BalbirMadhopuri7ਦੋਹਾਂ ਬਾਬਿਆਂ ਦੀ ਹਾਲ-ਪਾਹਰਿਆ ਸੁਣਦਿਆਂ ਸਾਰ ਹੀ ਦਾਦੀ ਦੁਹੱਥੜਾਂ ...
(15 ਫਰਵਰੀ 2021)
(ਸ਼ਬਦ: 6650)


ਠਾਕਰਾ! ਠਾਕਰਾ! ਬੂਹਾ ਖੋਲ੍ਹ!” ਇਹ ਇੱਕੋ ਸਾਹੇ ਬੋਲੀ ਘਾਬਰੀ ਜਿਹੀ ਆਵਾਜ਼ ਸੀ

ਬਾਊ ਬਸੰਤ ਸੁੰਹ ਲਗਦਾ!” ਕਹਿ ਕੇ ਭਾਈਆ ਫ਼ੁਰਤੀ ਨਾਲ ਬਾਹਰਲਾ ਬੂਹਾ ਖੋਲ੍ਹਣ ਗਿਆ ਤੇ ਜਾਂਦਾ-ਜਾਂਦਾ ਬੋਲ ਰਿਹਾ ਸੀ, “ਮੂੰਹ ਨ੍ਹੇਰੇ! ਕਦੀ ਅੱਗੇ ਨਾ ਪਿੱਛੇ ... ਸੁਖ ਹੋਬੇ!”

“ਠਾਕਰਾ ਜੀਤ ਨੇ ਰਾਤੀਂ ਸੰਖੀਆ ਖਾ ਲਿਆ! ਤਈਨੂੰ ਸੱਦਦਾ! ਰੱਤੇ ਦਿਓਂ ਹਿੰਙ ਲੈ ਕੇ ਝੱਬੇ ਈ ਆ ਜਾ।” ਬਾਬੇ ਨੇ ਵਿਹੜੇ ਵੜਦਿਆਂ ਰੋਣਹਾਕੀ ਜ਼ਬਾਨ ਵਿੱਚ ਰੁਕ-ਰੁਕ ਕੇ ਆਖਿਆਨਾਲ ਹੀ ਉਹਦੀਆਂ ਧਾਹਾਂ ਨਿਕਲ ਗਈਆਂ ਤੇ ਬੁੱਕਲ ਮਾਰੀ ਲੋਈ ਨਾਲ ਅੱਖਾਂ ਪੂੰਝਣ ਲੱਗ ਪਿਆਸਾਡੇ ਮੂੰਹ ਉਡ ਜਿਹੇ ਗਏ

ਰਾਤੀਂ ਨਹੀਂ ਸੀ ਦੱਸ ਹੁੰਦਾ?” ਭਾਈਏ ਨੇ ਤਲਖ਼ੀ ਨਾਲ ਨਹੋਰਾ ਮਾਰਿਆ

ਬਾਊ ਬਾਬੇ ਨੂੰ ਜਿਵੇਂ ਸੁਣਿਆ ਹੀ ਨਾ ਹੋਵੇਉਹਨੇ ਫਿਰ ਨੱਕ ਵਿੱਚ ਬੋਲਦਿਆਂ ਕਿਹਾ, “ਠਾਕਰਾ ਛੇਤੀ ਪਹੁੰਚ ਫੇ! ਮਲਕੀਤ ਕੋਰ ਵੀ ਕੱਲ੍ਹ ਦੀ ਪੇਕਿਆਂ ਦੇ ਗਈਓ ਆ!”

ਮੈਂ ਦੇਖਿਆ ਕਿ ਬਾਊ ਬਾਬੇ ਦੇ ਪੈਰੀਂ ਰਬੜ ਦੀ ਜੁੱਤੀ ਉੱਤੇ ਤ੍ਰੇਲ ਨਾਲ ਧੁੱਦਲ ਦੀ ਇੱਕ ਮੋਟੀ ਤਹਿ ਜੰਮੀ ਹੋਈ ਸੀਇੱਕ ਪਰਤ ਉਹਦੇ ਮੂੰਹ ਉੱਤੇ ਸੀ ਜੋ ਉਦਾਸੀ ਤੇ ਲਾਚਾਰੀ ਦਾ ਗਲੇਫ਼ ਬਣ ਕੇ ਚੜ੍ਹੀ ਹੋਈ ਸੀ

ਕੋਹਨਾ ਕੰਮ ਕੀਤਾ ਮੂਰਖ ਨੇ!” ਭਾਈਏ ਨੇ ਇਹ ਬੋਲ ਹੌਲ਼ੀ ਦੇਣੀ ਆਖੇ

ਬਾਊ ਬਾਬਾ ਆਇਆ ਮਗਰੋਂ ਤੇ ਪਹਿਲਾਂ ਹੀ ਉੱਠ ਕੇ ਤੁਰ ਪਿਆ ਪਰ ਥੋੜ੍ਹੇ ਕੁ ਦਿਨ ਪਹਿਲਾਂ ਬੀਤੀ ਗੱਲ ਮੇਰੀਆਂ ਅੱਖਾਂ ਮੋਹਰੇ ਇਕਦਮ ਆ ਕੇ ਘੁੰਮਣ ਲੱਗ ਪਈਤਾਇਆ ਜੀਤ ਉਸ ਦਿਨ ਸਾਡੇ ਪਿੰਡ ਤੇ ਆਪਣੇ ਪਿੰਡ ਸੋਹਲਪੁਰ ਵਿਚਾਲੇ ਬਰਸਾਤੀ ਚੋ ਲਈ ਨਵੇਂ-ਨਵੇਂ ਲੱਗੇ ਬੰਨ੍ਹ ਨਾਲ ਦੀ ਤਿਰਸ਼ੀ ਜਿਹੀ ਕੁਤਰ ਵਿੱਚ ਹੱਲ ਵਾਹੁੰਦਾ ਸੀਉਹਨੇ ਲਾਡ ਭਰੇ ਬੋਲਾਂ ਨਾਲ ਕਿਹਾ ਸੀ, “ਗੁੱਡ!” ਤੇ ਪਰੈਣ ਸਣੇ ਆਪਣਾ ਸੱਜਾ ਹੱਥ ਹਵਾ ਵਿੱਚ ਹਿਲਾ ਕੇ ਸੈਨਤ ਮਾਰੀ ਸੀਜਦੋਂ ਮੈਂ ਕੋਲ ਗਿਆ ਤਾਂ ਉਹਨੇ ਹਲ ਖੜ੍ਹਾ ਕਰ ਕੇ ਮੇਰਾ ਝੱਗਾ ਤੇ ਕੱਛਾ ਮੱਲੋਜ਼ੋਰੀ ਉਤਾਰ ਕੇ ਮਾਰਖੰਡ ਬੌਲਦ ਦੇ ਸਿੰਗ ਉੱਤੇ ਟੰਗ ਕੇ ਹੱਸਦਿਆਂ ਆਖਿਆ ਸੀ, “ਆਪੇ ਈ ਲਾਹ ਲਾ ਹੁਣ!”

ਮੈਂ ਰੋਣ ਲੱਗ ਪਿਆ ਸੀਮੈਂ ਕਦੀ ਇੱਕ ਹੱਥ ਮੋਹਰੇ ਤੇ ਇੱਕ ਹੱਥ ਪਿੱਛੇ ਲਿਜਾ ਕੇ ਆਪਣਾ ਨੰਗ ਢਕਣ ਦੀ ਕੋਸ਼ਿਸ਼ ਕਰਦਾਮੈਂ ਜਿੰਨਾ ਉੱਚੀ ਰੋਂਦਾ, ਤਾਇਆ ਉੰਨਾ ਹੀ ਜ਼ਿਆਦਾ ਹੱਸਦਾਉਹਦੇ ਚੌੜੇ ਦੰਦਾਂ ਦਾ ਉਤਲਾ ਉੱਚਾ ਪੀੜ ਕਾਲੀ ਦਾਹੜੀ ਤੇ ਮੁੱਛਾਂ ਵਿਚਾਲੇ ਜਚਦਾਅਖੀਰ ਤਾਏ ਨੂੰ ਹੁੱਥੂ ਆ ਗਿਆ ਤੇ ਉਹਦਾ ਭਰਵਾਂ ਤੇ ਸੁਨੱਖਾ ਚਿਹਰਾ ਲਾਲ ਹੋ ਗਿਆ ਸੀ

ਲੈ ਆਹ ਪਰੈਣ ਨਾਲ ਲਾਹ ਲਾ!” ਤਾਏ ਨੇ ਬੈਠ ਕੇ ਮੈਂਨੂੰ ਬਾਹਾਂ ਵਿੱਚ ਲੈ ਕੇ ਪਤਿਆਉਣ ਵਾਂਗ ਕਿਹਾਉਹਨੂੰ ਪਤਾ ਸੀ ਕਿ ਮੈਂ ਇਸ ਕਾਲੇ-ਚਿੱਟੇ ਬੌਲਦ ਕੋਲੋਂ ਬਹੁਤ ਡਰਦਾ ਹਾਂ ਕਿਉਂਕਿ ਉਹ ਵੇਸਲਾ ਸਿੰਗ ਮਾਰ ਦਿੰਦਾ ਸੀਸਾਡੇ ਪਿੰਡੋਂ ਖਰੀਦੇ ਵਹਿੜੇ ਨਾਲ ਭਿੜਦਿਆਂ ਉਹਦਾ ਇੱਕ ਸਿੰਗ ਮੁੱਢੋਂ ਹੀ ਟੁੱਟ ਗਿਆ ਸੀ ਤੇ ਉਹਦੇ ਵਿੱਚੋਂ ਨਿਕਲੀ ਛੋਟੀ ਜਿਹੀ ਗੁੱਲੀ ਉੱਤੇ ਡੇਢ-ਦੋ ਮਹੀਨੇ ਪੱਟੀ ਬੰਨ੍ਹੀ ਜਾਂਦੀ ਰਹੀ ਸੀਮੇਰਾ ਬੁਸ-ਬੁਸ ਕਰਨਾ ਜਾਰੀ ਸੀ ਕਿ ਵੱਡੇ ਬਾਬੇ ਅਰਜਣ ਸਿੰਘ (ਤਾਏ ਦਾ ਚਾਚਾ-ਬਾਬਾ) ਨੇ ਦੂਰੋਂ ਹੀ ਫ਼ੌਜੀ ਰੋਹਬ ਵਾਲਾ ਦਬਕਾ ਮਾਰਦਿਆਂ ਕਿਹਾ, “ਸ਼ਰਮ ਕਰ ਕੁਛ, ਬਥੇਰਾ ਮਸ਼ਕੂਲਾ ਹੋ ਗਿਆ!”

ਫਿਰ ਤਾਏ ਨੇ ਦਬਾ ਸੱਟ ਲੀੜੇ ਲਾਹ ਕੇ ਮੈਂਨੂੰ ਦੇ ਦਿੱਤੇ ਸਨਇੰਨੇ ਨੂੰ ਤਾਈ (ਮਲਕੀਤ ਕੌਰ) ਸ਼ਾਹ ਵੇਲੇ ਦਾ ਭੱਤਾ ਲੈ ਕੇ ਆ ਗਈ ਸੀ ਅਤੇ ਨਾਲ ਦੇ ਖੇਤਾਂ ਵਿੱਚ ਕੰਮ ਕਰਦੇ ਭਾਈਆ, ਵੱਡਾ ਬਾਬਾ ਤੇ ਛੋਟਾ ਬਾਬਾ (ਜਿਸ ਨੂੰ ਸਾਰੇ ਬਾਊ ਹੀ ਸੱਦਦੇ ਸਨ) ਆ ਗਏ ਸਨਜਦ ਤਾਈ ਨੂੰ ਪਤਾ ਲੱਗਾ ਤਾਂ ਉਹ ਤਾਏ ਨੂੰ ਘੂਰਦੀ ਹੋਈ ਮੈਂਨੂੰ ਆਪਣੇ ਨਾਲ ਘਰ ਲੈ ਗਈ ਸੀ

ਮੇਰੇ ਇਨ੍ਹਾਂ ਖ਼ਿਆਲਾਂ ਦੀ ਡੱਬਿਆਂ ਵਾਂਗ ਜੁੜੀ ਲੰਮੀ ਰੇਲ ਗੱਡੀ ਉਦੋਂ ਰੁਕੀ ਜਦੋਂ ਭਾਈਏ ਦੇ ਮੂੰਹੋਂ ‘ਉਹ! ਤੇਰੀ ...!” ਨਿਕਲਿਆ

ਜਲਦਬਾਜ਼ੀ ਦੌਰਾਨ ਸਾਈਕਲ ਕੋਠੜੀ ਵਿੱਚੋਂ ਕੱਢਦਿਆਂ ਭਾਈਏ ਦੇ ਸੱਜੇ ਗਿੱਟੇ ਤੋਂ ਥੋੜ੍ਹਾ ਜਿਹਾ ਉਤਾਂਹ ਲੱਤ ਦੀ ਹੱਡੀ ਉੱਤੇ ਬਿਨਾਂ ਪੈਡਲ ਵਾਲੀ ਕਿੱਲੀ ਜ਼ੋਰ ਨਾਲ ਲੱਗ ਗਈ ਸੀਉਹਦੇ ਮੂੰਹੋਂ ਸਹਿਵਨ ਹੀ ਫਿਰ ਨਿਕਲ ਗਿਆ, “ਕਾਹਲੀ ਅੱਗੇ ਟੋਏ ਈ ਰਈਂਦੇ ਆ ਸਾਲੇ।”

ਭਾਈਆ ਹਵਾ ਨਾਲੋਂ ਵੀ ਤੇਜ਼ ਸਾਈਕਲ ਭਜਾ ਕੇ ਸੋਹਲਪੁਰ (ਮੇਰੇ ਪਿੰਡ ਮਾਧੋਪੁਰ ਤੋਂ ਦੱਖਣ-ਪੂਰਬ ਵੱਲ ਢਾਈ ਤਿੰਨ ਕਿਲੋਮੀਟਰ ਦੂਰੀ ’ਤੇ ਸਥਿਤ ਛੋਟਾ ਜਿਹਾ ਪਿੰਡ) ਪਹੁੰਚਣਾ ਚਾਹੁੰਦਾ ਸੀਭਾਈਏ ਦੇ ਚਿਹਰੇ ਉੱਤੇ ਚਿੰਤਾ-ਫ਼ਿਕਰ ਨੇ ਜਿਵੇਂ ਆਪਣਾ ਕਬਜ਼ਾ ਜਮਾ ਲਿਆ ਸੀਉਸ ਨੇ ਤਾਏ ਵਾਲੇ ਵਲੈਤੀ ਸਾਈਕਲ ਨੂੰ ਸਰਦਲ ਤੋਂ ਬਾਹਰ ਕਰਦਿਆਂ ਪਿਛਾਂਹ ਨੂੰ ਮੂੰਹ ਕਰ ਕੇ ਸਾਨੂੰ ਹੁਕਮ ਕੀਤਾ, “ਅੱਜ ਸਕੂਲੋਂ ਛੁੱਟੀ ਕਰ ਲਿਓ ਦੋਮੇ ਜਣੇ।”

ਥੋੜ੍ਹੇ ਕੁ ਚਿਰ ਪਿੱਛੋਂ ਅਸੀਂ ਦੋਵੇਂ ਭਰਾ ਰੋਟੀ-ਟੁੱਕ ਖਾ ਕੇ ਸੋਹਲਪੁਰ ਨੂੰ ਤੁਰ ਪਏਮੇਰੇ ਚਿੱਤ ਵਿੱਚ ਕਈ ਡਰਾਉਣੇ ਖ਼ਿਆਲ ਆਉਂਦੇਤੁਰੇ ਜਾਂਦੇ ਨੂੰ ਵਿੱਚ-ਵਿੱਚ ਕੰਬਣੀ ਜਿਹੀ ਛਿੜ ਪੈਂਦੀ ਤੇ ਦਿਲ ਦੀ ਧੜਕਣ ਤੇਜ਼ ਤੇ ਉੱਚੀ ਹੋ ਜਾਂਦੀਬੰਨ੍ਹ ਉੱਤੇ ਸੱਪਾਂ ਦੀਆਂ ਲੀਕਾਂ ਨਾਲ ਮੈਂ ਹੋਰ ਡਰ ਗਿਆ

ਦੋਹਾਂ ਬਾਬਿਆਂ ਦੇ ਚਿਹਰੇ ਲੱਥੇ ਹੋਏ ਸਨਉਨ੍ਹਾਂ ਦੀ ਨਿਗਾਹ ਰਾਹ ਵੱਲ ਸੀਉਹ ਆਪਸ ਵਿੱਚ ਘੱਟ ਹੀ ਬੋਲ ਰਹੇ ਸਨਜੇ ਗੱਲ ਕਰਦੇ ਤਾਂ ਬੱਸ ਇੰਨੀ ਕੁ ‘ਦਪ੍ਹੈਰ ਢਲ ਚੱਲੀ ਆ, ਠਾਕਰ ਅਜੇ ਬੀ ਨਹੀਂ ਆਇਆ।”

ਬਾਊ ਬਾਬੇ ਦਾ ਇੱਕ ਪੈਰ ਆਪਣੇ ਪੁੱਤ ਜੀਤ ਦੇ ਮੰਜੇ ਵਲ ਤੇ ਇੱਕ ਬਾਹਰ ਵਲ ਹੁੰਦਾਉਹਨੂੰ ਜਿਵੇਂ ਚੈਨ ਨਹੀਂ ਸੀ ਆ ਰਹੀ ਤੇ ਨੱਕ ਵਿੱਚੋਂ ਪਾਣੀ ਵਗ ਰਿਹਾ ਸੀ

ਥੋੜ੍ਹੀ ਕੁ ਦੇਰ ਬਾਅਦ ਇੱਕ ਚਿੱਟੀ ਕਾਰ ਆਈਭਾਈਆ ਤੇ ਇੱਕ ਉੱਚਾ-ਲੰਮਾ, ਮੋਟਾ, ਗੋਰਾ ਨਿਛੋਹ ਚਿੱਟੀ ਭਰਵੀਂ-ਦਾਹੜੀ ਵਾਲਾ ਸਰਦਾਰ ਨਿਕਲੇਉਹ ਸਿੱਧੇ ਤਾਏ ਦੇ ਮੰਜੇ ਕੋਲ ਗਏਹੁਣ ਦੋਨੋਂ ਬਾਬੇ ਵੀ ਇੱਕ ਉਮੀਦ ਨਾਲ ਕੋਲ ਖੜ੍ਹੇ ਸਨ

ਸਰਦਾਰਾ ਸਿੰਆਂ ਪੈਹੇ ਜਿੰਨੇ ਮਰਜ਼ੀ ਲੱਗ ਜਾਣ, ਪਰਬਾਹ ਨਹੀਂ, ਮੁੰਡੇ ਨੂੰ ਬਚਾ ਲਓ!” ਬਾਬਾ ਅਰਜਣ ਸਿੰਘ ਨੇ ਤਰਲਾ ਕੀਤਾ

