AvtarGondara7ਪੰਜਾਬੀਆਂ ਨੂੰ ਅਜਿਹੀਆਂ ਚੱਜ-ਆਚਾਰ ਦੀਆਂ ਗੱਲਾਂ ਕਰਦਿਆਂ ਕਦੇ ...
(14 ਸਤੰਬਰ 2020)

 

ਤਾਏ ਦੇ ਮਰਨ ਦਾ ਸੁਨੇਹਾ ਆਇਆ, ਖਬਰ ਸੁਣ ਕੇ ਮਨ ਉਦਾਸ ਹੋਇਆਉਹ ਲਾਗਲੇ ਪਿੰਡ ਦੇ ਮੇਰੇ ਜਮਾਤੀ ਦਾ ਤਾਇਆ ਸੀ, ਅਸੀਂ ਸਾਰੇ ਹੀ ਉਸ ਨੂੰ ਤਾਇਆ ਕਹਿੰਦੇਸਾਡੇ ਹੱਦ ਨਾਲ ਲਗਦੇ ਖੇਤਾਂ ਦੀ ਵੱਟ ਸਾਂਝੀ ਸੀ। ਸਾਡਾ ਆਮੋ-ਸਾਹਮਣਾ ਅਕਸਰ ਹੁੰਦਾ ਰਹਿੰਦਾ ਸੀਤਾਇਆ ਸਦਾ ਕੁਝ ਨਾ ਕੁਝ ਕਰਦਾ ਜਾਂ ਕਰਾਉਂਦਾ ਰਹਿੰਦਾਕੋਈ ਨਾ ਕੋਈ ਤਰਕੀਬ ਜਾਂ ਵਿਉਂਤ, ਉਸ ਦੇ ਮਨ ਵਿੱਚ ਉੱਸਲਵਟੇ ਲੈਂਦੀ ਰਹਿੰਦੀ

ਰਾਹ ਵਿੱਚ ਜਾਂਦਿਆਂ ਤਾਏ ਦੀਆਂ ਗੱਲਾਂ ਦੀ ਰੀਲ ਮਨ ਵਿੱਚ ਘੁੰਮਦੀ ਰਹੀਜਦੋਂ ਮੈਂ ਉਸ ਨੂੰ ਕਹਿਣਾ, ਕੋਈ ਸਿਆਣੀ ਜਿਹੀ ਗੱਲ ਸੁਣਾ ਤਾਂ ਉਹ ਕਹਿੰਦਾ ਸੀ ਕਿ ‘ਇੱਕ ਗੁਰੂ, ਇੱਕ ਚੇਲੇ’ ਵਾਲਾ ਸਮਾਂ ਵਿਹਾ ਚੁੱਕਿਆ ਹੈਪੁਰਾਣੇ ਵੇਲਿਆਂ ਵਿੱਚ ਇੱਕ ਅੱਧਾ ਕੰਮ ਸਿੱਖਣਾ ਹੁੰਦਾ ਸੀ, ਬੰਦਾ ਸਿੱਖ ਕੇ ਸਾਰੀ ਉਮਰ ਕਰਦਾ ਰਹਿੰਦਾਨਾਲੇ ਸਿਖਾਉਣ ਵਾਲੇ ਵਿਰਲੇ ਟਾਂਵੇ ਸੀ ਤੇ ਸਿੱਖਣ-ਸਿਖਾਉਣ ਵਾਲਾ ਸਾਰਾ ਕੰਮ ਜ਼ੁਬਾਨੀ ਕਲਾਮੀ ਹੁੰਦਾ ਸੀਹੁਣ ਸਮਾਂ ਬਦਲ ਗਿਆ ਹੈ, ਬੰਦੇ ਨੂੰ ਜ਼ਿੰਦਗੀ ਵਿੱਚ ਕਈ ਹੂਲੇ ਫੱਕਣੇ ਪੈਂਦੇ ਹਨਉਹ ਆਪਣਾ ਪਿੰਡ ਛੱਡ ਕੇ ਪਤਾ ਨਹੀਂ ਕਿੱਥੇ ਜਾ ਵਸੇ, ਜਾ ਕੇ ਕੀ ਕਰੇਇਸ ਲਈ ਜਗਿਆਸੂ ਨੂੰ ਆਪਣੇ ਮਨ ਦੀਆਂ ਬਾਰੀਆਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂਹੁਣ ‘ਗੁਰੂਆਂ’ ਦੇ ਲੜ ਲੱਗਣ ਦੀ ਨਹੀਂ, ‘ਗੁਰ’ ਸਿੱਖਣ ਦੀ ਲੋੜ ਹੈ

