BalbirMadhopuri7ਸਮਾਨ ਬਾਹਰ ਸੁੱਟਣ ਲਈ ਨਿਰਮਾਣ ਵਿਭਾਗ ਦੇ ਬੰਦੇ ਆਏ ਸੀ, ਅਸੀਂ ਸਾਰਿਆਂ ਨੇ ...
(6 ਮਈ 2021)

 

ਮੇਰੇ ਵਿਆਹ ਦੀ ਮੇਰੇ ਸਣੇ ਗਿਆਰਾਂ ਜਾਂਞੀਆਂ ਦੀ ਬਰਾਤ ਸਹੁਰੇ ਪਿੰਡ ਢੁੱਕੀ। ਸਵਾਗਤ ਵਿਚ ਹੋਰਾਂ ਗੀਤਾਂ ਸਮੇਤ ਜ਼ਨਾਨੀਆਂ ਸਿੱਠਣੀਆਂ ਦੇਣ ਲੱਗੀਆਂ ਜਿਨ੍ਹਾਂ ਵਿੱਚੋਂ ਕੁਝ ਦੇ ਬੋਲ ਇਸ ਤਰ੍ਹਾਂ ਸਨ:

ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਞ ਤਾਂ ਸੱਜਦੀ ਨੲ੍ਹੀਂ
ਨਿਲੱਜਿਓ
, ਲੱਜ ਧੁਆਨੂੰ ਨਈਂ।

...

ਬਰਾਤੀਆਂ ਨੂੰ ਬਾਜਾ ਨਾ ਜੁੜਿਆ
ਢਿੱਡ ਵਜਾਉਂਦੇ ਆਏ ...।

ਤੀਵੀਆਂ ਸੁਣਾ-ਸੁਣਾ ਕੇ ਕਹਿੰਦੀਆਂ, ‘ਕਹਿੰਦੇ ਸੀ ਮੁੰਡਾ ਅਬਸਰ ਲੱਗਾ ਆ - ਨਾ ਵੀਡੀਓ ਫਿਲਮ ਬਣਾਉਣ ਆਲਾ ਲਿਆਂਦਾ ... ਨਾ ਕੁਛ ਹੋਰ, ਜਿੱਦਾਂ ਨਿਰੀ ਵਿਆਂਹਦੜ ਕੁੜੀ ਲੈਣ ਆਇਓ ਹੋਣ ... ਕੁਛ ਤਾਂ ਰੌਣਕ ਚਾਹੀਦੀ ਆ ...।’

‘ਮੈਂ ਤਾਂ ਸੁਣਿਆ, ਕਹਿੰਦੇ ਦਾਜ ਨਹੀਂ ਲੈਣਾ!’ ਇਕ ਹੋਰ ਜ਼ਨਾਨੀ ਨੇ ਗੱਲ ਕੀਤੀ।

‘ਮੁਫਤ ਦਾ ਮਾਲ ਕਿਹਨੂੰ ਮਾੜਾ ਲਗਦਾ - ਹੁਣ ਨਹੀਂ ਤਾਂ ਰਾਤ-ਬਰਾਤੇ ਪੁਚਾ ਦੇਣਗੇ - ਨਾਲੇ ਲੋਕੀਂ ਏਦਾਂ ਈ ਕਹਿੰਦੇ ਆ ਭੈਣੇ - ਮਗਰੋਂ ਆਣੀ ਹੋਰ ਮੰਗਣ ਡਹਿ ਪੈਂਦੇ ਆ।’

... ਤੇ ਦੋ-ਢਾਈ ਘੰਟਿਆਂ ਦੇ ਵਿਆਹ ਪਿੱਛੋਂ ਇਕ ਦੁਬਿਧਾ ਭਰੀ ਸੋਚ ਤੰਗ ਕਰਨ ਲੱਗੀ ਜੋ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਮੈਨੂੰ ਅੰਦਰੋ-ਅੰਦਰ ਘੁਣ ਵਾਂਗ ਖਾਈ ਜਾ ਰਹੀ ਸੀ। ਉਹ ਸੀ ਮੁਕਲਾਵੇ ਵਾਲੀ ਰਾਤ ਤੇ ਵਿਆਹੁਤਾ ਜ਼ਿੰਦਗੀ। ਮਾਨਸਿਕ ਡਰ ਹੋਰ ਸੰਘਣਾ ਹੁੰਦਾ ਗਿਆ। ਮਹਿਸੂਸ ਹੁੰਦਾ ਜਿਵੇਂ ਕੋਈ ਬਲਾ, ਕੋਈ ਪਹਾੜ ਮੇਰੇ ’ਤੇ ਆ ਡਿਗਿਆ ਹੋਵੇ। ਇਸ ਫ਼ਿਕਰ ਕਾਰਨ ਮੇਰਾ ਅੱਠ-ਦਸ ਕਿਲੋ ਭਾਰ ਪਹਿਲਾਂ ਹੀ ਘਟ ਗਿਆ ਹੋਇਆ ਸੀ। ਕਈ ਮਖ਼ੌਲ ਕਰਦੇ, ‘ਪਹਿਲਾਂ ਈ ਸੁੱਕਦਾ ਜਾਨਾ, ਕੋਈ ਨਹੀਂ, ਫਿੱਟ ਜਾਊਂਗਾ ਦਿਨਾਂ ਵਿਚ ਈਕਈਆਂ ਨੂੰ ਵਿਆਹ ਦੇਸੀ ਘੇ ਆਂਙੂੰ ਲਗਦਾ।’

ਮੈਂ ਆਪਣੀ ਪਤਨੀ ਨੂੰ ਲੈ ਕੇ ਪੰਜਵੇਂ ਦਿਨ ਦਿੱਲੀ ਆ ਗਿਆ। ਮਹੀਨੇ-ਡੇਢ ਮਹੀਨੇ ਵਿਚ ਮੇਰਾ ਵਜ਼ਨ ਪਹਿਲਾਂ ਜਿੰਨਾ ਹੋ ਗਿਆ ਤੇ ਮਨ ਉੱਚੀਆਂ ਹਵਾਵਾਂ ਵਿਚ ਉੱਡਣ ਲੱਗਾ। ਪਰ ਇਹ ਰੌਂਅ ਬਹੁਤੇ ਦਿਨ ਬਰਕਰਾਰ ਨਾ ਰਿਹਾ ਤੇ ਚਾਰ-ਪੰਜ ਮਹੀਨਿਆਂ ਵਿਚ ਮੈਂ ਹਕੀਕਤ ਦੀ ਜ਼ਮੀਨ ਉੱਤੇ ਆ ਗਿਆਪ੍ਰਤੱਖ ਦਿਸਦੀ ਚਿੰਤਾ ਨੇ ਜਿਵੇਂ ਮੇਰੇ ਪਰ ਕੱਟ ਦਿੱਤੇ ਹੋਣ।

ਦਰਅਸਲ ਮਕਾਨਾਂ, ਦੋ ਭੈਣਾਂ, ਆਪਣੇ ਤੇ ਵੱਡੇ ਭਰਾ ਦੇ ਵਿਆਹਾਂ ਨੇ ਮੈਨੂੰ ਆਰਥਿਕ ਤੰਗੀਆਂ ਦੇ ਡੂੰਘੇ ਸਮੁੰਦਰਾਂ ਵਿਚ ਸੁੱਟ ਦਿੱਤਾ ਹੋਇਆ ਸੀ ਜਿਸ ਵਿੱਚੋਂ ਬਾਹਰ ਨਿਕਲਣ ਲਈ ਮੈਂ ਹਰ ਸੰਭਵ ਕੋਸ਼ਿਸ਼ ਕਰਦਾ। ਜੀ.ਪੀ. ਫੰਡਡ ਵਿੱਚੋਂ ਵਾਰ-ਵਾਰ ਰਕਮਾਂ ਕਢਾਉਂਦਿਆਂ ਤਨਖ਼ਾਹ ਦੋ ਹਜ਼ਾਰ ਰੁਪਏ ਤੋਂ ਵੀ ਘਟ ਗਈ। ਇਸ ਵਿੱਚੋਂ ਤੀਜਾ ਹਿੱਸਾ ਮੈਂ ਆਪਣੇ ਲਈ ਤੇ ਬਾਕੀ ਮਾਧੋਪੁਰ ਤੇ ਵੱਡੇ ਭਰਾ ਨੂੰ ਗੁਜ਼ਾਰਾ ਚਲਾਉਣ ਲਈ ਦੇ ਦਿੰਦਾ।

ਵਿਆਹ ਦੇ ਛੇ ਕੁ ਸਾਲਾਂ ਵਿਚ ਮੈਂ ਤਿੰਨ ਬੱਚਿਆਂ ਦਾ ਬਾਪ ਬਣ ਗਿਆ। ਤੀਜੀ ਭੈਣ ਦਾ ਵਿਆਹ ਕਰ ਦਿੱਤਾ। ਕਿਸ਼ਤ ਜ਼ਿਆਦਾ ਕੱਟ ਹੋਣ ਲੱਗੀ। ਮਹਿੰਗਾਈ ਤੇ ਹੋਰ ਖਰਚਿਆਂ ਵਿਚ ਵਾਧੇ ਨੇ ਘਰ ਦੇ ਮਾਹੌਲ ਵਿਚ ਮਾਨਸਿਕ ਤਣਾਅ ਪੈਦਾ ਕਰ ਦਿੱਤਾ। ਨਤੀਜੇ ਵਜੋਂ ਇਕ ਦਿਨ ਵੱਡੇ ਭਰਾ ਨੇ ਤਲਖ਼ੀ ਨਾਲ ਆਖਿਆ, “ਤੂੰ ਹਰੇਕ ਮਹੀਨੇ ਕਹਿਨਾ ਪਈ ਮਕਾਨ ਕਿਰਾਏ ’ਤੇ ਦੇਖ ਲਊਂਗਾ, ਜਾਂਦਾ ਤਾਂ ਹੈ ਨਹੀਂਅੱਠ ਸੌ ਦਿੰਨਾਂ - ਉਹਦੇ ਨਾਲ ਰੋਟੀ ਚਲਦੀ ਆ? ਉੱਤੋਂ ਤੇਰੇ ਯਾਰ-ਦੋਸਤ ਡਾਰਾਂ ਬੰਨ੍ਹ ਕੇ ਤੁਰੇ ਰਹਿੰਦੇ ਆ। ਜਦੋਂ ਜੁਦੇ-ਬਾਹਰੇ ਹੋਇਆਂ ਦੇ ਸਿਰ ਪਈ ਤਾਂ ਫੇ ਪਤਾ ਲੱਗੂ ਕਿ ਦਾਲਾਂ-ਆਟੇ ਦੇ ਕੀ ਭਾਅ ਆਨਾਲੇ ਘਰ ਕਿੱਦਾਂ ਚਲਦੇ ਆ।’

