“ਮੈਂ ਚਾਹ ਬਣਾਉਣੀ ਚਾਹੀ, ਉਹ ਕਹਿੰਦੇ, ਨਹੀਂ, ਅਸੀਂ ਅੱਜ ...”
(6 ਜੁਲਾਈ 2021)
ਕਿਸੇ ਥਾਂ ਦੇ ਭਾਗ ਹੁੰਦੇ ਹਨ ਕਿ ਉੱਥੇ ਸਦਾ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਜਦੋਂ ਦਾ ਮੈਂ ਪਿਛਲੇ ਚਾਰ ਕੁ ਸਾਲਾਂ ਦਾ ਆਹ ਸੰਤਰਿਆਂ ਵਾਲਾ ਬਾਗ਼ ਲਿਆ ਹੈ, ਉਸ ਦਿਨ ਤੋਂ ਲੈ ਕੇ ਅੱਜ ਤਕ ਸ਼ਾਇਦ ਹੀ ਕੋਈ ਵੇਲਾ ਹੋਵੇ ਜਦੋਂ ਮੈਂ ਇੱਥੇ ਹੋਵਾਂ ਤੇ ਪ੍ਰਾਹੁਣੇ ਨਾ ਆਉਣ। ਸੋ ਅੱਜ ਵੀ ਪਹਿਲਾਂ ਸਮਰਾਲੇ ਵਾਲਾ ਛੋਟਾ ਵੀਰ ਤੇਜਿੰਦਰ ਆਪਣੇ ਪਰਿਵਾਰ ਨਾਲ ਆ ਗਿਆ। ਉਹ ਗਿਆ ਤਾਂ ਜਸਵਿੰਦਰ ਅਤੇ ਚੀਮਾ ਬਾਈ ਆ ਗਏ। ਨਾਲ ਉਹਨਾਂ ਦੇ ਐਡੀਲੇਡ ਵਾਲਾ ਵਿਕੀ ਬਾਈ ਵੀ ਸੀ। ਮੁੱਕਦੀ ਗੱਲ ਬਠਿੰਡੇ ਵਾਲ਼ੀ ਚਾਹ ਦੀ ਪਤੀਲੀ ਠੰਢੀ ਨਹੀਂ ਹੋਣ ਦਿੱਤੀ ਸਾਰਾ ਦਿਨ।
ਦੂਜੇ ਪਾਸੇ ਸੰਤਰਿਆਂ ਦੀ ਤੁੜਵਾਈ ਚੱਲ ਰਹੀ ਹੈ। ਐਤਕੀਂ ਕਾਮਿਆਂ ਦੀ ਘਾਟ ਕਾਰਨ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਜਿਹੜਾ ਕੰਮ ਦੋਂਹ ਦਿਨਾਂ ਵਿੱਚ ਹੋ ਸਕਦਾ ਸੀ ਉਸ ਲਈ ਦੁੱਗਣੇ ਪੈਸੇ ਤੇ ਹਫ਼ਤੇ ਲੱਗ ਰਹੇ ਹਨ। ਜੇ ਅੱਠ ਦਸ ਕੁ ਕਾਮੇ ਲੱਗੇ ਹੋਣ ਤਾਂ ਬਿੰਨ ਚੱਕ-ਧਰ ਕਰਦੇ ਟਰੈਕਟਰ ਵਾਲੇ ਦੀ ਆਥਣ ਤਕ ਭੂਤਨੀ ਭਲਾ ਦਿੰਦੇ ਹਨ। ਅੱਜ ਸਿਰਫ਼ ਤਿੰਨ ਕੁ ਕਾਮੇ ਸਨ ਤੇ ਆਪਾਂ ਵੀ ਵਕਤ ਜਿਹਾ ਪਾਸ ਕਰ ਰਹੇ ਸੀ। ਪਰ ਆਥਣੇ ਜਿਹੇ ਜਦੋਂ ਮੈਂ ਕਤਾਰਾਂ ਵਿੱਚੋਂ ਬਿੰਨ ਬਾਹਰ ਕੱਢ ਰਿਹਾ ਸੀ ਤਾਂ ਅਚਾਨਕ ਦੋ ਅਧਖੜ ਜਿਹੀ ਉਮਰ ਦੇ ਗੋਰੇ ਸੰਤਰਿਆਂ ਦੇ ਵਿੱਚ ਵੜੇ ਫਿਰਨ। ਇੱਥੇ ਆਸਟ੍ਰੇਲੀਆ ਵਿੱਚ ਬਿਨਾਂ ਇਜਾਜ਼ਤ ਦੇ ਕੋਈ ਕਿਸੇ ਦੇ ਖੇਤ ਵਿੱਚੋਂ ਦੀ ਲੰਘਦਾ ਵੀ ਨਹੀਂ। ਉਹਨਾਂ ਮੈਂਨੂੰ ਦੇਖ ਕੇ ਹੱਥ ਚੱਕਿਆ। ਆਪਾਂ ਵੀ ਇਹ ਸੋਚ ਕੇ ਟਰੈਕਟਰ ਬੰਦ ਕਰ ਲਿਆ ਕਿ ਲਗਦਾ ਹੋਰ ਪ੍ਰਾਹੁਣੇ ਆ ਗਏ ਹਨ! ਮੈਂ ਟਰੈਕਟਰ ਤੋਂ ਉੱਤਰ ਕੇ ਉਹਨਾਂ ਕੋਲ ਗਿਆ। ਉਹਨਾਂ ਵਿੱਚੋਂ ਇੱਕ ਕਹਿੰਦਾ, “ਮਾਫ਼ ਕਰਨਾ, ਅਸੀਂ ਤਾਂ ਕੰਮ ਚਲਦਾ ਦੇਖ ਕੇ ਹੱਸਦੇ ਹੱਸਦੇ ਇੱਧਰ ਨੂੰ ਆ ਗਏ।”
