“ਸਮੇਂ ਦੇ ਹਾਕਮਾਂ ਨੂੰ ਤਰਸ ਨਹੀਂ ਆਇਆ, ਉਸ ਪਿੰਡ ਨਾਲ ਮਤਰੇਆ ਸਲੂਕ ...”
(21 ਮਈ 2020)
ਪੰਜਾਬੀ ਹਾਂ, ਪੰਜਾਬੀ ਹੋਣ ’ਤੇ ਮਾਣ ਕਰਦਾ ਹਾਂ, ਮੇਰੀ ਮਾਂ ਬੋਲੀ ਪੰਜਾਬੀ ਹੈ, ਜਿਸ ਨੂੰ ਲਿਖ ਬੋਲ ਕੇ ਰੱਜ ਮਹਿਸੂਸ ਕਰਦਾ ਹਾਂ। ਆਪਣੇ ਗੁਰੂਆਂ ਦੀ ਸਿੱਖਿਆ ਮੁਤਾਬਿਕ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਥੋੜ੍ਹਾ ਮਾਇਆ ਰੂਪੀ ਅਤੇ ਬਹੁਤਾ ਸਮੇਂ ਦਾ ਦਸਵੰਧ ਕੱਢਦਾ ਹਾਂ।
ਇਹ ਉਪਰੋਕਤ ਗੱਲਾਂ ਦੱਸਣਾ ਜਾਂ ਇਹ ਲੇਖ ਲਿਖਣ ਦਾ ਮਤਲਬ ਕੋਈ ਵਡਿਆਈ ਲੈਣਾ ਨਹੀਂ ਹੈ। ਬੱਸ ਮਾਂ ਬੋਲੀ ਪ੍ਰਤੀ ਆਪਣੀ ਪੀੜ ਅਤੇ ਨਿਸ਼ਠਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਜੇਕਰ ਇਸ ਲੇਖ ਦੇ ਕਿਸੇ ਇੱਕ ਪਾਠਕ ਨੂੰ ਵੀ ਮੈਂ ਹਲੂਣਾ ਦੇਣ ਵਿੱਚ ਕਾਮਯਾਬ ਹੋ ਗਿਆ ਤਾਂ ਆਪਣੇ ਆਪ ਨੂੰ ਵਡਭਾਗਾ ਸਮਝਾਂਗਾ।
ਮੈਂ ਸ਼ੁਰੂ ਵਿੱਚ ਲਿਖਿਆ ‘ਪੰਜਾਬੀ’ ਹਾਂ। ਬਿਲਕੁਲ ਪੰਜਾਬੀ ਹਾਂ ਪਰ ਉਹ ਪੰਜਾਬੀ ਹਾਂ ਜਿਸ ਨੇ ਦੋ ਬਾਰ ਵੰਡ ਹੰਢਾਈ। ਜਿਨ੍ਹਾਂ ਨੇ ਇੱਕ ਬਾਰ ਵੰਡ ਹੰਢਾਈ, ਪੀੜ ਉਨ੍ਹਾਂ ਕੋਲ ਵੀ ਬਹੁਤ ਹੈ ਪਰ ਜਿਨ੍ਹਾਂ ਮੇਰੇ ਵਰਗਿਆਂ ਨੇ ਦੋ ਬਾਰ ਵੰਡ ਹੰਢਾਈ ਉਨ੍ਹਾਂ ਦੀ ਪੀੜ ਦੀ ਗੱਲ ਇਸ ਲੇਖ ਵਿੱਚ ਕਰਾਂਗਾ। ਪਹਿਲੀ ਵੰਡ 1947 ਦੀ ਜਿਸ ਵਿੱਚ ਪੰਜਾਬ ਜੋ ਕਿ ਮਹਾਂ ਪੰਜਾਬ ਸੀ ਉਹ ‘ਚੜ੍ਹਦਾ ’ਤੇ ‘ਲਹਿੰਦਾ’ ਬਣ ਕੇ ਰਹਿ ਗਿਆ। ਉਸ ਵਕਤ ਸਰਮਾਏ ਦੇ ਨਾਲ ਖ਼ੂਨ ਵੀ ਵੰਡਿਆ ਗਿਆ ਪਰ ਇੱਕ ਸਕੂਨ ਦੀ ਗੱਲ ਇਹ ਕਿ ਉਨ੍ਹਾਂ ਕੋਲੋਂ ਉਨ੍ਹਾਂ ਦੀ ਮਾਂ ਬੋਲੀ ਨਹੀਂ ਖੁੱਸੀ ਜਾ ਖੋਹੀ ਗਈ ਸੀ। ਪਰ ਦੂਜੀ ਵੰਡ 1966 ਦੀ ਹੈ ਜਿਸ ਨੇ ਸਾਥੋਂ ਸਾਡਾ ਪੰਜਾਬ ਵੀ ਖੋਹ ਲਿਆ ਤੇ ਪੰਜਾਬ ਦਾ ਪੁੱਤ ਕਹਾਉਣ ਦਾ ਹੱਕ ਵੀ। ਪੰਜਾਬੀ ਸੂਬੇ ਦੀ ਮੰਗ ਹੋ ਸਕਦਾ ਸਮੇਂ ਦੇ ਨੇਤਾਵਾਂ ਨੇ ਖੌਰੇ ਮਾਂ ਬੋਲੀ ਦੇ ਭਲੇ ਲਈ ਹੀ ਮੰਗੀ ਹੋਵੇਗੀ ਪਰ ਮੇਰੇ ਜਿਹੇ ਪਤਾ ਨਹੀਂ ਕਿੰਨਿਆਂ ਕੁ ਨੂੰ ਨਾਸੂਰ ਦੇ ਗਈ।