ਬਾਊ ਬਾਬਾ ਉਨ੍ਹਾਂ ਸਾਰਿਆਂ ਦੇ ਮੂੰਹਾਂ ਵਲ ਦੇਖ ਰਿਹਾ ਸੀ ਤੇ ਬੇਵਸੀ ਦੀ ਝਲਕ ਉਹਦੇ ਮੂੰਹ ਉੱਤੇ ਸਾਫ਼ ਦਿਖਾਈ ਦਿੰਦੀ ਸੀਉਹ ਤਾਏ ਦੇ ਮੰਜੇ ਕੋਲ ਭੁੰਜੇ ਬੈਠ ਗਿਆ

ਡਾਕਟਰ ਨੇ ਤਾਏ ਦੀ ਛਾਤੀ ਉੱਤੇ ਮੁੜ-ਮੁੜ ਟੂਟੀ ਲਾਈ ਜਿਸਦੇ ਸਿਰਿਆਂ ਨੂੰ ਉਹਨੇ ਕੰਨਾਂ ਤੋਂ ਆਪਣੀ-ਚਿੱਟੀ ਪੱਗ ਉਤਾਂਹ ਕਰ ਕੇ ਲਾਇਆ ਹੋਇਆ ਸੀਫਿਰ ਉਹਨੇ ਤਾਏ ਨੂੰ ਦਵਾਈ ਦਿੱਤੀ ਜਿਸ ਨਾਲ ਉਹਨੂੰ ਉਲਟੀਆਂ ਆ ਗਈਆਂਮਗਰੋਂ ਪੁੜਿਆਂ ’ਤੇ ਟੀਕੇ ਲਾਏ

ਸਰਦਾਰਾ ਸਿੰਆਂ ਧੁਆਡੀ ਕਾਰ ਵਿੱਚ ਭੋਗਪੁਰ ਜਾਂ ਜਲੰਧਰ ਲੈ ਚਲਦੇ ਆਂ!” ਵੱਡੇ ਬਾਬੇ ਨੇ ਫਿਰ ਮਿੰਨਤ ਜਿਹੀ ਕੀਤੀ

ਇਸੇ ਦੌਰਾਨ ਡਾਕਟਰ ਨੇ ਭਾਈਏ ਨੂੰ ਇੱਕ ਪਾਸੇ ਲਿਜਾ ਕੇ ਕੁਝ ਕਿਹਾਦੋਹਾਂ ਬਾਬਿਆਂ ਦੇ ਚਿਹਰੇ ਹੋਰ ਫੱਕ ਹੋ ਗਏਉਹ ਅਡੋਲ ਬੇਜਾਨ ਜਿਹੇ ਬੁੱਤ ਬਣੇ ਖੜ੍ਹੇ ਸਨਲਗਦਾ ਸੀ ਜਿਵੇਂ ਉਨ੍ਹਾਂ ਨੂੰ ਆਪ ਕੁਝ ਨਹੀਂ ਅਹੁੜ ਰਿਹਾ ਸੀ ਤੇ ਡਾਕਟਰ ਹੀ ਉਨ੍ਹਾਂ ਲਈ ਰੱਬ ਬਣ ਗਿਆ ਸੀ

ਵਾਹਿਗੁਰੂ ’ਤੇ ਭਰੋਸਾ ਰੱਖੋ, ਮੈਂ ਦਵਾਈ ਦੇ ਦਿੱਤੀ ਆ, ਬਾਕੀ ਉਮਰ ਤਾਂ ਉੱਪਰ ਵਾਲੇ ਦੇ ਹੱਥ ਆ!” ਡਾਕਟਰ ਨੇ ਕਮੀਜ਼ ਹੇਠਲਾ ਆਪਣਾ ਗਾਤਰਾ ਠੀਕ ਕਰਦਿਆਂ ਦੋਹਾਂ ਬਜ਼ੁਰਗਾਂ ਨੂੰ ਦਿਲਾਸਾ ਦੇ ਕੇ ਕਾਰ ਵੱਲ ਜਾਂਦਿਆਂ ਦਿੱਤਾਅੱਖ ਦੇ ਫੋਰ ਵਿੱਚ ਹੀ ਕਾਰ ਧੂੜ ਵਿੱਚ ਗੁੰਮ ਗਈ ਜਿਸਦਾ ਪਿੱਛਾ ਮੇਰੀ ਨਿਗਾਹ ਕਿੰਨੀ ਦੂਰ ਤਕ ਕਰਦੀ ਰਹੀਮੇਰੇ ਖਿਆਲਾਂ ਵਿੱਚ ਪਲ ਦੀ ਪਲ ਤਾਏ ਦੀ ਨਾਜ਼ੁਕ ਬਣੀ ਹਾਲਤ ਜਿਵੇਂ ਇਸ ਧੂੜ-ਮਿਟੀ ਵਿੱਚ ਗੁਆਚ ਗਈ ਹੋਵੇ

ਉੱਧਰ, ਹਵੇਲੀ ਨਾਲ ਦੀ ਛੱਪੜੀ ਦੇ ਦੂਜੇ ਪਾਸੇ ਘਰ ਨੂੰ ਜਾਂਦੀ ਗਲੀ ਵਿੱਚ ਦੁਪਹਿਰ ਤੋਂ ਪਹਿਲਾਂ ਦੀ ਬੈਠੀ ਦਾਦੀ ਰਾਓ ਨੇ ਮੈਂਨੂੰ ਹੱਥ ਨਾਲ ਆਪਣੇ ਕੋਲ ਆਉਣ ਲਈ ਇਸ਼ਾਰਾ ਕੀਤਾ

ਕੀ ਕਹਿ ਕੇ ਗਿਆ ਡਾਕਦਾਰ?”

ਕਹਿੰਦਾ, ਉਮਰ ਤਾਂ ਉੱਪਰ ਆਲੇ ਦੇ ਹੱਥ ਆ!”

ਦਾਦੀ ਹਉਕੇ ਭਰਦੀ ਹਵੇਲੀ ਵੱਲ ਨੂੰ ਔਹਲੀਪਰ ਉਹਤੋਂ ਦੋ ਪੈਰ ਵੀ ਪੁੱਟ ਨਾ ਹੋਏ ਜਿਵੇਂ ਲੱਤਾਂ ਜਵਾਬ ਦੇ ਗਈਆਂ ਹੋਣਉਹ ਕਾਲਜਾ ਫੜ ਕੇ ਉੱਥੇ ਹੀ ਬਹਿ ਗਈਉਹਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਡਿਗਣ ਲੱਗ ਪਏ

ਬਾਊ ਬਾਬਾ ਤੇ ਮੈਂ ਫਿਰ ਤਾਏ ਦੀ ਥਾਂ-ਥਾਂ ਕੀਤੀ ਟੱਟੀ ਉੱਤੇ ਮਿੱਟੀ ਦੀਆਂ ਮੁੱਠਾਂ ਭਰ-ਭਰ ਪਾਉਣ ਲੱਗ ਪਏਬਾਊ ਬਾਬੇ ਦੇ ਹੱਥ ਕੰਬ ਜਿਹੇ ਰਹੇ ਸਨਉਹ ਹੌਲੀ-ਹੌਲੀ ਜਿਵੇਂ ਆਪਣੇ ਆਪ ਨੂੰ ਸੁਣਾ ਕੇ ਬੋਲਦਾ, “ਸਾਰਾ ਅੰਦਰ ਬੱਢ ਹੋ ਗਿਆ, ਹੁਣ ਤਾਂ ਨਿਰੀ ਚਰਬੀ ਵਾਹੁਣ ਲੱਗ ਪਿਆ।”

ਠਾਕਰਾ ਮਈਨੂੰ ਬਚਾ ਲਾ, ਗਲਤੀ ਹੋ ਗਈ ਆ!” ਤਾਏ ਨੇ ਮੰਜੇ ਉੱਤੇ ਮਰੋੜੇ ਮਾਰਦਿਆਂ ਮੁੜ ਆਪਣੀ ਬੇਵਸੀ ਜ਼ਾਹਿਰ ਕੀਤੀ ਤਾਂ ਸਾਡੀਆਂ ਨਜ਼ਰਾਂ ਫਿਰ ਤਾਏ ਦੇ ਮੰਜੇ ਉੱਤੇ ਜਾ ਟਿਕੀਆਂਬਾਊ ਬਾਬੇ ਦੀਆਂ ਅੱਖਾਂ ਵਿੱਚੋਂ ਪਾਣੀ ਇਉਂ ਵਗ ਤੁਰਿਆ ਜਿਵੇਂ ਆਡ ਦਾ ਨੱਕਾ ਟੁੱਟ ਗਿਆ ਹੋਵੇ ਤੇ ਪਾਣੀ ਨੇ ਜਿਵੇਂ ਕਿਸੇ ਮੋਟੀ ਵੱਟ ਨੂੰ ਖੋਰਾ ਲਾ ਲਿਆ ਹੋਵੇ

ਤੇਰੇ ਕੋਲ ਈ ਆਂ ਸਾਰੇ - ਹੌਸਲਾ ਰੱਖ!” ਭਾਈਏ ਨੇ ਜਿਵੇਂ ਬੜੀ ਹਿੰਮਤ ਇਕੱਠੀ ਕਰ ਕੇ ਕਿਹਾ ਹੋਵੇਫਿਰ ਉਹਨੇ ਦੂਜੇ ਪਾਸੇ ਮੂੰਹ ਕਰ ਕੇ ਆਪਣੀ ਪੱਗ ਦੇ ਲੜ ਨਾਲ ਅੱਖਾਂ ਪੂੰਝ ਲਈਆਂ

ਠਾਕਰਾ ਮੈਂ ਮਰ ਜਾਣਾ - ਬਚਾ ਸਕਦਾਂ ਤਾਂ ਬਚਾ ਲਾ - ਪਰ ਉਹਨੂੰ ਮੇਰੇ ਨੇੜੇ ਨਾ ਆਉਣ ਦਈਂ!” ਤਾਏ ਨੇ ਪਲ ਕੁ ਰੁਕ ਕੇ ਫਿਰ ਆਖਿਆ, “ਜੇ ਤੂੰ ਮੇਰੇ ਕੋਲੋਂ ਚਲਾ ਗਿਆ ਤਾਂ ਮੈਂ ਖੂਹੀ ਵਿੱਚ ਛਾਲ ਮਾਰ ਦੇਣੀ ਆ।”

ਜੀਤ ਹੌਸਲਾ ਰੱਖ ...!” ਭਾਈਏ ਕੋਲ ਜਿਵੇਂ ਤਾਏ ਨਾਲੋਂ ਵੀ ਸ਼ਬਦਾਂ ਦੀ ਕਮੀ ਆ ਗਈ ਹੋਵੇਉਹਨੇ ਅੰਦਰੋਂ ਬਾਹਰ ਆ ਕੇ ਬਾਬਾ ਅਰਜਣ ਸਿੰਘ ਨੂੰ ਦੱਸਿਆ, “ਮੇਤੋਂ ਨਹੀਂ ਟੁੱਟਦੀਆਂ ਦੇਖ ਹੁੰਦੀਆਂ!”

ਸੰਤਰੀ ਰੰਗ ਵਿੱਚ ਬਦਲ ਚੁੱਕਾ ਸੂਰਜ ਛਾਲਾਂ ਮਾਰਦਾ ਹੋਇਆ ਛੁਪਣ-ਛੁਪਣ ਕਰ ਰਿਹਾ ਸੀਪਰਿੰਦੇ ਆਪਣੇ ਆਲ੍ਹਣਿਆਂ ਵੱਲ ਨੂੰ ਉਡਾਰੀਆਂ ਮਾਰਨ ਲੱਗ ਪਏ ਸਨ

ਭਾਈਆ ਖੂਹੀ ਤੋਂ ਪਾਣੀ ਪੀ ਕੇ ਮੁੜਿਆ ਤਾਂ ਤਾਇਆ ਦੂਜੇ ਮੰਜੇ ਉੱਤੇ ਆਪਣੇ ਤੇੜ ਵਾਲੀ ਚਿੱਟੀ ਚਾਦਰ ਓੜ ਕੇ ਪਿਆ ਹੋਇਆ ਸੀਉਹਨੇ ਪੁੱਛਿਆ, “ਜੀਤ, ਕੀ ਗੱਲ ਇੱਧਰ ਪੈ ਗਿਆਂ?”

ਠਾਕਰਾ, ਬੱਸ ਆ ਹੁਣ!”

“ਜੀਤ, ਇੱਦਾਂ ਨਾ ਕਹਿ ... ਰੱਬ ...!”

“ਮਲਕੀਤ ਕੋਰ ਤੋਂ ਮੇਰੀ ਅਲੋਂ ਮੁਆਫੀ ਮੰਗੀਂ ਪਈ ਗਲਤੀ ...!” ਤਾਏ ਨੇ ਜਿਵੇਂ ਆਪਣੀ ਸਾਰੀ ਤਾਕਤ ਇਨ੍ਹਾਂ ਬੋਲਾਂ ਉੱਤੇ ਲਾ ਦਿੱਤੀ ਹੋਵੇਤਾਏ ਤੋਂ ਭਾਈਏ ਦਾ ਘੁੱਟ ਕੇ ਫੜਿਆ ਹੱਥ ਆਪੇ ਹੀ ਢਿੱਲਾ ਪੈ ਕੇ ਛੁੱਟ ਗਿਆ

ਕੋਲ ਖੜ੍ਹਾ ਬਾਊ ਬਾਬਾ ਧਾਹਾਂ ਮਾਰ ਕੇ ਰੋ ਪਿਆ, “ਇੱਕ ਅਲਾਲਪੁਰ (ਅਲਾਵਲਪੁਰ, ਜ਼ਿਲ੍ਹਾ ਜਲੰਧਰ) ਬਈਠਾ ਆ ਤੇ ਇੱਕ ਬਲੈਤ ਵਿੱਚ - ਮੇਰਾ ਤਾਂ ਇਹੀ ਸੀ ਸਾਰਾ ਕੁਛ।” ਬਾਊ ਬਾਬੇ ਨੇ ਆਪਣੇ ਪੁੱਤਾਂ ਨੂੰ ਯਾਦ ਕੀਤਾਉਹ ਡਿਗੂੰ-ਡਿਗੂੰ ਕਰਦਾ ਸੀ ਤੇ ਫਿਰ ਤਾਏ ਦੇ ਮੰਜੇ ਕੋਲ ਬਹਿ ਕੇ ਜ਼ਾਰੋਜ਼ਾਰ ਰੋਣ ਲੱਗ ਪਿਆ

ਦੋਹਾਂ ਬਾਬਿਆਂ ਦੀ ਹਾਲ-ਪਾਹਰਿਆ ਸੁਣਦਿਆਂ ਸਾਰ ਹੀ ਦਾਦੀ ਦੁਹੱਥੜਾਂ ਮਾਰ-ਮਾਰ ਆਪਣੀ ਛਾਤੀ ਪਿੱਟਦੀ ਦੂਹੋ ਦੂਹ ਆ ਗਈਹੁਣ ਉਹਦੀਆਂ ਲੱਤਾਂ ਵਿੱਚ ਪਤਾ ਨਹੀਂ ਕਿਵੇਂ ਜਾਨ ਪਰਤ ਆਈ ਸੀਉਹ ਕੀਰਨੇ ਪਾਉਂਦੀ ਹੋਈ ਤਾਏ ਨੂੰ ਇਉਂ ਹਾਕਾਂ ਮਾਰ ਰਹੀ ਸੀ ਜਿਵੇਂ ਸੁੱਤੇ ਨੂੰ ਜਗਾ ਰਹੀ ਹੋਵੇਦਾਦੀ ਨੂੰ ਵਿਲਕ-ਵਿਲਕ ਰੋਂਦੀ ਨੂੰ ਦੇਖ ਕੇ ਮੇਰਾ ਰੋਣ ਮੁੜ ਨਿਕਲ ਗਿਆ

ਹੁਣ ਪੰਛੀ ਆਪਣੇ ਆਲ੍ਹਣਿਆਂ ਵਿੱਚ ਜਾ ਲੁਕੇ ਸਨਉੱਤਰ ਰਿਹਾ ਹਨ੍ਹੇਰਾ ਜਿਵੇਂ ਸਭ ਨੂੰ ਮੱਲੋਮੱਲੀ ਆਪਣੀ ਬੁੱਕਲ ਵਿੱਚ ਲੁਕੋ ਲੈਣ ਲਈ ਕਾਹਲਾ ਪੈ ਰਿਹਾ ਸੀ

ਇਸੇ ਦੌਰਾਨ ਚੈਨ ਦੀ ਪੀਤੋ ਤੇ ਲੰਬੜਨੀ ਨੰਨ੍ਹੀ ਆ ਕੇ ਉੱਚੀ-ਉੱਚੀ ਰੋਣ ਲੱਗ ਪਈਆਂਖੁਰਲੀ ਉੱਤੇ ਬੱਝੇ ਪਸ਼ੂਆਂ ਨੇ ਆਪਣੇ ਮੂੰਹ ਰੋਣ-ਪਿੱਟਣ ਦੀਆਂ ਆਵਾਜ਼ਾਂ ਵਲ ਚੁੱਕੇ ਹੋਏ ਸਨਇਉਂ ਜਾਪਦਾ ਸੀ ਜਿਵੇਂ ਉਨ੍ਹਾਂ ਨੂੰ ਵੀ ਕਿਸੇ ਅਣਹੋਣੀ ਦੇ ਹੋਣੀ ਵਿੱਚ ਤਬਦੀਲ ਹੋਣ ਦਾ ਇਹਸਾਸ ਹੋ ਗਿਆ ਹੋਵੇ

... ਤੇ ਭਾਈਏ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਬੁਲਾ ਕੇ ਕਿਹਾ, “ਤੁਸੀਂ ਪਿੰਡ ਨੂੰ ਚਲੋ, ਮੈਮ੍ਹੀਂ ਆਉਨਾ!”

