“ਖੇਤੀ ਲਈ ਤਾਂ ਕੀ, ਕੋਠਾ ਪਾਉਣ ਨੂੰ ਵੀ ਥਾਂ ਖਰੀਦਣ ਦਾ ਹੱਕ ਨਹੀਂ ਸੀ ...”
(2 ਫਰਵਰੀ 2021)
(ਸ਼ਬਦ: 5720 )
“ਆਹ ਬੋਹੜ-ਪਿੱਪਲ ਵਿਚਾਲੇ ਅਈਨਾ ਫਾਸਲਾ ਸੀ ਪਈ ਅਸੀਂ ਨਿਆਣੇ ਹੁੰਦੇ ਗੱਭਿਓਂ ਦੀ ਨੰਘ ਜਾਈਦਾ ਸੀ।” ਇੱਕ ਦਿਨ ਲੋਰ ਵਿੱਚ ਆਏ ਭਾਈਏ ਨੇ ਘਰ ਮੋਹਰਲੇ ਬੋਹੜ-ਪਿੱਪਲ ਦਾ ਇਤਿਹਾਸਕ ਪ੍ਰਸੰਗ ਛੋਹ ਲਿਆ, ਜਿਸ ਬਾਰੇ ਜਾਨਣ ਦੀ ਮੇਰੀ ਦਿਲੀ ਇੱਛਾ ਨੂੰ ਸਹਿਵਨ ਹੀ ਬੂਰ ਪੈ ਗਿਆ।
“ਹੁਣ ਦੇਖ ਲਾ ਪਈ ਦੋਹਾਂ ਨੇ ਇੱਕ ਦੂਏ ਨੂੰ ਕਿੱਦਾਂ ਜੱਫੀ ਪਾਈਊ ਆ, ਵਿੱਚੋਂ ਦੀ ਹਵਾ ਨਈਂ ਨੰਘਦੀ!” ਇੰਨਾ ਕਹਿ ਕੇ ਭਾਈਆ ਚੁੱਪ ਜਿਹਾ ਹੋ ਗਿਆ ਪਰ ਮੈਂ ਕਾਹਲਾ ਸੀ ਕਿ ਗੱਲ ਜਾਰੀ ਰਹੇ।
“ਇਨ੍ਹਾਂ ਬੇਜਬਾਨਾਂ ਨੇ ਬਿਨਾਂ ਬੋਲਿਆਂ, ਬਿਨਾਂ ਤੁਰਿਆਂ, ਜਵਾਨ ਹੋ ਕੇ ਇੱਕ ਦੂਏ ਨੂੰ ਗੱਲ ਲਾ ਲਿਆ - ਤੇ ਇੱਧਰ ਬੰਦਾ ਆ, ਸਾਲਾ ਬੰਦੇ ਨੂੰ ਨੇੜੇ ਨਹੀਂ ਫੜਕਣ ਦਿੰਦਾ।” ਭਾਈਏ ਨੇ ਖ਼ਾਮੋਸ਼ੀ ਦਾ ਨਿੱਕਾ ਜਿਹਾ ਦਰਿਆ ਪਾਰ ਕਰਦਿਆਂ ਗੱਲ ਅੱਗੇ ਤੋਰੀ ਪਰ ਉਹਦੇ ਲਾਖੇ ਮੱਥੇ ਉੱਤੇ ਆਲੂਆਂ ਵਾਲੇ ਖੇਤ ਦੀਆਂ ਵੱਟਾਂ ਵਰਗੀਆਂ ਤਿਊੜੀਆਂ ਉੱਭਰ ਆਈਆਂ। ਮੈਂਨੂੰ ਆਪਣੇ ਭਾਈਏ ਦੇ ਚਿਹਰੇ ਉੱਤੇ ਉਸ ਅੰਦਰ ਜ਼ਰਬ-ਤਕਸੀਮ ਹੋਣ ਦਾ ਇਹਸਾਸ ਹੋਇਆ। ਅੱਖਾਂ ਸਾਹਮਣੇ ਬੋਹੜ-ਪਿੱਪਲ ਦੇ ਖੜਖੜ ਕਰਦੇ ਪੱਤਿਆਂ ਦੇ ਝੜਨ ਦਾ ਦ੍ਰਿਸ਼ ਸਾਕਾਰ ਹੋ ਗਿਆ ਅਤੇ ਨਾਲ ਹੀ ਨਵੀਆਂ ਕਰੂੰਬਲਾਂ ਲਿਸ਼ਕੋਰਾਂ ਮਾਰਦੀਆਂ ਦਿਸੀਆਂ।
“ਤਈਨੂੰ ਹੋਰ ਦੱਸਾਂ - ਇਹ ਬੋਹੜ-ਪਿੱਪਲ ਸਾਡੇ ਬਾਪੂ (ਪਿਤਾ, ਰਾਮ ਦਿੱਤਾ) ਤੇ ਝੀਰਾਂ ਦੇ ਰਾਮ ਸੁੰਹ ਦੇ ਬਾਬੇ (ਦਾਦਾ) ਠਾਕਰ ਨੇ ’ਕੱਠਿਆਂ ਨੇ ਲਾਏ ਸੀ।” ਇਹ ਸੁਣ ਕੇ ਮੈਂ ਇਨ੍ਹਾਂ ਰੁੱਖਾਂ ਤੇ ਮਨੁੱਖਾਂ ਦੀਆਂ ਉਮਰਾਂ ਦੇ ਹਿਸਾਬ ਵਿੱਚ ਪੈ ਗਿਆ। ਆਪਣੇ ਦਾਦਾ ਦੀ ਮੌਤ, ਦਾਦੀ ਅਤੇ ਆਪਣੇ ਭਾਈਏ ਦੀ ਉਮਰ ਤੋਂ ਮੈਂ ਇਹ ਅੰਦਾਜ਼ਾ ਲਾ ਲਿਆ ਕਿ ਇਨ੍ਹਾਂ ਦੋਹਾਂ ਰੁੱਖਾਂ ਨੂੰ 1876 ਤੋਂ 1880 ਈਸਵੀ ਦੇ ਵਿਚਾਲੇ ਲਾਇਆ ਗਿਆ ਹੋਵੇਗਾ।
“ਜੇ ਬਾਹਲਾ ਈ ਖਹਿੜੇ ਪਿਆਂ ਤਾਂ ਹੋਰ ਸੁਣ ਲਾ - ਆਹ ਬੋਹੜ ਹੇਠਲਾ ਖੱਡੀਆਂ ਆਲਾ 16 ਮਰਲੇ ਕੱਚਾ ਥਾਂ ਆਪਣੀ ਬਿਰਾਦਰੀ ਦੇ ਲੋਕਾਂ ਨੇ ਰਲ ਕੇ ਨੀਵੇਂ ਵਿਹੜੇ ਆਲੇ ਕਰਤਾਰ ਸੁੰਹ ਤੋਂ ਬਿਨਾਂ ਲਿਖਤ-ਪੜ੍ਹਤ ਦੇ ਖਰੀਦਿਆ ਸੀ ਤੇ ਪੱਕਿਆਂ ਆਲੇ ਭਾਈ ਹਰਬੰਸ ਸੁੰਹ ਨੇ ਇਹਨੂੰ ਨਾਪਿਆ ਸੀ। ਉਨ੍ਹੀਂ ਦਿਨੀਂ ਕੰਮੀਆਂ ਨੂੰ ਖੇਤੀ ਲਈ ਤਾਂ ਕੀ, ਕੋਠਾ ਪਾਉਣ ਨੂੰ ਵੀ ਥਾਂ ਖਰੀਦਣ ਦਾ ਹੱਕ ਨਹੀਂ ਸੀ। ਇੰਤਕਾਲੇ ਅਰਾਜੀ ਕਾਨੂੰਨ ਲਾਗੂ ਸੀ - ਉਸ ਤਹਿਤ ਚਮਾਰ-ਚੂਹੜੇ ਪੈਸੇ ਦੇ ਕੇ ਵੀ ਆਪਣੇ ਨਾਂ ਜ਼ਮੀਨ ਨਹੀਂ ਖਰੀਦ ਸਕਦੇ ਸੀ।” ਭਾਈਆ ਇੱਕ ਖ਼ਾਸ ਵਹਿਣ ਵਿੱਚ ਵਹਿ ਤੁਰਿਆ ਜਿਸ ਮੋਹਰੇ ਮੈਂ ਕਿਸੇ ਤਰ੍ਹਾਂ ਦਾ ਬੰਨ੍ਹ ਨਹੀਂ ਮਾਰਨਾ ਚਾਹੁੰਦਾ ਸੀ।
ਜੱਟ, ਬਾਹਮਣ, ਤਰਖਾਣ, ਨਾਈ, ਝੀਰ, ਸਰੈਹੜੇ ਵਗੈਰਾ ਜਾਤਾਂ ਦਾ ਸਤਨਾਜਾ ਸਾਡੀ ਬੋਹੜ ਨੂੰ ‘ਚਮਾਰਾਂ ਦਾ ਬੋਹੜ’ ਹੀ ਕਹਿੰਦੇ। ਕਦੀ ਪਿੰਡ ਦਾ ਕੋਈ ਜੱਟ ਦੂਜੇ ਨੂੰ ਪੁੱਛਦਾ ਕਿ ਕਿੱਧਰੋਂ ਆਇਆਂ ਤਾਂ ਉਹ ਅੱਗੋਂ ਦੱਸਦਾ, ‘ਚਮ੍ਹਾਰਲੀ ਅਲ ਗਿਆ ਸੀ। ਚਾਰ ਚਮਾਰ ਕਮਾਦ ਦਾ ਡਗਾਰਾ ਲਾਉਣ ਲਈ ਕਰ ਕੇ ਆਇਆਂ।” ਕਈ ‘ਚਮ੍ਹਾਰੜੀ’ ਸ਼ਬਦ ਦੀ ਵਰਤੋਂ ਕਰਦੇ। ਭਾਈਆ ਜੱਟ ਦੇ ਚਲੇ ਜਾਣ ਮਗਰੋਂ ਕਈ ਵਾਰ ‘ਸਾਲਾ ਚਮਾਰਾਂ ਦਾ’ ਵਰਗੀਆਂ ਗਾਲ੍ਹਾਂ ਕੱਢ ਕੇ ਆਪਣੇ ਮਨ ਦੀ ਭੜਾਸ ਕੱਢਦਾ।
ਵਾਢੀਆਂ ਦੇ ਦਿਨਾਂ ਵਿੱਚ ਖਾਓ-ਪੀਓ ਵੇਲੇ ਜੱਟ ਸਾਡੀ ਬੋਹੜ ਥੱਲੇ ਜਾਂ ਸਾਡੇ ਮੁਹੱਲੇ ਲਾਵੀ ’ਤੇ ਕਣਕ ਵੱਢਣ ਲਈ ਗੇੜੇ ਮਾਰਦੇ। ਕਈਆਂ ਨੇ ਤੇੜ ਕੱਛਾ ਤੇ ਗੱਲ ਮੈਲਾ ਜਿਹਾ ਕੁੜਤਾ ਜਾਂ ਬਨੈਣ ਪਾਏ ਹੁੰਦੇ। ਪਰਨਾ ਮੋਢੇ ਉੱਤੇ ਲਮਕਾਇਆ ਹੁੰਦਾ ਜਿਸ ਨੂੰ ਉਹ ਲੱਤਾਂ ਤੋਂ ਕੁਤੜੀ ਜਾਂ ਮੱਛਰ ਹਟਾਉਣ ਲਈ ਵਾਰ ਵਾਰ ਵਰਤਦਾ। ਉਹਦੇ ਜਾਣ ਪਿੱਛੋਂ ਭਾਈਆ ਅਕਸਰ ਹੀ ਕਹਿੰਦਾ, ‘ਪਤਾ ਨਹੀਂ ਇਨ੍ਹਾਂ ਜੱਟਾਂ ਨੂੰ ਕਦੋਂ ਅਕਲ ਆਉਣੀ ਆਂ? ਪਈ ਤੂੰ ਘਰ ਵਿੱਚ ਆਇਆਂ, ਤੇੜ ਧੋਤੀ-ਪਰਨਾ ਈ ਬੰਨ੍ਹ ਲਈਂਦਾ।’
ਸਾਡੇ ਸਾਰੇ ਟੱਬਰਾਂ ਦੇ ਬੰਦਿਆਂ ਨੂੰ ਪਤਾ ਹੁੰਦਾ ਕਿ ਕਿਹਦੀ ਰੋਹੀ, ਕਿਹਦੀ ਮੈਰੇ, ਕਿਹਦੀ ਰੱਕੜ ਵਾਲੀ, ਕਿਹਦੀ ਛੱਲ ਵਾਲੀ, ਤੇ ਕਿਹਦੀ ਘੜੱਲਾਂ ਵਾਲੀ ਕਣਕ ਭਾਰੀ ਹੈ। ਟਿੱਬੇ ਵਾਲੀ ਕਣਕ ਦੀ ਵਾਢੀ ਨੂੰ ਬਹੁਤੇ ਲੋਕ ਮੂੰਹ ਹੀ ਨਾ ਕਰਦੇ। ਕਹਿੰਦੇ, ‘ਕਿਹੜਾ ਸਾਲਾ ਭੱਸੜ ਭਨਾਏ, ਟਿੱਬੇ ਵਿੱਚ ਹੁੱਲੀਊ ਕਣਕ ਨੂੰ।’
ਕੋਈ ਜਣਾ ਕਣਕ ਲਾਵੀ ’ਤੇ ਵੱਢਣੀ ਤੈਅ ਕਰ ਲੈਂਦਾ। ਤਿੰਨੋਂ ਵੇਲੇ ਰੋਟੀ ਤੇ ਦੋ ਵਾਰ ਚਾਹ ਮਿਲਦੀ। ਕਈ ਜੱਟਾਂ ਨੂੰ ਮੇਰਾ ਭਾਈਆ ਤੇ ਮੇਰੇ ਤਾਇਆਂ ਦੇ ਪੁੱਤ ਜਵਾਬ ਦੇ ਦਿੰਦੇ ਕਿ ਫਲਾਨੇ ਦੇ ਜਾਣਾ। ਮਗਰੋਂ ਕਹਿੰਦੇ, ‘ਭਰੀ ਹਾੜ ਕੇ ਚਕਾਉਂਦਾ ਮਾਮਾ, - ਮਾੜੀ ਨੀਤ ਆਲਾ, ਨਾਲੇ ਖਾਹ-ਮਖਾਹ ਖਹਿਬੜਦਾ ਰਹਿੰਦਾ, ਅਖੇ ਤੁਸੀਂ ਹੁੱਕਾ-ਬੀੜੀ ਬਾਹਲਾ ਪੀਂਨੇ ਆਂ। ਭਲਾ ਇਸ ਬਹਾਨੇ ਦਮ ਨਾ ਮਾਰੀਏ ਤਾਂ ਇਹ ਟਿਕਣ ਕਿੱਥੇ ਦੇਣ! ਸਾਰਾ ਦਿਨ ਚੰਮ ਲੂਸ ਜਾਂਦਾ ਤੇ ਭਰੀ ਬਾਰੀ ਸੌ ਸੌ ਨਖਰੇ ਕਰਦੇ ਆ।’
