AvtarGondara7ਭੋਲੇ ਭਾਅ ਸਾਡੇ ਇਜ਼ਹਾਰਾਂ ਵਿੱਚ ਆਏ ਵਿਤਕਰੇ ਦੀ ਕਾਣ ਸਾਨੂੰ ਰੜਕਦੀ ...
(9 ਫਰਵਰੀ 2019)

 

Faces2ਇਜ਼ਹਾਰ ਵਿੱਚ ਆਏ ਵਿਤਕਰੇ ਨੂੰ ਸਿਆਹ ਰੰਗ, ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨੇ ਖੂਬਸੂਰਤੀ ਨਾਲ ਫੜਿਆ ਹੈਇੱਕ ਟੀ ਵੀ ਸ਼ੋਅ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਉਹ ਕਹਿੰਦਾ ਹੈ ਕਿ ਛੋਟੇ ਹੁੰਦਿਆਂ ਉਹ ਆਪਣੀ ਮਾਂ ਨੂੰ ਪੁੱਛਦਾ ਸੀ, ‘Black money, Black list, black Friday, ਸ਼ਬਦਾਂ ਵਿੱਚ ਸਿਰਫ black ਅਗੇਤਰ ਹੀ ਕਿਉਂ ਵਰਤਿਆ ਜਾਂਦਾ ਹੈ, ਹੋਰ ਰੰਗ ਕਿਉਂ ਨਹੀਂ?’ ਹਰਾਮ ਦੀ ਕਮਾਈ ਨੂੰ Black Money ਗਰਦਾਨਣਾ ਕਾਲੇ ਰੰਗ ਦੀ ਕਦਰ ਘਟਾਈ ਅਤੇ ਜਾਇਜ਼ ਕਮਾਈ ਨੂੰ (White money, white house ) ਕਹਿਣਾ, ਚਿੱਟ (ਗੋਰੇ) ਰੰਗ ਦੀ ਵੱਡਿਆਈ ਹੀ ਹੈ ਅਤੇ ਚੀਜ਼ਾਂ ਦੇ ਬਹਾਨੇ ਰੰਗ-ਵਿਸ਼ੇਸ਼ ਦੀ ਨਸਲ ਨੂੰ ਛੁਟਿਆਉਣਾ ਹੈਸਿਆਹ ਫਹਿਮ (ਕਾਲਾ ਰੰਗ) ਹੋਣ ਕਰਕੇ, ਇਹ ਸੰਬੋਧਨ ਉਸ ਨੂੰ ਨਿੱਜੀ ਹੀ ਨਹੀਂ, ਸਾਰੇ ਭਾਈਚਾਰੇ ਦੀ ਬੇਇੱਜ਼ਤੀ ਲੱਗਦਾ ਸੀਕਾਲੇ ਸ਼ਬਦ ਨਾਲ ਜੁੜੀ ਨਿਖੇਧੀ ਉਸ ਨੂੰ ਚੁੱਭਦੀ ਸੀਉਸਦੀ ਪੀੜਾ ਕਿਸੇ ਕਣਕਵੰਨੇ ਜਾਂ ਗੋਰੇ ਬੰਦੇ ਦੇ ਗਲੋਂ ਸ਼ਾਇਦ ਸੌਖਿਆਂ ਨਾ ਉੱਤਰੇ

ਆਰਥਿਕ, ਸਮਾਜਿਕ, ਧਾਰਮਿਕ ਵਿਤਕਰਾ ਆਪਣਾ ਰੂਪ ਬਦਲਕੇ ਸਾਡੇ ਸੱਭਿਆਚਾਰ, ਆਮ ਬੋਲ-ਚਾਲ ਵਿੱਚ ਸੇਮ ਵਾਂਗ ਆ ਦਾਖਲ ਹੁੰਦਾ ਹੈਭੋਲੇ ਭਾਅ ਸਾਡੇ ਇਜ਼ਹਾਰਾਂ ਵਿੱਚ ਆਏ ਵਿਤਕਰੇ ਦੀ ਕਾਣ ਸਾਨੂੰ ਰੜਕਦੀ ਵੀ ਨਹੀਂਇਨ੍ਹਾਂ ਕਰਕੇ ਸਾਡੇ ਕੋਲ ਬੈਠਾ ਬੰਦਾ/ਸਮੂਹ ਕਿਵੇਂ ਆਹਤ ਹੋ ਰਿਹਾ ਹੋਵੇਗਾ, ਪਤਾ ਵੀ ਨਹੀਂ ਲੱਗਦਾਇਹ ਸਾਡੀ ਪਹੁੰਚ, ਪ੍ਰਸ਼ੰਸਾ, ਨਿੰਦਾ, ਪੂਰਵ-ਧਾਰਣਾਵਾਂ (Prejudices), ਪੱਖਪਾਤ, ਸਾਡੀ ਜ਼ਹਿਨੀਅਤ ਦੀ ਸੂਹ ਦਿੰਦੇ ਹਨਨਾਲ ਹੀ ਸਮਾਜ ਵਿਚਲੇ ਵਰਗਾਂ, ਧੜਿਆਂ, ਅਤੇ ਭਾਈਚਾਰਿਆਂ ਵਿਚਲੀ ਭਾਵੁਕ ਵਿੱਥ ਅਤੇ ਆਪਸੀ ਆਦਰ ਸਤਿਕਾਰ ਦੇ ਪਾਸਕੂ ਦਾ ਵੀ ਪਤਾ ਲੱਗਦਾ ਹੈ