ਦੇਸੀ ਤੇ ਬਦੇਸ਼ੀ ਵਿਸ਼ਵਵਿਦਿਆਲਿਆਂ ਵਿੱਚ ਪੜ੍ਹੇ ਭਾਈਬੰਦਾਂ ਨਾਲ ਜੇ ਤਾਏ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਮੂੰਹ ਕੁਸੈਲਾ ਜਿਹਾ ਹੋ ਜਾਂਦਾ ਹੈ ਉਨ੍ਹਾਂ ਦਾ ਉਜ਼ਰ ਹੁੰਦਾ ਹੈ ਕਿ ਦੁਨਿਆਵੀ ਉਸਤਾਦਾਂ ਨੂੰ ਰੂਹਾਨੀ ਗੁਰੂਆਂ ਨਾਲ ਨਹੀਂ ਮੇਲਿਆ ਜਾ ਸਕਦਾਗਲੋਬਲੀ ਅਸਰ ਹੇਠ ਦੁਨੀਆਂ ਰਲਮਿਲ ਰਹੀ ਹੈਕੋਈ ਲੱਖ ਆਪਣੇ ਰਿਸ਼ੀਆਂ, ਵਲੀਆਂ ਅਤੇ ਗੁਰੂਆਂ ਦੀ ਵਿਲੱਖਣਤਾ ਦਾ ਦਾਅਵਾ ਕਰਦਾ ਫਿਰੇ, ਉਸ ਨੂੰ ਰੁਜ਼ਗਾਰ ਤੇ ਜ਼ਿੰਦਗੀ ਜਿਊਣ ਲਈ ਕਈਆਂ ਤੋਂ ਗੁਰ ਸਿੱਖਣੇ ਪੈਂਦੇ ਹਨਆਪਣੇ ਸੋਧ ਪ੍ਰਬੰਧਾਂ ਲਈ ਕਈਆਂ ਨੂੰ ਗੁਰੂ ਮੰਨਣਾ ਪੈਦਾ ਹੈਉਂਝ ਵੀ ‘ਗੁਰੂ’ ਸ਼ਬਦ ਦਾ ਅਰਥ ਹੀ ‘ਪ੍ਰਕਾਸ਼ ਕਰਨ’ ਵਾਲਾ ਹੈਜੋ ਰਾਹ ਦਿਖਾਉਂਦਾ ਹੈ, ਤੁਰਨਾ ਹਰ ਇੱਕ ਨੇ ਆਪ ਹੈਸਾਰੇ ਭਾਈਚਾਰਿਆਂ ਦੇ ਲੇਖਕਾਂ-ਪ੍ਰਚਾਰਕਾਂ ਨੇ ਆਪੋ ਆਪਣੇ ਗੁਰੂਆਂ ਨੂੰ ‘ਰਾਹ ਦਰਸਾਵਾ’ ਹੋਣ ਦੀ ਥਾਂ, ਮੱਥਾ ਟੇਕਣ ਵਾਲੀ ਸੱਤਾ ਬਣਾ ਧਰਿਆ ਹੈ

ਸਿੱਖਣ ਵਾਲਾ ਤਾਂ ਬੱਚੇ ਤੋਂ ਵੀ ਕਈ ਕੁਝ ਸਿੱਖ ਲੈਂਦਾ ਹੈ, ਤਾਏ ਨੇ ਤਾਂ ਫੇਰ ਵੀ ਸੱਤ ਅੱਠ ਦਹਾਕੇ ਜ਼ਿੰਦਗੀ ਜੀਵੀ ਸੀਤਾਇਆ ਪੜ੍ਹਿਆ ਲਿਖਿਆ ਨਹੀਂ ਸੀ, ਪਰ ਉਸ ਵਿੱਚ ਉਸਤਾਦਾਂ ਵਾਲੇ ਕਈ ਗੁਣ ਸਨਮੈਂ ਸੋਚਦਾ ਜਾ ਰਿਹਾ ਸੀ ਕਿ ਕਿਵੇਂ ਇੱਕ ਧੜਕਦੀ ਹੋਈ ਜ਼ਿੰਦਗੀ ਸਦਾ ਲਈ ਸੁੰਨ ਹੋ ਜਾਂਦੀ ਹੈ ਤਾਏ ਦੇ ਪਿੰਡ ਪਹੁੰਚਿਆ, ਤਾਂ ਤਾਏ ਦੀ ਦੇਹ ਮੰਜੇ ’ਤੇ ਅਡੋਲ ਪਈ ਸੀਉਸ ਦੀਆਂ ਅੱਖਾਂ ਬੰਦ ਸਨ ਤੇ ਬੁੱਲ੍ਹਾਂ ਉੱਤੇ ਮਖਣੀ ਰੱਖੀ ਹੋਈ ਸੀਕੋਈ ਵੈਣ ਨਹੀਂ ਸੀ ਪਾ ਰਿਹਾਅਸਲ ਵਿੱਚ ਨਾ ਕੋਈ ਤੀਵੀਂ ਰੰਡੀ ਹੋਈ ਸੀ, ਨਾ ਕੋਈ ਬੱਚਾ ਅਨਾਥਤਾਏ ਦੀ ਦੇਹ ਨੂੰ ਸਮੇਟਣ ਲਈ ਸਾਰੇ ਵਗੇ ਫਿਰਦੇ ਸਨ

ਮੈਂ ਸੱਥਰ ਦੀ ਇੱਕ ਨੁੱਕਰੇ ਬੈਠ ਗਿਆ, ਜਿੱਥੇ ਹੋਰ ਭਾਈਬੰਦ ਬੈਠੇ ਗੱਲੀਂ ਰੁੱਝੇ ਹੋਏ ਸਨਮੇਰੀਆਂ ਅੱਖਾਂ ਬੰਦ ਹੋ ਗਈਆਂਤਾਏ ਦੀ ਤੋਰ, ਆਦਤਾਂ, ਟੋਟਕੇ ਅਤੇ ਵਰਜਣਾਂ, ਇੱਕ ਇੱਕ ਕਰਕੇ ਯਾਦ ਆਉਣ ਲੱਗੀਆਂਗੱਠਿਆ ਹੋਇਆ ਜਿਸਮ, ਦੋਧਾ ਛੱਲੀ ਦੇ ਵਾਲਾਂ ਵਰਗੀ ਸਫੈਦ ਦਾੜ੍ਹੀ, ਗੋਰਾ ਰੰਗ ਤੇ ਚੁੰਨ੍ਹੀਆਂ ਤੇਜ਼ ਅੱਖਾਂ, ਜਿਵੇਂ ਝੀਥਾਂ ਥਾਣੀ ਰੌਸ਼ਨੀ ਛਣਦੀ ਹੋਵੇਉਸ ਦੀਆਂ ਲੱਤਾਂ ਸਧਵਾਈ ਵਰਗੀਆਂ ਸਨਉਹ ਛੋਹਲਾ ਸੀ, ਪਰ ਕਾਹਲ ਕਦੇ ਨਹੀਂ ਸੀ ਕਰਦਾਸਾਬਤ ਕਦਮੀਂ ਤੁਰਦਾ, ਸਰ੍ਹੋਂ ਦੇ ਤੇਲ ਨਾਲ ਚੋਪੜੀ ਧੌੜੀ ਦੀ ਜੁੱਤੀ ਪਾਉਂਦਾਉਸ ਦੀ ਪੈੜ ਦੇਖ ਕੇ ਪਤਾ ਲੱਗ ਜਾਂਦਾ ਸੀ ਕਿ ਤਾਇਆ ਇਸ ਰਾਹੋਂ ਲੰਘਿਆ ਹੋਊ; ਪੈੜਾਂ ਰੇਲ ਦੀ ਪਟੜੀ ਵਾਂਗ ਬਰਾਬਰ ਹੁੰਦੀਆਂ, ਬਹੁਤਿਆਂ ਵਾਂਗ ਵੀ-ਸ਼ੇਪ ਨਹੀਂ