ਕੋਲ ਖੜ੍ਹਾ ਬਾਬਾ ਅਰਜਣ ਸਿੰਘ ਕਹਿ ਰਿਹਾ ਸੀ, “ਠਾਕਰਾ, ਨ੍ਹੇਰੇ ਉੱਠ ਕੇ ਕਠਾਰ ਜਾਹ - ਮਲਕੀਤ ਕੋਰ ਨੂੰ ਕਹੀਂ ਪਈ ਜੀਤ ਬਹੁਤ ਬਮਾਰ ਆ - ਆਪਣੇ ਭਰਾ ਨੂੰ ਨਾਲ ਲੈ ਕੇ ਆ ਜਾਬੇ - ਉਹਦੇ ਭਰਾ ਨੂੰ ਪੜਦੇ ਨਾ ਸਮਝਾ ਦਈਂ ਪਈ ਮਕਾਣ ਦਿਨ ਚੜ੍ਹੇ ਆ ਜਾਬੇਜਾਂਦਾ ਹੋਇਆ ਆਪਣੀ ਭੂਆ ਤੇ ਭੈਣ (ਇੱਕੋ ਪਰਿਵਾਰ ਵਿੱਚ ਵਿਆਹੀਆਂ ਭੂਆ (ਪ੍ਰੀਤੋ), ਭਤੀਜੀ (ਮੀਤੋ) ਨੂੰ ਸਲ਼ਾਲ਼ੇ ਦੱਸ ਜਾਮੀ।”

ਨੜੋਏ ਤੋਂ ਮੁੜਦਿਆਂ ਮੈਂ ਦੇਖਿਆ ਕਿ ਨਿੱਕੇ ਜਿਹੇ ਪਿੰਡ ਦਾ ਵੱਡਾ ਸਾਰਾ ਰਾਹ ਅੰਗਾਂ-ਸਾਕਾਂ ਤੇ ਤਾਏ ਦੇ ਦੋਸਤਾਂ ਨਾਲ ਭਰਿਆ ਹੋਇਆ ਸੀਇਹ ਸੋਗੀ ਘਟਨਾ 1965 ਦੀ ਦੀਵਾਲੀ ਤੋਂ ਵੀਹ-ਬਾਈ ਦਿਨ ਪਹਿਲਾਂ ਦੀ ਸੀ

ਭਾਵੇਂ ਹੁਣ ਤਾਏ ਦਾ ਭੋਗ ਪੈ ਚੁੱਕਾ ਸੀ ਤਾਂ ਵੀ ਸਾਡੇ ਘਰ ਉਹਦੀਆਂ ਗੱਲਾਂ ਦਾ ਅਖੰਡ ਪਰਵਾਹ ਜਾਰੀ ਸੀਭਾਈਆ ਫ਼ਖਰ ਨਾਲ ਕਹਿੰਦਾ, “ਜੀਤ ਵਰਗੇ ਬੰਦੇ ਕਿਤੇ ਘਰ-ਘਰ ਜੰਮਣੇ ਆਇੱਕ ਬਾਰੀ ਅਸੀਂ ਹਬੇਲੀ ਖੜ੍ਹੇ ਸੀ ਤਾਂ ਜੀਤ ਦੇ ਚਿੱਤ ਪਤਾ ਨਹੀਂ ਕੀ ਅਇਆ, ਮਈਨੂੰ ਬਾਹੋਂ ਫੜ ਕੇ ਖੁਰਲੀ ਕੋਲ ਲਿਜਾ ਕੇ ਕਹਿਣ ਲੱਗਾ-ਠਾਕਰਾ ਐਹਲੇ ਆਪਣੇ ਕੋਲ ਪੱਗਾਂ ਨਹੀਂ, ਆ ਤੂੰਮ੍ਹੀ ਗੋਕੇ ਦੇ ਪਿੰਡੇ ’ਤੇ ਹੱਥ ਰੱਖ - ਲੈ ਅੱਜ ਤੋਂ ਆਪਾਂ ਭਰਾ ਬਣ ਗਏ ਆਂਫਿਰ ਘਰ ਜਾ ਕੇ ਚਾਅ ਨਾਲ ਮਲਕੀਤ ਕੋਰ ਨੂੰ ਨਿਆਣਿਆਂ ਆਂਙੂੰ ਦੱਸਣ ਲੱਗਾ - ਠਾਕਰ ਅੱਗੇ ਤੋਂ ਸੈਕਲ, ਪੈਹੇ ਜਾਂ ਕੋਈ ਚੀਜ਼ ਮੰਗੇ ਤਾਂ ਨਾਂਹ ਨਹੀਂ ਕਰਨੀ, ਜੇ ਕੀਤੀ ਤਾਂ ਮੇਤੋਂ ਬੁਰਾ ਕੋਈ ਨਹੀਂ - ਹੁਣ ਅਸੀਂ ਭਰਾ ਬਣ ਗਏ ਆਂ।”

ਭਾਈਆ ਬਿੰਦ ਕੁ ਰੁਕ ਕੇ ਫਿਰ ਦੱਸਣ ਲੱਗ ਪਿਆ, “ਇੱਕ ਬਾਰੀ ਹਵੇਲੀ ਆ ਕੇ ਮਲਕੀਤ ਕੋਰ ਨੇ ਮਈਨੂੰ ਕਿਹਾ, ਭਾਈਆ ਜੀ ਪਤਾ ਲੱਗਾ ਪਈ ਬਰਾਮੀਏ ਮਿੰਹਦੂ ਦੇ ਘਰ ਬਈਠੇ ਪੀਂਦੇ ਆਜ਼ਰਾ ... ਮੈਂ ਦਬਾ ਸੱਟ ਸੈਕਲ ਚੱਕਿਆ ਤੇ ਜਾ ਹਾਕ ਮਾਰੀਜਦੋਂ ਗੇਟ ’ਤੇ ਆਇਆ ਤਾਂ ਮੈਂ ਕਿਹਾ - ਹਰਦੂਲਾਣਤ ਆ ਤੇਰੇ, ਅੱਜ ਇੱਥੇ ਪੀਨਾ ਭਲਕੇ ਤੇਰੇ ਘਰ ਬੀ ਆਉਣਾ ਇਨ੍ਹਾਂ ਨੇਫੇ ਕੀ ਸੀ - ਚੁੱਪ ਕਰਕੇ ਉੱਥੋਂ ਈ ਮੇਰੇ ਨਾਲ ਤੁਰ ਪਿਆ।”

ਹੋਰ ਦੱਸਾਂ?” ਭਾਈਏ ਨੇ ਹੋਰ ਦੱਸਣ ਦੀ ਇੱਛਾ ਨਾਲ ਪੁੱਛਿਆ

ਇਕ ਬਾਰੀ ਪੀਂਦਿਆਂ-ਪੀਂਦਿਆਂ ਤੋਖੀ ਸੁਆਜਪੁਰੀਏ (ਸ਼ਹਿਬਾਜ਼ਪੁਰੀਏ) ਨੇ ਮਈਨੂੰ ਦਬਕਾ ਮਾਰ ਕੇ ਘੱਟ-ਬੱਧ ਕਿਹਾਜੀਤ ਉੱਠ ਕੇ ਪੈ ਗਿਆ - ਜੇ ਬਾਧੂ ਬੋਲਿਆ ਤਾਂ ਦੇਖ ਲਈਂ - ਇਹ ਮੇਰਾ ਭਰਾ ਆਤੂੰ ਜਾਣਾ ਤਾਂ ਚਲੇ ਜਾਤਲਬੰਡੀ ਆਲੇ ਸੁੱਚੇ ਨੇ ਬੀ ਇੱਕ ਬਾਰੀ ਚਮਾਰ-ਕਮੀਣ ਕਹਿ ਕੇ ਕੁਛ ਕਿਹਾ ਸੀ ਤਾਂ ਜੀਤ ਨੇ ਉਹਅਲੇ ਈ ਉਹਦੀ ਲਾਹ-ਪਾਹ ਕਰ’ਤੀ ਸੀ।”

ਭਾਈਏ ਕੋਲ ਤਾਏ ਨਾਲ ਜੁੜੀਆਂ ਯਾਦਾਂ ਦਾ ਇੱਕ ਅਮੁੱਕ ਭੰਡਾਰ ਸੀਰਾਤ ਨੂੰ ਰੋਟੀ ਖਾਣ ਵੇਲੇ ਉਹ ਤਾਏ ਬਾਰੇ ਕੋਈ ਨਾ ਕੋਈ ਗੱਲ ਤੋਰ ਲੈਂਦਾ, “ਜਦੋਂ ਅਵਤਾਰ ਦਾ ਬਿਆਹ ਸੀ ਤਾਂ ਮਾਣਕਢੇਰੀ ਆਲਾ ਬਾਵਾ ਫੁਲਕੇ ਬਣਾਉਂਦਾ-ਬਣਾਉਂਦਾ ਚਾਚੇ (ਅਰਜਣ ਸਿੰਘ) ਨੂੰ ਕਹਿਣ ਲੱਗਾ - ਅਖੇ ਠਾਕਰ ਤਵੀ ਥੱਲੇ ਬਾਲਣ ਪਾਈ ਜਾਂਦਾ! ਚਾਚੇ ਨੇ ਚੰਗਾ ਠੋਕ ਕੇ ਜਵਾਬ ਦਿੱਤਾ, ਇਹਦੇ ਹੱਥਾਂ ਆਲੇ ਬਾਲਣ ਨਾਲ ਜ਼ਹਿਰ ਚੜ੍ਹਦੀ ਆ! ਇੱਦਾਂ ਈ ਗਿਆਨੂੰ (ਨਾਈ) ਕਹੇ ਪਈ ਖਾਣ-ਪੀਣ ਆਲੀਆਂ ਸਾਰੀਆਂ ਚੀਜ਼ਾਂ ਵਿੱਚ ਠਾਕਰ ਹੱਥ ਪਾਈ ਜਾਂਦਾਦਾਰੂ (ਮਾਧੋਪੁਰ ਦਾ ਜੱਟ ਹਲਵਾਈ) ਨੇ ਕਿਹਾ ਫੇ - ਸ਼ਰਮ ਕਰ ਕੁਛ! ਤੂੰ ਹੈਂ ਤਾਂ ਸਾਡੇ ਨਾਲੋਂ ਬੜਾ, ਸਾਨੂੰ ਜਿਹੜੀ ਬੋਤਲ ਮਿਲਣੀ ਆਂ, ਉਹ ਬੀ ਨਹੀਂ ਮਿਲਣੀ ਇੱਦਾਂ - ਸਾਰਾ ਕੁਛ ਤਾਂ ਠਾਕਰ ਦੇ ਹੱਥ ਆਫੇ ਗਿਆਂ ਨੂੰ ਕਹੇ - ਚੰਗਾ ਜਿੱਦਾਂ ਧੁਆਡੀ ਮਰਜ਼ੀਮੈਂ ਪੁੱਛਦਾ-ਪੁੱਛਦਾ ਈ ਰਹਿ ਗਿਆ ਪਈ ਦੋ ਦਿਨ ਪਈਲਾਂ ਖੰਡ ਪਾਠ ’ਤੇ ਜੱਟਾਂ-ਚਮਾਰਾਂ ਦੇ ਘਰੋਂ ਲੱਸੀ ’ਕੱਠੀ ਕਰ ਕੇ ਚਾਟੀਆਂ ਭਰ ਕੇ ਅਸੀਂ ਲਿਆਂਦੀਆਂ ਮਾਧੋਪੁਰੋਂਉਨ੍ਹਾਂ ਨੂੰ ‘ਤਰਾਜ ਨਹੀਂ ਤੇ ਤੂੰ ਬਿੱਚ ਕਾਹਨੂੰ ਘੜੰਮ ਚੌਧਰੀ ਬਣੀ ਜਾਨਾ।”

ਭਾਈਆ ਫਿਰ ਵਿਗੋਚੇ ਜਿਹੇ ਨਾਲ ਦੱਸਦਾ, “ਦਿਨ ਤਾਂ ਜਿੱਦਾਂ-ਕਿੱਦਾਂ ਮੂੰਹ-ਤੂੰਹ ਲੱਗ ਕੇ ਨੰਘ ਜਾਂਦਾ, ਘੁਸਮੁਸਾ ਹੁੰਦਾ ਤਾਂ ਅਈਦਾਂ ਲਗਦਾ ਜਿੱਦਾਂ ਜੀਤ ਮੇਰੇ ਨਾਲ-ਨਾਲ ਹੋਬੇਰਾਤ ਨੂੰ ਅੱਬਲ ਤਾਂ ਨੀਂਦ ਨਹੀਂ ਆਉਂਦੀ - ਜੇ ਆਉਂਦੀ ਆ ਤਾਂ ਸੁਫ਼ਨਿਆਂ ਵਿੱਚ ਜੀਤ ਬੰਨ੍ਹ ਨਾਲ ਦੀ ਪਹੀ ਵਿੱਚ ਸੈਕਲ ਦੀ ਘਈਂਟੀ ਖੋਲ੍ਹ ਕੇ ਹਾੜਾ ਆਪੂੰ ਪੀਂਦਾ ਤੇ ਇੱਕ ਮਈਨੂੰ ਦਿੰਦਾਕਹਿੰਦਾ - ਚੱਲ ਉੱਠ ਬੱਕਰੇ ਬਲਾਈਏ - ਤੂੰ ਘਬਰਾ ਨਾ ਮੈਂ ਜੋ ਤੇਰੇ ਨਾਲ ਆਂ।”

ਭਾਈਏ ਦੀਆਂ ਗੱਲਾਂ ਸੁਣਨ ਦੌਰਾਨ ਮੇਰਾ ਮਨ ਰਾਤ ਦੇ ਹਨ੍ਹੇਰਿਆਂ ਨੂੰ ਚੀਰ ਕੇ ਤਾਈ ਦੇ ਘਰ ਨੂੰ ਉਡਾਰੀਆਂ ਭਰਦਾਤਾਈ ਦੇ ਬਿੱਲੀਆਂ ਵਾਂਗ ਰੋਣਾ - ਰੁਦਨ ਸੁਣੇ ਨਾ ਜਾਂਦੇਛੁੱਟੀ ਵਾਲੇ ਦਿਨ ਮੈਂ ਗੋਲੀ ਵਾਂਗ ਸਿੱਧਾ ਉਹਦੇ ਕੋਲ ਵਗ ਜਾਂਦਾ

ਵੱਡੀ ਦਾਦੀ ਈਸਰੀ (ਤਾਈ ਦੀ ਦਾਦੀ ਸੱਸ) ਵਿਹੜੇ ਵਿੱਚ ਮੰਜੀ ਉੱਤੇ ਲੋਈ ਜਾਂ ਰਜਾਈ ਲੈ ਕੇ ਬੈਠੀ ਹੁੰਦੀਮੈਂ ਕੋਲ ਬਹਿੰਦਾ ਤਾਂ ਉਹ ਰਜਾਈ ਦਾ ਪੱਲਾ ਮੇਰੇ ਉੱਤੇ ਦਿੰਦੀਆਪਣਾ ਹੱਥ ਮੇਰੇ ਸਿਰ ਤੇ ਪਿੱਠ ਉੱਤੇ ਫੇਰਦੀ ਹੋਈ ਅਸੀਸਾਂ ਦੀ ਵਰਖਾ ਕਰਦੀ ਕਹਿੰਦੀ, “ਠਾਕਰ ਨੂੰ ਪੰਜ ਰੁਪਈਏ ਦੇ ਕੇ ਮੈਂ ਤਈਨੂੰ ਲਿਆ ਆਮੈਂ ਪੱਗਾਂ ਬਟਾਤੀਆਂ ਸੀ ਜੀਤ ਤੇ ਠਾਕਰ ਦੀਆਂ! ਛੇਤੀ-ਛੇਤੀ ਤਕੜਾ ਹੋ ਮੇਰਾ ਪੁੱਤ।”

ਇਸੇ ਦੌਰਾਨ ਮੈਂਨੂੰ ਆਪਣੇ ਪਿੰਡ ਦੀ ਬਜ਼ੁਰਗ, ਮਧਰੀ, ਪੱਕੇ ਰੰਗ ਦੀ ਛੁਆਰੇ ਵਾਂਗ ਝੁਰੜੀਆਂ ਭਰੇ ਮੂੰਹ ਵਾਲੀ ਲੰਬੜਨੀ ਭਾਗੋ ਚੇਤੇ ਆਉਂਦੀ ਜਿਸਦੇ ਲੀੜੇ ਮੈਲੇ, ਪੈਰੀਂ ਪੁਰਾਣੀਆਂ ਛਿਤਰੀਆਂ ਤੇ ਹੱਥ ਵਿੱਚ ਸੋਟਾ ਹੁੰਦਾਉਹ ਸਾਡੇ ਘਰਾਂ ਦੀਆਂ ਤੀਵੀਆਂ-ਕੁੜੀਆਂ ਨਾਲ ਕੁਝ ਵਿਥ ਬਣਾ ਕੇ ਤੇ ਲੀੜੇ ਇਕੱਠੇ ਜਿਹੇ ਕਰਕੇ ਗੱਲ ਕਰਦੀਰਾਹ-ਗਲੀ ਖੇਡਦਿਆਂ ਨਿਆਣਿਆਂ ਵਿੱਚੋਂ ਜਦੋਂ ਕਿਸੇ ਜਣੇ ਦਾ ਉਹਨੂੰ ਹੱਥ ਛੋਹ ਜਾਂਦਾ ਤਾਂ ਉਹ ਝੱਟ ਡੰਡਾ ਮਾਰ ਦਿੰਦੀ ਤੇ ਗਾਲ੍ਹ-ਉਲ੍ਹਾਮਾ ਵੱਖਰਾਉਹ ਭਿੱਟ ਹੋ ਜਾਂਦੀਮੈਂ ਸੋਚਦਾ, “ਵੱਡੀ ਦਾਦੀ ਨੂੰ ਤਾਂ ਕੁਛ ਨਹੀਂ ਹੁੰਦਾ, ਇਹ ਵੀ ਤਾਂ ਜੱਟ ਆ - ਮੁਰੱਬਾ ਜ਼ਮੀਨ ਆ - ਸਾਡੇ ਪਿੰਡ ਆਲੇ ਤਾਂ ਰੜਾ-ਟਾਹਲੀ ਨੂੰ ਕਾਹੀ ਲਈ ਗੱਡੇ ਲੈ ਕੇ ਤੁਰੇ ਰੲ੍ਹੀਂਦੇ ਆ ਤੇ ਫੇ ਬੀ ਸਾਡੇ ਨਾਲ ਇੱਦਾਂ ਕਰਦੇ ਆ।”

ਵੱਡੀ ਦਾਦੀ ਇੰਨਾ ਲਾਡ ਕਰਦੀ ਕਿ ਮੇਰਾ ਚਿੱਤ ਆਪਣੇ ਪਿੰਡ ਆਉਣ ਨੂੰ ਨਾ ਕਰਦਾਫਿਰ ਖ਼ਿਆਲ ਆਉਂਦਾ, “ਸਾਡੇ ਪਿੰਡ ਈ ਇਹੋ ਜਿਹਾ ਪਾਣੀ ਤੇ ਇਹੋ ਜਿਹੀ ਹਵਾ ਜ਼ਿਆਦਾ ਵਗਦੀ ਆ।” ਸਹਿਜ ਹੀ ਭਾਈਏ ਦਾ ਜਵਾਬ ਮਿਲਦਾ, “ਸੋਹਲਪੁਰ ਸਾਰਾ ਪਿੰਡ ਤਾਂ ਅਮਲੀਆਂ ਦਾ, ਹਾਅ ਖੁਸ਼ੀਆ ਨਹੀਂ ਆਪਣੀ ਬਰਾਦਰੀ ਦਾ - ਉਹਦੇ ਘਰੋਂ ਡੋਡੇ-ਮਾਵਾ ਮੰਗ ਲਿਆਉਂਦੇ ਆ ਸਾਰੇ ਜਣੇ ਅੜੇ-ਥੁੜੇ ਨੂੰਇਨ੍ਹਾਂ ਦੀ ਇੱਕ ਦੂਜੇ ਬਿਨਾਂ ਗਰਜ ਪੂਰੀ ਨਹੀਂ ਹੁੰਦੀ ਤੇ ਇਨ੍ਹਾਂ ਨੇ ਕਿਸੇ ਨਾਲ ਕੀ ਭਿੱਟ ਕਰਨੀ ਆ।”

ਮੇਰੇ ਇਸ ਉਥੇੜ-ਬੁਣ ਦੇ ਧਾਗੇ ਉਦੋਂ ਹੀ ਮੁੱਕਦੇ ਜਦੋਂ ਤਾਈ ਚਾਹ ਦਾ ਤੱਤਾ-ਤੱਤਾ ਗਲਾਸ ਮੇਰੇ ਹੱਥ ਲਿਆ ਫੜਾਉਂਦੀ