ਪਿੱਪਲ ਦੇ ਸਿਖਰ ਦੇ ਡਾਹਣਿਆਂ ਉੱਤੇ ਮੋਰ ਤ੍ਰਕਾਲਾਂ-ਸਵੇਰੇ ਬਹਿੰਦੇ ਤੇ ‘ਐਇਉਆਂ’ ਦੀਆਂ ਆਵਾਜ਼ਾਂ ਕੱਢਦੇ। ਫਿਰ ਉੱਥੋਂ ਉੱਠ ਕੇ ਸਾਡੇ ਘਰਾਂ ਦੀਆਂ ਛੱਤਾਂ ਉੱਤੇ ਪੈਲਾਂ ਪਾਉਣ ਲੱਗ ਪੈਂਦੇ। ਅਸੀਂ ਚੋਗਾ ਪਾਉਂਦੇ, ਉਹ ਸਾਡੇ ਤੋਂ ਬਹੁਤਾ ਨਾ ਡਰਦੇ। ਕਾਂ ਬੋਹੜ ਦੀਆਂ ਗੋਹਲਾਂ ਨੂੰ ਠੂੰਗੇ ਮਾਰਦੇ। ਚਿੜੀਆਂ ਵਾਰ-ਵਾਰ ਉੱਡਦੀਆਂ ਤੇ ਫਿਰ ਬਹਿੰਦੀਆਂ। ਬੋਹੜ-ਪਿੱਪਲ ਦੁਆਲੇ ਮੈਂ ਕਈ ਮੌਕਿਆਂ ਉੱਤੇ ਮੌਲੀ ਦੇ ਧਾਗੇ ਬੰਨ੍ਹੇ ਦੇਖੇ ਜਿਸ ਬਾਰੇ ਇੱਕ ਦਿਨ ਮੈਂ ਭਾਈਏ ਨੂੰ ਸਹਿਜ ਹੀ ਪੁੱਛਿਆ।
“ਪਿੰਡ ਦੇ ਚੜ੍ਹਦੇ ਪਾਸੇ ‘ਵਲੀਆਂ ਵਿਹੜੇ’ ਦੇ ਬੋਹੜ ਤੇ ਸਾਡੇ ਬੋਹੜ ਦੇ ਵਿਆਹ ਪੂਰੀਆਂ ਰਸਮਾਂ ਨਾ ਕੀਤੇ ਗਏ ਸੀ - ਪਿੰਡ ਦੇ ਲੋਕਾਂ ਨੇ ਬੜੀ ਖੈਰ-ਸੁਖ ਮਨਾਈ ਸੀ।” ਭਾਈਆ ਪਿੱਪਲ ਤੇ ਬੋਹੜ ਦੇ ਕਾਫ਼ੀ ਮੋਟੇ-ਲੰਮੇ ਡਾਹਣਿਆਂ ਅਤੇ ਉਨ੍ਹਾਂ ਦੀਆਂ ਸੰਘਣੀਆਂ ਛਾਵਾਂ ਵੱਲ ਇਸ਼ਾਰਾ ਕਰ ਕੇ ਕਹਿੰਦਾ, ‘ਸਾਡੇ ਲਈ ਤਾਂ ਇਨ੍ਹਾਂ ਰੁੱਖਾਂ ਨੇ ਬਥੇਰੀਆਂ ਲਹਿਰਾਂ-ਬਹਿਰਾਂ ਲਾਈਆਂ ਹੋਈਆਂ, ਐਵੇਂ ਕਹੀਏ। ਇਨ੍ਹਾਂ ਦੀ ਸੁਖ ਲਈ ਮੌਲੀ ਬੰਨ੍ਹ ਦਿੰਦੇ ਆ, ਹੋਰ ਕੀ ...।’
ਇਨ੍ਹਾਂ ਥੱਲੇ ਸਾਡੀ ਬਿਰਾਦਰੀ ਦੇ ਬਹੁਤੇ ਪਰਿਵਾਰਾਂ ਦੀਆਂ ਖੱਡੀਆਂ ਸਨ ਅਤੇ ਰੋਟੀ-ਰੋਜ਼ੀ ਇਨ੍ਹਾਂ ਉੱਤੇ ਨਿਰਭਰ ਸੀ। ਖੱਡੀ ਦੇ ਕੰਮ ਵਿੱਚ ਘਰ ਦੇ ਸਾਰੇ ਜੀਆਂ ਨੂੰ ਰੁੱਝਣਾ ਪੈਂਦਾ। ਪਹਿਲਾਂ ਸੂਤ ਦੀਆਂ ਅੱਟੀਆਂ ਦੇ ਚੀਰੂ ਬਣਾਏ ਜਾਂਦੇ, ਫਿਰ ਉਨ੍ਹਾਂ ਨੂੰ ਚਰਖੜੀ ਉੱਤੇ ਚੜ੍ਹਾ ਕੇ ਚਰਖੇ ਦੀ ਤੱਕਲੀ ਉੱਤੇ ਨੜੇ ਵੱਟੇ ਜਾਂਦੇ। ਭਾਈਆ ਤਾਣੀ ਲਈ ਕਾਨੇ ਗੱਡਦਾ ਜੋ ਹੇਠੋਂ ਜੁੜਵੇਂ ਅਤੇ ਉੱਤੋਂ ਅੰਗਰੇਜ਼ੀ ਦੀ ‘ਵੀ’ ਦੀ ਸ਼ਕਲ ਦੇ ਹੁੰਦੇ। ਇਹ ਇੱਕ ਲੰਮੀ ਇਕਹਿਰੀ ਪਾਲ ਹੁੰਦੀ। ਕਦੀ ਉਹ ਦੋ ਦੇ ਮੋਹਰੇ ਦੋ ਹੋਰ ਕਾਨਿਆਂ ਦੀ ਦੋਹਰੀ ਕਤਾਰ ਗੱਡਦਾ। ਤੱਕਲੀਆਂ ਨਾਲ ਗੱਡੇ ਹੋਏ ਕਾਨਿਆਂ ਦੀਆਂ ਸੰਧਾਂ ਵਿੱਚ ਦੀ ਤਾਣਾ ਤਣਦਾ। ਇਸ ਕਾਰਜ ਨਾਲ ਖੜ੍ਹੇ ਪਾਣੀ ਉੱਤੇ ਹਵਾ ਨਾਲ ਬਣਦੀ ਇੱਕ ਲਹਿਰ ਜਿਹੀ ਦਿਸਦੀ। ਜਦੋਂ ਨੜੇ ਦਾ ਧਾਗਾ ਮੁੱਕ ਜਾਂਦਾ ਤਾਂ ਨਵੇਂ ਨੜੇ ਦੇ ਧਾਗੇ ਦੀ ਮਰੋੜੀ ਥੁੱਕ ਦੀ ਲਬ ਨਾਲ ਪਹਿਲੇ ਧਾਗੇ ਨੂੰ ਦਿੰਦਾ। ਸ਼ਾਮ ਤਕ ਕਾਹਲੀ ਕਾਹਲੀ ਤਾਣਾ ਤਣਦਾ। ਮੇਰਾ ਵੱਡਾ ਭਰਾ ਬਖਸ਼ੀ ਵੀ ਇਸ ਕੰਮ ਵਿੱਚ ਹੱਥ ਵਟਾਉਂਦਾ। ਭਾਈਆ ਅਗਲੇ ਦਿਨ ਤਾਣੀ ਖਿੱਚ ਕੇ ਪਾਣ ਚੜ੍ਹਾਉਂਦਾ। ਉੱਤੋਂ ਦੀ ਇੱਕ ਵੱਡੇ ਕੁੱਚ ਨੂੰ ਫੇਰਦਾ ਕਿ ਧਾਗੇ ਆਪਸ ਵਿੱਚ ਜੁੜ ਨਾ ਜਾਣ। ਫਿਰ ਤਾਣੀ ਇਕੱਠੀ ਕਰਦਾ ਤੇ ਰੱਸ਼ ਨਾਲ ਉਹਦਾ ਇੱਕ ਇਕ ਧਾਗਾ ਥੁੱਕ ਨਾਲ ਮਰੋੜੀਆਂ ਦੇ ਕੇ ਜੋੜਦਾ। ਫਿਰ ਪੱਲੇ ਲਈ ਖੱਡੀ ’ਤੇ ਚੜ੍ਹਾਉਂਦਾ। ਹੁਣ ਬਾਣੇ ਲਈ ਨਲੀਆਂ ਵੱਟੀਆਂ ਜਾਂਦੀਆਂ। ਭਾਈਆ ਖੱਡੀ ਵਿੱਚ ਲੱਤਾਂ ਲਮਕਾ ਕੇ ਬਹਿੰਦਾ। ਉਹ ਪੈਰਾਂ ਨਾਲ ਪੰਜਾਲੇ ਦੀਆਂ ਪਸਾਰਾਂ ਵਾਰੋ-ਵਾਰੀ ਦਬਾ ਕੇ ਤਾਣੀ ਵਿੱਚੀਂ ਨਾਲ ਕਦੇ ਸੱਜੇ ਹੱਥ ਨਾਲ ਖੱਬੇ ਵੱਲ ਨੂੰ ਫੁਰਤੀ ਨਾਲ ਲੰਘਾਉਂਦਾ ਤੇ ਕਦੇ ਖੱਬੇ ਹੱਥ ਨਾਲ ਸੱਜੇ ਵੱਲ ਨੂੰ। ਜੇ ਨੋਕੀਲੀ ਨਾਲ (ਜਿਸ ਵਿੱਚ ਨਲੀ-ਧਾਗਾ ਹੁੰਦਾ) ਜਿੱਡੀ ਚਲਦੀ ਤਾਂ ਉਸ ਦੁਆਲੇ ਸਰ੍ਹੋਂ ਦੇ ਤੇਲ ਦਾ ਹੱਥ ਮਲਦਾ। ਉਂਜ ਵੀ ਕਾਲੀ ਲੱਕੜ ਦੀ ਨਾਲ ਘਸ ਕੇ ਇੰਨੀ ਮੁਲਾਇਮ ਹੋ ਜਾਂਦੀ ਕਿ ਹੱਥਾਂ ਵਿੱਚੋਂ ਤਿਲਕਦੀ ਜਾਂਦੀ।
ਭਾਈਏ ਤੇ ਤਾਏ ਦੀ ਖੱਡੀ ਕੋਲ ਕੁਝ ਗਵਾਂਢੀ ਜੱਟ ਗੱਲਾਂ ਕਰਨ ਦੇ ਬਹਾਨੇ ਆ ਬਹਿੰਦੇ। ਇਨ੍ਹਾਂ ਵਿੱਚੋਂ ਤਾਇਆ ਹਰੀ ਸਿੰਘ, ਜਿਸ ਨੂੰ ਪਿੰਡ ਦੇ ਸਾਰੇ ਲੋਕ ਹਰੀ ਰਾਮ ਜਾਂ ਲੁੰਜ ਹੀ ਸੱਦਦੇ ਜਾਂ ਉਹਦਾ ਵੱਡਾ ਭਰਾ ਚੰਨੂ ਮੈਂਨੂੰ ਹਾਕ ਮਾਰ ਕੇ ਕਹਿੰਦੇ, ‘ਗੁੱਡ, ਰੱਤੇ ਬਾਹਮਣ ਦਿਓਂ ਲੰਪ ਦੀ ਡੱਬੀ ਫੜ ਲਿਆ ਦੌੜ ਕੇ।” ਤਾਇਆ ਚੰਨੂ ਸਿਰ ਖਨੂੰਹਦਾ ਤੇ ਭੋਗਪੁਰ ਦੀ ਖੰਡ ਮਿੱਲ ਵਿੱਚ ਹੋਈਆਂ ਘਟਨਾਵਾਂ ਨੂੰ ਹੱਸ-ਹੱਸ ਸੁਣਾਉਂਦਾ।
ਮੈਂ ਛੂਟ ਵੱਟ ਕੇ ਹੱਟੀ ਜਾਂਦਾ ਤੇ ਸਕਿੰਟਾਂ ਵਿੱਚ ਸਿਗਰਟਾਂ ਲੈ ਆਉਂਦਾ। ਤਾਏ ਹੁਰੀਂ ਦੋਵੇਂ ਭਰਾ ਕਦੀ ਇਕੱਠੇ ਤੇ ਕਦੀ ਇਕੱਲਾ-ਇਕੱਲਾ ਖੱਡੀਆਂ ਵਿੱਚ ਆ ਕੇ ਸਿਗਰਟਾਂ ਦੇ ਬੰਬੇ ਕੱਢਦੇ। ਉਨ੍ਹਾਂ ਦੇ ਤਾਏ ਦਾ ਪੁੱਤ ਰੇਸ਼ੂ (ਰੇਸ਼ਮ ਸਿੰਘ) ਆਪਣੇ ਕੋਲ ਰੇਡੀਓ ਰੱਖਦਾ ਤੇ ਤ੍ਰਕਾਲਾਂ ਨੂੰ ਘੁਸਮੁਸਾ ਹੋਣ ਤਕ ਇੱਥੇ ਬੈਠਾ ਰਹਿੰਦਾ। ਉਸਦਾ ਸਿਰ ਗੱਭਿਓਂ ਗੋਲਾਕਾਰ ਵਿੱਚ ਮੁੰਨਿਆਂ ਦੇਖ ਕੇ ਮੇਰਾ ਮੱਲੋਮੱਲੀ ਹਾਸਾ ਨਿੱਕਲ ਜਾਂਦਾ। ਮੈਂਨੂੰ ਇਹ ਵਾਰ ਵਾਰ ਦੇਖਣ ਦਾ ਮੌਕਾ ਮਿਲਦਾ ਜਦੋਂ ਤਾਇਆ ‘ਕੇਸ’ ਸੁਕਾਉਂਦਾ ਜਾਂ ਸਿਰ ਨੂੰ ਹਵਾ ਲੁਆਉਂਦਾ। ਕਈ ਵਾਰ ਗਿਆਨੂੰ ਨਾਈ ਉਹਦੇ ਸਿਰ ਵਿਚਕਾਰੋਂ ਵਾਲ ਇੱਥੇ ਹੀ ਮੁੰਨ ਦਿੰਦਾ ਤੇ ਕਦੀ ਦਾਹੜੀ ਦਾ ਖਤ ਕਰ ਦਿੰਦਾ। ਜਿੱਥੋਂ ਤਕ ਮੈਂਨੂੰ ਯਾਦ ਹੈ ਤਾਏ ਦੇ ਰੇਡੀਓ ਤੋਂ ਮੈਂ ਪਹਿਲੀ ਵਾਰ ਆਸਾ ਸਿੰਘ ਮਸਤਾਨਾ ਦਾ ਗਾਇਆ ਕਿੱਸਾ ਪੂਰਨ ਭਗਤ ਤੇ ਕਿੱਸਾ ਹੀਰ ਵਾਰਿਸ ਸ਼ਾਹ ਸੁਣਿਆ ਸੀ। ਤਾਇਆ ਅਣਵਿਆਹਿਆ ਹੋਣ ਕਰ ਕੇ ਕਈ ਉਹਨੂੰ ਪਿੱਠ ਪਿੱਛੇ ਛੜਾ ਜਾਂ ਬੋਕ-ਬੱਕਰਾ ਵੀ ਕਹਿੰਦੇ। ਇੰਨੇ ਨੂੰ ਕਦੀ ਕਦੀ ਤੋਤਿਆਂ ਦੀ ਕੋਈ ਡਾਰ ਤੀਰ ਦਾ ਨਿਸ਼ਾਨ ਬਣਾਉਂਦੀ ਸਾਡੇ ਸਿਰਾਂ ਉੱਤੋਂ ਦੀ ਉੱਡਦੀ-ਬੋਲਦੀ ਲੰਘ ਜਾਂਦੀ।
ਭਾਈਆ ਜਦੋਂ ਖੱਡੀ ਵਿੱਚੋਂ ਉੱਠ ਕੇ ਘਰੋਂ ਨਲ਼ੀਆਂ ਲੈਣ ਜਾਂ ਪਿਸ਼ਾਬ ਕਰਨ ਉੱਠਦਾ ਤਾਂ ਮੈਂ ਚੋਰੀ-ਚੋਰੀ ਹੁੱਕੇ ਦਾ ਸੂਟਾ ਮਾਰ ਲੈਂਦਾ। ਭਾਈਆ ਮੇਰੀ ਇਹ ਕਰਤੂਤ ਦੇਖ ਕੇ ਦੂਰੋਂ ਹੀ ਮੇਰੀ ਧੀ-ਦੀ ਭੈਣ-ਦੀ ਇੱਕ ਕਰਦਾ।
ਇੰਨੇ ਨੂੰ ਪਿੰਡ ਦੀ ਕੋਈ ਜੱਟੀ ਆ ਜਾਂਦੀ। ਬਹੁਤੀਆਂ ਜੱਟੀਆਂ ਆਪਣੇ ਕੋਲੋਂ ਸੂਤ ਜਾਂ ਰੂੰ ਦੇ ਕੇ ਭਾਈਏ ਕੋਲੋਂ ਡੱਬੀਆਂ, ਚਿੱਟੀਆਂ ਖੇਸ-ਖੇਸੀਆਂ, ਚਤਿਹੀਆਂ, ਚਾਦਰਾਂ ਬੁਣਵਾਉਂਦੀਆਂ। ਉਹ ਮੇਰੀ ਮਾਂ ਨੂੰ ਆਪਣੇ ਘਰ ਸੱਦ ਕੇ ਸੂਤ ਜਾਂ ਰੂੰ ਤੱਕੜੀ ਵਿੱਚ ਤੋਲ ਕੇ ਦਿੰਦੀਆਂ। ਮਾਂ ਨਾਲ ਹਿਸਾਬ ਕਰ ਕੇ ਬਦਲੇ ਵਿੱਚ ਮਿਹਨਤ ਵਜੋਂ ਕਣਕ ਜਾਂ ਮੱਕੀ ਦੇ ਦਾਣੇ ਦਿੰਦੀਆਂ। ਕਈ ਵਾਰ ਮੈਂ ਵੀ ਮਾਂ ਨਾਲ ਉਨ੍ਹਾਂ ਦੇ ਘਰੀਂ ਜਾਣ ਦੀ ਜ਼ਿੱਦ ਕਰਦਾ।
ਜਦੋਂ ਮੇਰੀ ਮਾਂ ਨੂੰ ਜੱਟੀ ਸੂਤ ਜਾਂ ਲੋਗੜੇ-ਰੂੰ ਦੀ ਪੰਡ ਚੁਕਾਉਂਦੀ ਤਾਂ ਨਾਲ ਹੀ ਕਹਿੰਦੀ, ‘ਸੀਬੋ ਰੁਕੀਂ ਜ਼ਰਾ, ਮੁੰਡੇ ਨੂੰ ਗੁੜ ਦੀ ਪੇਸੀ ਦੇ ਦਿਆਂ, ਵਰਾ ਹੋ ਜਾਉ।” ਮੇਰੇ ਚਿਹਰੇ ’ਤੇ ਰੌਣਕ ਆ ਜਾਂਦੀ। ਮੂੰਹ ਵਿੱਚ ਪਾਣੀ ਆ ਜਾਂਦਾ। ਮੈਂ ਆਪਣੇ ਸਦਾ ਵਗਦੇ ਨੱਕ ਨੂੰ ਆਪਣੇ ਝੱਗੇ ਦੇ ਮੋਢਿਆਂ-ਡੌਲਿਆਂ ਉਤਲੇ ਹਿੱਸੇ ਨਾਲ ਬਿਨਾਂ ਹੱਥ ਲਾਇਆਂ ਪੂੰਝ ਲੈਂਦਾ। ਮਾਂ ਤੋਂ ਮੋਹਰੇ ਦੌੜ ਕੇ ਘਰ ਪਹੁੰਚ ਜਾਂਦਾ।
ਇਨ੍ਹਾਂ ਖੱਡੀਆਂ ਉੱਤੇ ਫ਼ੌਜ ਲਈ ਤੌਲੀਏ ਬੁਣੇ ਜਾਂਦੇ। ਲਹਿਰੀਆ ਬੁਣਿਆ ਜਾਂਦਾ। ਸਿਲਕ-ਲੀਲਨ ਦੀ 110-110 ਗ਼ਜ਼ ਦੀ ਤਾਣੀ ਅਤੇ 30-30 ਗਜ਼ ਦਾ ਥਾਨ ਹੁੰਦਾ। ਜਦੋਂ ਸਿਲਕੀ ਤਾਣੀ ਨੂੰ ਖੱਡੀ ਅਤੇ ਖੁੰਡੇ ਵਿਚਾਲਿਓਂ ਕੁਝ ਝੋਲ ਪੈ ਜਾਂਦਾ ਤਾਂ ਭਾਈਆ ਮੂੰਹ ਵਿੱਚ ਪਾਣੀ ਭਰ ਕੇ ਫ਼ਰਾਟਾ ਮਾਰਦਾ। ਮੈਂ ਆਪਣੇ ਵਰਗਾ ਨਿੱਕਾ ਜਿਹਾ ਹਾਸਾ ਹੱਸਦਾ। ਭਾਈਆ ਦੋ ਤਿੰਨ ਵਾਰ ਇਉਂ ਪਾਣੀ ਬੁਲਕਦਾ ਤਾਂ ਤਾਣੀ ਐੱਨ ਤਣ ਜਾਂਦੀ। ਉਹ ਫਿਰ ਹੱਥਾਂ ਦੇ ਦਸਾਂ ਨਹੁੰਆਂ ਤੇ ਪੈਰਾਂ ਦੇ ਦਸਾਂ ਨਹੁੰਆਂ ਨੂੰ ਫ਼ੁਰਤੀ ਨਾਲ ਹਰਕਤ ਵਿੱਚ ਲੈ ਆਉਂਦਾ।
“ਤਾਣੀ ਦਾ ਉਦੋਂ ਸਾਲਾ ਮਿਲਦਾ ਕੀ ਸੀ, ਪੰਜ ਰੁਪਏ ਥਾਨ ਦੇ। ਤਾਣੀ ਦਾ ਸਾਰਾ ਕੱਚਾ ਮਾਲ ਹੁਸ਼ਿਆਰਪੁਰ ਦੇ ਪਿੰਡਾਂ ਜੌੜਾ, ਖ਼ਾਨਪੁਰ, ਚੰਡਿਆਲ, ਖ਼ਲਾਸਪੁਰ ਦੇ ਮੁਸਲਮਾਨ ਜੁਲਾਹਿਆਂ ਤੇ ਨੈਣੋਆਲੀਏ ਮੁਣਸ਼ੀ ਤੋਂ ਬੁਣਨ ਲਈ ਲਿਆਈਦਾ ਸੀ। ਸਾਰਾ ਪੈਂਡਾ ਪੈਰੀਂ ਤੈਅ ਕਰਨਾ ਤੇ ਦੋ-ਦੋ ਮਣ ਦੀਆਂ ਗੰਢਾਂ ਸਿਰ ਉੱਤੇ ਚੁੱਕ ਕੇ ਲਿਆਉਣੀਆਂ। ਕਦੀ ਕੜਾਕੇ ਦੀ ਧੁੱਪ, ਕਦੀ ਮੀਂਹ, ਕਦੀ ਨ੍ਹੇਰੀ, ਕਦੀ ਕਹਿਰ ਦੀ ਠੰਢ। ਫਿਰ ਵੀ ਤੁਰੇ ਰਹੀਦਾ ਸੀ।” ਭਾਈਏ ਨੇ ਝੂਰਦਿਆਂ ਹੋਇਆਂ ਇੱਕ ਹੋਰ ਅਕੱਥ-ਕਥਾ ਆਰੰਭ ਲਈ। ਹੁਣ ਮੈਂ ਦੇਖਦਾ ਹਾਂ ਕਿ ਇਹ ਪਿੰਡ ਸੱਤ ਤੋਂ ਸਤਾਈ ਕਿਲੋਮੀਟਰ ਦੀ ਦੂਰੀ ਉੱਤੇ ਵਸੇ ਹੋਏ ਹਨ।
“ਅਸੀਂ ਤਾਂ ਖਬਰੇ ਪੈਦਾ ਈ ਜ਼ੁਲਮ ਝੱਲਣ ਨੂੰ ਹੋਏ ਆਂ, ਕਾਹਦਾ ਜੀਣਾ ਸੀ ਉਦੋਂ ਸਾਡਾ।” ਭਾਈਏ ਨੇ ਦੁਖਦੀ ਰਗ਼ ’ਤੇ ਇੱਕ ਵਾਰ ਫਿਰ ਹੱਥ ਰੱਖਿਆ।
“ਇਕ ਵਾਰੀ ਪਤਾ ਕੀ ਹੋਇਆ? ਭੋਗਪੁਰ ਦੀ ਚੌਂਕੀ ਦਾ ਦਰੋਗਾ ਅਈਥੇ ਖੱਡੀਆਂ ਵਿੱਚ ਆ ਗਿਆ। ਧਰਮ ਨਾ ਬੜਾ ਜਵਾਨ ਸੀ ਸਾਲਾ ਉਹ ਲਾਲਾ। ਮਈਨੂੰ ਤੇ ਧੰਨੇ ਨੂੰ ਕਹਿਣ ਲੱਗਾ ਪਈ ਭਲਕੇ ਥਾਨ ਲੈ ਕੇ ਠਾਣੇ ਆਇਓ। ਬੰਨ੍ਹੋਗਿਰੀ ਨੂੰ ਅਸੀਂ ਕਿੰਨੇ ਸਾਰੇ ਥਾਨ ਲੈ ਗਏ। ਉਹਨੇ ਇੱਕ ਇਕ ਥਾਨ ਸਾਡੇ ਦੋਹਾਂ ਕੋਲੋਂ ਛਾਂਟ ਕੇ ਰੱਖ ਲਿਆ। ਅਸੀਂ ਖੜ੍ਹੇ ਰਹੇ ਪਈ ਕੁਛ ਦਊਗਾ। ਸਗੋਂ ਉਲਟਾ ਦਬਕਾ ਮਾਰ ਕੇ ਭੈਣ ਦਾ ਖਸਮ ਕਹਿਣ ਲੱਗਾ, ਦੌੜ ਜਾਓ, ਮੇਰੇ ਮੂੰਹ ਅਲ ਕੀ ਦੇਖਦੇ ਆਂ। ਧਰਮ ਨਾ ਸਾਡੀਆਂ ਲੱਤਾਂ ਕੰਬਣ ਲੱਗ ਪਈਆਂ। ਅਸੀਂ ਦਬਾ ਸੱਟ ਠਾਣਿਓਂ ਨਿਕਲ ਪਏ ਪਈ ਕਿਤੇ ਕੋਈ ਹੋਰ ਮਾਂ ਦਾ ਯਾਰ ਆ ਕੇ ਠੱਗੀ ਨਾ ਮਾਰ ਲਏ।” ਭਾਈਆ ਗੱਲ ਨੂੰ ਵਿਸਥਾਰ ਦਿੰਦਾ ਰਿਹਾ। ਕੁਝ ਪਲਾਂ ਬਾਅਦ ਉਹ ਫਿਰ ਆਪਣੀ ਪਹਿਲੀ ਗੱਲ ਉੱਤੇ ਆ ਗਿਆ, ‘ਇਨ੍ਹਾਂ ਖੱਡੀਆਂ ਵਿੱਚ ਬੜੀਆਂ ਰੌਣਕਾਂ ਹੁੰਦੀਆਂ ਸੀ।’