ਕਹਿੰਦੇ ਚੜ੍ਹਦੀ ਉਮਰੇ ਤਾਇਆ ਦਿੱਲੀ ਚਲਾ ਗਿਆ ਸੀ। ਉਸ ਨੇ ਅੰਗਰੇਜ਼ਾਂ ਹੇਠ ਕੰਮ ਕੀਤਾਉਸ ਦੇ ਬਹਿਣ ਉੁੱਠਣ, ਖਾਣ-ਪੀਣ, ਵਰਤ-ਵਿਹਾਰ ਵਿੱਚ ਬਾਕੀਆਂ ਪੇਂਡੂਆਂ ਨਾਲੋਂ ਰੜਕਵਾਂ ਫਰਕ ਸੀਵੱਢਾ-ਟੁੱਕੀ ਵੇਲੇ ਅੰਗਰੇਜ਼ ਮੁਲਕ ਛੱਡ ਗਏ ਅਤੇ ਉਹ ਦਿੱਲੀ ਛੱਡ ਕੇ ਵਾਪਸ ਪਿੰਡ ਮੁੜ ਆਇਆਉਸ ਅਕਸਰ ਕਹਿੰਦਾ, ਕਿ ਅੰਗਰੇਜ਼ਾਂ ਵਰਗਾ ਕੋਈ ਰਾਜ ਨਹੀਂ ਕਰ ਸਕਦਾਉਦੋਂ ਤੋਂ ਉਸ ਨੂੰ ‘ਦਿੱਲੀ ਵਾਲੇ’ ਦੀ ਅੱਲ ਪੈ ਗਈ

ਤਾਇਆ ਕਦੇ ਨਿਚੱਲਾ ਹੋ ਕੇ ਨਹੀਂ ਸੀ ਬਹਿੰਦਾਜਦੋਂ ਵੀ ਵੇਖੋ, ਕੁਝ ਨਾ ਕੁਝ ਕਰ ਰਿਹਾ ਹੁੰਦਾਆਮ ਕੰਮ ਵੀ ਉਹ ਖਾਸ ਅੰਦਾਜ਼ ਵਿੱਚ ਕਰਦਾਉਸ ਦਾ ਖਾਣ-ਪੀਣ ਵੀ ਬਾਕੀਆਂ ਨਾਲੋਂ ਵੱਖਰਾ ਸੀਉਹ ਮੰਜੇ ’ਤੇ ਚੌਕੜੀ ਮਾਰ, ਦੋਹਾਂ ਹੱਥਾਂ ਵਿੱਚ ਬਾਟੀ ਫੜੀ, ਬਿਨਾਂ ਆਵਾਜ਼ ਕੀਤਿਆਂ, ਆਨੰਦ ਨਾਲ ਚਾਹ ਪੀਂਦਾ, ਜਿਵੇਂ ਪਾਠ ਕਰ ਰਿਹਾ ਹੋਵੇਜੇ ਕੋਲ ਬੈਠਿਆਂ, ਕਦੇ ਕੋਈ ਸੁੜ੍ਹਾਕਾ ਮਾਰਦਾ, ਉਹ ਖਿਝਦਾ, ‘ਹੇਖਾਂ, ਵੱਡੇ ਪੜ੍ਹਾਕੂ, ਚਾਹ ਪੀਣੀ ਨੀ ਆਉਂਦੀ।’ ਅਸੀਂ ਤਾਏ ਦੀ ਰੀਸ ਨਾਲ ਬਿਨਾਂ ਸੁੜ੍ਹਾਕਾ ਮਾਰਿਆਂ ਚਾਹ ਪੀਣ ਦੀ ਰੀਸ ਕਰਦੇਤਾਇਆ ਪਚਾਕੇ ਮਾਰ ਕੇ ਖਾਣ ਵਾਲਿਆਂ ਦਾ ਮਖੌਲ ਉਡਾਉਂਦਾਜੇ ਕੋਈ ਡਕਾਰ ਮਾਰਦਾ ਤਾਂ ਕੈਰੀ ਅੱਖ ਨਾਲ ਵੇਖਦਾਡਕਾਰ ਉਸ ਨੂੰ ਵੀ ਆਉਂਦਾ, ਪਰ ਉਹ ਪਤਾ ਨਹੀਂ ਸੀ ਲੱਗਣ ਦਿੰਦਾਉਸ ਦੀਆਂ ਗੱਲਾਂ ਕਈਆਂ ਨੂੰ ਜਿੱਚ ਕਰਦੀਆਂ ਤੇ ਉਹ ਅੱਕ ਕੇ ਕਹਿੰਦੇ, ‘ਵੱਡਾ ਅੰਗਰੇਜ਼ਾਂ ਦੀ ਰੀਸ ਕਰਦਾ ਹੈ।”

