AvtarGondara7ਕਿਉਂਕਿ ‘ਸਿਆਣਪ’ ਉੱਤੇ ‘ਬਹਾਦਰੀ’ ਭਾਰੂ ਸੀ। ਮੋਦੀ ਦੇ ‘ਭਾਣੇ’ ਨੂੰ ਵਾਪਰਨ ਲਈ ਆਰ ਐੱਸ ਐਸ ਨੇ ...
(15 ਜਨਵਰੀ 2021)

 

31 ਦਸੰਬਰ ਦੀ ਰਾਤ ਸੰਗੀਤਕ ਤਣਾਓ ਨਾਲ ਭਰੀ ਹੁੰਦੀ ਹੈ। ਕੁਦਰਤ ਲਈ ਇਸਦੀ ਅਹਿਮੀਅਤ ਹੋਵੇ ਜਾਂ ਨਾ ਹੋਵੇ, ਪਰ ਬੰਦੇ ਲਈ ਹੈ। ਇਸ ਰਾਤ ਨੇ ਇੱਕ ਹੱਥ ਵਿੱਚ ਪਿਛਲੇ ਵਰ੍ਹੇ ਦੀ ਕੰਨੀ ਫੜੀ ਹੁੰਦੀ ਹੈ ਅਤੇ ਦੂਜੇ ਵਿੱਚ ਅਗਲੇ ਦਾ ਲੜ। ਮਾਨਸਿਕ ਤੌਰ ’ਤੇ ਦੋਨੋ ਪਲ ਪਲ ਖਿਸਕਦੇ ਜਾਂਦੇ ਲਗਦੇ ਹਨ। ਕਈਆਂ ਨੂੰ ਇਸ ਤਬਦੀਲੀ ਦਾ ਪਤਾ ਹੀ ਨਹੀਂ ਲਗਦਾ, ਉਹ ਉਵੇਂ ਹੀ ਪਿਛਲੇ ਵਰ੍ਹੇ ਦੀ ਤਰ੍ਹਾਂ ਆਦਤਨ ਜਿਉਂਦੇ ਰਹਿੰਦੇ ਹਨ। ਉਨ੍ਹਾਂ ਵਿੱਚ ਹੋ ਰਹੇ ਨੂੰ ਬਦਲਣ ਦੀ ਨਾ ਕੋਈ ਨਵੀਂ ਉਮੰਗ ਹੁੰਦੀ ਹੈ, ਨਾ ਕੋਈ ਨਵਾਂ ਸੁਪਨਾ। ਪਰ ਥੋੜ੍ਹੇ ਜਿਹੇ ਹਨ ਜੋ ਇਸ ਕੈਲੰਡਰੀ ਤਬਦੀਲੀ ਨੂੰ ਮਾਣਦੇ ਹਨ, ਜਸ਼ਨ ਮਨਾਉਂਦੇ ਹਨ। ਆਪਾ ਪੜਚੋਲ ਕਰਦੇ ਹਨ। ਕਿਸੇ ਲਈ ਇਹ ਬੇਵਾਸਤਗੀ, ਟੁੱਟੇ ਹੋਏ ਸੁਫਨਿਆਂ ਦੀ ਬਸਾਤ ਹੈ ਤਾਂ ਕਿਸੇ ਲਈ ਮਾਣ ਸਨਮਾਨ, ਨਵੀਆਂ ਉਮੀਦਾਂ ਦਾ ਸਮਾਂ ਹੈ।

ਇਸ ਕੈਲੰਡਰੀ ਤਬਦੀਲੀ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਜੇ ਜਸ਼ਨ ਕਰਨ ਦਾ ਕੋਈ ਚਾਅ ਜਾਂ ਬਹਾਨਾ ਨਹੀਂ ਮਿਲਦਾ ਤਾਂ ਝੁਰਨਾ ਵੀ ਕੋਈ ਅਕਲਮੰਦੀ ਨਹੀਂ ਹੈ। ਜਿੰਨਾ ਚਿਰ ਜ਼ਿੰਦਗੀ ਹੈ, ਜਿਊਣਾ ਸਾਡੀ ਜੈਵਿਕ ਲੋੜ ਹੀ ਨਹੀਂ, ਸਮਾਜਿਕ ਜ਼ਿੰਮੇਵਾਰੀ ਵੀ ਹੈ। ਪਰ ਕੀ ਕੈਲੰਡਰੀ ਤਬਦੀਲੀ ਹੀ ਸਾਰਾ ਕੁਝ ਹੈ? ਸਾਡਾ ਆਪਣਾ ਆਪ, ਇਸ ਹੋ ਰਹੀ ਤਬਦੀਲੀ ਵਿੱਚ ਕਿੱਥੇ ਆਉਂਦਾ ਹੈ? ਅਜਿਹੇ ਮੌਕਿਆਂ ’ਤੇ, ਮੌਜ ਮੇਲਿਆਂ ਦੇ ਨਾਲ ਨਾਲ, ਅੰਦਰਝਾਤ ਮਾਰਨ ਦੀ ਵੀ ਲੋੜ ਹੈ, ਜਿਸ ਨਾਲ ਜ਼ਾਹਰਾ ਤੇ ਲੁਕਵੇਂ ਮਨਸ਼ਿਆਂ, ਲਏ ਗਏ ਸੁਪਨਿਆਂ ਨੂੰ ਨਿਰਲੇਪ ਹੋ ਕੇ ਦੇਖਿਆ ਜਾਵੇ। ਅੱਜ ਦੇ ਵਿਸ਼ਵਿਆਪੀ ਉਥਲ-ਪੁਥਲ ਦੇ ਸਮਿਆਂ ਵਿੱਚ ਇਨ੍ਹਾਂ ਸਵਾਲਾਂ ਦੇ ਰੂਬਰੂ ਹੋਣ ਦੀ ਲੋੜ ਹੈ। ਘਟਨਾਵਾਂ ’ਤੇ ਸਵਾਰ ਹੋਇਆ ਜਾਵੇ, ਇਸ ਤੋਂ ਪਹਿਲਾਂ ਕਿ ਘਟਨਾਵਾਂ ਸਾਨੂੰ ਪੈਰਾਂ ਹੇਠ ਮਧੋਲ ਲੈਣ।

ਬਹੁਤਿਆਂ ਨੂੰ ਪਤਾ ਹੈ ਕਿ ਉਹ ਕੀ ਕਰਦੇ ਹਨ ਤੇ ਕਿਵੇਂ ਕਰਦੇ ਹਨ। ਪਰ ਇਸ ਗੱਲ ਦਾ ਵਿਰਲਿਆਂ ਨੂੰ ਪਤਾ ਹੈ ਕਿ ਉਹ ਕਿਉਂ ਕਰਦੇ ਹਨ। ‘ਕਿਉਂ’ ਵਾਲੀ ਗੱਲ ਜ਼ਿਆਦਾ ਅਹਿਮ ਹੈ। ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਹਰ ਹੀਲੇ ਕੁਝ ਨਾ ਕੁਝ ਬਣਨਾ ਚਾਹੁੰਦੇ ਹਾਂ, ਜਾਂ ਹੋਣਾ ਚਾਹੁੰਦੇ ਹਾਂ, ਇਹ ਮਾੜੀ ਗੱਲ ਨਹੀਂ। ਪਰ ਕਿਉਂ? ਬਹੁਤ ਕੁਝ ਕਮਾ ਕੇ, ਪਾ ਕੇ ਲਗਦਾ ਹੈ, ਇਹ ਉਹ ਕੁਝ ਨਹੀਂ ਜਿਸ ਲਈ ਇੰਨੇ ਜਫਰ ਜਾਲੇ ਸਨ। ਇਹ ਉਹ ਆਗੂ ਨਹੀਂ, ਜਿਨ੍ਹਾਂ ਦੀ ਅਗਵਾਈ ਵਿੱਚ ਧਰਨੇ ਲਾਏ, ਜੇਲਾਂ ਕੱਟੀਆਂ। ਭੱਤਾ ਭਨਾ ਕੇ ਪਤਾ ਲਗਦਾ ਹੈ ਕਿ ਅਸੀਂ ਵਰਤੇ ਗਏ ਹਾਂ।