ਭਾਵੇਂ ਮੇਰਾ ਜਨਮ ਦੂਜੀ ਵੰਡ ਤੋਂ ਤਿੰਨ ਸਾਲ ਬਾਅਦ ਦਾ ਹੈ ਪਰ ਜਦੋਂ ਮੈਂ ਅੱਖ ਖੋਲ੍ਹੀ ਤਾਂ ਮਾਂ ਨੇ ‘ਪੰਜਾਬੀ’ ਬੋਲੀ ਦੀ ਗੁੜ੍ਹਤੀ ਦਿੱਤੀ। ਦਾਦੀ ਨੇ ਮਾਂ ਬੋਲੀ ਵਿੱਚ ਲੋਰੀਆਂ ਸੁਣਾਈਆਂ। ਭੈਣਾਂ ਅਤੇ ਭਰਾਵਾਂ ਨਾਲ ਨਿੱਕੀਆਂ ਨਿੱਕੀਆਂ ਲੜਾਈਆਂ ਮਾਂ ਬੋਲੀ ਵਿੱਚ ਲੜੀਆਂ। ਬਾਪ ਨੇ ਸ਼ੁੱਧ ਮਾਂ ਬੋਲੀ ਦੀਆਂ ਗਾਲ੍ਹਾਂ ਨਾਲ ਛਿੱਤਰ ਫੇਰਿਆ। ਦਾਦੇ ਨੇ ਮਾਂ ਬੋਲੀ ਵਿੱਚ ਨਸੀਹਤਾਂ ਦਿੱਤੀਆਂ ਅਤੇ ਹਾਣੀਆਂ ਨਾਲ ਰਲ ਕੇ ਮਾਂ ਬੋਲੀ ਵਿੱਚ ਹੀ ਗਲੀਆਂ ਵਿੱਚ ਖੇਡਾਂ ਖੇਡੀਆਂ ਅਤੇ ਬੁੱਲੇ ਲੁੱਟੇ।
ਮੇਰਾ ਪਿੰਡ ‘ਦੇਸੂ ਮਲਕਾਨਾ', ਜਿਸ ਨੂੰ ਜਦੋਂ ਵੀ ਮੈਂ ਨਕਸ਼ੇ ਉੱਤੇ ਦੇਖਦਾ ਹਾਂ ਤਾਂ ਮੈਂਨੂੰ ਉਸ ਦੀ ਹਾਲਤ ਉਸ ਬੱਲੇਬਾਜ਼ ਵਰਗੀ ਲਗਦੀ ਹੈ ਜੋ ਕਿ ਨੜ੍ਹਿੱਨਵੇਂ ’ਤੇ ਰਨ ਆਊਟ ਹੋ ਗਿਆ ਹੋਵੇ। ਕਿਉਂਕਿ ਮੇਰੇ ਪਿੰਡ ਦੀ ਇੱਕ ਵੱਟ ਪੰਜਾਬ ਨਾਲ ਲਗਦੀ ਹੈ ਤੇ ਮੇਰੇ ਪਿੰਡ ਵਿੱਚ ਇੱਕ ਵੀ ਘਰ ਇਹੋ ਜਿਹਾ ਨਹੀਂ ਸੀ ਜੋ ਪੰਜਾਬੀ ਤੋਂ ਛੁੱਟ ਹੋਰ ਭਾਸ਼ਾ ਬੋਲਦਾ ਹੋਵੇ। ਫੇਰ ਵੀ ਪਤਾ ਨਹੀਂ ਕਿਉਂ ਸਮੇਂ ਦੇ ਹਾਕਮਾਂ ਨੂੰ ਤਰਸ ਨਹੀਂ ਆਇਆ, ਉਸ ਪਿੰਡ ਨਾਲ ਮਤਰੇਆ ਸਲੂਕ ਕਰਨ ਲੱਗਿਆਂ?
ਪੰਜਾਬੀ ਮਾਂ ਬੋਲੀ ਦੇ ਚੁਗਿਰਦੇ ਵਿੱਚ ਪਲਿਆ ਇੱਕ ਜੁਆਕ ਜਦੋਂ ਸਕੂਲ ਦੇ ਦਰਵਾਜ਼ੇ ਮੂਹਰੇ ਅੱਖਰ ਗਿਆਨ ਤੋਂ ਕੋਰਾ ਤਸਵੀਰਾਂ ਦੇਖਦਾ ਹੈ ਤੇ ਆਪਣੇ ਬਾਪ ਤੋਂ ਪੁੱਛਦਾ ਹੈ ਕਿ ਇਹ ਕੀ ਲਿਖਿਆ ਹੈ ਤਾਂ ਉਹ ਕਹਿੰਦੇ ਲਿਖਿਆ ਹੈ ਕਿ “ਸ਼ਿਖਸ਼ਾ ਕੇ ਲੀਏ ਆਏਂ ਔਰ ਸੇਵਾ ਕੇ ਲੀਏ ਜਾਏਂ।” ਭਾਸ਼ਾ ਗਿਆਨ ਤੋਂ ਕੋਰੇ ਅਤੇ ਅਣਭੋਲ ਦਿਮਾਗ਼ ਦੇ ਖ਼ਾਨੇ ਨਹੀਂ ਵੜੀ ਇਹ ਗੱਲ। ਮਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਕਦੇ ਦੱਸੀਆਂ ਨਹੀਂ ਸਨ।