ਮੇਰੇ ‘ਕੋਈ ਨਾ’ ਕਹਿਣ ’ਤੇ ਜਦੋਂ ਨੂੰ ਉਹ ਗੱਲ ਅੱਗੇ ਤੋਰਦੇ ਮੇਰੇ ਜ਼ਿਹਨ ਵਿੱਚ ਅਚਾਨਕ ਦੋ ਗੱਲਾਂ ਚੇਤੇ ਆ ਗਈਆਂ। ਇੱਕ ਤਾਂ ਇਹ ਕਿ ਸ਼ਿਕਾਰ ਆਪ ਹੀ ਪਿੰਜਰੇ ਵਿੱਚ ਆ ਗਿਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਂਨੂੰ ਜੇ ਦੋ ਕੁ ਘੰਟੇ ਮਗ਼ਜ਼ ਖਾਣ ਨੂੰ ਸਰੋਤਾ ਨਾ ਮਿਲੇ ਮੈਂ ਤਾਂ ਭੁੱਖਾ ਮਰ ਜਾਵਾਂ। ਦੂਜੇ, ਮੈਂਨੂੰ ਪੰਜਾਬ ਦੇ ਉਸ ਬੁਰੇ ਦੌਰ ਦੀ ਗੱਲ ਚੇਤੇ ਆ ਗਈ ਜਦੋਂ ਪੰਜਾਬ ਦੀ ਜਵਾਨੀ ਨੂੰ ਸਰਕਾਰ ਗਿਰਝਾਂ ਵਾਂਗ ਪੈਂਦੀ ਸੀ। ਵੇਲੇ-ਕੁਵੇਲੇ ਤਾਂ ਦੂਰ ਦੀ ਗੱਲ, ਦਿਨ ਢਲਦੇ ਵੀ ਕੋਈ ਪਰਿਵਾਰ ਆਪਣੇ ਜਵਾਨ ਪੁੱਤਰ ਨੂੰ ਬਾਹਰ ਨਾ ਜਾਣ ਦਿੰਦਾ। ਪਰ ਜਵਾਨੀ ਅੱਥਰੀ ਹੁੰਦੀ ਹੈ, ਕਿੱਥੇ ਰੋਕਿਆਂ ਰੁਕਦੀ ਹੈ। ਇੱਕ ਦਿਨ ਮੇਰਾ ਹਾਣੀ ਭੂਆ ਦਾ ਪੁੱਤ ਬੱਬੀ ਚੱਠਾ ਅਤੇ ਉਹਦੇ ਮਿੱਤਰ ਨੀਟਾ ਸਰਦਾਰ ਅਤੇ ਸ਼ੇਖਰ ਤਲਵੰਡੀ ਜੋ ਅੱਜ ਕੱਲ੍ਹ ਇੱਕ ਸਥਾਪਿਤ ਗੀਤਕਾਰ ਹੈ, ‘ਸਾਬੋ ਕੀ ਤਲਵੰਡੀ’ ਦੇ ਬਾਹਰਵਾਰ ਇੱਕ ਮੈਦਾਨ ਵਿੱਚ ਕਸਰਤ ਕਰਨ ਬਹਾਨੇ ਇਕੱਠੇ ਜਾ ਪੁੱਜੇ। ਮੈਦਾਨ ਦੇ ਦੱਖਣ ਵਾਲੇ ਪਾਸੇ ਸੀ.ਆਰ.ਪੀ.ਐੱਫ ਦਾ ਕੈਂਪ ਲੱਗਿਆ ਹੋਇਆ ਸੀ। ਕੈਂਪ ਵਿੱਚੋਂ ਕੁੱਕਰ ਦੀਆਂ ਸੀਟੀਆਂ ਸੁਣ ਕੇ ਬੱਬੀ ਕਹਿੰਦਾ, “ਆਜੋ ਓਏ, ਫ਼ੌਜੀਆਂ ਕੋਲੋਂ ਮੀਟ-ਸ਼ੀਟ ਖਾ ਕੇ ਆਈਏ।”
ਨੀਟਾ ਬਾਈ ਬੋਲਿਆ, “ਉਹ ਤਾਂ ਕਿਤੇ ਤੇਰਾ ਕੌਲਾ ਨਾ ਭਰ ਦੇਣ, ਮਰਵਾਏਂਗਾ ਕਿ?”
ਗੱਲਾਂਬਾਤਾਂ ਵਿੱਚ ਬੱਬੀ ਨੂੰ ਜਿੱਤਣਾ ਔਖਾ ਸੀ। ਉਸ ਨੇ ਦੋ ਚਾਰ ਉਦਾਹਰਣਾਂ ਮੌਕੇ ’ਤੇ ਘੜ ਸੁਣਾਈਆਂ ਤੇ ਅਸੀਂ ਗੱਲਾਂ ਕਰਦੇ ਕਰਾਉਂਦੇ ਕੈਂਪ ਵਿੱਚ ਪਹੁੰਚ ਗਏ। ਸੀ.ਆਰ.ਪੀ .ਆਲ਼ਿਆਂ ਨੇ ਅਣਜਾਣ ਜਿਹੇ ਗੱਭਰੂ ਨਿਧੜਕ ਹੀ ਕੈਂਪ ਵਿੱਚ ਵੜਦੇ ਦੇਖ ਬੰਦੂਕਾਂ ਤਣ ਲਈਆਂ। ਕਹਿੰਦੇ, ਕਰ ਲਵੋ ਓਏ ਹੱਥ ਖੜ੍ਹੇ। ਦੋ ਚਾਰ ਕੁ ਮਿੰਟਾਂ ਵਿੱਚ ਜਦੋਂ ਉਹਨਾਂ ਨੇ ਸਾਂਡੇ ਆਲ਼ੇ ਦੁਆਲ਼ੇ ਗੇੜੇ ਮਾਰ ਕੇ ਦੇਖਿਆ ਬਈ ਲਗਦੇ ਤਾਂ ਸ਼ਰੀਫ਼ਜ਼ਾਦੇ ਹੀ ਆ। ਉਹਨਾਂ ਦਾ ਅਫਸਰ ਗੜ੍ਹਕ ਕੇ ਬੋਲਿਆ, “ਕਿਸ ਕੇ ਆਦਮੀ ਹੋ? ਕਿਸ ਨੇ ਭੇਜਾ ਤੁਮੇ ਕੈਂਪ ਮੇਂ? ਤੁਮਾਹਰੇ ਹਥਿਆਰ ਕਹਾਂ ਹੈਂ?”