ਤਾਈ ਮੈਂਨੂੰ ਕਦੀ ਰੋਟੀ ਉੱਤੇ ਗੁੜ, ਰਾਬ, ਸ਼ੱਕਰ-ਮੱਖਣ ਰੱਖ ਕੇ ਦਿੰਦੀ ਤੇ ਦਾਲ-ਦਹੀਂ ਜਾਂ ਸਾਗ ਵੱਖਰਾਆਚਾਰ ਨੂੰ ਚਿੱਤ ਕਰਦਾ ਤਾਂ ਮੈਂ ਰਸੋਈ ਨਾਲ ਦੀ ਕੋਠੜੀ ਵਿਚਲੀ ਚਾਟੀ ਵਿੱਚੋਂ ਇੱਕ ਫਾੜੀ ਕੱਢ ਲਿਆਉਂਦਾਉਹ ਮੈਂਨੂੰ ਆਪਣੇ ਜੂਠੇ ਭਾਂਡੇ ਧੋਣ ਜਾਂ ਮਾਂਜਣ ਨਾ ਦਿੰਦੀ

ਤਾਈ ਮੇਰੇ ਨਾਲ ਪਹਿਲਾਂ ਤੋਂ ਹੀ ਅੰਤਾਂ ਦਾ ਮੋਹ ਕਰਦੀ ਸੀਕਈ ਵਾਰ ਉਹ ਅਪਣੱਤ ਭਰੇ ਤਰਲੇ ਨਾਲ ਮੈਂਨੂੰ ਕਹਿੰਦੀ, “ਛੁੱਟੀ ਆਲੇ ਦਿਨ ਮੇਰੇ ਕੋਲ ਆਜਿਆ ਕਰ ਮੇਰਾ ਪੁੱਤ! ਮੇਰਾ ਚਿੱਤ ਲੱਗਾ ਰਈਂਦਾ

ਉਹਦੀ ਦੁਖਦੀ ਰਗ਼ ਦਾ ਮੈਂਨੂੰ ਥੋੜ੍ਹਾ-ਥੋੜ੍ਹਾ ਪਤਾ ਸੀਉਹ ਮੇਰੇ ਵਿੱਚੋਂ ਆਪਣੇ ਮਰ ਚੁੱਕੇ ਪੁੱਤ ਤੇ ਧੀ ਨੂੰ ਤਲਾਸ਼ਦੀਉਹ ਕੱਪੜੇ ਧੋਂਦੀ ਤਾਂ ਮੈਂ ਹੌਲੀ-ਹੌਲੀ ਨਲ਼ਕਾ ਗੇੜਦਾ ਰਹਿੰਦਾਗੱਲ ਕੀ ਉਹ ਕੋਈ ਵੀ ਕੰਮ ਕਰਦੀ, ਮੈਂਨੂੰ ਆਪਣੇ ਨਾਲ-ਨਾਲ ਰੱਖਦੀਮੈਂ ਵੀ ਉਹਦੇ ਮਗਰ-ਮਗਰ ਇਉਂ ਤੁਰਿਆ ਰਹਿੰਦਾ ਜਿਵੇਂ ਬੱਕਰੀ ਪਿੱਛੇ ਮੇਮਣਾ

ਤ੍ਰਿਕਾਲਾਂ ਨੂੰ ਘਰ ਜਾਣ ਲਗਦਾ ਤਾਂ ਕਹਿੰਦੀ, “ਪੁੱਤ ਆਪਣੀ ਬੀਬੀ ਨੂੰ ਕਹੀਂ ਮਿਲ ਜਾਬੇ - ਤਾਰ ਦੇ ਬਿਆਹ ਦੀ ਆਈਊ ਤੇਰੇ ਤਾਏ ਦੇ ਮਸੋਸ ਨੂੰ ਆਈ ਆ, ਕਹੀਂ ਛੇਤੀ ਗੇੜਾ ਮਾਰੇ।”

ਆਪਣੇ ਪਿੰਡ ਨੂੰ ਜਾਂਦਿਆਂ ਮੇਰੇ ਪੈਰ ਜਿਵੇਂ ਭਾਰੇ ਹੋ ਜਾਂਦੇਸੋਚਦਾ, “ਅਸੀਂ ਤਾਈ ਦੇ ਘਰ ਕੋਲ ਕੋਠਾ ਪਾ ਲਈਏਮਾਧੋਪੁਰ ਤੋਂ ਨਾ ਰੋਜ਼ ਆਈਏ ਤੇ ਨਾ ਜਾਈਏ।”

ਮੈਂ ਘਰ ਪਹੁੰਚ ਕੇ ਦੱਸਦਾ ਕਿ ਤਾਈ ਨੇ ਅੱਜ ਕੀ-ਕੀ ਖਾਣ ਨੂੰ ਦਿੱਤਾਮਾਂ ਹੱਥ ਜੋੜ ਕੇ ਅਰਦਾਸ ਕਰਨ ਦੇ ਲਹਿਜ਼ੇ ਨਾਲ ਕਹਿੰਦੀ, “ਰੱਬ ਤੇਰੀ ਤਾਈ ਦੀ ਝੋਲੀ ਬੀ ਭਰੇ!”

“ਉਦੋਂ ਮੁੰਡਾ ਹੋਇਆ ਤਾਂ ਉਹਨੂੰ ਜਲੋਧਰ ਹੋ ਗਿਆ - ਮੈਂ ਤਾਂ ਆਪਣੀ ਲਾਲ ਗਾਂ ਦਾ ਦੁੱਧ ਸਬੇਰੇ ਈ ਪਚਾਉਂਦਾ ਸੀ - ਨਹੀਂ ਬਧੀਊ ਸੀਕੁੜੀ ਜੰਮੀ ਤਾਂ ਅਈਂਦਾ ਈ ਦੇਖਦਿਆਂ-ਦੇਖਦਿਆਂ ਹੱਥਾਂ ਵਿੱਚੋਂ ਚਲੀ ਗਈਹੁਣ ਰੱਬ ਨਿਸ਼ਾਨੀ ਦੇਬੇ ਤੇ ਉਮਰ ਲਾ ਕੇ ਦੇਬੇ।” ਭਾਈਏ ਨੇ ਵੇਰਵੇ ਸਹਿਤ ਬਿਆਨ ਦਿੱਤਾ

ਜੜ੍ਹ-ਮਣਿਆਦ ਲਈ ਰੱਬ ਆਪੇ ਈ ਬੂਟਾ ਲਾਊਗਾ - ਕਰਮਾਂ ਦੀ ਮਾਰੀ ਨਾ ਪਈਲਾਂ ਈ ਬਥੇਰਾ ਅਨਿਆਂ ਹੋ ਗਿਆ।”

ਮੈਂ ਵਿੱਚੋਂ ਟੋਕ ਕੇ ਪੁੱਛਿਆ, “ਤਾਇਆ ਓਦਣ ਬੱਡੇ ਬਾਬੇ ਬਾਰੇ ...?”

ਉਅਨੇ ਚਾਚੇ ਤੋਂ ਬੋਤਲ ਲਈ ਪੈਹੇ ਮੰਗੇ ਸੀ - ਕਿਸੇ ਨਾਲ ਦਸਹਿਰੇ ਦੁਆਲੇ ਪੀਣੀ ਸੀ - ਚਾਚੇ ਨੇ ਝਿੜਕ ਦਿੱਤਾ ਪਈ ਸ਼ਰਾਬਾਂ-ਕਬਾਬਾਂ ਨੂੰ ਮੇਰੇ ਕੋਲ ਪੈਹੇ ਹੈ ਨਹੀਂ - ਹਾਅ ਸੀ ਵਿੱਚੋਂ ਗੱਲ।” ਫਿਰ ਉਸ ਨੇ ਅਚਾਨਕ ਕਿਹਾ, “ਜੇ ਡਾਕਟਰ ਸਰਦਾਰਾ ਸੁੰਹ ਮੇਰੇ ਨਾਲ ਓਹਅਲਾਂ ਈ ਤੁਰ ਪਈਂਦਾ ਜਦੋਂ ਦਾ ਮੈਂ ਗਿਆ ਇਆ ਸੀ ਤਾਂ ਜੀਤ ਨੇ ਬਚ ਜਾਣਾ ਸੀਮਾਮਾ ਫਫੜੇ ਈ ਕਰੀ ਜਾਬੇ - ਬੱਸ ਆਹ ਮਰੀਜ਼ ਦੇਖ ਕੇ ਚਲਦੇ ਆਂ ਹੁਣੇ ਈ ... ਹਈਦਾਂ ਈ ਬੁੜ੍ਹੀਆਂ ਆਂਙੂੰ ਖੇਖਨ ਕਰਦਿਆਂ ਦਪੈਹਰ ਲਿਆ ’ਤੀਫੇ ਕਹੇ ਉਮਰ ਤਾਂ ਉੱਪਰ ਆਲੇ ਦੇ ਹੱਥ ਆ - ਚੱਕਿਆ ਆ ਬੜਾ ਡਾਕਟਰੀ ਦਾ।”

ਬੰਦੇ ਦੇ ਕੀ ਹੱਥ-ਬੱਸ ਆ, ਹੁਣ ਸਤਿਗੁਰ ਜੀਅ ਦੇਬੇ - ਮਲਕੀਤ ਕੋਰ ਦਾ ਦੁੱਖ ਥੋੜ੍ਹਾ ਘਟ ਜਾਊਗਾ।” ਮਾਂ ਕੋਲ ਦੁਹਰਾਉਣ ਲਈ ਇਹੀ ਗੱਲ ਸੀ

ਤਾਏ ਦੀ ਮੌਤ ਪਿੱਛੋਂ ਉਹਦੇ ਵਾਰਿਸ ਦੀਆਂ ਵਧੇਰੇ ਗੱਲਾਂ ਹੁੰਦੀਆਂ ਜਿਵੇਂ ਅਸੀਂ ਇਸ ਭਰ ਸਿਆਲ ਵਿੱਚ ਨਿੱਘ ਦੀਆਂ ਗੱਲਾਂ ਕਰਦੇ ਸੀ ਤੇ ਫਿਰ ਨਵਾਂ ਸਾਲ ਚੜ੍ਹ ਪਿਆ

ਇੱਕ ਦਿਨ (ਪਹਿਲੀ ਫਰਵਰੀ, 1966) ਤ੍ਰਕਾਲਾਂ ਨੂੰ ਭਾਈਏ ਨੇ ਸੋਹਲਪੁਰੋਂ ਆ ਕੇ ਦੱਸਿਆ, “ਮਲਕੀਤ ਕੋਰ ਦੇ ਕੁੱਛੜ ਕੁੜੀ ਆ!”

“ਰੱਬ ਪੁੱਤ ਦੇ ਦਿੰਦਾ ਤਾਂ ...।” ਮਾਂ ਨੇ ਥੋੜ੍ਹਾ ਅਟਕ ਕੇ ਫਿਰ ਆਖਿਆ, “ਚਲੋ, ਰੱਬ ਉਮਰ ਲੰਮੀ ਕਰੇ!”

ਇਨ੍ਹਾਂ ਦਿਨਾਂ ਵਿੱਚ ਮੈਂ ਕਈ ਦਿਨ ਤਾਈ ਕੋਲ ਨਾ ਗਿਆ ਜਿਵੇਂ ਮੈਂ ਆਪਣੀ ਮਾਂ ਦੇ ਜਣੇਪੇ ਵੇਲੇ ਇੱਧਰ-ਉੱਧਰ ਖੇਡਦਾ ਉਹਦੇ ਮੰਜੇ ਕੋਲ ਬਹੁਤਾ ਨਹੀਂ ਜਾਂਦਾ ਹੁੰਦਾ ਸੀਜਿੱਦਣ ਗਿਆ ਤਾਂ ਤਾਈ ਨੇ ਮੈਂਨੂੰ ਆਖਿਆ, “ਆਹ ਦੇਖ ਤੇਰੀ ਭੈਣ ਆ ਗਈ ਆਹੋਰ ਦੋ ਮਹੀਨਿਆਂ ਨੂੰ ਪੰਜਮੀ ਕਰ ਕੇ ਗੀਗਨੋਆਲ (ਸਰਕਾਰੀ ਮਿਡਲ ਸਕੂਲ ਗੀਗਨਵਾਲ, ਜਲੰਧਰ) ਪੜ੍ਹਨ ਲੱਗ ਪਈਂ! ਨਾਲੇ ਦੇਬੀ ਨੂੰ ਖਲ੍ਹਾਇਆ ਕਰੀਂ।”

ਦੇਬੀ ਰੂੰ ਵਰਗੀ ਨਰਮ ਮੋਟੀ-ਭੁੱਚਰ, ਭੋਲੀ ਜਿਹੀ - ਮੈਂ ਉਹਨੂੰ ਕੁੱਛੜ ਚੁੱਕਦਾ - ਉਹ ਅੱਗੋਂ ਹੁੱਬ ਕੇ ਹੁੰਗਾਰੇ ਭਰਦੀਕੋਲ ਬੈਠੀ ਦਾਦੀ ਰਾਓ ਧੌਣ ਪਿਛਾਂਹ ਨੂੰ ਕਰ ਕੇ ਨਸਵਾਰ ਦੀਆਂ ਚੂੰਢੀਆਂ ਭਰ-ਭਰ ਆਪਣੀਆਂ ਨਾਸਾਂ ਵਿੱਚ ਧੱਕਦੀਮੈਂ ਮਲ੍ਹਕ ਦੇਣੀ ਉਹਦੀ ਵੱਖੀ ਵਾਲੀ ਜੇਬ ਵਿੱਚੋਂ ਨਸਵਾਰ ਦੀ ਡੱਬੀ ਕੱਢ ਲੈਂਦਾਮੁੜ ਨਸਵਾਰ ਸੁੰਘਣ ਵੇਲੇ ਉਹ ਜੇਬ ਟੋਂਹਦੀ - ਇੰਨੇ ਨੂੰ ਮੈਂ ਛੱਤ ਉੱਤੇ ਚੜ੍ਹ ਜਾਂਦਾਉਹ ਉੱਚੀ-ਉੱਚੀ ਬੋਲਦੀ, “ਸਾਹ ਲੈ ਦਾਦੇ ਮਰਾਉਣਿਆਂ, ਮੈਂ ਲਈਨੀਤੇਰੀ ਖ਼ਬਰ, ਬੰਦੇ ਦਾ ਪੁੱਤ ਬਣ ਕੇ ਡੱਬੀ ਦੇ ਦੇ।”

ਅੱਗਿਓਂ ਮੇਰੇ ਨੱਚਣ-ਟੱਪਣ ਦੇ ਅੰਦਾਜ਼ ਨੂੰ ਦੇਖ ਕੇ ਉਹ ਹੱਸਣ ਲੱਗ ਪੈਂਦੀ ਤੇ ਉਹਦੇ ਪੋਪਲੇ ਮੂੰਹ ਵਿੱਚ ਸਿਰਫ਼ ਜੀਭ ਹੀ ਹਿੱਲਦੀ ਦਿਸਦੀਉਹਦੇ ਚਿਹਰੇ ਦੀਆਂ ਝੁਰੜੀਆਂ ਉਦੋਂ ਹੋਰ ਸੰਘਣੀਆਂ ਹੋਈਆਂ ਦਿਸਦੀਆਂ ਜਦੋਂ ਉਹ ਵਿਹੜੇ ਦੇ ਗੱਭੇ ਚੜ੍ਹਦੇ ਵਲ ਨੂੰ ਮੂੰਹ ਕਰਕੇ ਅੱਖਾਂ ਨੂੰ ਸੁੰਗੇੜ ਕੇ ਹੱਥਾਂ ਦਾ ਵਾਰੋ-ਵਾਰੀ ਛੱਪਰ ਜਿਹਾ ਬਣਾ ਕੇ ਉਤਾਂਹ ਨੂੰ ਮੇਰੇ ਵਲ ਵੇਖਦੀਉਹ ਇੱਧਰ-ਉੱਧਰ ਡੰਡਾ ਟੋਲ੍ਹਦੀ ਤਾਂ ਮੈਂ ਹੁਸ਼ਿਆਰੀ ਨਾਲ ਪੌੜੀ ਦਾ ਇੱਕ-ਇੱਕ ਡੰਡਾ ਉੱਤਰ ਕੇ ਹਵੇਲੀ ਨੂੰ ਦੌੜ ਜਾਂਦਾ, ਜ਼ਰਾ ਕੁ ਪਿੱਛੋਂ ਉਹ ਮੈਂਨੂੰ ਹੱਥ ਨਾਲ ਇਸ਼ਾਰਾ ਕਰਦੀ ਤੇ ਹਾਕਾਂ ਮਾਰਦੀ, “ਆਪਣੇ ਬਾਬੇ ਲਈ ਚਾਹ ਲੈ ਜਾ ਮੇਰਾ ਪੁੱਤ।”

ਮੈਂ ਬੰਬੀ ’ਤੇ ਬਾਬੇ ਮੋਹਰੇ ਚਾਹ ਦਾ ਡੋਲੂ ਰੱਖਦਾ ਜਿਸ ਦੀ ਕਾਂ ਵਾਂਗ ਨਿਗਾਹ ਪਹਿਲਾਂ ਹੀ ਰਾਹ ਵੱਲ ਹੁੰਦੀਉਹ ਪੋਸਤ ਪਾਣੀ ਵਿੱਚ ਭਿਉਂ ਕੇ ਮਲ਼ਦਾ, ਪੋਣੇ ਵਿੱਚ ਪੁਣਦਾ ਤੇ ਫਿਰ ਅੱਖਾਂ ਮੀਟ ਕੇ ਇੱਕੋ ਸਾਹੇ ਚਾੜ੍ਹ ਜਾਂਦਾਨਸਵਾਰ ਸੁੰਘਣ ਕਾਰਣ ਹਲਕਾ ਜਿਹਾ ਲਾਖੀ ਭਾ ਮਾਰਦੀਆਂ ਮੁੱਛਾਂ ਅਤੇ ਝੜ ਕੇ ਛੋਟੀ ਹੋ ਚੁੱਕੀ ਵਿਰਲੀ ਚਿੱਟੀ-ਕਾਲੀ ਤੇ ਮੈਲ਼ੀ ਜਿਹੀ ਦਾਹੜੀ ਉੱਤੇ ਹੱਥ ਫੇਰਦਾਮੈਂਨੂੰ ਸਮਝਾਉਂਦਾ, “ਗੁੱਡ ਅੱਗੇ ਤੋਂ ਮੇਤੋਂ ਚਾਹ ਨਾ ਮੰਗੀਂ ਤੇ ਨਾ ਈ ਰਾਹ ਵਿੱਚ ਪੀਮੀਇਹਦੇ ਵਿੱਚ ਡੋਡੇ (ਪੋਸਤ) ਹੁੰਦੇ ਆਮੈਂ ਤਾਂ ਫਸਿਆਂ ਆਂ ਕਿਤੇ ਤੂੰ ਨਾ ...।” ਫਿਰ ਚਾਹ ਦੇ ਘੁੱਟ ਭਰਦਾ ਮੱਤ ਦਿੰਦਾ, “ਮਿਹਨਤ ਨਾਲ ਸਾਰੇ ਕੰਮ ਰਾਸ ਆ ਜਾਂਦੇ ਆਐਮੀਂ ਥੋੜ੍ਹੋ ਕਹਿੰਦੇ ਆ ਦੱਬ ਕੇ ਬਾਹ ਤੇ ਰੱਜ ਕੇ ਖਾਹਭਾਮੇਂ ਮੈਂਨੂੰ ਅਮਲ ਲੱਗਾ ਆ ਪਰ ਮੈਂ ਟੈਮ ਥੋੜ੍ਹੋ ਗੁਆਉਨਾ - ਬੰਦਾ ਜਿੰਨੇ ਜੋਗਾ ਹੋਬੇ ਆਪਣੇ ਕੰਮ ਲੱਗਾ ਰਹੇ।”