ਚਲੋ! ਪੜ੍ਹਾਈ ਸ਼ੁਰੂ ਹੋ ਗਈ ਤੇ ਇਹ ਸਿੱਖ ਗਏ ਕੇ “ਦੇਸਾਂ ਮੈਂ ਦੇਸ਼ ਹਰਿਆਣਾ, ਜਿੱਤ ਦੂਧ ਦਹੀਂ ਕਾ ਖਾਣਾ।” ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਥੇ ਇਹ ਗੱਲ ਸਾਫ਼ ਕਰ ਦੇਵਾਂ ਕਿ ਮੈਂਨੂੰ ਨਾ ਹਰਿਆਣੇ ਨਾਲ ਅਤੇ ਨਾ ਕਿਸੇ ਭਾਸ਼ਾ ਨਾਲ ਕੋਈ ਵੀ ਸ਼ਿਕਵਾ ਹੈ। ਬੱਸ ਸ਼ਿਕਵਾ ਹੈ ਤਾਂ ਇਹ ਹੈ ਕਿ ਜਿਨ੍ਹਾਂ ਸੰਘਰਸ਼ ਮੇਰੇ ਜਿਹੇ ਅਣਗਿਣਤ ਲੋਕਾਂ ਨੂੰ ਆਪਣੀ ਮਾਂ ਬੋਲੀ ਨੂੰ ਆਪਣੇ ਕੋਲ ਰੱਖਣ ਲਈ ਕਰਨਾ ਪਿਆ, ਉੱਨੇ ਵਿੱਚ ਤਾਂ ਜ਼ਿੰਦਗੀ ਰਾਹ ਪੈ ਸਕਦੀ ਸੀ।
ਭਾਵੇਂ ਘਰਦਿਆਂ ਨੇ ਊੜੇ ਅਤੇ ਜੂੜੇ ਨਾਲ ਜੋੜਨ ਦਾ ਆਪਣੇ ਵੱਲੋਂ ਸਿਰ ਤੋੜ ਯਤਨ ਕੀਤਾ ਪਰ ਅਧਿਕਾਰਤ ਸਿੱਖਿਆ ਸੰਸਥਾਨ ਨੇ ਕਿਤੇ ਜਾ ਕੇ ਸੱਤਵੀਂ ਜਮਾਤ ਵਿੱਚ ਊੜੇ ਦੇ ਦਰਸ਼ਨ ਕਰਵਾਏ। ਦਸਵੀਂ ਤਕ ਜਾਂਦੇ-ਜਾਂਦੇ ਚਾਰ ਸਾਲਾਂ ਵਿੱਚ ਚੌਥੀ ਜਮਾਤ ਦੇ ਨਿਆਣੇ ਜਿੰਨੀ ਗੁਰਮੁਖੀ ਦਾ ਗਿਆਨ ਹਾਸਿਲ ਹੋਇਆ। ਦਸਵੀਂ ਤਕ ਛੇ ਕੁ ਜਮਾਤਾਂ ਅੰਗਰੇਜ਼ੀ ਮਾਧਿਅਮ ਰਾਹੀ ਪੜ੍ਹੀਆਂ ਤੇ ਬਾਕੀ ਚਾਰ ਹਿੰਦੀ ਮਾਧਿਅਮ ਵਿੱਚ ਪੜ੍ਹ ਕੇ ਉੱਚ ਸਿੱਖਿਆ ਪੰਜਾਬ ਵਿੱਚ ਲੈਣ ਦੀ ਜ਼ਿੱਦ ਕੀਤੀ। ਮੇਰੇ ਪਿੰਡ ਤੋਂ ਉੱਨੀ ਕੁ ਦੂਰ ਮੇਰਾ ਜ਼ਿਲ੍ਹਾ ਸਿਰਸਾ ਅਤੇ ਉੱਨੀ ਕੁ ਦੂਰ ਬਠਿੰਡਾ ਸੀ। ਉਸ ਵਕਤ ਗਿਆਰ੍ਹਵੀਂ ਨੂੰ ਪਰੈਪ ਕਿਹਾ ਜਾਂਦਾ ਸੀ ਤੇ ਪੰਜਾਬੀ ਮਾਧਿਅਮ ਚੁਣ ਕੇ ਮੈਂ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਬਣਾ ਲਿਆ। ਪੜ੍ਹਾਈ ਕਾਲਜ ਦੀ ਤੇ ਗਿਆਨ ਚਾਰ ਜਮਾਤਾਂ ਦਾ। ਸਭ ਕੁਝ ਆਉਂਦੇ ਹੋਏ ਵੀ ਇਮਤਿਹਾਨ ਵਿੱਚ ਕੁਝ ਲਿਖ ਨਾ ਪਾਉਂਦਾ। ਜਦੋਂ ਕੁਝ ਲਿਖਦਾ ਤਾਂ ਵਿੱਚ ਧੱਕੇ ਨਾਲ ਹੀ ‘ਹਮ ਕੋ ਤੁਮ ਕੋ’ ਲਿਖਿਆ ਜਾਂਦਾ। ਬਹੁਤ ਪੀੜਾ ਸਹੀ। ਪਰ ਪੰਜਾਬੀ ਮੇਰੀ ਮਾਂ ਦੀ ਬੋਲੀ ਸੀ, ਉਸ ਨੇ ਤਰਸ ਦੇ ਆਧਾਰ ’ਤੇ ਛੇਤੀ ਉਂਗਲ ਫੜ ਲਈ।
ਗੱਲ ਇੱਥੇ ਖ਼ਤਮ ਹੋਣ ਵਾਲੀ ਨਹੀਂ ਸੀ। ਲੋਕ ਜ਼ਿੰਦਗੀ ਦੇ ਇੱਕੋ ਮੈਦਾਨ ਵਿੱਚ ਵੱਖੋ-ਵੱਖਰੀਆਂ ਲੜਾਈਆਂ ਲੜਦੇ ਹਨ। ਪਰ ਮੇਰੀ ਤ੍ਰਾਸਦੀ ਇਹ ਰਹੀ ਕਿ ਜਦੋਂ ਵੀ ਜ਼ਿੰਦਗੀ ਨੇ ਜੰਗ ਦੇ ਮੈਦਾਨ ਵਿੱਚ ਭੇਜਿਆ, ਉੱਥੇ ਮੁੱਦਾ ਨਹੀਂ ਬਦਲਿਆ, ਬੱਸ ਮੈਦਾਨ ਬਦਲ ਦਿੱਤਾ।