ਚੌਧਰੀਆਂ ਦੇ ਮੁੰਡੇ ਸ਼ੇਖਰ ਨੇ ਸੋਚਿਆ ਕਿ ਚਲੋ ਅਫਸਰ ਦੀ ਹਿੰਦੀ ਦਾ ਜਵਾਬ ਇਹਨਾਂ ਵਿੱਚੋਂ ਮੈਂ ਹੀ ਵਧੀਆ ਦੇ ਸਕਦਾਂ ਤਾਂ ਅਫਸਰ ਨੂੰ ਮੁਖ਼ਾਤਬ ਹੁੰਦਿਆਂ ਕਹਿਣ ਲੱਗਾ, “ਜਨਾਬ, ਹਮ ਤੋਂ ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ।”
ਨੀਟਾ ਸਰਦਾਰ ਵਿੱਚੋਂ ਟੋਕਦਾ ਕਹਿੰਦਾ, “ਊਂਈ ਤਾਂ ਨਹੀਂ ਆਏ ਜੀ, ਆਹ ਚੱਠਾ ਲੈ ਕੇ ਆਇਆ, ਕਹਿੰਦਾ ਤੁਸੀਂ ਮੀਟ ਬਹੁਤ ਸਵਾਦ ਬਣਾਉਂਦੇ ਹੋ ਤੇ ਖਾਣ ਨੂੰ ਵੀ ਵੱਡੇ-ਵੱਡੇ ਕੌਲਿਆਂ ਵਿੱਚ ਦਿੰਦੇ ਹੋ।”
ਸਾਰਿਆਂ ਦੇ ਹਾਸੇ ਨੇ ਮਾਹੌਲ ਖ਼ੁਸ਼ਗਵਾਰ ਕਰ ਦਿੱਤਾ ਤੇ ਸਾਨੂੰ ਤਾਅ ਜ਼ਿੰਦਗੀ ਲਈ ਇਹ ਡਾਇਲਾਗ ਮਿਲ ਗਿਆ। ਅਕਸਰ ਹੁਣ ਵੀ ਜਦੋਂ ਅਸੀਂ ਜੁੰਡੀ ਦੇ ਯਾਰ ਇਕੱਠੇ ਹੁੰਦੇ ਹਾਂ ਤਾਂ ਇਸ ਗੱਲ ਦਾ ਜ਼ਿਕਰ ਕਰਨਾ ਨਹੀਂ ਭੁੱਲਦੇ ਕਿ “ਊਂਈ ਹਾਸਤੇ-ਹਾਸਤੇ ਇੱਧਰ ਕੋ ਚਲੇ ਆਏ।”
ਜਦੋਂ ਮੈਂਨੂੰ ਇਹਸਾਸ ਹੋਇਆ ਕਿ ਇਹ ਗੋਰੇ ਸੱਜਣ ਵੀ ‘ਊਂਈ ਹਾਸਤੇ-ਹਾਸਤੇ’ ਆਪਣੇ ਕੋਲ ਆ ਹੀ ਗਏ ਹਨ ਤਾਂ ਇਹਨਾਂ ਦੀ ਸੇਵਾ ਕਰਨੀ ਬਣਦੀ ਹੈ। ਮੀਟ ਦੇ ਕੌਲੇ ਨਹੀਂ ਤਾਂ ਆਪਾਂ ਚਾਹ ਪਾਣੀ ਤਾਂ ਛਕਾ ਹੀ ਸਕਦੇ ਹਾਂ। ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਨਾਂ ਮਿੰਟੂ ਬਰਾੜ ਹੈ ਤੇ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ? ਤਾਂ ਉਹਨਾਂ ਆਪਣੇ ਨਾਮ ਜੌਨ ਅਤੇ ਪਾਲ ਦੱਸਦਿਆਂ ਕਿਹਾ, “ਅਸੀਂ ਸੈਲਾਨੀ ਹਾਂ, ਪੱਛਮੀ ਆਸਟ੍ਰੇਲੀਆ ਤੋਂ ਆਏ ਹਾਂ। ਪਰਥ ਤੋਂ ਵੀ ਅਗਾਂਹ ਨੈਰੋਜਨ ਸ਼ਹਿਰ ਦੇ ਲਾਗੇ ਪਿਸੇਵਿਲ ਸਾਡਾ ਪਿੰਡ ਹੈ। ਘਰੋਂ ਨਿਕਲਿਆਂ ਨੂੰ ਤਾਂ ਕਈ ਹਫ਼ਤੇ ਹੋ ਗਏ ਪਰ ਇੱਥੇ ਪਿਛਲੇ ਦੋ ਕੁ ਦਿਨਾਂ ਤੋਂ ਤੁਹਾਡੇ ਇਸ ਪਿੰਡ ਦੇ ਕੈਰੇਵਾਨ ਪਾਰਕ ਵਿੱਚ ਠਹਿਰੇ ਹੋਏ ਹਾਂ। ਅਸਲ ਵਿੱਚ ਕਿੱਤੇ ਵਜੋਂ ਅਸੀਂ ਵੀ ਕਿਸਾਨ ਹਾਂ। ਸੋ ਕਿਸਾਨੀਅਤ ਦਾ ਰਿਸ਼ਤਾ ਸਾਨੂੰ ਖਿੱਚ ਕੇ ਤੇਰੇ ਟਰੈਕਟਰ ਦੀ ਆਵਾਜ਼ ਕੋਲ ਲੈ ਆਇਆ। (ਇੱਥੇ ਜ਼ਿਕਰਯੋਗ ਹੈ ਕਿ ਇਹ ਕੈਰੇਵਾਨ ਪਾਰਕ ਮੇਰੇ ਖੇਤ ਦੀ ਚੜ੍ਹਦੇ ਪਾਸੇ ਆਲ਼ੀ ਗੁੱਠ ਦੇ ਨਾਲ ਲਗਦਾ ਹੈ।)
ਉਹਨਾਂ ਦੀ ਇਹ ਖਿੱਚ ਮੇਰੇ ਵੀ ਧੁਰ ਅੰਦਰ ਤਕ ਲਹਿ ਗਈ। ਇੱਕ-ਇੱਕ ਕਰ ਕੇ ਉੱਧੜਨ ਲੱਗ ਪਏ ਅਸੀਂ ਤਿੰਨੇ। ਵਪਾਰੀਆਂ ਕੋਲ ਵਪਾਰ ਦੀਆਂ ਗੱਲਾਂ, ਜੁਆਰੀਆਂ ਕੋਲ ਜੂਏ ਦੀਆਂ ਤੇ ਕਿਸਾਨ ਦੁਨੀਆ ਦੇ ਭਾਵੇਂ ਕਿਸੇ ਵੀ ਕੋਨੇ ਵਿੱਚ ਹੋਵੇ, ਉਹਨਾਂ ਕੋਲ ਅਖੀਰ ਬਹੁਮੁੱਲੀਆਂ ਫ਼ਸਲਾਂ ਦੀ ਪੈਂਦੀ ਘਟ ਕੀਮਤ ਦੀਆਂ ਗੱਲਾਂ, ਦਿਨੋਂ ਦਿਨ ਹੁੰਦੀ ਮਹਿੰਗੀ ਮਜ਼ਦੂਰੀ ਦੀਆਂ ਗੱਲਾਂ ਅਤੇ ਅਖੀਰ ਸਰਕਾਰਾਂ ਲਈ ਬਦ ਦੁਆਵਾਂ ਹੀ ਹੁੰਦੀਆਂ ਹਨ।