ਇਹ ਸੁਣ ਕੇ ਮੈਂਨੂੰ ਬਾਲ-ਵਰੇਸ ਵਿੱਚ ਇਸ ਬੋਹੜ ਦੇ ਝੜ ਗਏ ਪੀਲੇ ਪੱਤਿਆਂ ਦੀਆਂ ਬਣਾਈਆਂ ਭੰਬੀਰੀਆਂ ਘੁੰਮਦੀਆਂ ਦਿਸੀਆਂ ਜਦੋਂ ਮੈਂ ਹਵਾ ਦੇ ਉਲਟ ਦੌੜਦਾ ਹਵਾ ਹੋ ਜਾਂਦਾ ਸੀ। ਇਹ ਚੇਤੇ ਕਰਦਿਆਂ ਮੇਰੇ ਤਨ-ਮਨ ਉੱਤੇ ਰੌਣਕ ਇਸ ਬੋਹੜ-ਪਿੱਪਲ ਦੀ ਛਾਂ ਵਾਂਗ ਪਸਰ ਗਈ। ਵਿਆਹਾਂ-ਸ਼ਾਦੀਆਂ ਵੇਲੇ ਬੋਹੜ ਦੇ ਡਾਹਣਿਆਂ ਨਾਲ ਬੰਨ੍ਹੇ ਲਾਊਡ ਸਪੀਕਰ ਸਾਕਾਰ ਹੋ ਗਏ। ਜਾਦੂਗਰਾਂ ਤੇ ਤਮਾਸ਼ਾ ਦਿਖਾਉਣ ਵਾਲਿਆਂ ਵਲੋਂ ਦੇਸੀ ਠੇਕੇ ਦੀ ਸ਼ਰਾਬ ਦੀਆਂ ਬੋਤਲਾਂ, ਅਣਸੀਤੇ ਕੱਪੜਿਆਂ ਦੇ ਸੂਟ ਤੇ ਹੋਰ ਕਿੰਨਾ ਸਾਮਾਨ ਕੱਢੇ ਜਾਣ ਨਾਲ ਮੈਂ ਅੰਦਰ ਹੀ ਅੰਦਰ ਖ਼ੁਸ਼ ਹੋ ਕੇ ਰਹਿ ਗਿਆ। ਪਿੱਤਲ ਦੇ ਭਾਂਡੇ ਕਲੀ ਕਰਦੇ ਕਾਰੀਗਰ ਦੀ ਅੰਗੀਠੀ ਦੇ ਧੂੰਏਂ ਨਾਲ ਮੈਂਨੂੰ ਹੁੱਥੂ ਆਉਂਦਾ ਮਹਿਸੂਸ ਹੋਇਆ।
“ਸਾਡਾ ਦਵਾਨ (ਮੇਰਾ ਤਾਇਆ ਦੀਵਾਨ ਚੰਦ) ਹੀਰ ਦਾ ਕਿੱਸਾ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਬੜੀ ਹਾਲੇ ਦੀ ’ਵਾਜ ਸੀ। ਅੱਧਾ ਪਿੰਡ ’ਕੱਠਾ ਹੋ ਜਾਂਦਾ ਸੀ।” ਭਾਈਏ ਨੇ ਕਿਹਾ। ਹੁਣ ਉਹਦੇ ਮੂੰਹ ’ਤੇ ਹਲਕੀ ਜਿਹੀ ਮੁਸਕਾਨ ਉੱਭਰੀ।
ਇਸੇ ਦੌਰਾਨ ਮੈਂਨੂੰ ਅੰਨ੍ਹੇ ਸਾਧ, ਗਰੀਬ ਦਾਸ ਦਾ ਖ਼ਿਆਲ ਆਇਆ ਜੋ ਗਰਮੀਆਂ ਨੂੰ ਬੋਹੜ ਥੱਲੇ ਪੂਰਨ ਭਗਤ, ਕੌਲਾਂ, ਤਾਰਾ ਰਾਣੀ ਅਤੇ ਦਹੂਦ ਦਾ ਕਿੱਸਾ ਸੁਣਾਉਂਦਾ ਹੁੰਦਾ ਸੀ। ਉਹ ਇੱਕ ਹੱਥ ਨਾਲ ਤੂੰਬਾ (ਇਕ ਤਾਰਾ) ਅਤੇ ਦੂਜੇ ਹੱਥ ਵਿੱਚ ਪਾਈਆਂ ਖੜਤਾਲਾਂ ਵਜਾਉਂਦਾ। ਉਹ ਵਿੱਚ-ਵਿਚਾਲੇ ਪ੍ਰਸੰਗ ਸਹਿਤ ਕਥਾ-ਵਿਆਖਿਆ ਕਰਦਾ। ਨਾਲ਼ੋ ਨਾਲ ਹੁੱਕੇ ਦਾ ਘੁੱਟ ਵੀ ਭਰ ਲੈਂਦਾ। ਉਹਦੀ ਲੰਮੀ, ਭਰਵੀਂ ਬੱਗੀ ਦਾਹੜੀ ਤੇ ਮੁੱਛਾਂ ਧੁਆਂਖ ਹੋ ਕੇ ਲਾਖੇ ਰੰਗ ਦੀਆਂ ਹੋ ਗਈਆਂ ਸਨ ਅਤੇ ਉਹਦੇ ਗੇਰੂਏ ਰੰਗ ਦੇ ਚੋਲੇ ਨਾਲ ਇਕਮਿਕ ਹੋਣ ਦਾ ਝਉਲਾ ਪੈਂਦਾ ਸੀ। ਉਹਦੇ ਸੰਘਣੇ ਕੇਸਾਂ ਵਿੱਚ ਜੂੰਆਂ ਤੇ ਲੀਖਾਂ ਦੀ ਭਰਮਾਰ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਜਦੋਂ ਉਹ ਆਪਣੀ ਪੱਗ ਹੇਠਾਂ ਲਗਾਤਾਰ ਖਨੂਹਾ ਫੇਰਦਾ। ਗਰੀਬ ਦਾਸ ਨੂੰ ਸਾਰੇ ‘ਅੰਨ੍ਹਾ ਸਾਧ’ ਹੀ ਕਹਿੰਦੇ। ਗਾਉਣ ਦੌਰਾਨ ਕਈ ਵਾਰ ਉਹ ਮੈਂਨੂੰ ਕਹਿੰਦਾ, ‘ਗੁੱਡ, ਚਿਲਮ ਵਿੱਚ ਅੱਗ ਧਰ ਦੇ।” ਉਹ ਅੱਧੀ-ਅੱਧੀ ਰਾਤ ਤਕ ਗਾਉਂਦਾ ਰਹਿੰਦਾ। ਤੁਰਨ ਵੇਲੇ ਉਹਨੂੰ ਕੋਈ ਨਿਉਂਦਾ ਦਿੰਦਾ, ‘ਮਾਰ੍ਹਾਜ ਭਲਕੇ ਸਾਡੇ ਅਲ ਪ੍ਰਸ਼ਾਦਾ ਛਕ ਲਿਓ।’
ਇੱਕ ਹੋਰ ਅੰਨ੍ਹੇ ਸਾਧ ਦਾ ਮੈਂਨੂੰ ਚੇਤਾ ਆਇਆ ਜਿਸ ਨੇ ਆਪਣਾ ਨਾਂ ਅਸਲਾਮ ਰੱਖਿਆ ਹੋਇਆ ਸੀ। ਉਹ ਬਹੁਤ ਭਰਵੇਂ ਜੁੱਸੇ ਦਾ ਸੀ। ਹੱਥ ਵਿੱਚ ਸੰਮਾਂ ਵਾਲੀ ਡਾਂਗ ਰੱਖਦਾ ਤੇ ਹਰਾ ਚੋਲਾ ਤੇ ਹਰੀ ਟੋਪੀ ਪਹਿਨਦਾ। ਸਾਲ ਵਿੱਚ ਦੋ ਤਿੰਨ ਵਾਰ ਆ ਕੇ ਸਾਡੇ ਪਿੰਡ ਕੁਝ ਦਿਨਾਂ ਤਕ ਰਹਿੰਦਾ। ਸਾਡੇ ਘਰ ਦੇ ਬਿਲਕੁਲ ਨਾਲ ਦੇ ਘਰ - ਮੇਰੇ ਭਾਈਏ ਹੁਰਾਂ ਦੇ ਤਾਏ ਦੇ ਪੁੱਤ ਕੋਲ। ਉਹ ਕੱਵਾਲੀ, ਕਾਫ਼ੀ ਤੇ ਹੋਰ ਧਾਰਮਿਕ ਗੀਤ ਗਾਉਂਦਾ। ਉਹ ਹਾਰਮੋਨੀਅਮ ਜਾਂ ਸਾਰੰਗੀ ਵਜਾਉਂਦਾ। ਉਹਦੇ ਹੋਰ ਮੁਰੀਦ ਜੋੜੀ ਤੇ ਸਾਰੰਗੀ ਵਜਾਉਂਦੇ। ਉਹਨੂੰ ਹਾਲ ਜਿਹਾ ਚੜ੍ਹ ਜਾਂਦਾ। ਉਹਦੀ ਆਵਾਜ਼ ਉੱਚੀ ਹੁੰਦੀ ਜਾਂਦੀ ਜੋ ਥੰਮ੍ਹਣ ਵਿੱਚ ਨਾ ਆਉਂਦੀ। ਉਹ ਸਾਧ ਸੀ ਤਾਂ ਸਾਡੀ ਬਰਾਦਰੀ ਦਾ ਪਰ ਉਸ ਨੇ ਇਸਲਾਮ ਨੂੰ ਅੰਗੀਕਾਰ ਕਰ ਲਿਆ ਸੀ, ਸਮਾਜਿਕ ਬਰਾਦਰੀ ਖ਼ਾਤਰ। ਉਹਦੇ ਪ੍ਰਵਚਨਾਂ ਸਦਕਾ ਮੇਰੇ ਆਪਣੇ ਤਾਏ ਦੇ ਤਿੰਨਾਂ ਪੁੱਤਰਾਂ ਨੇ ਉਸ ਨੂੰ ਆਪਣਾ ਮੁਰਸ਼ਦ ਬਣਾ ਲਿਆ ਸੀ। ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਭਰਪੂਰ ਗਿਆਨ ਸੀ। ਉਹ ਕਈ ਗ੍ਰੰਥੀਆਂ ਦੇ ਗ਼ਲਤ ਗੁਰਬਾਣੀ ਉਚਾਰਣ ਨੂੰ ਫੜ ਲੈਂਦਾ ਤੇ ਸਰੇਆਮ ਫ਼ਿਟਕਾਰਦਾ। ਉਹ ਲਲਕਾਰਦਾ, ‘ਮੇਰੇ ਕੋਲੋਂ ਪੁੱਛੋ ਕਿਹੜਾ ਸ਼ਬਦ ਕਿੰਨਵੇਂ ਸਫ਼ੇ ’ਤੇ ਆ - ਮੇਰੇ ਕੋਲੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਪਿਛਲੇ ਪਾਸਿਓਂ ਪੜ੍ਹਾ ਲਵੋ।” ਪਿੰਡ ਦੇ ਕਈ ਲੋਕ ਉਹਦੇ ਵਿਚਾਰ ਸੁਣਨ ਲਈ ਆਉਂਦੇ।
“ਇਕ ਵਾਰ ਸਾਡੇ ਮਹਿਨੇ ਵਾਲੇ ਸੰਤਾਂ ਨੇ ਇਨ੍ਹਾਂ ਖੱਡੀਆਂ ਵਾਲੇ ਥਾਂ, ਇਸ ਬੋਹੜ ਥੱਲੇ ਦਰਬਾਰ ਸਾਹਿਬ ਦਾ ਖੰਡ (ਅਖੰਡ) ਪਾਠ ਕਰਾਇਆ।” ਇਹ ਗੱਲ ਤੋਰ ਕੇ ਭਾਈਏ ਨੇ ਜਿਵੇਂ ਮੇਰੇ ਖ਼ਿਆਲਾਂ ਦੀ ਲੜੀ ਹੋਰ ਜੋੜਨ ਤੋਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਮੈਂ ਬਹੁਤ ਛੋਟਾ ਸੀ ਪਰ ਮੇਰੇ ਸਾਹਮਣੇ ਸੰਤ ਰਾਮ ਲਾਲ ਦਾ ਗੋਰਾ ਨਿਛੋਹ ਚਿਹਰਾ ਪ੍ਰਗਟ ਹੋਇਆ ਜੋ ਉਨ੍ਹਾਂ ਦੀ ਦੁੱਧ ਵਰਗੀ ਚਿੱਟੀ ਦਾਹੜੀ ਨਾਲ ਮੇਲ ਖਾ ਰਿਹਾ ਸੀ। ਗੁਣੀ-ਗਿਆਨੀ ਹੋਣ ਕਰ ਕੇ ਸਾਰੇ ਪਿੰਡ ਵਿੱਚ ਉਨ੍ਹਾਂ ਦੀ ਚੰਗੀ ਮਾਨਤਾ ਸੀ। ਭੋਗ ਵੇਲੇ ਪਿੰਡ ਦੀਆਂ ਤਕਰੀਬਨ ਸਾਰੀਆਂ ਬਿਰਾਦਰੀਆਂ ਦੇ ਲੋਕ ਉਨ੍ਹਾਂ ਦੇ ਬਚਨ ਸੁਣਨ ਆਏ। ਜਦੋਂ ਪ੍ਰਸ਼ਾਦ ਵੰਡ ਹੋਣ ਲੱਗਾ ਤਾਂ ਉਹ ਵਾਰੋ-ਵਾਰੀ ਹੱਥ ਧੋਣ ਜਾਂ ਪਿਸ਼ਾਬ ਕਰਨ ਦੇ ਬਹਾਨੇ ਖਿਸਕ ਗਏ। ਇਸ ਵਾਕਿਆ ਦੀ ਚਰਚਾ ਸਾਡੇ ਲੋਕ ਕਈ ਦਿਨਾਂ ਤਕ ਕਰਦੇ ਰਹੇ। ਕਹਿੰਦੇ, ‘ਭਲਾ ਜੇ ਪ੍ਰਸ਼ਾਦ ਨਹੀਂ ਲੈਣਾ ਸੀ ਤਾਂ ਆਏ ਥਣ ਲੈਣ ਸੀ?’