ਉਕਤ ਸਵਾਲਾਂ ਨੂੰ ਕਈ ਤਰ੍ਹਾਂ ਨਾਲ ਵੇਖਿਆ ਪਰਖਿਆ ਜਾਂਦਾ ਹੈ। ਕਿਸੇ ਨੂੰ ਲਗਦਾ ਹੈ ਕਿ ਬੰਦਾ ਕਿਸਮਤ ਦੀਆਂ ਤੰਦਾਂ ਵਿੱਚ ਬੱਝੀ ਕਠਪੁਤਲੀ ਹੈ, ਦੂਜਾ ਬੰਦੇ ਨੂੰ ਹਾਲਤਾਂ ਦਾ ਸੰਚਾਲਕ ਮੰਨਦਾ ਹੈ। ਆਪਣੇ ਕੀਤੇ ਕਰਾਏ ਲਈ ਖੁਦ ਨੂੰ ਜ਼ਿੰਮੇਵਾਰ ਸਮਝਦਾ ਹੈ।

ਅੱਜ ਦੇ ਦੌਰ ਵਿੱਚ ‘ਦੂਜੀ’ ਕਿਸਮ ਦੇ ਬੰਦਿਆਂ ਦੀ ਲੋੜ ਹੈ। ਆਲਮੀ ਪੱਧਰ ’ਤੇ ਜੇ ਸਿਆਸਤ ਵਿੱਚ ਅਣਚਾਹੇ ਆਗੂਆਂ ਦਾ ਬੋਲ ਬਾਲਾ ਹੈ ਤਾਂ ਆਰਥਿਕਤਾ ਅੰਨ੍ਹੀ-ਗਲੀ ਵਿੱਚ ਵੜ ਗਈ ਹੈ। ਸਭ ਕਾਸੇ ਨੂੰ ‘ਕਿਸਮਤ’ ਜਾਂ ‘ਕੁਦਰਤੀ ਇਨਸਾਫ’ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਸੁਰੱਖਿਅਤਾ, ਸਿਹਤ ਤੇ ਵਾਤਾਵਰਣ ਦਾਅ ਤੇ ਲੱਗੇ ਹੋਏ ਹਨ, ਮਾਨਵੀ ਰਿਸ਼ਤਿਆਂ ਵਿੱਚ ‘ਸਮਾਜਿਕ ਦੂਰੀਆਂ’ ਨੂੰ ਕਾਨੂੰਨੀ ਦਰਜਾ ਮਿਲ ਗਿਆ ਹੈ। ਇਸ ਲਈ ਹੁਣ ਅਣਸਰਦੀ ਲੋੜ ਬਣ ਗਈ ਹੈ ਕਿ ਆਮ ਬੰਦਾ ‘ਨਿੱਜੀ ਪ੍ਰਾਪਤੀਆਂ’ ਦੇ ਨਾਲ ਨਾਲ, ਹੋ ਰਹੇ ‘ਸਮਾਜਿਕ ਨਿਘਾਰ ’ਤੇ ਵੀ ਘੋਖਵੀਂ ਨਜ਼ਰ ਰੱਖੇ। ਉਹ ਭੂਤ ਵਿੱਚ ਲਏ ਗਏ ਗਲਤ ਫੈਸਲਿਆਂ ਦੀ ਜ਼ਿੰਮੇਵਾਰੀ ਚੁੱਕੇ ਤੇ ਨਾ ਲਏ ਗਏ ਸਹੀ ਫੈਸਲਿਆਂ ਲਈ ਆਪਾ-ਪੜਚੋਲ ਕਰੇ।