ਬਾਊ ਦੇ ਗਲ਼ ਤੇ ਤੇੜ ਦੇ ਲੀੜੇ ਅਕਸਰ ਮੈਲ਼ੇ ਹੁੰਦੇਅੜਿੱਕੇ ਬਹਿ ਕੇ ਉਹ ਕੱਛੇ ਦੀਆਂ ਜੂੰਆਂ ਮਾਰਦਾਉਹਦੇ ਸਿਰ ਦੇ ਕਾਲੇ-ਚਿੱਟੇ ਵਾਲ ਜਟੂਰੀਆਂ ਵਿੱਚ ਬਦਲ ਕੇ ਚੱਪਾ-ਚੱਪਾ ਰਹਿ ਗਏ ਸਨ ਜੋ ਜੂੰਆਂ-ਲੀਖਾਂ ਨਾਲ ਭਰੇ ਹੁੰਦੇਉਹ ਦੋਹਾਂ ਹੱਥਾਂ ਨਾਲ ਕਿੰਨਾ-ਕਿੰਨਾ ਚਿਰ ਖਨੂਹਾ ਫੇਰਦਾ ਤਾਂ ਪੋਲੀ ਜਿਹੀ ਬੱਧੀ ਪੱਗ ਉਤਾਂਹ ਨੂੰ ਚੁੱਕ ਹੋ ਜਾਂਦੀ, ਅੱਧੀਆਂ ਜਟੂਰੀਆਂ ਬਾਹਰ ਨੂੰ ਨਿੱਕਲੀਆਂ ਹੁੰਦੀਆਂਉਹ ਹਾੜ੍ਹੀ-ਸਉਣੀ ਹੀ ਨਹਾਉਂਦਾਉਹ ਪਿੰਡੇ ’ਤੇ ਪਾਣੀ ਪੈਣ ਤੋਂ ਇਉਂ ਡਰਦਾ ਸੀ ਜਿਵੇਂ ਕਿਸੇ ਕਾਲੀ ਘਟਾ ਨੂੰ ਦੇਖ ਕੇ ਬੱਕਰੀ ਕੰਬਣ ਲੱਗ ਪੈਂਦੀ ਹੈ

ਬਾਊ ਨਾਲ ਮੇਰੀ ਦੋਸਤੀ ਪੈ ਗਈ ਸੀਉਹ, ਵੱਡਾ ਭਰਾ ਤੇ ਮੈਂ ਪਸ਼ੂਆਂ ਲਈ ਚਰ੍ਹੀ, ਬਾਜਰਾ, ਗਾਚਾ, ਬਰਸੀਨ, ਚਟਾਲਾ, ਸੇਂਜੀ, ਲੂਸਣ ਵੱਢਦੇਛੋਲੇ, ਮਸਰ, ਮੇਥੇ, ਰੁਆਂਹ, ਸਰ੍ਹੋਂ, ਸੌਂਫ, ਅਲਸੀ, ਅਰਹਰ ਪੁੱਟਦੇ-ਵੱਢਦੇਗੰਨੇ ਛਿੱਲਦੇ - ਬੇੜਾਂ ਵੱਟਦੇਮਿਰਚਾਂ-ਗੰਢਿਆਂ ਦੀ ਪਨੀਰੀ ਲਾਉਂਦੇਮੂਲੀਆਂ-ਸ਼ਲਗਮਾਂ ਦੇ ਬੀ ਚੋਕਦੇ - ਸ਼ਕਰਕੰਦੀਆਂ ਦੀਆਂ ਵੇਲਾਂ ਕੱਟ-ਕੱਟ ਬੀਜਦੇ - ਕਮਾਦ ਦਾ ਬੀ ਟੁੱਕਦੇਇਸ ਸਭ ਕਾਸੇ ਦੌਰਾਨ ਮੈਂ ਕਦੇ ਨਾ ਅੱਕਦਾ ਕਿਉਂਕਿ ਬਾਊ ਬਾਬਾ ਮੈਂਨੂੰ ਰਾਮਾਇਣ, ਮਹਾਂਭਾਰਤ ਦੀਆਂ ਕਹਾਣੀਆਂ ਤੇ ਗੁਰੂਆਂ ਦੀਆਂ ਦਿਲਚਸਪ ਸਾਖੀਆਂ ਸੁਣਾਉਂਦਾ ਰਹਿੰਦਾ ਸੀਮੇਰੇ ਚਿੱਤ ਵਿੱਚ ਆਉਂਦਾ ਕਿ ਇਨ੍ਹਾਂ ਨੂੰ ਆਪਣੀ ਕਾਪੀ ਵਿੱਚ ਲਿਖ ਲਵਾਂ

ਕੰਮ ਕਰਦਿਆਂ-ਕਰਦਿਆਂ ਬਾਊ ਨਸਵਾਰ ਦੀ ਡੱਬੀ ਖੋਲ੍ਹ ਕੇ ਸੱਜੇ ਹੱਥ ਦੇ ਅੰਗੂਠੇ ਤੇ ਨਾਲ ਦੀ ਉਂਗਲ ਨਾਲ ਚੂੰਢੀ ਭਰ ਕੇ ਨਾਸਾਂ ਅੰਦਰ ਕਰ ਕੇ ਸਾਹ ਜ਼ੋਰ ਨਾਲ ਅੰਦਰ ਨੂੰ ਖਿੱਚਦਾਵਿਸਮਣ ਦੌਰਾਨ ਉਹਨੂੰ ਨਸ਼ੇ ਦੀ ਲੋਰ ਵਿੱਚ ਝੋਕ ਲੱਗ ਜਾਂਦੀਜਦੋਂ ਸੁਰਤ ਵਿੱਚ ਆਉਂਦਾ ਤਾਂ ਕਹਿੰਦਾ, “ਮੇਰਾ ਪੁੱਤ ਦੱਬ-ਦੱਬ ਕੇ ਪੜ੍ਹਿਆ ਕਰ - ਘਰ ਦਾ ਦਲਿੱਦਰ ਚੱਕ ਹੋ ਜਾਊ।” ਮੈਂਨੂੰ ਲਗਦਾ ਬਾਊ ਨੂੰ ਜਿਵੇਂ ਕੋਈ ਧੁਰ ਦੀ ਬਾਣੀ ਉੱਤਰੀ ਹੋਵੇਮੈਂ ਉਹਦੀਆਂ ਭੂਰੀਆਂ ਅੱਖਾਂ ਵਿੱਚ ਝਾਕ ਕੇ ਮਨ ਹੀ ਮਨ ਹੱਸ ਕੇ ਰਹਿ ਜਾਂਦਾ

ਇਸੇ ਦਰਾਨ ਕਈ ਵਾਰ ਕੋਈ ਰੀਹ ਦੇ ਦਰਦ ਦਾ ਫਾਂਡਾ ਕਰਾਉਣ ਆਉਂਦਾਬਾਊ ਬਾਬਾ ਹਥਲਾ ਕੰਮ ਛੱਡ ਕੇ ਕਹਿੰਦਾ, “ਗੁੱਡ ਔਹ ਡੇਕ ਦੇ ਪੱਤੇ ਤੋੜ ਲਿਆ!”

ਮੈਂ ਪੱਤੇ ਲਿਆ ਫੜਾਉਂਦਾ ਤਾਂ ਉਹ ਰੋਗੀ ਦੀ ਲੱਤ ਉੱਤੇ ਉਨ੍ਹਾਂ ਨੂੰ ਲਗਾਤਾਰ ਹਿਲਾਉਂਦਾ ਤੇ ਮੂੰਹ ਵਿੱਚ ਬੁੜਬੁੜ ਕਰਦਾਬਾਅਦ ਵਿੱਚ ਸਲਾਹ ਦਿੰਦਾ, “ਇੱਕ ਬਾਰੀ ਹੋਰ ਝਾੜਾ ਕਰਾ ਜਾਈਂ - ਕਿਹੜਾ ਮੁੱਲ ਲਗਦਾ, ਰੱਬ ’ਤੇ ਭਰੋਸਾ ਰੱਖ, ਠੀਕ ਹੋ ਜਾਣਾਸੱਚ ਆਉਂਦੀ ਬਾਰੀ ਪ੍ਰਸ਼ਾਦ ਲੈ ਆਈਂ।”

ਪ੍ਰਸ਼ਾਦ ਵੰਡਦਾ ਬਾਊ ਦੱਸਦਾ, “ਸਾਨੂੰ ਤਾਂ ਬਖਸ਼ਸ਼ ਆ - ਹੋਰ ਸਾਡੇ ਹੱਥ ਕੀ ਆ - ਸਤਿਗੁਰ ਦੀ ਕ੍ਰਿਪਾ ਆ।”

ਉੱਧਰ, ਵੱਡਾ ਬਾਬਾ ਹਾਕ ਮਾਰਦਾ, “ਗੁੱਡ ਆ ਜਾ ਝੂਟੇ ਲੈ ਲਾ।”

ਮੈਂ ਦੁੜੰਗੇ ਲਾਉਂਦਾ ਛਾਲ ਮਾਰ ਕੇ ਸੁਹਾਗੇ ਉੱਤੇ ਜਾ ਬਹਿੰਦਾਉਹ ਬਲਦਾਂ ਨੂੰ ਤੇਜ਼ ਕਰਨ ਲਈ ਉਨ੍ਹਾਂ ਦੀਆਂ ਨੱਥਾਂ ਦੇ ਰੱਸੇ ਤੁਣਕਦਾ ਤੇ ਪਰੈਣ ਉਤਾਂਹ ਨੂੰ ਉਲਾਰ ਕੇ ਪਿਆਰ ਨਾਲ ਥੋੜ੍ਹਾ ਉੱਚਾ ਬੋਲ ਕੇ ਕਹਿੰਦਾ, “ਧੁਆਡਾ ਬੇੜਾ ਤਰ ਜਾਏ।”

ਝੂਟਿਆਂ ਦੇ ਬਹਾਨੇ ਵੱਡਾ ਬਾਬਾ ਮੈਂਨੂੰ ਕਦੀ ਆਪਣੇ ਨਾਲ ਗੱਡੇ ’ਤੇ ਬਿਠਾ ਕੇ ਆਟਾ ਪਿਸਾਉਣ ਬਹਿਰਾਮ ਸਰਿਸ਼ਤਾ ਲੈ ਜਾਂਦਾ ਤੇ ਕਦੀ-ਕਦੀ ਗੱਡੇ ਦੇ ਟਾਇਰ ਨੂੰ ਪੈਂਚਰ ਲਵਾਉਣ ਲਈ ਭੋਗਪੁਰ ਨੂੰਮੈਂ ਗੱਡੇ ਦੀ ਮੰਜੀ ਉੱਤੇ ਤੇ ਬਾਬਾ ਜੂਲੇ ਉੱਤੇ ਬਹਿ ਕੇ ਪਸ਼ੂਆਂ ਦੇ ਰੱਸਿਆਂ ਦੀਆਂ ਨੱਥਾਂ ਫੜ ਕੇ ਬਹਿੰਦੇਪਰ ਗੱਡਾ ਹਿੱਕਣ ਤੋਂ ਪਹਿਲਾਂ ਫੌਜੀ ਅਸੂਲ ਜ਼ਰੂਰ ਵਰਤਦਾ ਤੇ ਕਹਿੰਦਾ, “ਗੱਡੇ ਦੀ ਭੰਡਾਰੀ ਦੀ ਕੁੰਡੀ ਚੰਗੀ ਤਰ੍ਹਾਂ ਲਾ ਦੇ, ਕੋਈ ਰੱਸਾ ਜਾਂ ਦਾਤੀ ਨਾ ਖਿਸਕ ਕੇ ਡਿਗ ਪਬੇ।”

ਵੱਡਾ ਬਾਬਾ ਕਿਤੇ ਵੀ ਜਾਂਦਾ ਆਪਣੀ ਦੁੱਧ ਵਰਗੀ ਚਿੱਟੀ ਦਾਹੜੀ ਨੂੰ ਸੁਆਰ ਕੇ ਬੰਨ੍ਹਦਾ ਜੋ ਉਹਦੇ ਭਰਵੇਂ ਗੋਰੇ ਚਿਹਰੇ ਉੱਤੇ ਹੋਰ ਵੀ ਫੱਬਦੀਉਹਦੀਆਂ ਹਲਕੀਆਂ ਬਿੱਲੀਆਂ ਅੱਖਾਂ ਚਮਕਾਂ ਮਰਦੀਆਂਉਹ ਹਮੇਸ਼ਾ 777 ਨੰਬਰ ਦੀ ਮਲਮਲ ਦੀ ਬਰਫ਼ ਵਰਗੀ ਚਿੱਟੀ ਪੱਗ ਚਿਣ-ਚਿਣ ਬੰਨ੍ਹਦਾਚਿੱਟੇ ਕੁੜਤੇ-ਪਜਾਮੇ ਨਾਲ ਉਹਦੇ ਤਨ-ਮਨ ਦੀ ਸੁੰਦਰਤਾ ਤੇ ਸਿਆਣਪ ਹੋਰ ਵੀ ਨਿੱਖਰੀ-ਨਿੱਖਰੀ ਦਿਸਦੀਉਹਦੀ ਚਾਲ-ਢਾਲ ਵਿੱਚ ਫੌਜੀ ਜ਼ਿੰਦਗੀ ਦੀ ਝਲਕ ਪ੍ਰਤੱਖ ਦਿਸਦੀ

ਬਾਬਾ ਅਰਜਣ ਸਿੰਘ ਦਾ ਸਾਰੇ ਪਿੰਡ ਵਿੱਚ ਤੇ ਘਰ ਵਿੱਚ ਬਹੁਤ ਮਾਣ-ਸਤਿਕਾਰ ਸੀਉਹ ਬਹੁਤਾ ਨਾ ਬੋਲਦਾ, ਠਰ੍ਹੰਮੇ ਨਾਲ ਗੱਲ ਕਰਦਾਭਾਵੇਂ ਉਹ ਪਰਿਵਾਰ ਦੇ ਜੀਆਂ ਨੂੰ ਦਬਕਦਾ-ਝਿੜਕਦਾ ਨਹੀਂ ਸੀ ਪਰ ਉਹਤੋਂ ਸਾਰੇ ਥਰ-ਥਰ ਕੰਬਦੇਉਹਦੇ ਹੁਕਮਾਂ ਦੀ ਬਿਨਾਂ ਕਿਸੇ ਢਿੱਲ ਦੇ ਪਾਲਣਾ ਹੁੰਦੀਮੈਂ ਵੀ ਡਰਦਾ ਤੇ ਉਹਦੇ ਮੋਹਰੇ ਸਾਊ ਹੋਣ ਦਾ ਸਾਂਗ ਰਚਦਾ

ਜਦੋਂ ਬਾਬਾ ਮੈਂਨੂੰ ਕਿਸੇ ਕੰਮ ਘਰ ਨੂੰ ਭੇਜਦਾ ਤਾਂ ਮੈਂ ਦੇਬੀ ਨੂੰ ਖਿਡਾਉਣ ਵਿੱਚ ਰੁੱਝ ਜਾਂਦਾਭਾਵੇਂ ਮੈਂ ਅੱਠਵੀਂ-ਨੌਵੀਂ ਵਿੱਚ ਹੋ ਗਿਆ ਸੀ ਤਾਂ ਵੀ ਕਦੀ ਵਿਹੜੇ ਵਿੱਚ ‘ਘੋੜਾਬਣ ਕੇ ਆਪਣੀ ਪਿੱਠ ’ਤੇ ਚੜ੍ਹਾ ਕੇ ਝੂਟੇ ਦਿੰਦਾ, ਹਸਾਉਂਦਾ ਤੇ ਕਦੀ ‘ਅੱਥਰਾ ਘੋੜਾਬਣ ਕੇ ਉਹਨੂੰ ਹੇਠਾਂ ਡੇਗ ਕੇ ਰੁਆਉਂਦਾਇਹ ਤਮਾਸ਼ਾ ਦੇਖਦਿਆਂ ਤਾਈ ਦੂਰੋਂ ਹੀ ਕਹਿੰਦੀ, “ਹੋਰ ਡੇਢ-ਦੋ ਸਾਲਾਂ ਨੂੰ ਗੁੱਡ ਤੂੰ ਟਾਂਡੇ ਪੜ੍ਹਨ ਲੱਪੈਣਾ - ਫੇ ਕੌਣ ਖਲ੍ਹਾਊ?”