ਭਾਸ਼ਾ ਦੀ ਪਹਿਲੀ ਲੜਾਈ ਹਰਿਆਣੇ ਵਿੱਚ ਲੜੀ, ਦੂਜੀ ਪੰਜਾਬ ਵਿੱਚ ਤੇ ਤੀਜੀ ਲਈ ਮੈਦਾਨ-ਏ-ਜੰਗ ਵਿਦੇਸ਼ ਦੀ ਧਰਤੀ ਯਾਨੀ ਆਸਟ੍ਰੇਲੀਆ ਬਣ ਗਿਆ। ਤਕਰੀਬਨ ਪਿਛਲੇ ਚੌਦਾਂ ਵਰ੍ਹਿਆਂ ਤੋਂ ਇੱਥੇ ਆਪਣੀ ਮਤਰੇਈ ਮਾਂ ਯਾਨੀ ਕਿ ਅੰਗਰੇਜ਼ੀ ਨਾਲ ਦੋ ਦੋ ਹੱਥ ਕਰ ਰਿਹਾ ਹਾਂ।
ਸ਼ੁਰੂ ਵਿੱਚ ਆਪਣੀ ਮਾੜੀ ਅੰਗਰੇਜ਼ੀ ’ਤੇ ਸ਼ਰਮ ਆਉਂਦੀ ਸੀ ਪਰ ਫੇਰ ਇੱਕ ਫ਼ਿਕਰਾ ਰਟ ਲਿਆ। ਜਿੱਥੇ ਵੀ ਕਿਤੇ ਅੰਗਰੇਜ਼ੀ ਨਾਲ ਪੰਗਾ ਲੈਣਾ ਹੁੰਦਾ ਤਾਂ ਗੱਲ ਇੱਥੋਂ ਸ਼ੁਰੂ ਕਰ ਲੈਣੀ ਕਿ “ਮਾਫ਼ੀ ਚਾਹੁੰਦਾ ਹਾਂ ਮੇਰੀ ਅੰਗਰੇਜ਼ੀ ਇੰਨੀ ਚੰਗੀ ਨਹੀਂ ਹੈ ਕਿਉਂਕਿ ਇਹ ਮੇਰੀ ਮਾਤਰੀ ਭਾਸ਼ਾ ਨਹੀਂ ਹੈ। ਪਰ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੇਰੀ ਅੰਗਰੇਜ਼ੀ ਇੰਨੀ ਵੀ ਮਾੜੀ ਨਹੀਂ ਹੈ ਜਿੰਨੀ ਤੁਹਾਡੀ ਪੰਜਾਬੀ ਮਾੜੀ ਹੈ। ਮੈਂ ਹਾਲੇ ਵੀ ਤੁਹਾਨੂੰ ਟੁੱਟੀ-ਭੱਜੀ ਤੁਹਾਡੀ ਮਾਂ ਬੋਲੀ ਅੰਗਰੇਜ਼ੀ ਵਿੱਚ ਕੁਝ ਨਾ ਕੁਝ ਸਮਝਾ ਲਾਵਾਂਗਾ ਪਰ ਤੁਹਾਡੇ ਤੋਂ ਇਹ ਵੀ ਨਹੀਂ ਹੋਣਾ।”
ਉਪਰੋਕਤ ਵਰਤਾਰੇ ਨਾਲ ਬੇਗਾਨਿਆਂ ਨਾਲ ਅਤੇ ਬੇਗਾਨੀ ਭਾਸ਼ਾ ਦੀ ਇਹ ਚਿੰਤਾ ਤਾਂ ਸੌਖੀ ਹੱਲ ਹੋ ਗਈ ਪਰ ਛੇਤੀ ਹੀ ਇੱਕ ਹੋਰ ਚਿੰਤਾ ਨੇ ਆ ਘੇਰਿਆ। ਉਹ ਚਿੰਤਾ ਮੈਂਨੂੰ ਉਦੋਂ ਬਹੁਤ ਤੰਗ ਕਰਦੀ ਹੈ ਜਦੋਂ ਮੈਂ ਕਿਸੇ ਪੰਜਾਬੀ ਮਾਂ ਨੂੰ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੀ ਦੇਖਦਾ ਹਾਂ। ਮੈਂਨੂੰ ਉਨ੍ਹਾਂ ਬੱਚਿਆਂ ਵਿੱਚੋਂ ਆਪਾ ਝਲਕਦਾ ਹੈ ਅਤੇ ਪਰਵਾਸ ਅਤੇ ਵੰਡ ਦਾ ਮਾਰਿਆ ਇੱਕ ਹੋਰ ‘ਮਿੰਟੂ ਬਰਾੜ’ ਪਨਪਦਾ ਦਿਸਦਾ। ਇਹ ਵਰਤਾਰਾ ਦੇਖ ਕੇ ਕਈ ਬਾਰ ਆਪਾ ਖੋਹ ਜਾਂਦਾ ਹਾਂ ਤੇ ਇਹ ਵੀ ਭੁੱਲ ਜਾਂਦਾ ਹਾਂ ਕਿ ਤੇਰਾ ਕੀ ਹੱਕ ਹੈ ਕਿਸੇ ਨੂੰ ਇੰਝ ਟੋਕਣ ਦਾ ਜਾਂ ਕਿਸੇ ਦੀ ਜ਼ਿੰਦਗੀ ਵਿੱਚ ਦਖ਼ਲ ਦੇਣ ਦਾ।