ਬੋਲਣ-ਲਿਖਣ ਵੇਲੇ ਇਹ ਗੱਲ ਧਿਆਨ ਵਿੱਚ ਰਹਿਣੀ ਚਾਹੀਦੀ ਹੈਡਾ. ਤ੍ਰਿਲੋਕ ਚੰਦ ਤੁਲਸੀ ਦਾ ਕਹਿਣਾ ਹੈ, ‘ਸ਼ਬਦ ਕਿਸੇ ਗੱਲ ਨੂੰ ਨਿਰਲੇਪਤਾ ਨਾਲ ਪ੍ਰਗਟ ਨਹੀਂ ਕਰਦੇ, ਉਨ੍ਹਾਂ ਨਾਲ ਕੁਝ ਸਹਿਚਾਰੀ-ਭਾਵ (Associate feelings) ਜੁੜੇ ਹੁੰਦੇ ਹਨਸ਼ਬਦਾਂ ਦੇ ਇਸ ਭਾਵ-ਸਹਿਚਾਰੀਪੁਣੇ ਕਾਰਨ ਚਿੰਤਨ ਵਿੱਚ ਅੜਿੱਕਾ ਪੈਂਦਾ ਹੈਤਰਕ ਸ਼ਾਸਤਰ ਵਿੱਚ ਇਸ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਂਦਾ ਹੈਇਹ ਸਮਝ ਲੈਣਾ ਜ਼ਰੂਰੀ ਹੈ ਕਿ ਕਿਸੇ ਵੀ ਗੱਲ ਨੂੰ ਅਜਿਹੇ ਵੱਖਰੇ ਸ਼ਬਦਾਂ ਰਾਹੀਂ ਦੱਸਿਆ ਜਾ ਸਕਦਾ ਹੈ, ਜੋ ਇੱਕ ਦਮ ਵੱਖਰਾ ਭਾਵੁਕ ਅਸਰ ਪਾਉਂਦੇ ਹਨ।’ (‘ਮਾਹੌਲ, ਮਨ ਅਤੇ ਸਾਹਿਤ’ ਵਿੱਚੋਂ) ਜਿਵੇਂ ਭਾਈ ਘਨੱਈਏ ਨਾਲ ‘ਸੇਵਾ’ ਅਤੇ ਹਿਟਲਰ ਨਾਲ ‘ਅੱਤਿਆਚਾਰੀ’ ਦਾ ਭਾਵ ਜੁੜਿਆ ਹੋਇਆ ਹੈਇੰਨਾ ਕਹਿਣਾ ਹੀ ਕਾਫੀ ਹੈ ਕਿ ਉਹ ‘ਹਿਟਲਰੀ ਸੁਭਾ’ ਦਾ ਬੰਦਾ ਹੈ, ਇਸਦੀ ਲੋੜ ਨਹੀਂ ਕਿ ਉਹ ਹਿੰਸਕ ਹੈਡਾ. ਤੁਲਸੀ ਦੀ ਧਾਰਨਾ ਨੂੰ ਅੱਗੇ ਤੋਰਦਿਆਂ, ਅਸੀਂ ਕਹਿ ਸਕਦੇ ਹਾਂ ਕਿ, ਇਕੱਲੇ ਚਿੰਤਨ ਵਿੱਚ ਹੀ ਨਹੀਂ, ਮਾਨਵੀ ਰਿਸ਼ਤਿਆਂ ਵਿੱਚ ਵੀ ਦਰਾੜ ਪੈਂਦੀ ਹੈ

ਡਾ. ਤੁਲਸੀ ਨੇ ਬਰਤਨਾਵੀ ਦਾਰਸ਼ਨਿਕ ਬਰਟਰੈਂਡ ਰਸਲ ਦਾ ਹਵਾਲਾ ਦਿੱਤਾ ਹੈ,

‘ਮੈਂ ਦ੍ਰਿੜ੍ਹ ਹਾਂI am firm.

ਤੁਸੀਂ ਜ਼ਿੱਦੀ ਹੋYou are obstinate.

ਉਹ ਅੜੀਅਲ ਟੱਟੂ ਹੈHe is a pig-headed fool.

ਉਦਾਹਰਣ ਵਾਕਿਆ ਹੀ ਦਿਲਚਸਪ ਹੈਕਿਸੇ ਨੂੰ ਆਪਦੀ ‘ਜ਼ਿੱਦ’ ਦ੍ਰਿੜ੍ਹਤਾ ਅਤੇ ਦੂਜੇ ਦੀ ‘ਦ੍ਰਿੜ੍ਹਤਾ’ ਜ਼ਿੱਦ ਜਾਂ ਅੜੀਅਲਪੁਣਾ ਲੱਗ ਸਕਦਾ ਹੈਆਮ ਵਰਤੋਂ-ਵਿਹਾਰ ਵਿੱਚ ਅਸੀਂ ਇੰਨੀ ਨਿਰਖ-ਪਰਖ ਨਹੀਂ ਕਰਦੇ, ਨਾ ਹੀ ਲੋੜ ਸਮਝਦੇ ਹਾਂਰਸਲ ਦੀ ਗੁਰਬੰਦੀ ਨਾਲ ਵੀ ਪੂਰਾ ਸਹਿਮਤ ਹੋਣਾ ਔਖਾ ਹੈਕੁਝ ਵਿਸ਼ੇਸ਼ ਪ੍ਰਸੰਗ ਵਿੱਚ ਤਾਂ ਇਹ ਗੱਲ ਠੀਕ ਹੈ, ਪਰ ਹਰ ਥਾਂ ਨਹੀਂਮਿਸਾਲ ਵਜੋਂ ‘ਜ਼ਿੱਦ’, ਅਤੇ ‘ਦ੍ਰਿੜ੍ਹਤਾ’ ਇੱਕੋ ਮਨੋ-ਸਥਿੱਤੀ ਨੂੰ ਪ੍ਰਗਟ ਕਰਨ ਵਾਲੇ ਸੰਕਲਪ ਨਹੀਂ ਹਨਪਾਠਕ ਆਪਣੇ ਜਾਂ ਕਿਸੇ ਹੋਰ ਦੇ ਸਟੈਂਡ ਦੀ ਚੀਰਫਾੜ ਕਰਦਿਆਂ ਦੇਖ ਸਕਦੇ ਹਨ ਕਿ ਉਹ ‘ਜ਼ਿੱਦ’ ਦੀ ਜੱਦ ਹੇਠ ਆਉਂਦਾ ਹੈ ਜਾਂ ‘ਦ੍ਰਿੜ੍ਹਤਾ’ ਦੀਇਨ੍ਹਾਂ ਦੋਨਾਂ ਸ਼ਬਦਾਂ ਦੇ ਬਾਹਰਮੁੱਖੀ ਆਧਾਰ, ਦਲੀਲਾਂ ਜਾਂ ਵਿਆਖਿਆਵਾਂ ਕੀ ਹਨ? ਨਿਰਸੰਦੇਹ ਇਹ ਖੋਜ ਦਾ ਵਿਸ਼ਾ ਹੈਨਿੱਜੀ ਅਤੇ ਦੂਜਿਆਂ ਦੇ ਸਟੈਂਡ ਨੂੰ ਸਮਝਣ ਵਿੱਚ ਇਸ ਨੂੰ ਕੁੰਜੀ ਵਜੋਂ ਵਰਤਿਆ ਜਾ ਸਕਦਾ ਹੈ

ਇਸ ਚਰਚਾ ਵਿੱਚੋਂ ਇਹ ਵੀ ਪਤਾ ਲੱਗੇਗਾ ਕਿ ਸਾਡੇ ਇਜ਼ਹਾਰ ਬਾਹਰੀ ਸੰਸਾਰ ਨਾਲ ਸਾਡੇ ਰਿਸ਼ਤੇ, ਨਜ਼ਰੀਏ ਅਤੇ ਪਹੁੰਚ ਨੂੰ ਕਿਵੇਂ ਉਜਾਗਰ ਕਰਦੇ ਹਨ? ‘ਕਾਮੇ ਛਿੱਤਰ ਨਾਲ ਸੂਤ ਆਉਂਦੇ ਹਨ।’ ‘ਔਰਤਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ।’ ਜਾਂ ‘ਹਰ ਇੱਕ ਦਾ ਆਪੋ ਆਪਣਾ ਸੱਚ ਹੈ।’ ਵਰਗੇ ਜੁਮਲੇ ਅਕਸਰ ਪੜ੍ਹਨ-ਸੁਣਨ ਵਿੱਚ ਆਉਂਦੇ ਹਨਇਨ੍ਹਾਂ ਵਿੱਚ ਲਿਖਣ ਜਾਂ ਬੋਲਣ ਵਾਲੇ ਦੀ ਔਕਾਤ ਅਤੇ ਪੂਰਾ ਜੀਵਨ ਦਰਸ਼ਨ ਲੁਕਿਆ ਹੋਇਆ ਹੈ

ਇਜ਼ਹਾਰਾਂ ਦੀ ਚੋਭ ਸਿਰਫ ਰੰਗ-ਭੇਦ ਤੱਕ ਮਹਿਦੂਦ ਨਹੀਂ ਹੈਇਨਾਂ ਦੀ ਮਾਰ ਵਿੱਚ ਮੂੰਹ-ਮੱਥਾ, ਨੱਕ, ਬੁੱਲ੍ਹ, ਕੱਦ-ਬੁਤ, ਤਕੜਾ-ਮਾੜਾ, ਸੁਭਾਅ, ਖਿੱਤਾ, ਹੈਸੀਅਤ ਆਦਿ ਕਈ ਕੁਝ ਆ ਜਾਂਦਾ ਹੈਬੰਦਾ ਉਨ੍ਹਾਂ ਗੁਣਾਂ ਜਾਂ ਵਿਲੱਖਣਤਾਵਾਂ ਲਈ ਵੀ ਪੁਣਿਆ ਜਾਂਦਾ ਹੈ, ਜੋ ਉਸਦੇ ਗੇੜ ਵਿੱਚ ਨਹੀਂ ਹੁੰਦੀਆਂਮਿਸਾਲ ਵਜੋਂ, ਰੰਗ, ਨਸਲ, ਲਿੰਗ, ਸੁਭਾਅ, ਕੱਦ-ਬੁੱਤ ਜਾਂ ਜੰਮਣ-ਭੋਂਏਂ ਆਦਿ

ਕੁਦਰਤ ਵਿੱਚ, ਚਿੱਟੇ-ਕਾਲੇ, ਉੱਚੇ-ਨੀਵੇਂ, ਵੱਡੇ-ਛੋਟੇ, ਮੋਟੇ-ਪਤਲੇ, ਤਿੱਖੇ-ਮੁੜੇ, ਨਰ-ਮਾਦਾ, ਤਕੜੇ-ਮਾੜੇ ਵਰਗੇ ਜੋੜਿਆਂ ਦੀ ਹੋਂਦ ਹੈਉਨ੍ਹਾਂ ਜੋੜਿਆਂ (Binary) ਦੀ ਹੋਂਦ ਸਮਝ ਆਉਂਦੀ ਹੈ, ਜਿੰਨਾ ਦਾ ਇੱਕ ਪੱਖ ਦੂਜੇ ਦੀ ਹੋਂਦ ਦਾ ਜਾਮਨ ਬਣਦਾ ਹੈਇੱਕ ਬਿਨਾਂ ਦੂਜਾ ਹੋ ਹੀ ਨਹੀਂ ਸਕਦਾਨਾ ਹੀ ਇਹ ਕਿਸੇ ਵਿਕਸਿਤ ਜਾਂ ਅਣਵਿਕਸਤ ਨਸਲ ਦੀ ਕਾਢ ਹਨ

ਕੁਦਰਤੀ ਜੋਟਿਆਂ ਦੇ ਜੁੱਜ਼ਾਂ (Parts) ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹਾ ਕਰਨ ਦੀ ਆਪਣੀ ਸਿਆਸਤ ਹੈਇਨ੍ਹਾਂ ਜੋਟਿਆਂ ਦੇ ਹਿੱਸੇ ਇੱਕ ਦੂਜੇ ਦਾ ਨਿਖੇਧ ਨਹੀਂ ਕਰਦੇ, ਸਗੋਂ ਪੂਰਕ ਹਨਪੰਗਾ ਉਦੋਂ ਖੜ੍ਹਾ ਹੁੰਦਾ ਹੈ, ਜਦੋਂ ਕੋਈ ਭਾਰੂ ਧਿਰ ਆਪਣੀ ਚੌਧਰ ਦੀ ਬਰਕਰਾਰੀ ਲਈ, ਇਨ੍ਹਾਂ ਵਿਲੱਖਣਤਾਵਾਂ ਨੂੰ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੰਦੀ ਹੈਇਸ ਪਹੁੰਚ ਨੂੰ Ethnocentrism ਵਜੋਂ ਜਾਣਿਆ ਜਾਂਦਾ ਹੈਇਸਦਾ ਢੁੱਕਵਾਂ ਪੰਜਾਬੀ ਸ਼ਬਦ ਜੇ ‘ਸਰੋਕਾਰ’ ਦੇ ਪਾਠਕਾਂ ਨੂੰ ਪਤਾ ਹੋਵੇ, ਉਹ ਜਰੂਰ ਸਾਂਝਾ ਕਰ ਸਕਦੇ ਹਨਕੰਮ ਚਲਾਉਣ ਲਈ, ਇਸ ਨੂੰ ‘ਅੰਧ-ਨਸਲਵਾਦ’ ਵਜੋਂ ਲਿਆ ਜਾ ਸਕਦਾ ਹੈ, ਜਿਸ ਵਿੱਚ ਕੋਈ ਨਸਲ/ਭਾਈਚਾਰਾ ਕੌਮੀ ਸਵੈਮਾਣ, ਰੰਗ, ਧਰਮ ਅਤੇ ਸੱਭਿਆਚਾਰ ਦੀ ਵੱਡਿਆਈ ਕਰਦਿਆਂ, ਦੂਜਿਆਂ ਨੂੰ ਪਰੋਖ ਰੂਪ ਛੁਟਿਆਉਂਦਾ ਹੈਪ੍ਰਾਪੇਗੰਡੇ ਨਾਲ ਕੁਦਰਤੀ ਜਾਂ ਇਲਾਕਾਈ ਗੁਣਾਂ ਨੂੰ ਵਰਗ-ਵਿਸ਼ੇਸ਼ ਨਾਲ ਜੋੜ ਦਿੱਤਾ ਜਾਂਦਾ ਹੈਇਤਿਹਾਸ ਵਿੱਚ, ਸਿਆਸੀ ਪਾਲਾਬੰਦੀ ਲਈ ਇਹ ਬੜਾ ਕਾਰਗਾਰ ਹੱਥਿਆਰ ਸਿੱਧ ਹੋਇਆ ਹੈ