‘ਜਿਹੜਾ ਅੱਠ ਸੌ ਪਿੰਡ ਭੇਜਦਾਂ, ਉਹ ਕਿਸੇ ਗਿਣਤੀ ਵਿਚ ਨਹੀਂ?’ ਮੈਂ ਦਲੀਲ ਦਿੱਤੀ, ‘ਨਾਲੇ ਪਹਿਲਾਂ ਤੁਸੀਂ ਕਹਿੰਦੇ ਸੀ - ਕੋਈ ਨਹੀਂ ਫੰਡ ਕਢਾ ਲਾ, ਰਲਮਿਲ ਕੇ ਗੁਜ਼ਾਰਾ ਕਰ ਲਮਾਂਗੇ!’

‘ਤੁਸੀਂ ਇੱਥੋਂ ਜਾਓ, ਜਿੰਦਗੀ ਦੇ ਚਾਰ ਦਿਨ ਅਸੀਂ ਬੀ ਸਉਖੇ ਕੱਟ ਲਈਏ!’ ਭਾਬੀ ਨੇ ਸੌ ਦੀ ਇਕ ਸੁਣਾ ਦਿੱਤੀ

ਮੈਨੂੰ ਲੱਗਿਆ ਜਿਵੇਂ ਘਰ-ਪਰਿਵਾਰ ਨੂੰ ਅੱਗੇ ਲਿਜਾਣ ਦੇ ਮੇਰੇ ਖ਼ਿਆਲਾਂ ਦੀ ਇਮਾਰਤ ਪਿਛਲੇ ਦਿਨੀਂ ਢਾਹੀ ਬਾਬਰੀ ਮਸਜਿਦ ਵਾਂਗ ਢਹਿ ਢੇਰੀ ਕਰ ਦਿੱਤੀ ਗਈ ਹੋਵੇ ਜਿਸ ਨੂੰ ਬਰਕਰਾਰ ਰੱਖਣ ਦਾ ਮੇਰਾ ਦ੍ਰਿੜ੍ਹ ਇਰਾਦਾ ਸੀ। ਮੈਨੂੰ ਜਾਪਿਆ ਜਿਵੇਂ ਵਾਦ-ਸੰਵਾਦ ਦੀ ਜੜ੍ਹ ਖਤਮ ਕਰ ਦਿੱਤੀ ਗਈ ਹੋਵੇ ਤੇ ਭਵਿੱਖ ਨੂੰ ਵਿਚਾਰਿਆ ਹੀ ਨਾ ਗਿਆ ਹੋਵੇ। ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਉਨ੍ਹਾਂ ਲਈ ਪੈਸੇ ਬਣਾਉਣ ਵਾਲੀ ਮਸ਼ੀਨ ਤੋਂ ਵੱਧ ਕੁਝ ਨਾ ਹੋਵਾਂ।

ਉਸ ਸਵੇਰ ਮੈਂ ਆਪਣੇ ਦੋਸਤ, ਵਿਚੋਲੇ ਤੇ ਪਤਨੀ ਦੇ ਮਾਮੇ ਦੇ ਪੁੱਤ ਮਿਸਰਦੀਪ ਭਾਟੀਆ ਕੋਲ ਗਿਆ। ਦੱਖਣ-ਪੱਛਮ ਦਿੱਲੀ ਦੀਆਂ ਦੂਰ-ਨੇੜੇ ਦੀਆਂ ਬਸਤੀਆਂ ਵਿਚ ਖੱਜਲ-ਖੁਆਰ ਹੋਣ ਪਿੱਛੋਂ ਸਾਨੂੰ ਮੁਨੀਰਕਾ ਵਿਚ ਕਮਰਾ ਮਿਲ ਗਿਆ। ਮੇਰਾ ਦਫ਼ਤਰ ਤੇ ਵੱਡੀ ਧੀ ਦਾ ਸਕੂਲ ਕਿਲੋਮੀਟਰ ਦੇ ਕਰੀਬ। ... ਨਵੇਂ-ਨਵੇਂ ਬਣੇ ਮਕਾਨ ਵਿਚ ਅਸੀਂ ਨਵੇਂ ਭਾਂਡਿਆਂ ਵਿਚ ਦਾਲ-ਸਬਜ਼ੀ ਰਿੱਧੀ ਤੇ ਰੋਟੀ ਖਾਧੀ। ਪੰਜ ਜਣਿਆਂ ਦਾ ਸਾਡਾ ਟੱਬਰ ਇਕ ਰਜਾਈ ਵਿਚ ਬੈੱਡ ਉੱਤੇ ਸੁੱਤਾ। ਨਾ ਹੋਰ ਮੰਜਾ ਨਾ ਕੱਪੜਾ, ਪਰ ਕਿਤਾਬਾਂ ਮੇਰੇ ਅੰਗ-ਸੰਗ।

ਇੱਥੇ ਰਹਿਣ ਦੇ ਪਹਿਲੇ ਦੋ-ਤਿੰਨ ਦਿਨਾਂ ਵਿਚ ਛੋਟੇ ਭਰਾ ਵਰਗਾ ਮਦਨ ਵੀਰਾ ਆਪਣੀ ਪਤਨੀ ਨਾਲ ਜੁੜਵੇਂ ਬੱਚਿਆਂ ਨੂੰ ਲੈ ਕੇ ਮਿਲਣ ਆਇਆ। ਅਸੀਂ ਪਤੀ-ਪਤਨੀ ਇਕ ਦੂਜੇ ਦੇ ਮੂੰਹ ਵਲ ਦੇਖਣ ਲੱਗੇ।

‘ਮਦਨ, ਆਹ ਰੱਦੀ ਬਿੱਲੇ ਲਾਈਏ ਪਹਿਲਾਂ, ਗੰਦ ਪਿਆ ਆ’ ਬਹਾਨੇ ਨਾਲ ਮੈਂ ਖੰਡ ਤੇ ਬਿਸਕੁਟ ਲੈ ਆਇਆ। ਤਨਖ਼ਾਹ ਮਕਾਨ ਦਾ ਅਗਾਉਂ ਕਿਰਾਇਆ ਤੇ ਰਸੋਈ ਦਾ ਨਿਕਸੁਕ ਲਿਆਉਣ ਨਾਲ ਪਹਿਲਾਂ ਹੀ ਮੁੱਕ ਗਈ ਸੀ।

‘ਪਹਿਲੀ ਵਾਰੀ ਨਿਆਣੇ ਲੈ ਕੇ ਆਈ ਸੀ - ਸਾਡੇ ਕੋਲੋਂ ਦਸ ਰੁਪਏ ਵੀ ਨਾ ਜੁੜੇ ਉਨ੍ਹਾਂ ਲਈ!’ ਪਤਨੀ ਨੇ ਭਰੇ ਮਨ ਨਾਲ ਕਿਹਾ।

ਦੂਜੇ ਬੰਨੇ, ਮੈਂ ਆਪਣੀਆਂ ਸੋਚਾਂ ਵਿਚ ਭੱਜ-ਟੁੱਟ ਰਿਹਾ ਸੀ। ਮੈਂ ਜਦੋਂ ਦਫ਼ਤਰੋਂ ਆਉਂਦਾ ਤਾਂ ਮਕਾਨ ਮਾਲਕ ਆਪਣੀ ਬੈਠਕ ਮੋਹਰੇ ਹੁੱਕਾ ਪੀਂਦਾ ਅਕਸਰ ਪੁੱਛਦਾ, ,ਭਾਈ, ਨਰਾਜ ਮੱਤ ਹੋਨਾ, ਆਪ ਕਿਸ ਜਾਤੀ ਕੇ ਹੋ?’

‘ਹਮ ਸਿੱਖ ਹੈਂ!’ ਮੈਂ ਆਪਣੀ ਪੱਗ ਸੁਆਰਦਿਆਂ ਦੱਸਿਆ।

'ਗੁੱਸਾ ਨਾ ਕਰਨਾ, ਮੈਂ ਏਕ ਵਾਰ ਰੇਲ ਗਾੜੀ ਮੇਂ ਬੈਠ ਕਰ ਆਗਰਾ ਸੇ ਦਿੱਲੀ ਆ ਰਹਾ ਥਾ - ਏਕ ਸਰਦਾਰ ਔਰ ਉਸ ਕੀ ਬੀਵੀ ਭੀ ਪਾਸ ਬੈਠੇ ਥੇ। ਅੱਛੇ ਕੱਪੜੇ ਪਹਿਨੇ ਹੂਏ ਥੇ, ਆਦਮੀ ਪੜ੍ਹਾ-ਲਿਖਾ ਲਗਤਾ ਥਾ। ਔਰ ਮੈਂ ਪੰਜਾਬ ਕੇ ਬਾਰੇ ਕਈ ਬਾਤੇਂ ਉਸ ਸੇ ਪੂਛਤਾ ਰਹਾ - ਜਾਨਤਾ ਰਹਾ ...