ਅੱਜ ਤਕ ਜੇ ਵਿਦੇਸ਼ ਵਿੱਚ ਮੇਰੇ ਨਾਲ ਨਰਾਜ਼ ਹੋਣ ਵਾਲਿਆਂ ਦੀ ਗਿਣਤੀ ਕਰਾਂ ਤਾਂ ਜ਼ਿਆਦਾ ਉਹੀ ਨਿਕਲਣਗੇ, ਜਿਨ੍ਹਾਂ ਨੂੰ ਮੈਂ ਕਦੇ ਇਸ ਗੱਲ ਤੋਂ ਟੋਕਿਆ ਹੋਣਾ ਹੈ ਕਿ ਬੱਚਿਆਂ ਨਾਲ ਆਪਣੀ ਮਾਂ ਬੋਲੀ ਵਿੱਚ ਕਿਉਂ ਨਹੀਂ ਗੱਲ ਕਰਦੇ। ਮੇਰਾ ਇਹ ਵਰਤਾਰਾ ਉਨ੍ਹਾਂ ਲੋਕਾਂ ਨੂੰ ਸੜੀਅਲ ਅਤੇ ਪੇਂਡੂ ਲੱਗਦਾ ਹੈ। ਉਨ੍ਹਾਂ ਨੂੰ ਲਗਦਾ ਕਿ ਮੈਂ ਅਗਾਂਹ ਵਧੂ ਨਹੀਂ ਹਾਂ। ਪਰ ਆਪਾਂ ਵੀ ਮੋਟੀ ਪੂਛ ਵਾਲੇ ਹਾਂ, ਹੋਈ ਜਾਵੇ ਕੋਈ ਨਰਾਜ਼, ਆਪਾਂ ਆਪਣੀ ਵਿਦਵਤਾ ਝਾੜ ਹੀ ਦਿੰਦੇ ਹਾਂ।
'ਮਾਂ’ ਇਕੱਲੇ ਮੇਰੇ ਲਈ ਹੀ ਨਹੀਂ ਸਗੋਂ ਸਾਰੀ ਕਾਇਨਾਤ ਲਈ ਸਤਿਕਾਰਤ ਹੈ। ਪਰ ਮੈਂਨੂੰ ਉਹ ਮਾਂ ਵਿਹੁਵਰਗੀ ਲਗਦੀ ਹੈ ਜੋ ਆਪਣੇ ਬੱਚੇ ਨਾਲ ਬੇਗਾਨੀ ਭਾਸ਼ਾ ਵਿੱਚ ਗੱਲ ਕਰਦੀ ਹੈ।
ਬੀਤੇ ਦਿਨੀਂ ਮੈਂ ਇੱਕ ਇਹੋ ਜਿਹੀ ਨੱਬੇ ਸਾਲਾ ਮਾਂ ਨੂੰ ਇੱਕ ਸਰਕਾਰੀ ਬੁਢਾਪਾ ਘਰ ਵਿੱਚ ਮਿਲਿਆ ਸੀ ਜੋ ਬਾਰ-ਬਾਰ ਕਹਿ ਰਹੀ ਸੀ ਮੇਰਾ ਮੁੰਡਾ ਆਊਗਾ, ਮੇਰਾ ਮੁੰਡਾ ਆਊਗਾ। ਉੱਥੇ ਦੀ ਇੱਕ ਨਰਸ ਨੇ ਦੱਸਿਆ ਕਿ ਇਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਇੱਥੇ ਹੈ ਤੇ ਪਹਿਲਾਂ ਤਾਂ ਕਦੇ ਕਦੇ ਇਸਦੇ ਘਰਦਾ ਕੋਈ ਆ ਜਾਂਦਾ ਸੀ, ਹੁਣ ਨਹੀਂ ਆਉਂਦੇ। ਨਰਸ ਕਹਿੰਦੀ ਇਹ ‘ਮੁੰਡਾ’ ਕੀ ਹੁੰਦਾ? ਜਦੋਂ ਮੈਂ ਦੱਸਿਆ ਤਾਂ ਉਸ ਨੇ ਕਿਹਾ, ਅੱਛਾ! ਇਸਦੇ ਮੁੰਡੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ, ਥੋੜ੍ਹੀ ਬਹੁਤ ਸਮਝ ਲੈਂਦਾ ਹੈ। ਹੁਣ ਜਦੋਂ ਮਾਤਾ ਨੂੰ ਜ਼ਿਆਦਾ ਸੁਰਤ ਨਹੀਂ, ਸ਼ਾਇਦ ਇਸ ਲਈ ਨਹੀਂ ਆਉਂਦਾ। ਮੈਂ ਸੋਚ ਰਿਹਾ ਸੀ ਇਹ ਉਹੀ ਨਾਸਮਝ ਮਾਂ ਹੈ ਜਿਸ ਨੇ ਆਪਣੀ ਬੋਲੀ ਆਪਣੀ ਔਲਾਦ ਨੂੰ ਨਹੀਂ ਦਿੱਤੀ।
