਤਿਹਾਨਾਂ ਵਿੱਚ ਵੱਧ ਨੰਬਰ ਦਿਵਾਉਣ ’ਤੇ ਲਾਇਆ ਜਾਂਦਾ ਹੈ, ਜਿਸ ਨਾਲ ਕਿਆਸੇ ਪੱਧਰ ਨੂੰ ਨਾ ਪ੍ਰਾਪਤ ਕਰਨ ਕਰਕੇ ਬੱਚੇ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ। ਨਾਕਾਮ ਬੱਚਿਆਂ ਦੇ ਪ੍ਰੇਮ ਦਾ ਹੁੰਗਾਰਾ ਜੇ ਨਾ ਦਿੱਤਾ ਜਾਵੇ, ਤਾਂ ਉਨ੍ਹਾਂ ਦੇ ਹੱਥ ਤਿਜ਼ਾਬ ਦੀ ਬੋਤਲ ਵੱਲ ਵਧਦੇ ਹਨ।

ਬੱਚਿਆਂ ਦੀ ਆਰਥਿਕ ਸੁਰੱਖਿਆ ਲਈ ਫਿਕਰ ਤਾਂ ਸਮਝ ਆਉਂਦਾ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਬੋਝਿਆਂ ਵਿੱਚ ਡਿਗਰੀਆਂ ਪਾਈ ਫਿਰਦੇ ਅਤੇ ਜ਼ਿੰਦਗੀ ਦੀਆਂ ਤਲ਼ਖ ਹਕੀਕਤਾਂ ਤੋਂ ਕੋਰੇ ਇਹ ਨੌਜਵਾਨ ਜਿੱਥੇ ਵੀ ਜਾਣਗੇ, ਫੇਲ ਹੀ ਹੋਣਗੇ। ਉਹ ਭਾਵੇਂ ਪਰਿਵਾਰਕ ਜ਼ਿੰਦਗੀ ਹੋਵੇ, ਕੰਮ ਦੀ ਥਾਂ, ਜਾਂ ਸਿਆਸਤ ਦੀ ਖੇਡ। ਕਾਲੇ ਧਨ ਜਾਂ ਔਖਿਆਂ ਹੋ ਕੇ ਕਮਾਏ ਪੈਸੇ ਨਾਲ ਦਿੱਤੀ ਸੁਰੱਖਿਆ ਵਿੱਚ ਪਲਦੇ ਬੱਚੇ ਦੇ ‘ਬੁੱਧ’ ਬਣਨ ਦੀਆਂ ਸੰਭਾਵਨਾਵਾਂ ਸੁੰਗੜ ਜਾਂਦੀਆਂ ਹਨ ਅਤੇ ਉਹ ‘ਸਿਧਾਰਥ’ ਹੀ ਰਹਿ ਜਾਂਦਾ ਹੈ। ਉਸ ਦੇ ਇਨਕਲਾਬੀ ਬਣਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬੁੱਧ ਬਣਨ ਲਈ, ਉਸ ਦਾ ਜੀਵਨ ਦੀਆਂ ਹਕੀਕਤਾਂ ਨਾਲ ਦੋ ਚਾਰ ਹੋਣਾ ਜ਼ਰੂਰੀ ਹੈ।

ਅਜੂਕੇਸ਼ਨਿਸਟ ਵਿਦਿਆਨਾਥਨ ਮੁਤਾਬਿਕ, ਬੱਚਿਆਂ ਦੀ ਮਾਨਸਿਕ ਸਿਹਤ ਅਤੇ ਪ੍ਰੌੜ੍ਹਤਾ ਵੱਲ ਜੇ ਫੌਰੀ ਧਿਆਨ ਨਾ ਦਿੱਤਾ ਜਾਵੇ ਤਾਂ ਵੱਡੇ ਹੋ ਕੇ ਉਹ ਭਾਵੇਂ ਕੁਝ ਵੀ ਬਣ ਜਾਣ, ਇਹ ਜ਼ਰੂਰੀ ਹੈ ਕਿ ਉਹ ਭ੍ਰਿਸ਼ਟਾਚਾਰੀ ਬਣਨਗੇ, ਨਸ਼ਾ ਕਰਨਗੇ, ਫਾਹੇ ਲੈਣਗੇ ਜਾਂ ਕਿਸੇ ਨੂੰ ਮਾਰਨਗੇ। ਸਮਾਜ ਨੂੰ ਸੋਹਣਾ ਬਣਾਉਣ ਦੀ ਥਾਂ ਉਹ ਇਸਦੇ ਵਿਨਾਸ਼ ਵਿੱਚ ਭਾਗੀ ਬਣਨਗੇ। ਕੀ ਅੱਜ ਕੱਲ੍ਹ ਇਹੀ ਨਹੀਂ ਹੋ ਰਿਹਾ? ਇਹ ਸੋਚਣ ਵਾਲਾ ਮਸਲਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3122)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)