ਜੌਨ ਜੋ ਕਿ ਭੇਡਾਂ ਦਾ ਫਾਰਮ ਚਲਾਉਂਦਾ ਹੈ, ਕਹਿੰਦਾ ਪਿਛਲੇ ਵਰ੍ਹੇ ਇੱਕ ਭੇਡ ਦੀ ਮੁਨਾਈ ਡੂਢ ਡਾਲਰ ਸੀ ਤੇ ਐਤਕੀਂ ਸਾਢੇ ਚਾਰ ਦਿੱਤੇ ਆ ਮੈਂ। ਕਾਮਾ ਤਾਂ ਆਥਣ ਨੂੰ ਦੋ ਸੌ ਭੇਡਾਂ ਮੁੰਨ ਕੇ ਅੱਠ-ਨੌਂ ਸੌ ਬਣਾ ਲੈਂਦਾ ਤੇ ਸਾਡੇ ਸਾਰਾ ਸਾਲ ਭੇਡਾਂ ਨਾਲ ਘੁਲ ਕੇ ਵੀ ਪੱਲੇ ਏਦੂੰ ਘੱਟ ਪੈਂਦੇ ਹਨ। ਪਾਲ ਜੋ ਕਿ ਕਣਕ ਅਤੇ ਸਰ੍ਹੋਂ ਆਦਿ ਦੀ ਖੇਤੀ ਕਰਦਾ ਹੈ, ਕਹਿੰਦਾ, ਕਾਰਪੋਰੇਟ ਘਰਾਣੇ ਸਿਰੇ ਦੀ ਅਤੇ ਇੱਕ ਸਾਰ ਫ਼ਸਲ ਭਾਲਦੇ ਆ। ਕੋਈ ਪੁੱਛੇ ਉਹਨਾਂ ਨੂੰ ਵੀ ਇਹ ਕਿਹੜਾ ਕਿਸੇ ਫ਼ਰਮੇ ਵਿੱਚ ਪਾ ਕੇ ਬਣਦੀ ਆ ਇਹ ਤਾਂ ਕੁਦਰਤ ਦੀ ਖੇਡ ਆ। ਮੋਟੀ ਬਰੀਕ ਵੀ ਹੋ ਸਕਦੀ ਹੈ ਤੇ, ਵਿੰਗੀ ਟੇਢੀ ਵੀ ਹੋ ਸਕਦੀ ਹੈ। ਮੈਂ ਵਿੱਚੇ ਟੋਕ ਕੇ ਕਿਹਾ, “ਹਾਂ, ਆਹੀ ਕਸੂਰ ਐਤਕੀਂ ਸਾਡੀਆਂ ਮਿਰਚਾਂ ਤੋਂ ਹੋ ਗਿਆ। ਉਹ ਥੱਲਿਓਂ ਚੁੰਝ ਜਿਹੀ ਵਿੰਗੀ ਕਰ ਗਈਆਂ ਤੇ ਬਜ਼ਾਰ ਆਲ਼ੇ ਕਹਿੰਦੇ ਇਹ ਤਾਂ ਕਿਸੇ ਕੰਮ ਦੀਆਂ ਨਹੀਂ, ਬਿੰਨ ਵਿੱਚ ਮਾਰੋ। ਹਾਰ ਕੇ ਖੜ੍ਹੀਆਂ ਵਾਹੁਣੀਆਂ ਪਈਆਂ।”
ਜੌਨ ਬੋਲਿਆ, “ਲੋਕ ਖ਼ਬਰਾਂ ਸੁਣ ਕੇ ਪੁੱਛ ਲੈਂਦੇ ਹਨ ਕਿ ਐਤਕੀਂ ਤਾਂ ਕਣਕ ਦਾ ਭਾਅ 280 ਡਾਲਰ ਨੂੰ ਟਨ ਹੈ, ਸੋਹਣੇ ਪੈਸੇ ਬਣ ਗਏ ਹੋਣਗੇ? ਪਰ ਉਹਨਾਂ ਨੂੰ ਕੀ ਦੱਸੀਏ ਵੀ 280 ਨੂੰ ਤਾਂ ਉਹ ਕਣਕ ਵਿਕਦੀ ਆ ਜੋ ਦੇਖਣ ਨੂੰ ਬੱਸ ਮੋਤੀਆਂ ਵਰਗੀ ਹੋਵੇ। ਪਰ ਜਦੋਂ ਪੱਕੀ ਫ਼ਸਲ ’ਤੇ ਚਾਰ ਕਣੀਆਂ ਪੈ ਜਾਂਦੀਆਂ ਹਨ ਤਾਂ ਉਹ ਭਾਅ ਵਿੱਚ ਪੰਜਾਹ ਫ਼ੀਸਦੀ ਕਾਟ ਲਾ ਕੇ ਲੈਂਦੇ ਹਨ। ਅਤੇ ਜੇ ਥੋੜ੍ਹਾ ਜਿਹਾ ਵੱਧ ਮੀਂਹ ਪੈ ਜਾਵੇ ਪੱਕੀ ਫ਼ਸਲ ’ਤੇ, ਤਾਂ ਪਹਿਲੀ ਗੱਲ ਤਾਂ ਫ਼ਸਲ ਹੀ ਅੱਧੀ ਹੁੰਦੀ ਹੈ ਤੇ ਜਿਹੜੀ ਹੁੰਦੀ ਹੈ ਉਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿੰਦੇ ਹਨ ਤੇ ਉਹ ਰਹਿ ਜਾਂਦੀ ਹੈ ਪਸ਼ੂਆਂ ਦੀ ਖ਼ੁਰਾਕ ਦੇ ਭਾਅ ਦੀ। ਆਖ਼ਿਰ ਨੂੰ ਕਿਸਾਨ ਉਤਾਂਹ ਨੂੰ ਮੂੰਹ ਚੱਕ ਕੇ ਕਹਿੰਦਾ ਰਹਿ ਜਾਂਦਾ ਕਿ ਜਦੋਂ ਲੋੜ ਸੀ ਕਣੀਆਂ ਪਾਈਆਂ ਨਹੀਂ ਤੇ ਜਦੋਂ ਚਾਰ ਦਾਣੇ ਪੱਕੇ ਤਾਂ ਤੇਰੇ ਯਾਦ ਆ ਗਿਆ।”
ਗੱਲਾਂ ਕਰਦੇ-ਕਰਦੇ ਉਹ ਕਹਿਣ ਲੲਗੇ, “ਤੁਹਾਡੇ ਪਾਣੀ ਦਾ ਕੀ ਸਾਧਨ ਆ?”