‘ਅੱਛਾ!’

... ਤੋ ਮੈਂ ਉਸ ਸੇ ਉਸ ਕੀ ਜਾਤੀ ਪੂਛੀ! ਤੁਮ੍ਹਾਰੀ ਤਰਹ ਉਸ ਨੇ ਭੀ ਅਪਨੇ ਕੋ ਸਿੱਖ ਬਤਾਇਆ। ਮੈਨੇ ਕਹਾ - ਸਿਖੋਂ ਮੇਂ ਭੀ ਜਾਤੀਆਂ ਹੈਂ, ਆਪ ਕਿਸ ਜਾਤੀ ਕੇ ਹੋ? ਪਹਿਲੇ ਤੋ ਵੋਹ ਝਿਜਕਤਾ ਰਹਾ - ਆਖ਼ਿਰ ਉਸ ਨੇ ਬਤਾਇਆ ਕਿ ਮੈਂ ਰਾਮਦਾਸੀਆ ਹੂੰ ...।’

‘ਚਲੋ ਬਾਤਚੀਤ ਮੇਂ ਅੱਛਾ ਵਕਤ ਕਟ ਗਯਾ ਹੋਗਾ ...

‘ਜਬ ਉਸ ਨੇ ਅਪਨੇ ਕੋ ਰਾਮਦਾਸੀਆ ਬਤਾ ਦੀਆ ਤੋ ਉਸ ਕੇ ਆਗੇ ਮੈਂ ਕਿਆ ਬਾਤ ਕਰਨੀ ਥੀ - ਮੈਂ ਦੂਸਰੀ ਤਰਫ਼ ਮੂੰਹ ਕਰ ਕੇ ਬੈਠ ਗਯਾ!’ ਬਜ਼ੁਰਗ ਗੁੱਜਰ ਨੇ ਫ਼ਖ਼ਰ ਨਾਲ ਦੱਸਿਆ।

‘ਅਗਰ ਵੋਹ ਝੂਠ ਬੋਲ ਕਰ ਊਂਚੀ ਜਾਤੀ ਕਾ ਬਤਾ ਦੇਤਾ ਤੋ?’

... ਤੋ ਪਾਪ ਕਾ ਅਧਿਕਾਰੀ ਹੋਤਾ!’ ਇਹ ਕਹਿ ਕੇ ਉਹਨੇ ਕੋਲ ਪਈ ਰੰਮ ਦੀ ਬੋਤਲ ਗਲਾਸ ਵਿਚ ਉਲੱਦੀ ਤੇ ਸੁੱਕੀ ਹੀ ਇੱਕੋ ਸਾਹੇ ਚਾੜ੍ਹ ਗਿਆ।

ਮੇਰੇ ਮਨ ਵਿਚ ਉਸ ਅਨਪੜ੍ਹ ਬਜ਼ੁਰਗ ਬਾਰੇ ਬੁਰੇ ਖ਼ਿਆਲ ਆਉਂਦੇ। ਮੈਨੂੰ ਲੱਗਿਆ ਜ਼ਲਾਲਤ ਦਾ ਦੌਰ ਸ਼ੁਰੂ ਹੋ ਗਿਆ ਹੈ। ਨਿੱਤ ਦੀ ਪੁੱਛ-ਪੜਤਾਲ ਤੋਂ ਤੰਗ ਆ ਕੇ ਮੈਂ ਹੋਰ ਮਕਾਨ ਦੀ ਤਲਾਸ਼ ਕਰਨ ਲੱਗਾ।

ਇਕ ਵਾਕਿਫ਼ ਪਰਿਵਾਰ ਦੀ ਔਰਤ ਕੋਲ ਮੈਂ ਆਰ.ਕੇ. ਪੁਰਮ ਦੇ ਸੈਕਟਰ ਸੱਤ ਵਿਚ ਗਿਆ। ਉਹ ਛੱਤ ਉੱਤੇ ਧੁੱਪੇ ਬੈਠੀ ਸਵੈਟਰ ਬੁਣ ਰਹੀ ਸੀ।

‘ਤੁਸੀਂ ਪੰਜ ਹਜ਼ਾਰ ਅਡਵਾਂਸ ਦੇ ਜਾਓ, ਇਹ ਕੁਆਟਰ ਅਸੀਂ ਧੁਆਨੂੰ ਦੇ ਦਿਆਂਗੇ। ਅੱਜਕੱਲ੍ਹ ਇਨ੍ਹਾਂ ਕਲਾਸ ਫੋਰ ਕੁਆਟਰਾਂ ਦਾ ਦਸ-ਦਸ ਹਜ਼ਾਰ ਅਡਵਾਂਸ ਚਲਦਾ। ਆਪਣੀ ਤਾਂ ਘਰ ਆਲੀ ਗੱਲ ਆ!’

ਅਸੀਂ ਨਵੇਂ ਮਕਾਨ ਵਿਚ ਚਾਅ ਨਾਲ ਰਹਿਣ ਲੱਗੇ। ਪਰ ਬੇਟੀ ਦਾ ਸੈਕਟਰ ਤਿੰਨ ਵਿਚਲਾ ਸਕੂਲ ਦੂਰ ਹੋ ਗਿਆ। ਨਾ ਮੇਰੇ ਕੋਲ ਸਾਇਕਲ ਤੇ ਨਾ ਬੱਸ ਤੋਂ ਸਿਵਾ ਕੋਈ ਸਾਧਨ। ਗਰਮੀਆਂ ਦੀਆਂ ਸਿਖਰ ਦੁਪਹਿਰਾਂ ਨੂੰ ਉਹਨੂੰ ਸਕੂਲੇ ਲੈਣ ਜਾਂਦਾ, ਘਰ ਛੱਡ ਕਾਹਲੀ ਨਾਲ ਦਫ਼ਤਰ ਨੂੰ ਮੁੜਦਾ। ਸੋਚਾਂ ਆਉਂਦੀਆਂ, ਜੇ ਵੱਡਾ ਭਰਾ ਸਕੂਲ ਦਾ ਸੈਸ਼ਨ ਪੂਰਾ ਕਰਵਾ ਦਿੰਦਾ ਤਾਂ ਕੀ ਲੋਹੜਾ ਆ ਜਾਣਾ ਸੀ? ਮਾਂ ਦੇ ਉਹ ਬੋਲ ਮੈਨੂੰ ਮੁੜ-ਮੁੜ ਯਾਦ ਆਉਂਦੇ, ‘ਹੁਣ ਤਿੰਨ ਘਰ ਬਣ ਗਏ। ‘ਕੱਠੇ ਰਹਿੰਦੇ ਤਾਂ ਇਨ੍ਹਾਂ ਦੋਹਾਂ ਛੋਟੇ ਕੁੜੀ-ਮੁੰਡੇ ਦੇ ਵਿਆਹ ਕਰ ਕੇ ਜਿੱਦਾਂ ਮਰਜੀ ਜੁਦੇ ਜੁਦੇ ਰਹਿ ਲੈਂਦੇ।’

ਖ਼ੈਰ, ਇਸੇ ਹਾਲਤ ਵਿਚ ਪੰਜ ਮਹੀਨੇ ਲੰਘ ਗਏ ਕਿ ਇਕ ਮੋਟੀ ਜ਼ਨਾਨੀ ਸਾੜ੍ਹੀ ਸੰਭਾਲਦੀ ਅੰਦਰ ਆ ਵੜੀ। ਉੱਚੀ-ਉੱਚੀ ਬੋਲਣ ਲੱਗੀ, ‘ਤੁਮ ਕੌਨ ਹੋ? ਮੇਰੇ ਕਵਾਟਰ ਮੇਂ ਬਿਨਾਂ ਪੂਛੇ ਕੈਸੇ ਘੁਸ ਆਏ ਹੋ?’

ਔਰਤ ਦੇ ਰੂਪ ਵਿਚ ਆਈ ਇਸ ਨਵੀਂ ਸਮੱਸਿਆ ਨੇ ਸਾਡੀਆਂ ਪ੍ਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਦਿੱਤਾ। ਉਹ ਜ਼ਨਾਨੀ ਬੈੱਡ ਉੱਤੇ ਬਹਿ ਗਈ ਤੇ ਰੋਹਬ ਨਾਲ ਗੱਲ ਕਰਨ ਲੱਗੀ। ਅਸੀਂ ਇਕ-ਦੂਜੇ ਵੱਲ ਦੇਖਣ ਲੱਗੇ। ਨਿਆਣੇ ਕੰਨ ਕੋਲ ਮੂੰਹ ਕਰ ਕੇ ਸਾਨੂੰ ਪੁੱਛਦੇ, ‘ਇਹ ‘ਟੁਨਟੁਨ’ ਕਦੋਂ ਜਾਵੇਗੀ - ਸਾਰਾ ਬੈੱਡ ਮੱਲ ਕੇ ਪੈ ਗਈ ਆ - ਅਸੀਂ ਕਿੱਥੇ ਸੌਣਾ?’