ਪੰਜਾਬੀਆਂ ਨੂੰ ਅਜਿਹੀਆਂ ਚੱਜ-ਆਚਾਰ ਦੀਆਂ ਗੱਲਾਂ ਕਰਦਿਆਂ ਕਦੇ ਨਹੀਂ ਵੇਖੋਗੇਨਾ ਕਦੇ ਸਕੂਲ ਵਿੱਚ, ਨਾ ਕਦੇ ਕਿਸੇ ਕਾਲਜ ਵਿੱਚਇੱਕ ਵਾਰ ਦਿੱਲੀ ਜਾਂਦਿਆਂ ਕੁਝ ਸਾਥੀਆਂ ਨਾਲ ਸੁਹਜ-ਸੁਆਦ ਦੀਆਂ ਗੱਲਾਂ ਚੱਲ ਪਈਆਂਮੈਂ ਤਾਏ ਦੀਆਂ ਆਦਤਾਂ ਦਾ ਹਵਾਲਾ ਦਿੱਤਾਸਾਰੇ ਉਸ ਦੀ ਚੀੜ ਫਾੜ ਕਰਨ ਲੱਗ ਪਏ, ਕਹਿੰਦੇ ‘ਉਹ ਤਾਂ ਅੰਗਰੇਜ਼ ਪ੍ਰਸਤ ਹੋਊ, ਪੈਟੀ-ਬੁਰਜੂਆ, ਅਜਿਹੇ ਬੰਦੇ ਜ਼ਿਹਨੀ ਤੌਰ ’ਤੇ ਗੁਲਾਮ ਹੁੰਦੇ ਆ।’ ਗੱਲ ਮੇਰੇ ਪੱਲੇ ਨਾ ਪਈ। ਜੇ ਗੱਲ ਚੰਗੀ ਹੈ, ਸੁਹਜ ਸੁਆਦ ਵਾਲੀ ਹੈ, ਖਰਚਾ ਵੀ ਕੋਈ ਨਹੀਂ ਆਉਂਦਾ ਤਾਂ ਇਸ ਨੂੰ ਅਪਣਾਉਣ ਜਾਂ ਸਿੱਖਣ ਵਿੱਚ ਕੀ ਹਰਜ਼ ਹੈ? ਕੀ ਆਪਣੀ ਰਵਾਇਤ ਦੀਆਂ ਮਾੜੀਆਂ ਗੱਲਾਂ ਨਾਲ ਚੁੰਬੜੇ ਰਹਿਣਾ ਮਾਨਸਿਕ ਗੁਲਾਮੀ ਨਹੀਂ? ਸ਼ਾਇਦ ‘ਸੁਰ ਤੇ ‘ਸ਼ੋਰ’ ਦੀ ਤਾਮੀਜ਼ ਕਰਨ ਵਿੱਚ ਸਾਡਾ ਹੱਥ ਅਜੇ ਕਾਫੀ ਤੰਗ ਹੈਇਸੇ ਲਈ, ਸਰੋਦ ਦੀ ਮਿੱਠੀ ਆਵਾਜ਼ ਨਾਲੋਂ, ਢੋਲ ਦੀ ਉੁੱਚੀ ਬੀਟ ਸਾਨੂੰ ਜ਼ਿਆਦਾ ਚੰਗੀ ਲਗਦੀ ਹੈ, ਨੱਚਣ ਲਾ ਦਿੰਦੀ ਹੈਸਾਡੀ ਆਪਸੀ ਗੱਲ-ਬਾਤ ਵੀ ਇਉਂ ਹੁੰਦੀ ਹੈ, ਜਿਵੇਂ ਸਟੇਜ ’ਤੇ ਖੜ੍ਹੇ ਹੋਈਏ

ਇੱਕੇਰਾਂ ਝਕਦਿਆਂ ਝਕਦਿਆਂ ਮੈਂ ਆਖਿਆ, ‘ਤਾਇਆ, ਤੇਰੀਆਂ ਗੱਲਾਂ ਅਵੱਲੀਆਂ ਹੁੰਦੀਆਂ, ਕਈ ਵਾਰ ਹਜ਼ਮ ਨਹੀਂ ਹੁੰਦੀਆਂ। ਜਿਵੇਂ ਡਕਾਰ ਮਾਰਨਾ, ਭਲਾ ਮਾੜਾ ਕਿਵੇਂ ਹੋਇਆ? ‘ਛਿੱਕ’ ਤੇ ‘ਡਕਾਰ’ ਦੀ ਸਿਫਤ-ਸਲਾਹ ਤਾਂ ਪਿੰਡਾਂ ਵਾਲੇ ਮੁੱਢ ਕਦੀਮ ਤੋਂ ਕਰਦੇ ਆਉਂਦੇ ਆ।’ ਤਾਏ ਨੇ ਮੋੜਵਾਂ ਵਾਰ ਕੀਤਾ, ‘ਤੈਨੂੰ ਕੌਣ ਕਹਿੰਦਾ ‘ਡਕਾਰ ਮਾਰਨਾ’ ਸਿਹਤ ਦੀ ਨਿਸ਼ਾਨੀ ਐ? ਇਹ ਤਾਂ ਕੁੱਢਰਪੁਣਾ ਐ, ਹਾਂ ‘ਡਕਾਰ ਦਾ ਆਉਣਾ’ ਚੰਗੀ ਗੱਲ ਐ।’ ਮੈਂਨੂੰ ਫੇਰ ਪਤਾ ਲੱਗਿਆ ਕਿ ਡਕਾਰ ਦੇ ‘ਆਉਣ’ ਤੇ ‘ਮਾਰਨ’ ਵਿੱਚ ਵੀ ਫਰਕ ਹੈਸਹਿਜ ਭਾਅ ਹੋਣ ਵਾਲੀ ਸਰੀਰਕ ਕਿਰਿਆ ਵੀ ਅਸੀਂ ਤੀਂਘ ਕੇ ਕਰਨ ਲੱਗ ਪਏ ਹਾਂ