ਕਰਮ ਭੂਮੀ ’ਤੇ ਤਾਂ ਹਾਲੇ ਇਹੋ ਜਿਹੇ ਵਰਤਾਰੇ ਸੀਮਤ ਹਨ ਪਰ ਜਦੋਂ ਜਨਮ ਭੋਏਂ ਦੀ ਗੱਲ ਕਰਦੇ ਹਾਂ ਤਾਂ ਹੋਰ ਵੀ ਦੁੱਖ ਹੁੰਦਾ ਕਿ ਜਿੱਥੇ ਵਿਦੇਸ਼ ਵਸਦੀਆਂ ਜ਼ਿਆਦਾਤਰ ਮਾਵਾਂ ਮਾਂ ਬੋਲੀ ਨੂੰ ਤਰਜੀਹ ਦਿੰਦੀਆਂ ਹਨ, ਉੱਥੇ ਸਾਡੇ ਦੇਸ਼ ਵਿੱਚ ਤਾਂ ਹੋੜ ਜਿਹੀ ਲੱਗੀ ਪਈ ਹੈ ਅੰਗਰੇਜ਼ੀ ਨੂੰ ਅਪਣਾਉਣ ਦੀ। ਇੱਥੇ ਮੈਂ ਇਹ ਨਹੀਂ ਕਹਿੰਦਾ ਕਿ ਦੂਜੀਆਂ ਭਾਸ਼ਾਵਾਂ ਸਿੱਖਣਾ ਕੋਈ ਜੁਰਮ ਹੈ। ਮੇਰਾ ਤਾਂ ਸਿਰਫ਼ ਇਹ ਕਹਿਣਾ ਹੈ ਕਿ ਆਪਣਿਆਂ ਨੂੰ ਮਾਰ ਕੇ ਦੂਜਿਆਂ ਨੂੰ ਪਾਲਣਾ ਕੋਈ ਸਿਆਣਪ ਨਹੀਂ ਹੁੰਦਾ।
ਬੀਤੇ ਦਿਨੀਂ ਕਿਸੇ ਨੇ ਮੈਂਨੂੰ ਇੱਕ ਟੀ.ਵੀ. ’ਤੇ ਸਵਾਲ ਕੀਤਾ ਕਿ ਵਿਦੇਸ਼ ਵਿੱਚ ਲੋਕ ਆਪਣੇ ਬੱਚਿਆਂ ਨੂੰ ਮਾਂ ਬੋਲੀ ਵੱਲ ਅਤੇ ਦੇਸ਼ ਵਿੱਚ ਅੰਗਰੇਜ਼ੀ ਵੱਲ ਕਿਉਂ ਧੱਕੇ ਮਾਰਦੇ ਹਨ? ਮੇਰਾ ਮੰਨਣਾ ਹੈ ਕਿ ਇਸ ਪਿੱਛੇ ਇੱਕ ਡਰ ਲੁਕਿਆ ਹੋਇਆ। ਸਾਨੂੰ ਵਿਦੇਸ਼ੀਆਂ ਨੂੰ ਡਰ ਹੈ ਕਿ ਕਿਤੇ ਸਾਡੇ ਜੁਆਕ ਮਾਂ ਬੋਲੀ ਨਾ ਭੁੱਲ ਜਾਣ। ਜੇ ਭੁੱਲ ਗਏ ਤਾਂ ਦਾਦੇ-ਦਾਦੀ ਜਾਂ ਫੇਰ ਨਾਨਾ-ਨਾਨੀ ਨਾਲ ਕਿਵੇਂ ਜੁੜਨਗੇ? ਤੇ ਦੇਸ਼ ਵਿੱਚ ਇਹ ਡਰ ਸਤਾਈ ਜਾਂਦਾ ਹੈ ਕਿ ਜੇ ਸਾਡੇ ਜੁਆਕ ਨੂੰ ਅੰਗਰੇਜ਼ੀ ਨਾ ਆਈ ਤਾਂ ਉਹ ਤਰੱਕੀ ਦੀ ਦੌੜ ਵਿੱਚ ਪਛੜ ਜਾਵੇਗਾ? ਬੱਸ ਇਸੇ ਕਾਰਨ ਅਸੀਂ ਜੁਆਕਾਂ ਨੂੰ ਪੰਜਾਬੀ ਸਿਖਾਈ ਜਾਂਦੇ ਹਾਂ ਤੇ ਪੰਜਾਬ ਵਿੱਚ ਅੰਗਰੇਜ਼ੀ।
ਅਸਲ ਜ਼ਰੂਰਤ ਤਾਂ ਮੁੱਦਾ ਸਮਝਣ ਦੀ ਹੈ। ਜੇ ਅਸੀਂ ਸਹੀ ਮੁੱਦਾ ਸਮਝ ਗਏ ਤਾਂ ਅਸੀਂ ਇੱਕ ਨਹੀਂ ਕਈ-ਕਈ ਭਾਸ਼ਾਵਾਂ ਵਿੱਚ ਗਿਆਨ ਹਾਸਿਲ ਵੀ ਕਰ ਸਕਦੇ ਹਾਂ ਤੇ ਇਕਸਾਰਤਾ ਵੀ ਕਾਇਮ ਰੱਖ ਸਕਦੇ ਹਾਂ।
ਬਹੁਤ ਸਾਰੇ ਉਪਰਾਲੇ ਅਸੀਂ ਵਿਦੇਸ਼ਾਂ ਵਿੱਚ ਕਰ ਰਹੇ ਹਾਂ ਅਤੇ ਬਹੁਤ ਸਾਰੇ ਹੋਰ ਕੀਤੇ ਜਾ ਸਕਦੇ ਹਨ। ਆਸਟ੍ਰੇਲੀਆ ਦੀ ਸਰਕਾਰ ਨੇ ਸਾਡੇ ਨਾਲ ਇਸ ਕੰਮ ਵਿੱਚ ਕਦੇ ਵਿਤਕਰਾ ਨਹੀਂ ਕੀਤਾ। ਉਹ ਗੁਰ ਘਰਾਂ ਨੂੰ ਜ਼ਿਆਦਾ ਮਾਲੀ ਮਦਦ ਉਦੋਂ ਹੀ ਕਰਦੀ ਹੈ ਜਦੋਂ ਉਹ ਗੁਰੂ ਘਰ ਦੇ ਨਾਲ ਸਕੂਲ ਵੀ ਚਲਾਉਂਦੇ ਹਨ ਤੇ ਉਹ ਸਕੂਲ ਵੀ ਸਾਡੀ ਮਾਤ ਭਾਸ਼ਾ ਦਾ। ਅੱਜ ਕੱਲ੍ਹ ਤਾਂ ਸਰਕਾਰੀ ਕਾਗ਼ਜ਼ ਵੀ ਗੁਰਮੁਖੀ ਵਿੱਚ ਮੁਹਈਆ ਹਨ। ਦੋ ਭਾਸ਼ੀਆਂ ’ਤੇ ਵੀ ਸਰਕਾਰ ਬਹੁਤ ਪੈਸਾ ਖ਼ਰਚਦੀ ਹੈ। ਬਹੁਤ ਸਾਰੇ ਅਖ਼ਬਾਰ ਅਤੇ ਰਸਾਲੇ, ਰੇਡੀਓ ਅਤੇ ਟੀ.