‘ਮੇਰੇ ਪਾਸ ਕਿਰਾਇਆ ਪਹੁੰਚਤਾ ਰਹਤਾ ਤੋ ਮੇਰੇ ਕੋ ਕਿਆ ਇਤਰਾਜ ਥਾ ...।’ ਉਸ ‘ਮਾਲਕਣ’ ਨੇ ਚਾਹ-ਪਾਣੀ ਪੀਣ ਪਿੱਛੋਂ ਕਿਹਾ।

‘ਹਮਾਰੇ ਸੇ ਤੋ ਵੋਹ ਪਾਂਚ ਹਜ਼ਾਰ ਅਡਵਾਂਸ ਲੇ ਗਏ ਥੇ ਔਰ ਪਾਂਚ ਸੌ ਰੁਪਏ ਮਹੀਨਾ ਕਿਰਾਏ ਕਾ ਵਸੂਲ ਕਰ ਰਹੇ ਹੈਂ। ਉਨਹੋਂ ਨੇ ਹਮਾਰੇ ਕੋ ਕਹਾ ਥਾ, ਬੇਫ਼ਿਕਰ ਹੋ ਕਰ ਰਹੋ। ਹਮ ਨੇ ਸਾਰੀ ਬਾਤ ਕਰ ਰੱਖੀ ਹੈ, ਪਾਂਚ ਸੌ ਅਡਵਾਂਸ ਮੇਂ ਕਟਤਾ ਰਹੇਗਾ!’ ਅਸੀਂ ਦੱਸਿਆ।

‘ਯਾਨੀ ਏਕ ਹਜ਼ਾਰ ਕਿਰਾਇਆ! ਖ਼ੁਦ ਤੋ ਪਾਂਚ ਸੌ ਦੇਤੀ ਰਹੀ ਅਬ ਤਕ ਅਪਨੇ ਕਿਰਾਏ ਕਾ!’ ਮਾਲਕਣ ਨੇ ਦੱਸਿਆ। ਗੱਲਾਂ ਸੁਣ-ਸੁਣ ਅਸੀਂ ਹੈਰਾਨ ਹੁੰਦੇ ਗਏ। ਉਹਤੋਂ ਥੋੜ੍ਹਾ ਵਕਤ ਲੈ ਕੇ ਜਿਵੇਂ-ਕਿਵੇਂ ਅਸੀਂ ਉਹਨੂੰ ਪਿਛਲਾ ਕਿਰਾਇਆ ਦਿੱਤਾ।

ਦਰਅਸਲ ਸਾਡੇ ਉਸ ਚਿਰੋਕਣੇ ਜਾਣਕਾਰ ਪਰਿਵਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਤਾ ਸੀ ਕਿ ਇਨ੍ਹਾਂ ਕੁਆਟਰਾਂ ਦੇ ਅੱਗੇ ਕਿਰਾਏ ਉੱਤੇ ਦੇਣ ਦੀ ਜਾਂਚ-ਪੜਤਾਲ ਹੋਣ ਵਾਲੀ ਹੈ। ਉਨ੍ਹਾਂ ਮੌਕੇ ਦਾ ਪੂਰਾ ਫ਼ਾਇਦਾ ਉਠਾਇਆ ਸੀ ਤੇ ਆਪ ਉੱਥੋਂ ਜਾਂਦਿਆਂ ਕੁੰਜੀ ਸਾਡੇ ਹੱਥ ਫੜਾ ਦਿੱਤੀ ਸੀ। ਇਸ ਸਾਰੀ ਹੇਰਾ-ਫੇਰੀ ਦਾ ਸਾਡੇ ਪੁੱਛਣ ’ਤੇ ਉਨ੍ਹਾਂ ਝਿੜਕ ਕੇ ਆਖਿਆ, ‘ਪ੍ਰਾਪਰਟੀ ਡੀਲਰ ਜਿਹੜੇ ਕਿਰਾਏ ਦੇ ਕਮਰੇ ਦੁਆਉਂਦੇ ਆ। ਤਿੰਨ ਮਹੀਨਿਆਂ ਦਾ ਕਿਰਾਇਆ ਲੈਂਦੇ ਆ ਤੇ ਤੁਸੀਂ ਸਾਨੂੰ ਵਾਰ-ਵਾਰ ਪੈਸੇ ਪੁੱਛ ਕੇ ਸਾਡੀ ਬੇਇੱਜ਼ਤੀ ਕਰਦੇ ਹੋ। ਖ਼ਬਰਦਾਰ ਜੇ ਮੁੜ ਪੈਸਿਆਂ ਦਾ ਪੁੱਛਣ ਆਏ!’

ਕੇਂਦਰੀ ਲੋਕ ਨਿਰਮਾਣ ਵਿਭਾਗ ਵਲੋਂ ਦਿਨ-ਰਾਤ ਛਾਪੇ ਮਾਰੇ ਜਾਣ ਲੱਗੇ। ਪਤਾ ਲੱਗਾ ਕਿ ਸਾਡੇ ਵਾਲੇ ਕੁਆਟਰ ਦਾ ਨਾ ਕਿਸੇ ਨੇ ਪਿਛਲੇ ਦਸਾਂ ਸਾਲਾਂ ਤੋਂ ਬਿਜਲੀ ਦਾ ਬਿਲ ਤਾਰਿਆ ਸੀ ਤੇ ਨਾ ਹੀ ਕਿਰਾਇਆ ਜਮ੍ਹਾਂ ਕਰਾਇਆ ਸੀ। ਕਾਰਨ, ‘ਟੁਨਟੁਨ’ ਕੁਝ ਸਾਲ ਪਹਿਲਾਂ ਵਿਧਵਾ ਹੋ ਗਈ ਸੀ ਤੇ ਉਸ ਨੇ ਕਿਰਾਇਆ ਵਸੂਲਣ ਤੋਂ ਇਲਾਵਾ ਕੁਝ ਨਾ ਸੋਚਿਆ। ਉਂਜ ਵੀ ਕਲਾਸ ਫੋਰ ਕੁਆਟਰਾਂ ਦਾ ਬਿਜਲੀ-ਪਾਣੀ ਨਹੀਂ ਕੱਟਿਆ ਜਾਂਦਾ ਸੀ।

ਓਧਰ ਡਾਕਟਰ ਗੁਰਚਰਨ ਸਿੰਘ ਮੋਹੇ ਮੇਰੇ ਖਹਿੜੇ ਪਏ ਹੋਏ ਸਨ ਕਿ ਸਾਡੇ ਨਾਲ ਕੇਰਲ ਚੱਲ। ਐੱਲ ਟੀ ਸੀ ਲੈ ਕੇ। ਦੂਜਾ ਬੱਚਿਆਂ ਦੇ ਨੌਮਾਹੀ ਇਮਤਿਹਾਨ। ਪਤਨੀ ਨਰਾਜ਼ ਹੋਣ ਦਾ ਡਰ। ਜਦੋਂ ਦੱਖਣ ਤੋਂ ਬਾਰਾਂ ਦਿਨਾਂ ਉਪਰੰਤ ਪਰਤਿਆ ਤਾਂ ਗੁਆਂਢੀਆਂ ਨੇ ਹੇਠਾਂ ਪੌੜੀਆਂ ਕੋਲ ਮੈਨੂੰ ਦੱਸਿਆ, ‘ਸਮਾਨ ਬਾਹਰ ਸੁੱਟਣ ਲਈ ਨਿਰਮਾਣ ਵਿਭਾਗ ਦੇ ਬੰਦੇ ਆਏ ਸੀ, ਅਸੀਂ ਸਾਰਿਆਂ ਨੇ ਮਿਲ ਕੇ ਕਿਹਾ, ‘ਦੋ ਦਿਨਾਂ ਵਿਚ ਖਾਲੀ ਕਰ ਦੇਣਗੇ।’

ਅਗਲੇ ਦਿਨ ਅਸੀਂ ਇਕ ਮਿੱਤਰ ਕੋਲ ਆਰਜ਼ੀ ਤੌਰ ’ਤੇ ਸਮਾਨ ਟਿਕਾ ਲਿਆ। ਹਫ਼ਤੇ ਅੰਦਰ ਸਾਨੂੰ ਆਰ.ਕੇ. ਪੁਰਮ ਦੇ ਸੈਕਟਰ ਅੱਠ ਵਿਚ ਪੰਜ ਹਜ਼ਾਰ ਰੁਪਏ ਪੇਸ਼ਗੀ ਸਣੇ ਸਖ਼ਤ ਸ਼ਰਤਾਂ ਉੱਤੇ ਕਮਰਾ ਮਿਲ ਗਿਆ।

ਇਸ ਸਰਕਾਰੀ ਮਕਾਨ ਦੀ ਮਾਲਕਣ ਇਕ ਕਰੈੱਚ ਚਲਾਉਂਦੀ ਸੀ। ਬੱਚਿਆਂ ਨੂੰ ਦਬਕੇ ਮਾਰ-ਮਾਰ ਸੁਲਾ ਰੱਖਦੀ। ਸਾਡਿਆਂ ਨੂੰ ਦਿਨ ਵੇਲੇ ਨਾ ਬਾਹਰ ਨਿਕਲਣ ਦਿੰਦੀ ਤੇ ਨਾ ਹੀ ਬੋਲਣ। ਉਹਨੇ ਮਜਬੂਰੀ ਖੜ੍ਹੀ ਕਰ ਦਿੱਤੀ, ‘ਭਾਈ ਸਾਹਬ ਆਪ ਕੇ ਬੱਚੇ ਬਹੁਤ ਸ਼ੋਰ ਕਰਤੇ ਹੈਂ। ਆਪ ਕਾ ਪਰਿਵਾਰ ਭੀ ਬੜਾ ਹੈ। ਕੱਪੜੇ ਧੋਨੇ ਮੇਂ ਪਾਣੀ ਬਹੁਤ ਲਗਤਾ ਹੈ। ਦੋ-ਚਾਰ ਦਿਨ ਮੇਂ ਕਮਰਾ ਖ਼ਾਲੀ ਕਰ ਦੋ!’