ਪ੍ਰਾਪੇਗੰਡੇ ਅਤੇ ਸਿੱਖਿਆ ਨਾਲ ਇਨ੍ਹਾਂ ਜੋਟਿਆਂ ਦਾ ਇੱਕ ਹਿੱਸਾ, ਵੱਡਿਆਈ ਅਤੇ ਦੂਜਾ ਹੇਠੀ ਕਿਉਂ ਹਾਸਲ ਕਰ ਲੈਂਦਾ ਹੈ? ਆਓ ਇਸ ਨੂੰ ਦੇਖਣ ਪਰਖਣ ਦੀ ਕੋਸ਼ਿਸ਼ ਕਰੀਏਆਪਾਂ ਨੂੰ ਪਤਾ ਹੈ ਕਿ ਗੋਰਿਆਂ ਨੂੰ ਕਾਲਿਆਂ ਦੀ ਲੋੜ ਸੀ, ਉਨ੍ਹਾਂ ਨੂੰ ਗੁਲਾਮ ਬਣਾ ਕੇ ਬਸਤੀਆਂ ਵਿੱਚੋਂ ਲਿਆਂਦਾ ਗਿਆਗੁਲਾਮ ਨੂੰ ਗੁਲਾਮ ਬਣਾ ਕੇ ਰੱਖਣ ਲਈ, ਸਿਰਫ ਕਾਨੂੰਨ ਜਾਂ ਹਿੰਸਾ ਕਾਫੀ ਨਹੀਂ ਹੈਗੁਲਾਮ ਵਿੱਚ ਆਪਣੇ ਕਾਲੇ ਰੰਗ ਲਈ ‘ਹੀਣਤਾ’ ਅਤੇ ਮਾਲਕ ਦੇ ਗੋਰੇ ਰੰਗ ਪ੍ਰਤੀ ‘ਮਾਣ’ ਦਾ ਭਾਵ ਹੋਣਾ ਜ਼ਰੂਰੀ ਸੀਵਿਕਾਊ ਵਿਗਿਆਨੀਆਂ ਨੇ ਇਹ ਤਰ੍ਹਾਂ ਦੀਆਂ ਧਾਰਣਾਵਾਂ/ਸ਼ੋਧ-ਪ੍ਰਬੰਧਾਂ ਨੂੰ ਅੱਗੇ ਲਿਆਂਦਾ ਅਤੇ ਪਰਚਾਰਿਆ, ਜਿਨ੍ਹਾਂ ਵਿੱਚ ਕਾਮਿਆਂ ਨੂੰ ਜਮ੍ਹਾਂਦਰੂ ਹੀਣੇ, ਬੇਅਕਲ ਅਤੇ ਗੋਰਿਆਂ ਨੂੰ ਜਮ੍ਹਾਂਦਰੂ ਸੁਆਮੀ, ਤਕੜੇ ਅਤੇ ਸਿਆਣੇ ਸਿੱਧ ਕੀਤਾ ਗਿਆਕਥਿਤ ਪਿਛਲੇ ਜਨਮ ਦੇ ਲੈਣ ਦੇਣ ਦੀ ਗੱਲ ਸਵਦੇਸੀ ਕਾਢ ਹੈਸਮਾਜਿਕ ਵਿਤਕਰਿਆਂ ਨੂੰ ਰੈਲਾ ਅਤੇ ਨਿਆਈਂ ਬਣਾਉਣ ਲਈ, ਸਬੱਬੀਂ ਮਿਲੇ ਗੁਣਾਂ ਨੂੰ ਬਾਖ਼ੂਬੀ ਵਰਤਿਆ ਗਿਆ ਹੈਮਿਸਾਲ ਵਜੋਂ, ਨਸਲੀਗੁਣ ਹਰ ਤਰ੍ਹਾਂ ਦੇ ਪੱਖਪਾਤੀ ਪ੍ਰਗਟਾ ਦਾ ਚਿੰਨ੍ਹ ਬਣ ਗਏਜਿਵੇਂ Black money, Black list, Black Friday ਆਦਿਗੋਰਿਆਂ ਦੀ ਰੀਸ ਨਾਲ, ਕਣਕ ਵੰਨਿਆਂ, ਲਾਖਿਆਂ, ਪੀਲਿਆਂ ਦੇ ਇਜ਼ਹਾਰਾਂ ਵਿੱਚ ਵੀ ਇਹ ਕਾਣ ਆ ਗਈ ਹੈਜੋਸ਼ ਵਿੱਚ ਆਏ ਜਦੋਂ ਅਸੀਂ ‘ਕਾਲੇ ਧਨ’ ‘ਕਾਲੀਆਂ ਸ਼ਕਤੀਆਂ’, ‘ਕਾਲੀਆਂ ਕਰਤੂਤਾਂ’ ਜਾਂ ‘ਕਾਲੇ ਕਾਰਨਾਮਿਆਂ’ ਖਿਲਾਫ ਆਵਾਜ਼ ਬੁਲੰਦ ਕਰਦੇ ਹਾਂ, ਤਾਂ ਸਾਨੂੰ ਨਾਲ ਜਾ ਰਿਹਾ, ਮਜ਼ਦੂਰ ਜਮਾਤ ਦਾ ਸਿਆਹ ਫਹਿਮ ਸਾਥੀ ਵਿਸਰ ਜਾਂਦਾ ਹੈਇਹ ਸਿਰਫ ਭਾਸ਼ਾਈ ਮਸਲਾ ਨਹੀਂ ਰਹਿ ਜਾਂਦਾ, ਇੱਕ ਭਾਵੁਕ ਵਿੱਥ ਵੀ ਖੜ੍ਹੀ ਕਰਦਾ ਹੈਕਾਲੇ ਧਨ ਨੂੰ ‘ਪਾਪ ਦੀ ਕਮਾਈ’ ‘ਨਜਾਇਜ਼ ਕਮਾਈ’ ਵੀ ਕਿਹਾ ਜਾ ਸਕਦਾ ਹੈਕਾਲੀਆਂ ਸ਼ਕਤੀਆਂ ‘ਲੋਕ-ਦੋਖੀ’ ਸ਼ਕਤੀਆਂ ਕਿਉਂ ਨਹੀਂ ਹੋ ਸਕਦੀਆਂ? ਫੁੱਟਪਾਊ ਪ੍ਰਾਪੇਗੰਡੇ ਨੇ ਜੇ ਇਨ੍ਹਾਂ ਸ਼ਬਦਾਂ ਨੂੰ ਆਮ ਬੋਲ-ਚਾਲ ਦਾ ਹਿੱਸਾ ਬਣਾ ਦਿੱਤਾ ਹੈ, ਤਾਂ ਲੋਕ-ਪੱਖੀ ਪ੍ਰਚਾਰ ਅਤੇ ਅਭਿਆਸ ਨਾਲ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ, ਅਤੇ ਜਾਣਾ ਚਾਹੀਦਾ ਹੈ