ਛੜਾ ਹੋਣ ਦੇ ਬਾਵਜੂਦ ਤਾਏ ਦਾ ਘਰ ਵਿੱਚ ਦਬਦਬਾ ਸੀਸ਼ਾਇਦ ਹਿੱਸੇ ਆਉਂਦੀ ਜ਼ਮੀਨ ਦਾ ਵੀ ਰੋਲ ਹੋਵੇਤਾਏ ਨੂੰ ਦੁਨੀਆਂਦਾਰੀ ਦੇ ਸਾਰੇ ਕੰਮ ਆਉਂਦੇ ਸੀਰੱਸਾ ਵੱਟਣਾ, ਛਿੱਕਲੀਆਂ ਬਣਾਉਣੀਆਂ, ਮੱਝਾਂ ਚੋਣੀਆਂਖੇਤੀ ਬਾੜੀ ਵੀ ਉਸ ਦੀ ਅਗਵਾਈ ਵਿੱਚ ਹੁੰਦੀਉਸ ਨੂੰ ਵੱਤਰ ਦਾ ਵੀ ਪਤਾ ਸੀ, ਕਦੋਂ ਵਾਹੁਣੀ ਹੈ, ਕਦੋਂ ਬੀਜਣੀ ਹੈ ਅਤੇ ਕਿੰਨਾ ਬੀਅ ਪੈਣਾ ਹੈਜਦੋਂ ਕਿਸੇ ਨੇ ਲਾਸ ਵੱਟਣੀ ਹੁੰਦੀ ਤਾਂ ਤਾਏ ਦੀ ਭਾਲ ਹੁੰਦੀਉਹ ਸਣ ਦੀਆਂ ਇਕਸਾਰ ਧਾਈਆਂ ਲਾਉਂਦਾ ਤਾਂ ਲਾਸ ਦੀ ਮੋਟਾਈ ਵਿੱਚ ਝੋਲ ਨਾ ਪੈਣ ਦਿੰਦਾਘਰ ਦੇ ਦੱਸਦੇ ਤਾਇਆ ਸਾਝਰੇ ਉੱਠਦਾ ਹੈ, ਦਿਨ ਚੜ੍ਹਨ ਤੋਂ ਪਹਿਲਾਂ ਖੇਤ ਗੇੜਾ ਮਾਰ ਆਉਂਦਾ ਹੈਫੇਰ ਘਰੇ ਆ ਕੇ ਕੰਮ-ਵੰਡ ਕਰਦਾ ਹੈ ਕਿ ਕਿਹੜਾ ਖੇਤ ਵਾਹੁਣ ਵਾਲਾ ਹੈ, ਕਿੱਥੋਂ ਪੱਠੇ ਚੋਰੀ ਹੋਏ ਹਨ

ਹਰ ਰੋਜ਼ ਮੂੰਹ-ਝਾਖਰੇ ਉਹ ਕੇਸੀ ਇਸ਼ਨਾਨ ਕਰਦਾਵਾਲ ਖਿਲਾਰ ਕੇ ਬਾਰ ਮੂਹਰੇ ਪਏ ਖੁੰਢ ’ਤੇ ਬੈਠ ਜਾਂਦਾਹਰ ਲੰਘਦੇ ਟੱਪਦੇ ਨੂੰ ਬੁਲਾਉਂਦਾਉਸ ਨੂੰ ਨਿੱਕੀ ਮੋਟੀ ਵੈਦਗੀ ਵੀ ਆਉਂਦੀ ਸੀਕਿਸੇ ਦਾ ਸਿਰ ਦੁਖਦਾ, ਹਾਜ਼ਮਾ ਖਰਾਬ ਹੁੰਦਾ, ਜੀਅ ਕੱਚਾ ਕੱਚਾ ਹੁੰਦਾ, ਲੋਕ ਤਾਏ ਕੋਲ ਜਾਂਦੇ। ਉਹ ਤ੍ਰਿਫਲੇ ਦੀ ਫੱਕੀ ਜਾਂ ਤੁੰਮੇ ਦੀਆਂ ਗੋਲੀਆਂ ਦੇ ਦਿੰਦਾਉਸ ਨੂੰ ਧਰਨ ਕੱਢਣੀ ਵੀ ਆਉਂਦੀ ਸੀ ਹਮੇਸ਼ਾ ਪੈਰਾਂ ਭਾਰ ਬਹਿਣ ਦੀ ਆਦਤ ਸੀਢੂਈ ਤਕਲੇ ਵਾਂਗ ਸਿੱਧੀ ਠਰ੍ਹੰਮਾ ਵੀ ਦੇਖਣ ਵਾਲਾ ਸੀਇਉਂ ਲੱਗਦਾ ਜਿਵੇਂ ਟਿਕਟਿਕੀ ਲਾਈ ਉਹ ਦੁਨੀਆਂ ਨੂੰ ਦੇਖ ਰਿਹਾ ਹੈਵਿਆਹੇ ਨਾ ਹੋਣ ਦਾ ਉਸ ਨੇ ਕਦੇ ਹੇਰਵਾ ਨਹੀਂ ਸੀ ਕੀਤਾਧੂਣੀ ਵਿੱਚ ਝੁਲਸੀ ਹੋਈ ਤੂਤ ਦੀ ਸੋਟੀ ਦੀ ਛਿੱਲ ਲਾਹ ਕੇ, ਹਮੇਸ਼ਾ ਹੱਥ ਵਿੱਚ ਰੱਖਦਾ ਸੀਜੇ ਨਾਲ ਤੁਰਿਆ ਜਾਂਦਾ ਘਰ ਦਾ ਕੋਈ ਜੀਅ ਪੈਰ ਘਸੀਟ ਕੇ ਤੁਰਦਾ, ਸੋਟੀ ਗਿੱਟਿਆਂ ’ਤੇ ਪੈਂਦੀਤਾਇਆ ਕਹਿੰਦਾ, ‘ਹੇਖਾਂ, ਗੱਭਰੂ ਆਂ, ਲੱਤਾਂ ਵਿੱਚ ਜਾਨ ਨੀ।’ ਉਸ ਦਾ ਗੁੱਸਾ ਵੀ ਕੋਈ ਨਾ ਕਰਦਾ