... ਤੇ ਬਰਸਾਤਾਂ ਨੂੰ ਬੁਣਾਈ ਦਾ ਕੰਮ ਬਾਹਲਾ ਹੀ ਘਟ ਜਾਂਦਾ। ਇਸ ਕਰਕੇ ਕਿ ਮੇਰੇ ਇਨ੍ਹਾਂ ਲੋਕਾਂ ਨੇ ਪਿੰਡ ਦੇ ਜਾਂ ਲਾਗਲੇ ਪਿੰਡਾਂ ਸੋਹਲਪੁਰ, ਮਾਣਕਢੇਰੀ, ਰਾਸਤਗੋ, ਸਿਕੰਦਰਪੁਰ, ਢੱਡਾ-ਸਨੌਰਾ ਦੇ ਜੱਟਾਂ-ਜ਼ਮੀਂਦਾਰਾਂ ਤੋਂ ਮੱਝਾਂ ਅਧਿਆਰੇ ਉੱਤੇ ਜਾਂ ਪੰਜ-ਦਵੰਜੀ ਹਿੱਸੇ ਉੱਤੇ ਲਈਆਂ ਹੁੰਦੀਆਂ ਜਿਨ੍ਹਾਂ ਨੂੰ ਬੋਹੜ ਥੱਲੇ ਬੰਨ੍ਹਦੇ। ਲੱਸੀ-ਦਹੀਂ ਨਾਲ ਬੋਹੜ ਕੋਲ ਦੇ ਖੂਹ ਵਿੱਚੋਂ ਪਾਣੀ ਦੇ ਡੋਲ ਕੱਢ ਕੇ ਨਹਾਉਂਦੇ। ਪੂਛਾਂ ਮੁੰਨਦੇ, ਧਲਿਆਰੇ ਪਾਉਂਦੇ। ਮੇਰਾ ਭਾਈਆ ਮੱਝਾਂ ਦੇ ਗੱਲਾਂ ਵਿੱਚ ਟੱਲੀਆਂ ਤੇ ਪੈਰਾਂ ਵਿੱਚ ਝਾਂਜਰਾਂ ਪਾਉਂਦਾ। ਸਾਡਾ ਸਾਰਾ ਟੱਬਰ ਇਨ੍ਹਾਂ ਦੇ ਅੱਗੇ ਪਿੱਛੇ ਹੀ ਰੁੱਝਾ ਰਹਿੰਦਾ। ਅਸੀਂ, ਮੇਰਾ ਭਾਈਆ, ਮੇਰਾ ਵੱਡਾ ਭਰਾ ਤੇ ਮੈਂ ਪਿੰਡ ਕੋਲੋਂ ਦੀ ਵਗਦੇ ਚੋਅ ਵਿੱਚੋਂ ਜਾਂ ਟਿੱਬੇ ਤੋਂ ਰੇਤਾ ਲਿਆ ਕੇ ਇਨ੍ਹਾਂ ਦੇ ਥੱਲੇ ਪਾਉਂਦੇ। ਸਿਆਲਾਂ ਨੂੰ ਮੈਂ ਤੇ ਬਖਸ਼ੀ ਰਾਹਾਂ ਕਿਨਾਰੇ ਦੀਆਂ ਟਾਹਲੀਆਂ ਤੋਂ ਝੜੇ-ਖਿੱਲਰੇ ਪੱਤਿਆਂ ਨੂੰ ਹੂੰਝ ਲਿਆਉਂਦੇ। ਕਦੀ-ਕਦੀ ਖੇਤਾਂ ਵਿੱਚੋਂ ਗੰਨਿਆਂ ਦੀ ਖੋਰੀ ਜੱਟਾਂ ਤੋਂ ਚੋਰੀ ਇਕੱਠੀ ਕਰ ਲਿਆਉਂਦੇ ਤੇ ਪਸ਼ੂਆਂ ਹੇਠਾਂ ਪਾਉਂਦੇ।
ਜਦੋਂ ਮੱਝਾਂ-ਝੋਟੀਆਂ ਸੂਣ ਵਾਲੀਆਂ ਹੁੰਦੀਆਂ ਤਾਂ ‘ਵਾਜਬ’ ਮੁੱਲ ਪੈਂਦਾ। ਅਕਸਰ ਜੱਟ ਖ਼ਰੀਦਦੇ। ਇਉਂ ਮੇਰਾ ਭਾਈਆ ਸਾਲ, ਡੇਢ ਸਾਲ ਬਾਅਦ ਮੱਝ ਦਾ ਰੱਸਾ-ਸੰਗਲ ਖੋਲ੍ਹ ਕੇ ਜੱਟ ਦੇ ਹੱਥ ਫੜਾਉਂਦਾ। ਘਰ ਦੇ ਜੀਆਂ ਦੇ ਮੂੰਹ ਲੱਥ ਜਿਹੇ ਜਾਂਦੇ।
ਕਦੀ-ਕਦੀ ਮੱਝ ਸਾਡੇ ਘਰ ਹੀ ਸੂਅ ਪੈਂਦੀ। ਮੈਂ ਕੱਟੀ-ਕੱਟੇ ਨਾਲ ਖੇਡਦਾ, ਲਾਡ ਕਰਦਾ। ਜਦੋਂ ਕਟੜੂ ਰੱਸਾ ਚੱਬਦਾ ਤਾਂ ਮੈਂ ਹੁੱਬਦਾ। ਮੈਂ ਉਹਦੇ ਮੂੰਹ ਵਿੱਚ ਘਾਹ ਦੀਆਂ ਲੈਰੀਆਂ-ਲੈਰੀਆਂ ਤਿੜ੍ਹਾਂ ਪਾਉਂਦਾ ਤਾਂ ਉਹ ਉਸ ਨੂੰ ਤੇ ਮੇਰੇ ਹੱਥ ਨੂੰ ਚੱਬਣ ਦੀ ਕੋਸ਼ਿਸ਼ ਕਰਦਾ ਤੇ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ। ਪਲ ਭਰ ਬਾਅਦ ਮੈਂ ਉਹਦਾ ਸਿਰ ਪਲੋਸਣ ਲੱਗ ਪੈਂਦਾ। ਇਸ ਮੋਹ ਕਾਰਣ ਹੀ ਮੈਂ ਮੱਝ ਪਿੱਛੇ ਜਾ ਰਹੇ ਕਟੜੂ ਲਈ ਅੜੀ ਕਰਦਾ।
“ਆਪਾਂ ਇੱਕ ਹੋਰ ਮੱਝ ਲੈ ਆਮਾਂਗੇ - ਪੰਜ ਕਲਿਆਣੀ, ਬੂਰੀ - ਮੀਮੀਂ ਜਿਹੀ।” ਕਈ ਵਾਰ ਮਾਂ ਮੈਂਨੂੰ ਪਤਿਆਉਂਦੀ।
ਭਾਈਆ ਆਪਣੇ ਪਹਿਲੇ ਘਰ ਗਈ ਮੱਝ ਦੀਆਂ ਸਿਫ਼ਤਾਂ ਕਰਦਾ ਨਾ ਥੱਕਦਾ, ‘ਧਰਮ ਨਾ ਬੜੀ ਸੁਨੱਖੀ ਸੀ। ਚੱਡਾ ਬੜਾ ਭਾਰਾ ਸੀ।” ਕਦੀ ਕਹਿੰਦਾ, ‘ਸਾਡੇ ਕੋਲ ਪੈਹੇ ਹੁੰਦੇ ਤਾਂ ਅਸੀਂ ਰੱਖ ਲੈਣੀ ਸੀ - ਸਾਨੂੰ ਤਾਰ ਦੇਣਾ ਸੀ ਉਹਨੇ - ਬੜੇ ਰਵੇ ਦੀ ਸੀ। ਪਰ ਸਾਡੀ ਸਾਲ਼ੀ ਕਿਸਮਤ ਕਿੱਥੇ ...?’
ਇਸ ਬੋਹੜ ਥੱਲੇ ਰੁਲੀਆ ਨਾਈ ਸਾਡੀਆਂ ਹਜਾਮਤਾਂ ਕਰਦਾ। ਅਸੀਂ ਸਾਰੇ ਨਿਆਣੇ ਉਹਨੂੰ ਤਾਇਆ ਸੱਦਦੇ ਹੁੰਦੇ ਸੀ। ਸਿਰ ਦੇ ਵਾਲ ਮੁੰਨਣ ਵੇਲੇ ਉਹ ਸਾਨੂੰ ਭੁੰਜੇ ਬਿਠਾ ਲੈਂਦਾ ਤੇ ਗਲੋਂ ਝੱਗਾ ਲੁਹਾ ਲੈਂਦਾ। ਉਹ ਕੋਲ ਬੈਠੇ ਤਾਏ ਮਹਿੰਗੇ ਜਾਂ ਦਲੀਪੇ ਤੋਂ ਹੁੱਕੇ ਦਾ ਘੁੱਟ ਭਰਦਾ ਰਹਿੰਦਾ। ਕਿੰਨਾ-ਕਿੰਨਾ ਚਿਰ ਬੈਠਾ ਮੈਂ ਅੱਕ-ਥੱਕ ਜਾਂਦਾ ਤੇ ਵਾਲ ਸੂਈਆਂ ਵਾਂਗ ਚੁੱਭਣ ਲੱਗ ਪੈਂਦੇ। ਕੈਂਚੀ, ਮਸ਼ੀਨ ਤੋਂ ਪਿੱਛੋਂ ਉਹਦਾ ਆਖ਼ਰੀ ‘ਹਥਿਆਰ’ ਉਸਤਰਾ ਹੁੰਦਾ। ਜਦੋਂ ਉਹ ਆਪਣੀ ਗੁੱਛੀ ਵਿੱਚੋਂ ਕੱਢਦਾ ਤਾਂ ਚਮੜੇ ਦੇ ਇੱਕ ਗੋਲ ਆਕਾਰ ਟੁਕੜੇ ਉੱਤੇ ਦੋ ਚਾਰ ਵਾਰ ਕਦੇ ਇੱਕ ਪਾਸੇ ਨੂੰ ਤੇ ਕਦੇ ਦੂਜੇ ਪਾਸੇ ਨੂੰ ਰਗੜ ਕੇ ਘਸਾਉਂਦਾ। ਫਿਰ ਉਹਦੀ ਧਾਰ ਨੂੰ ਜਾਚਦਾ ਤੇ ਸੱਜੇ ਹੱਥ ਦੀਆਂ ਅੰਗੂਠੇ ਨਾਲ ਦੀਆਂ ਦੋ ਉਂਗਲਾਂ ਨੂੰ ਪਾਣੀ ਭਰੀ ਕੌਲੀ ਵਿੱਚ ਭਿਉਂ ਕੇ ਪੁੜਪੜੀਆਂ ਤੇ ਕੰਨਾਂ ਵਿਚਾਲੇ ਦੀ ਥਾਂ ਤਰ ਕਰਦਾ। ਮੈਂ ਦਹਿਲ ਜਾਂਦਾ ਉਹ ‘ਬਸ-ਬਸ’ ਕਹਿੰਦਾ ਤਾਂ ਉਹਦੇ ਕੰਨਾਂ ਦੀਆਂ ਨੱਤੀਆਂ ਝੂਟੇ ਲੈ ਜਾਂਦੀਆਂ। ਉਹ ਫਿਰ ਮੇਰੇ ਸਾਹਮਣੇ ਜ਼ਮੀਨ ’ਤੇ ਰੱਖੇ ਛੋਟੇ ਜਿਹੇ ਸ਼ੀਸ਼ੇ ਨੂੰ ਚੁੱਕ ਕੇ ਆਪਣੀ ਕਤਰੀ ਦਾਹੜੀ ਤੇ ਮੁੱਛਾਂ ਨੂੰ ਸੁਆਰਦਾ। ਆਪਣੀਆਂ ਜਟੂਰੀਆਂ ਨੂੰ ਚਿੱਟੀ ਪਰ ਮੈਲ਼ੀ ਪੱਗ ਹੇਠਾਂ ਕਰਦਾ। ਜਦੋਂ ਭਾਈਆ ਕੱਟੇ ਵਾਲਾਂ ਨੂੰ ਦੇਖਦਾ ਤਾਂ ਟਿੱਪਣੀ ਕਰਦਾ, ‘ਕੰਜਰ ਦੀ ਸਾਰੀ ਉਮਰ ਨੰਘ ਗਈ - ਵਾਲ ਮੁੰਨਣੇ ਨਾ ਆਏ, ਦੇਖ ਕਿੱਦਾਂ ਧਲ਼ੀਆਂ ਪਾ ਤੀਆਂ। ਦੇਖ ਤਾਂ ਸਈ ਸੀਬੋ, ਸਾਲ਼ੇ ਨੇ ਇੱਧਰ ਵੀ ਮੁੰਡੇ ਦੇ ਹਰੜਾਂ ਪਾ ਤੀਆਂ।’
ਇੱਕ ਵਾਰੀ ਮੈਂ ਭਾਈਏ ਤੋਂ ਪੁੱਛਿਆ, ‘ਤਾਇਆ ਸਾਡੇ ਵਾਲ ਕੱਟਣ ਢੱਡਿਆਂ (ਚਾਰ ਕਿਲੋਮੀਟਰ ਦੂਰ ਪਿੰਡ) ਤੋਂ ਆਉਂਦਾ ਆ, ਸਾਡੇ ਪਿੰਡ ਤਾਇਆ ਗਿਆਨੂੰ ਤੇ ਉਹਦਾ ਭਾਈਆ, ਬਾਬਾ ਨੱਥਾ ਸੁੰਹ ਜੁ ਹੈਗੇ ਆ।’