ਤਕੜਾ-ਮਾੜਾ, ਵੱਡਾ-ਛੋਟਾ ਵੀ ਕੁਦਰਤੀ ਜੋਟੇ ਹਨਔਰਤ-ਮਰਦ ਦਰਮਿਆਨ ਚੌਧਰ ਦੀ ਲੜਾਈ ਵਿੱਚ, ਇਨ੍ਹਾਂ ਨੂੰ ਲਿੰਗਿਆਇਆ ਗਿਆ ਹੈਨਰ ਨਾਲ ‘ਮਰਦਾਵੇਂ’ ਅਤੇ ਮਾਦਾ ਨਾਲ ‘ਅਬਲਾ’ ਦੇ ਭਾਵਾਂ ਨੂੰ ਜੋੜਿਆ ਦਿੱਤਾਕਈ ਸਦੀਆਂ ਔਰਤ ਨੂੰ ਵੀ ਇਸ ਧਾਰਣਾ ਵਿੱਚ ਕੋਈ ਕੱਜ ਨਜ਼ਰ ਨਹੀਂ ਆਇਆਇਹ ਗੁਰ ਮਰਦ ਲਈ ਕਿਲਾ ਬਣਿਆ ਰਿਹਾ ਹੈਸਨਅਤੀ ਇਨਕਲਾਬ ਤੋਂ ਬਾਅਦ ਇਸ ਦੇ ਕਿੰਗਰੇ ਢਹਿਣੇ ਸ਼ੁਰੂ ਹੋਏ ਹਨਸਾਡੇ ਇਜ਼ਹਾਰਾਂ ਵਿੱਚ ਇਸ ਦੀ ਤੋੜ (Hangover) ਹਾਲੇ ਕਾਇਮ ਹੈਅਜੇ ਵੀ ਕਿਸੇ ਔਰਤ ਨੇ ਔਰਤ ਦੀ ਵੱਡਿਆਈ ਕਰਨੀ ਹੋਵੇ, ਤਾਂ ਉਹ ਕਹਿੰਦੀ ਹੈ, ‘ਉਸ ਨੇ ਮਰਦਾਂ ਵਾਂਗੂੰ ਘਰ ਸਾਂਭਿਆ’ਗੱਲ ਇਕੱਲੇ ਬਲ-ਪ੍ਰਯੋਗ ਦੀ ਹੀ ਨਹੀਂ, ਢੁੱਕਵੇਂ ਸ਼ਬਦ-ਪ੍ਰਯੋਗ ਦੀ ਵੀ ਹੈ‘ਬਹਾਦਰੀ’ ਮਰਦ ਨਾਲ ਜੁੜ ਗਈ ਅਤੇ ‘ਨਿਰਬਲਤਾ’ ਔਰਤ ਨਾਲਝਾਂਸੀ ਵਾਲੀ ਰਾਣੀ ਦੀ ਵਡਿਆਈ ਉਸਦੀ ਆਪਣੀ ਸ਼ਕਤੀ, ਯੁੱਧ-ਕਲਾ ਵਿੱਚ ਨਹੀਂ, ਸਗੋਂ ਉਸਦੇ ‘ਮਰਦਾਵੀਂ’ ਹੋ ਕੇ ਲੜਨ ਵਿੱਚ ਹੈਇਜ਼ਹਾਰਾਂ ਦਾ ਇਹ ਪੱਖਪਾਤੀ ਵਰਤਾਰਾ, ਮਰਦ ਦੀ ਚੌਧਰ ਦੇ ਹੱਕ ਵਿੱਚ ਸਹਿਵਨ ਹੀ ਭੁਗਤ ਜਾਂਦਾ ਹੈਇਸ ਲੇਖ ਦੀ ਤਿਆਰੀ ਦੌਰਾਨ ਇੱਕ ਛੋਟੇ ਕੱਦ ਵਾਲੀ ਲੜਕੀ ਨਾਲ ਹੋਈ ਗੱਲ-ਬਾਤ ਵਿੱਚ ਉਸ ਨੇ ਦੱਸਿਆ ਕਿ ਉਸ ਨੂੰ ਲੰਮੇ ਕੱਦ ਵਾਲੀਆਂ ਕੁੜੀਆਂ ਨਾਲ ‘ਹਸਦ’(Envy) ਹੁੰਦਾ ਹੈਹਸਦ ਵਿੱਚ ਈਰਖਾ ਨਾਲੋਂ ਵੱਖਰੀ ਭਾਅ ਹੈਕੋਈ ਧਾਰਮਿਕ ਪ੍ਰਚਾਰਕਾਂ ਵਾਂਗ ਕਹਿ ਸਕਦਾ ਹੈ ਕਿ ਉਸ ਨੂੰ ਈਰਖਾ ਨਹੀਂ ਕਰਨੀ ਚਾਹੀਦੀਜਦੋਂ ਕਿ ਖ਼ੂਬਸੂਰਤੀ ਦੇ ਪ੍ਰਵਾਣਿਤ ਮਿਆਰਾਂ ਲਈ ਸਾਰਾ ਸਾਹਿਤ, ਕੁੜੀ ਦੇ ‘ਲੰਮੇ ਕੱਦ’ ਅਤੇ ‘ਲੰਮੀ ਧੌਣ’ ਅਤੇ ‘ਤਿੱਖੇ ਨੱਕ,’ ਦੇ ਕਸੀਦਿਆਂ ਨਾਲ ਭਰਿਆ ਪਿਆ ਹੈਇਹ ਉਸੇ ਤਰ੍ਹਾਂ ਦਾ ਸੁਝਾਅ ਹੈ, ਜਿਵੇਂ ਮੀਂਹ ਵਿੱਚ ਜਾਂਦੇ ਬੰਦੇ ਨੂੰ ਕੋਈ ਕਹੇ ਕਿ ਉਸ ਨੂੰ ਭਿੱਜਣਾ ਨਹੀਂ ਚਾਹੀਦਾਦੁਨੀਆਂ ਵਿੱਚ ਛੋਟੇ ਕੱਦ ਅਤੇ ਧੌਣਾਂ ਵਾਲੀਆਂ ਬਥੇਰੀਆਂ ਨਸਲਾਂ ਹਨਸਾਡੀ ਬੋਲ-ਬਾਣੀ ਇਨ੍ਹਾਂ ਨੂੰ ਕਲਾਵੇ ਵਿੱਚ ਲੈਣ ਵਾਲੀ ਹੋਣੀ ਚਾਹੀਦੀ ਹੈ