ਮੈਂ ਦੱਸਿਆ, “ਆਜੋ ਉੱਧਰ ਮੋਟਰ ਆਲ਼ੇ ਪਾਸੇ ਨਾਲੇ ਤੁਹਾਨੂੰ ਬਠਿੰਡੇ ਵਾਲੀ ਚਾਹ ਬਣਾ ਕੇ ਪਿਆਉਨਾ।”
ਉਹ ਕਹਿੰਦੇ, “ਨਹੀਂ, ਅਸੀਂ ਤੇਰਾ ਕੰਮ ਨਹੀਂ ਖੜ੍ਹਾਉਣਾ, ਤੂੰ ਅੰਦਰੋਂ ਸਾਨੂੰ ਗਾਲ਼ਾ ਦੇਵੇਂਗਾ ਕਿ ਵਿਹਲੜ ਆ ਗਏ ਕੰਮ ਰੋਕਣ।”
ਮੈਂ ਕਿਹਾ, “ਨਹੀਂ ਭਲੇ ਮਾਣਸੋ, ਮੈਂ ਤਾਂ ਸ਼ੁਕਰ ਮਨਾਇਆ ਤੁਹਾਡੇ ਆਉਣ ’ਤੇ।”
ਮੈਂ ਉੱਥੋਂ ਕੁਝ ਸੰਤਰੇ ਤੋੜ ਕੇ ਮਜ਼ਾਕ ਵਿੱਚ ਕਿਹਾ ਕਿ ਪਹਿਲਾ ਤੁਸੀਂ ਹਾਸਤੇ-ਹਾਸਤੇ ਇੱਧਰ ਆਏ ਸੀ ਹੁਣ ਆਹ ਖਾਂਦੇ-ਖਾਂਦੇ ਮੇਰੇ ਮੋਟਰ ਵਾਲੇ ਕੋਠੇ ’ਤੇ ਆ ਜਾਓ। ਬਹਿ ਕੇ ਹੋਰ ਦੁੱਖ-ਸੁਖ ਕਰਾਂਗੇ।”
ਉਹਨਾਂ ਨੇ ਇੱਕ-ਇੱਕ ਸੰਤਰਾ ਫੜ ਲਿਆ ਤੇ ਇੱਕ-ਇੱਕ ਜੇਬ ਵਿੱਚ ਪਾ ਕੇ ਕਹਿੰਦੇ, “ਸਾਡੇ ਘਰ ਵਾਲੀਆਂ ਵੀ ਨੇ ਨਾਲ,ਅਸੀਂ ਜਾ ਕੇ ਉਹਨਾਂ ਨੂੰ ਦੇਵਾਂਗੇ।”
ਮੈਂ ਕਿਹਾ, “ਕੋਈ ਨਾ, ਜਾਂਦੇ ਉਹਨਾਂ ਲਈ ਝੋਲੀ ਭਰ ਕੇ ਹੋਰ ਲੈ ਜਾਇਓ।”
ਉਹ ਖੇਤ ਦੀ ਦੱਖਣੀ ਗੁੱਠ ’ਤੇ ਬਣੀ ਮੋਟਰ ਵੱਲ ਤੁਰ ਪਏ ਤੇ ਮੈਂ ਟਰੈਕਟਰ ਨਾਲ ਦੂਜਾ ਬਿੰਨ ਚੁੱਕਣ ਤੁਰ ਪਿਆ। ਅਸੀਂ ਇਕੱਠੇ ਜਿਹੇ ਮੋਟਰ ’ਤੇ ਪੁੱਜ ਗਏ। ਮੈਂ ਚਾਹ ਬਣਾਉਣੀ ਚਾਹੀ, ਉਹ ਕਹਿੰਦੇ ਨਹੀਂ, ਅਸੀਂ ਅੱਜ ਆਪਣੀਆਂ ਘਰ ਵਾਲੀਆਂ ਨਾਲ ਕਿਤੇ ਸ਼ਾਮ ਦਾ ਖਾਣਾ ਖਾਣ ਜਾਣਾ, ਸੋ ਹਾਲੇ ਇੱਥੇ ਹੀ ਹਾਂ ਇੱਕ ਦੋ ਦਿਨ, ਚਾਹ ਫੇਰ ਪੀ ਕੇ ਜਾਵਾਂਗੇ। ਕੁਝ ਦੇਰ ਗੱਲਾਂ ਮਾਰ ਲੈਂਦੇ ਹਾਂ ਹੋਰ।
ਮੈਂ ਛੇਤੀ ਦੇਣੇ ਮੰਜਾ ਡਾਹਿਆ ਤੇ ਕੋਲ ਦੋ ਕੁਰਸੀਆਂ ਕਰ ਲਈਆਂ। ਜੌਨ ਕੁਰਸੀ ’ਤੇ ਬਹਿ ਗਿਆ ਪਰ ਪਾਲ ਮੰਜੇ ਨੂੰ ਦੇਖ ਬੜਾ ਖ਼ੁਸ਼ ਹੋਇਆ, ਕਹਿੰਦਾ, ਇਹ ਬੜਾ ਵਧੀਆ ਹੈ। ਤੇ ਉਹ ਆ ਕੇ ਮੇਰੀ ਪੈਂਦ ਉੱਤੇ ਬੈਠ ਗਿਆ। ਮੈਂ ਕਿਹਾ ਪੈਂਦ ਤੇ ਕਾਹਨੂੰ ਬਹਿਣਾ, ਇੱਧਰ ਨੂੰ ਹੋ ਜਾ। ਉਹ ਕਹਿੰਦਾ ਕਿਉਂ ਇੱਥੇ ਕੀ ਆ? ਮੈਂ ਹੁਣ ਉਸ ਨੂੰ ਕੀ ਦੱਸਾਂ ਵੀ ਸਾਡੀ ਵੱਡੀ ਅੰਬੋ ਕਹਿੰਦੀ ਹੁੰਦੀ ਸੀ ਬਈ ਆਏ ਮਹਿਮਾਨ ਨੂੰ ਪੈਂਦ ’ਤੇ ਨਹੀਂ ਬਹਾਉਂਦੇ ਹੁੰਦੇ, ਇਹ ਉਸ ਦਾ ਨਿਰਾਦਰ ਹੁੰਦਾ। ਮੈਂ ਪਾਲ ਨੂੰ ਕਿਹਾ ਆਰਾਮਦਾਇਕ ਨਹੀਂ ਹੋਵੇਗੀ ਸੋ ਤੂੰ ਜਾ ਕੇ ਕਹੇਗਾ ਕਿ ਪੰਜਾਬੀਆਂ ਦੇ ਮੰਜੇ ’ਤੇ ਬੈਠਣਾ ਤਾਂ ਬਹੁਤ ਔਖਾ।