ਪਿੰਡ ਵਿੱਚ ਫਿਰਦਿਆਂ, ਰਾਹ ਵਿੱਚ ਮਿਲਦੇ, ਹਰ ਕਿਸੇ ਨੂੰ ਬੁਲਾਉਣਾ ਜਾਂ ਛੇੜਨਾ ਉਸ ਦਾ ਸ਼ੁਗਲ ਸੀਇੱਕ ਵਾਰ ਤਾਏ ਨਾਲ ਤੁਰਿਆਂ ਜਾਂਦਿਆਂ, ਕੋਈ ਮੁੰਡਾ ਮਿਲ ਗਿਆਤਾਇਆ ਬੋਲਿਆ, ‘ਦਾਦੀ ਝਵਿਆ, ਮੈਂਨੂੰ ਤੇਰੀ ਉਹ ਗੱਲ ਦਾ ਪਤਾ ਹੈ।’ ਉਹ ਝਿਪ ਜਿਹਾ ਗਿਆ ਤੇ ਖਿਸਕ ਗਿਆਬਾਅਦ ਵਿੱਚ ਮੈਂ ਤਾਏ ਨੂੰ ਪੁੱਛਿਆ ਕਿ ਉਸ ਨੂੰ ਉਸ ਮੁੰਡੇ ਦੀ ਕਿਹੜੀ ਗੱਲ ਦਾ ਪਤਾ ਸੀ? ਤਾਇਆ ਖੁੱਲ੍ਹ ਕੇ ਹੱਸਿਆ, ‘ਗੱਲ ਕੀ ਹੋਣੀ ਆ, ਮੈਂ ਤਾਂ ਪੈਰੋਂ ਕੱਢਿਆ ਸੀ। ਕਈ ਵਾਰ ਬੰਦਾ ਆਪ ਹੀ ਫੁੱਟ ਪੈਂਦਾ ਹੈ।’ ਕਿਸੇ ਦੇ ਮੂੰਹੋਂ ਗੱਲ ਕਢਾਉਣ ਦਾ ਇਹ ਕਾਰਗਾਰ ਗੁਰ ਸੀਘਰੇ ਬੈਠਾ ਵੀ ਉਹ ਰੌਣਕ ਲਾਈ ਰੱਖਦਾਹਰ ਮਸਲੇ ਬਾਰੇ ਉਹ ਕੋਲ ਕੁਝ ਨਾ ਕੁਝ ਕਹਿਣ ਨੂੰ ਸੀ

ਸਾਨੂੰ ਲੱਗਦਾ ਕਿ ਤਾਏ ਕੋਲ ਹਰ ਮਸਲੇ ਦਾ ਹੱਲ ਹੈਆਂਢ-ਗਵਾਂਢ ਕੋਈ ਲੜਾਈ ਝਗੜਾ ਹੁੰਦਾ, ਉਹ ਵਿੱਚ-ਵਿਚਾਲਾ ਕਰਾ ਦਿੰਦਾਨਿੱਕੇ ਮੋਟੇ ਬਿਆਜੂ ਪੈਸੇ ਦੇਣ ਕਰਕੇ, ਕਈ ਉਸ ਦੀ ਝੇਪ ਵੀ ਮੰਨਦੇ ਸੀ ਇੱਕ ਵਾਰ ਪਾਣੀ ਦੀ ਵਾਰੀ ਸੀਮੋਘੇ ਕੋਲ, ਧੋਰੀ ਖਾਲਾ ਟੁੱਟ ਗਿਆਪਾਣੀ ਦਾ ਜ਼ੋਰ ਇੰਨਾ, ਜਿਹੜਾ ਚੇਪਾ ਲਾਈਏ, ਪਾਣੀ ਰੋੜ੍ਹ ਕੇ ਲੈ ਜਾਵੇ ਮੈਂ ਤੇ ਸਾਡਾ ਪਾਲੀ ਹਫੇ ਪਏ ਸਾਂ ਇੰਨੇ ਨੂੰ ਮੌਕੇ ’ਤੇ ਤਾਇਆ ਆ ਬਹੁੜਿਆਸਾਨੂੰ ਖੌਝਲਦਿਆਂ ਦੇਖ ਕੇ ਬੋਲਿਆ, ‘ਹੇਖਾਂ, ਇਉਂ ਪਾਣੀ ਬੰਨ੍ਹ ਲੋਂਗੇਪਹਿਲਾਂ ਕੁਝ ਗਾਚੀਆਂ ਪੁੱਟ ਕੇ ਕੋਲ ਰੱਖੋਫੇਰ ਇੱਕ ਜਣਾ ਮੂੰਹੇਂ ਵਿੱਚ ਬੈਠੇ ਤੇ ਦੂਜਾ ਉਹਦੀ ਢੂਈ ਨਾਲ ਗਾਚੀਆਂ ਲਾਵੇ।’ ਇਹ ਗੁਰ ਸਾਡੇ ਕੰਮ ਆਇਆਵਾਰੀ ਭਾਵੇਂ ਖਰਾਬ ਹੋ ਗਈ, ਪਰ ਮੂੰਹਾਂ ਬੰਨ੍ਹ ਲਿਆਸਿਰ ਪਈ ਮੁਸੀਬਤ ਨਾਲ ਸਿੱਝਣ ਲਈ ਵੀ ਗੁਰ ਦੀ ਲੋੜ ਹੁੰਦੀ ਹੈ, ਇਕੱਲੇ ਜ਼ੋਰ ਨਾਲ ਕੰਮ ਨੀ ਚਲਦਾ