ਛੋਟੇ ਹੁੰਦਿਆਂ ਸੁਣਦੇ ਸੀ, ‘ਸਿਰ ਵੱਡੇ ਸਰਦਾਰਾਂ ਦੇ, ਪੈਰ ਵੱਡੇ ਗੰਵਾਰਾਂ ਦੇ’ਜਾਂ ‘ਚੌੜਾ ਮੱਥਾ’ ‘ਤਿੱਖਾ ਨੱਕ’ ‘ਪਤਲੇ ਬੁੱਲ੍ਹ’ ਆਦਿ ਦਾ ਤੁਅਲਕ ਵੀ ਸਰਦਾਰੀ ਨਾਲ ਹੈ‘ਵੱਡੇ ਪੈਰ’, ‘ਛੋਟਾ ਮੱਥਾ’, ‘ਫੀਨਾ ਨੱਕ’ ਕਥਿਤ ਗੰਵਾਰਾਂ ਜਾਂ ਕਾਮਿਆਂ ਨਾਲ ਜੋੜਿਆ ਜਾਂਦਾ ਸੀਰੰਗ ਤੇ ਹੋਰ ਗੁਣਾਂ ਵਾਂਗ, ਸ਼ੋਸ਼ਣ ਦੀ ਵਾਜਬੀਅਤ ਵਿੱਚ ਨਕਸ਼ਾਂ ਨੂੰ ਵੀ ਵਰਤਿਆ ਗਿਆ ਹੈਹੁਣ ਇਹ ਪੂਰਵ-ਧਾਰਣਾਵਾਂ ਖਤਮ ਹੋ ਰਹੀਆਂ ਹਨਕਿਸੇ ਦਾ ਚੌੜਾ ਮੱਥਾ ਜਾਂ ਵੱਡੇ ਪੈਰ ਦੇਖ ਕੇ ਉਸਦੀ ਪ੍ਰਤਿਭਾ ਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ, ਖੋਜ ਅਤੇ ਸਮਾਜਿਕ ਅਮਲ ਨੇ ਇਹ ਸਿੱਧ ਕਰ ਦਿੱਤਾ ਹੈਸਿਆਸਤ ਅਤੇ ਕੂਟਨੀਤੀ ਦੇ ਖੇਤਰ ਵਿੱਚ, ਅਮਰੀਕਾ ਦੇ ਸਾਬਕਾ ਸਿਆਹ ਰਾਸ਼ਟਰਪਤੀ ਬਰਾਕ ਉਬਾਮਾ ਦਾ ਛੋਟਾ ਜਿਹਾ ਮੱਥਾ ਅਤੇ ਨਿੱਕਾ ਜਿਹਾ ਸਿਰ, ਗੋਰੇ ਰਾਸ਼ਟਰਪਤੀ ਟਰੰਪ ਦੇ ਚੌੜੇ ਮੱਥੇ ਤੇ ਦੁੱਗਣੇ ਸਿਰ ਨਾਲ ਮੜਿੱਕਦਾ ਦੇਖਿਆ ਜਾ ਸਕਦਾ ਹੈ‘ਵੱਡਾ ਸਿਰ’ ਵੱਡਾ ਲਫਾਫਾ ਵੀ ਹੋ ਸਕਦਾ ਹੈਇਸੇ ਤਰ੍ਹਾਂ ਲੰਮੇ ਅਤੇ ਛੋਟੇ ਦੇ ਜੁੱਟ ਨੇ ਵੀ ਕਈ ਕਿਸਮ ਦੀਆਂ ਪੂਰਵ-ਧਾਰਣਾਵਾਂ ਬਣਾਈਆਂ ਹੋਈਆਂ ਹਨਲੰਮਿਆਂ ਨੇ ਛੋਟੇ (ਬੌਣੇ) ਨੂੰ ਨਾਕਾਰਾਤਮਕ ਵਿਸ਼ੇਸ਼ਣ ਵਜੋਂ ਵਰਤਣਾ ਸ਼ੁਰੂ ਕੀਤਾ ਹੋਇਆ ਹੈਜਦੋਂ ਅਸੀਂ ਕਹਿੰਦੇ ਹਾਂ, ਉਹ ‘ਬੌਣੀ ਸੋਚ’ ਵਾਲਾ ਸਖਸ਼ ਹੈ, ਉਦੋਂ ਅਸੀਂ ਆਪਣੇ ਲੰਮੇ ਕੱਦ ਨੂੰ ਅਣਜਾਣੇ ਹੀ ਵਡਿਆਉਂਦਿਆਂ, ਛੋਟੇ ਦੀ ਹੇਠੀ ਕਰ ਰਹੇ ਹੁੰਦੇ ਹਾਂਜਦੋਂ ਕਿ ਦੋਨੋਂ ਗੁਣ ਚੋਣ ਦਾ ਨਤੀਜਾ ਨਹੀਂਸਮਾਜ ਵਿੱਚ ਬਹੁਤ ਸਾਰੇ ਲੰਮੇ ਬੰਦੇ ਹਨ, ਜਿੰਨਾ ਦੀ ਦੇਣ ਬੜੀ ਛੋਟੀ ਹੈ, ਬਹੁਤ ਸਾਰੇ ਛੋਟੇ ਕੱਦ ਵਾਲੇ ਹੋਣਗੇ, ਜਿਨ੍ਹਾਂ ਨੇ ਸਮਾਜਿਕ ਵਿਕਾਸ ਵਿੱਚ ਵੱਡਾ ਹਿੱਸਾ ਪਾਇਆਸੰਸਾਰ ਪ੍ਰਸਿੱਧ ਮਾਰਕਸੀ ਚਿੰਤਕ ਗ੍ਰਾਮਸੀ ਛੋਟੇ ਕੱਦ ਵਾਲਾ ਵੱਡਾ ਚਿੰਤਕ ਸੀਮੁੱਖਧਾਰਾ ਦੇ ਸਿਆਸੀ ਆਗੂਆਂ ਵਿੱਚ ਛੋਟੇ ਕੱਦ ਵਾਲਾ ਲਾਲ ਬਹਾਦਰ ਸ਼ਾਸਤਰੀ, ਚੋੜੇ ਮੋਢਿਆਂ ਵਾਲੇ ਲੰਮੇ ਨਰਿੰਦਰ ਮੋਦੀ ਨਾਲੋਂ ਕਿਤੇ ਵੱਡਾ ਆਗੂ ਸੀਸਾਨੂੰ ਛੋਟੇ ਕਦ ਪ੍ਰਤੀ ਆਪਣਾ ਪੱਖਪਾਤੀ ਰਵੱਈਆ ਛੱਡਣਾ ਚਾਹੀਦਾ ਹੈਛੋਟੇ ਕੱਦ ਵਾਲੇ ਇਸਤਰੀਆਂ-ਪੁਰਸ਼ ਵੀ ਲੰਮਿਆਂ ਜਿੰਨੇ ਹੀ ਪਿਆਰ ਅਤੇ ਸਤਿਕਾਰ ਦੇ ਪਾਤਰ ਹਨਇਹ ਬਦਲਾਓ ਸਾਡੀ ਗੱਲਬਾਤ ਵਿੱਚ ਦਿਸਣਾ ਚਾਹੀਦਾ ਹੈਇਸ ਲਈ ‘ਬੌਣੀ ਸੋਚ’ ਦੀ ਥਾਂ ‘ਛੋਟੀ ਸੋਚ’ ਜਾਂ ‘ਸੌੜੀ ਸੋਚ’ ਵਰਤਿਆ ਜਾਣਾ ਜ਼ਿਆਦਾ ਮੁਨਾਸਿਬ ਹੈਕੱਦ ਦੇ ਆਧਾਰ ਤੇ ਛੁਟਿਆਉਣਾ ਬੰਦ ਹੋਣਾ ਚਾਹੀਦਾ ਹੈਇਸ ਘਟੀਆ ਫੰਡਰ ਜਿਹੇ ਵਿਰੋਧ ਵਿੱਚੋਂ ਹੀ ਛੋਟਿਆਂ ਨੂੰ ਲੰਮਿਆਂ ਬਾਰੇ ਇਹ ਕਹਿਣਾ ਪਿਆ, ‘ਲੰਮਿਆਂ ਦੀ ਮੱਤ ਗਿੱਟਿਆਂ ਵਿੱਚ ਹੁੰਦੀ ਹੈ।’

ਕਈ ਵਾਰ ਕਿਸੇ ਦੇ ਇੱਕ ਅੱਧ ਗਲਤ ਕੰਮ ਨੂੰ ਦੇਖ ਕੇ ਅਸੀਂ ਕਹਿ ਦਿੰਦੇ ਹਾਂ ਕਿ ਉਹ ਬੜਾ ਮਾੜਾ ਬੰਦਾ ਹੈਉਸਦੇ ਸਮੁੱਚੇ ਕਿਰਦਾਰ ਦਾ ਸਾਨੂੰ ਨਹੀਂ ਪਤਾ ਹੁੰਦਾਕਹਿਣਾ ਇਹ ਬਣਦਾ ਹੈ, ਉਸਦੀ ਇਹ ਜਾਂ ਉਹ ਗੱਲ ‘ਮਾੜੀ’ ਹੈਦੋਂਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈਜਦੋਂ ਅਸੀਂ ਬੰਦੇ ਬਾਰੇ ਫਤਵਾ ਦਿੰਦੇ ਹਾਂ, ਤਾਂ ਅਸੀਂ ਉਸਦੀ ਸਮੁੱਚੀ ਸਖ਼ਸ਼ੀਅਤ ਨੂੰ ਨਕਾਰ ਰਹੇ ਹੁੰਦੇ ਹਾਂ, ਉਸ ਨਾਲੋਂ ਤੋੜ ਵਿਛੋੜਾ ਕਰ ਲੈਂਦੇ ਹਾਂਪਰ ਜੇ ਅਸੀਂ ਉਸਦੀ ‘ਗੱਲ’ ਨੂੰ ਮਾੜਾ ਕਹਿੰਦੇ ਹਾਂ, ਤਾਂ ਉਸ ਵਿੱਚ ਚੰਗਿਆਈ ਦੇ ਅੰਸ਼ ਦੇਖ ਰਹੇ ਹੁੰਦੇ ਹਾਂ, ਜਿਸ ਵਿੱਚ ਟੁੱਟੀ ਗੰਢਣ ਦੇ, ਨੇੜ ਹੋਣ ਦੇ ਆਸਾਰ ਪਏ ਹੁੰਦੇ ਹਨ

ਇਲਾਕਾ ਪ੍ਰਸਤੀ ਵੀ ਸਾਨੂੰ ਇੱਕ ਦੂਜੇ ਤੋਂ ਦੂਰ ਕਰਨ ਜਾਂ ਇੱਕ ਦੂਜੇ ਬਾਰੇ ਗਲਤ ਧਾਰਣਾਵਾਂ ਬਣਾਉਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈਅਮਰੀਕਾ ਵਿੱਚ ਇੱਕ ਜਨਤਕ ਜਥੇਬੰਦੀ ਵਿੱਚੋਂ, ਮਲਵਈ ਧੜਾ ਇਸ ਕਰਕੇ ਅਲੱਗ ਹੋ ਗਿਆ ਕਿ ਉਨ੍ਹਾਂ ਨੂੰ ਇਸ’ਤੇ ‘ਮਝੈਲਾਂ ਅਤੇ ਦੁਆਬੀਆਂ’ ਦਾ ਕਬਜ਼ਾ ਪਚਦਾ ਨਹੀਂ ਸੀਅੰਮ੍ਰਿਤਸਰ ਇਲਾਕੇ ਦੇ ਕਾਰੋਬਾਰੀ ਗੁਰਦੀਪ ਨਿੱਝਰ ਦਾ ਕਹਿਣਾ ਹੈ ਕਿ ਪਹਿਲਾਂ ਮਾਝੇ ਵਾਲੇ ਮਲਵਈਆਂ ਨੂੰ ‘ਜਾਹਲ’ ਸਮਝਦੇ ਸੀ, ਪਰ ਹੁਣ ਇਹ ਧਾਰਣਾ ਬਦਲ ਰਹੀ ਹੈਮਲਵਈਆਂ ਲਈ ਮਝੈਲ ‘ਧੱਕੜ, ਬੇਇਤਬਾਰੇ’ ਸਨਆਪਸੀ ਮੇਲ ਮਿਲਾਪ ਦੇ ਵਧਣ ਨਾਲ ਇਹ ਕੰਧਾਂ ਢਹਿ ਰਹੀਆਂ ਹਨਕਿਸੇ ਵਿਸ਼ੇਸ਼ ਜਨ-ਸਮੂਹ ਬਾਰੇ ਅਜਿਹੇ ਫਤਵੇ ਹਾਲੇ ਵੀ ਸੁਣਨ ਨੂੰ ਮਿਲ ਜਾਂਦੇ ਹਨਕੋਈ ਸ਼ਬਦ ਕਿਸੇ ਬਾਰੇ ਤੁਹਾਨੂੰ ਕਿੰਨਾ ਪੱਖਪਾਤੀ ਬਣਾ ਦਿੰਦਾ ਹੈ, ਇਸ ਦਾ ਛੇਤੀ ਛੇਤੀ ਪਤਾ ਨਹੀਂ ਲੱਗਦਾਇੱਕ ਬੰਦੇ ਬਾਰੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਹ ਦੱਸਿਆ ਗਿਆ ਕਿ ਉਹ ‘ਅਨਸੋਸ਼ਲ’ ਹੈ, ਪਰਿਵਾਰਕ ਸਮਾਗਮਾਂ ਤੇ ਘੱਟ ਜਾਂਦਾ, ਰਲਦਾ ਮਿਲਦਾ ਨਹੀਂਹੋਇਆ ਇਹ ਕਿ ਕਈ ਮਹੀਨੇ ਤੇ ਸਾਲ ਲੰਘ ਗਏ, ਪਰ ਸੁਣੀ ਸੁਣਾਈ ਪੂਰਵ-ਧਾਰਣਾ ਕਰਕੇ, ਉਸ ਨਾਲ ਨੇੜਤਾ ਵਧਾਉਣ ਦੀ ਲੋੜ ਹੀ ਮਹਿਸੂਸ ਨਾ ਹੋਈਇੱਕ ਵਾਰ ਸਬੱਬੀਂ ਉਸਦੇ ਘਰ ਜਾਣ ਦਾ ਮੌਕਾ ਮਿਲਿਆਉਸਦਾ ਡਰਾਇੰਡ ਰੂਮ, ਲਾਇਬ੍ਰੇਰੀ ਵਰਗਾ ਸੀਉਹ ਰਿਟਾਇਰਡ ਪਰੋਫੈਸਰ ਅਤੇ ਵਾਤਾਵਰਣ ਪ੍ਰੇਮੀ ਸੀਪਤਾ ਲੱਗਦਾ ਹੈ, ਸ਼ਾਮ ਨੂੰ ਸੈਰ ਕਰਦਿਆਂ ਉਹ ਰਾਹ ਵਿੱਚ ਪਈਆਂ ਖਾਲੀ ਬੋਤਲਾਂ ਅਤੇ ਕਾਗਜ਼ ਚੁਗਦਾ ਜਾਂਦਾ ਹੈਯੂਨੀਵਰਸਿਟੀ ਦੀ ਕੈਂਟੀਨ ਵਿੱਚ ਬੈਠਣਾ ਅਤੇ ਵਿੱਦਿਆਰਥੀਆਂ ਨੂੰ ਗਾਈਡ ਕਰਨਾ ਉਸਦਾ ਸ਼ੌਕ ਹੈਪਾਣੀ ਦੀ ਸੁਯੋਗ ਵਰਤੋਂ ਬਾਰੇ ਲਿਖਣਾ, ਪੜਨਾ ਅਤੇ ਪ੍ਰਚਾਰਨਾ ਉਸਦਾ ਜੀਵਨ-ਮਨੋਰਥ ਹੈਉਸਦੀਆਂ ਗੱਲਾਂ ਸੁਣ ਕੇ ਬੜੀ ਸ਼ਰਮਿੰਦਗੀ ਹੋਈਉਹ ਨਾ ਕੰਜੂਸ ਸੀ ਨਾ ਹੀ ਅਨਸੋਸ਼ਲਉਹ ਬੜਾ ‘ਸੰਜਮੀ ਅਤੇ ਜ਼ਿੰਮੇਵਾਰ’ ਸਖਸ਼ ਨਿਕਲਿਆ‘ਸੋਸ਼ਲ’ ਹੋਣ ਦੇ ਸਹੀ ਅਰਥਾਂ ਦਾ ਪਤਾ ਉਸ ਨੂੰ ਮਿਲਣ ਉਪਰੰਤ ਲੱਗਿਆਹੁਣ ਤੱਕ ਇਹੀ ਧਾਰਣਾ ਬਣੀ ਰਹੀ ਹੈ ਕਿ ਵਿਆਹ-ਮੰਗਣੇ, ਗ੍ਰਹਿ-ਪ੍ਰਵੇਸ਼, ਜਨਮ-ਦਿਨ ਪਾਰਟੀਆਂ ਤੇ ਸੱਦਣਾ ਤੇ ਜਾਣਾ ਹੀ ‘ਸੋਸ਼ਲ’ ਹੋਣਾ ਹੈ