“ਉਹ ਹਿੰਦੂ ਨਾਈ ਆ। ਸਾਡੇ ਵਾਲ ਨਹੀਂ ਮੁੰਨਦੇ।” ਭਾਈਆ ਇਹ ਕਹਿ ਕੇ ਕਿਸੇ ਹੋਰ ਕੰਮ ਵਿੱਚ ਰੁੱਝ ਗਿਆ। ਗੱਲ ਬਹੁਤੀ ਮੇਰੇ ਪੱਲੇ ਨਾ ਪਈ। ਪਰ ਤਾਏ ਗਿਆਨੂੰ ਨੂੰ ਮੈਂ ਕਈ ਵਾਰ ਜੱਟਾਂ ਦੇ ਪਸ਼ੂਆਂ ਦੀਆਂ ਪੂਛਾਂ ਮੁੰਨਦੇ ਦੇਖਿਆ ਸੀ।
ਬੋਹੜ-ਪਿੱਪਲ ਹੇਠਲੀ ਖੱਡੀਆਂ ਵਾਲੀ ਖੁੱਲ੍ਹੀ ਸਾਫ਼-ਸੁਥਰੀ ਥਾਂ ਕਾਰਣ ਇੱਥੇ ਕੋਈ ਨਾ ਕੋਈ ਸਰਗਰਮੀ ਰਹਿੰਦੀ। ਕੁੜੀਆਂ-ਮੁੰਡਿਆਂ ਦੇ ਵਿਆਹਾਂ ਦੇ ਦਿਨ ਬੰਨ੍ਹ ਹੁੰਦੇ। ਵਿਆਹ ਹੁੰਦੇ। ਜਨੇਤਾਂ ਦੇ ਉਤਾਰੇ ਹੁੰਦੇ। ਮਰਗ ਵੇਲੇ ਲੋਕ ਇੱਥੇ ਫੂਹੜੀ ’ਤੇ ਬਹਿੰਦੇ।
ਇਸ ਬੋਹੜ-ਪਿੱਪਲ ਸਦਕਾ ਸਾਡਾ ਮੁਹੱਲਾ ਸਮੁੱਚੇ ਪਿੰਡ ਦੇ ਮਨੋਰੰਜਨ ਦਾ ਸਾਧਨ ਵੀ ਸੀ। ਇਸ ਥਾਂ ਨਕਲਾਂ ਹੁੰਦੀਆਂ। ‘ਸਾਲ’ ਹੁੰਦਾ। ‘ਸਾਲ’ ਦੀ ਰਸਮ ਸਾਲ ਪਿੱਛੋਂ ਅਕਸਰ ਬਰਸਾਤ ਤੋਂ ਬਾਅਦ ਮਾਲ-ਡੰਗਰ ਦੀ ਖ਼ੈਰ-ਸੁਖ ਲਈ ਨਿਭਾਈ ਜਾਂਦੀ ਜੋ ਚਮਾਰਾਂ ਦੇ ਫ਼ਰਜ਼ਾਂ ਵਿੱਚ ਸ਼ਾਮਿਲ ਸੀ। ਇਸਦੀਆਂ ਤਿਆਰੀਆਂ ਮਹੀਨਾ ਭਰ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਅਸੀਂ ਚੜ੍ਹਦੀ ਉਮਰ ਦੇ ਮੁੰਡੇ ਆਪਣੇ ਤੋਂ ਵੱਡਿਆਂ ਨਾਲ ‘ਸਾਲ’ ਵਾਸਤੇ ਸਮੱਗਰੀ ਤੇ ਹੋਰ ਰਸਮਾਂ ਨਿਭਾਉਣ ਵਾਲੇ ਚੇਲਿਆਂ ਅਤੇ ਨਕਲੀਆਂ ਵਾਸਤੇ ਰਸਦ ਲਈ ਪੰਜ-ਪਾ-ਪੂਛ ਦੇ ਹਿਸਾਬ ਨਾਲ ਅਨਾਜ ਘਰ-ਪਰਤੀ ਉਗਰਾਹੁਣ ਜਾਂਦੇ। ਸਾਡੇ ਅਤੇ ਕਈ ਹੋਰ ਗਰੀਬ ਜੱਟ ਪਰਿਵਾਰਾਂ ਦੇ ਘਰੀਂ ਦਾਣੇ ਫ਼ੱਕੇ ਦੀ ਕਮੀ ਹੁੰਦੀ ਜਿਸ ਕਰ ਕੇ ਉਹ ਆਪਣੇ ਪਸ਼ੂਆਂ ਦੀ ਗਿਣਤੀ ਘਟਾ ਕੇ ਦੱਸਦੇ।
“ਸਾਲ’ ਪਸ਼ੂਆਂ ਦੀ ਮੂੰਹ-ਖੁਰ ਦੀ ਬੀਮਾਰੀ ਨੂੰ ਹਟਾਉਣ ਤੇ ‘ਸਿੱਧ’ ਦੇਵਤੇ ਨੂੰ ਰਿਝਾਉਣ ਲਈ ਹੁੰਦਾ। ਇਸਦੀਆਂ ਰਸਮਾਂ ਸੰਪੂਰਨ ਕਰਨ ਵਾਲੇ ‘ਭਗਤਾਂ’ ਦਾ ਮੁਖੀਆ ਕਡਿਆਣੇ ਵਾਲਾ ਕਿਰਪਾ ਹੁੰਦਾ। ਉਹ ਬਹੁਤ ਉੱਚਾ-ਲੰਮਾ ਤੇ ਚੌੜੀ ਛਾਤੀ ਵਾਲਾ ਸੀ। ਉਸ ਨੇ ਭਗਵੇਂ ਕੱਪੜੇ ਪਾਏ ਹੁੰਦੇ ਤੇ ਗੱਲ ਵਿੱਚ ਕਈ ਮਾਲਾ। ਉਹਦੀ ਧੀ ਨੰਤੀ ਸਾਡੇ ਘਰਾਂ ਵਿੱਚ ਵਿਆਹੀ ਹੋਈ ਸੀ ਤੇ ਉਹਦਾ ਜਵਾਈ ਮੱਸਾ ਵੀ ਚੇਲਿਆਈ ਕਰਦਾ ਸੀ। ਉਹ ਆਪਣੇ ਆਪ ਨੂੰ ਮੱਸਾ ਸਿੰਘ ਕਹਾਉਂਦਾ ਪਰ ਮਢੀਰ ਉਹਨੂੰ ਮੱਸਾ ਰੰਘੜ ਹੀ ਕਹਿੰਦੀ - ਪਿੱਠ ਪਿੱਛੇ। ਕਿਸੇ ਦੀ ਮੱਝ-ਗਾਂ ਦੁੱਧ ਨਾ ਦਿੰਦੀ ਤਾਂ ਉਹ ਆਟੇ ਦੇ ਪੇੜੇ ਨੂੰ ਹੱਥ ਵਿੱਚ ਫੜ ਕੇ ਮੂੰਹ ਵਿੱਚ ਬੁੜਬੁੜ ਕਰਦਾ ਤੇ ਫਿਰ ਰੁਕ-ਰੁਕ ਫੂਕਾਂ ਮਾਰਦਾ। ਬਾਅਦ ਵਿੱਚ ਪੇੜਾ ਕਰਾਉਣ ਆਈ ਬਾਰੇ ਹੁੱਬ ਕੇ ਕਹਿੰਦਾ, “ਸਾਲੀ ਰਵਿਆਂ ਦੀ, ਗਾਂ ਨੂੰ ਪੱਠੇ ਪਾਉਂਦੀ ਨਹੀਂ, ਦੁੱਧ ਕਿਤੇ ਅਸਮਾਨੋਂ ਡਿਗ ਪੈਣਾ ਭਲਾ!” ਉਹ ਗੱਲਾਂ-ਗੱਲਾਂ ਵਿੱਚ ਮਿੱਠੀਆਂ ਮਸ਼ਕਰੀਆਂ ਵੀ ਕਰ ਲੈਂਦਾ, ‘ਆ ਗਈ ਲੈ ਕੇ ਹੱਥ ਹੌਲਾ ਕਰਾਉਣ, ਅਖੇ ਭਾਈਆ ਵਹੁਟੀ ਦੇ ਪੈਰ ਭਾਰੇ ਨਹੀਂ ਹੁੰਦੇ - ਪਈ ਭਾਈਆ ਇਹਦੇ ਵਿੱਚ ਕੀ ਕਰੇ ...।” ਉਹ ਕਈ ਵਾਰ ਮਸ਼ਕੂਲੇ ਵਾਲੀ ਗੱਲ ਨੱਕ ਵਿੱਚ ਬੋਲਦਾ।
‘ਸਾਲ’ ਦੀ ਸ਼ੁਰੂਆਤ ਸਾਡੇ ਘਰ ਪਿਛਲੀ ਚੜ੍ਹਦੀ ਕੱਚੀ ਕੰਧ ਨਾਲ ਮਿੱਟੀ ਦੀ ਇੱਕ ਨਿੱਕੀ ਜਿਹੀ ਲਿੱਪੀ ਪੋਚੀ ਥੜ੍ਹਾ ਨੁਮਾ ਢੇਰੀ ਉੱਤੇ ਬਾਬਾ ਸਿੱਧ ਚਾਨੋ ਦੇ ਨਾਂ ’ਤੇ ਕੁਝ ਸਲੋਕ-ਮੰਤਰ ਪੜ੍ਹਨ ਨਾਲ ਹੁੰਦੀ। ਸੰਗਰਾਂਦ-ਮੱਸਿਆ ਨੂੰ ਸਾਡੇ ਵਿਹੜੇ ਦੇ ਲੋਕ ਆਪਣੇ ਪਸ਼ੂਆਂ ਦੀ ਤੰਦਰੁਸਤੀ ਲਈ ਇਸ ਥੜ੍ਹੇ ਉੱਤੇ ਰੋਟ-ਮੰਨੀ ਤੇ ਚੂਰਮਾ ਨਿਆਣਿਆਂ ਨੂੰ ਵੰਡਦੇ ਜੋ ਆਮ ਤੌਰ ’ਤੇ ਕਣਕ-ਮੱਕੀ ਦੇ ਆਟੇ ਤੇ ਗੁੜ ਦੇ ਰਲਾਅ ਨਾਲ ਪਕਾਏ-ਬਣਾਏ ਹੁੰਦੇ।
ਬਾਬਾ ਸਿੱਧ ਚਾਨੋ ਜਾਂ ਬਾਬਾ ਸਿੱਧ ਵਲੀ ਚਮਾਰਾਂ ਦਾ ਇੱਕ ਪ੍ਰਸਿੱਧ ਸ਼ਕਤੀਸ਼ਾਲੀ ਦੇਵਤਾ ਅਤੇ ਪਸ਼ੂਆਂ ਦਾ ਰਖਵਾਲਾ ਮੰਨਿਆ ਜਾਂਦਾ ਹੈ। ਸਵੇਰੇ-ਸ਼ਾਮ ਬਾਬਾ ਸਿੱਧ ਚਾਨੋ ਤੇ ਭਗਵਾਨ ਕ੍ਰਿਸ਼ਨ ਦਾ ‘ਅਖਾੜਾ’ ਲਗਦਾ। ਹਰਮੋਨੀਆ ਵਜਾਉਂਦਾ ‘ਭਗਤ’ ਸਲੋਕ ਪੜ੍ਹਦਾ ਤੇ ‘ਦੋ ਭਗਤ’ ਆਪਸ ਵਿੱਚ ਮੱਲਾਂ ਵਾਂਗ ‘ਕੁਸ਼ਤੀ’ ਲੜਦੇ। ਭਗਤ ਕਥਾ ਸੁਣਾਉਂਦਾ ਕਿ ਕ੍ਰਿਸ਼ਨ ਜੀ ਮਹਾਰਾਜ ਬੜੇ ਨੀਤੀਵੇਤਾ ਤੇ ਜੋਧਾ ਸਨ। ਇੱਕ ਵਾਰ ਉਨ੍ਹਾਂ ਦੀ ਬਾਬਾ ਸਿੱਧ ਚਾਨੋ ਨਾਲ ਟੱਕਰ ਹੋ ਗਈ। ਅਠਾਰਾਂ ਦਿਨ ਤਕ ‘ਅਖਾੜਾ’ ਲੱਗਾ ਰਿਹਾ। ਕ੍ਰਿਸ਼ਨ ਜੀ ਬਾਬਾ ਸਿੱਧ ਨੂੰ ਚਿੱਤ ਨਾ ਕਰ ਸਕੇ। ਅਖੀਰ, ਦਿਨ ਛਿਪਣ ਤੋਂ ਬਾਅਦ ਕ੍ਰਿਸ਼ਨ ਨੇ ਆਪਣੇ ਪੈਰ ਦੇ ਪਦਮ ਸਦਕਾ ਇਉਂ ਕਰ ਦਿੱਤਾ ਕਿ ਅਜੇ ਸੂਰਜ ਅਸਤ ਨਹੀਂ ਹੋਇਆ - ਤੇ ਆਰਾਮ ਕਰ ਰਹੇ ਬਾਬਾ ਸਿੱਧ ਨੂੰ ਧੋਖੇ ਭਰੀ ਚਾਲ ਨਾਲ ਚਿੱਤ ਕਰ ਦਿੱਤਾ ...।’
“ਅਖਾੜੇ’ ਵਾਲੇ ਆਖ਼ਰੀ ਦਿਨ ਦੀ ਰਾਤ ਨੂੰ ‘ਸਾਲ’ ਹੁੰਦਾ। ਪਿੰਡ ਦੇ ਲੋਕਾਂ ਸਣੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਕਿ ਘਰਾਂ ਦੇ ਬਨੇਰਿਆਂ ਉੱਤੇ ਤੀਵੀਆਂ, ਨਿਆਣਿਆਂ, ਸਿਆਣਿਆਂ ਦੀਆਂ ਪਾਲਾਂ ਨਾਲ ਇੱਕ ਹੋਰ ਦੀਵਾਰ ਉਸਰਦੀ ਦਿਸਦੀ। ਆਰਤੀ-ਅਰਦਾਸ ਹੁੰਦੀ - ਗੁਰੂ ਰਵਿਦਾਸ ਦੀ ਮਹਿਮਾ ਹੁੰਦੀ ਤਾਂ ‘ਭੌਰਾ’ ਚਿਮਟੇ ਨਾਲ ਮਘਦੇ ਕੋਲੇ ਫੜ-ਫੜ ਨਿਗਲਦਾ -ਚੱਬ ਕੇ ਵੀ ਖਾਂਦਾ। ਕਦੇ ਦੰਦਾਂ ਵਿਚਾਲੇ ਕੱਸ ਲੈਂਦਾ - ਅੰਦਰੋਂ ਬਾਹਰ ਨੂੰ ਫ਼ਰਾਟਾ ਮਾਰਦਾ, ਚੰਗਿਆੜੇ ਕੱਢਦਾ। ‘ਭਗਤ’ ਨਾਲੋ-ਨਾਲ ਗਾਉਂਦੇ ਰਹਿੰਦੇ, ‘ਭੌਰਾ ਅੱਗ ਖਾਏਗਾ ...।” ਲੋਕ ਹੈਰਾਨ ਹੁੰਦੇ। ਜਿਉਂ ਹੀ ਰਸਮ ਪੂਰੀ ਹੁੰਦੀ ਤਾਂ ਸਾਜਿੰਦੇ ਪੈਰੋਂ ਹੀ ਆਵਾਜ਼ ਚੁੱਕ ਦਿੰਦੇ, ‘ਥਾਅ ਥੱਈਆ, ਥਾਅ ਥੱਈਆ।’ ਨਾਲ ਹੀ ਨਚਾਰ, ਜਿਸ ਨੇ ਕੁੜੀਆਂ ਵਾਲਾ ਲਿਬਾਸ ਪਾਇਆ ਹੁੰਦਾ, ਛਾਲ ਮਾਰ ਕੇ ਜੋੜੀ-ਵਾਜੇ ਵਾਲਿਆਂ ਕੋਲ ਪਿੜ ਵਿੱਚ ਆ ਜਾਂਦਾ ਤੇ ਬੋਲ ਚੁੱਕਦਾ:
ਵਿੱਚ ਭਾਫ਼ਾਂ ਛੱਡੇ ਸਰੀਰ
ਕੁੜਤੀ ਮਲਮਲ ਦੀ
ਜਾਂ
ਲੱਕ ਮਿਣ ਨਾ ਦਰਜੀਆ ਮੇਰਾ
ਸੂਟ ਸੀ ਦੇ ਵੰਨ ਪੀਸ ਦਾ।
ਜਾਂ
ਗਲਗਲ ਵਰਗੀ ਜੱਟੀ
ਖਾ ਲਈ ਓ ਕਾਲੇ ਨਾਗ ਨੇ।
ਇਸਦੇ ਨਾਲ ਹੀ ਰੁਪਏ-ਰੁਪਏ ਦੀਆਂ ਵੇਲਾਂ ਦੀ ਸ਼ੁਰੂਆਤ ਹੋ ਜਾਂਦੀ। ਜਦੋਂ ਲਾਂਭਲੇ ਪਿੰਡ ਦਾ ਕੋਈ ਜਣਾ ਜਾਂ ਪਿੰਡ ਦੇ ਇੱਕ ਧੜੇ ਦਾ ਆਦਮੀ ਪੰਜ ਸੌ ਇੱਕ ਦੀ ਵੇਲ ਕਰਾਉਂਦਾ ਤਾਂ ਵੇਲਾਂ ਦਾ ਸਿਲਸਿਲਾ ਵੇਲ ਵਾਂਗ ਲੰਮਾ ਹੁੰਦਾ ਜਾਂਦਾ। ਨੋਟ ਟਕੂਏ, ਡਾਂਗ, ਖੂੰਡੇ ਜਾਂ ਬਰਛੇ ਨਾਲ ਬੰਨ੍ਹ ਕੇ ਉੱਚੇ ਕੀਤੇ ਜਾਂਦੇ। ਨਚਾਰ ਮੁੰਡਾ ਸੱਜੇ ਹੱਥ ਦੇ ਅੰਗੂਠੇ ਤੇ ਪਹਿਲੀ ਉਂਗਲੀ ਨੂੰ ਮੂੰਹ ਵਿੱਚ ਪਾ ਕੇ ਸੀਟੀ ਵਜਾਉਂਦਾ ਤਾਂ ਸਾਜਿੰਦੇ ਪਲ ਭਰ ਲਈ ਸਾਜ਼ਾਂ ਦੀਆਂ ਆਵਾਜ਼ਾਂ ਮੱਠੀਆਂ ਕਰ ਲੈਂਦੇ, ‘ਵੇਲ ਰੁਪਏ ਦੀ ਵੇਲ, ਇੱਕ ਸੌ ਇੱਕ ਰੁਪਏ ਦੀ ਵੇਲ, ਮੀਤੇ ਛੜੇ ਦੀ ਵੇਲ - ਮੇਰੇ ਖਸਮ ਮੀਤੇ ਦੀ ਵੇਲ’ ਇਹੋ ਜਿਹੀਆਂ ਵੇਲਾਂ ਛੜੇ ਆਪਣੇ ਲਈ ਕਹਿ ਕੇ ਕਰਾਉਂਦੇ ਸਨ। ਕਈ ਵਾਰ ਕੋਈ ਸ਼ਰਾਬੀ ਇਸ ‘ਕੁੜੀ’ ਨੂੰ ‘ਫੜ’ ਲੈਂਦਾ। ਉਹ ਵੀ ਅੱਗੋਂ ਅੱਖ ਦੱਬ ਕੇ ਸ਼ਰਾਬੀ ਢਾਣੀਆਂ ਨੂੰ ਖ਼ੁਸ਼ ਕਰਦੇ ਹੋਏ ਉਨ੍ਹਾਂ ਦੀਆਂ ਜੇਬਾਂ ਖ਼ਾਲੀ ਕਰਾਉਣ ਵਿੱਚ ਸੋਲਾਂ ਕਲਾਂ ਸੰਪੂਰਨ ਹੋਣ ਦਾ ਸਬੂਤ ਦਿੰਦੇ।
ਸਾਡੇ ਪਿੰਡ ਨਕਲਾਂ ਲਈ ਮਾਣਕਢੇਰੀ (ਹੁਸ਼ਿਆਰਪੁਰ) ਦੇ ਮਰਾਸੀ ਆਉਂਦੇ, ਇਨ੍ਹਾਂ ਮਰਾਸੀਆਂ ਨੂੰ ਉੱਥੋਂ ਦੇ ਲੋਕਾਂ ਨੇ ਹਮਲਿਆਂ ਵਿੱਚ ਪਾਕਿਸਤਾਨ ਨਹੀਂ ਜਾਣ ਦਿੱਤਾ ਸੀ। ‘ਸਾਲ’ ਵਾਲੇ ‘ਭਗਤ’ ਤੇ ਨਕਲੀਏ ਪਿੱਪਲਾਂ ਵਾਲਾ (ਹੁਸ਼ਿਆਰਪੁਰ) ਪਿੰਡ ਦੇ ਚਮਾਰ ਬਿਰਾਦਰੀ ਦੇ ਸਨ। ਨਕਲੀਏ ‘ਭਗਤ’ ਜੱਟ ਤੇ ਸੀਰੀ ਦੇ ਰੂਪ ਵਿੱਚ ਨਕਲ ਲਾਉਂਦੇ ਜਿਸਦੇ ਸੰਵਾਦ ਇਉਂ ਹੁੰਦੇ:
ਜੱਟ: ਹਾਂ ਬਈ ਧੰਨਿਆ ਨੌਕਰ ਲੱਗੇਂਗਾ?
ਕੰਮੀ: ਜੀ ਸਰਕਾਰ।
ਜੱਟ: ਬੋਲ ਕੀ ਮੰਗਦਾਂ?
ਕੰਮੀ: ਖਾਊਂ-ਪੀਊਂਗਾ ਧੁਆਡੇ ਸਿਰ।
ਜੱਟ: ਖਾਣਾ ਪੀਣਾ ਸਾਡੇ ਸਿਰ।
ਕੰਮੀ: ਲੀੜਾ-ਕੱਪੜਾ ਪਾੜੂੰ ਧੁਆਡੇ ਸਿਰ।
ਜੱਟ: ਲੀੜਾ ਕੱਪੜਾ ਸਾਡੇ ਸਿਰ। ਹੋਰ ...?
ਕੰਮੀ: ਤੇਲ ਸਾਬਣ ਧੁਆਡੇ ਸਿਰ।
ਜੱਟ: ਹਾਂ, ਤੇਲ ਸਾਬਣ ਸਾਡੇ ਸਿਰ। ਹੋਰ ...?
ਕੰਮੀ: ਜੁੱਤੀ ਤੋੜੂੰ ਧੁਆਡੇ ਸਿਰ।
ਇਸਦੇ ਨਾਲ ਹੀ ਹਾਸਿਆਂ ਦੇ ਗ਼ੁਬਾਰੇ ਹੋਰ ਉੱਚੇ ਹੋ ਜਾਂਦੇ। ‘ਜੱਟ’ ਇਸ ‘ਕੰਮੀ’ ਦੀਆਂ ਸੱਜੀਆਂ ਪੱਸਲੀਆਂ ਉੱਤੇ ਚਮੜੇ ਦੀ ਤਿਕੋਨੀ ਪਟਾਕੀ ਵਰ੍ਹਾਉਂਦਾ। ਨਕਲ ਲਾਉਣ ਵਾਲੇ ਨੇ ਤਾਂ ਪਹਿਲਾਂ ਹੀ ਝੱਗਾ ਗੱਲ ਤਕ ਚੁੱਕਿਆ ਹੁੰਦਾ।
ਇਉਂ ਮਨੋਰੰਜਨ ਭਰੀ ਰਾਤ ਦਾ ਤੀਜਾ ਪਹਿਰ ਹੋ ਜਾਂਦਾ। ‘ਸਾਲ’ ਵਾਲਾ ‘ਭਗਤ’ ਵਿੱਚੋਂ ਟੋਕ ਕੇ ਕਹਿੰਦਾ, ‘ਖੁਸ਼ੀਆ, ਭੀਮਾ ਜਿੱਥੇ ਵੀ ਬੈਠੇ ਆ, ਥੜ੍ਹੇ ’ਤੇ ਚਲੇ ਜਾਣ।’
‘ਸਾਲ’ ਦੀਆਂ ਅੰਤਮ ਰਸਮਾਂ ਨੂੰ ਸਿਰੇ ਚੜ੍ਹਾਉਣ ਲਈ ‘ਭਗਤ’ ਕਿਰਪੇ ਨੂੰ ਮੰਜੇ ਉੱਤੇ ਬਿਠਾ ਕੇ ਚਾਰ ਜਣੇ ਮੋਢੇ ਦੇ ਕੇ ਪਿੰਡ ਦੇ ਲਹਿੰਦੇ ਬਸੀਮੇ ਲੈ ਜਾਂਦੇ ਜਿੱਥੇ ਉਹ ਇੱਕ ਟੂਣਾ ਕਰਦਾ ਤੇ ਪਸ਼ੂਆਂ ਉੱਤੇ ਪਈ ‘ਭਾਰੀ’ ਪਿੰਡੋਂ ਬਾਹਰ ‘ਕੱਢਦਾ'। ਮੰਜੇ ਦੇ ਮੋਹਰਲੇ ਪਾਸੇ ਨੂੰ ਹਾਥੀ ਦਾ ਸੁੰਡ ਬਣਾ ਕੇ ‘ਹਾਥੀ ਦੀ ਸਵਾਰੀ’ ਦਾ ਝਾਉਲਾ ਪਾਇਆ ਹੁੰਦਾ। ਜਾਂਦੇ ਵਕਤ ਆਪਸ ਵਿੱਚ ਗੱਲਬਾਤ ਨਾ ਕਰਨ ਦੀ ਸਖ਼ਤ ਹਦਾਇਤ ਹੁੰਦੀ। ਦੋ ਕੁ ਵਾਰ ਇਹ ਰਸਮਾਂ ਦੇਖਣ ਮੈਂ ਵੀ ਨਾਲ ਗਿਆ। ਬਸੀਵੇਂ ਤੋਂ ਥੋੜ੍ਹਾ ਪਹਿਲਾਂ ਹੀ ਸਾਨੂੰ ਰੋਕ ਦਿੱਤਾ ਜਾਂਦਾ ਕਿ ‘ਚੀਜ਼’ ਨਿਆਣਿਆਂ ’ਤੇ ਵਾਰ ਨਾ ਕਰ ਦੇਵੇ।
“ਬਈ ਐਤਕੀਂ ਬੜਾ ਭਾਰ ਪਿਆ - ਬੜੀ ਭਾਰੀ ਸੀ ਪਸ਼ੂਆਂ ’ਤੇ।” ਆਉਂਦਿਆਂ ਹੋਇਆਂ ਗੱਲ ਚੱਲੀ।
“ਕਿਰਪੇ ਭਗਤ ਦਾ ਭਾਰ ਕਿਹੜਾ ਘੱਟ ਆ - ਖ਼ੁਸ਼ੀਆ ਸਾਰਿਆਂ ਨਾਲੋਂ ਮਧਰਾ ਹੈ, ਤਾਂ ਹੀ ਜ਼ਿਆਦਾ ਭਾਰ ਉਹਦੇ ਉੱਤੇ ਪਿਆ।” ਮੈਂ ਸੋਚਿਆ।
ਲੁਆਲਾ ਲੱਗਣ ਤੋਂ ਪਹਿਲਾਂ ਹੀ ਜਾਗਰ ਚੌਕੀਦਾਰ ਹੋਕਾ ਦਿੰਦਾ, ‘ਮਾਲ-ਡੰਗਰ ਸਾਲ ਹੇਠੋਂ ਦੀ ਨੰਘਾਓ ਬਈ।’