ਵੀ. ਸ਼ੋਅ ਮੁਫ਼ਤ ਵਿੱਚ ਲੋਕਾਂ ਤਕ ਪੁੱਜਦੇ ਹਨ। ਬਹੁਤ ਸਾਰੇ ਅਦਾਰੇ ਬਣ ਚੁੱਕੇ ਹਨ, ਜੋ ਪੰਜਾਬੀ ਦੇ ਸਮਾਗਮ ਅਤੇ ਤਿਉਹਾਰ ਆਦਿ ਕਰਵਾਉਂਦੇ ਰਹਿੰਦੇ ਹਨ। ਪਿਛਲੇ ਚੌਦਾਂ ਵਰ੍ਹਿਆਂ ਵਿੱਚ ਜੇ ਕਿਸੇ ਚੀਜ਼ ਨੇ ਮੈਂਨੂੰ ਸਭ ਤੋਂ ਵੱਧ ਸਕੂਨ ਦਿੱਤਾ ਹੈ ਤਾਂ ਉਹ ਹੈ ਆਸਟ੍ਰੇਲੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਹੁੰਦਾ ਦੇਖਣਾ। ਪਰ ਜਦੋਂ ਇਸੇ ਸਮੇਂ ਕਾਲ ਵਿੱਚ ਆਪਣੇ ਦੇਸ਼ ਤੋਂ ਮਾਂ ਬੋਲੀ ਦੇ ਹੋ ਰਹੇ ਘਾਣ ਦੀਆਂ ਖ਼ਬਰਾਂ ਸੁਣਦੇ ਹਾਂ ਤਾਂ ਉਹੀ ਸਕੂਨ ਖੁੱਸ ਜਾਂਦਾ ਹੈ।
ਅੱਜ ਆਧੁਨਿਕਤਾ ਦੇ ਇਸ ਦੌਰ ਵਿੱਚ ਜੋ ਤਾਕਤ ਸਾਨੂੰ ਆਪਣੀ ਭਾਸ਼ਾ ਦੇ ਪ੍ਰਸਾਰ ਕਰਨ ਲਈ ਮੁਫ਼ਤ ਵਿੱਚ ਮਿਲੀ ਹੋਈ ਹੈ (ਸੋਸ਼ਲ ਮੀਡੀਆ) ਉਹ ਵੀ ਸਾਡੇ ਤਾਂ ਹੱਡੀਂ ਬੈਠਦੀ ਜਾ ਰਹੀ ਹੈ। ਪਹਿਲਾਂ ਇੰਗਲਿਸ਼ ਤਾਂ ਸੁਣੀ ਸੀ, ਹੁਣ ਤਕਰੀਬਨ ਦਹਾਕੇ ਤੋਂ ਇੱਕ ‘ਪਿੰਗਲਿਸ਼’ ਦਾ ਜਨਮ ਹੋ ਗਿਆ। ਜਿਹੜੀ ਕਿ ਮਾਂ ਬੋਲੀ ਲਈ ਇਸ ਵਕਤ ਸਭ ਤੋਂ ਵੱਧ ਖ਼ਤਰਨਾਕ ਹੈ।
ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਬੁੱਧੀਜੀਵੀ ਜਾਂ ਤਾਂ ਖੁੱਲ੍ਹ ਕੇ ਇਸਦਾ ਸਮਰਥਨ ਕਰਦੇ ਹਨ ਜਾਂ ਫੇਰ ਜਾਣੇ-ਅਨਜਾਣੇ ਵਿੱਚ ਇਸ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਵਰਤ ਕੇ ਇਸਦਾ ਫੈਲਾਓ ਕਰਦੇ ਹਨ। ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਯੁਗ ਵਿੱਚ ਹਰ ਕੋਈ ਦਿਨ ਵਿੱਚ ਘੱਟੋ ਘੱਟ ਦਸ ਬਾਰ ਵੱਖੋ-ਵੱਖ ਮਾਧਿਅਮਾਂ ਰਾਹੀਂ ਇੱਕ ਦੂਜੇ ਨੂੰ ਸੁਨੇਹੇ ਭੇਜਦਾ ਹੈ। ਜੇਕਰ ਅਸੀਂ ਆਪਣੇ ਆਪ ਨਾਲ ਇਹ ਬਚਨ ਕਰ ਲੈਂਦੇ ਹਾਂ ਕਿ ਅੱਜ ਤੋਂ ਮੈਂ ਰੋਮਨ ਵਿੱਚ ਨਹੀਂ ਸਿਰਫ਼ ਗੁਰਮੁਖੀ ਵਿੱਚ ਪੰਜਾਬੀ ਲਿਖਾਂਗਾ ਤਾਂ ਬਹੁਤ ਵੱਡੀ ਕ੍ਰਾਂਤੀ ਆ ਸਕਦੀ ਹੈ।