ਗੱਲ ਮੰਜੇ ਦੀ ਤੁਰ ਪਈ। ਉਹਨਾਂ ਦੀ ਜਿਗਿਆਸਾ ਸੀ ਕਿ ਇਹ ਕਿੱਥੇ, ਕਿਉਂ ਅਤੇ ਕਾਹਤੋਂ ਵਰਤਦੇ ਹਨ? ਮੈਂ ਸੋਚਿਆ ਜੇ ਜ਼ਿਆਦਾ ਖੁੱਲ੍ਹ ਕੇ ਦੱਸਣ ਲੱਗ ਪਿਆ ਤਾਂ ਮੇਰੀ ਅੰਗਰੇਜ਼ੀ ਮੁੱਕ ਜਾਣੀ ਹੈ। ਸੋ ਇਸ ਰੱਸੇ ਦੀ ਸਿਰੇ ਆਲ਼ੀ ਗੰਢ ਇਹ ਹੈ ਕਿ ਜਦੋਂ ਅਸੀਂ ਇਸ ’ਤੇ ਬਹਿ ਜਾਂਦੇ ਹਾਂ ਤਾਂ ਬਾਈ ਮੱਖਣ ਬਰਾੜ ਦੀ ਲਿਖਤ ਵਾਂਗ ਆਪਣੇ ਆਪ ਨੂੰ ਨਵਾਬ ਜਿਹਾ ਸਮਝਣ ਲੱਗ ਪੈਂਦੇ ਹਾਂ। ਉਹ ਹੈਰਾਨ ਜਿਹੇ ਹੋ ਕੇ ਕਹਿੰਦੇ ਤੂੰ ਕਹਿੰਦਾ ਕਿ ਇਹ ਮੰਜਾ ਹਰ ਘਰੇ ਹੁੰਦਾ ਅਤੇ ਇੱਕ ਘਰੇ ਕਈ-ਕਈ ਹੁੰਦੇ ਆ? ਮੈਂ ਕਿਹਾ ਹਾਂ। ਉਹ ਕਹਿੰਦਾ ਫੇਰ ਤਾਂ “Too Many” ਨਵਾਬ ਹੋਣੇ ਆ ਤੁਹਾਡੇ ਪੰਜਾਬ ਵਿੱਚ ਤਾਂ! ਇਹ ਕਹਿ ਕੇ ਜ਼ੋਰ ਦੀ ਹੱਸ ਪਏ। ਮੈਂ ਕੀ ਦੱਸਾਂ ਕਿ ਬੱਸ ਆਹ ਨਵਾਬੀ ਵਾਲਾ ਭਰਮ ਹੀ ਤਾਂ ਹੈ ਸਾਡੇ ਪੱਲੇ!
ਮਾਹੌਲ ਹਲਕਾ ਫੁਲਕਾ ਬਣ ਗਿਆ ਸੀ ਪਰ ਉਹ ਬੈਠਣ ਦੀ ਥਾਂ ਅੱਚਵੀ ਜਿਹੀ ਕਰ ਰਹੇ ਸਨ ਤੇ ਬਾਰ ਬਾਰ ਕਹਿ ਰਹੇ ਸਨ ਅਸੀਂ ਤੇਰਾ ਕੰਮ ਖੜ੍ਹਾ ਦਿੱਤਾ, ਸਾਨੂੰ ਹੁਣ ਜਾਣਾ ਚਾਹੀਦਾ।
ਮੈਂ ਗੱਲ ਛੇੜੀ ਪੱਛਮੀ ਆਸਟ੍ਰੇਲੀਆ ਦੇ ਇੱਕ ਵੱਡੇ ਜ਼ਿਮੀਂਦਾਰ ਤੇ ‘ਸਪੱਡ ਸ਼ੈੱਡ’ ਜਰਨਲ ਸਟੋਰਾਂ ਦੀ ਲੜੀ ਦੇ ਮਾਲਕ ਟੋਨੀ ਗੁਲਾਟੀ ਬਾਰੇ। ਜਦੋਂ ਮੈਂ ਜਾਣਨਾ ਚਾਹਿਆ ਤਾਂ ਉਹ ਕਹਿੰਦੇ ਬੰਦੇ ਦਾ ਸਿਰੜ ਅਤੇ ਮਿਹਨਤ ਵੱਡੇ-ਵੱਡੇ ਪਹਾੜ ਚੀਰ ਦਿੰਦੀ ਹੈ। ਟੋਨੀ ਨੇ ਜਿੱਥੇ ਮੁਫ਼ਤ ਵਿੱਚ ਆਲੂ ਵੰਡ ਕੇ ਵੱਡੇ ਘਰਾਣਿਆਂ ਨੂੰ ਵਕਤ ਪਾ ਦਿੱਤਾ ਸੀ, ਉੱਥੇ ਸਰਕਾਰ ਦੀ ਧੌਣ ’ਤੇ ਗੋੜ੍ਹਾ ਰੱਖ ਕੇ ਆਪਣੀ ਹੋਂਦ ਮਨਵਾਉਣ ਵਿੱਚ ਵੀ ਕਾਮਯਾਬ ਹੋਇਆ। ਉਹ ਅਸਲ ਵਿੱਚ ਇੱਕ ਦਲੇਰ, ਸਾਦਾ ਅਤੇ ਮਿਹਨਤੀ ਇਨਸਾਨ ਹੈ ਤੇ ਅੱਜ ਵੀ ਤੁਸੀਂ ਉਸ ਨੂੰ ਕਾਲੀ ਲੰਮੀ ਨਿੱਕਰ ਪਾਇਆ ਆਪਣੇ ਕਿਸੇ ਖੇਤ ਜਾਂ ਵਪਾਰ ’ਤੇ ਮਿਹਨਤ ਕਰਦਾ ਦੇਖ ਸਕਦੇ ਹੋ। ਭਾਵੇਂ ਹੁਣ ਉਹ ਇੱਕ ਸਾਮਰਾਜ ਦਾ ਮਾਲਕ ਹੈ ਪਰ ਉਸ ਨੇ ਕਦੇ ਆਪਣੇ ਪੈਰ ਜ਼ਮੀਨ ਤੋਂ ਨਹੀਂ ਚੁੱਕੇ। (ਇੱਥੇ ਜ਼ਿਕਰਯੋਗ ਹੈ ਕਿ ਟੋਨੀ ਇੱਕ ਸਧਾਰਨ ਜ਼ਿਮੀਂਦਾਰ ਸੀ ਤੇ ਉਸ ਨੇ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਮੰਡੀਆਂ ਵਿੱਚ ਰੋਲਣ ਦੀ ਥਾਂ ਸਿੱਧੀ ਲੋਕਾਂ ਵਿੱਚ ਮੁਫ਼ਤ ਵੰਡਣ ਨੂੰ ਤਰਜੀਹ ਦਿੱਤੀ ਤੇ ਅੱਜ ਉਹ ‘ਸਪੱਡ ਸ਼ੈੱਡ’ ਨਾਂ ਦੇ ਸਟੋਰਾਂ ਦੀ ਇੱਕ ਲੜੀ ਦਾ ਮਾਲਕ ਹੈ ਜਿਸ ਵਿੱਚ ਤੁਸੀਂ ਸਿੱਧੇ ਖੇਤੋਂ ਪੈਦਾ ਕੀਤੀਆਂ ਤਾਜ਼ੀਆਂ ਚੀਜ਼ਾਂ ਬਿਨਾ ਵਿਚੋਲਿਆਂ ਦੇ ਮੁਨਾਫ਼ੇ ਤੋਂ ਖ਼ਰੀਦ ਸਕਦੇ ਹੋ।)
ਤੁਰਦਿਆਂ ਤੁਰਦਿਆਂ ਨੂੰ ਮੈਂ ਪੁੱਛਿਆ, “ਤੁਹਾਡੇ ਪੱਛਮੀ ਆਸਟ੍ਰੇਲੀਆ ਵਿੱਚ ਤਾਂ ਸੀ.ਬੀ.ਐੱਚ. ਗਰੁੱਪ ਕਿਸਾਨਾਂ ਦਾ ਆਪਣਾ ਗਰੁੱਪ ਹੈ ਤੇ ਮੈਂ ਸੁਣਿਆ ਜਦੋਂ ਦਾ ਉਹ ਹੋਂਦ ਵਿੱਚ ਆਇਆ, ਕਿਸਾਨ ਸੌਖੇ ਹੋ ਗਏ?”
ਉਹ ਕਹਿੰਦੇ, “ਹੁੰਦਾ ਸੀ ਕਦੇ। ਹੁਣ ਤਾਂ ਬਲੱਡੀ ਕਾਰਪੋਰੇਟ ਘਰਾਣਿਆਂ ਦੇ ਹੱਥ ਚੜ੍ਹ ਗਿਆ। ਹੁਣ ਤਾਂ ਜੋ ਕਾਰਪੋਰੇਟ ਘਰਾਣੇ ਕਹਿੰਦੇ ਆ, ਉਹੀ ਉਹ ਕਰਦੇ ਆ।”
ਮੇਰੇ ਮੂੰਹੋਂ ਅਚਨਚੇਤ ਨਿਕਲ ਗਿਆ, “ਅੱਛਾ! ਇੱਥੇ ਵੀ ਅਡਾਨੀ ਤੇ ਅੰਬਾਨੀ ਆ ਗਏ?”
ਉਹ ਮੇਰੇ ਵੱਲ ਅਜੀਬ ਜਿਹਾ ਮੂੰਹ ਬਣਾ ਕੇ ਕਹਿੰਦਾ, “ਨਹੀਂ, ਤੁਹਾਡਾ ਅਡਾਨੀ ਤਾਂ ਕੋਲੇ ਦੀਆਂ ਖ਼ਾਨਾਂ ਵਿੱਚ ਮੂੰਹ ਮਾਰਦਾ ਫਿਰਦਾ। ਇੱਥੇ ਤਾਂ ਕਣਕ ਅਤੇ ਦਾਲਾਂ ਵਿੱਚ ਹੋਰ ਹੀ ਅਡਾਨੀ ਪੈਦਾ ਹੋਏ ਫਿਰਦੇ ਹਨ। ਪਿਛਲੇ ਦਿਨਾਂ ਵਿੱਚ ਸੀ.ਬੀ.ਐੱਚ. ਗਰੁੱਪ ਬਾਰੇ ਕਾਫ਼ੀ ਕੁਝ ਚੰਗਾ ਸੁਣਿਆ ਸੀ ਪਰ ਕਹਿੰਦੇ ਹਨ ਕਿ ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ।”
ਜੌਨ ਕਹਿੰਦਾ, “ਮੈਂਨੂੰ ਤਾਂ ਲਗਦਾ ਗਿਆਨ ਸਾਡੀ ਕੁਆਲਿਟੀ ਲਾਈਫ ਨੂੰ ਖਾ ਗਿਆ। ਸਾਡੇ ਪਿਓ ਦਾਦੇ ਅਨਪੜ੍ਹ ਸਨ। ਉਹਨਾਂ ਕੋਲ ਭਾਵੇਂ ਵਸੀਲਿਆਂ ਦੀ ਘਾਟ ਸੀ ਪਰ ਚੰਗੀ ਸਿਹਤ ਅਤੇ ਸ਼ਾਹੀ ਜ਼ਿੰਦਗੀ ਸੀ।”
ਜੌਨ ਦੀਆਂ ਗੱਲਾਂ ਦਾ ਦਰਦ ਅੱਜ ਕੱਲ੍ਹ ਪੜ੍ਹ-ਲਿਖ ਗਿਆਨਵਾਨ ਕਹਾਉਂਦੀ ਪੀੜ੍ਹੀ ’ਤੇ ਸਵਾਲੀਆ ਨਿਸ਼ਾਨ ਲਾ ਰਿਹਾ ਸੀ।
ਅਡਾਨੀ ਦੀ ਗੱਲ ਆਉਣ ’ਤੇ ਮੈਂ ਕਿਹਾ, “ਉਹ ਤਾਂ ਵਪਾਰੀ ਆ ਪਰ ਜਿਸ ਨੇ ਉਸ ਨੂੰ ਇਹ ਵਣਜ ਸ਼ੁਰੂ ਕਰਵਾਉਣ ਵਿੱਚ ਦਲਾਲੀ ਖਾਧੀ ਹੈ, ਉਸ ਦਾ ਤਾਂ ਛੇਤੀ ਹੀ ਮੂੰਹ ਕਾਲਾ ਹੋਵੇਗਾ। ਕਿਉਂਕਿ ਮੇਰਾ ਮੰਨਣਾ ਹੈ ਕਿ ਕਹਾਵਤਾਂ ਕਦੇ ਝੂਠੀਆਂ ਨਹੀਂ ਹੁੰਦੀਆਂ।”
ਉਹ ਹੈਰਾਨ ਜਿਹੇ ਹੋ ਕੇ ਕਹਿੰਦੇ, “ਤੂੰ ਜਾਣਦਾਂ ਉਸ ਦਲਾਲ ਨੂੰ?”