ਉਹਦੇ ਪਤੀ ਦਾ ਪਿਛਲੇ ਦਿਨੀਂ ਮੈਨੂੰ ਕਿਹਾ ਇਕ ਵਾਕ ਚੇਤੇ ਆਇਆ, ‘ਭਾਈ ਸਾਹਬ ਆਪ ਸਾਰਾ ਬਾਥਰੂਮ ਗੀਲਾ ਕਰ ਦੇਤੇ ਹੋ। ਜਰਾ ਆਗੇ ਕੋ ਹੋ ਕਰ ਇਸ਼ਨਾਨ ਕੀਆ ਕਰੋ! ਪੜ੍ਹੇ ਲਿਖੇ ਹੋ, ਜ਼ਿਆਦਾ ਕਹਤੇ ਭੀ ਹਮ ਅੱਛੇ ਨਹੀਂ ਲਗਤੇ।’

ਮੇਰੇ ਹੌਸਲੇ ਨੂੰ ਢਾਹ ਲਾਉਣ ਵਾਲਾ ਇਕ ਨਵਾਂ ਸਿਲਸਿਲਾ ਸਾਹਮਣੇ ਆ ਗਿਆ। ਝੋਰਾ ਹੁੰਦਾ, ਨਵੇਂ ਸਕੂਲ ਵਿਚ ਬੱਚਿਆਂ ਦੇ ਦਾਖ਼ਲੇ ਉੱਤੇ ਹਜ਼ਾਰਾਂ ਰੁਪਏ ਲੱਗੇ। ਹੁਣ ਤਿੰਨਾਂ ਮਹੀਨਿਆਂ ਬਾਅਦ ਫਿਰ ਘਰੋਂ-ਬੇਘਰ। ਉਧਾਰ ਕਿੱਥੋਂ ਚੁੱਕੀ ਜਾਵਾਂ। ਮੈਨੂੰ ਭਾਈਆ ਯਾਦ ਆਉਂਦਾ। ਸਮੱਸਿਆਵਾਂ ਤੇ ਮਜਬੂਰੀਆਂ ਦੌਰਾਨ ਉਹਦਾ ਦ੍ਰਿੜ ਇਰਾਦਾ, ਉਹਦੇ ਵਲੋਂ ਚੁੱਕੇ ਉਧਾਰ-ਕਰਜ਼ੇ। ਤੇ ਕਮਾਈ? ਖੂਹ ਦੀ ਮਿੱਟੀ ਖੂਹ! ਉਹਦੀ ਸੂਰਮਗਤੀ ਤੇ ਪੱਕੇ ਇਰਾਦੇ ਤੋਂ ਮੈਨੂੰ ਅੱਗੇ ਵਧਣ ਦੀ ਹਿੰਮਤ ਮਿਲਦੀ ਕਿ ਮੈਨੂੰ ਤਾਂ ਬੱਝਵੀਂ ਤਨਖ਼ਾਹ ਮਿਲਦੀ ਹੈ।

ਮੈਂ ਮਨ ਵਿਚ ਤੇ ਪਤਨੀ ਨਾਲ ਸਲਾਹ ਕਰ ਕੇ ਫ਼ੈਸਲਾ ਕਰ ਲਿਆ ਕਿ ਸਰਕਾਰੀ ਕੁਆਟਰਾਂ ਦੇ ਗੇੜ ਵਿਚ ਨਹੀਂ ਪੈਣਾ। ਮੈਨੂੰ ਰਹਿ-ਰਹਿ ਗੁੱਸਾ ਆਉਂਦਾ ਜੋ ਕਹਿੰਦੇ, ‘ਐੱਸ. ਸੀ. ਲੋਕਾਂ ਨੂੰ ਝੱਟ ਕੁਆਟਰ ਮਿਲ ਜਾਂਦਾ!’ ਮੇਰੀ ਨੌਕਰੀ ਪੰਦਰਾਂ ਸਾਲ ਹੋ ਚੱਲੀ ਆ, ਹਰ ਸਾਲ ਕੁਆਟਰ ਲਈ ਅਰਜ਼ੀ ਦਿੰਦਾਂ - ਮਿਲਣਾ ਕਦੋਂ ਨੂੰ? ਜਦੋਂ ਦੋ-ਚਾਰ ਸਾਲ ਨੌਕਰੀ ਰਹਿ ਜਾਊ?

ਤੇ ਉਹ ਮਾਲਕਣ ਕਹਿਣ ਲੱਗੀ, ‘ਜਬ ਜਾਨਾ ਹੀ ਹੈ, ਸਾਮਾਨ ਭੀ ਬੰਧਾ ਹੂਆ। ਬੂੰਦਾ-ਬਾਂਦੀ ਇਤਨੀ ਤੋ ਹੈ ਨਹੀਂ, ਫੁਹਾਰ ਸੀ ਹੈ। ... ਬਾਦਲ ਕੁਝ ਐਸਾ ਹੀ ਰਹਨੇ ਵਾਲਾ ਹੈ ...।’

ਅਸੀਂ ਸਾਮਾਨ ਟੈਂਪੂ ਵਿਚ ਲੱਦਿਆ ਤੇ ਪਾਲਮ ਪਿੰਡ ਦੇ ਜੈਨ ਮੁਹੱਲੇ ਵਿਚ ਕਿਰਾਏ ਦੇ ਮਕਾਨ ਮੋਹਰੇ ਜਾ ਰੋਕਿਆ। ਨਿਆਣੇ ਨਾਲ਼ੀਆਂ ਵਿਚ ਤਰਦੀਆਂ ਟੱਟੀਆਂ ਦੇਖ ਕੇ ਨੱਕ ਚਾੜ੍ਹਨ ਲੱਗੇ। ਪਤਨੀ ਕਾਫ਼ੀ ਬੁਖ਼ਾਰ ਦੌਰਾਨ ਵੀ ਨਿਆਣੇ ਲੈ ਕੇ ਅੰਦਰ ਬੈਠੀ ਹੀ ਸੀ ਕਿ ਮਾਲਕਣ ਉਹਦੇ ਕੋਲ ਆ ਬੈਠੀ।

ਬਾਰਿਸ਼ ਜਾਰੀ ਸੀ ਜਦੋਂ ਅਸੀਂ ਸਾਮਾਨ ਲਾਹਿਆ। ਪਤਨੀ ਦਾ ਬੁਖ਼ਾਰ ਨਾਲ ਮੂੰਹ ਲਾਲ ਹੋਇਆ ਦਿਖਾਈ ਦਿੰਦਾ। ਉਹ ਮਾਲਕਣ ਨਾਲ ਗੱਲਾਂ ਕਰਦੀ ਤਕਲੀਫ਼ ਮਹਿਸੂਸ ਕਰਦੀ ਦਿਸਦੀ। ਉਹਦੇ ਜਾਣ ਪਿੱਛੋਂ ਮੈਨੂੰ ਦੱਸਣ ਲੱਗੀ, ‘ਬੁੜ੍ਹੀ ਪੁੱਛਦੀ ਗਈ ਆ, ਤੁਮ ਕੌਨ ਹੋਤੇ ਹੋ, ਜੈਸੇ ਪੰਡਿਤ ਔਰ ਦੂਸਰੇ ਲੋਗ ਹੋਤੇ ਹੈਂ!’

‘ਤੇ ਤੂੰ ਕੀ ਕਿਹਾ?’

‘ਮੈਂ ਕਿਹਾ, ਅਸੀਂ ਸਰਦਾਰ ਹੁੰਨੇ ਆਂ। ਆਪਾਂ ਸਲਾਹ ਕਰ ਲਈਏ ਕਿ ਜਾਤ ਕੀ ਦੱਸਣੀ ਆ ਜੇ ਉਹਨੇ ਫਿਰ ਪੁੱਛਿਆ ਤਾਂ! ਇਹ ਨਾ ਹੋਵੇ ਪਈ ਤੁਸੀਂ ਕੁਛ ਹੋਰ ਦੱਸ ਦਿਓ ਤੇ ਮੈਂ ਕੁਛ ਹੋਰ!’

ਅਸੀਂ ਅੱਧੀ ਰਾਤ ਤਕ ਵਿਚਾਰੀਂ ਪਏ ਰਹੇ। ਖ਼ਿਆਲ ਆਉਂਦਾ - ਇਨ੍ਹਾਂ ਲੋਕਾਂ ਨੂੰ ਕਿਰਾਏ ਨਾਲ ਮਤਲਬ ਹੈ - ਸਾਡੀ ਜਾਤ ਵਿੱਚੋਂ ਇਨ੍ਹਾਂ ਨੇ ਛਿੱਕੂ ਲੈਣਾ? ਜਾਤ ਦੇ ਕਲੰਕ ਨੇ ਸ਼ਹਿਰ ਆ ਕੇ ਵੀ ਸਾਡਾ ਪਿੱਛਾ ਨਹੀਂ ਛੱਡਿਆ, ਕਹਿਣ ਨੂੰ ਇੱਥੇ ਪੜ੍ਹੇ-ਲਿਖੇ ਲੋਕ ਰਹਿੰਦੇ ਹਨ।

'ਗੱਲੀਂ-ਗੱਲੀਂ ਕਰੈੱਚ ਵਾਲੀ ਸ਼ੇਸ਼ਾ ਜਾਤ ਦਾ ਬਥੇਰਾ ਪੁੱਛਦੀ ਰਹੀ ਪਰ ਮੈਂ ਪੱਲਾ ਨਹੀਂ ਫੜਾਇਆ ਸੀ। ਇਸ ਬੁੜ੍ਹੀ ਨੇ ਸਮਾਨ ਵੀ ਨਹੀਂ ਰੱਖਣ ਦਿੱਤਾ ਤੇ ਪੁਣ-ਛਾਣ ਕਰਨ ਡਹਿ ਪਈ ...।’ ਉਹਨੇ ਜ਼ਰਾ ਕੁ ਰੁਕ ਕੇ ਫਿਰ ਆਖਿਆ, ‘ਜੇ ਸ਼ੇਸ਼ਾ ਬੱਚਿਆਂ ਦਾ ਸੈਸ਼ਨ ਪੂਰਾ ਕਰਾ ਦਿੰਦੀ ਤਾਂ ਉਹਨੂੰ ਕੀ ਫ਼ਰਕ ਪੈ ਜਾਣਾ ਸੀ। ਮੀਟਰ ਬੰਦ ਕੀਤਾ ਹੋਇਆ ਸੀ। ਘਾਹ ਤੇ ਸਬਜ਼ੀ ਨੂੰ ਪਾਣੀ ਛੱਡ ਰੱਖਦੀ ਆ। ਸਾਡੀ ਵਾਰੀ ਕਹਿੰਦੀ; ਅਖੇ ਧੁਆਡਾ ਪਰਿਵਾਰ ਵੱਡਾ ਆ, ਉਹਦੇ ਦੋ ਨਿਆਣੇ ਤੇ ਸਾਡੇ ਤਿੰਨ ...।’

‘ਉਹਨੂੰ ਵੀ ਕਿਤੇ ਜਾਤ ਦੀ ਭਿਣਕ ਤਾਂ ਨਹੀਂ ਪੈ ਗਈ ਸੀ? ਕੁਆਟਰ ਦੇ ਬਾਹਰ ਮੋਟੇ-ਵੱਡੇ ਅੱਖਰਾਂ ਦੀ ਨੇਮ ਪਲੇਟ ਨਹੀਂ ਦੇਖੀ - ਗੋਪਾਲ ਸਿੰਘ ਗੌੜ!’

‘ਇਹਦੇ ਬਾਰੇ ਮੈਂ ਕੀ ਕਹਿ ਸਕਦੀ ਆਂ ਪਰ ਪੁੱਛਦੀ ਸੀ ਕਿ ਜੇ ਤੁਸੀਂ ਸਰਦਾਰ ਹੋ ਤਾਂ ਜੂੜੀ ਕਿਉਂ ਨਹੀਂ ਰੱਖਦੇ?’

‘ਨਵਾਂ ਸਕੂਲ ਮੀਲ ਭਰ ਦੂਰ ਆ - ਕਮਾਈ ਕੀ ਕਰੇ! ਸਾਇਕਲ ਲੈ ਲਓ - ਨਹੀਂ ਤਾਂ ਰਿਕਸ਼ਾ ਲੁਆ ਲਓ ਨਿਆਣਿਆਂ ਲਈ।’

ਮੁੜ-ਘਿੜ ਕੇ ਮੇਰੀਆਂ ਸੋਚਾਂ ਦੀ ਸੂਈ ਵੱਡੇ ਭਰਾ ਉੱਤੇ ਟਿਕ-ਟਿਕ ਕਰਦੀ ਰੁਕਦੀ ਕਿ ਉੱਥੇ ਇਕ-ਇਕ ਕੁਆਟਰ ਵਿਚ ਪੰਦਰਾਂ-ਪੰਦਰਾਂ ਜੀਅ ਰਹਿੰਦੇ ਆ - ਮਾਂ-ਪਿਓ, ਭੈਣ-ਭਰਾ ਤੇ ਉਨ੍ਹਾਂ ਦੇ ਬੱਚੇ! ਜੇ ਅਸੀਂ ਉੱਥੇ ਟਿਕੇ ਰਹਿੰਦੇ ਤਾਂ ਚੌਥੀ ਭੈਣ ਦਾ ਵਿਆਹ ਕਰਨਾ ਸੌਖਾ ਹੋ ਜਾਣਾ ਸੀ।

ਪਤਨੀ ਮੇਰੇ ਮਨ ਦੀ ਸਥਿਤੀ ਨੂੰ ਜਾਂਚ ਲੈਂਦੀ ਤੇ ਕਹਿੰਦੀ, ‘ਬਹੁਤੀਆਂ ਸੋਚਾਂ ਵਿਚ ਨਹੀਂ ਪਈਦਾ - ਬਾਪ ਦੀ ਕਬੀਲਦਾਰੀ ਪੁੱਤ ਈ ਨਜਿੱਠਦੇ ਹੁੰਦੇ ਆ - ਤੰਦਰੁਸਤੀ ਰਹਿਣੀ ਚਾਹੀਦੀ ਆ - ਸਭ ਕੁਛ ਠੀਕ ਹੋ ਜਾਣਾ! ਆਰਾਮ ਨਾਲ ਸੌਂ ਜਾਓ!’

ਮੈਨੂੰ ਧਰਵਾਸ ਜਿਹਾ ਮਿਲਦਾ ਕਿ ਮੈਂ ਇਕੱਲਾ ਨਹੀਂ, ਦੋ ਜਣੇ ਹਾਂ । ਇਕ-ਇਕ ਗਿਆਰਾਂ ਹੁੰਦੇ ਹਨ।

ਪਾਲਮ ਦੇ ਜੈਨ ਪਰਿਵਾਰ ਦੇ ਕਿਰਾਏ ’ਤੇ ਸਾਡੇ ਨਾਲ ‘ਮਰਦਾ ਕੀ ਨਾ ਕਰਦਾ’ ਵਾਲੀ ਗੱਲ ਹੋਈ। ਮੀਟਰ ਦਾ ਪੁਰਾਣਾ ਬਿਲ ਸਾਨੂੰ ਤਾਰਨਾ ਪਿਆ। ਸਾਡੇ ਕਮਰੇ ਵਿਚ ਜਦੋਂ ਬਿਜਲੀ ਨਾ ਹੁੰਦੀ, ਮਾਲਕਾਂ ਦੇ ਤਾਂ ਵੀ ਹੁੰਦੀ। ਰੋਜ਼ਾਨਾ ਦੀ ਸਮੱਸਿਆ ਤੋਂ ਤੰਗ ਹੋ ਕੇ ਇਕ ਦਿਨ ਮੈਂ ਕਿਹਾ, ‘ਮੱਛਰ ਬਹੁਤ ਹੈ, ਤੁਹਾਡੇ ਪਲੱਗ ਵਿੱਚੋਂ ਤਾਰ ਲਾ ਕੇ ਪੱਖਾ ਚਲਾ ਲੈਂਦੇ ਹਾਂ - ਬੱਚੇ ਸੌਂ ਜਾਣਗੇ।’

‘ਨਹੀਂ, ਹਮਾਰੇ ਲੋਡ ਕਮ ਹੋ ਜਾਏਗਾ।’ ਮਾਈ ਦੀ ਨੂੰਹ ਨੇ ਸਾਫ਼ ਮਨ੍ਹਾਂ ਕਰ ਦਿੱਤਾ ਜਦ ਕਿ ਉਨ੍ਹਾਂ ਨੇ ਖੰਭੇ ਤੋਂ ਸਿੱਧੀਆਂ ਤਾਰਾਂ ਖਿੱਚੀਆਂ ਹੋਈਆਂ ਸਨ।

ਪਾਣੀ ਦੀ ਉਡੀਕ ਵਿਚ ਮੈਂ ਕਦੇ ਅੱਧੀ ਰਾਤ ਨੂੰ ਤੇ ਕਦੇ ਤੜਕੇ ਨੂੰ ਉੱਠਦਾ। ਪਾਣੀ ਦੇ ਘੱਟ ਦਬਾਅ ਕਾਰਨ ਮੇਰੇ ਦੋ-ਢਾਈ ਘੰਟੇ ਪਾਣੀ ਭਰਨ ਨੂੰ ਲਗਦੇ। ਨੀਂਦ ਪੂਰੀ ਨਾ ਹੁੰਦੀ। ਪੜ੍ਹਾਈ-ਲਿਖਾਈ ਦੀ ਸਧਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਦਾ ਗਲ਼ਾ ਘੁਟਦਾ ਮਹਿਸੂਸ ਹੁੰਦਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਮਕਾਨ ਸਕੂਲ ਨੇੜੇ ਲੈਣ ਦਾ ਫ਼ੈਸਲਾ ਕੀਤਾ।

ਹੁਣ ਅਸੀਂ ਮਹਾਂਵੀਰ ਐਨਕਲੇਵ, ਪਾਲਮ ਪਿੰਡ ਦੇ ਵਿਸਤਾਰ ਦੀ ਇਕ ਕਾਲੋਨੀ ਵਿਚ ਬੀ.ਡੀ. ਸ਼ਰਮਾ ਦੇ ਘਰ ਮਕਾਨ ਲੈ ਲਿਆ। ਉਹ ਪੰਜਾਬ ਦੇ ਅੱਤਵਾਦ ਦੌਰਾਨ ਉੱਜੜ ਕੇ ਤੇ ਆਪਣਾ ਸਭ ਕੁਝ ਵੇਚ-ਵੱਟ ਕੇ ਇੱਥੇ ਆ ਟਿਕੇ ਸਨ। ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਤੇ ਵਪਾਰੀਆਂ ਦੇ ਇੱਥੇ ਕਾਰੋਬਾਰ ਹਨ। ਉਨ੍ਹਾਂ ਦੀਆਂ ਧੀਆਂ ਮੇਰੀ ਪਤਨੀ ਨੂੰ ਗੱਲੀਂ-ਬਾਤੀਂ ਜਾਤ ਪੁੱਛਦੀਆਂ। ਉਹ ਵੀ ਕਿਸੇ ਅਨੁਭਵੀ ਵਿਅਕਤੀ ਵਾਂਗ ਗੱਲ ਗੋਲਮੋਲ ਕਰਦੀ ਤੇ ਕਹਿੰਦੀ, ‘ਲੋਕਾਂ ਨੂੰ ਖਬਰੇ ਰੋਟੀ ਨਹੀਂ ਪਚਦੀ ਜਿੰਨਾ ਚਿਰ ਜਾਤ ਦਾ ਪਤਾ ਨਹੀਂ ਲਾ ਲੈਂਦੇ।’

ਕਿਰਾਇਆਂ ਉੱਤੇ ਰਹਿਣ ਦੀਆਂ ਸਮੱਸਿਆਵਾਂ ਬਾਰੇ ਇਕ ਦਿਨ ਮੈਂ ਆਪਣੇ ਇਕ ਕੁਲੀਗ ਨਾਲ ਗੱਲ ਕੀਤੀ ਤੇ ਉਸ ਨੇ ਅੱਗੋਂ ਜੁਗਤ ਦੱਸੀ, ‘ਦੇਖ ਹੁਣ ਤੂੰ ਪੱਗ ਤਾਂ ਬੰਨ੍ਹਦਾ ਨਹੀਂ, ਕਮਰਾ ਸਸਤੇ ਕਿਰਾਏ ’ਤੇ ਲੈਣ ਲਈ ਨਾਟਕ ਕਰਨਾ ਪੈਂਦਾ। ਸੁਣ ਜਰਾ, ਇਕ ਦਿਨ ਮੈਂ ਜੈਨੀਆਂ ਦੇ ਮੁਹੱਲੇ ਛੱਤ ਉੱਤੇ ਟਹਿਲ ਰਿਹਾ ਸੀ ਕਿ ਇਕ ਆਦਮੀ ਨਾਲ ਦੀ ਛੱਤ ਉੱਤੇ ਘੁੰਮ ਰਿਹਾ ਸੀ। ਉਹਨੇ ਜਨੇਊ ਕੰਨ ਉੱਤੇ ਚੜ੍ਹਾਇਆ ਹੋਇਆ ਤਾਂ ਕਿ ਦੂਰੋਂ ਹੀ ਉਹਦੀ ਪਛਾਣ ਹੋ ਸਕੇ। ਮੈਂ ਉਹਨੂੰ ਦੇਖਿਆ ਤੇ ਪੁੱਛਿਆ, ਪ੍ਰਸ਼ੋਤਮ, ਯਾਰ ਤੂੰ? ਇੱਥੇ ਕਦੋਂ ਆਇਆਂ? ਨਾਲੇ ਕਦੋਂ ਦਾ ਬਾਹਮਣ ਬਣ ਗਿਆਂ? ਮੈਨੂੰ ਤੂੰ ਦੱਸਿਆ ਸੀ ਕੋਟੇ ਵਿਚ ਆਇਆਂ। ਉਹ ਅੱਗੋਂ ਕਹਿੰਦਾ, “ਹੌਲੀ ਬੋਲ, ਲੋਕ ਮਕਾਨ ਦੇਣ ਲਈ ਪਹਿਲਾਂ ਸੌ ਗੱਲਾਂ ਪੁੱਛਦੇ, ਨਖ਼ਰੇ ਕਰਦੇ ਸੀ। ਯਾਰਾਂ ਨੂੰ ਜੁਗਤ ਸੁੱਝੀ, ਚੁਆਨੀ ਦਾ ਧਾਗਾ ਲਿਆਂਦਾ ਤੇ ਜਨੇਊ ਬਣਾ ਕੇ ਪਾ ਲਿਆ। ਹੁਣ ਇਹ ਸਾਰੇ ਜਾਟ-ਜੈਨੀ ਪੰਡਤ ਜੀ, ਪੰਡਤ ਜੀ ਕਹਿੰਦੇ ਅੱਗੇ-ਪਿੱਛੇ ਫਿਰਦੇ ਆ।’

‘ਮੇਤੋਂ ਨਹੀਂ ਏਦਾਂ ਦੀ ਦੋਹਰੀ-ਤੇਹਰੀ ਜ਼ਿੰਦਗੀ ਬਤੀਤ ਹੋ ਸਕਦੀ। ਆਪਾਂ ਨੂੰ ਇਸ ਬੀਮਾਰੀ ਵਿਰੁੱਧ ਚੇਤਨਾ ਲਿਆਉਣੀ ਚਾਹੀਦੀ ਆ ...।’ ਮੈਂ ਸਹਿਜ ਹੀ ਆਖਿਆ, ‘ਬਹੁਤਾ ਕਿਰਾਇਆ ਦੇ ਕੇ ਸ਼ਾਨ ਨਾਲ ਰਹਿਣਾ ਮੇਰੇ ਵੱਸ ਦੀ ਗੱਲ ਨਹੀਂ।’

‘ਖਾਹ ਫੇ ਧੱਕੇ, ਸਾਨੂੰ ਕੀ!’ ਉਸ ਮਲਕਚਾਰੇ ਕਿਹਾ।

ਬੀ.ਡੀ. ਸ਼ਰਮਾ ਨੇ ਅਚਾਨਕ ਅਗਲੇ ਮਹੀਨੇ ਤੋਂ ਕਮਰੇ ਦਾ ਕਿਰਾਇਆ ਤਿੰਨ ਸੌ ਰੁਪਏ ਵਧਾ ਦਿੱਤਾ। ਦੂਜੀ ਸ਼ਰਤ ਇਹ ਰੱਖੀ ਕਿ ਜੇ ਕਿਰਾਇਆ ਨਹੀਂ ਵਧਾਉਣਾ ਤਾਂ ਆਪਣੇ ਤਿੰਨੋਂ ਬੱਚੇ ਸਾਡੇ ਸਕੂਲ ਪੜ੍ਹਨ ਪਾਓ।

... ਤੇ ਫਿਰ ਦੋ ਹਫ਼ਤੇ ਮਕਾਨ ਭਾਲਦਿਆਂ ਲੱਗ ਗਏ। ਇਕ ਬਿਹਾਰੀ ਔਰਤ ਨੇ ਕਿਹਾ, ‘ਆਪ ਕਾ ਪਰਿਵਾਰ ਬਹੁਤ ਬੜਾ ਹੈ।’ ਇਕ ਹਿਮਾਚਲੀ ਨੇ ਮੇਰੇ ਤੇ ਮੇਰੀ ਨੌਕਰੀ ਬਾਰੇ ਜਾਣਨ ਤੋਂ ਬਾਅਦ ਆਖਿਆ, ‘ਇੰਨੇ ਸਾਲ ਹੋ ਗਏ ਦਿੱਲੀ ਰਹਿੰਦਿਆਂ, ਅਜੇ ਐਦਾਂ ਈ ਤੁਰੇ ਫਿਰਦੇ ਹੋ? ਸ਼ਰਾਬੀ-ਕਬਾਬੀ ਜਾਂ ਐਬੀ ਤਾਂ ਨਹੀਂ ਹੋ?”

ਕਈ ਮਕਾਨ-ਮਾਲਕ ਸਾਰੀ ਪੁੱਛ-ਪ੍ਰਤੀਤ ਤੋਂ ਬਾਅਦ ਕਿਰਾਇਆ ਇੰਨਾ ਵਧਾ ਕੇ ਦੱਸ ਦਿੰਦੇ ਕਿ ਅਸੀਂ ਉਹ ਮਕਾਨ ਲੈਣ ਦੀ ਸਥਿਤੀ ਵਿਚ ਨਾ ਹੁੰਦੇ। ਪਤਨੀ ਦੀ ਪਹਿਲੀ ਤੋਂ ਲੈ ਕੇ ਬੀ.ਏ. ਤਕ ਦੀ ਸਹੇਲੀ ਕਈ ਵਾਰ ਸਾਨੂੰ ਖ਼ਾਲੀ ਹੋਏ ਮਕਾਨਾਂ ਦੀ ਦੱਸ ਪਾਉਂਦੀ। ਉਹੀ ਸਾਨੂੰ ਆਪਣੀ ਇਸ ਕਾਲੋਨੀ ਵਿਚ ਲੈ ਕੇ ਆਈ ਸੀ। ਉਹਦੇ ਯਤਨਾਂ ਨਾਲ ਉਹਦੇ ਘਰ ਪਿਛਲੀ ਗਲ਼ੀ ਵਿਚ ਸਾਨੂੰ ਹੇਠਲਾ ਨ੍ਹੇਰੇ ਨਾਲ ਭਰਿਆ ਮਕਾਨ ਮਿਲ ਗਿਆ।

ਦੋ-ਚਾਰ ਦਿਨਾਂ ਮਗਰੋਂ ਹਰਿਆਣਵੀ ਮਾਲਕਣ ਨੇ ਮੇਰੀ ਪਤਨੀ ਨੂੰ ਪੁੱਛਿਆ, ‘ਤੁਮ ਭੀ ਬਲਜੀਤ (ਪਤਨੀ ਦੀ ਸਹੇਲੀ) ਕੀ ਜਾਤ ਕੇ ਜਾਟ ਭਾਈ ਹੋ? ਉਨ ਕੀ ਤੋਂ ਬਹੁਤ ਜਮੀਨ ਹੈ!’

ਇੰਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬਲਜੀਤ ਦੇ ਨਿਆਣੇ ‘ਮਾਸੀ ਜੀ-ਮਾਸੀ ਜੀ’ ਕਰਦੇ ਆ ਗਏ ਤੇ ਮਾਲਕਣ ਚੁੱਪ ਕਰ ਕੇ ਆਪਣੇ ਕਮਰੇ ਅੰਦਰ ਚਲੇ ਗਈ।

ਜਾਤੀ ਦੀ ਜਾਣਕਾਰੀ ਲਈ ਘੋਖ ਦਾ ਕੰਮ ਸ਼ਾਇਦ ਅਜੇ ਮੁੱਕਿਆ ਨਹੀਂ ਸੀ।

‘ਬਲਬੀਰ ਜੀ ਆ ਜਾਓ! ਏਕ-ਏਕ ਰੰਮ ਕਾ ਪੈੱਗ ਲੇਂਗੇ।’ ਮਕਾਨ ਮਾਲਕ ਸਾਬਕਾ ਫ਼ੌਜੀ ਨੇ ਆਖਿਆ ਤੇ ਮੈਨੂੰ ਸੋਫ਼ੇ ਉੱਤੇ ਬਹਿੰਦੇ ਨੂੰ ਪੁੱਛਿਆ, ‘ਅੱਛਾ ਤੋ ਆਪ ਕਾ ਘਰ ਗਾਂਵ ਮੇਂ ਹੈ! ਗਾਂਵ ਕੇ ਅੰਦਰ ਹੈ ਕਿ ਬਾਹਰ!’

‘ਗਾਂਵ ਮੇਂ ਹੈ ...।’ ਇਸ ਨਵੀਂ ਪੜਤਾਲੀਆ ਜੁਗਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ‘ਮੈਂ ਪੀਂਦਾ ਨਹੀਂ’ ਕਹਿ ਕੇ ਉੱਠ ਪਿਆ ਨਹੀਂ ਤਾਂ ਖ਼ਬਰੇ ਹੋਰ ਕੀ-ਕੀ ਜਵਾਬ ਦੇਣੇ ਪੈਂਦੇ।

ਇਸ ਮਕਾਨ ਵਿਚ ਅਸੀਂ ਦਸ ਕੁ ਮਹੀਨੇ ਰਹਿ ਕੇ ਉਨ੍ਹਾਂ ਨੂੰ ਦੱਸਿਆ, ‘ਬੱਚਿਆਂ ਨੂੰ ਸੜਕ ਪਾਰ ਕਰਦਿਆਂ ਦੇਖ ਕੇ ਡਰ ਲਗਦਾ ਰਹਿੰਦਾ, ਅਸੀਂ ਉੱਧਰਲੇ ਪਾਸੇ ਪਲਾਟ ਲੈ ਲਿਆ। ਬੱਸ ਹੁਣ ਮਕਾਨ ਬਣਾਉਣਾ ਸ਼ੁਰੂ ਕਰਨਾ।’

ਮੈਂ ਪਤਨੀ ਨੂੰ ਮੁਸਕਰਾਉਂਦਿਆਂ ਦੇਖਿਆ, ਸ਼ਾਇਦ ਉਹਨੂੰ ਮੇਰੇ ਬੋਲ ਸੁਣ ਪਏ ਸਨ। ਅਗਲੇ ਦਿਨ ਅਸੀਂ ‘ਆਪਣੇ’ ਨਵੇਂ ਮਕਾਨ ਦੀ ਤੀਜੀ ਮੰਜ਼ਿਲ ਉੱਤੇ ਸਾਮਾਨ ਟਿਕਾ ਲਿਆ।

ਸਾਢੇ ਚਾਰ ਸਾਲਾਂ ਵਿਚ ਕਿਰਾਏ ਦਾ ਛੇਵਾਂ ਮਕਾਨ ਤੇ ਵੱਡੀ ਧੀ ਦਾ ਛੇਵਾਂ ਸਕੂਲ ਹੋ ਗਿਆ। ਹਰ ਨਵੇਂ ਸਕੂਲ ਵਿਚ ਪੈਸੇ ਦੀ ਲੁੱਟ। ਮੇਰੇ ਘਰਦੇ ਸੁਨੇਹੇ ਘੱਲਦੇ, ‘ਨਿਆਣੇ ਲੈ ਕੇ ਲਾਂਭੇ ਹੋਇਆ - ਚਿੱਤ ਵਿਚ ਆਵੇ ਤਾਂ ਦੋ-ਚਹੁੰ ਮਹੀਨੀਂ ਪੰਜ-ਸੱਤ ਸੌ ਭੇਜ ਦਿੰਦਾ - ਨਹੀਂ ਤਾਂ ਅੱਲਾ-ਅੱਲਾ, ਖ਼ੈਰ-ਸੱਲਾ।’

ਮਨ ਵਿਚ ਉਬਾਲ ਜਿਹਾ ਚੜ੍ਹਦਾ ਕਿ ਆਪਣੇ ਇਨ੍ਹਾਂ ਹਾਲਾਤ ਦਾ ਦੋਸ਼ ਕਿਸ ਸਿਰ ਧਰਾਂ? ਇਹਦੇ ਲਈ ਕਿਹੜੀਆਂ-ਕਿਹੜੀਆਂ ਧਿਰਾਂ ਜ਼ਿੰਮੇਵਾਰ ਹਨ! ਸੋਚਦਾ, ਇਹ ਸੋਚਾਂ ਮੈਨੂੰ ਕਿਤੇ ਪੜ੍ਹਾਈ-ਲਿਖਾਈ ਤੋਂ ਦੂਰ ਨਾ ਕਰ ਦੇਣ। ਮੇਰੀ ਕਵਿਤਾ ਨੂੰ ਮਾਨਤਾ ਮਿਲ ਰਹੀ ਹੈ। ਕੁਝ ਪੁਰਸਕਾਰ ਤੇ ਸਨਮਾਨ ਹਾਸਿਲ ਹੋਏ ਹਨ। ਇਸ ਤੋਂ ਮੋਹ-ਭੰਗ ਨਹੀਂ ਹੋਣਾ ਚਾਹੀਦਾ। ਇਨ੍ਹਾਂ ਵਿਚਾਰਾਂ ਤੇ ਹੋਰ ਘਰੇਲੂ ਹਾਲਾਤ ਦੀ ਪੜਤਾਲ ਕਰਦਿਆਂ ਮੈਂ ਹਿੰਦੀ-ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਨੂੰ ਵਧੇਰੇ ਸ਼ਿੱਦਤ ਨਾਲ ਕਰਨ ਲੱਗਾ। ਮੈਂ ਮੇਜ਼-ਕੁਰਸੀ ਉੱਤੇ ਪਹਿਲੀ ਵਾਰ ਪੜ੍ਹਨ-ਲਿਖਣ ਲੱਗਾ, ਨਹੀਂ ਤਾਂ ਹੁਣ ਤਕ ਇਸ ਦੀ ਅਣਹੋਂਦ ਕਾਰਨ ਬੈੱਡ ਉੱਤੇ ਚੌਕੜੀ ਮਾਰ ਕੇ ਹੀ ਕੰਮ ਕਰਦਾ ਰਿਹਾ ਸੀ। ਲੱਕ-ਲੱਤਾਂ ਤਾਂ ਦੁਖਣ ਲੱਗ ਪੈਂਦੇ ਸਨ।

‘ਲੱਜਾ’ ਦਾ ਆਰਸੀ ਪਬਲਿਸ਼ਰਜ ਤੇ ‘ਐਡਵਿਨਾ ਤੇ ਨਹਿਰੂ’ ਦਾ ਅਨੁਵਾਦ ਨਵਯੁਗ ਪਬਲੀਸ਼ਰਜ਼ ਵਾਸਤੇ ਕੀਤਾ। ਭਾਪਾ ਪ੍ਰੀਤਮ ਸਿੰਘ ਜੀ ਦੇ ਚਾਂਦਨੀ ਚੌਕ ਵਾਲੇ ਦਫ਼ਤਰ ਦਾ ਮੈਨੂੰ ਅਚਨਚੇਤ ਚੇਤੇ ਆਇਆ ਜਦੋਂ ਲਾਲ ਕਿਲੇ ਦੇ ਸਾਹਮਣੇ ਉਨ੍ਹਾਂ ਕੋਲ ਜਾਂਦਿਆਂ ਭੁੱਖਮਰੀ ਦੇ ਸ਼ਿਕਾਰ ਬੱਚਿਆਂ ਤੇ ਵੱਡਿਆਂ ਨੂੰ ਲੋਕਾਂ ਦੀਆਂ ਜੂਠੀਆਂ ਕੂੜੇ ਵਜੋਂ ਸੁੱਟੀਆਂ ਪੱਤਲਾਂ ਚੱਟਦਿਆਂ ਕਈ ਵਾਰ ਦੇਖਿਆ ਸੀ। ਫੁੱਟਪਾਥ ਉੱਤੇ ਉਨ੍ਹਾਂ ਦੇ ਬਿਨਾਂ ਛੱਤ ਦੇ ‘ਘਰ’ ਅਤੇ ਉਨ੍ਹਾਂ ਦੇ ਨੰਗੇ ਪੈਰਾਂ ਤੇ ਗੰਦੇ ਲੀੜਿਆਂ ਤੇ ਕੇਲਿਆਂ-ਸੇਬਾਂ ਦੀਆਂ ਰੇਹੜੀਆਂ ਥੱਲੇ ਬੰਨ੍ਹੀਆਂ ਪੱਲੀਆਂ ਵਿਚ ਸੁੱਤੇ ਬੰਦਿਆਂ ਨੂੰ ਦੇਖ ਕੇ ਮੈਂ ਕੰਬ ਜਿਹਾ ਗਿਆ ਸੀ।

ਮੈਨੂੰ ਇਨ੍ਹਾਂ ਖ਼ਿਆਲਾਂ ਨੇ ਕਾਫ਼ੀ ਊਰਜਾ ਦਿੱਤੀ ਕਿ ਜ਼ਿੰਦਗੀ ਦਾ ਸੰਘਰਸ਼ ਹਰ ਥਾਂ ਹੈ। ਲੱਤਾਂ ਪਸਾਰਨ ਲਈ ਮੈਨੂੰ ਆਪਣੀ ਚਾਦਰ ਵੱਡੀ ਕਰਨ ਲਈ ਸਿਰਤੋੜ ਯਤਨ ਕਰਨੇ ਚਾਹੀਦੇ ਹਨ। ਖ਼ਿਆਲ ਆਉਂਦਾ, ਬੇਗਾਨੇ ਘਰ ਵਿਚ ਕਿਰਾਏਦਾਰੀ ਲਾਹਨਤ ਹੈ, ਅਪਮਾਨ ਤੇ ਹੇਠੀ ਕਰਾਉਣ ਤੁੱਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਮੈਂ ਉੱਚੇ ਕਿੰਗਰਿਆਂ ਵਾਲੇ ਚੁਬਾਰਿਆਂ ਦੇ ਹਾਣ ਦਾ ਹੋਣ ਲਈ ਉਪਰਾਲੇ ਕਰਨ ਲੱਗਾ।

*****

(ਸਮਾਪਤ)

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2757)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

****

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author