ਦੀਸ਼ੀ (ਦੇਬੀ ਦੀ ਭੂਆ ਦੀ ਧੀ ਜੋ ਇੱਥੇ ਹੀ ਰਹਿੰਦੀ ਤੇ ਪੜ੍ਹਦੀ ਸੀ) ਜੁ ਆ - ਇਨ੍ਹਾਂ ਨੇ ਆਪੇ ਈ ਸਹੇਲੀਆਂ ਬਣ ਜਾਣਾ।”

ਸੋਹਲਪੁਰੋਂ ਪਰਤਣ ਵੇਲੇ ਮੇਰੇ ਮੋਢੇ ਉੱਤੇ ਸਕੂਲ ਦਾ ਲਮਕਦਾ ਝੋਲਾ ਅਤੇ ਸਿਰ ਉੱਤੇ ਕੜਬ ਜਾਂ ਸੇਂਜੀ ਜਾਂ ਬਰਸੀਨ ਦੀ ਭਰੀ ਹੁੰਦੀਦੇਬੀ ਤੇ ਤਾਈ ਬਾਰੇ ਆਉਂਦਿਆਂ ਹੋਇਆਂ ਸੋਚਦਾ ਤਾਂ ਸਿਰ ’ਤੇ ਚੁੱਕਿਆ ਭਾਰ ਉੱਕਾ ਹੀ ਮਹਿਸੂਸ ਨਾ ਹੁੰਦਾਮੈਂਨੂੰ ਤਾਈ ਜਾਂ ਦੋਹਾਂ ਬਾਬਿਆਂ ਦੀਆਂ ਨਿੱਕੀਆਂ-ਨਿੱਕੀਆਂ ਬੁੱਤੀਆਂ ਦਾ ਚੇਤਾ ਆਉਂਦਾ ਤਾਂ ਮੈਂ ਮਨ ਹੀ ਮਨ ਖ਼ੁਸ਼ ਹੁੰਦਾਪਰ ਦਾਦੀ ਦੇ ਬੋਲ ਮੈਂਨੂੰ ਚੁੱਭਦੇ ਜਦੋਂ ਹਵੇਲੀਓਂ ਖੇਤਾਂ ਨੂੰ ਜਾਣ ਵੇਲੇ ਉਹਨੇ ਮੈਂਨੂੰ ਕਿਹਾ ਸੀ, “ਮੋਢੇ ’ਤੇ ਰੱਖੀ ਕਹੀ ਨਾਲ ਤੂੰ ਨਿਰਾ ਜੱਟ ਲਗਦਾਂ।”

ਤੇ ਮੈਂਨੂੰ ਕਈ ਦਿਨਾਂ ਤਕ ਮਹਿਸੂਸ ਹੁੰਦਾ ਰਿਹਾ ਕਿ ਦਾਦੀ ਰਾਓ ਨੇ ਜਿਵੇਂ ਗਾਲ੍ਹ ਕੱਢੀ ਹੋਵੇਮੈਂ ਮਨ ਹੀ ਮਨ ਉਹਦੇ ਨਾਲ ਨਰਾਜ਼ ਹੋ ਗਿਆ ਸੀ

**

ਟਾਂਡਾ ਕਾਲਜ ਵਿੱਚ ਪੜ੍ਹਨ ਲੱਗ ਪੈਣ ਕਾਰਣ ਮੇਰਾ ਸੋਹਲਪੁਰ ਆਉਣਾ ਜਾਣਾ ਪਹਿਲਾਂ ਨਾਲੋਂ ਘਟ ਗਿਆਤਾਈ ਤੇ ਦੋਨੋਂ ਬਾਬੇ ਮਿਲਣ ਆਉਣ ਲਈ ਸੁਨੇਹੇ ਘੱਲਦੇ ਪਰ ਮੈਂ ਆਪਣੇ ਹੀ ਨਵੇਂ ਸਹੇੜੇ ਰੁਝੇਵਿਆਂ ਵਿੱਚ ਜੁਟਿਆ ਰਹਿੰਦਾ; ਕਦੀ ਕਵੀ ਦਰਬਾਰ ਸੁਣਨ ਤੇ ਕਦੀ ਕਾਲਜ ਦੀ ਕਿਸੇ ਸਰਗਰਮੀ ਵਿੱਚਜਦੋਂ ਨਾਲ ਦੇ ਮੁੰਡੇ ਦੱਸਦੇ, “ਐੱਨ.ਐੱਸਐੱਸ ਦੇ ਕੈਂਪ ਵਿੱਚ ਬੜੀਆਂ ਮੌਜਾਂ, ਇੱਕ ਬਾਰੀ ਚੱਲ ਤਾਂ ਸਹੀ।” ਤਾਂ ਮੈਂ ਵੀ ਬੀ.ਏ. ਪਾਰਟ-2 ਦੇ ਇਮਤਿਹਾਨ ਤੋਂ ਬਾਅਦ ਮੂਨਕਾਂ (ਗੁਰਦੁਆਰਾ ਟਾਹਲੀ ਸਾਹਿਬ) ਵਿਖੇ ਲੱਗੇ ਕੈਂਪ ਵਿੱਚ ਸ਼ਾਮਲ ਹੋ ਗਿਆਦੋ-ਤਿੰਨ ਦਿਨ ਜ਼ੋਰਦਾਰ ਮੀਂਹ ਪੈਂਦਾ ਰਿਹਾ

ਮੈਂ ਪਿੰਡ ਜਾ ਕੇ ਆਉਨਾ ...!” ਮੀਂਹ ਹੱਲ੍ਹਾ ਹੋਇਆ ਤਾਂ ਇੱਕ ਸਵੇਰ ਨੂੰ ਮੇਰੇ ਪਿੰਡ ਦੇ ਤੇ ਮੇਰੇ ਦੋਸਤ ਧਿਆਨ ਨੇ ਆਖਿਆ

ਉਹ ਲੌਢੇ ਕੁ ਵੇਲੇ ਮੁੜ ਆਇਆਆਉਂਦਾ ਹੀ ਦੱਸਣ ਲੱਗਾ, “ਗੁੱਡ ਤੇਰਾ ਭਾਈਆ ਮਿਲਿਆ ਸੀ, ਕਹਿੰਦਾ ਸੀ ਉਹਨੂੰ ਦੱਸ ਦਈਂ ਪਈ ਚੌਥ (26-6-1977) ਚਾਚਾ ਅਰਜਣ ਸੁੰਹ ਗੁਜਰ ਗਿਆਕਹਿੰਦਾ ਸੀ ਦਮਾਗ ਦੀ ਨਾੜ ਫਟ ਗਈ ਸੀ।”

ਇਹ ਸੁਣਦਿਆਂ ਹੀ ਬਾਬਾ ਮੈਂਨੂੰ ਸਵੇਰ ਨੂੰ ਛੋਟੇ ਜਿਹੇ ਪਿੱਪਲ ਥੱਲੇ ਮੰਜੇ ’ਤੇ ਬੈਠਾ ਗੁਟਕਾ ਖੋਲ੍ਹ ਕੇ ‘ਜਪੁਜੀਤੇ ਸੰਧਿਆ ਵੇਲੇ ‘ਰਹਿਰਾਸਪੜ੍ਹਦਾ ਦਿਸਣ ਲੱਗ ਪਿਆਕਦੀ ਉਹ ਸਾਡੇ ਪਿੰਡ ਆ ਕੇ ਸਾਡੀਆਂ ਲਾਵੀ-ਠੇਕੇ ਦੀਆਂ ਕਣਕ ਦੀਆਂ ਭਰੀਆਂ ਗਾਹੁਣ ਲਈ ਫਲ੍ਹਾ ਪਾਉਂਦਾ - ਕਦੀ ਡਿਗੇ ਕੱਚੇ ਕੋਠੇ ਲਈ ਮਿੱਟੀ ਦੇ ਗੱਡੇ ਲਿਆਉਂਦਾ ਪਸ਼ੂਆਂ ਨੂੰ ਹਿੱਕਦਾ, ਕਦੀ ਭਾਈਏ ਲਈ ਆਪਣੇ ਖੇਤਾਂ ਵਿੱਚ ਉਗਾਏ, ਦਬਾਏ ਤੇ ਸੁਕਾਏ ਤਮਾਖੂ ਦਾ ਗੱਡਾ ਲਿਆਉਂਦਾ ਤੇ ਫਿਰ ਮੇਰੇ ਤਾਏ ਦੀਵਾਨ ਦੀ ਬੈਠਕ ਵਿੱਚ ਰੰਮ ਦੇ ਗਲਾਸ ਪੀਂਦਾ ਨਾਲੇ ਗੱਲਾਂ ਕਰਦਾ ਦਿਸਦਾ-ਸੁਣਦਾ, “ਦਬਾਨ ਆਹ ਦੇਖ ਮੇਰੇ ਖੱਬੇ ਗੁੱਟ ਵਿੱਚੋਂ ਦੀ ਗੋਲੀ ਨੰਘ ਗਈ ਸੀ ਪਰ ਰਫ਼ਲ ਨਹੀਂ ਸੀ ਛੱਡੀ-ਪਨਾਮਾ ਨਹਿਰ ਪਾਰ ਕਰ ਰਹੇ ਸੀ ਉਦੋਂ, ਪਹਿਲੀ ਜੰਗ ਵਿੱਚ।”

ਤਾਇਆ ਵੀ ਹੁੱਬ ਕੇ ਦੱਸਦਾ, “ਅਸੀਂ ਸੀ.ਆਰ.ਪੀ. ਆਲੇ ਬੀ ਮਿਜ਼ੋਆਂ ਦੇ ਬੜੀ ਲੱਠ ਫੇਰਦੇ ਆਂ - ਪਰ ਮਜ਼ਾਲ ਆ ਉਹ ਆਪਣੇ ਕਿਸੇ ਬੰਦੇ ਦਾ ਭੇਤ ਦੇ ਦੇਣ - ਫ਼ੀਜ਼ੋ ਬੜੀ ਚੀਜ਼ ਆ।”

ਬਾਬਾ ਮੈਂਨੂੰ ਕਦੀ ਕਿਸੇ ਨਾਲ ਗੱਲਾਂ ਕਰਦਾ ਤੇ ਕਦੀ ਮੰਜੇ ’ਤੇ ਬੈਠਾ ਸਣ ਕੱਢਦਾ ਹੋਇਆ ਧੂਣੀ ਸੇਕਦੇ ਬੰਦਿਆਂ ਨੂੰ ਬਿਆਨ ਦਿੰਦਾ ਦਿਸਦਾ-ਸੁਣਦਾ, “ਹਾਅ ਬਰਾਮ (ਬਹਿਰਾਮ ਸਰਿਸ਼ਤਾ ਜੋ ਇੱਕ ਵੱਡੇ ਥੇਹ ਉੱਤੇ ਵਸਿਆ ਹੋਇਆ ਹੈ, ਜ਼ਿਲ੍ਹਾ ਜਲੰਧਰ ਦਾ ਇੱਕ ਭਾਰੀ ਆਬਾਦੀ ਵਾਲਾ ਪਿੰਡ ਹੈ) ਆਲੀ ਬੋੜ੍ਹ ਨਾਲ ਬਿਆਸ ਦਰਿਆ ਦੀ ਬੇੜੀ ਬੱਝਦੀ ਮੇਰੇ ਬਾਬੇ ਨੇ ਦੇਖੀਊ ਆ।”

ਮਰਿਆ ਹੋਇਆ ਬਾਬਾ ਮੈਂਨੂੰ ਹੋਰ ਵੀ ਚੰਗਾ ਲੱਗਣ ਲੱਗ ਪਿਆ ਜਦੋਂ ਮੇਰੀਆਂ ਅੱਖਾਂ ਮੋਹਰੇ ਉਹਦੇ ਵਲੋਂ ਲੱਠੇ ਦਾ ਦਿੱਤਾ ਕਮੀਜ਼-ਪਜਾਮਾ ਘੁੰਮ ਗਿਆਮੈਂਨੂੰ ਅੱਠਵੀਂ ਵਿੱਚ ਪੜ੍ਹਦੇ ਨੂੰ ਇਹ ਕੱਪੜੇ ਬਾਬੇ ਨੇ ਆਪਣੀ ਗੁਰਧਾਮ ਯਾਤਰਾ ਪਿੱਛੋਂ ਖਰੀਦ ਕੇ ਦਿੱਤੇ ਸਨ -ਕਿਉਂਕਿ ਮੈਂ ਬਾਊ ਬਾਬੇ ਕੋਲ ਵੀਹ-ਬਾਈ ਰਾਤਾਂ ਲਗਾਤਾਰ ਹਵੇਲੀ ਸੁੱਤਾ ਸੀ

ਮੈਂ ਕੈਂਪ ਤੋਂ ਆਇਆ ਤਾਂ ਭਾਈਏ ਨੇ ਗੱਲ ਤੋਰੀ, “ਆਹ ਘਰ ਮੋਹਰਲਾ ਇੱਕ ਮਰਲਾ ਥਾਂ ਲੈ ਕੇ ਦੇ ਗਿਆ ਚਾਚਾਗੁੱਡ ਲਈ ਫੀਸ ਜਾਂ ਹੋਰ ਪੈਹਿਆਂ ਦੀ ਲੋੜ ਹੋਣੀ ਤਾਂ ਚਾਚੇ ਨੇ ਕਹਿਣਾ, ਜਿੰਨੇ ਚਾਈਦੇ ਆ ਅਲਮਾਰੀ ਵਿੱਚੋਂ ਲੈ ਲਾ - ਬਾਕੀ ਸਮ੍ਹਾਲ ਕੇ ਰੱਖ ਦਈਂ।”

ਭਾਈਏ ਨੇ ਫਿਰ ਰੁਕ ਕੇ ਦੱਸਿਆ, “ਜਦੋਂ ਚਾਚੇ ਨਾਲ ਮੈਂ ਉਹਦੇ ਅਸਾਨਾਂ ਦੀ ਗੱਲ ਕਰਨੀ ਤਾਂ ਉਹਨੇ ਕਹਿਣਾ - ਠਾਕਰਾ ਤੁਸੀਂ ਸੀੜਾਂ (ਜ਼ਮੀਨ ਨੂੰ ਵਧੇਰੇ ਉਪਜਾਊ ਬਣਾਉਣ ਲਈ ਪੰਜ-ਛੇ ਫੁੱਟ ਜ਼ਮੀਨ ਪੁੱਟ ਕੇ ਹੇਠਲੀ ਮਿੱਟੀ ਉੱਤੇ ਅਤੇ ਉਤਲੀ ਹੇਠਾਂ ਕਰਨ ਦੀ ਇੱਕ ਜੁਗਤ) ਪੱਟ ਕੇ ਸਾਨੂੰ ਰਿਜਕੇ ਪਾ ਤਾ, ਪਈਲਾਂ ਸਾਡੇ ਖੇਤਾਂ ਵਿੱਚ ਬੀਂਡੇ ਬੋਲਦੇ ਸੀਦਾਣਾ-ਫੱਕਾ ਖਾਣ ਜੋਗਾ ਬੀ ਮਸੀਂ ਹੁੰਦਾ ਸੀ - ਹੁਣ ਸੌ-ਸਵਾ ਸੌ ਬੋਰੀ ਕਣਕ ਦੀ ਮੰਡੀ ਸਿੱਟਦੇ ਆਂਇਹ ਧੁਆਡੇ ਪੌਂਖੇ ਦਾ ਪ੍ਰਤਾਪ ਆਅਸੀਂ ਜਨਮਾਂ ਤਕ ਧੁਆਡਾ ਦੇਣ ਨਹੀਂ ਦੇ ਸਕਦੇ।”

ਭਾਈਏ ਦੇ ਇਹ ਪ੍ਰਸੰਗ ਅਮੁੱਕ ਸਨ, “ਚਾਚੇ ਦਾ ਬਾਘ ਵਰਗਾ ਮੂੰਹ ਹੁੱਬਦੇ ਦਾ ਉਦੋਂ ਹੋਰ ਲਾਲ ਹੋ ਜਾਣਾ ਜਦੋਂ ਹਬੇਲੀ ਕੁੱਪ ਬੰਨ੍ਹਦਿਆਂ ਪਈਲੇ ਢਾਹੇ ਕੁੱਪ ਦੀ ਤੂੜੀ ਵਿੱਚੋਂ ਮੋਮਜਾਮੇ ਵਿੱਚ ਬੰਨ੍ਹੇ ਸੌ-ਸੌ ਦੇ ਨੋਟ ਉਹਨੂੰ ਫੜਾਉਣੇ ਜਿਨ੍ਹਾਂ ਦਾ ਉਹਨੂੰ ਚਿੱਤ-ਚੇਤਾ ਬੀ ਨਹੀਂ ਹੁੰਦਾ ਸੀਪੈਹੇ ਫੜਦਿਆਂ ਚਾਚੇ ਨੇ ਕਹਿਣਾ, ਅਮਾਨਦਾਰੀ ਕਰ ਕੇ ਜਮੀਂ-ਅਸਮਾਨ ਬੱਝਿਓ ਆ ਭਾਈ, ਨਹੀਂ ਤਾਂ ਪਈਲੀਆਂ ਗੱਲਾਂ ਹੁਣ ਕਿੱਥੇ? ਤਾਂਹੀ ਠਾਕਰਾ ਮੈਂ ਕਹਿੰਨਾ ਪਈ ਗਰੀਬ ਦੋ ਸੇਰ ਦਾਣੇ ਬਾਧੂ ਬੀ ਲੈ ਜਾਏ ਤਾਂ ਕੀ ਫ਼ਰਕ ਆ - ਤੁਸੀਂ ਕਿਹੜਾ ਸਾਡਾ ਹੱਕ ਰੱਖਦੇ ਆਂਘਰ ਆਂਙੂੰ ਟੁੱਟ-ਟੁੱਟ ਕੇ ਸਾਰਾ ਦਿਨ ਕੰਮ ਕਰਦੇ ਆਂਧੁਆਡੇ ਹੁੰਦਿਆਂ ਸਾਡੀ ਅਲਾਦ ਸਾਨੂੰ ਬਹੁਤਾ ਚੇਤੇ ਨਹੀਂ ਆਉਂਦੀ - ਸਾਡਾ ਦੁੱਖ-ਸੁਖ ਤਾਂ ਤੁਸੀਂ ਦੇਖਦੇ ਆਂਐਮੀਂ ਦੁਨੀਆਂ ਮੋਹ ਵਿੱਚ ਫਸੀਊ ਆ - ਮੈਂ-ਮੇਰੀ ਵਿੱਚ!”

ਇਸੇ ਦੌਰਾਨ ਮੇਰੇ ਤਾਇਆ ਦੇ ਪੁੱਤ ਕਹਿੰਦੇ, “ਚੰਗਾ ਹੋਇਆ ਬੁੜ੍ਹਾ ਸਾਰੀ ਜ਼ਮੀਨ ਬਾਊ ਦੇ ਨਾਂ ਕਰਾ ਗਿਆ - ਹੁਣ ਆਪੇ ਈ ਜਿੱਦਾਂ ਮਰਜ਼ੀ ਨਿੱਬੜਨਚਾਚੇ-ਭਤੀਜੇ ਦੀ ਸੋਹਣੀ ਨੰਘ ਗਈ - ਐਮੀਂ ਕਈਏ!”