ਮੈਂ ਕਿਹਾ, “ਹਾਂ, ਉਸੇ ਦੇ ਸਤਾਏ ਸਾਡੇ ਕਿਸਾਨਾਂ ਨੂੰ ਵੀ ਸੱਤ ਮਹੀਨੇ ਹੋ ਗਏ ਸੜਕਾਂ ’ਤੇ ਰੁਲਦਿਆਂ ਨੂੰ।”
ਉਹ ਕਹਿੰਦੇ, “ਕੀ ਇਹ ਸੱਚ ਹੈ ਕਿ ਉਹ ਸਿਰਫ਼ ਦੋ ਘਰਾਣਿਆਂ ਦਾ ਪ੍ਰਧਾਨ ਮੰਤਰੀ ਹੈ?”
ਮੈਂ ਕਿਹਾ, “ਨਹੀਂ, ਇਹ ਸੱਚ ਨਹੀਂ, ਅਸਲ ਵਿੱਚ ਤਾਂ ਉਹ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਹੈ ਪਰ ਪਾਲਤੂ ਸਿਰਫ਼ ਦੋ ਘਰਾਂ ਦਾ।”
ਦਿੱਲੀਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਦੀ ਗੂੰਜ ਇਹਨਾਂ ਦੇ ਕੰਨਾਂ ਤਕ ਪਹਿਲਾਂ ਹੀ ਪੁੱਜ ਚੁੱਕੀ ਸੀ।
ਜੌਨ ਤੇ ਪਾਲ ਸਿਰ ਮਾਰ ਕੇ (ਗੋਰਿਆਂ ਦਾ ਕਿਸੇ ਗੱਲ ਪ੍ਰਤੀ ਹਮਦਰਦੀ ਜਿਤਾਉਣ ਦਾ ਇਹ ਵੱਖਰਾ ਅੰਦਾਜ਼ ਹੈ) ਆਪਣੇ ਭਾਵ ਪ੍ਰਗਟਾਉਂਦੇ ਹੋਏ ਵਾਹੇ ਵਾਹਣ ਵਿੱਚ ਦੀ ਤੁਰ ਪਏ। ਮੈਂ ਨਾਲ ਤੁਰ ਪਿਆ। ਗਿੱਠ ਗਿੱਠ ਲੰਮੀਆਂ ਮਿਰਚਾਂ ਮਿੱਟੀ ਵਿੱਚ ਦੱਬੀਆਂ ਦੇਖ ਕੇ ਉਹ ਕਹਿੰਦੇ, “ਅੱਛਾ ਹੁਣ ਇੱਥੇ ਦਫ਼ਨਾ ਦਿੱਤੀਆਂ ਵਿੰਗੀਆਂ ਮਿਰਚਾਂ?”
ਇਹ ਬੋਲ ਸੁਣ ਕੇ ਅਸੀਂ ਸਾਰੇ ਦਰਦ ਨਾਲ ਲਬਰੇਜ਼ ਹਾਸਾ ਹੱਸ ਪਏ ਤੇ ‘ਹਾਸਤੇ-ਹਾਸਤੇ’ ਸੰਤਰਿਆਂ ਕੋਲ ਆ ਗਏ। ਮੈਂ ਕਿਹਾ, “ਸੰਤਰੇ ਲੈਂਦੇ ਜਾਓ।”
ਉਹ ਕਹਿੰਦੇ, ਹੈਗੇ ਸਾਡੀਆਂ ਜੇਬਾਂ ‘ਚ। ਮੈਂ ਕਿਹਾ, ਇੱਕ-ਇੱਕ ਨਾਲ ਕੀ ਬਣੂ? ਮੈਂ ਤੋੜ ਕੇ ਦਿੰਨਾ ਤੁਹਾਨੂੰ, ਮਿੱਠੇ ਜਿਹੇ। ਮੈਂ ਤੋੜੀ ਜਾਵਾਂ ਤੇ ਉਹ ਕਹੀ ਜਾਣ, ਬੱਸ ਬਹੁਤ ਆ। ਪਹਿਲਾਂ ਹੀ ਇਸ ਬਾਰ ਤੇਰਾ ਖਰਚਾ ਤੁੜਵਾਈ ’ਤੇ ਬਹੁਤ ਹੋਇਆ। ਮੈਂ ਆਲਾ ਦੁਆਲਾ ਦੇਖ ਰਿਹਾ ਸੀ ਕਿ ਕਾਹਦੇ ਵਿੱਚ ਪਾਵਾਂ ਤਾਂ ਜੌਨ ਨੇ ਆਪਣੀ ਕੋਟੀ ਦੀ ਝੋਲੀ ਬਣਾ ਲਈ। ਮੈਂ ਉਸ ਦੀ ਝੋਲੀ ਵਿੱਚ ਸੰਤਰੇ ਪਾ ਕੇ ਉਹਨਾਂ ਨੂੰ ਅਲਵਿਦਾ ਕਹੀ ਤੇ ਸੋਚ ਰਿਹਾ ਸੀ ਦੁਨੀਆ ਵਿੱਚ ਸਭ ਤੋਂ ਪਹਿਲਾਂ ਸਾਰੇ ਰਿਸ਼ਤੇ ਇਨਸਾਨੀਅਤ ਦੇ ਹੁੰਦੇ ਹਨ। ਫੇਰ ਉਹ ਰਿਸ਼ਤੇ ਕਿੱਤਿਆਂ ਦੇ ਹਿਸਾਬ ਵਿੱਚ ਜੋਖੇ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਹੀ ਇੱਕ ‘ਕਿਸਾਨੀਅਤ’ ਦਾ ਰਿਸ਼ਤਾ ਜੌਨ ਤੇ ਪਾਲ ਨੂੰ ਮੇਰੇ ਕੋਲ ਖਿੱਚ ਲਿਆਇਆ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2882)
(ਸਰੋਕਾਰ ਨਾਲ ਸੰਪਰਕ ਲਈ: