BalbirMadhopuri7ਮੈਂ ਨਜੂਮੀ ਨਈਂ ਪਰ ਇਕ ਗੱਲ ਦੱਸ ਦਿੰਨਾ ਪਈ ਹੁਣ ਜੇ ਤੁਸੀਂ ...
(19 ਅਕਤੂਬਰ 2020)

 

ਕਿਹੜੀ ਨਖਸਮੀ ਦਾ? ਖੜ੍ਹਾ ਹੋ ਜਰਾ, ਚੀਰ ਕੇ ਦੋ ਥਾਈਂ ਕਰਾਂ!ਘਰ ਮੋਹਰਲੇ ਬੋਹੜ-ਪਿੱਪਲ ਥੱਲੇ ਬੈਠੀ ਮੇਰੀ ਦਾਦੀ ਅਸਮਾਨੀ ਬਿਜਲੀ ਵਾਂਗ ਅਚਾਨਕ ਗੜ੍ਹਕੀ। ਬਿੜਕ ਲੈਣ ਲਈ ਸਾਡੇ ਕੰਨ ਖੜ੍ਹੇ ਹੋ ਗਏ।

ਅੱਜ ਪਤਾ ਨਈਂ ਕੇਹਨਾ ਆਢਾ ਲਾ ਲਿਆ।’ ਮੇਰੀ ਮਾਂ ਨੇ ਦਲਾਨ ਅੰਦਰੋਂ ਉੱਠਦਿਆਂ ਆਖਿਆ। ਮੈਂ ਵੀ ਛਲਾਰੂ ਵਾਂਗ ਉਹਦੇ ਮਗਰ-ਮਗਰ ਤੁਰ ਪਿਆ। ਦਾਦੀ ਕੋਲ ਜਾ ਕੇ ਉਹਨੇ ਪੁੱਛਿਆ, ‘ਕੀ ਹੋਇਆ ਮਾਂ?

ਕੰਜਰਾਂ ਦੇ ਜਾਣੀ ਦਾ ਜਦੋਂ ਨੰਘਦਾ, ਟਾਂਚ ਕਰ ਕੇ ਦੌੜ ਜਾਂਦਾ, ਮੇਰੇ ਪੇ ਦਾ ਸਾਲਾ! ਸਾਰੇ ਪਿੰਡ ਵਿੱਚ ਮੇਰੀ ਉਮਰ ਦਾ ਕੋਈ ਬੰਦਾ-ਬੁੜ੍ਹੀ ਹੈਗਾ? ਇਹਨੂੰ ਔਂਤ ਜਾਣੇ ਨੂੰ ਫੇ ਸ਼ਰਮ ਨਈਂ ਆਉਂਦੀ ਮਸ਼ਕਰੀਆਂ ਕਰਦੇ ਨੂੰ।’ ਦਾਦੀ ਦੁਹਾਈ ਪਾਉਂਦੀ ਹੋਈ ਜਿਵੇਂ ਜਾਇਜ਼-ਨਾਜਾਇਜ਼ ਦਾ ਨਤਾਰਾ ਕਰਾਉਣਾ ਚਾਹੁੰਦੀ ਹੋਵੇ।

ਕੌਣ ਸੀ, ਪਤਾ ਤਾਂ ਲੱਗੇ?’ ਮਾਂ ਨੇ ਫਿਰ ਪੁੱਛਿਆ।

ਮੇਤੋਂ ਕਿਹੜਾ ਸਿਆਣ ਹੋਇਆ ਉੱਧਲ ਜਾਣੀ ਦਾ! ਫੁੜ੍ਹਕੀ ਪੈਣੇ ਦੀ ਲੂਹ ਹੋਣੀ ਜਬਾਨ ਈ ਪਛਾਣਦੀ ਆਂ! ਜੀਭ ਧੂਊਂਗੀ ਕਿਸੇ ਦਿਨ - ਹੱਥ ਆਬੇ ਇਕ ਬਾਰੀ!ਦਾਦੀ ਦੇ ਪੋਪਲੇ ਮੂੰਹ ਅੰਦਰ ਜੀਭ ਹੀ ਹਿੱਲਦੀ ਦਿਸਦੀ ਤੇ ਅੱਖਾਂ ਸੁੰਗੜੀਆਂ ਹੋਈਆਂ। ਉਹਦੇ ਸਿਰ ਦੇ ਚਾਂਦੀ ਰੰਗੇ ਚਮਕਦੇ ਵਾਲਾਂ ਦੀਆਂ ਦੋ ਕੁ ਲਿਟਾਂ ਪੁੜਪੁੜੀਆਂ ਉੱਤੇ ਲਮਕ ਰਹੀਆਂ ਸਨ। ਇਉਂ ਲਗਦਾ ਸੀ ਕਿ ਉਹ ਸੱਚਮੁਚ ‘ਉਸ ਫੁੜਕੀ ਪੈਣੇਨੂੰ ਟੋਲ ਕੇ ਕੱਚਾ ਚਬਾ ਲਵੇਗੀ।

ਦਾਦੀ ਉੱਚੀ-ਉੱਚੀ ਬੋਲਦੀ ਹੌਲੀ-ਹੌਲੀ ਘਰ ਕੋਲੋਂ ਪਿੰਡ ਦੀ ਗਭਲੀ ਗਲੀ ਦਾ ਮੋੜ ਟੱਪ ਗਈ। ਮੈਂ ਸੋਚਿਆ ਕਿ ਦਾਦੀ ਨੂੰ ਪੁੱਛਾਂ ਕਿ ਉਹ ਕਿਸ ਦੇ ਘਰ ਉਲਾਮਾ ਦੇਣ ਜਾ ਰਹੀ ਹੈ? ਮੈਂ ਡਰਦਾ ਚੁੱਪ ਰਿਹਾ। ਪਰ ਇਹ ਵੀ ਸਾਬਤ ਹੋ ਚੁੱਕਾ ਸੱਚ ਸੀ ਕਿ ਉਹਦੇ ਹੱਥ ਵਿਚਲੇ ਸੋਟੇ ਤੇ ਮਜ਼ਬੂਤ ਇਰਾਦੇ ਨੇ ਉਹਦੀ ਕਮਜ਼ੋਰ ਨਿਗਾਹ ਦੇ ਬਾਵਜੂਦ ਉਹਦੇ ਲੱਤਾਂ-ਪੈਰਾਂ ਨੂੰ ਕਦੀ ਲੜਖੜਾਉਣ ਨਹੀਂ ਸੀ ਦਿੱਤਾ। ਜਦੋਂ ਕਦੀ ਤੇ ਜਿੱਥੇ ਕਦੀ ਉਹਨੂੰ ਆਪਣੇ ਜਾਂ ਹੋਰਾਂ ਨਾਲ ਵਾਧਾ ਹੁੰਦਾ ਦਿਸਦਾ - ਉਹ ਉਸ ਦੇ ਖ਼ਿਲਾਫ਼ ਬੀੜਾ ਚੁੱਕ ਲੈਂਦੀ - ਸਿਰੜੀ, ਨਿਡਰ ਤੇ ਹੌਸਲਾ-ਬੁਲੰਦ ਵੀਰਾਂਗਣ ਵਾਂਗ ਮੈਦਾਨ ਸਹਿਜੇ ਕੀਤੇ ਨਾ ਛੱਡਦੀ। ਉਮਰ ਦੇ ਲਿਹਾਜ਼ ਉਹ ਹੰਭ ਗਈ ਲਗਦੀ ਪਰ ਹਾਰੀ ਨਹੀਂ ਸੀ।

ਦਾਦੀ ਨੂੰ ਉਹਦਾ ‘ਸ਼ਿਕਾਰਨਾ ਦਿਸਿਆ ਤੇ ਉਹ ਛੇਤੀ ਹੀ ਉਨ੍ਹੀਂ ਪੈਰੀਂ ਪਿੱਛੇ ਮੁੜ ਆਈ।

ਖ਼ੈਰ, ਏਨੇ ਨੂੰ ਦਾਦੀ ਦੁਆਲੇ ਵਿਹੜੇ ਦੀਆਂ ਮੇਰੀਆਂ ਚਾਚੀਆਂ-ਤਾਈਆਂ ਤੇ ਨਿਆਣਿਆਂ ਦਾ ਝੁਰਮਟ ਪੈ ਗਿਆ। ਮੇਰੀ ਛੋਟੀ ਭੈਣ ਨੇ ਆ ਕੇ ਮਾਂ ਦਾ ਹੱਥ ਫੜ ਲਿਆ। ਨੰਗ-ਧੜੰਗੇ ਛੋਟੇ ਨਿਆਣਿਆਂ ਨੇ ਆਪਣੇ ਮੂੰਹ ਮੇਰੀ ਦਾਦੀ ਵਲ ਚੁੱਕੇ ਹੋਏ ਸਨ। ਉਨ੍ਹਾਂ ਵਿੱਚੋਂ ਕਈਆਂ ਦੀਆਂ ਕਾਲੀਆਂ-ਲਾਲ ਤੜਾਗੀਆਂ ਢਿੱਲੀਆਂ ਜਿਹੀਆਂ ਸਨ ਤੇ ਕੋਈ-ਕੋਈ ਜਣਾ ਉਨ੍ਹਾਂ ਵਿਚਲੇ ਕਾਲੇ-ਲਾਲ ਮਣਕਿਆਂ ਨੂੰ ਅੱਗੇ ਤੇ ਕਦੀ ਪਿੱਛੇ ਕਰ ਰਿਹਾ ਸੀ।

ਦੱਸ ਤਾਂ ਸਹੀ ਪਈ ਕੀ ਕਿਹਾ?’ ਮੇਰੀ ਇਕ ਤਾਈ ਨੇ ਕਾਹਲੀ ਪੈਂਦਿਆਂ ਪੁੱਛਿਆ। ਮੇਰੀ ਉਤਸੁਕਤਾ ਹੋਰ ਵਧ ਗਈ। ਸਾਰਿਆਂ ਦੇ ਮੂੰਹ ਤੇ ਨਜ਼ਰਾਂ ਸਵਾਲੀਆ ਨਿਸ਼ਾਨ ਬਣੇ ਹੋਏ ਸਨ। ਇਉਂ ਲਗਦਾ ਸੀ ਕਿ ਜੇ ਮੇਰੀਆਂ ਤਾਈਆਂ ਨੂੰ ਪੁਣ-ਛਾਣ ਤੋਂ ਬਾਅਦ ਪਤਾ ਲੱਗ ਜਾਵੇ ਤਾਂ ਉਹ ਊਧਮ ਮਚਾ ਦੇਣਗੀਆਂ। ਬੁਰੇ ਦੇ ਘਰ ਤਕ ਜਾਣੋਂ ਨਹੀਂ ਝਿਜਕਣਗੀਆਂ।

ਦਾਦੀ ਦਾ ਗੋਰਾ ਨਿਛੋਹ ਝੁਰੜੀਆਂ ਭਰਿਆ ਚਿਹਰਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ। ਉਹਨੇ ਆਪਣੇ ਸਿਰ ਦਾ ਪੱਲਾ ਸੁਆਰਦਿਆਂ ਦੱਸਿਆ, ‘ਡੁੱਬ ਜਾਣਾ ਜਾਂਦਾ-ਜਾਂਦਾ ਬਕਦਾ ਸੀ:

ਧੁਆਡੀ ਸੱਤੋ ਦੇ ਜਾਰ,
ਕੋਈ ਚੂਹੜਾ ਕੋਈ ਚਮਾਰ।

ਮੈਂ ਕਹਿੰਨੀ ਆਂ ਪਈ ਸੱਤੋ ਬਛੇਰੀ (ਵਛੇਰੀ) ਹੋਊਗੀ ਧੁਆਡੀ – ਹਰਾਮ ਦੀ ਅਲਾਦ!ਨਾਲ ਹੀ ਦਾਦੀ ਨੇ ਹੱਥ ਵਿਚਲਾ ਸੋਟਾ ਜ਼ਮੀਨ ਉੱਤੇ ਮਾਰਿਆ ਜਿਸ ਨਾਲ ‘ਠੱਕਦੀ ਹਲਕੀ ਜਿਹੀ ਆਵਾਜ਼ ਹੋਈ ਜੋ ਉਹਦੇ ਰੋਸ ਤੇ ਅਣਖ ਦੀ ਸ਼ਾਹਦੀ ਭਰਦੀ ਲਗਦੀ ਸੀ। ਮੈਨੂੰ ਜਾਪਿਆ ਕਿ ਉਹਦੇ ਕੋਲ ਗਾਲ੍ਹ-ਸ਼ਬਦਾਂ ਦੇ ਨੋਕੀਲੇ ਤੀਰਾਂ ਦਾ ਅਮੁੱਕ ਭੰਡਾਰ ਹੈ।’ਸ਼ਿਕਾਰਭਾਵੇਂ ਅੱਖੋਂ ਉਹਲੇ ਹੋ ਚੁੱਕਾ ਸੀ ਪਰ ਰੋਹ ਵਿਚ ਆਈ ਦਾਦੀ ਲਗਾਤਾਰ ਤੀਰ ਛੱਡੀ ਜਾ ਰਹੀ ਸੀ। ਉਹਦੀਆਂ ਦਲੀਲਾਂ ਦੀ ਅਹਿਮੀਅਤ ਆਪਣੇ ਥਾਂ ਸੀ।

ਦਾਦੀ ਦਾ ਰੌਲਾ-ਰੱਪਾ ਸੁਣ ਕੇ ਕੋਲ ਦੇ ਘਰਾਂ ਤੋਂ ਤਾਈ ਤਾਰੋ ਤੇ ਉਹਦੀ ਵੱਡੀ ਭੈਣ ਪ੍ਰਗਾਸ਼ੋ (ਜੱਟੀਆਂ) ਜੋ ਇਕੋ ਟੱਬਰ ਵਿਚ ਵਿਆਹੀਆਂ ਹੋਈਆਂ ਸਨ, ਸਾਡੇ ਕੋਲ ਆ ਖੜ੍ਹੀਆਂ ਹੋਈਆਂ। ਆਉਂਦਿਆਂ ਹੀ ਤਾਈ ਤਾਰੋ ਨੇ ਪੁੱਛਿਆ, ‘ਹਰੋ, ਅਈਡੀ ਕੀ ਗੱਲ ਹੋ ਗਈ ਜਿਹੜੀ ਅਈਨੀ ਸਿੰਗ ਮਿੱਟੀ ਚੱਕੀਊ ਆ

ਇਹ ਸੁਣਦਿਆਂ ਹੀ ਮੇਰੀਆਂ ਸੋਚਾਂ ਮੱਕੜ-ਜਾਲ ਬੁਣਨ ਲੱਗੀਆਂ - ਤਾਈ ਤਾਰੋ ਤੇ ਹੋਰ ਜੱਟ-ਜੱਟੀਆਂ ਸੌ ਦੇ ਦਹਾਕੇ ਨੂੰ ਢੁੱਕੀ ਮੇਰੀ ਦਾਦੀ ਨੂੰ ਉਹਦਾ ਨਾਂ ਲੈ ਕੇ ਬੁਲਾਉਂਦੀਆਂ, ਮੇਰੇ ਨਾਲ ਪੜ੍ਹਦੇ ਮੁੰਡੇ ਸਾਡੀ ਬਿਰਾਦਰੀ ਦੇ ਬੰਦਿਆਂ ਨੂੰ ਉਨ੍ਹਾਂ ਦਾ ਨਾਂ ਲੈ ਕੇ ਗੱਲ ਕਰਦੇ ਹਨ ਤੇ ਉਹ ਅੱਗੋਂ ਉਨ੍ਹਾਂ ਨੂੰ ‘ਸਰਦਾਰ ਜੀਕਹਿੰਦੇ ਹਨ। ਅਸੀਂ ਪਿੰਡ ਦੇ ਸਾਰੇ ਲੋਕਾਂ ਨੂੰ ਚਾਚੀ, ਤਾਈ, ਚਾਚਾ, ਤਾਇਆ, ਬਾਬਾ ਸੱਦਦੇ ਹਾਂ ਤੇ ਇਹ ਬਿਨਾਂ ਕਿਸੇ ਸੰਕੋਚ ਦੇ ਸਿੱਧਾ ਹੀ ਨਾਂ ਲੈਂਦੇ ਹਨ। ਫਿਰ ਖ਼ਿਆਲ ਆਇਆ ਕਿ ਇਸ ਸਭ ਕਾਸੇ ਵਿੱਚੋਂ ਸ਼ਾਇਦ ਜਾਤ ਤੇ ਜ਼ਮੀਨ ਦਾ ਹੰਕਾਰ ਬੋਲਦਾ ਹੈ। ਅਖੀਰ ਇਹ ਸੋਚ ਜਾਲ ਉਦੋਂ ਟੁੱਟਿਆ ਜਦੋਂ ਦਾਦੀ ਮੁੜ ਬੁੜ੍ਹਕੀ ਤੇ ਮੈਨੂੰ ਲੱਗਿਆ ਜਿਵੇਂ ਮੈਂ ਖਲਾਅ ਵਿੱਚੋਂ ਠੋਸ ਜ਼ਮੀਨ ਉੱਤੇ ਡਿਗ ਪਿਆ ਹੋਵਾਂ। ਹੁਣ ਮੇਰੀਆਂ ਅੱਖਾਂ ਦੇਖਣ ਤੇ ਕੰਨ ਸੁਣਨ ਲੱਗ ਪਏ ਸਨ। ਵਾਪਰ ਚੁੱਕੀ ਘਟਨਾ ਪ੍ਰਤਿ ਦਾਦੀ ਦਾ ਰੋਸ-ਮੁਜ਼ਾਹਰਾ ਲੋਕ ਪੂਰੀ ਸ਼ਿੱਦਤ ਨਾਲ ਦੇਖ-ਸੁਣ ਰਹੇ ਸਨ।

ਤਈਨੂੰ ਬਾਰਾਂ ਤਾਲੀ ਨੂੰ ਹਰ ਬੇਲੇ ਮਸ਼ਕੂਲਾ ਈ ਸੁੱਝਦਾ! ਬਿਨਾਂ ਸੋਚੇ-ਸੁਣੇ ਆ ਕੇ ਲੁਤਰ-ਲੁਤਰ ਕਰਨ ਡੈਹ ਪਈ ਆ’ ਦਾਦੀ ਨੇ ਇੰਨਾ ਕਹਿ ਕੇ ਜਿਵੇਂ ਤਾਈ ਦੀ ਖੁੰਬ ਠੱਪੀ ਹੋਵੇ। ਤਾਈ ਦੇ ਵੀ ਅਫ਼ਰੀਨ ਕਿ ਉਹ ਦਾਦੀ ਦਾ ਰੋਹਬ ਸਹਿ ਲੈਂਦੀ ਸੀ ਤੇ ਉਹਦੇ ਮੋਹਰੇ ਕਦੀ ਆਕੜ ਕੇ ਨਹੀਂ ਬੋਲਦੀ ਸੀ। ਇਸ ਵਾਰ ਵੀ ਉਹ ਚੁੱਪ ਰਹੀ ਤੇ ਗੱਲ ਆਲੇ-ਟਾਲੇ ਪਾ ਦਿੱਤੀ ਪਰ ਬਾਕੀ ਜ਼ਨਾਨੀਆਂ ਮੁਸਕਰਾ ਪਈਆਂ ਸਨ। ਅਸੀਂ ਸਾਰੇ ਨਿਆਣੇ ਖ਼ਾਮੋਸ਼ ਖੜ੍ਹੇ ਸੀ।

ਏਸੇ ਦੌਰਾਨ ਫੁੰਮ੍ਹਣ ਹਵਾ ਦੇ ਵਰੋਲੇ ਵਾਂਗ ਪਤਾ ਨਹੀਂ ਕਿੱਧਰੋਂ ਆ ਗਿਆ ਤੇ ਆਪਣੀ ਆਦਤ ਮੁਤਾਬਿਕ ਉੱਚੀ-ਉੱਚੀ ਬੋਲਣ ਲੱਗ ਪਿਆ, ‘ਇਕ ਬਾਰੀ ਦਾਹੜ ਹੇਠ ਆ ਗਿਆ ਤਾਂ ਫਿੰਹਜੂ ਕੱਢ ਦਊਂ - ਇਹਨੂੰ ਉੱਲੂ ਦੇ ਪੱਠੇ ਨੂੰ ਛਿੱਦਰ ਛੇੜਨ ਦੀ ਬਮਾਰੀ ਆ

ਓਅ ਹੋ! ਪਤਾ ਤਾਂ ਲੱਗੇ ਪਈ ਕੌਣ ਸੀ?’ ਤਾਈ ਤਾਰੋ ਨੇ ਮੁੜ ਪੁੱਛਿਆ।

ਧੁਆਨੂੰ ਜਿੱਦਾਂ ਪਤਾ ਨਈਂ? ਅੱਗ ਲਾਈ ਤੇ ਡੱਬੂ ਨਿਆਈਏਂ! ਕਦੀ ਕਿਤੇ ਸ਼ੁਰਲੀ ਛੱਡ ਗਿਆ - ਕਦੀ ਕਿਤੇ ਚਿੰਜੜੀ ਛੇੜ ਗਿਆ! ਚਾਰ ਸਿਆੜ ਕੀ ਹੋਏ ਚੰਦ ’ਤੇ ਥੁੱਕਣੋਂ ਨਈਂ ਹਟਦੇ!ਫੁੰਮ੍ਹਣ ਨੇ ਗੁੱਸੇ ਵਿਚ ਦੰਦ ਪੀਂਹਦਿਆਂ ਕਿਹਾ। ਮੇਰੇ ਝੂਠੇ ਜਿਹੇ ਪਏ ਸਰੀਰ ਵਿਚ ਜਿਵੇਂ ਨਵੇਂ ਸਿਰਿਓਂ ਤਾਕਤ ਆ ਗਈ ਤੇ ਹੱਥ ਬਦੋਬਦੀ ਦਾਦੀ ਦਾ ਸੋਟਾ ਫੜਨ ਨੂੰ ਪਏ। ਮੇਰਾ ਸਰੀਰ ਕੰਬ ਜਿਹਾ ਗਿਆ। ਪਲ ਕੁ ਬਾਅਦ ਮੈਂ ਕਿਸੇ ਭੋਲੇ ਜਿਹੇ ਮੁੰਡੇ ਵਾਂਗ ਦਾਦੀ ਕੋਲ ਖੜ੍ਹਾ ਸੀ। ਪਰ ਮੈਨੂੰ ਜਾਪਿਆ ਜਿਵੇਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਮੇਰਾ ਵਾਸਤਾ ਸ਼ੁਰੂ ਹੋ ਚੁੱਕਾ ਹੈ।

ਓਦਣ ਦਾ ਚੇਤਾ ਭੁੱਲ ਗਿਆ? ਜਿੱਦਣ ਬਾਬਿਆਂ ਦੇ ਭਗਤੇ ਨੂੰ ਘਰ ਬਾੜ ਕੇ ਆਏ ਸੀ! ਓਹਲਾਂ ਚਈਂ-ਚਈਂ ਕਰਨ ਡੈਹ ਪਏ ਸੀ ਸਾਰੇ!ਦਾਦੀ ਨੇ ਇਕ ਪਿਛਲਾ ਵਾਕਿਆ ਯਾਦ ਕੀਤਾ ਤੇ ਕਰਾਇਆ।

ਕੀ ਗੱਲ ਹੋਈ ਸੀ ਉਦੋਂ?’ ਮੈਂ ਦਾਦੀ ਦੇ ਗੁੱਸੇ ਦੌਰਾਨ ਡਰਦਿਆਂ-ਡਰਦਿਆਂ ਉਹਦਾ ਹੱਥ ਫੜ ਕੇ ਪੁੱਛਿਆ।

ਅਈਥੇ ਈ ਖੱਡੀਆਂ ਵਿੱਚ ਆ ਕੇ ਭਗਤੇ ਨੇ ਜਾਗਰ ਚੌਂਕੀਦਾਰ ਨੂੰ ਧੌਂਸ ਦੇ ਕੇ ਕਿਹਾ ਪਈ ਮੇਰੇ ਨਾਲ ਪੱਠੇ ਕਤਰਾ! ਉਹਨੇ ਮੋਹਰਿਓਂ ਕਿਹਾ ਪਈ ਮੇਰਾ ਬਿਹਲ ਨਈਂ - ਐਸ ਗੱਲ ’ਤੇ ਭਗਤੇ ਨੇ ਉਹਦੇ ਸੋਟੇ ਮਾਰਤੇ!ਦਾਦੀ ਨੇ ਆਪਣਾ ਫੜਿਆ ਹੱਥ ਝਟਕੇ ਨਾਲ ਮੈਥੋਂ ਛੁਡਾ ਕੇ ਪਿਛਾਂਹ ਹਟਾ ਲਿਆ।

ਹੈਂ? ਫੇ?’ ਮੈਂ ਕਾਹਲੀ ਬੋਲ ਕੇ ਪੁੱਛਿਆ।

ਫੇ ਕੀ? ਸਾਰੀ ਚਮ੍ਹਾਰਲੀ ਮਗਰ ਪੈ ਗਈ। ਉਹ ਦਿਨ ਜਾਬੇ ਤੇ ਅੱਜ ਦਾ ਆਬੇ, ਭਗਤੇ ਨੇ ਮੁੜ ਕੇ ਏਸ ਮਹੱਲੇ ਆ ਕੇ ਨਾ ਏਦਾਂ ਦੀ ਹਰਕਤ ਕੀਤੀ ਤੇ ਨਾ ਈ ਅੱਖ ਚੱਕੀ। ... ਹਈਦਾਂ ਰੋਜ ਮੱਲੋਜੋਰੀ ਬੁੱਤੀਆਂ ਕਰਾਉਣ ਲੈ ਜਾਂਦੇ ਰਹੇ ਆ!ਦਾਦੀ ਨੇ ਹੋਰਨਾਂ ਤੇ ਮੇਰੀਆਂ ਹੈਰਾਨੀ ਭਰੀਆਂ ਨਿਗਾਹਾਂ ਵਲ ਦੇਖਦਿਆਂ ਦੱਸਿਆ। ਤੇ ਨਾਲ ਹੀ ਮੇਰੀਆਂ ਸੋਚਾਂ ਦੀ ਸੂਈ ਬੁੱਤੀਆਂ-ਬੇਗਾਰਾਂ, ਭਿੱਟ, ਊਚ-ਨੀਚ, ਛੂਤ-ਛਾਤ ਦੇ ਵਿਚਾਰਾਂ ਉੱਤੇ ਫਸ ਕੇ ਰਹਿ ਗਈ ਜਿਵੇਂ ਲੰਬੜਾਂ ਦੇ ਦਾਸ ਦੀ ਮਿੰਦ੍ਹੋ ਦੇ ਵਿਆਹ ਨੂੰ ‘ਲੱਕ ਹਿੱਲੇ ਮਜਾਜਣ ਜਾਂਦੀ ਦਾਤਵੇ ਉੱਤੇ ਸੂਈ ਅਟਕ ਗਈ ਸੀ ਤੇ ਵਾਰ-ਵਾਰ ਇਹੋ ਇੰਨਾ ਕੁ ਮੁਖੜਾ ‘ਲੱਕ ਹਿੱਲੇ’ ‘ਲੱਕ ਹਿੱਲੇਹੀ ਸੁਣ ਰਿਹਾ ਸੀ। ਸੂਈ ਚੁੱਕ ਲੈਣ ਮਗਰੋਂ ਵਾਂਗ ਜਦੋਂ ਮੈਂ ਆਪਣੇ-ਆਪ ਵਿਚ ਪਰਤਿਆ ਤਾਂ ਅਹਿਸਾਸ ਹੋਇਆ ਕਿ ਇਸ ਨਵੇਂ-ਨਵੇਂ ਚੱਲੇ ਤਵੇ ਉੱਤੇ ਸੂਈ ਰੁਕ ਸਕਦੀ ਹੈ ਤਾਂ ਇਨ੍ਹਾਂ ਖ਼ਿਆਲਾਂ ਦਾ ਮੇਰੇ ਮਨ ਵਿਚ ਮੁੜ-ਮੁੜ ਆਉਣਾ ਸੁਭਾਵਿਕ ਹੈ। ਦਾਦੀ, ਭਾਈਆ, ਤਾਇਆ ਤੇ ਸਾਰੀ ਬਿਰਾਦਰੀ ਨਿੱਤ ਏਹੀ ਗੱਲਾਂ ਕਰਦੇ ਹਨ। ਮੈਨੂੰ ਇਕਦਮ ਸੁੱਝਿਆ ਕਿ ਇਸ ਅਦਿੱਖ ਬੋਝ ਤੋਂ ਛੁਟਕਾਰਾ ਪਾਉਣ ਲਈ ਦਿਨ-ਰਾਤ ਇਕ ਕਰ ਦਿਆਂ। ਇਹ ਖ਼ਿਆਲ ਵੀ ਸਹਿਬਨ ਹੀ ਆਇਆ ਕਿ ਨਵਾਂ ਸੁਣਨ-ਸਮਝਣ ਲਈ ਸੂਈ ਅੱਗੇ ਤੁਰਨੀ ਚਾਹੀਦੀ ਹੈ।

ਮੇਰੀ ਮਾਂ ਨੇ ਫਿਰ ਆਖਿਆ, ‘ਚਲ ਦਫ਼ਾ ਕਰ ਮਾਂ! ਬਥੇਰਾ ਦਾਦਾ ਦਾਹੜੀ ਹੱਗ ਲਿਆ ਤੂੰਮ੍ਹੀਂ!’

ਮਾਂ ਰੋਟੀ ਖਾ ਤੂੰ! ਮੈਂ ਤਵੰਝ ਉੜਾਊਂ ਰੀਂਡੇ ਜਿਹੇ ਦਾ, ਜਿਹੜਾ ਵੇਰ੍ਹਿਆ ਫਿਰਦਾ!ਫੁੰਮ੍ਹਣ ਦਾਦੀ ਨੂੰ ਬਾਹੋਂ ਫੜ ਕੇ ਸਾਡੇ ਘਰ ਲਿਆਉਣ ਵੇਲੇ ਆਖਣ ਲੱਗਾ, ‘ਜਿਹੜਾ ਉੱਠਦਾ ਪਈਲਾਂ ਜਾਤ ਦਾ ਮੇਹਣਾ ਮਾਰਦਾ - ਸਬਿਹਾਰ ਨੂੰ ਢਾਈ-ਢਾਈ ਕਿੱਲੇ ਹਿੱਸੇ ਨਈਂ ਆਉਂਦੀ - ਬਣੇ ਫਿਰਦੇ ਆ ਬੜੇ ਲਾਟੀਕਾਨ

ਫੁੰਮ੍ਹਣਾ ਕਾਹਨੂੰ ਭੜਥੂ ਪਾਈ ਜਾਨਾ, ਸੱਪ ਨੰਘ ਗਿਆ - ਲੀਕ ’ਤੇ ਸੋਟੇ ਮਾਰ ਕੇ ਕੀ ਲੱਭਣਾ?’ ਤਾਈ ਤਾਰੋ ਨੇ ਸਮਝਾਉਂਦਿਆਂ ਆਖਿਆ।

ਅਖੇ ਧੁਆਡੀ ਸੱਤੋ ਦੇ ਜਾਰ, ਕੋਈ ਚੂਹੜਾ ਕੋਈ ਚਮਾਰ - ਸਾਡੀਆਂ-ਧੁਆਡੀਆਂ ਕੁੜੀਆਂ ਵਿੱਚ ਕੋਈ ਫਰਕ ਆ? ਨਾਲੇ ਚਾਚੀ ਤੂੰ ਈ ਦੱਸ ਪਈ ਓਹਲਾਂ ਤਾਂ ਖੂਹ ਦਾ ਪਾਣੀ ਭਿੱਟ ਨਈਂ ਹੋਇਆ, ਨਾ ਈ ਸਾਡੀ ਜਾਤ ਦਿਸੀ ਜਿਹਲਾਂ ਮੇਰੇ ਭਾਈਏ ਨੇ ਲੀੜਿਆਂ ਸਣੇ ਖੂਹ ਵਿੱਚ ਛਾਲ ਮਾਰ ਕੇ ਧੰਨੀ ਸੁਨਿਆਰੀ ਦੀ ਧੀ ਨੂੰ ਬਾਹਰ ਕੱਢਿਆ ਸੀ!ਫੁੰਮਣ ਗੁੱਸੇ ਵਿਚ ਹਲਫ਼ੀਆ ਬਿਆਨ ਦਿੰਦਾ ਜਾ ਰਿਹਾ ਸੀ। ਉਹਦੇ ਮੱਥੇ ਉਤਲਾ ਪਸੀਨਾ ਤੁਪਕਿਆਂ ਦਾ ਰੂਪ ਧਾਰ ਕੇ ਉਹਦੇ ਝੱਗੇ ਤੇ ਜ਼ਮੀਨ ਉੱਤੇ ਡਿਗਣ ਲੱਗ ਪਿਆ।

ਇਹ ਸੁਣ ਕੇ ਮੇਰੇ ਲੂੰ ਖੜ੍ਹੇ ਹੋ ਗਏ। ਧੰਨੀ ਦੀ ਛੋਟੀ ਧੀ ਮੈਨੂੰ ਖੂਹ ਵਿਚ ਗੋਤੇ ਖਾਂਦੀ ਤੇ ਜਾਨ ਬਚਾਉਣ ਲਈ ਹੱਥ-ਪੈਰ ਮਾਰਦੀ ਦਿਸੀ ਤੇ ਫਿਰ ਮੇਰਾ ਸਭ ਤੋਂ ਵੱਡਾ ਤਾਇਆ ਪ੍ਰਤਾਪਾ ਉਹਨੂੰ ਬਚਾਉਂਦਾ ਹੋਇਆ। ਇਹ ਸੋਚਦਿਆਂ ਮੈਨੂੰ ਹਲਕੀ ਜਿਹੀ ਤ੍ਰੇਲੀ ਆ ਗਈ। ਦਿਲ ਦੀ ਧੜਕਣ ਕੁਝ ਪਲਾਂ ਲਈ ਜਿਵੇਂ ਰੁਕ ਗਈ ਲੱਗੀ। ਅੰਤ ਮੈਨੂੰ ਹਉਕੇ ਵਰਗਾ ਲੰਮਾ ਸਾਹ ਆਇਆ ਤੇ ਨਾਲ ਹੀ ਇਹ ਸੋਚ-ਲੜੀ ਟੁੱਟ ਗਈ

ਦਰਅਸਲ, ਪਿੰਡ ਦੀ ਇਕ ਧੀ ਵਲੀਆਂ ਦੇ ਖੂਹ ਵਿੱਚੋਂ ਪਾਣੀ ਭਰੇ ਭਾਰੇ ਡੋਲ ਨੂੰ ਖਿੱਚਦੀ ਆਪ ਹੀ ਖੂਹ ਵਿਚ ਖਿੱਚੀ ਗਈ ਸੀ ਕਿਉਂਕਿ ਘੁੱਟ ਕੇ ਫੜੀ ਲੱਜ ਨੂੰ ਛੱਡਣ ਦਾ ਉਹਨੂੰ ਮੌਕਾ ਹੀ ਨਹੀਂ ਮਿਲਿਆ ਸੀ। ਓਧਰ ਨੇੜੇ ਹੀ ਗੋਰੇ ਛੱਪੜ ਕੋਲ ਤੁਰੇ ਆਉਂਦੇ ਮੇਰੇ ਤਾਏ ਪ੍ਰਤਾਪੇ ਨੇ ਇਹ ਸਭ ਕੁਝ ਦੇਖ ਲਿਆ। ਉਹਨੇ ਅੱਗਾ ਦੇਖਿਆ ਨਾ ਪਿੱਛਾ - ਖੂਹ ਵਿੱਚ ਛਾਲ ਮਾਰ ਦਿੱਤੀ ਤੇ ਕੁੜੀ ਨੂੰ ਜਿਉਂਦੀ ਬਚਾ ਲਿਆ ਸੀ।

ਏਸੇ ਦੌਰਾਨ ਦਾਦੀ ਅਜੇ ਬਾਹਰਲੇ ਬੂਹੇ ਦੀ ਸਰਦਲ ਟੱਪੀ ਹੀ ਸੀ ਕਿ ਸੰਖ ਦੀ ਆਵਾਜ਼ ਸੁਣੀ। ਮੈਂ ਆਲੇ-ਦੁਆਲੇ ਝਾਕਣ ਲੱਗਾ।

ਲਗਦਾ ਘੋੜਿਆਂ ਦੇ ਬੁੜ੍ਹੇ ਦਾ ਭੋਗ ਪੈ ਗਿਆ!ਤਾਈ ਤਾਰੋ ਨੇ ਸਰਸਰੀ ਜਿਹੇ ਹੋਰਾਂ ਨੂੰ ਸੁਣਾ ਕੇ ਕਿਹਾ। ਉਹ ਦੋਵੇਂ ਭੈਣਾਂ ਸਾਡੇ ਘਰ ਦੀ ਗਲੀ ਦੇ ਮੋੜ ਉੱਤੇ ਹਾਲੇ ਵੀ ਖੜ੍ਹੀਆਂ ਸਨ।

ਓਹ ਬੀ ਪੈ ਗਿਆ ਹਊ ਪਰ ਸੰਖ ਤਾਂ ਅਈਧਰ ਬੋਲਦਾ! ਔਹ ਦੇਖੋ ਨਾਂਗਿਆਂ ਦੇ ਘਰ ਕੋਲ ਰਾਮ ਗਊਆਂ ਆਲੇ ਸੰਖ ਵਜਾਉਂਦੇ ਆਉਂਦੇ ਆ!ਤਾਈ ਪ੍ਰਗਾਸ਼ੋ ਨੇ ਆਪਣਾ ਮੂੰਹ ਦੱਖਣ ਵਲ ਘੁਮਾ ਕੇ ਸੱਜਾ ਹੱਥ ਅਗਾਂਹ ਨੂੰ ਫੈਲਾਅ ਕੇ ਦੱਸਿਆ।

ਹੋਰ ਨਿਆਣੇ ਤੇ ਮੈਂ ਗਊਆਂ ਵਲ ਨੂੰ ਦੁੜੰਗੇ ਮਾਰਦੇ ਦੌੜ ਗਏ ਜਿਨ੍ਹਾਂ ਦੇ ਸਿੰਗ ਮੋਹਰਿਓਂ ਬਹੁਤ ਹੀ ਪਤਲੇ-ਲੰਮੇ ਅਤੇ ਮੁੱਢ ਤਕ ਲਿਸ਼ਕਾਂ ਮਾਰ ਰਹੇ ਸਨ। ਨਿਰੇ ਸੰਗਮਰਮਰ ਵਰਗੇ। ਕਈ ਗਊਆਂ ਦੇ ਸਿੰਗਾਂ ਦੇ ਸਿਰਿਆਂ ਉੱਤੇ ਪਿੱਤਲ ਦੀਆਂ ਫੁੱਲਦਾਰ ਬੂਬੀਆਂ ਚੜ੍ਹਾਈਆਂ ਹੋਈਆਂ ਸਨ। ਹੌਲੀ-ਹੌਲੀ ਇਹ ਵੱਗ ਸਾਡੇ ਘਰਾਂ ਵਲ ਨੂੰ ਤੁਰਦਾ ਆ ਰਿਹਾ ਸੀ। ਅਜਿਹੀਆਂ ਨਿਰਾਲੀਆਂ ਗਊਆਂ ਸਾਲ ਵਿਚ ਦੋ-ਤਿੰਨ ਵਾਰ ਦੇਖਣ ਵਿੱਚ ਆਉਂਦੀਆਂ। ਪੱਚੀ-ਤੀਹ, ਪੈਂਤੀ ਦੀ ਗਿਣਤੀ ਤੱਕ ਦੀਆਂ ਇਨ੍ਹਾਂ ਗਊਆਂ ਦੇ ਰੰਗ ਚਿੱਟੇ ਹੁੰਦੇ। ਕਿਸੇ ਕਿਸੇ ਦਾ ਰੰਗ ਲਾਖਾ ਜਾਂ ਕਾਲਾ ਹੁੰਦਾ ਜਿਸ ਨੂੰ ਉਹ ਕਪਲਾ-ਗਊ ਕਹਿੰਦੇ। ਲੋਕ ਇਸ ਵੱਗ ਮੋਹਰੇ ਕੜਬ, ਹਰੇ ਜਾਂ ਸੁੱਕੇ ਬਾਜਰੇ-ਚਰ੍ਹੀ ਦੇ ਕਲਾਵੇ ਭਰ-ਭਰ ਪਾਉਂਦੇ ਜਾਂ ਫਿਰ ਇਨ੍ਹਾਂ ਦੇ ਅੱਗੇ ਪੂਰੇ ਦੇ ਪੂਰੇ ਪੂਲੇ-ਭਰੀਆਂ ਲਿਆ ਕੇ ਸੁੱਟਦੇ। ਉਹ ਪੱਤੇ ਖਾਂਦੀਆਂ ਤੇ ਟਾਂਡਿਆਂ ਦੇ ਡੰਡਲ ਜਿਹੇ ਛੱਡ ਕੇ ਫਿਰ ਹੋਰਾਂ ਨੂੰ ਮੂੰਹ ਮਾਰਨ ਲੱਗ ਪੈਂਦੀਆਂ। ਨਿੱਕੇ ਨਿੱਕੇ ਵੱਛੀਆਂ-ਵੱਛੇ ਆਪਣੀਆਂ ਮਾਵਾਂ ਦੇ ਚੱਡਿਆਂ ਵਿਚ ਆਪਣੀਆਂ ਬੂਥੀਆਂ ਵਾੜਦੇ। ਕਈ ਦੁੱਧ ਚੁੰਘ ਲੈਣ ਦਿੰਦੀਆਂ ਤੇ ਕਈ ਛੜਾਂ ਮਾਰਦੀਆਂ ਅਗਾਂਹ ਤੁਰ ਪੈਂਦੀਆਂ। ਇਹ ਤਮਾਸ਼ਾ ਦੇਖਦਿਆਂ ਮੇਰਾ ਮਨ ਖ਼ੁਸ਼ੀ ਭਰਿਆ ਦਰਿਆ ਬਣ ਕੇ ਵਹਿਣ ਲੱਗ ਪੈਂਦਾ। ਜਦੋਂ ਗਊਆਂ-ਵੱਛੀਆਂ ਬਾਰੇ ਮੈਂ ਹੁੱਬ ਕੇ ਆਪਣੀ ਹੁਸ਼ਿਆਰੀ ਦੱਸਣ ਦੀ ਰੌਂਅ ਵਿਚ ਘਰ ਵਲ ਅਹੁਲਿਆ ਤਾਂ ਭਾਈਏ ਦੀ ਆਖੀ ਗੱਲ ਚਾਣਚੱਕ ਚੇਤੇ ਆਈ:

ਵੱਛਾ ਚੁੰਘੇ ਗਊ ਨੂੰ ਕਦੇ ਨਾ ਦੱਸੀਏ!
ਆਪ ਗੱਲ ਕਰ ਕੇ ਕਦੇ ਨਾ ਹੱਸੀਏ!

ਏਨੇ ਨੂੰ ਭਾਈਏ ਨੇ ਪੱਠਿਆਂ ਦੀ ਪੰਡ ਵਗਾਹ ਕੇ ਵਿਹੜੇ ਦੇ ਇਕ ਖੂੰਜੇ ਵਿਚ ਸੁੱਟੀ ਜਿਸ ਨਾਲ ਧੂੜ ਦਾ ਇਕ ਹਲਕਾ ਜਿਹਾ ਬੱਦਲ ਨੁਮਾ ਗ਼ੁਬਾਰ ਖਲਾਅ ਵਿਚ ਉੱਠਿਆ। ਮੈਂ ਦੌੜ ਕੇ ਘਰੋਂ ਗਊਆਂ-ਵੱਛੀਆਂ ਵਾਸਤੇ ਲੈਰੇ ਤੇ ਹਰੇ ਪੱਠੇ ਲੈਣ ਗਿਆ। ਭਾਈਏ ਦਾ ਝੱਗਾ ਮੁੜ੍ਹਕੇ ਨਾਲ ਭਿੱਜਾ ਹੋਇਆ ਸੀ ਤੇ ਉਹ ਸਿਰ ਤੋਂ ਪਰਨਾ ਲਾਹ ਕੇ ਮੂੰਹ ਤੇ ਗਲ ਦੁਆਲੇ ਫੇਰ ਰਿਹਾ ਸੀ। ਮੈਂ ਪੰਡ ਵਲ ਗਿਆ। ਭਾਈਆ ਮੈਨੂੰ ਉੱਖੜੀ ਕੁਹਾੜੀ ਵਾਂਗ ਪਿਆ, ‘ਖ਼ਬਰਦਾਰ ਜੇ ਪੱਠਿਆਂ ਦਾ ਰੁੱਗ ਵੀ ਚੱਕਿਆ ਤਾਂ - ਏਸ ਬੇਹਲੜ ਟੋਲੇ ਨੇ ਤਾਂ ਧੰਦਾ ਬਣਾਇਆ ਆ - ਵਾਲ ਚੋਪੜ ਲਏ - ਮੱਥੇ ’ਤੇ ਗੇਰੂਏ ਰੰਗ ਦੀਆਂ ਤਿੰਨ ਕੁ ਲੀਕਾਂ ਲੰਮੇ ਦਾਅ ਜਾਂ ਖੜ੍ਹੇ ਦਾਅ ਮਾਰ ਲਈਆਂ ਤੇ ਨਿੱਕਲ ਪਏ ਜਲੰਧਰ ਦੀ ਗਊਸ਼ਾਲਾ ਵਿੱਚੋਂ ਬੱਗ ਲੈ ਕੇ। ਕੋਈ ਪੁੱਛਣ ਆਲਾ ਹੋਬੇ ਪਈ ਰਾਮ ਗਾਮਾਂ ਚਾਰਦਾ ਸੀ? ਉਮਰ ਤਾਂ ਉਹਨੇ ਜੰਗਲਾਂ ਵਿੱਚ ਗਾਲ ਲਈ ਤੇ ਅਖੀਰ ਤੀਮੀ ਖਾਤਰ ਲੜਦਾ-ਭਿੜਦਾ ਰਿਹਾ

ਬੱਸ ਦੋ ਕੁ ਮੁੱਠਾਂ ਔਹ ਗਾਂ ਨੂੰ ਪਾਉਣੀਆਂ ਜਿਹਦੀ ਢੁੱਠ ਉੱਤੇ ਪੰਜਮੀ ਲੱਤ ਉੱਗੀਊ ਆ।’ ਮੈਂ ਭਾਈਏ ਦਾ ਤਰਲਾ ਕੀਤਾ ਤੇ ਨਾਲ ਹੀ ਉਸ ਲੱਤ ਨੂੰ ਨਿਹਾਰਦਾ ਰਿਹਾ ਜੋ ਗਾਂ ਦੀ ਪਿੱਠ ਉੱਤੇ ਇੱਧਰ ਤੇ ਕਦੀ ਉੱਧਰ ਲਮਕ ਜਾਂਦੀ ਸੀ।

ਇਸ ਲਾਣੇ ਨੇ ਇਨ੍ਹਾਂ ਗੱਲਾਂ ਦਾ ਤਾਂ ਢੌਂਗ ਰਚਾਇਆ ਹੋਇਆ ਮੰਗ-ਖਾਣ ਨੂੰ। ਜੇ ਰਾਮ ਦੀਆਂ ਗਊਆਂ ਤਾਂ ਫਿਰ ਉਹਨੇ ਕਿਸੇ ’ਤੇ ਜੀਭ ਅਰਗਾ ਲਮਕਦਾ ਮਾਸ ਜਾਂ ਪੰਜਮੀ ਲੱਤ ਕਿਉਂ ਲਾਈਊ ਆ?’ ਦੱਸੇ ਤਾਂ ਕੋਈ?’ ਭਾਈਆ ਜਿਵੇਂ ਕੋਈ ਬਹੁਤ ਵੱਡਾ ਰਹੱਸ ਪੇਸ਼ ਕਰ ਰਿਹਾ ਸੀ ਜਿਸ ਵਿੱਚੋਂ ਇਕ ਵੰਗਾਰ ਭਰਿਆ ਸਵਾਲ ਝਲਕਦਾ ਸੀ।

ਸਾਰਾ ਮੁਲਖ ਗਾਂ ਨੂੰ ਮਾਂ ਕਰ ਕੇ ਪੂਜਦਾ ਤੇ ਤੂੰ ਇਸ ਬਲੂਰ ਨੂੰ ਉਲਟੇ ਪਹਾੜੇ ਪੜ੍ਹਾਉਣ ਡਿਹਾ ਆਂ।’ ਮਾਂ ਨੇ ਦਲਾਨ ਵਿੱਚੋਂ ਆਉਂਦਿਆਂ ਆਟੇ ਲਿੱਬੜੇ ਹੱਥ ਝਾੜਦਿਆਂ ਆਖਿਆ। ਮੈਨੂੰ ਲੱਗਿਆ ਕਿ ਆਟਾ ਗੁੰਨ੍ਹਦੀ ਮਾਂ ਨੇ ਸਾਡੀ ਸਾਰੀ ਗੱਲਬਾਤ ਸੁਣ ਲਈ ਸੀ।

ਤਈਨੂੰ ਕੀ ਪਤਾ ਇਨ੍ਹਾਂ ਦੀਆਂ ਚੋਰੀਆਂ-ਚਲਾਕੀਆਂ ਦਾ! ਲਾਹੌਰੀ ਰਾਮ ਬਾਲੀ ਨੇ ਭੋਗਪੁਰ-ਆਦਮਪੁਰ ਦੇ ਜਲਸਿਆਂ ਵਿੱਚ ਦੱਸਿਆ ਸੀ ਪਈ ਸਾਰੇ ਬਾਹਮਣ ਪਈਲਾਂ ਗਊਆਂ-ਵੱਛੀਆਂ ਦਾ ਮਾਸ ਖਾਂਦੇ ਹੁੰਦੇ ਸੀ। ਕਹਿੰਦੇ ਸੀ ਪਈ ਹਿੰਦੂਆਂ ਦੇ ਗਰੰਥਾਂ ਵਿੱਚ ਲਿਖਿਆ ਹੋਇਆ ਕਿ ਸਰਾਧ ਵਿੱਚ ਬਾਹਮਣ ਨੂੰ ਗਾਂ ਦਾ ਮਾਸ ਖਲਾਉਣ ਨਾਲ ਜਾਦਾ ਪੁੰਨ ਲਗਦਾ।’ ਭਾਈਆ ਸੁਣੀਆਂ ਗੱਲਾਂ ਨੂੰ ਸੁਣਾਉਂਦਾ ਕਿਸੇ ਗਿਆਨੀ ਤੋਂ ਘੱਟ ਨਹੀਂ ਸੀ ਲਗਦਾ। ਉਸ ਨੇ ਥੋੜ੍ਹਾ ਜਿਹਾ ਹੱਸ ਕੇ ਫਿਰ ਕਿਹਾ, ‘ਹੋਰ ਸੁਣ ਲਾ, ਕਹਿੰਦੇ ਸੀ ਪਈ ਗਰੰਥਾਂ ਵਿੱਚ ਇਹ ਬੀ ਲਿਖਿਆ ਹੋਇਆ, ਸਰਾਧ ਵਿੱਚ ਜਿਹੜਾ ਆਦਮੀ ਮਾਸ ਨਈਂ ਖਾਂਦਾ, ਉਹ ਮਰਨ ਤੋਂ ਬਾਅਦ ਇੱਕੀ ਜਨਮਾਂ ਤਕ ਪਸੂ ਬਣਦਾ ਰਈਂਦਾ ਆ!'

ਤੇਰੀ ਮੱਤ ਤਾਂ ਮਾਰੀਊ ਈਆ, ਕਿਤੇ ਮੁੰਡਿਆਂ ਦੀ ਬੁੱਧੀ ਨਾ ਭ੍ਰਿਸ਼ਟ ਕਰ ਦਈਂ! ਗੋਕਾ ਦੁੱਧ ਤਾਂ ਨਿਆਮਤ ਆ - ਛੱਤੀ ਪਦਾਰਥ ਬਣਦੇ ਆ ਏਹਤੋਂ। ਏਸੇ ਕਰ ਕੇ ਨਹੰਗ ਟਾਂਡੇ ਮੰਡੀ ਵਿੱਚ ਗਾਮਾਂ ਦੇ ਰੱਸੇ ਬੱਢ ਕੇ ਉਨ੍ਹਾਂ ਨੂੰ ਨਠਾ ਦਿੰਦੇ ਆ ਪਈ ਕਿਤੇ ਬੁੱਚੜ ਖਰੀਦ ਕੇ ਨਾ ਲੈ ਜਾਣ।’ ਮਾਂ ਨੇ ਥੋੜ੍ਹਾ ਤੱਤੀ ਹੋ ਕੇ ਫਿਰ ਆਖਿਆ, ‘ਕਿਉਂ ਅਨਰਥ ਕਰੀ ਜਾਨਾਂ? ਪੁੰਨ-ਪਾਪ ਕਰ ਕੇ ਈ ਜਮੀਨ-ਅਸਮਾਨ ਬੱਝਾ ਆ।’

ਬਾਹਮਣਾਂ ਨੂੰ ਦਾਨ ਕਰ ਕੇ? ਇਸ ਮੰਗ ਖਾਣੀ ਕੌਮ ਨੇ ਕਦੀ ਹੱਥੀਂ ਕੰਮ ਨਈਂ ਕੀਤਾ - ਜਿਨ੍ਹਾਂ ਦੇ ਸਿਰ ’ਤੇ ਮਉਜਾਂ ਲੁੱਟਦੇ ਆ - ਉਨ੍ਹਾਂ ਨੂੰ ਕਦੀ ਨੇੜੇ ਨਈਂ ਢੁੱਕਣ ਦਿੱਤਾ। ਮੈਂ ਕਦੋਂ ਕਈਨਾ ਪਈ ਗਾਮਾਂ ਸਾਡੀਆਂ ਮਾਮਾਂ ਨਈਂ, ਸਾਰਾ ਟੱਬਰ ਇਨ੍ਹਾਂ ਦੇ ਸਿਰ ’ਤੇ ਪਲਦਾ।’ ਭਾਈਆ ਲਗਾਤਾਰ ਬੋਲੀ ਜਾ ਰਿਹਾ ਸੀ। ਮੈਂ ਹੈਰਾਨ ਸੀ ਕਿ ਭਾਈਏ ਨੂੰ ਬੇਸ਼ੁਮਾਰ ਗੱਲਾਂ ਦਾ ਪਤਾ ਹੈ ਜੋ ਉਹਦੇ ਦਿਲ ਵਿਚ ਸੂਲਾਂ ਵਾਂਗ ਖੁੱਭੀਆਂ ਹੋਈਆਂ ਹਨ। ਇਨ੍ਹਾਂ ਕਰ ਕੇ ਉਹਦਾ ਮੂੰਹ ਕਈ ਵਾਰ ਉੱਤਰ ਜਿਹਾ ਜਾਂਦਾ ਹੈ।

ਸਾਡੇ ਕੋਲੋਂ ਉਨ੍ਹੀਂ ਕਦੀ ਦਾਨ-ਦਕਸ਼ਣਾ ਮੰਗਿਆ?’ ਆਪਣੇ ਕੋਲੋਂ ਕਿੱਸੇ ਜੋੜਦਾ ਰਈਨਾ।’

ਸਾਡੇ ਪੱਲੇ ਕੀ ਆ? ਜੂੰਆਂ? ਹੋਰ ਨਈਂ ਤਾਂ ਗਾਮਾਂ ਨੂੰ ਪੱਠਾ-ਦੱਥਾ ਈ ਚਰਾ ਲਜਾਂਦੇ ਆ।’

ਐਮੀਂ ਨਾ ਕੁਫਰ ਤੋਲੀ ਜਾ ...। ਮੁੰਡਾ ਖਹਿੜੇ ਪਿਆ ਆ, ਦੋ ਰੁੱਗ ਪੱਠਿਆਂ ਦੇ ਗਾਮਾਂ ਨੂੰ ਪਾ ਦਊ ਤਾਂ ਕੀ ਫਰਕ ਪੈ ਚੱਲਾ?’ ਮਾਂ ਨੇ ਮੇਰੇ ਲੱਥੇ ਜਿਹੇ ਮੂੰਹ ਵਲ ਦੇਖਦਿਆਂ ਆਖਿਆ ਪਰ ਭਾਈਆ ਹਵਾ ਭਰ ਵੀ ਆਪਣੀ ਦਲੀਲਬਾਜ਼ੀ ਤੋਂ ਇੱਧਰ-ਉੱਧਰ ਨਹੀਂ ਹੋ ਰਿਹਾ ਸੀ।

ਬੰਦਿਆਂ ਨੂੰ ਜਾਤਾਂ ਵਿੱਚ ਵੰਡ ਕੇ ਕੁਫਰ ਇਹ ਮਕਾਰ ਤੋਲਦੇ ਆ। ਭਲਾ ਬੰਦਿਆਂ ਦੀ ਬੀ ਕੋਈ ਜਾਤ ਹੁੰਦੀ ਆ। ਇਹ ਪਸੂਆਂ-ਪੱਥਰਾਂ ਨੂੰ ਪੂਜਦੇ ਆ, ਸਾਨੂੰ ਇਨ੍ਹਾਂ ਤੋਂ ਬੀ ਗਏ-ਗੁਜਰੇ ਸਮਝਦੇ ਆ - ਅਖੇ ਪਰੇ ਰਹੋ, ਭਿੱਟ ਹੋ ਜਾਮਾਂਗੇ। ਕੋਈ ਪੁੱਛਣ ਆਲਾ ਹੋਬੇ ਪਈ ਧੁਆਡੇ ਅੰਗ ਸਾਡੇ ਨਾਲੋਂ ਜਾਦਾ ਲੱਗਿਓ ਆ?’ ਭਾਈਏ ਦਾ ਮੁੜ੍ਹਕਾ ਅਜੇ ਨਾ ਸੁੱਕਾ ਸੀ ਤੇ ਨਾ ਮੁੱਕਾ ਸੀ। ਓਧਰ ਇਨ੍ਹਾਂ ਗੱਲਾਂ ਨਾਲ ਮੇਰੇ ਦਿਲ ’ਤੇ ਆਰੀ ਜਿਹੀ ਫਿਰਨ ਲੱਗ ਪਈ। ਮਨ-ਮਸਤਕ ਵਿਚ ਕਈ ਗੱਲਾਂ ਇਉਂ ਸਮਾ ਗਈਆਂ ਜਿਵੇਂ ਪਿੰਡ ਦੇ ਲਹਿੰਦੇ ਬੰਨੇ ਟਿੱਬੇ ਦੀ ਰੇਤਾ ਵਿਚ ਪਾਣੀ ਜਜ਼ਬ ਹੁੰਦਾ ਦੇਖਿਆ ਸੀ।

ਲੱਗਿਓ ਈ ਆ! ਗੁਰਦਾਸ ਹੁਰਾਂ ਦੀ ਜਗ੍ਹਾ ’ਤੇ ਸ਼ੀਸ਼ੇ ਵਿੱਚ ਮੜ੍ਹਾ ਕੇ ਰੱਖੀਆਂ ਮੂਰਤਾਂ ਦੇਖ ਕਿਸੇ ਵੇਲੇ। ਸ਼ਿਬ ਦੀਆਂ ਚਾਰ ਬਾਹਾਂ, ਇਕ ਮਾਤਾ ਦੀਆਂ ਚਾਰ ਬਾਹਾਂ, ਇਕ ਦੀਆਂ ਛੇ ਬਾਹਾਂ, ਗਣੇਸ਼ ਦੀ ਧੜ ’ਤੇ ਹਾਥੀ ਦਾ ਸਿਰ ਆ। ਨਰ ਸਿੰਹ ਦਾ ਬੀ ਕੁਛ ਹੈਗਾ ... ਮੈਂ ਤਾਂ ਕਹਿੰਨੀ ਆਂ ਪਈ ਜੇ ਤਈਨੂੰ ਪਤਾ ਨਈਂ ਹੁੰਦਾ ਤਾਂ ਦੂਏ ਦੀ ਨਿੰਦਿਆ ਨਾ ਕਰਿਆ ਕਰ!ਮਾਂ ਨੇ ਭਾਈਏ ਨੂੰ ਸਮਝਾਉਣ ਲਈ ਜਿਵੇਂ ਇਕ ਹੋਰ ਉਪਰਾਲਾ ਕੀਤਾ ਹੋਵੇ।

ਬਾਹਮਣਾਂ ਦੇ ਰਚੇ ਪਰਪੰਚ ’ਤੇ ਕਿਹੜਾ ਕੋਈ ਅਤਬਾਰ ਕਰਦਾ? ਅਖੇ ਬਾਲਮੀਕ ਨੇ ਕੁਛ ਨੂੰ ਕੱਖਾਂ ਤੋਂ ਪੈਦਾ ਕਰ ਤਾ - ਅੰਜਨੀ ਦੇ ਕੰਨ ਵਿੱਚ ਮਾਰੀ ਫੂਕ ਨਾ ਹਨੂਮਾਨ ਪੈਦਾ ਹੋ ਗਿਆ। ਅਸ਼ਟਭੁਜੀ ਜਨਾਨੀ ਅਜੇ ਤਾਈਂ ਤਾਂ ਧਰਤੀ ’ਤੇ ਹੋਈ ਨਈਂ - ਨਾਲੇ ਚਾਰ ਲੱਤਾਂ ਵਾਲੀ ਜਨਾਨੀ ਹੁੰਦੀ ਤਾਂ ਮੈਂ ਫੇ ਮੰਨਦਾ ਪਈ ਹਨੂੰਮਾਨ ਵਰਗੇ ਉਦੋਂ ਕੰਨ ਵਿੱਚ ਫੂਕ ਮਾਰਨ ਨਾਲ ਜੰਮ ਪਈਂਦੇ ਹੋਣਗੇਹੁਣ ਤੂੰ ਮਈਨੂੰ ਦੱਸ ਪਈ ਸਾਡੇ ਗੁੱਡ-ਬਿਰਜੂ ਕਿੱਦਾਂ ਜੰਮੇ ਸੀ? ਸੋ, ਕੁਦਰਤ ਦੇ ਬਰਖਲਾਫ਼ ਕੋਈ ਬੰਦਾ ਕੰਮ ਨਈਂ ਕਰ ਸਕਦਾ! ਆਈ ਸਮਝ?’ ਮੈਨੂੰ ਲੱਗਿਆ ਕਿ ਭਾਈਆ ਪੱਠਿਆਂ ਦੀ ਪੰਡ ਖੋਲ੍ਹਣ ਦੇ ਨਾਲ-ਨਾਲ ਕਈ ਭੇਤਾਂ ਤੇ ਆਪਣੀਆਂ ਦਲੀਲਾਂ ਦੀਆਂ ਪੰਡਾਂ ਦੀਆਂ ਗੰਢਾਂ ਖੋਲ੍ਹ ਰਿਹਾ ਹੋਵੇ।

ਤੇਰੇ ਨਈਂ ਇਹ ਝੇੜੇ ਮੁੱਕਣੇ! ਸਾਨੂੰ ਹੋਰ ਬਥੇਰੇ ਕੰਮ ਆ!ਮਾਂ ਨੇ ਖਹਿੜਾ ਛੁਡਾਉਣ ਲਈ ਜਿਵੇਂ ਇਸ ਸਭ ਕਾਸੇ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ।

ਹੋਰ ਸੁਣ ਜਾ, ਨਈਂ ਤਸੱਲੀ ਹੋਈ ਤਾਂ ...। ਨਾਲੇ ਇਸ ਬਦਨੀਤੇ ਨੂੰ ਬੀ ਸਮਝਾਇਆ ਕਰ ਜਿਹੜਾ ਕੰਮ ਤੋਂ ਟਿੱਭਦਾ ਰਈਂਦਾ - ਇਹਦੇ ਜਿੱਡੇ ਨਿਆਣੇ ਦੌੜ-ਦੌੜ ਕੰਮ ਕਰਦੇ ਆ, ਤੇ ਇਹ ਮਾਮਾ ਫੁਰਨ-ਚੱਕੀ ਆਂਙੂੰ ਅਈਧਰ ਕਦੀ ਅਉਧਰ ਘੁੰਮਦਾ ਰਈਂਦਾ। ਘੋੜੇ ਜਿੱਡਾ ਹੋ ਗਿਆ ਡੱਕਾ ਭੰਨ ਕੇ ਦੋਹਰਾ ਨਈਂ ਕਰਦਾ। ਹੋਰ ਪੰਜਾਂ-ਚਹੁੰ ਮਹੀਨਿਆਂ ਨੂੰ ਚਉਥੀ ਵਿੱਚ ਹੋਣ ਆਲਾ ਇਹ ਬੁਰਸ਼ਾ - ਬਧ ਕੇ ਗੁਆਈ ਜਾਂਦਾ। ਬੜਾ (ਮੇਰਾ ਭਰਾ) ਦੇਖ ਤਾਂ ਤੇਰੇ ਨਾ ਬਖਸ਼ੋ ਦੇ ਗੂਹਾ-ਕੂੜਾ ਕਰਾਉਣ ਜਾਂਦਾ - ਬਾਲਣ ਲਿਆਉਂਦਾ - ਪੱਠਿਆਂ ਨੂੰ ਜਾਂਦਾ ਤੇ ਇਹ ਸਾਰਾ ਦਿਨ ਕੰਨ ਲਾ ਕੇ ਕਦੇ ਕਿਸੇ ਦੀਆਂ ਗੱਲਾਂ ਸੁਣਦਾ - ਕਦੇ ਕਿਸੇ ਦੀਆਂ। ਮੈਂ ਪੁੱਛਦਾਂ ਪਈ ਇਹ ਗੱਲਾਂ ਦਾ ਖੱਟਿਆ ਖਾਇਆ ਕਰੂ?’ ਭਾਈਆ ਅਚਾਨਕ ਕਚੀਚੀਆਂ ਵੱਟਦਾ ਤੇ ਝਈਆਂ ਲੈ-ਲੈ ਪੈਂਦਾ ਮੇਰੇ ਦੁਆਲੇ ਹੋ ਗਿਆ। ਪਿਛਲੇ ਦਿਨੀਂ ਚਾੜ੍ਹਿਆ ਕੁਟਾਪਾ ਚੇਤੇ ਕਰਦਿਆਂ ਮੈਂ ਡਰਦਾ ਕੰਬ ਜਿਹਾ ਗਿਆ।

ਅਜੇ ਫੁੱਲ-ਭਰ ਮੁੰਡਾ - ਕਿਉਂ ਇਹਦੇ ਪੇਸ਼ ਪੈ ਗਿਆਂ। ਇਸ ਨਦਾਨ ਦੇ ਖੇਲ੍ਹਣ ਦੇ ਦਿਨ ਆ, ਚਾਰ ਦਿਨ ਖੇਲ੍ਹ ਲਬੇ, ਫੇ ਸਾਡੇ ਆਂਙੂੰ ਸਾਰੀ ਉਮਰ ਏਹੋ ਈ ਭੱਠ ਝੋਕਣਾ!ਮਾਂ ਦੇ ਇਨ੍ਹਾਂ ਬੋਲਾਂ ਨਾਲ ਮੇਰਾ ਤਨ-ਮਨ ਖ਼ੁਸ਼ੀ ਵਿਚ ਜਿਵੇਂ ਖਿੜ ਜਿਹਾ ਗਿਆ। ਮੈਂ ਮਨ ਹੀ ਮਨ ਲੁੱਡੀਆਂ ਪਾਉਣ ਲੱਗ ਪਿਆ।

ਭਾਈਏ ਦੇ ਚਿੱਤ ਵਿੱਚ ਪਤਾ ਨਹੀਂ ਰਹਿਮ ਆਇਆ ਜਾਂ ਬੇਰਹਿਮੀ ਤੇ ਮੇਰੇ ਵਲ ਘੂਰੀ ਵੱਟਦਿਆਂ ਕਹਿਣ ਲੱਗਾ, ‘ਕਰ ਲਾ ਪੁੱਤ ਸਾਡੇ ਸਿਰ ’ਤੇ ਐਸ਼ਾਂ - ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਮੰਗਦੀ ਰਹੂ?

ਐਸ਼ਾਂਲਫ਼ਜ਼ ਸੁਣ ਕੇ ਮੈਂ ਹੱਕਾ-ਬੱਕਾ ਰਹਿ ਗਿਆ। ਮੇਰੇ ਮਨ ਵਿਚ ਮੇਰੇ ਨਿੱਤ ਦੇ ਕੰਮਾਂ ਦਾ ਵੇਰਵਾ ਇਕ ਝਲਕਾਰੇ ਵਾਂਗ ਅੱਖਾਂ ਸਾਹਮਣਿਓਂ ਲੰਘ ਗਿਆ। ਮੈਂ ਆਪਣੇ ਆਪ ਨੂੰ ਕਦੀ ਪਿੰਡ ਦੀ ਕਿਸੇ ਨੁੱਕਰੋਂ ਮੈਲ ਦੀਆਂ ਬਾਲਟੀਆਂ ਢੋਂਦਾ, ਕਦੀ ਬਾਲਣ ਲਈ ਖੋਰੀ, ਰਾਹਾਂ ਵਿੱਚੋਂ ਗੰਨਿਆਂ ਦੇ ਛਿੱਲੜ, ਟਾਹਲੀਆਂ ਦੇ ਪੱਤੇ ਹੂੰਝਦਾ, ਮੱਕੀ ਗੁੱਡਦੇ ਭਾਈਏ ਹੁਰਾਂ ਲਈ ਲੱਸੀ ਚਾਹ-ਪਾਣੀ ਲਿਜਾਂਦਾ, ਪਸੂਆਂ ਨੂੰ ਪਾਣੀ ਡਾਹੁੰਦਾ ਤੇ ਹੱਟੀ-ਭੱਠੀ ਜਾਂਦਾ ਦਿਸਿਆ। ਪਰ ਇਹ ਸੋਚ-ਸਿਲਸਿਲਾ ਸੰਖ ਦੀ ਫਿਰ ਸੁਣੀ ਆਵਾਜ਼ ਨਾਲ ਭੰਗ ਹੋ ਗਿਆ।

ਮੈਂ ਖ਼ਾਲੀ ਹੱਥ ਹੋਰ ਮਢੀਰ ਨਾਲ ਗਊਆਂ ਦੇ ਪਿੱਛੇ-ਪਿੱਛੇ ਤੁਰ ਪਿਆ, ਜੋ ਅੱਗੇ ਢੱਡਿਆਂ ਦੇ ਰਾਹ ਪੈ ਗਈਆਂ। ਤੇ ਜਾਂਦੀਆਂ-ਜਾਂਦੀਆਂ ਇੰਦਰ ਸੁੰਹ ਦੇ ਵਗਦੇ ਖੂਹ ਦੇ ਖੁੱਲ੍ਹੇ ਚਲ੍ਹੇ ਤੇ ਆੜ ਵਿੱਚੋਂ ਪਾਣੀ ਪੀਣ ਲੱਗ ਪਈਆਂ। ਪਰ ਮੈਨੂੰ ਇੰਦਰ ਸੁੰਹ ਦਾ ਦਾਦੀ ਨੂੰ ਮੇਰੇ ਫੁੱਫੜ (ਗੁਲਜ਼ਾਰੀ ਲਾਲ) ਬਾਰੇ ਦਿੱਤਾ ਉਲਾਮਾ ਬਦੋਬਦੀ ਚੇਤੇ ਆ ਗਿਆ ਜੋ ਅੱਧ-ਵਿਚਾਲੇ ਟੁੱਟ ਗਿਆ ਕਿਉਂਕਿ ਓਧਰ ਧਿਆਨ ਹਾਕਾਂ ਮਾਰੀ ਜਾ ਰਿਹਾ ਸੀ। ਗਾਵਾਂ ਅੱਗੇ ਚਲੀਆਂ ਗਈਆਂ ਸਨ। ਮੈਂ ਕਾਹਲੀ ਕਾਹਲੀ ਉਨ੍ਹਾਂ ਨਾਲ ਜਾ ਰਲਿਆ। ਸੁੱਚਾ, ਧਿਆਨ, ਰਾਮਪਾਲ ਤੇ ਮੈਂ ਵਾਰੋ-ਵਾਰੀ ਬਿਜਲੀ ਦੇ ਨਵੇਂ-ਨਵੇਂ ਲੱਗੇ ਖੰਭੇ ਉੱਤੇ ਕੰਨ ਲਾ ਕੇ ਇਹ ਆਵਾਜ਼ ਸੁਣਨ ਲੱਗੇ ਤੇ ਇਕ-ਦੂਜੇ ਨੂੰ, ਦੱਸਦੇ, ‘ਹੁਣ ਮੋਟਰ ਤਾਂਹ ਚਲੀ ਗਈ - ਹੁਣ ਠਾਂਹ ਆ ਗਈ।’

ਇੰਨੇ ਨੂੰ ਗਊਆਂ ਦੂਰ ਜਾਂਦੀਆਂ ਹੋਈਆਂ ਅੱਖਾਂ ਤੋਂ ਉਹਲੇ ਹੋ ਗਈਆਂ ਤੇ ਅਸੀਂ ਘਰਾਂ ਨੂੰ ਪਰਤ ਪਏ। ਮੈਨੂੰ ਪਿਛਲੇ ਦਿਨਾਂ ਵਿਚ ਖੰਭੇ ਗੱਡੇ ਜਾਣ ਵੇਲੇ ਦਾ ਨਜ਼ਾਰਾ ਆਪ-ਮੁਹਾਰੇ ਦਿਸਣ-ਸੁਣਨ ਲੱਗ ਪਿਆ। ਬਿਜਲੀ ਮਹਿਕਮੇ ਦੇ ਪੰਦਰਾਂ-ਵੀਹ ਮੁਲਾਜ਼ਮਾਂ ਵਲੋਂ ਆਪਣੇ ਹੱਥਾਂ ਵਿਚ ਖੰਭੇ ਨੂੰ ਪਾਏ ਰੱਸੇ ਨੂੰ ਕੱਸ ਕੇ ਫੜਨ-ਖਿੱਚਣ ਸਦਕਾ ਉਨ੍ਹਾਂ ਦੇ ਡੌਲਿਆਂ ਦੀਆਂ ਮੱਛੀਆਂ ਸਰੀਰਕ ਮਜਬੂਤੀ ਦਾ ਚਿੰਨ੍ਹ ਲੱਗ ਰਹੀਆਂ ਸਨ। ਬਹੁਤੇ ਬੰਦਿਆਂ ਦੇ ਇਕ ਪਾਸੇ ਨੂੰ ਰੱਸਾ ਖਿੱਚਦਿਆਂ ਦੇ ਸਿਰ-ਧੜ ਅਗਾਂਹ ਨੂੰ ਤੇ ਲੱਤਾਂ ਪਿਛਾਂਹ ਨੂੰ ਤਣੇ ਹੋਏ ਸਨ। ਉਨ੍ਹਾਂ ਦੇ ਪੰਜੇ ਜਿਵੇਂ ਜ਼ਮੀਨ ਵਿਚ ਗੱਡੇ ਹੋਏ ਹੋਣ। ਹੌਲੀ-ਹੌਲੀ ਖੰਭਾ ਉਤਾਂਹ ਨੂੰ ਜਾਂਦਾ ਗਿਆ ਤੇ ਉਨ੍ਹਾਂ ਦਾ ਜ਼ੋਰ ਅੱਡੀਆਂ ਉੱਤੇ ਆ ਗਿਆ। ਧੜ ਪਿਛਾਂਹ ਨੂੰ ਤੇ ਲੱਤਾਂ ਅਗਾਂਹ ਨੂੰ ਹੋ ਗਈਆਂ। ਉਨ੍ਹਾਂ ਵਿੱਚੋਂ ਇਕ ਬੋਲੀ ਲਾਉਂਦਾ, ਬਾਕੀ ਪਿੱਛੇ ‘ਹਈਸ਼ਾ, ਹਈਸ਼ਾਕਹਿੰਦੇ। ਮੇਰੇ ਮਨ ਵਿਚ ਕੁਝ ਪੂਰੀਆਂ-ਅਧੂਰੀਆਂ ਬੋਲੀਆਂ ਮੈਨੂੰ ਫਿਰ ਸੁਣਨ ਲੱਗ ਪਈਆਂ:

ਵਿਚ ਜਲੰਧਰ ਮਾਡਲ ਟੌਨ ... ਹਈਸ਼ਾ!
ਦੋ-ਦੋ ਗੁੱਤਾਂ ਲੰਮੀ ਧੌਣ ... ਹਈਸ਼ਾ!
ਟੁੱਟੀ ਮੰਜੀ ਬਾਣ ਪੁਰਾਣਾ ... ਹਈਸ਼ਾ!
ਸੌਣ ਨਈਂ ਦਿੰਦਾ ਬਾਲ ਨਿਆਣਾ ... ਹਈਸ਼ਾ!
ਸੌਂ ਜਾ ਬੱਚਿਆ ਯਾਰ ਦੇ ਜਾਣਾ ... ਹਈਸ਼ਾ!
ਯਾਰ ਬਲਾਵੇ ਭੱਜੀ ਜਾਵੇ ... ਹਈਸ਼ਾ!
ਖਸਮ ਬਲਾਵੇ ਤੀੜੀਆਂ ਪਾਵੇ ... ਹਈਸ਼ਾ!
ਮਰ ਵੇ ਖਸਮਾ ਤੇਰੇ ਨਹੀਂ ਵਸਣਾ ... ਹਈਸ਼ਾ!
ਤੇਰੀ ਕਮਾਈ ਦਾ ਕੁਝ ਨਹੀਂ ਡਿੱਠਾ ... ਹਈਸ਼ਾ!
ਯਾਰ ਦੀ ਖੱਟੀ ਦੇ ਆਏ ਬੰਦ ... ਹਈਸ਼ਾ!
ਬੰਦਾਂ ਵਿੱਚੋਂ ਬੰਦ ਸੁਨਹਿਰੀ ... ਹਈਸ਼ਾ!
ਗੋਟਿਆਂ ਵਿੱਚੋਂ ਗੋਟਾ ਲਹਿਰੀ ... ਹਈਸ਼ਾ!

ਇਨ੍ਹਾਂ ਬੋਲੀਆਂ ਦੇ ਮਨ-ਕੰਨਾਂ ਵਿਚ ਵਾਰ-ਵਾਰ ਸੁਣਨ ਨਾਲ ਮੇਰੇ ਚਿੱਤ ਵਿਚ ਕਲਪਤ ਜਲੰਧਰ ਸ਼ਹਿਰ ਦਾ ‘ਮਾਡਲ ਟੌਨਉਸਰਿਆ। ਮੈਨੂੰ ਉੱਥੇ ਰੱਤੇ, ਦੁਰਗੇ ਤੇ ਲੰਬੜਾਂ ਦੇ ਚੁਬਾਰਿਆਂ ਵਰਗੀਆਂ ਵੱਡੀਆਂ-ਵੱਡੀਆਂ ਕੋਠੀਆਂ, ਮਹਿਲ-ਚੁਬਾਰੇ ਤੇ ਉਨ੍ਹਾਂ ਅੰਦਰ ਵਸਦੇ ਲੋਕ ਦਿਸੇ। ਫਿਰ ਮੈਨੂੰ ਲੱਗਿਆ ਕਿ ਦੋ ਗੁੱਤਾਂ ਵਾਲੀਆਂ ਕੁੜੀਆਂ ਉੱਥੇ ਰਹਿੰਦੇ ਲੋਕਾਂ ਦੀ ਸੱਭਿਆਚਾਰਕ ਅਗਾਂਹਵਧੂ-ਸੋਚ ਦਾ ਨਿਸ਼ਾਨ ਹੋਣਗੀਆਂ ਜਿਵੇਂ ਕਿ ਮੈਂ ਆਪਣੇ ਪਿੰਡ ਕਮਿਊਨਿਸਟਾਂ ਦੇ ਇਕ ਜਲਸੇ ਵਿਚ ਤਕਰੀਰਾਂ ਦੌਰਾਨ ਸੁਣਿਆ ਸੀ। ਫਿਰ ਮੇਰਾ ਖ਼ਿਆਲ ‘ਟੁੱਟੀ ਮੰਜੀ, ਬਾਣ ਪੁਰਾਣਾਤੋਂ ਗਰੀਬੀ-ਅਮੀਰੀ, ਰਹਿਣੀ-ਬਹਿਣੀ, ਪੜ੍ਹਾਈ-ਲਿਖਾਈ ਤੇ ਅਨਪੜ੍ਹਤਾ ਵਲ ਗਿਆ ਤੇ ਉਸ ਤੋਂ ਬਾਅਦ ‘ਤੀਵੀਂਵਲ। ਸਾਰੀਆਂ ਹੀ ਬੋਲੀਆਂ ਤੀਵੀਂਆਂ ਬਾਰੇ ...। ਕਦੀ ਗਰੀਬੀ ਤੀਵੀਂ ਵਿਚ ਬਦਲਦੀ ਦਿਸਦੀ ਤੇ ਕਦੀ ਤੀਵੀਂ ਗਰੀਬੀ ਵਿਚ। ਬਹੁਤੀਆਂ ਗੱਲਾਂ ਮੇਰੀ ਸਮਝ ਵਿੱਚ ਨਾ ਆਉਂਦੀਆਂ। ਮੈਂ ਸੋਚਦਾ ਕਿ ਬੋਲੀ ਵਿਚਲਾ ‘ਯਾਰਬਹੁਤ ਮਾਲਦਾਰ ਤੇ ਪਿੰਡ ਦੇ ਲੰਬੜਦਾਰ ਵਰਗਾ ਹੋਵੇਗਾ ਤੇ ‘ਤੇਰੀ ਕਮਾਈ ਦਾ ਕੁਛ ਨਈਂ ਡਿੱਠਾਵਿਚਲਾ ਮੇਰੇ ਭਾਈਏ ਵਰਗਾ ਕੋਈ ਖੇਤ-ਮਜ਼ਦੂਰ ਜਾਂ ਸੜਕ ’ਤੇ ਰੋੜੀ ਕੁੱਟਣ ਵਾਲਾ ਕਾਮਾ ਜਿਸ ਨੂੰ ਉਹਦੇ ਘਰਵਾਲੀ ਮਿਹਣੇ ਮਾਰਦੀ ਹੋਵੇਗੀ। ਭਾਈਏ ਦੀ ਪੂਰਾ ਦਿਨ ਸਖਤ ਮਿਹਨਤ ਦੇ ਬਾਵਜੂਦ ਉਹਦੀ ਬੇਬਸੀ ਤੇ ਮਜਬੂਰੀਆਂ ਦਾ ਸੋਚ ਕੇ ਮੇਰਾ ਤ੍ਰਾਹ ਨਿਕਲ ਜਾਂਦਾ।

ਮੇਰੀਆਂ ਇਨ੍ਹਾਂ ਸੋਚਾਂ-ਖ਼ਿਆਲਾਂ ਦੇ ਕਾਫ਼ਲੇ ਐਨ ਇਕਦਮ ਓਦਾਂ ਰੁਕੇ ਜਿੱਦਾਂ ਰੇਲ ਗੱਡੀ ਨੂੰ ਇਸ਼ਾਰਾ ਨਾ ਮਿਲਣ ਕਰ ਕੇ ਉਹ ਭੋਗਪੁਰ ’ਟੇਸ਼ਣ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਰੁਕ ਗਈ ਹੋਵੇ। ਇਸ ਲਈ ਕਿ ਰਾਹ ਤੋਂ ਥੋੜ੍ਹਾ ਹਟਵੇਂ ਸਾਡੀ ਬਿਰਾਦਰੀ ਦੇ ਸਿਵਿਆਂ ਵਿਚ ਬੈਂਹਕ ਅਮਲੀ ਆਪਣੀਆਂ ਬੱਕਰੀਆਂ ਦਾ ਇੱਜੜ ਚਾਰਦਾ ਗਾਉਂਦਾ ਸੁਣ ਪਿਆ ਸੀ-

ਦੁੱਧ ਬੱਕਰੀ ਦਾ ਚੋ ਕੇ
ਅਮਲੀ ਨੂੰ ਚਾਹ ਕਰ ਦੇ।’

ਬੈਂਹਕ ਨੂੰ ਕਈ ਜਣੇ ਬੋਕ ਕਹਿੰਦੇ ਕਿਉਂਕਿ ਉਹ ਬਹੁਤ ਉੱਚਾ, ਜੁਆਨ ਤੇ ਛੜਾ-ਮਲੰਗ ਸੀ। ਬਸ ਹੁੱਕਾ ਹੀ ਉਹਦਾ ਸੰਗੀ-ਸਾਥੀ ਸੀ ਜਿਸ ਨੂੰ ਉਹ ਹਿੱਕ ਨਾਲ ਲਾਈ ਰੱਖਦਾ। ਕਈ ਉਹਨੂੰ ਕਹਿੰਦੇ - ‘ਤੂੰ ਪਰਬਾਹ ਨਾ ਕਰ, ਜੱਟ ਦਾ ਇਕ ਪੁੱਤ ਬਿਆਹ ਹੋ ਗਿਆ ਤਾਂ ਸਮਝ ਲਾ ਪਈ ਸਾਰੇ ਪੁੱਤ ਬਿਆਹ ਹੋ ਗਏ। ਤੇਰਾ ਇਕ ਭਰਾ ਤਾਂ ਵਿਆਹਿਆ ਹੋਇਆ।’ ਉਹਨੂੰ ਛੇੜਦੇ ਪਰ ਉਹ ਅੱਗੋਂ ਹੱਸ ਛੱਡਦਾ।

ਇੱਜੜ ਵਰਗੀ ਸਾਡੀ ਮਢੀਰ ਬੈਂਹਕ-ਬੱਕਰੀਆਂ ਵਾਲੇ ਵਲ ਸਰਪੱਟ ਦੌੜ ਪਈ ਤੇ ਮੈਂ ਇਸ ਨਾਲੋਂ ਵਿਛੜ ਕੇ ਘਰ ਪਹੁੰਚ ਗਿਆ। ਮੈਂ ਹੁੱਬ ਕੇ ਭਾਈਏ ਨੂੰ ਬਿਜਲੀ ਦੇ ਖੰਭਿਆਂ ਬਾਰੇ ਦੱਸਣ ਲੱਗਾ। ਉਹ ਅੱਗੋਂ ਬੋਲਣ ਲੱਗ ਪਿਆ, ‘ਅਸੀਂ ਤਾਂ ਜਾਣਾਂਗੇ ਜੇ ਸਾਡੇ ਘਰਾਂ ਵਿੱਚੋਂ ਨ੍ਹੇਰਾ ਮੁੱਕੂ! ਇਹ ਸਾਰਾ ਕੁਛ ਅਮੀਰਾਂ ਲਈ ਆ! ਸਾਡੇ ਭਾ ਦੀ ਅਜਾਦੀ ਜੇਹੀ ਆਈ, ਜੇਹੀ ਅਜੇ ਨਾ ਆਈ। ਮੈਂ ਨਜੂਮੀ ਨਈਂ ਪਰ ਇਕ ਗੱਲ ਦੱਸ ਦਿੰਨਾ ਪਈ ਹੁਣ ਜੇ ਤੁਸੀਂ ਪੜ੍ਹ-ਲਿਖ ਗਏ ਤਾਂ ਘਾਹੀ ਦੇ ਪੁੱਤ ਨੇ ਘਾਹੀ ਨਈਂ ਰਹਿਣਾ! ਬਸ ਪੜ੍ਹ ਲਓ ਜਿੱਦਾਂ-ਕਿੱਦਾਂ, ਜਿਮੀਂਦਾਰਾਂ ਦੀ ਗੁਲਾਮੀ ਨਾ ਕਰਨੀ ਪਊ!’

ਮੈਨੂੰ ਭਾਈਏ ਦੀਆਂ ਕਈ ਗੱਲਾਂ ਸਮਝ ਆ ਜਾਂਦੀਆਂ ਤੇ ਕਈਆਂ ਨੂੰ ਮੁੜ-ਮੁੜ ਸੋਚ ਕੇ ਸਮਝਣ ਦਾ ਯਤਨ ਕਰਦਾ।

ਗੁੱਡ ਗੱਲ ਸੁਣੀ!ਮਾਂ ਨੇ ਮਲਕ ਦੇਣੀ ਆਵਾਜ਼ ਮਾਰੀ ਤੇ ਨਾਲ ਹੀ ਸੈਨਤ ਵੀ। ਫਿਰ ਮੈਨੂੰ ਸਮਝਾਉਂਦਿਆਂ ਆਖਿਆ, ‘ਅਸੀਂ ਤੇਰੇ ਭਾਈਏ ਨੂੰ ਸਬੇਰ ਆਲੀ ਗੱਲ ਨਈਂ ਦੱਸੀ - ਤੂੰਮ੍ਹੀਂ ਨਾ ਦੱਸੀਂ, ਨਈਂ ਤਾਂ ਏਨੇ ਭਬੱਕੜ ਵਾਂਙੂੰ ਟੱਪਣ ਲੱਗ ਪੈਣਾ!'

ਮੈਂ ਸਿਰ ਨਾਲ ‘ਠੀਕ ਆਦਾ ਭਰੋਸਾ ਦਿਵਾਇਆ। ਹੁਣ ਤੱਕ ਮਾਹੌਲ ਪਹਿਲਾਂ ਵਾਂਗ ਸ਼ਾਂਤ ਤੇ ਸਹਿਜ ਹੋ ਚੁੱਕਾ ਸੀ। ਇਉਂ ਲਗਦਾ ਸੀ ਜਿਵੇਂ ਦਾਦੀ ਨਾਲ ਕੋਈ ਗੱਲ ਹੀ ਨਾ ਹੋਈ ਹੋਵੇ। ਪਰ ਮੇਰੇ ਮਨ ਦੇ ਕਿਸੇ ਕੋਨੇ ਵਿਚ ਇਸ ਘਟਨਾ ਨੇ ਇਕ ਪੱਕਾ ਟਿਕਾਣਾ ਬਣਾ ਲਿਆ। ਉੱਡਦੇ ਪੰਛੀ ਦੇ ਸੀਨੇ ਵਿਚ ਜਿਵੇਂ ਤੀਰ ਆਰ-ਪਾਰ ਹੋ ਗਿਆ ਸੀ ਤੇ ਉਹ ਬੇਪਰਾ ਜਿਹਾ ਹੋਇਆ ਡਿੰਗੂ-ਡਿੰਗੂ ਕਰਦਾ ਜਾਪਦਾ ਸੀ। ਮੇਰੀਆਂ ਇਨ੍ਹਾਂ ਸੋਚਾਂ ਦਾ ਪ੍ਰਵਾਹ ਧਿਆਨ ਵਲੋਂ ਮਾਰੀ ਹਾਕ ਨਾਲ ਟੁੱਟਿਆ, ‘ਗੁੱਡ ਆ ਜਾ ਮੁਰਮਰੇ ਭੁਨਾਉਣ ਚਲੀਏ!'

ਮੈ ਝੱਗੇ ਦੀ ਝੋਲੀ ਵਿਚ ਫੁਰਤੀ ਨਾਲ ਮੱਕੀ ਦੇ ਲਾਲ, ਕਿਰਮਚੀ, ਕੱਚੇ-ਪੀਲੇ ਜਿਹੇ ਰੰਗਾਂ ਦੇ ਦਾਣੇ ਪਾਏ ਤੇ ਗਲੀ ਵਿਚ ਅਸੀਂ ਗੱਲਾਂ ਕਰਦੇ ਤੁਰ ਪਏ, ‘ਦੇਖ ਲਾ ਰੱਬ ਇੱਕੋ ਛੱਲੀ ਨੂੰ ਕਿੰਨੇ ਰੰਗ-ਬਰੰਗੇ ਦਾਣੇ ਲਾਉਂਦਾ।’

ਜਿੱਦਾਂ ਆਪਾਂ? ਤੂੰ ਗੋਰਾ ਤੇ ਮੈਂ ਕਾਲਾ! ਕਹਿੰਦੇ ਨਿਆਣੇ ਤਾਂ ਮਾਂ-ਬਾਪ ’ਤੇ ਜਾਂਦੇ ਆ - ਦੇਖ ਮੇਰਾ ਤੇ ਬਿਰਜੂ ਦਾ ਮੜੰਗਾ ਐਨ ਭਾਈਏ ’ਤੇ ਆ!ਮੈਂ ਗੱਲ ਨੂੰ ਥੋੜ੍ਹਾ ਵਿਸਥਾਰ ਦਿੱਤਾ।

ਛੱਲੀ ਦੇ ਦਾਣਿਆਂ ਦੀ ਕਿਸੇ-ਕਿਸੇ ਕਤਾਰ ਵਿਚ ਟਾਵੇਂ-ਟਾਵੇਂ ਦਾਣੇ ਦਾ ਰੰਗ ਜਾਮਣੀ ਜਾਂ ਆਹ ਰੱਤੇ ਦੇ ਚੁਬਾਰੇ ਦੇ ਰੰਗ ਅਰਗਾ ਗੂਹੜਾ ਕਿਰਮਚੀ ਜਿਹਾ ਹੁੰਦਾ।’ ਧਿਆਨ ਬੋਲਿਆ, ‘ਤਾਂ ਈ ਏਦਾਂ ਦੇ ਦਾਣਿਆਂ ਨੂੰ ਬਾਹਮਣ ਕਈਂਦੇ ਆ।’

ਕਹਿਣ ਨੂੰ ਤਾਂ ਸੁੱਕੇ ਗੂੰਹ ਨੂੰ ਬੀ ਬਾਹਮਣ ਕਹਿੰਦੇ ਆ!ਮੈਂ ਕਿਹਾ ਤੇ ਸਾਡਾ ਇਕੱਠਿਆਂ ਦਾ ਨਿੱਕਾ ਜਿਹਾ ਹਾਸਾ ਨਿਕਲ ਗਿਆ। ਨਾਲ ਹੀ ਮੇਰੇ ਮਨ ਵਿਚ ਪੂਣ ਕੱਤਦੀਆਂ ਮੱਕੀਆਂ, ਪਰਾਗਣ ਪ੍ਰਕਿਰਿਆ, ਦੋਧਾ ਛੱਲੀਆਂ, ਉਨ੍ਹਾਂ ਨੂੰ ਟੁੱਕਦੇ ਤੋਤੇ, ਠੂੰਗੇ ਮਾਰਦੇ ਕਾਂ ਦਿਖਾਈ ਦੇ ਰਹੇ ਸਨ। ਤੋਤੇ-ਕਾਂ ਮੈਨੂੰ ਪਿੰਡ ਦੇ ਜਿਮੀਂਦਾਰ ਜਾਂ ਉਨ੍ਹਾਂ ਦੇ ਪੁੱਤ-ਭਤੀਜੇ ਤੇ ਦੋਧਾ ਛੱਲੀਆਂ ਮੇਰੇ ਵਿਹੜੇ ਦੀਆਂ ਧੀਆਂ-ਭੈਣਾਂ ਲੱਗਣ ਲੱਗ ਪਏ। ਸੋਚ ਫਿਰ ਛੜੱਪਾ ਮਾਰ ਕੇ ਪਹਿਲੀ ਗੱਲ ’ਤੇ ਆ ਗਈ ਕਿ ਛੱਲੀਆਂ ਦੇ ਦਾਣਿਆਂ ਦੀਆਂ ਕਤਾਰਾਂ ਐਨ ਸਿੱਧੀਆਂ ਕਿਵੇਂ ਬਣਦੀਆਂ? ਇਹ ਸੋਚ-ਸੋਚ ਕੇ ਮੈਨੂੰ ਹੈਰਾਨੀ ਹੁੰਦੀ। ਪਰਾਗਣ ਪ੍ਰਕਿਰਿਆ ਨਾਲ ਬਣਦੇ ਦਾਣਿਆਂ ਦਾ ਭੇਤ ਪਤਾ ਲੱਗ ਗਿਆ ਪਰ ਦਿਖਾਈ ਕੁਝ ਨਹੀਂ ਸੀ ਦਿੰਦਾ। ਮੇਰੀਆਂ ਸੋਚਾਂ ਦੀ ਤੰਦ ਉਸ ਵੇਲੇ ਟੁੱਟੀ ਜਦੋਂ ਧਿਆਨ ਨੇ ਆਖਿਆ, ‘ਔਹ ਰੱਤੇ ਦੀ ਹੱਟੀ ਤੇ ਮਾਲਾਂ ਦੀ ਭੱਠੀ ਬਚਾਲੇ ਮਜਮਾ ਪਤਾ ਨਈਂ ਕਿਉਂ ਲੱਗਾ ਆ?

ਅਸੀਂ ਲੰਮੀਆਂ ਲਾਂਘਾਂ ਭਰੀਆਂ।

ਆਂਹਦਾ ਮੇਤੋਂ ਜੂਠਾਂ ਨਈਂ ਧੋਤੀਆਂ ਜਾਂਦੀਆਂ - ਆ ਗਿਆ ਜੇ ਬੜੇ ਨਵਾਬ ਦਾ ਪੁੱਤਰ।’ ਦੀਵਾਨ ਆਪਣੇ ਪੁੱਤ ਪਾਸ਼ੂ ਬਾਰੇ ਹੋਰਾਂ ਨੂੰ ਦੱਸਦਾ ਲਾਲ-ਪੀਲਾ ਹੋ ਰਿਹਾ ਸੀ। ਉਹਦੀ ਸਾਡੇ ਨਾਲੋਂ ਵੱਖਰੀ ਬੋਲੀ (ਮਾਝੀ) ਸੀ ਜਿਸ ਦੀਆਂ ਅਸੀਂ ਕਈ ਨਿਆਣੇ ਸਾਂਗਾਂ ਲਾਉਂਦੇ। ਉਹ ਬਟਾਲੇ ਤੋਂ ਸਾਡੇ ਪਿੰਡ ਆ ਕੇ ਵਸੇ ਹੋਏ ਸਨ।

ਸਬੇਰ ਦੇ ਭਾਂਡੇ ਮਾਂਜਣ ਡਿਆਂ ਵਾਂ - ਭੋਗ ਪੈ ਗਿਆ ਏ - ਪ੍ਰਾਹੁਣੇ ਰੋਟੀ ਖਾ ਗਏ ਨੇ - ਵੇਂਹਦਿਆਂ-ਵੇਂਹਦਿਆਂ ਲਊਢਾ ਵੇਲਾ ਹੋ ਗਿਆ! ਜਿਹਲਾਂ ਬੀ ਰੋਟੀ ਲਈ ਥਾਲ਼ੀ ਚੁੱਕਣ ਲੱਗਾਂ - ਓਹਲਾਂ ਈ ਹੁਕਮ ਕਰ ਦਿੰਦੇ - ਆਹ ਦੋ ਕੁ ਭਾਂਡੇ ਧੋ ਦੇ - ਔਹ ਫਲਾਨਾ ਆ ਗਿਆ - ਇਹ ਤੇ ਤ੍ਰਕਾਲਾਂ ਤੱਕ ਤੁਰੇ ਰਹਿਣੇ ਜੇ।’ ਪਾਸ਼ੂ ਦੇ ਬੋਲ ਪਟਾਕਿਆਂ ਧਮਾਕਿਆਂ ਵਰਗੇ ਸਨ ਜਿਨ੍ਹਾਂ ਦੀ ਠਾਹ-ਠਾਹ ਨਾਲ ਮੈਨੂੰ ਡਰ ਨਹੀਂ ਸਗੋਂ ਹੌਸਲਾ ਮਿਲ ਰਿਹਾ ਸੀ।

ਨਾਂਹ ਕਹੈਂ ਦੇ ਥਾਲ ਦੇ ਦੋ ਟੋਟੇ ਕਿਉਂ ਕਰ ਆਇਆ ਏਂ? ਮੇਰੀ ਬੇਜਤੀ ਕਰਾਣ ਲਈ? ਪ੍ਰਾਹੁਣੇ ਕੀ ਆਖਦੇ ਹੋਣਗੇ?

ਸਬੇਰ ਦੀ ਰੋਟੀ ਨਸੀਬ ਨਈਂ ਹੋਈ - ਗੁੱਸੇ ਵਿੱਚ ਹੋਰ ਕੀ ਕਰਦਾ? ਘੜੀ ਕੁ ਪਿੱਛੋਂ ਆਖ ਦਿੰਦੇ ਨੇ - ਬੱਸ ਦੋ ਭਾਂਡੇ ਮਾਂਜ ਦੇ! ਮਖਾਂ ਘੋੜਿਆਂ ਦਾ ਬੁੜ੍ਹਾ ਕੀ ਮਰਿਆ - ਭੁੱਖੇ ਮਾਰਤਾ। ਲੋਕ ਜਲੇਬੀਆਂ-ਜਰਦਾ ਖਾ ਕੇ ਰਾਹ ਪਏ ਨੇ!’

ਮੈਨੂੰ ਲੱਗਿਆ ਪਾਸ਼ੂ ਜਿਵੇਂ ਜਲੇਬੀਆਂ-ਜ਼ਰਦੇ ਵਰਗੇ ਸ਼ਬਦਾਂ ਨੂੰ ਮੂੰਹ ਅੰਦਰ ਚਗੋਲ ਕੇ ਆਪਣੇ ਭੁੱਖੇ ਤਨ-ਮਨ ਦੀ ਤ੍ਰਿਪਤੀ ਕਰ ਰਿਹਾ ਸੀ। ਪਲ ਕੁ ਬਾਅਦ ਉਹ ਫਿਰ ਆਖਣ ਲੱਗ ਪਿਆ, ‘ਮੈਂ ਅੱਗੇ ਤੋਂ ਕਿਸੇ ਦੀਆਂ ਜੂਠਾਂ ਧੋਣ ਨਈਂ ਜਾਣਾ ਜੇ - ਕੀ ਥੁੜਿਆ ਜੇ ਏਹੋ ਜਿਹੇ ਕੰਮ ਖੁਣੋਂ - ਇਕ ਪੀਪਾ ਹਾੜ੍ਹੀ ’ਤੇ ਦਾਣਿਆਂ ਦਾ ਤੇ ਇਕ ਸਾਉਣੀ ‘ਤੇ। ਕਿਸੇ ਦੇ ਚਾਰ ਪ੍ਰਾਹੁਣੇ ਆ ਗਏ ਤਾਂ ਰੋਟੀ ਬਣਾਈਏ-ਖੁਆਈਏ! ਇਤਰਾਂ ਕਦੀ ਕਿਸੇ ਦੇ ਕਦੀ ਕਿਸੇ ਦੇ ਖ਼ੁਸ਼ੀ-ਗਮੀ ਮੌਕੇ ਪਕਾਈਏ-ਖੁਆਈਏ! ਉੱਤੋਂ ਸਾਰਾ ਸਉਦਾ ਸਿਰ ’ਤੇ ਚੱਕ ਕੇ ਭੋਗਪੁਰੋਂ ਲਿਆਈਏ!’

ਮਖਾਂ ਕਿਉਂ ਲੋਕਾਂ ਨੂੰ ਤਮਾਸ਼ਾ ਵਖਾਉਣ ਡਿਹਾਂ ਜੇ - ਸਾਡਾ ਝੀਊਰਾਂ ਦਾ ਕੰਮ ਇਤਰਾਂ ਸੇਵਾ ਕਰਨਾ ਜੇ। ਹੁਣ ਅਕਲ ਕਰ ਕੁਛ, ਚਲ ਟੁਰ ਰੋਟੀ ਖਾਹ।’ ਦੀਵਾਨ ਨੇ ਆਪਣੇ ਛੋਟੇ ਪੁੱਤਰ ਪਾਸ਼ੂ ਅੱਗੇ ਵੱਡਾ ਤਰਲਾ ਕੀਤਾ। ਸ਼ਾਇਦ ਇਸ ਕਰ ਕੇ ਉਹ ਅਜੇ ਤਕ ਨਿਰਨੇ ਕਾਲਜੇ ਸੀ।

ਇਹ ਕੋਈ ਜ਼ਿੰਦਗੀ ਆ - ਮੁਸੀਬਤ ਆ ਸਾਲੀ। ਹਾੜ੍ਹ ਹੋਬੇ ਜਾਂ ਸਿਆਲ, ਸਬੇਰੇ ਉੱਠ ਕੇ ਲੋਕਾਂ ਦੇ ਘਰੀਂ ਪਾਣੀ ਭਰੀਏ - ਫਿਰ ਸਕੂਲੇ ਜਾਈਏ! ਮੈਂ ਅੱਗੇ ਤੋਂ ਸਕੂਲੇ ਬੀ ਨਈ ਜਾਣਾ, ਇਕ ਬਾਰੀ ਦੱਸ ਛੱਡਿਆ ਜੇ। ਜੇ ਕੱਛਾ ਮਿਲ ਗਿਆ ਤਾਂ ਝੱਗਾ ਨਈਂ ਜੁੜਦਾ, ਜੁੱਤੀ ਕਦੀ ਨਸੀਬ ਨਈਂ ਹੋਈ! ਮੈਂ ਰੇੜ੍ਹੀ ਲਾਲਾਂਗਾ ਪਰ ਜੂਠਾਂ ਨਈਂ ਧੋਣੀਆਂ।’ ਪਾਸ਼ੂ ਮਾਲਾਂ ਦੀ ਭੱਠੀ ਵਿਚਲੇ ਦਾਣਿਆਂ ਵਾਂਗ ਭੁੜਕ ਰਿਹਾ ਸੀ। ਉਹ ਬੋਲਦਾ ਇਉਂ ਜਾਪ ਰਿਹਾ ਸੀ ਜਿਵੇਂ ਮਜਬੂਰੀਆਂ ਦੇ ਮਾਰੂਥਲ ਥਾਣੀ ਕੋਈ ਲੰਮਾ ਸਫ਼ਰ ਤੈਅ ਕਰ ਰਿਹਾ ਹੋਵੇ ਜਾਂ ਉਸ ਦੀ ਤਿਆਰੀ ਕਰ ਰਿਹਾ ਹੋਵੇ। ਇਕ ਦਾਣੇ ਦੀ ਖਿੱਲ ਭੁੜਕ ਕੇ ਭੱਠੀ ਤੋਂ ਬਾਹਰ ਜਾ ਡਿਗੀ ਤੇ ਉੱਧਰ ਪਾਸ਼ੂ ਕਾਹਲੀ-ਕਾਹਲੀ ਆਪਣੇ ਘਰ ਵਲ ਨੂੰ ਤੁਰ ਪਿਆ ਸੀ।

ਪਲ ਦੀ ਪਲ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਪਾਸ਼ੂ ਨੂੰ ਦੱਸਾਂ ਕਿ ਮੇਰੇ ਤੇ ਵੱਡੇ ਭਰਾ ਬਿਰਜੂ ਕੋਲ ਜੁੱਤੀ ਤਾਂ ਕੀ ਟਾਇਰ-ਰਬੜ ਦੀ ਵੱਧਰੀਆਂ ਵਾਲੀ ਚਪਲ ਵੀ ਨਹੀਂ। ਮੇਰੇ ਕੋਲ ਇੱਕ ਹੀ ਝੱਗਾ ਹੈ। ਅੱਠੀਂ ਦਿਨੀਂ ਧੋ ਹੁੰਦਾ, ਜਿੰਨਾ ਚਿਰ ਸੁੱਕਦਾ ਨਹੀਂ ਉੰਨਾ ਚਿਰ ਨੰਗੇ ਪਿੰਡੇ ਈ ਘੁੰਮਦਾ ਰਹਿੰਦਾ ਹਾਂ। ਪਰ ਅਚਾਨਕ ਭੱਠੀ ਦੇ ਬਾਲਣ ਵਾਂਗ ਮੇਰੇ ਇਹ ਖ਼ਿਆਲ ਉਦੋਂ ਜਲ-ਬਲ ਕੇ ਸੁਆਹ ਹੋ ਗਏ ਜਦੋਂ ਮਾਲਾਂ ਨੇ ਮੇਰੇ ਦਾਣੇ ਭੁੰਨਣ ਬਦਲੇ ਉਨ੍ਹਾਂ ਵਿੱਚੋਂ ਲੰਮੇ ਕੀਤੇ ਹੱਥ ਦੀ ਵੱਡੀ ਲੱਪ ਕੱਢ ਲਈ। ਮੇਰਾ ਮੂੰਹ ਮਸੋਸਿਆ ਗਿਆ ਤੇ ਭੱਠੀ ਦੇ ਸੇਕ ਨਾਲ ਹੋਰ ਪਿਚਕ ਜਿਹਾ ਗਿਆ।

ਘਰ ਨੂੰ ਮੁੜਦਿਆਂ ਮੈਨੂੰ ਨਾਲ ਤੁਰੇ ਆਉਂਦੇ ਧਿਆਨ ਦੀ ਹੋਂਦ ਦਾ ਅਹਿਸਾਸ ਹੀ ਨਾ ਹੋਇਆ ਤੇ ਕੁਝ ਦਿਨ ਪਹਿਲਾਂ ਸੋਹਲਪੁਰ ਵਾਲੇ ਵੱਡੇ ਬਾਬੇ ਵਲੋਂ ਲਾਖੇ ਅਲਕ ਵਹਿੜੇ ਨੂੰ ਹਾਲੀ ਕਰਨ ਦਾ ਦ੍ਰਿਸ਼ ਸਾਕਾਰ ਹੋ ਗਿਆ। ਭਾਈਆ ਨੱਥ ਫੜ-ਫੜ ਉਹਦੀ ਨਰਮ ਜਿਹੀ ਧੌਣ ਪੰਜਾਲੀ ਹੇਠ ਕਰਦਾ ਪਰ ਉਹ ਅੱਗੇ-ਪਿੱਛੇ ਹੋ ਜਾਂਦਾ। ਬਾਬਾ ਉਹਦੇ ਗੱਦਰ ਤੇ ਗੁੰਦਵੇਂ ਪਿੰਡੇ ਉੱਤੇ ਪਰੈਣ-ਛੈਂਟਾ ਵਰਾਹੁੰਦਾ। ਜਦੋਂ ਪੰਜਾਲੀ ਅੰਦਰ ਉਹਦੀ ਧੌਣ ਕਰ ਕੇ ਅਰਲੀ ਲਾ ਦਿੱਤੀ ਤਾਂ ਭਾਈਏ ਨੇ ਉਹਦੀ ਨੱਥ ਫੜ ਕੇ ਮੋਹਰੇ ਤੁਰਦਿਆਂ ਪੂਰੇ ਖੇਤ ਦੇ ਦੋ-ਤਿੰਨ ਸਿਆੜ ਕਢਾਏ। ਜਦੋਂ ਉਹ ਅੜ ਜਾਂਦਾ ਤੇ ਅਗਾਂਹ ਨਾ ਤੁਰਦਾ ਤਾਂ ਬਾਬਾ ਆਪਣੇ ਸੱਜੇ ਹੱਥ ਫੜੀ ਪਰੈਣ ਮੋਹਰਲੀ ਆਰ ਉਹਦੇ ਪੁੜਿਆਂ ਵਿੱਚ ਖੁਭੋਂਦਾ। ਵਹਿੜਾ ਇਕਦਮ ਟੱਪਦਾ ਤੇ ਤੁਰਨ ਲੱਗ ਪੈਂਦਾ। ਬਾਬਾ ਕ੍ਰੋਧ ਭਰੇ ਲਹਿਜ਼ੇ ਵਿਚ ਕਹਿੰਦਾ, ‘ਕੋਈ ਨਈਂ ਪੁੱਤਰਾ, ਥੋੜ੍ਹੇ ਦਿਨਾਂ ਦੀ ਗੱਲ ਆ। ਬੱਗੇ ਆਂਙੂੰ ਤੂੰਮ੍ਹੀਂ ਸਿੱਧਾ ਹੋ ਕੇ ਤੁਰਨ ਲਗ ਪੈਣਾ ਜਦੋਂ ਕੰਨ੍ਹ ਪੈ ਗਈ।’

ਅਸੀਂ ਆਪਣੇ ਘਰ ਕੋਲ ਆ ਗਏ। ਰਾਹ ਕੰਢੇ ਹੈਕਨਾ ਦਿਆਂ ਦੀ ਖੁਰਲੀ ’ਤੇ ਬੱਝਾ ਬੌਲਦ ਪੱਠਿਆਂ ਲਈ ਰੰਭਦਾ ਪਲ ਦੀ ਪਲ ਮੈਨੂੰ ਭੁੱਖਾ ਪਾਸ਼ੂ ਦਿਸਿਆ। ਫਿਰ ਮੈਨੂੰ ਲੱਗਿਆ ਕਿ ਮੇਰਾ ਵੱਡਾ ਭਰਾ ਬਿਰਜੂ ਹੁਣ ਹਾਲੀ ਹੋ ਚੁੱਕਾ ਹੈ। ਮੈਂ ਜਿਵੇਂ ਅਲਕ ਵਹਿੜਾ ਹੋਵਾਂ ਤੇ ਜ਼ਿੰਮੇਵਾਰੀਆਂ ਦਾ ਜੂਲਾ-ਪੰਜਾਲੀ ਸਾਵਾਂ ਖਿੱਚਣ ਲਈ ਭਾਈਆ ਮੇਰੇ ਨਕੇਲ ਪਾਉਣ ਲਈ ਕਾਹਲਾ ਹੋਵੇ। ਅਲਕ ਵਹਿੜੇ ਨੂੰ ਹਾਲੀ ਕਰਨ ਵੇਲੇ ਉਹਦੇ ਵਰ੍ਹਦੇ ਛੈਂਟੇ-ਪਰੈਣਾਂ ਤੇ ਆਰ ਖੁਭੋਣ ਦੀ ਘਟਨਾ ਦੇ ਅਚਨਚੇਤ ਚੇਤੇ ਆਉਣ ਨਾਲ ਮੇਰਾ ਸਰੀਰ ਕੰਬ ਕੇ ਠੰਢਾ ਜਿਹਾ ਪੈ ਗਿਆ। ਔੜ ਦੇ ਇਨ੍ਹਾਂ ਦਿਨਾਂ ਵਿਚ ਇਹ ਖ਼ਿਆਲ ਮੇਰੇ ਮਨ ਵਿਚ ਬਾਰਿਸ਼ ਕਰਨ ਲੱਗ ਪਏ। ਮੈਨੂੰ ਜਾਪਿਆ ਕਿ ਮੈਂ ਆਪਣੇ ਪਿੰਡ ਤੋਂ ਭੋਗਪੁਰ ਨੂੰ ਜਾਂਦੇ ਰੇਤਲੇ ਟਿੱਬੇ ਦੇ ਰਾਹ ਨੰਗੇ ਪੈਰੀਂ ਤੁਰਿਆ ਜਾ ਰਿਹਾ ਹਾਂ। ਮੇਰੇ ਪੈਰ ਮਾਲਾਂ ਦੀ ਭੱਠੀ ਵਿਚਲੇ ਦਾਣਿਆਂ ਵਾਂਗ ਭੁੱਜ ਰਹੇ ਹਨ। ਜਿੱਥੇ ਕਿਤੇ ਹਰਾ ਘਾਹ ਦਿਸਦਾ, ਮੈਂ ਦੌੜ-ਦੌੜ ਉੱਥੇ ਖੜ੍ਹਾ ਹੋ ਜਾਂਦਾ ਹਾਂ। ਮੇਰੀ ਨਿਗਾਹ ਅਚਾਨਕ ਰਾਹ ਕਿਨਾਰੇ ਉੱਗੇ ਕਾਨਿਆਂ-ਬੂਝਿਆਂ ਅਤੇ ਥੋਹਰਾਂ ਉੱਤੇ ਪੈਂਦੀ ਹੈ। ਨਿੱਕੀਆਂ-ਵੱਡੀਆਂ ਥੋਹਰਾਂ ਦੀਆਂ ਪਾਲਾਂ ਪਲ ਭਰ ਲਈ ਸਾਡੇ ਮੁਹੱਲੇ ਦੀਆਂ ਤੀਵੀਆਂ-ਬੰਦਿਆਂ ਤੇ ਨਿਆਣਿਆਂ ਵਿਚ ਬਦਲ ਗਈਆਂ। ਮੈਨੂੰ ਪ੍ਰਤੀਤ ਹੋਇਆ ਜਿਵੇਂ ਇਹ ਵੀਰਾਨ-ਸਥਾਨ ਉਨ੍ਹਾਂ ਦੀ ਖੁਸ਼ਕੀ ਭਰੀ ਜ਼ਿੰਦਗੀ ਦਾ ਪ੍ਰਤੀਕ ਹੋਵੇ ਤੇ ਥੋਹਰਾਂ ਦੀਆਂ ਤਿੱਖੀਆਂ-ਲੰਮੀਆਂ ਮਜ਼ਬੂਤ ਸੂਲਾਂ ਦੀ ਭਰਮਾਰ ਉਨ੍ਹਾਂ ਦੀ ਜ਼ਿੰਦਗੀ ਦੀਆਂ ਬੇਸ਼ੁਮਾਰ ਮੁਸ਼ਕਿਲਾਂ। ਜਦੋਂ ਮੇਰੀ ਨਜ਼ਰ ਥੋਹਰਾਂ ਉੱਤੇ ਉੱਗੇ ਫੁੱਲਾਂ ਉੱਤੇ ਪਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਪਾਸ਼ੂ, ਧਿਆਨ, ਰਾਮਪਾਲ, ਸੁੱਚਾ, ਮੇਰਾ ਵੱਡਾ ਭਰਾ ਬਿਰਜੂ ਤੇ ਮੈਂ ਹਾਂ ਜਿਨ੍ਹਾਂ ਨੂੰ ਭਾਈਏ ਹੁਰੀਂ ਸਦਾ ਖਿੜੇ ਦੇਖਣਾ ਸੋਚਦੇ ਤੇ ਲੋਚਦੇ ਹਨ।

*****

(ਅਗਾਂਹ ਪੜ੍ਹੋ, ਕਾਂਡ ਛੇਵਾਂ: ਕੰਡਿਆਲੇ ਰਾਹਾਂ ਦੇ ਰਾਹੀ)

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2384)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਬੀਰ ਮਾਧੋਪੁਰੀ

ਬਲਬੀਰ ਮਾਧੋਪੁਰੀ

Delhi, India.
Phone: (011 - 91 - 93505 - 48100)

Email: (bmadhopuri@yahoo.in)

More articles from this author