ਅੱਜ ਤਾਂ ਸਾਡੇ ਕੋਲ ਗੁਰਮੁਖੀ ਨੂੰ ਇਕੱਲੇ ਟਾਈਪ ਕਰਨ ਦੇ ਹੀ ਨਹੀਂ ਬੋਲ ਕੇ ਲਿਖਣ ਦੇ ਵੀ ਸਾਧਨ ਹਾਸਿਲ ਹਨ, ਜਿਹੜੇ ਕਿ ਸੌ ਫ਼ੀਸਦੀ ਸਹੀ ਕੰਮ ਕਰਦੇ ਹਨ ਕਿਉਂਕਿ ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਗੁਰਮੁਖੀ ਦੁਨੀਆ ਦੀ ਇੱਕੋ-ਇੱਕ ਭਾਸ਼ਾ ਹੈ ਜਿਸ ਕੋਲ ਬਵੰਜਾ ਅੱਖਰ ਅਤੇ ਸਹਾਇਕ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਸਰੀਰ ਕੋਲ ਬਵੰਜਾ ਧੁਨੀਆਂ ਕੱਢਣ ਦੀ ਹੀ ਤਾਕਤ ਹੁੰਦੀ ਹੈ ਤੇ ਗੁਰਮੁਖੀ ਉਸ ਨੂੰ ਪੂਰਨ ਵਰਤ ਸਕਦੀ ਹੈ। (ਜਿਸ ਦਾ ਵਿਸਥਾਰ ਤੁਸੀਂ ਅਮਨਦੀਪ ਸਿੰਘ ਦੀ ਕਿਤਾਬ ‘ਮੁੰਦਾਵਣੀ’ ਦੇ ਇੱਕ ਲੇਖ ਵਿੱਚੋਂ ਲੈ ਸਕਦੇ ਹੋ)
ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ ਭਾਵੇਂ ਭਾਸ਼ਾ ਦੇ ਆਧਾਰ ’ਤੇ ਬਣਿਆ ਇਕਲੌਤਾ ਅਦਾਰਾ ਹੈ ਜਿਸ ਨੂੰ ਕਿ ਅਕਸਰ ਭੰਡਿਆ ਜਾਂਦਾ ਹੈ ਪਰ ਮੇਰਾ ਮੰਨਣਾ ਹੈ ਕਿ ਉਹ ਆਪਣੇ ਸੀਮਤ ਸਾਧਨਾਂ ਨਾਲ ਕਾਫ਼ੀ ਕੁਝ ਸਾਨੂੰ ਦੇ ਰਿਹਾ ਹੈ। ਨਿੱਜੀ ਤੌਰ ਉੱਤੇ ਜੇ ਮੈਂ ਅੱਜ ਪੰਜਾਬੀ ਲਿਖਣ ਦੇ ਕਾਬਿਲ ਹੋਇਆ ਹਾਂ ਤਾਂ ਇਸ ਵਿੱਚ ਵਿਸ਼ਵ ਵਿਦਿਆਲਿਆ ਵੱਲੋਂ ਬਣਾਏ ‘ਅੱਖਰ’ ਸਾਫ਼ਟਵੇਅਰ ਦਾ ਬਹੁਤ ਵੱਡਾ ਯੋਗਦਾਨ ਹੈ।
ਅਖੀਰ ਵਿੱਚ ਮੈਂ ਇਹ ਗੱਲ ਮਾਣ ਨਾਲ ਲਿਖ ਸਕਦਾ ਹਾਂ ਕਿ ਅੱਜ ਜੇ ਪਾਠਕਾਂ ਵਿੱਚ ਮੈਂ ਥੋੜ੍ਹੀ ਬਹੁਤ ਪਛਾਣ ਬਣਾਈ ਹੈ ਤਾਂ ਉਹ ਮੇਰੀ ਮਾਂ ਬੋਲੀ ਦੀ ਬਦੌਲਤ ਹੀ ਹੈ। ਮਾਂ ਬੋਲੀ ਜਿਸ ’ਤੇ ਰਹਿਮਤਾਂ ਕਰ ਦੇਵੇ, ਉਸ ਦੀਆਂ ਝੋਲੀਆਂ ਭਰ ਦਿੰਦੀ ਹੈ ਪਰ ਅਫ਼ਸੋਸ ਝੋਲੀਆਂ ਭਰ ਕੇ ਇਸਦੇ ਉਹੀ ਪੁੱਤ ਅਕਸਰ ਕਪੁੱਤ ਬਣ ਕੇ ਕੈਮਰਿਆਂ ਮੂਹਰੇ ਚੌੜੇ ਹੋ-ਹੋ ਕਹਿੰਦੇ ਹਨ ਕਿ ਅਸੀਂ ਤਾਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2143)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)