ਜ਼ਮੀਨ ਵਾਹੁਣ ਲਈ, ਅਸੀਂ ਇੱਕ ਦੂਏ ਨੂੰ ਵਗਾਰ ਪਾਈ ਰੱਖਦੇਇੱਕ ਵਾਰ ਬਲਦਾਂ ਸਮੇਤ, ਆਪਣਾ ਸੀਰੀ ਲੈ ਕੇ ਆਇਆਸਾਡਾ ਸੀਰੀ ਵੀ ਹਲ ਵਾਹ ਰਿਹਾ ਸੀ‘ਤਾਇਆ ਤੂੰ ਹੋਰ ਤਾਂ ਬਹੁਤ ਗੁਰ ਦਿੱਤੇ ਆ, ਮੈਂਨੂੰ ਹਲ ਵਾਹੁਣਾ ਸਿਖਾ, ਫੇਰ ਜਾਣੂ’ ਮੈਂ ਆਖਿਆ‘ਲੈ ਇਹ ਕਿਹੜੀ ਕਰਾਮਾਤ ਐ, ਇਹ ਤਾਂ ਮੂੜ੍ਹਾਂ ਦਾ ਕੰਮ ਐ, ਤੇ ਤੂੰ ਤਾਂ ਪਾਹੜਾ ਐਂ।’ ਤਾਏ ਨੇ ਮੇਰਾ ਹੌਸਲਾ ਵਧਾਇਆਉਸ ਨੇ ਮੈਂਨੂੰ ਬਲਦਾਂ ਨੂੰ ਹੱਕਣ, ਹਲ ਦੀ ਹੱਥੀਂ ਖੜ੍ਹਵੀਂ ਰੱਖਣ ਤੇ ਸਿੱਧਾ ਝਾਕਣ ਦੀ ਤਾਕੀਦ ਕੀਤੀਤਾਏ ਨੇ ਦੱਸਿਆ ਜੇ ਹਲ ਟੇਢਾ ਹੋ ਗਿਆ ਤਾਂ ਬਲਦ ਡੰਗਿਆਂ ਜਾਵੇਗਾਉਸ ਨੇ ਸਿਆੜ ਸਿੱਧਾ ਕੱਢਣ ਲਈ ਪੰਜਾਲੀ ਉੱਤੋਂ ਨਜ਼ਰ ਸਿੱਧੀ ਰੱਖਣ ਲਈ ਆਖਿਆਮੈਂ ਉਸ ਦੀਆਂ ਹਦਾਇਤਾਂ ਮੂਜਬ ਹੱਥ ਵਿੱਚ ਪਰਾਣੀ ਲੈ ਬਲਦਾਂ ਨੂੰ ਹੱਕਿਆਚਾਅ ਚਾਅ ਵਿੱਚ ਹੀ ਕਈ ਘੰਟੇ ਹਲ ਵਾਹਿਆਹੋਇਆ ਕੀ, ਦਿਨ ਢਲਣ ਤਕ ਮੇਰਾ ਖੱਬਾ ਮੋਢਾ ਸੁੱਜ ਗਿਆ ਤੇ ਟਸ ਟਸ ਕਰਨ ਲੱਗਾਅਗਲੇ ਦਿਨ ਮੈਂ ਤਾਏ ਕੋਲ ਗਿਆ ਤੇ ਆਪਣੀ ਪੀੜ ਬਾਰੇ ਦੱਸਿਆ ਤਾਇਆ ਖੁੱਲ੍ਹ ਕੇ ਹੱਸਿਆ, ‘ਲਗਦਾ ਤੂੰ ਹਲ ਬਾਂਹ ਨਾਲ ਧੱਕਿਆ ਹੋਊਹਲ ਵਾਹੁੰਦਿਆਂ ਲੱਤਾਂ ਦੁਖਦੀਆਂ ਤਾਂ ਸੁਣੀਆਂ, ਪਰ ਮੋਢੇ ਵਾਲੀ ਗੱਲ ਨੀ ਸੁਣੀ।’ ਤਾਏ ਦੀ ਗੱਲ ਠੀਕ ਸੀਸਾਡੇ ਬਲਦ ਮੱਠੇ ਸਨ ਤੇ ਤਾਏ ਕੇ ਤੇਜ਼ਮੈਂ ਨਾਲ ਰਲਣ ਲਈ, ਅਚੇਤ ਹੀ, ਬਾਂਹ ਨਾਲ ਹਲ ਧੱਕ ਕੇ ਜਿਵੇਂ ਬਲਦਾਂ ਦੀ ਮਦਦ ਕਰ ਰਿਹਾ ਸੀ

ਤਾਏ ਨੇ ਹਲ ਵਾਹੁਣ ਦੀ ਜੋ ਵਿਆਖਿਆ ਕੀਤੀ, ਉਸ ਵਿੱਚ ਸਾਰਾ ਵਿਰੋਧ-ਵਿਕਾਸ ਲੁਕਿਆ ਹੋਇਆ ਸੀਉਸ ਦੇ ਬੋਲਾਂ ਵਿੱਚ ਸੁਣੋ‘ਦੇਖ ਹਾਲੀ ਦਾ ਕੰਮ ਹੱਥੀਂ ਫੜ ਕੇ ਸਿਰਫ ਹਲ ਨੂੰ ਸਾਵਾਂ ਰੱਖਣਾ ਹੁੰਦਾ ਹੈ, ਤੇ ਹਲਾਂ ਸਿੱਧੀ ਕੱਢਣ ਲਈ ਸਾਹਵੇਂ ਝਾਕਣਾਖਿੱਚਣ ਦਾ ਕੰਮ ਬਲਦ ਆਪੇ ਕਰਦੇ ਆ, ਹਾਲੀ ਨੀ ਕਰਦਾ ਤੂੰ ਹਲ ਧੱਕੀ ਗਿਆ ਤੇ ਮੋਢਾ ਸੁਜਾ ਲਿਆਭਲਿਆ, ਤੇਰੇ ਜ਼ੋਰ ਲਾਉਣ ਨਾਲ ਹਲ ਥੋੜ੍ਹੇ ਧੱਕਿਆ ਜਾਣਾ ਸੀ?’ ਮੇਰੇ ਅੰਦਰ ਜਿਵੇਂ ਚਾਨਣ ਹੋ ਗਿਆਇਹ ਗੁਰ ਤਾਂ ਹਰ ਥਾਂ ਲਾਗੂ ਹੁੰਦਾ ਹੈਹਰ ਵਰਤਾਰਾ ਆਪਣੇ ਅੰਦਰੂਨੀ ਬਲ ਨਾਲ ਗਤੀਸ਼ੀਲ ਹੁੰਦਾ ਹੈਆਹਰ ਅਤੇ ਸਬਰ ਕਰਨ ਦੀ ਬਜਾਏ, ਅਸੀਂ ਤੀਂਘਣਾ ਸ਼ੁਰੂ ਕਰ ਦਿੰਦੇ ਹਾਂਅਸੀਂ ਕਲੀ ਨੂੰ ਹੱਥ ਨਾਲ ਖੋਲ੍ਹ ਕੇ ਫੁੱਲ ਬਣਾਉਣ ਵਿੱਚ ਰੁੱਝ ਜਾਂਦੇ ਹਾਂ ਤੇ ਉਹਦੀਆਂ ਪੱਤੀਆਂ ਖਿਲਾਰ ਬਹਿੰਦੇ ਹਾਂ