“ਬਾਊ ਬੀ ਕੰਢੀ ਉੱਤੇ ਰੁੱਖੜਾ ਹੁਣ - ਕੀ ਪਤਾ ਕਿਹਲੇ ਕੀ ਹੋ ਜਾਏ।” ਮੇਰੇ ਤਾਏ ਦੇ ਪੁੱਤ ਮੰਗੀ ਨੇ ਭਵਿੱਖ ਵਲ ਨਿਗਾਹ ਮਾਰੀ

ਉਹਦਾ ਬੀ ਹਿਆਂ ਟੁੱਟ ਗਿਆ ਹੁਣ - ਦੇਖਣ ਨੂੰ ਈ ਤੁਰਿਆ-ਫਿਰਦਾ ਲਗਦਾ।” ਭਾਈਏ ਨੇ ਮਹਿਸੂਸ ਕੀਤਾ ਦੱਸਿਆ ‘ਸਾਡੀ ਬੀ ਸੋਹਣੀ ਨਿਭ ਗਈ ਆ - ਨਾ ਕਦੀ ਬੋਲੀ, ਨਾ ਉਲ੍ਹਾਮਾ, ਦੇਖ ਲਉ ਪਈ ਸਾਗ-ਪੱਠਾ, ਗੰਨੇ-ਛੱਲੀਆਂ ਜਿੱਦਾਂ ਮਰਜ਼ੀ ਟੱਕ ਤੋਂ ਬੱਢ ਲਿਆਈਏਕਦੀ ਬਿਆਹ-ਬਾਂਢੇ (ਵਿਆਹ-ਵਾਂਢੇ) ਜਾਣ ਹੋਬੇ ਤਾਂ ਪੱਠੇ ਕੁਤਰ ਕੇ ਪਿੰਡ ਛੱਡ ਜਾਂਦੇ ਰਹੇ ਆਕਣਕ ਬੱਢਦਿਆਂ ਕੋਲ ਤਕਾਲਾਂ ਨੂੰ ਕਦੀ ਨਹੀਂ ਆਏ ਜਿੰਨੀ ਮਰਜ਼ੀ ਭਰੀ ਪਾ ਲਿਆਈਏ।”

ਭਾਈਏ ਨੇ ਹੁੱਕੇ ਦਾ ਘੁੱਟ ਭਰਨ ਮਗਰੋਂ ਫਿਰ ਕਿਹਾ, “ਤਾਂਈਓਂ ਉੱਥੇ ਦੇ ਉਨ੍ਹਾਂ ਦੇ ਹੋਰ ਜੱਟ ਭਰਾ ਖਿਝਦੇ ਆ - ਅਖੇ ਠਾਕਰ ਨੂੰ ਮੁਖਤਾਰ ਬਣਾਇਆ ਆ - ਗੱਲ ਤਾਂ ਸਈ ਆ ਪਈ ਫ਼ਸਲਬਾੜੀ ਦਾ ਲੈਣ-ਦੇਣ ਮੈਂ ਕਰਦਾ ਆਂ - ਲੁਹਾਰਾਂ-ਤਖਾਣਾਂ, ਝੀਰਾਂ ਤੇ ਬਾਜੀਗਰਾਂ ਨੂੰ ਮੈਂ ਭਰੀਆਂ ਚਕਾਉਨਾ - ਮੈਂ ਮਰੂੰਡਾ ਛੱਡਦਾਂ ਚਾਹੇ ਦੋ ਮਰਲੇ ਛੱਡ ਦਿਆਂ।”

ਉਸ ਨੇ ਜ਼ਰਾ ਕੁ ਰੁਕ ਕੇ ਝੂਰਦੇ ਜਿਹੇ ਨੇ ਫਿਰ ਆਖਿਆ, “ਜੇ ਸਾਡੇ ਕੋਲ ਬੀ ਚਾਰ ਸਿਆੜ ਹੁੰਦੇ ਤਾਂ ਸਾਡਾ ਝੱਟ ਵੀ ਸੋਹਣਾ ਨੰਘ ਜਾਣਾ ਸੀਜੱਟਾਂ ਆਂਙੂੰ ਸਾਡੇ ਘਰ ਬੀ ਕਣਕ ਦੇ ਬੋਹਲ ਆਉਣੇ ਸੀ, ਨਲੋਈਆਂ ਤੇ ਲੰਬੜਾਂ ਬਰਗਿਆਂ ਨੇ ਪੁੱਛਣ ਆਇਆ ਕਰਨਾ ਸੀ, ਕਦੀ ਗੰਨੇ ਛਿੱਲਣ ਲਈ, ਕਦੀ ਪੱਠਿਆਂ ਤੇ ਕਦੀ ਕਿਸੇ ਸ਼ੈਅ ਲਈ।”

ਇਹ ਗੱਲਾਂ ਸੁਣਦਿਆਂ ਮੈਂਨੂੰ ਵੱਡਾ ਬਾਬਾ ਜਾਂ ਬਾਊ ਕਣਕ ਨੂੰ ਬੰਬੀ ਦਾ ਪਾਣੀ ਲਾਉਂਦੇ ਦਿਸਦੇਮੈਂਨੂੰ ਯਾਦ ਆਉਂਦਾ ਕਿ ਉਨ੍ਹਾਂ ਨੇ ਸਾਨੂੰ ਕਦੀ ਨਹੀਂ ਰੋਕਿਆ ਸੀ ਜਦੋਂ ਦੇਬਾ (ਤਾਏ ਅਜੀਤ ਸਿੰਘ ਦਾ ਭਤੀਜਾ ਤੇ ਲਸ਼ਕਰ ਸਿੰਘ ਪਟਵਾਰੀ ਦਾ ਪੁੱਤ) ਤੇ ਮੈਂ ਠੰਢੇ-ਠੰਢੇ ਬਰਸੀਨ-ਛਟਾਲੇ ਉੱਤੇ ਘੁਲਦੇ ਤੇ ਦੇਬਾ ਮੋਟਾ ਜਿਹਾ ਤੇ ਫੋਸੜ ਸੀ ਪਰ ਤਾਂ ਵੀ ਉਹ ਮੈਂਨੂੰ ਕਦੀ-ਕਦੀ ਢਾਹ ਕੇ ਹੁੱਬ ਲੈਂਦਾ ਸੀਦੇਬਾ ਤੇ ਮੈਂ ਇੱਕ ਹੀ ਜਮਾਤ ਵਿੱਚ ਅਤੇ ਉਹਦਾ ਵੱਡਾ ਭਰਾ ਬਿੰਦਰ ਤੇ ਮੇਰਾ ਵੱਡਾ ਭਰਾ ਇੱਕ ਜਮਾਤ ਵਿੱਚ ਪੜ੍ਹਦੇ ਸੀਇਹ ਲੜੀ ਉਦੋਂ ਹੀ ਟੁੱਟਦੀ ਜਦੋਂ ਭਾਈਆ ਹੁਕਮ ਕਰਦਾ, “ਗੁੱਡ ਚਿਲਮ ਵਿੱਚ ਅੱਗ ਧਰ ਦੇ।”

ਲੈ ਤਾਂ ਦੱਸ! ਮੈਂ ਤਾਂ ਹੱਸਦੀ ਨੇ ਸਨੇਹਾ ਘੱਲਿਆ ਸੀ ਪਈ ਗੁੱਡ ਐਪ.ਸੀ.ਆਈ. ਵਿੱਚ ਲੱਗ ਗਿਆ ਤੇ ਲੱਡੂ ਬੀ ਨਹੀਂ ਖਲਾਏ!” ਤਾਈ ਨੇ ਆਖਿਆ ਜਦੋਂ ਮੈਂ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਮਠਿਆਈ ਦਾ ਡੱਬਾ ਫੜਾਇਆਫਿਰ ਕਹਿਣ ਲੱਗੀ, “ਹੋਰ ਤਰੱਕੀਆਂ ਕਰੋ ਪੁੱਤ - ਪਿਛਲਾ ਨਾ ਚੇਤਾ ਭਲਾ ਦਈਂ - ਆਪਣੀ ਬੀਬੀ-ਭਾਪੇ ਦਾ ਖ਼ਿਆਲ ਰੱਖੀਂ।”

ਦਾਦੀ ਰਾਓ ਨੇ ਆਪਣਾ ਸੋਟਾ ਉਤਾਂਹ ਨੂੰ ਚੁੱਕਦਿਆਂ ਆਖਿਆ, “ਦਾਦੇ ਮਰਾਉਣਿਆਂ ਆ ਗਿਆ ਚੇਤਾ ਹੁਣ ਸਾਡਾ?”

ਮੈਂਨੂੰ ਲੱਗਿਆ ਮੈਂ ਦਾਦੀ ਲਈ ਅਜੇ ਵੀ ਛੋਟਾ ਹੋਵਾਂ ਜਿਵੇਂ ਉਹਦੀ ਨਸਵਾਰ ਦੀ ਡੱਬੀ ਕੱਢਣ-ਲੁਕੋਣ ਵੇਲੇ ਸੀ

ਕਿਉਂ ਟਰ-ਟਰ ਕਰਨ ਲੱਗ ਪਈ ਆਂ - ਪਈਲਾਂ ਚਾਹ-ਪਾਣੀ ਤਾਂ ਪਲਾ ਲਾ।” ਬਾਊ ਬਾਬੇ ਨੇ ਕਿਹਾ

ਮੈਂ ਆਉਂਦਾ ਰਹੂੰਗਾ ਦਾਦੀ!”

“ਅੱਛਾ ਮੈਂ ਪੰਜ ਮੱਸਿਆ ਸੁੱਖੀਆਂ ਆਂ ਦਿੱਲੀ ਦੇ ਬੰਗਲਾ ਸਾਹਬ ਗੁਰਦੁਆਰੇ, ਬਿਰਜੂ ਉੱਥੇ ਈ ਆ ਤੇ ਮੈਂਨੂੰ ਲੈ ਚੱਲ।”

ਦਾਦੀ ਜਦੋਂ ਮਰਜ਼ੀ ਚਲੀ ਚੱਲ।”

ਵਿੱਚੋਂ ਟੋਕਦਿਆਂ ਤਾਈ ਬੋਲੀ, ਗੁੱਡ ‘ਦੇਖ ਤਾਂ ਦੇਬੀ ਕਿੱਦਾਂ ਆਗ ਆਂਙੂੰ ਬਧਦੀ ਜਾਂਦੀ ਆ।” ਸੱਤਵੀਂ ਵਿੱਚ ਪੜ੍ਹਦੀ ਦੇਬੀ ਨੇ ਸੰਗਦੀ ਨੇ ਹੱਸ ਕੇ ਨੀਵੀਂ ਪਾ ਲਈ

ਇਉਂ ਮੈਂ ਦੋ-ਚੌਂਹ ਮਹੀਨਿਆਂ ਵਿੱਚ ਇੱਕ ਗੇੜਾ ਤਾਈ ਹੁਰਾਂ ਨੂੰ ਮਿਲਣ ਲਈ ਲਾ ਆਉਂਦਾਸਾਡੀਆਂ ਨਿੱਤ ਦੀਆਂ ਗੱਲਾਂ ਵਿੱਚ ਸੋਹਲਪੁਰ ਦਾ ਇਹ ਪਰਿਵਾਰ ਜ਼ਰੂਰ ਸ਼ਾਮਲ ਹੋ ਜਾਂਦਾਭਾਈਆ ਕਿਸੇ ਚਿੰਤਾ ਜਿਹੀ ਵਿੱਚ ਗੱਲ ਤੋਰਦਾ, “ਪਟੁਆਰੀ ਹੁਣ ਬੀ ਆ ਜਾਬੇ ਤਾਂ ਚੰਗਾ - ਕੁਛ ਆਸਰਾ ਹੋ ਜਾਊਸਾਰੀਆਂ ਤਾਂ ਘਰ ਵਿੱਚ ਬੁੜ੍ਹੀਆਂ, ਕੋਈ ਬੰਦਾ ਬੀ ਹੋਣਾ ਚਾਈਦਾ - ਉੱਦਾਂ ਪਟੁਆਰਨ ਮੱਸਿਆ-ਸੰਗਰਾਂਦ ਨੂੰ ਬਖੂਇਆਂ ਵਿੱਚ ਦੀਬਾ ਬਾਲਣ ਆਈਊ ਬਹਾਨੇ ਨਾਲ ਰਾਜ਼ੀ-ਬਾਜ਼ੀ ਪੁੱਛ ਜਾਂਦੀ ਆਦੱਸਦੇ ਆ ਹੁਣ ਤਾਂ ਸੁੱਖ ਨਾਲ ਬਿੰਦਰ ਦਾ ਕੰਮ ਬੀ ਬਲੈਤ ਵਿੱਚ ਬਾਹਵਾ ਲੱਠੇ ਆ।”

ਹੁੱਕੇ ਦਾ ਘੁੱਟ ਭਰ ਕੇ ਤੇ ਨੜੀ ਇੱਕ ਪਾਸੇ ਕਰਦਿਆਂ ਫਿਰ ਕਹਿੰਦਾ, “ਦੀਸ਼ੀ-ਦੇਬੀ ਮੁਟਿਆਰਾਂ ਹੋਈਆਂ ਸਮਝੋ - ਚਲੋ ਜਿੱਦਾਂ ਕਿਸੇ ਦੀ ਮਰਜ਼ੀ - ਆਪਣਾ ਤਾਂ ਕਹਿਣ ਈ ਆ।”

ਇੱਕ ਦਿਨ (5-8-1980) ਮੈਂ ਭੁਲੱਥ (ਐੱਫ.ਸੀ.ਆਈ. ਦਾ ਦਫ਼ਤਰ) ਤੋਂ ਤਿੰਨ-ਚਾਰ ਦਿਨ ਬਾਅਦ ਘਰ ਆਇਆ ਹੀ ਸੀ ਕਿ ਭਾਈਏ ਨੇ ਖ਼ਬਰ ਦਿੱਤੀ, “ਗੁੱਡ ਬਾਊ ਗੁਜ਼ਰ ਗਿਆ!”

“ਹਲ੍ਹਾ! ਕਿੱਦਾਂ?” ਨਾਲ ਹੀ ਮੇਰਾ ਇੱਕ ਲੰਮਾ ਹਉਕਾ ਨਿਕਲ ਗਿਆ

ਮੀਂਹ ਥੋੜ੍ਹਾ ਪਿਆ ਕਿਤੇ! ਦੱਸਦੇ ਆ ਪਈ ਬਾਊ ਪਸ਼ੂਆਂ ਆਲੇ ਬਰਾਂਡੇ ਵਿੱਚ ਸੁੱਤਾ ਆ ਸੀਉਹ ਡਿਗ ਪਿਆ ਤੇ ਥੱਲੇ ਈ ਪਿਆ ਰਹਿ ਗਿਆ - ਦਿਨ ਚੜ੍ਹੇ ਪਤਾ ਲੱਗਾ।”

ਦਾਗਾਂ ’ਤੇ ਗਏ ਸੀ?”

ਹਾਅ ਚੋ ਬਹੁਤ ਚੜ੍ਹਿਆ ਸੀ - ਕੋਈ ਦੱਸਣ ਈ ਨਹੀਂ ਆਇਆ।”

ਭੋਗਪੁਰ ਅਲ ਦੀ ਪੁਲ ਤੋਂ ਆ ਜਾਂਦੇ।”

ਮੈਂ ਗਿਆ ਸੀ ਅੱਜ, ਮਲਕੀਤ ਕੋਰ ਦੱਸਦੀ ਸੀ - ਭਾਈਆ ਜੀ ,ਅਸੀਂ ਲੰਬੜਾਂ ਨੂੰ - ਚੈਨ ਦਿਆਂ ਨੂੰ ਬਥੇਰਾ ਕਿਹਾ ਪਰ ਕੋਈ ਗਿਆ ਈ ਨਹੀਂ।”

ਬਾਊ ਬਾਬੇ ਦੇ ਨੱਕ ਦੀ ਥੋੜ੍ਹੀ ਜਿਹੀ ਵਿੰਗੀ ਕਰੂੰਬਲ, ਦਾਹੜੀ ਨੂੰ ਖਨੂਹਾ ਫੇਰਦੇ ਹੱਥ ਤੇ ਖੇਂਜ (ਮੋਟਾ ਰੱਸਾ) ਵਰਗੇ ਲੜਾਂ ਦੀ ਪੱਗ ਸਮੇਤ ਉਹਦਾ ਚਿਹਰਾ ਮੇਰੇ ਸਾਹਮਣੇ ਆ ਪ੍ਰਗਟ ਹੋਇਆਕਦੀ ਉਹ ਮੈਂਨੂੰ ਲੁਹਾਰਾਂ ਦੇ ਕਰਖ਼ਾਨੇ ਰੇਡੀਓ ’ਤੇ ਖ਼ਬਰਾਂ ਸੁਣਦਾ ਦਿਸਦਾ ਜਦੋਂ ਪਾਕਿਸਤਾਨ ਨਾਲ 1971 ਦੀ ਲੜਾਈ ਲੱਗਣ ਵਾਲੀ ਸੀ ਤੇ ਫਿਰ ਖੇਤਾਂ ਵਿੱਚ ਭਾਈਏ ਹੁਰਾਂ ਨੂੰ ਦੱਸਦਾ-ਸੁਣਦਾ, “ਰੂਸ ਨੇ ਬੀ ਅਮਰੀਕਾ ਨੂੰ ਧਮਕੀ ਦੇਤੀ ਆ ਪਈ ਜੇ ਪਾਕਿਸਤਾਨ ਦੇ ਬਹਾਨੇ ਹਿੰਦੁਸਤਾਨ ਅਲ ਮੂੰਹ ਕੀਤਾ ਤਾਂ ਅਸੀਂ ਹੱਥ ’ਤੇ ਹੱਥ ਰੱਖ ਕੇ ਨਈ ਬਈਠਾਂਗੇ।”

ਬਾਊ ਮੈਂਨੂੰ ਕਣਕ, ਮੱਕੀ ਦਾ ਬੀ ਕੇਰਦਾ ਤੇ ਕਦੀ ਮੇਥਿਆਂ, ਬਰਸੀਨ, ਚਟਾਲੇ ਤੇ ਸੇਂਜੀ ਦਾ ਛੱਟਾ ਦਿੰਦਾ ਦਿਸਦਾਕਦੀ ਸਾਰਖਾਂ, ਕਾਵਾਂ, ਚਿੜੀਆਂ, ਟਟੀਰੀਆਂ, ਬਗਲਿਆਂ ਨੂੰ ਦਬਕੇ ਮਾਰ ਕੇ ਉਡਾਉਂਦਾ ਅਤੇ ਚੂਹੇ-ਚਕੂੰਦਰਾਂ ਤੋਂ ਕਮਾਦ ਨੂੰ ਬਚਾਉਣ ਲਈ ਉਨ੍ਹਾਂ ਦੀਆਂ ਡੁੱਡਾਂ ਵਿੱਚ ਖੋਰੀ ਨੂੰ ਗੁੱਛ-ਮੁੱਛ ਕਰ ਕੇ ਤੁੰਨਦਾ ਦਿਸਦਾਕਦੀ ਆਡ ਦੀ ਰੇਣ ਹੱਥਾਂ-ਪੈਰਾਂ ਨਾਲ ਪੋਲਾ ਪੋਲਾ ਦਬਾ-ਦਬਾ ਬੰਦ ਕਰਦਾਕਦੀ ਮੈਂਨੂੰ ਨਸੀਹਤ ਦਿੰਦਾ ਸੁਣਦਾ, “ਦੱਬ ਕੇ ਮਿਹਨਤ ਕਰਿਆ ਕਰ - ਆਪੇ ਈ ਗਰੀਬੀ ਚੱਕੀ ਜਾਣੀ ਆ - ਅੱਗੇ ਤੋਂ ‘ਹੋਅਨਹੀਂ ‘ਹਾਂਜੀਕਹਿਣਾ।”