ਅੱਜ ਦੀ ਰਾਤ ਇਹ ਗੱਲ ਹੋਰ ਦ੍ਰਿੜ੍ਹਾਉਣ ਵਾਲੀ ਹੈ ਕਿ ਸਾਡੇ ਕੁਝ ਸਰੋਕਾਰ ਸਦੀਵੀ ਹਨ। ਉਹ ਕੈਲੰਡਰ ਬਦਲਣ ਨਾਲ ਨਹੀਂ ਬਦਲਦੇ; ਜਿਵੇਂ ਮਨੁੱਖੀ ਆਜ਼ਾਦੀ, ਵਾਤਾਵਰਣ ਦੀ ਸਾਂਭ ਸੰਭਾਲ, ਬੁਨਿਆਦੀ ਲੋੜਾਂ ਦੀ ਪ੍ਰਾਪਤੀ, ਆਜ਼ਾਦੀ ਤੇ ਇਨਸਾਫ। ਅਸੀਂ ਇਹ ਗੁਰ ਵੀ ਸਿੱਖਣਾ ਹੈ ਕਿ ਪਰਚਾਰੇ ਜਾ ਰਹੇ ਸੱਚ ਵਿੱਚ ਕਿੰਨਾ ਝੂਠ ਹੈ ਅਤੇ ਦੁਰਕਾਰੇ ਜਾ ਰਹੇ ਝੂਠ ਵਿੱਚ ਕਿੰਨਾ ਸੱਚ ਹੈ? ਸਮੇਂ ਦੇ ਹਾਣ ਦਾ ਕਿਹੜਾ ਸੱਚ ਹੈ ਤੇ ਲੱਭੀਆਂ ਜਾ ਚੁੱਕੀਆਂ ਸੱਚਾਈਆਂ ਦੀ ਕੀ ਪ੍ਰਸੰਗਿਕਤਾ ਹੈ? ਇਹ ਗੱਲਾਂ ਲਗਾਤਾਰ ਨਿਰਖ-ਪਰਖ ਬਿਨਾਂ ਨਹੀਂ ਆ ਸਕਦੀਆਂ।

ਸੂਚਨਾਵਾਂ ਦੀ ਗੜ੍ਹੇਮਾਰ ਬੌਂਦਲਾ ਰਹੀ ਹੈ। ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅਸੀਂ ਸੂਝ ਅਤੇ ਸਿਆਣਪ ਵੱਲ ਕਦਮ ਨਹੀਂ ਪੁੱਟੇ। ਹੁਣ ਤਕ ਪ੍ਰਚਾਰਕਾਂ, ਲੇਖਕਾਂ, ਵਿਆਖਿਆਕਾਰਾਂ ਨੇ ਸਾਨੂੰ ਸਿਰਫ ‘ਮੌਤ ਨੂੰ ਮਖੌਲਾਂ ਕਰਨ ਵਾਲੇ’, ‘ਜਾਨਾਂ ਵਾਰਨ ਵਾਲੇ’, ਜਾਂ ‘ਲੰਗਰ ਲਾਉਣ’, ਵਾਲੇ ਮਰਜੀਵੜਿਆਂ ਅਤੇ ਸਮਾਜਸੇਵੀਆਂ ਤਕ ਸੰਗੋੜ ਦਿੱਤਾ ਹੈ। ਸਾਨੂੰ ‘ਸਿਆਣਿਆਂ’ ਦਾ ਪਿਛਲੱਗ ਬਣਨ ਲਈ ਉਕਸਾਇਆ ਤਾਂ ਗਿਆ ਹੈ, ਪਰ ‘ਸਿਆਣਾ’ ਬਣਨ ਲਈ ਪ੍ਰੇਰਿਆ ਕਿਸੇ ਨਹੀਂ।

ਸਿਆਣੇ ਹੋਣ ਦਾ ਪ੍ਰਮਾਣ ਕੀ ਹੈ? ਸਿਆਣਾ ਬੰਦਾ ਵਰਤਾਰਿਆਂ ਨੂੰ ਸਮਝਦਾ ਹੀ ਨਹੀਂ, ਉਨ੍ਹਾਂ ਦੀ ਦਿਸ਼ਾ ਅਤੇ ਨਿਕਲਣ ਵਾਲੇ ਸਿੱਟਿਆਂ ਦੀ ਭਵਿੱਖਬਾਣੀ ਵੀ ਕਰਦਾ ਹੈ। ਉਸ ਨੂੰ ਪਤਾ ਹੈ, ਗੱਲ ਕਿੱਧਰ ਨੂੰ ਜਾ ਸਕਦੀ ਹੈ, ਜਿਸ ਲਈ ਉਹ ਪਹਿਲਾਂ ਹੀ ਬੰਨ੍ਹ-ਛੁੱਬ ਕਰ ਲੈਂਦਾ ਹੈ। ‘ਮੌਤ ਨੂੰ ਮਖੌਲਾਂ ਕਰਨਾ ਵਾਲੇ’ ਬੰਦਿਆਂ ਵਿੱਚ ਵਰਤਾਰਿਆਂ ਨੂੰ ਸਮਝਣ ਦੀ ਰੁਚੀ ਨਹੀਂ ਹੁੰਦੀ। ਉਹ ਨਿਕਲਣ ਵਾਲੇ ਸਿੱਟਿਆਂ ਤੋਂ ਬੇਖੌਫ ਹੁੰਦੇ ਹਨ। ਇਸ ਲਈ, ਚਲਾਕ ਸਿਆਸਤਦਾਨਾਂ ਦੁਆਰਾ ਉਨ੍ਹਾਂ ਦੇ ਵਰਤੇ ਜਾਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਪੰਜਾਬ ਦੇ ਮੁੱਖ-ਧਾਰਾ ਦੇ ਸਿਆਸਤਦਾਨਾਂ ਨੇ ਇਸਦਾ ਭਰਪੂਰ ਲਾਹਾ ਲਿਆ ਹੈ। ਭਾਰਤ ਦੇ ਖੇਤੀ ਕਾਨੂੰਨਾਂ ਨਾਲ ਜੁੜੇ ਘੋਲ ਦੇ ਹਵਾਲੇ ਨਾਲ ਇਤਿਹਾਸਕ ‘ਸੂਝ-ਸਿਆਣਪ’ ਦੀ ਗੈਰਹਾਜ਼ਰੀ ਕਾਫੀ ਰੜਕਵੀਂ ਹੈ। ਜੋ ਸੂਝ ਸਿਆਣਪ ਘੋਲ ਕਰਦਿਆਂ ਦਿਸ ਰਹੀ ਹੈ, ਉਹ ਘੋਲ ਦਾ ਸਬੱਬ ਬਣੇ ਵਰਤਾਰਿਆਂ ਦੇ ਸਿਰ ਚੁੱਕਣ ਵੇਲੇ ਅਵੇਸਲੀ ਰਹੀ। ਕਈਆਂ ਨੂੰ ਲਗਦਾ ਹੈ ਕਿ ਮੁੱਦਾ ਕਾਨੂੰਨ ਬਣਨ ਨਾਲ ਹੀ ਸ਼ੁਰੂ ਹੋਇਆ। ਇਸਦਾ ਮੁੱਢ ਤਾਂ ਕਈ ਦਹਾਕੇ ਪਹਿਲਾਂ ‘ਆਰਥਿਕ ਸੁਧਾਰਾਂ’ ਦੇ ਨਾਲ ਹੀ ਬੱਝ ਗਿਆ ਸੀ। ਪਰ ਉਦੋਂ ਕਿਸੇ ਨੇ ਗੌਲਿਆ ਹੀ ਨਹੀਂ। ਇਸ ਲਈ ਪਹਿਲਾਂ ਵਾਹ ਸੁਆਰ ਕੇ ਜ਼ਮੀਨ ਤਿਆਰ ਕੀਤੀ ਗਈ। ਇੱਕ ਇੱਕ ਕਰਕੇ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਿਆ ਗਿਆ। ਖੇਤੀ ਕਾਨੂੰਨਾਂ ਲਈ ਵੱਤਰ ਦੀ ਉਡੀਕ ਹੋ ਰਹੀ ਸੀ, ਜੋ ਮੋਦੀ ਸਰਕਾਰ ਦੇ ਆਉਣ ਨਾਲ ਵਰ ਆਈ। ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਵਿਦਵਾਨਾਂ ਨੂੰ ਇਸ ਆ ਰਹੀ ਆਫਤ ਦੀ ਕੰਨਸੋਅ ਹੀ ਨਹੀਂ ਲੱਗੀ। ਕਿਸੇ ਨੇ ਓਹੜ ਪੋਹੜ ਤਾਂ ਕੀ ਕਰਨਾ ਸੀ, ਅਸੀਂ ਨਦੀਨ ਮਾਰਨ ਵਾਂਗ ਮੌਕੇ ਸਿਰ ਕੋਈ ਸਿਆਸੀ ਜਾਂ ਜਥੇਬੰਦਕ ਚਾਰਾ ਨਾ ਕਰ ਸਕੇ ਤੇ ਇਸ ਨੂੰ ਬੇਰੋਕ ਮੌਲਣ ਦਿੱਤਾ। ਕਿਉਂਕਿ ‘ਸਿਆਣਪ’ ਉੱਤੇ ‘ਬਹਾਦਰੀ’ ਭਾਰੂ ਸੀ। ਮੋਦੀ ਦੇ ‘ਭਾਣੇ’ ਨੂੰ ਵਾਪਰਨ ਲਈ ਆਰ ਐੱਸ ਐਸ ਨੇ ਇੱਕ ਸਦੀ ਪਹਿਲਾਂ ਤਿਆਰੀ ਵਿੱਢੀ ਸੀ। ਪਰ ਸਾਡੇ ਕਿਸੇ ਵੀ ਪਰਚਾਰਕ, ਗਿਆਨੀ ਧਿਆਨੀ ਨੂੰ ਇਸਦੀ ‘ਸ਼ਕਤੀ’ ਦੀ ਵਿੜਕ ਨਾ ਲੱਗੀ। ਅਸੀਂ ਉਨ੍ਹਾਂ ਨੂੰ ‘ਖਾਕੀ ਨਿੱਕਰਾਂ’ ਵਾਲੇ ਕਹਿ ਕਹਿ ਕੇ ਛੁਟਿਆਉਂਦੇ ਰਹੇ ਤੇ ਐਵੇਂ ਬੱਦਲਵਾਈ ਜਿਹੀ ਕਹਿ ਕੇ ਨਜ਼ਰਅੰਦਾਜ਼ ਕੀਤਾ। ਪਤਾ ੳਦੋਂ ਲੱਗਿਆ ਜਦੋਂ ਇਹ ਬੱਦਲਵਾਈ ਘਨਘੋਰ ਘਟਾਵਾਂ ਵਿੱਚ ਬਦਲ ਕੇ ਗੜ੍ਹੇ ਮਾਰ ਕਰਨ ਲੱਗੀ। ਚਾਹੀਦਾ ਇਹ ਸੀ ਕਿ ਸੂਝ-ਸਿਆਣਪ ਤੇ ਦੂਰਦਰਸ਼ਤਾ ਨਾਲ ਉਸੇ ਵੇਲੇ ਸਿਆਸੀ, ਸਭਿਆਚਾਰਕ ਤੇ ਜਥੇਬੰਦਕ ਕੋਸ਼ਿਸ਼ਾਂ ਨਾਲ ਨਦੀਨ ਵਾਂਗ ਵੇਲੇ ਸਿਰ ਹੀ ਇਸ ਨੂੰ ਨੱਪ ਦਿੱਤਾ ਜਾਂਦਾ। ਪਰ ਇਸ ਤਰ੍ਹਾਂ ਹੋ ਨਾ ਸਕਿਆ। ‘ਨਵੀਆਂ ਆਰਥਿਕ’ ਨੀਤੀਆਂ ਘੜ ਤੇ ਲਾਗੂ ਕਰ ਰਹੇ ਆਗੂਆਂ ਦੇ ਕੰਧੇੜੀਂ ਚੜ੍ਹੀ ਅਸੀਂ ਮੇਲਾ ਦੇਖਦੇ ਰਹੇ। ਉਹੀ ਸਵੈ ਕੇਂਦਰਿਤ ਰੁਚੀ। ਚੱਲੋ ਇਸ ਲੜਾਈ ਵਿੱਚੋਂ ਸੂਝ ਦੀ ਜਾਗ ਲੱਗੇਗੀ। ਉਂਝ ਵੀ ਇਹ ਕੋਈ ਆਖਰੀ ਲੜਾਈ ਨਹੀਂ ਹੈ।