ਤਾਏ ਦਾ ਇਹ ਗੁਰ ਜ਼ਿੰਦਗੀ ਵਿੱਚ ਬੜਾ ਕੰਮ ਆਇਆਘਟਨਾਵਾਂ ਦੇ ਗੇੜ ਵਿੱਚ ਜਦੋਂ ਵੀ ਮਨ ਉਚਾਟ ਹੁੰਦਾ, ਤਾਏ ਦੀ ਗੱਲ ਯਾਦ ਕਰਕੇ ਢਾਰਸ ਬੱਝ ਜਾਂਦਾਹਰ ਮੁਸੀਬਤ, ਵਰਤਾਰੇ ਨੇ ਆਪਣਾ ਸਮਾਂ ਲੈਣਾ ਹੈ, ਵਿਗਸਣਾ ਹੈ ਤੇ ਅੰਜਾਮ ਤਕ ਪਹੁੰਚਣਾ ਹੈਲਾਲਚ ਤੇ ਲਾਲਸਾ ਵੱਸ, ਛੇਤੀ ਛੇਤੀ ਫਲ ਪਾਉਣ ਦੀ ਝਾਕ ਵਿੱਚ ਅਸੀਂ ਖਫਾ-ਖੂੰ ਹੋਈ ਜਾਂਦੇ ਹਾਂ। ਇੱਕ ਦੂਜੇ ਦੇ ਪੈਰ ਮਿੱਧਦੇ ਹਾਂ ਦੁਖੀ ਹੁੰਦੇ ਹਾਂ

ਮੈਂ ਅੱਖਾਂ ਖੋਲ੍ਹੀਆਂਕਾਹਨੀ ਬਿਨਾਂ ਕਿਸੇ ਉਚੇਚ ਦੇ ਤਾਏ ਦੀ ਅਰਥੀ ਚੁੱਕਣ ਦੀ ਤਿਆਰੀ ਕਰ ਰਹੇ ਸਨ ਮੈਂਨੂੰ ਲੱਗਿਆ, ਤਾਏ ਨੇ ਉੱਠ ਕੇ ਬਹਿ ਜਾਣਾ ਹੈ ਤੇ ਆਪਣਾ ਆਖਰੀ ਗੁਰ ਦੱਸਣਾ ਹੈ, ‘ਮੁੰਡਿਓ, ਸਾਰੇ ਜਣੇ ਅਰਥੀ ਇੱਕੋ ਵੇਲੇ ਚੁੱਕਿਓ, ਨਹੀਂ ਤਾਂ ਉੱਲਰ ਕੇ ਇਹਨੇ ਇੱਕ ਦੇ ਗਲ ਪੈ ਜਾਣੈ।’

ਅੱਜ ਤਾਏ ਦੀਆਂ ਗੱਲਾਂ ਯਾਦ ਕਰਕੇ ਲਗਦਾ ਹੈ ਜਿਵੇਂ ਅਸੀਂ ਸਾਰੇ ਜ਼ਿੰਦਗੀ ਦੇ ਖੇਤ ਵਿੱਚ ਹਲ ਵਾਹ ਰਹੇ ਹੋਈਏਅਸੀਂ ਘਟਨਾਵਾਂ ਅਤੇ ਵਰਤਾਰਿਆਂ ਦੇ ਹਲ ਦੀ ਹੱਥੀ ਨੂੰ ਜਿੰਨਾ ਹੋ ਸਕੇ ਸਿੱਧੇ ਰੱਖਣਾ ਹੈ, ਡੋਲਣ ਨਹੀਂ ਦੇਣਾਜੋ ਹਲ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਹਨ, ਦੁਖੀ ਹੁੰਦੇ ਹਨ। ਜੋ ਹੱਥੀ ਨੂੰ ਸਾਵਾਂ ਤੇ ਨਜ਼ਰ ਨੂੰ ਸਿੱਧੀ ਰੱਖਣ ਦਾ ਗੁਰ ਸਿੱਖ ਲੈਂਦੇ ਹਨ, ਉਨ੍ਹਾਂ ਦਾ ਜਿਊਣਾ ਸਹਿਜ ਹੋ ਜਾਂਦਾ ਹੈਜਿਵੇਂ ਬੱਸ ਚਾਲਕ ਸਿਰਫ ਸਟੀਅਰਿੰਗ ਵੀਲ ਨੂੰ ਸੰਭਲਾਦਾ ਹੈ, ਬ੍ਰੇਕਾਂ ’ਤੇ ਪੱਬ ਰੱਖਦਾ ਹੈ, ਬੱਸ ਨੂੰ ਆਪ ਨਹੀਂ ਖਿੱਚਦਾਖਿੱਚਣ ਦਾ ਕੰਮ ਇੰਜਣ ਕਰੀ ਜਾਂਦਾ ਹੈਅਸੀਂ ਚਾਲਕ ਬਣਨ ਦੀ ਥਾਂ, ਉਮਰ ਭਰ ਇੰਜਣ ਬਣੇ ਰਹਿੰਦੇ ਹਾਂ ਤੇ ਆਪਣੇ ਖੜਕੇ ਨਾਲ ਆਲਾ ਦੁਆਲਾ ਦੂਸ਼ਿਤ ਕਰਦੇ ਰਹਿੰਦੇ ਹਾਂਤਬਦੀਲੀ ਲਈ ਯਤਨਸ਼ੀਲ ਕਾਮਿਆਂ ਲਈ, ਇਹ ਗੁਰ ਚੇਤੇ ਰੱਖਣ ਵਾਲਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2337)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਅਵਤਾਰ ਗੋਂਦਾਰਾ

ਅਵਤਾਰ ਗੋਂਦਾਰਾ

Fresno, California, USA.
Phone: (559 - 375 - 2589)
Email: (gondarasa@yahoo.com)