ਇਜ਼ਹਾਰਾਂ ਵਿਚਲੇ ਭੁਲਾਵੇ ਬੜੇ ਭੁਲੇਖਾ ਪਾਊ ਹੋ ਸਕਦੇ ਹਨਇਹ ਬੇਵਜ੍ਹਾ ਦੂਰੀਆਂ ਹੀ ਪੈਦਾ ਨਹੀਂ ਕਰਦੇ, ਰਿਸ਼ਤਿਆਂ ਵਿੱਚ ਤ੍ਰੇੜਾਂ ਪਾਉਂਦੇ ਹਨਸ਼ਬਦਾਂ/ਸੰਕਲਪਾਂ ਦੀ ਵਰਤੋਂ ਵਿੱਚ ਸੁਚੱਜ ਲਿਆਉਣ ਲਈ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈਇਹ ਕੋਈ ਜੱਗੋਂ ਤੇਰ੍ਹਵੀਂ ਗੱਲ ਨਹੀਂ ਹੈਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸੁੱਤੇ ਸਿੱਧ ਹੁੰਦੀਆਂ ਰਹਿੰਦੀਆਂ ਹਨਘਰ ਵਿੱਚ ਹੋਈ ਮੌਤ ਬਾਰੇ ਇਹ ਨਹੀਂ ਕਿਹਾ ਜਾਂਦਾ ਕਿ ‘ਫਲਾਣਾ ਮਰ ਗਿਆ ਹੈ’ਅਸੀਂ ਕਹਿੰਦੇ ਹਾਂ, ਚਲਾਣਾ ਕਰ ਗਿਆ, ਸਦੀਵੀ ਵਿਛੋੜਾ ਦੇ ਗਿਆ ਆਦਿਇਜ਼ਹਾਰਾਂ ਵਿਚਲੇ ਕੱਜ ਨੂੰ ਦੂਰ ਕਰਨ ਲਈ, ਇਸ ਸਿਲਸਿਲੇ ਨੂੰ ਹੋਰ ਵਧਾਇਆ ਜਾ ਸਕਦਾ ਹੈਆਉਣ ਵਾਲੇ ਵਰ੍ਹੇ ਵਿੱਚ, ਹੋਰ ਕੰਮਾਂ ਦੇ ਨਾਲ ਆਪਾਂ ਸ਼ਬਦ-ਸਾਧਨਾਂ ਦੇ ਕਾਰਜ ਨੂੰ ਵੀ ਜੋੜੀਏਦੇਖੀਏ ਕਿ ਅਸੀਂ ਵੱਖ ਵੱਖ ਅਕੀਦਿਆਂ ਅਤੇ ਆਸਥਾਵਾਂ ਵਾਲੇ ਖੁਦ ਬਾਰੇ, ਦੂਜਿਆਂ ਬਾਰੇ, ਸਿਆਸੀ ਆਗੂਆਂ ਬਾਰੇ ਕੀ ਕੀ ਪੂਰਵ-ਧਾਰਣਾਵਾਂ ਬਣਾਈਆਂ ਹੋਈਆਂ ਹਨ, ਉਹ ਕਿੱਥੋਂ ਤੱਕ ਸੱਚੀਆਂ ਹਨ? ਇਹ ਸ਼ਬਦੀ ਨਿਰਖ-ਪਰਖ ਲੋਕਾਂ, ਚੀਜ਼ਾਂ ਅਤੇ ਖਿਆਲਾਂ ਨਾਲ ਸਾਡੇ ਸੰਬੰਧਾਂ ਨੂੰ ਸੰਵਾਰੇਗੀ, ਨਿਖਾਰੇਗੀ, ਡੂੰਘਿਆਂ ਕਰੇਗੀ

*****

(1479)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)