ਬਾਊ ਬਾਬਾ ਮੈਂਨੂੰ ਕਦੀ ਦੱਸ ਰਿਹਾ ਦਿਸਦਾ, “ਆਹ ਕਾਲਾ ਬਟੇਰਾ ਆ ਤੇ ਔਹ ਤਿੱਤਰ ਆ - ਲੱਗ ਗਿਆ ਪਤਾ ਫਰਕ ਦਾ? ਆਹ ਕਾਲਾ-ਪੀਲਾ ਕਮਾਦੀ ਕੁੱਕੜ ਆਨਿੱਕੀਆਂ-ਵੱਡੀਆਂ ਲਾਲ ਚਿੜੀਆਂ ਵਿੱਚ ਦੇਖੀ ਕਿੰਨੀ ਫੁਰਤੀ ਆ! ਓਦਣ ਬੰਨ੍ਹ ਕੋਲ ਦੇਖਿਆ? ਸੱਪ ਤੇ ਨੇਲ (ਨਿਉਲਾ) ਕਿੱਦਾਂ ਲੜਦੇ ਸੀ! ਸੱਚ ਅੱਗੇ ਤੋਂ ਸੇਹ ਨੂੰ ਇੱਦਾਂ ਨਹੀਂ ਕਹੀ ਨਾਲ ਮਾਰਨਾ, ਨਾ ਜਾਣੀਏ ਕੰਡਾ ਖੁਭੋ ਦੇਬੇਚਲੋ ਤੁਸੀਂ ਦੋਹਾਂ ਭਰਾਮਾ ਨੇ ਰਲ ਕੇ ਗੋਹ ਮਾਰਤੀ ਪਰ ਉਹ ਤੱਕਲਾ ਮਾਰ ਦਿੰਦੀ ਆ - ਅੱਗੇ ਤੋਂ ਬਚ ਕੇ ਰਹਿਓਹਾਅ ਦਮੂੰਹੀਆਂ ਬਾਹਲੀਆਂ ਨਿਕਲਦੀਆਂ ਰਹਿੰਦੀਆਂ ਹੁਣਬਹੁਤ ਸਾਰੇ ਜਾਨਵਰ ਪਹਾੜ ਤੋਂ ਇੱਧਰ ਆ ਗਏ ਆ - ਰੱਕੜ-ਰੇਤਾ ਬਿਚ ਬੰਨ੍ਹ ਤੇ ਖਾਲਾ ਪੁੱਟ ਹੋਣ ਕਰਕੇ ਇੰਨੇ ਨੂੰ ਇੱਕ ਸਹਿਆ ਸਾਡੇ ਕੋਲੋਂ ਉੱਠ ਕੇ ਦੌੜ ਪਿਆ ਸੀ

ਮੈਂਨੂੰ ਪਲ ਕੁ ਬਾਅਦ ਮਹਿਸੂਸ ਹੋਇਆ ਕਿ ਬਾਊ ਮੇਰੇ ਸਾਧਾਰਣ ਵਿਗਿਆਨ ਵਿੱਚ ਜਿਵੇਂ ਵਾਧਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ

ਅਗਲੇ ਦਿਨ ਅਫਸੋਸ ਲਈ ਗਿਆ ਤਾਂ ਦਾਦੀ ਕਹਿਣ ਲੱਗੀ, “ਅਸੀਂ ਨੋਂਹ-ਸੱਸ ਰੰਡੀਆਂ ਹੋ ਗਈਆਂ ਪੁੱਤ - ਸਾਡਾ ਆਸਰਾ ਹੁਣ ਤੁਸੀਂ ਆਂ।”

ਲੈ ਦਾਦੀ, ਅਸੀਂ ਧੁਆਡੇ ਕੋਲ ਈ ਆਂ।”

ਮੈਂਨੂੰ ਲੱਗਿਆ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ ਕਿਉਂਕਿ ਮੇਰਾ ਸੋਹਲਪੁਰ ਜਾਣਾ ਬਹੁਤ ਘਟ ਗਿਆ ਸੀਪਰ ਤਾਈ ਕਹਿੰਦੀ, “ਪੁੱਤ ਦੇਬੀ ਦੇ ਤੁਸੀਂ ਭਰਾ ਆਂਬਿਆਹੀ ਜਾਊਗੀ ਤਾਂ ਜਾਂਦੇ ਰਿਹੋ।”

ਤਾਈ ਦੇ ਭਾਵੁਕ ਮੋਹ ਤੇ ਅਪਣੱਤ ਸਾਹਮਣੇ ਮੈਂਨੂੰ ਇਉਂ ਲਗਦਾ ਜਿਵੇਂ ਮੇਰਾ ਠੋਸ ਸਰੀਰ ਕਿਸੇ ਤਰਲ ਦਾ ਰੂਪ ਧਾਰ ਗਿਆ ਹੋਵੇਮੇਰੀਆਂ ਅੱਖਾਂ ਨਮ ਹੋ ਗਈਆਂਮੈਂਨੂੰ ਲੱਗਿਆ ਜੇ ਦੇਬੀ ਦਾ ਆਪਣਾ ਸਕਾ ਭਰਾ ਹੁੰਦਾ ਤਾਂ ਤਾਈ ਨੇ ਮੇਰੇ ਅੱਗੇ ਤਰਲਾ ਜਿਹਾ ਨਹੀਂ ਕਰਨਾ ਸੀਮੈਂ ਪਲ ਦੀ ਪਲ ਸੋਚ ਕੇ ਰਹਿ ਗਿਆ ਕਿ ਸਮਾਜ ਵਿੱਚ ਮੁੰਡੇ ਦੀ ਕਿੰਨੀ ਲੋੜ, ਅਹਿਮੀਅਤ ਤੇ ਵੁੱਕਤ ਹੈ

ਮੈਂਨੂੰ ਝੱਟ ਕੁ ਪਿੱਛੋਂ ਮਹਿਸੂਸ ਹੋਇਆ ਕਿ ਤਾਈ ਨੂੰ ਦੇਬੀ ਦੇ ਵੱਡੀ ਹੁੰਦੀ ਜਾਣ ਦੀ ਚਿੰਤਾ ਦਿਨ-ਬ-ਦਿਨ ਵਧਦੀ ਜਾ ਰਹੀ ਸੀਇਸ ਦੌਰਾਨ ਮਾਰਚ 1987 ਵਿੱਚ ਮੇਰੀ ਬਦਲੀ ਦਿੱਲੀ ਦੀ ਹੋ ਗਈ

ਭਾਵੇਂ ਹੁਣ ਮੈਂ ਆਪਣੇ ਪਿੰਡ ਤੋਂ ਚਾਰ ਸੌ ਕਿਲੋਮੀਟਰ ਦੂਰ ਰਹਿੰਦਾ ਸੀ ਪਰ ਮੈਂਨੂੰ ਸੋਹਲਪੁਰ ਵਾਲੇ ਖੇਤਾਂ ਦੀਆਂ ਪਾਟੀਆਂ ਭੱਦਾਂ, ਸਨਮੇ ਕਮਾਦ ਦੀਆਂ ਫੁੱਟਦੀਆਂ ਅੱਖਾਂ ਤੇ ਪੜੂਏ, ਪੂਣ ਕੱਤਦੀਆਂ ਮੱਕੀਆਂ, ਨਰਮੇ-ਕਪਾਹ ਦੇ ਗੁਲਾਬੀ-ਚਿੱਟੇ ਫੁੱਲ ਤੇ ਫਿਰ ਖਿੜੀ ਕਪਾਹ, ਨਿੱਕੀਆਂ ਤੋਂ ਵੱਡੀਆਂ ਹੋਈਆਂ ਕੇਲਾ-ਛੱਲੀਆਂ, ਖਿੜੇ ਹੋਏ ਗੁਲਾਬ, ਲੰਬੜਾਂ ਦੇ ਖੂਹ ਦੀ ਤਰ ਗਈ ਮਾਲ੍ਹ ਕਾਰਣ ਦਿਸਦਾ ਖੂਹ ਦਾ ਤਲ਼ਾ ਅਤੇ ਬਿਜਲੀ ਦੀਆਂ ਤਾਰਾਂ ਨਾਲ ਪੁੱਠੇ ਲਮਕਦੇ ਮਰੇ ਕਾਂ ਮੈਂਨੂੰ ਸੁਪਨਿਆਂ ਵਿੱਚ ਦਿਸਦੇਮੈਂਨੂੰ ਫਿਰ ਭਾਵੁਕ ਜਿਹਾ ਮੋਹ ਜਾਗ ਪੈਂਦਾ ਅਤੇ ਦਿੱਲੀ ਤੋਂ ਮਨ ਚੁੱਕਿਆ ਜਾਂਦਾਮੈਂ ਪਿੰਡਾਂ ਨੂੰ ਜਾਣ ਲਈ ਕਾਹਲਾ ਪੈ ਜਾਂਦਾ

ਇੱਕ ਦਿਨ ਗਿਆ ਤਾਂ ਤਾਈ ਨੇ ਕਿਹਾ, “ਚੰਗਾ ਹੋਇਆ ਤੂੰ ਦਿੱਲੀ ਚਲਾ ਗਿਆਂ - ਭਾਈਆ ਜੀ ਦੱਸਦੇ ਸੀ ਪਈ ਤਈਨੂੰ ਅੱਤਬਾਦੀਆਂ ਨੇ ਘੇਰ ਲਿਆ ਸੀਵਾਖਰੂ ਨੇ ਬਚਾ ਲਿਆ!”

ਦਾਦੀ ਨੇ ਵਿੱਚੋਂ ਟੋਕਦਿਆਂ ਆਖਿਆ, “ਅੱਛਾ ਪੁੱਤ, ਮੈਂ ਮਰਨ ਤੋਂ ਪਈਲਾਂ ਬੰਗਲਾ ਸਾਹਬ ਜਾ ਕੇ ਸੁੱਖਣਾ ਲਾਹੁਣੀ ਚਾਹੁੰਨੀ ਆਂ - ਮੀਤੋ ਤੇ ਮੈਂ ਆ ਜਾਮਾਂਗੀਆਂ।”

ਜਦੋਂ ਮਰਜ਼ੀ ਆਓ, ਦਾਦੀ ਉੱਥੇ ਬੀ ਆਪਣੇ ਘਰ ਈ ਜਾਣਾ।”

ਦੋ ਕੁ ਮਹੀਨਿਆਂ ਮਗਰੋਂ ਦਾਦੀ ਤੇ ਭੂਆ ਸਾਡੇ ਕੋਲ ਦਿੱਲੀ ਆ ਗਈਆਂਜਿਸ ਦਿਨ ਪੰਜਵੀਂ ਤੇ ਆਖ਼ਰੀ ਮੱਸਿਆ ਨਹਾ ਕੇ ਆਈਆਂ ਤਾਂ ਦਾਦੀ ਕਹਿਣ ਲੱਗੀ, “ਲੈ ਪੁੱਤੋ ਹੁਣ ਮੈਂ ਸਉਖੀ ਮਰ ਜਾਊਂਗੀ - ਹੁਣ ਜਦੋਂ ਮਰਜ਼ੀ ਮੌਤ ਆ ਜਾਬੇ।”

ਮੇਰਾ ਬਿਆਹ ਦੇਖ ਲਈਂ - ਫੇ ਭਾਵੇਂ ਮਰ ਜਾਈਂ।” ਮੇਰੇ ਮਜ਼ਾਕ ਨਾਲ ਦਾਦੀ ਨੇ ਫਿਰ ਹੱਸ ਕੇ ਸੋਟਾ ਚੁੱਕ ਲਿਆ

... ਤੇ ਫਿਰ ਅਚਾਨਕ ਘਰੋਂ ਚਿੱਠੀ ਆਈ, “ਮਲਕੀਤ ਕੌਰ ਕੱਲ੍ਹ (25 ਜੁਲਾਈ, 1988) ਪੂਰੀ ਹੋ ਗਈ ਆ।”

ਪੜ੍ਹਨ ਸਾਰ ਹੀ ਤਾਈ ਨਾਲ ਦੋ-ਤਿੰਨ ਮਹੀਨੇ ਪਹਿਲਾਂ ਕੀਤਾ ਇਕਰਾਰ ਸਵਾਲੀਆ ਨਿਸ਼ਾਨ ਬਣ ਕੇ ਮੇਰੇ ਦਿਮਾਗ ਵਿੱਚ ਤੇਜ਼ੀ ਨਾਲ ਘੁੰਮਣ ਲੱਗ ਪਿਆ ਕਿ ਮੈਂ ਆਪਣੀ ਵਹੁਟੀ ਸਣੇ ਆਵਾਂਗਾ

ਅੱਖਾਂ ਮੋਹਰੇ ਪਲ ਦੀ ਪਲ ਇੱਕ ਫਿਲਮ ਜਿਹੀ ਚੱਲ ਪਈ ਜਿਸ ਵਿੱਚ ਮੈਂਨੂੰ ਕਈ ਪੁਰਾਣੀਆਂ ਗੱਲਾਂ ਦੇ ਦ੍ਰਿਸ਼ ਦਿਸਣ ਲੱਗ ਪਏ - ਮੈਂ ਕਦੀ ਤਾਈ ਨਾਲ ਉਹਦੀ ਸੂਸਾਂ ਵਾਲੀ ਤੇ ਕਦੀ ਗੜ੍ਹੀ ਵਾਲੀ ਭੈਣ ਦੇ ਦੇਬੀ ਨੂੰ ਚੁੱਕੀ ਜਾਂਦਾ ਦਿਸਿਆਕਦੀ ਤਾਈ ਝੋਲਾ ਮੈਂਨੂੰ ਫੜਾਉਂਦੀ ਤੇ ਦੇਬੀ ਨੂੰ ਆਪ ਫੜਦੀ ਦਿਸੀਕਦੀ ਕਹਿੰਦੀ ਸੁਣਦੀ - ਗੁੱਡ ਤੂੰ ਤਾਂ ਬਿਰਜੂ ਇਸ ਨਮੇ ਘਰ ਦੀ ਕੰਧ ਉੱਤੇ ਆਪਣੇ ਤਾਏ ਦਾ ਨਾਂ ਸੋਹਣਾ ਜਿਹਾ ਕਰ ਕੇ ਲਿਖ ਦਿਓਕਦੀ ਕਹਿੰਦੀ - ਗੁੱਡ ਦੇਬੀ ਨੂੰ ਦਬਕਾ ਮਾਰ ਕੇ ਜਾਈਂ ਸਾਰਾ ਦਿਨ ਖੇਲ੍ਹਦੀ ਰਈਂਦੀ ਆ -ਪੜ੍ਹਦੀ ਨਹੀਂ - ਸੁਖ ਨਾਲ ਹੁਣ ਅੱਠਮੀਂ ਵਿੱਚ ਹੋ ਗਈ ਆ।”

ਮੈਂ ਪਿੰਡ ਗਿਆ ਤਾਂ ਭਾਈਆ ਕਹਿਣ ਲੱਗਾ, “ਹੁਣ ਉੱਥੇ ਕਿਹਦੇ ਕੋਲ ਮਸੋਸ ਲਈ ਜਾਣਾ? ਤੂੰ ਸਾਡੇ ਕੋਲ ਕਰ ਲਿਆ - ਠੀਕ ਆਬਹੁਤ ਬਮਾਰ ਥੋੜ੍ਹੋ ਹੋਈ ਸੀ - ਮਾੜੇ-ਮੋਟੇ ਰੋਗ ਤਾਂ ਦੇਹ ਨੂੰ ਲਗਦੇ ਈ ਰਈਂਦੇ ਆਇੰਨਾ ਨਹੀਂ ਪਤਾ ਸੀ ਪਈ ਅਈਡੀ ਛੇਤੀ ਉਹਦਾ ਅੰਨ-ਜਲ ਮੁੱਕ ਜਾਊ।” ਭਾਈਏ ਨੇ ਪਲ ਕੁ ਰੁਕ ਕੇ ਆਖਿਆ, “ਦੱਸਦੇ ਆ ਪਈ ਮਲਕੀਤ ਕੋਰ ਨੇ ਬਥੇਰਾ ਜ਼ੋਰ ਲਾਇਆ ਪਈ ਬੰਨ੍ਹ ਨਾਲ ਦੀ ਕੁਤਰ ਸਾਨੂੰ ਪੱਠੇ-ਦੱਥੇ ਲਈ ਦੇ ਦਿਓ - ਪਰ ਉਹਦੀ ਪੁੱਗੀ ਨਹੀਂਚਲੋ ... ਮਲਕੀਤ ਕੋਰ ਚੰਗਾ ਧਰਮਿੱਕਾ ਨਿਭਾਅ ਗਈ ਜੀਤ ਦੇ ਥਾਂ।”

ਭਾਈਏ ਦੀ ਸਲਾਹ ਦੇ ਬਾਵਜੂਦ ਵੀ ਮੈਂ ਸੋਹਲਪੁਰ ਗਿਆਜਿਸ ਘਰ ਵਿੱਚ ਬੇਸ਼ੁਮਾਰ ਰੌਣਕਾਂ ਤੇ ਲਹਿਰਾਂ-ਬਹਿਰਾਂ ਤੇ ਜਿਸਦੇ ਦਰਵਾਜ਼ੇ ਸਾਡੇ ਲਈ ਸਦਾ ਖੁੱਲ੍ਹੇ ਰਹਿੰਦੇ ਸਨ, ਉੱਥੇ ਜਿੰਦਾ-ਕੁੰਡਾ ਲੱਗਾ ਹੋਇਆ ਸੀਗਲੀ ਵਿੱਚ ਘਾਹ ਉੱਗਿਆ ਹੋਇਆ ਸੀਹਵੇਲੀ ਵਲ ਦੇਖਿਆ ਤਾਂ ਉਹਦੇ ਕਮਰੇ ਡਿਗਣ-ਡਿਗਣ ਕਰ ਰਹੇ ਸਨ ਪਰ ਬਾਊ ਬਾਬੇ ਦੇ ਹੱਥਾਂ ਦਾ ਲਾਇਆ ਪਿੱਪਲ ਹੁਣ ਕਾਫ਼ੀ ਵੱਡਾ ਤੇ ਮੋਟਾ ਹੋ ਗਿਆ ਸੀਹਵੇਲੀ ਦੇ ਵਿਹੜੇ ਵਲ ਜਾਣ ਨੂੰ ਉੱਕਾ ਹੀ ਮਨ ਨਾ ਕੀਤਾ ਕਿਉਂਕਿ ਉੱਥੇ ਉੱਗੀ ਉੱਚੀ-ਉੱਚੀ ਭੰਗ, ਗਾਜਰ ਬੂਟੀ ਤੇ ਝੁਆਂਖਰਾ ਦੂਰੋਂ ਹੀ ਦਿਖਾਈ ਦੇ ਰਹੇ ਸਨ ਤੇ ਉਜਾੜ ਵਿੱਚ ਬਦਲ ਚੁੱਕਾ ਉਹਦਾ ਵਿਹੜਾ ਭਾਂ-ਭਾਂ ਕਰਦਾ ਸੁਣਾਈ ਦਿੰਦਾ ਸੀ

ਹੁਣ ਜਦੋਂ ਮੇਰੇ ਰੋਮਾਂ ਵਿੱਚ ਰਚੇ ਇਸ ਜੱਟ ਪਰਿਵਾਰ ਦੇ ਮੋਹ-ਤੇਹ ਦਾ ਖ਼ਿਆਲ ਆਉਂਦਾ ਹੈ ਤਾਂ ਮੈਂਨੂੰ ਲਗਦਾ ਹੈ ਜਿਵੇਂ ਉਹ ਸਾਡੀ ਜ਼ਿੰਦਗੀ ਦੇ ਰੇਗਿਸਤਾਨ ਵਿੱਚ ਵਗਿਆ ਦਰਿਆ ਹੋਵੇ ਜਿਸ ਸਦਕਾ ਸਾਡੀ ਜ਼ਿੰਦਗੀ ਥੋੜ੍ਹੀ-ਥੋੜ੍ਹੀ ਹਰਿਆਲੀ ਭਾਹ ਮਾਰਨ ਲੱਗ ਪਈ ਹੋਵੇ

*****

ਅਗਾਂਹ ਪੜ੍ਹੋ, ਕਾਂਡ ਸੋਲ੍ਹਵਾਂ: ਆਪਣੇ ਨਾਂ ਨਾਲ ਨਫ਼ਰਤ।

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2586)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author