ਆਉਣ ਵਾਲੇ ਦਿਨਾਂ ਵਿੱਚ ਅਣਸੁਖਾਵੇਂ ਵਰਤਾਰੇ ਗੱਲ ਨਾ ਪੈਣ, ਇਸ ਲਈ ਸੂਝ-ਸਿਆਣਪ ਦਾ ਲੜ ਫੜਨਾ ਪੈਣਾ ਹੈ। ਬਹੁਤ ਸਾਰੇ ਅੜਿੱਕੇ ਹਨ, ਜੋ ਸਾਡੀ ਦਾਨਾਈ ਦੇ ਰਾਹ ਵਿੱਚ ਆਉਂਦੇ ਹਨ। ਸਭ ਤੋਂ ਰੜਕਵਾਂ ਹੈ - ਸਾਂਝੀਵਾਲਤਾ ਤੇ ਪ੍ਰਹੁਣਾਚਾਰੀ ਦੇ ਓਹਲੇ ਸਾਡਾ ‘ਨਿੱਜ-ਮੁਖੀ’ ਜਾਂ ‘ਪਰਿਵਾਰ ਮੁਖੀ’ ਹੋਣਾ। ਅਸੀਂ ਅਕਸਰ ‘ਨਿੱਜੀ’ ਜਾਂ ‘ਪਰਿਵਾਰਕ’ ਪ੍ਰਾਪਤੀਆਂ ਨਾਲ ਪਰਚਣ ਦੇ ਆਦੀ ਹਾਂ। ਨਿੱਜ ਦੇ ਇਨ੍ਹਾਂ ਕਿਲਿਆਂ ਵਿੱਚ ਸੁਰੱਖਿਅਤ ਅਸੀਂ, ਸਮਾਜ ਜਾਂ ਦੁਨੀਆਂ ਵਿੱਚ ਹਰ ਕਿਸਮ ਦੇ ਨਿਘਾਰ, ਬੇਘਰਿਆਂ, ਗਰੀਬਾਂ, ਬੇਰੁਜ਼ਗਾਰਾਂ ਅਤੇ ਨਿਆਸਰਿਆਂ ਦੀ ਵਧ ਰਹੀ ਗਿਣਤੀ ਨੂੰ ਭੁੱਲ ਜਾਂਦੇ ਹਾਂ। ਅਣਮਨੁੱਖੀ ਵਰਤਾਰਿਆਂ ਨੂੰ ਵਧਣ ਫੁੱਲਣ ਲਈ ਖੁੱਲ੍ਹਾ ਛੱਡ ਦਿੰਦੇ ਹਾਂ ਤੇ ਇਨ੍ਹਾਂ ਦੇ ਤਬਾਹਕੁੰਨ ਸਿੱਟਿਆਂ ਨਾਲ ਭਿੜਣ ਲਈ ਮਜਬੂਰ ਹੁੰਦੇ ਹਾਂ। ਕਿਸਾਨ ਵਿਰੋਧੀ ਕਾਨੂੰਨਾਂ ਵਰਗਾ ਕਿੰਨਾ ਕੁਝ ਭਵਿੱਖ ਦੇ ਗਰਭ ਵਿੱਚ ਪਲ ਰਿਹਾ ਹੈ, ਜੋ ਸਾਥੋਂ ਦੂਰਦਰਸ਼ੀ ਹੋਣ ਦੀ ਮੰਗ ਕਰ ਰਿਹਾ ਹੈ।

ਦੂਜਾ ਰੜਕਵਾਂ ਕਾਰਣ ਹੈ, ਹਰ ਔਖੀ ਘੜੀ ਵਿੱਚ ਕਿਸੇ ‘ਮਹਾਂਪੁਰਸ਼’, ‘ਦੈਵੀ ਪੁਰਸ਼’ ਜਾਂ ‘ਕੁਦਰਤ ਦੇ ਇਨਸਾਫ ’ਤੇ ਟੇਕ ਰੱਖਣੀ। ਇਹ ਪਹੁੰਚ ਵਰਤਾਰਿਆਂ ਨੂੰ ਨਾ ਸਮਝਣ ਦੀ ਆਦਤ ਵਿੱਚੋਂ ਨਿਕਲਦੀ ਹੈ। ਕਿਸੇ ਵੀ, ਛੋਟੇ ਵੱਡੇ ਕੰਮ ਲਈ ਆਪਣੇ ਸਿਰ ਜ਼ਿੰਮੇਵਾਰੀ ਲੈਣ ਤੋਂ ਟਲਣਾ। ਇਸਦੀਆਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਜਿਵੇਂ ਬੱਚੇ ਦਾ ਨਾਂ ਰੱਖਣ ਵਾਲੇ ਛੋਟੇ ਜਿਹੇ ਕਾਰਜ ਲਈ ਵੀ ਸਾਨੂੰ ‘ਵਾਕ’ ਲੈਣ ਦੀ ਲੋੜ ਪੈਂਦੀ ਹੈ। ਸਾਨੂੰ ਆਪ ਨੂੰ ਕੁਝ ਔਹੜਦਾ ਹੀ ਨਹੀਂ। ਇਹ ਕਿਸੇ ਰੂਹਾਨੀ ਲੋੜ ਵਿੱਚੋਂ ਨਹੀਂ, ਸਿਰਫ ਆਪਣੀ ‘ਨਿਰਣਾ ਸ਼ਕਤੀ’ ਦੀ ਵਰਤੋਂ ਨਾ ਕਰਨ ਕਰਕੇ ਹੈ। ਸਾਨੂੰ ਲੱਗਦਾ ਹੈ, ਸਾਡਾ ਲਿਆ ਫੈਸਲਾ ਗਲਤ ਹੋ ਗਿਆ ਤਾਂ ਆਫਤ ਆ ਜਾਵੇਗੀ।

ਆਓ ਆਫਤਾਂ ਦੀ ਪੇਸ਼ੀਨਗੋਈ ਕਰਨਾ ਸਿੱਖੀਏੇ। ਵਾਪਰਨ ਵਾਲੇ ਵਰਤਾਰਿਆਂ ਨੂੰ ਅਗਾਊਂ ਬੁੱਝਣ ਦੇ ਗੁਰ ਜਾਣੀਏੇ। ਕੋਈ ਨਵੀਂ ਗੱਲ, ਕੋਈ ਨਵਾਂ ਰਿਸ਼ਤਾ ਬਣਾਈਏ, ਪੁਰਾਣਿਆਂ ਨੂੰ ਨਵਿਆਈਏ, ਨਿੱਕੇ ਮੋਟੇ ਰੋਸਿਆਂ ਨਾਲ ਦੂਰੀਆਂ ਪੈਦਾ ਨਾ ਕਰੀਏ, ਖੁਦ ਨਾਲ, ਕੁਦਰਤ ਨਾਲ ਰਿਸ਼ਤਿਆਂ ਨੂੰ ਸੰਗੀਤਮਈ ਬਣਾਈਏ, ਪਹਿਲਕਦਮੀ ਕਰੀਏ। ਹਰ ਦਿਨ ਨੂੰ ਵਰ੍ਹੇ ਦੇ ਆਖਰੀ ਦਿਨ ਵਾਂਗ ਜੀਵੀਏ ਤੇ ‘ਬਲ’ ਦੇ ਨਾਲ ਨਾਲ ‘ਬੁੱਧੀ’ ਵਰਤਦਿਆਂ ‘ਸਿਆਣੇ’ ਬਣਨ ਦੇ ਰਾਹ ਪਈਏ। ਆਪਾਂ ਕਲੈਂਡਰ ਹੀ ਨਹੀਂ ਬਦਲਣਾ, ਆਪ ਵੀ ਬਦਲਣਾ ਹੈ। ਇਸ ਕਾਇਆ ਕਲਪ ਨਾਲ ਖੁਦ ਨੂੰ ਹੀ ਨਹੀਂ, ਖੁਦਾਈ ਨੂੰ ਵੀ ਹੈਰਾਨ ਕਰੀਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2526)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)