ਪਿੰਡ ਦੇ ਇੱਕ-ਇੱਕ ਪਸ਼ੂ ਨੂੰ ਸਿਆਲਕੋਟੀਆਂ ਦੇ ਬੋਹੜ ਦੇ ਡਾਹਣੇ ਨਾਲ-ਲਾਲ ਕੱਪੜੇ ਵਿੱਚ ਲਪੇਟ ਕੇ ਬੰਨ੍ਹੇ ਲਲੇਰਾਂ, ਸਮੱਗਰੀ ਤੇ ਮੌਲੀ ਦੇ ਧਾਗਿਆਂ ਹੇਠੋਂ ਦੀ ਲੰਘਾਇਆ ਜਾਂਦਾ। ਇਹ ਡਾਹਣਾ ਪੂਰੇ ਰਸਤੇ ਉੱਤੇ ਇਉਂ ਫੈਲਿਆ ਹੋਇਆ ਸੀ ਜਿਉਂ ਕਿਸੇ ਸ਼ਾਹੀ ਦਰਵਾਜ਼ੇ ਦਾ ਸੇਰੂ ਹੋਵੇ। ਇਸ ਰਸਮ ਪਿੱਛੋਂ ਸਾਰੇ ਪਿੰਡ ਦੇ ਘਰਾਂ-ਹਵੇਲੀਆਂ ਅੰਦਰ ਜਲ ਦੇ ਛਿੱਟੇ ਦਿੱਤੇ ਜਾਂਦੇ। ਗੁੱਗਲ ਧੂਫ਼ ਦੀ ਧੂਣੀ ਦਿੱਤੀ ਜਾਂਦੀ। ਕੁਝ ਸਮੱਗਰੀ ਵਰਤਾਈ ਜਾਂਦੀ ਤਾਂ ਕਿ ਅਗਲੇ ਦਿਨਾਂ ਵਿੱਚ ਲੋਕ ਇਸਦੀ ਧੂਫ਼ ਪਸ਼ੂਆਂ ਨੂੰ ਦਿੰਦੇ ਰਹਿਣ।
ਸਾਡੇ ਬੋਹੜ-ਪਿੱਪਲ ਥੱਲੇ ਗਰਮੀਆਂ-ਬਰਸਾਤਾਂ ਨੂੰ ਬਾਰਾਂ-ਟਾਹਣੀ, ਨੱਕਾ-ਪੂਰ ਤੇ ਤਾਸ਼ ਖਿਡਾਰੀਆਂ ਦੀਆਂ ਢਾਣੀਆਂ ਜੁੜਦੀਆਂ। ਹੁੱਕਿਆਂ ਦੀ ਗੁੜਗੁੜ ਹੁੰਦੀ। ਕਈ ਵਾਰ ਤਾਂ ਬੋਹੜ ਤੋਂ ਥੋੜ੍ਹੀ ਵਿੱਥ ’ਤੇ ‘ਨਾਂਗਿਆਂ ਦੇ ਛੱਪੜ’ ਉੱਤੇ ਬੋਲਦੇ ਬਰਸਾਤੀ ਡੱਡੂਆਂ ਦੀ ਗੜੈਂ-ਗੜੈਂ ਤੇ ਹੁੱਕਿਆਂ ਦੀ ਗੁੜ-ਗੁੜ ਇੱਕ ਦੂਜੇ ਵਿੱਚ ਸਮਾਂ ਜਾਂਦੇ।
ਇਨ੍ਹਾਂ ਦਿਨਾਂ ਵਿੱਚ ਮੇਰੀ ਭੂਆ ਤੇ ਹੋਰ ਧੀਆਂ-ਧਿਆਣੀਆਂ ਆਪਣੇ ਭਰਾਵਾਂ-ਭਤੀਜਿਆਂ ਦੇ ਰੱਖੜੀਆਂ ਬੰਨ੍ਹਣ ਆਉਂਦੀਆਂ। ਰੱਖੜੀ ਵਾਲੇ ਦਿਨ ਇਹ ਰੱਖੜੀਆਂ ਭਾਈਏ ਹੁਰੀਂ ਗੁੱਟਾਂ ’ਤੇ ਘੰਟਾ ਦੋ ਘੰਟਾ ਤੇ ਫਿਰ ਇਨ੍ਹਾਂ ਨੂੰ ਹੁੱਕੇ ਦੀ ਨੜੀ ਨਾਲ ਸਜ਼ਾ ਕੇ ਬੰਨ੍ਹ ਲੈਂਦੇ ਜੋ ਮਹੀਨਾ ਭਰ ਬੱਝੀਆਂ ਰਹਿੰਦੀਆਂ।
ਬੋਹੜ ਦੇ ਛੋਟੇ ਡਾਹਣਿਆਂ ਉੱਤੇ ਛੋਟੇ ਨਿਆਣਿਆਂ ਲਈ ਪੀਂਘਾਂ ਪਾਈਆਂ ਜਾਂਦੀਆਂ। ਵੱਡੀਆਂ ਤੀਵੀਆਂ, ਮੁਟਿਆਰਾਂ ਲਈ ਪਿੱਪਲ ਦੇ ਮੋਟੇ ਡਾਹਣਿਆਂ ਉੱਤੇ ਪੀਂਘਾਂ ਬੰਦੇ ਪਾ ਕੇ ਦਿੰਦੇ। ਤਾਈ ਤਾਰੋ (ਜੱਟੀ) ਤੇ ਚਾਚੀ ਛਿੰਨੀ ਇੰਨੀ ਉੱਚੀ ਪੀਂਘ ਚੜ੍ਹਾਉਂਦੀਆਂ ਤੇ ਹੰਘਾਉਂਦੀਆਂ ਕਿ ਮੇਰੇ ਵਰਗੇ ਨਿਆਣੀ ਉਮਰ ਦਿਆਂ ਦੇ ਦਿਲ ਨੂੰ ਹੌਲ ਜਿਹਾ ਪੈਣ ਲਗਦਾ ਤੇ ਕਈ ਵਾਰ ਉਤਲਾ ਸਾਹ ਉੱਤੇ ਤੇ ਹੇਠਲਾ ਹੇਠਾਂ ਰਹਿ ਜਾਂਦਾ।
ਸਾਡਾ ਬੋਹੜ ਜਿੱਥੇ ਬਰਸਾਤਾਂ ਨੂੰ ਸਮੁੱਚੇ ਪਿੰਡ ਲਈ ਪੂੜਿਆਂ ਵਾਸਤੇ ਪੱਤੇ ਮੁਹਈਆ ਕਰਾਉਣ ਤੇ ਹੋਰ ਖ਼ੁਸ਼ੀਆਂ ਦਾ ਵਸੀਲਾ ਬਣਦਾ ਉੱਥੇ ਤੌਖ਼ਲੇ, ਤਣਾਅ ਤੇ ਲੜਾਈ-ਝਗੜੇ ਦੀ ਸਾਖੀ ਵੀ ਬਣਦੀ। ਜਦੋਂ ਕਦੀ ਜੱਟਾਂ ਦਾ ਕੋਈ ਮੁੱਛ-ਫੁੱਟ ਗਭਰੂ ਆਪਣਾ ਗੱਡਾ ਸਾਡੇ ਘਰਾਂ ਮੋਹਰਿਓਂ ਦੀ ਲਿਜਾਂਦਾ ਤੇ ਗੱਡੇ ’ਤੇ ਖੜ੍ਹਾ ਹੋ ਕੇ ਬਲਦਾਂ ਦੀਆਂ ਨੱਥਾਂ ਨੂੰ ਪਾਏ ਰੱਸਿਆਂ ਨੂੰ ਫੜ ਕੇ ਪੁਚਕਾਰਦਾ ਤੇ ਗਾਉਂਦਾ। ਸਾਡੇ ਘਰਾਂ ਦੇ ਓਟਿਆਂ ਵਰਗੇ ਵਗਲਿਆਂ ਉੱਤੋਂ ਦੀ ਸਾਡੀਆਂ ਮਲੂਕ ਜਿਹੀਆਂ ਧੀਆਂ-ਭੈਣਾਂ ਨੂੰ ਤਾੜਦਾ। ਸਾਡੇ ਬੰਦਿਆਂ ਵਿੱਚੋਂ ਕੋਈ ਜਣਾ ਬਾਹਬਰ ਕੇ ਬੋਲਦਾ, ‘ਮਾਮਾ ਗੱਡਾ ਫਿਰਨੀ ਤੋਂ ਦੀ ਨਹੀਂ ਜਾਂਦਾ ’ਜਾਂ ਕਹਿੰਦਾ, ‘ਤੇਤੋਂ ਗੱਡੇ, ’ਤੇ ਬੈਠ ਕੇ ਨਹੀਂ ਜਾ ਹੁੰਦਾ।” ਕੋਈ ਹੋਰ ਜਣਾ ਮੂੰਹ ਵਿੱਚ ਬੁੜਬੁੜ ਕਰਦਾ, ‘ਬਣਿਆਂ ਫਿਰਦਾ ਸਾਲਾ ਰਾਣੀ ਖਾਂ ਦਾ। ਹਰ ਵੇਲੇ ਧੌਂਸ ਦਿੰਦੇ ਆ, ਹੱਗਣਾ-ਮੂਤਣਾ ਬੰਦ ਕਰ ਦਿਆਂਗੇ-ਭਲਾ ਤੁਸੀਂ ਰੱਬ ਨੂੰ ਢੂਹਾ ਦੇ ਕੇ ਆਇਓਂ ਆਂ ਜਿਹੜੀਆਂ ਧੁਆਨੂੰ ਜ਼ਮੀਨਾਂ ਮਿਲ ਗਈਆਂ-ਅਸੀਂ ਨਹੀਂ ਧੁਆਡੇ ਵਰਗੇ।’
ਕਈ ਵਾਰ ਸ਼ਰਾਬ ਵਿੱਚ ਧੁੱਤ ਬਖਤੌਰਾ ਜਾਂ ਉਹਦਾ ਛੋਟਾ ਭਰਾ ‘ਲੰਮਾ ਸੋਢੀ’ ਆ ਕੇ ਬੁਲ੍ਹਬਲੀਆਂ ਮਾਰ ਦਿੰਦੇ ਮਾੜੀ-ਧਾੜ ਚਮ੍ਹਾਰਲੀ। ਦੋਹਾਂ ਬਿਰਾਦਰੀਆਂ ਦਾ ਆਹਮਣੇ-ਸਾਹਮਣੇ ਟਕਰਾ ਹੋ ਜਾਂਦਾ। ਡਾਂਗਾਂ ਹਵਾ ਵਿੱਚ ਉੱਲਰਦੀਆਂ। ਦਵੱਲਿਓਂ ਗਾਲ੍ਹਾਂ ਦੀਆਂ ਮਿਜ਼ਾਇਲਾਂ ਦਾਗੀਆਂ ਜਾਂਦੀਆਂ। ਪੰਜ-ਸੱਤ ਮਿੰਟ ਦੀ ਇਹ ਘਟਨਾ ਉਦੋਂ ਖ਼ਤਮ ਹੁੰਦੀ ਜਦੋਂ ਤਾਇਆ ਚੰਨਣ ਸਿੰਘ ਆਪਣੇ ਪੁੱਤਾਂ ਨੂੰ ਬੁਰਾ-ਭਲਾ ਬੋਲਦਾ ਤੇ ਸਾਡੇ ਬੰਦਿਆਂ ਨੂੰ ਕਹਿੰਦਾ, ‘ਹਊ-ਪਰੇ ਕਰੋ, ਮੇਰੀ ਧੌਲ਼ੀ ਦਾਹੜੀ ਰੋਲ ‘ਤੀ ਅਲਾਦ ਨੇ।’
“ਇਸ ਬੋਹੜ ਥੱਲੇ ਸਾਡੇ ਨਾਲ ਕੀ ਕੀ ਨਹੀਂ ਹੋਇਆ', ਭਾਈਏ ਨੇ ਆਪਣੇ ਅੰਦਰ ਦੀ ਗੱਲ ਇਸ ਲਹਿਜ਼ੇ ਨਾਲ ਕੀਤੀ ਜਿਵੇਂ ਉਹ ਸਾਨੂੰ ਕੁਝ ਦੱਸਣਾ ਚਾਹੁੰਦਾ ਹੋਵੇ। ਇਹ ਰਾਤ ਦੀ ਰੋਟੀ ਖਾਣ ਤੋਂ ਬਾਅਦ ਦਾ ਵੇਲਾ ਸੀ।
“ਹਾਂ, ਦੱਸ ਭਾਈਆ।” ਮੈਂ ਬੇਸਬਰੀ ਨਾਲ ਪੁੱਛਿਆ।
“ਹਮਲਿਆਂ ਤੋਂ ਪਹਿਲਾਂ ਲੰਬੜਦਾਰ ਸ਼ੇਰ ਸੁੰਹ ਸਿੱਧਾ ਇੱਥੇ ਸਾਡੀਆਂ ਖੱਡੀਆਂ ’ਤੇ ਆਉਂਦਾ। ਹੁਕਮ ਚਾੜ੍ਹਦਾ-'ਠਾਕਰਾ ਤੂੰ ਤੇ ਖੁਸ਼ੀਆ ਭਲਕੇ ਠਾਣੇਦਾਰ ਦੀ ਘੋੜੀ ਲਈ ਘਾਹ ਲਿਜਾਣਾ।’
“ਮੀਂਹ ਜਾਵੇ ਜਾਂ ਨ੍ਹੇਰੀ, ਅਸੀਂ ਬੱਧੇ-ਰੁੱਧੇ ਠਾਣੇ ਘਾਹ ਲਿਜਾਂਦੇ। ਪਹਿਲਾਂ ਲੰਬੜਦਾਰ ਨੂੰ ਘਾਹ ਦੀਆਂ ਪੰਡਾਂ ਦਿਖਾਲਦੇ। ਉਹ ਦੋਹਾਂ ਹੱਥਾਂ ਨਾਲ ਪੰਡ ‘ਤਾਂਹ ਨੂੰ ਚੁੱਕ ਕੇ ਹਾੜਦਾ-ਨਾਲੇ ਦੇਖਦਾ ਪਈ ਘਾਹ ਬਧੀਆ ਵੀ ਆ। ਠਾਣੇ ਜਾ ਕੇ ਅਸੀਂ ਉੱਦਾਂ ਡਈਂਬਰ ਜਾਂਦੇ। ਜਿੰਨਾ ਚਿੱਕਰ ਮੁਣਸ਼ੀ ਦੀ ਤਸੱਲੀ ਨਾ ਹੁੰਦੀ-ਅਸੀਂ ਪੰਡਾਂ ਕੋਲ ਖੜ੍ਹੇ ਰਹਿੰਦੇ। ਬੜੇ ਮਾੜੇ ਦਿਨ ਸੀ। ਡਾਕਟਰ ਅੰਬੇਦਕਰ ਤੇ ਮੰਗੂ ਰਾਮ ਉੱਠੇ ਤਾਂ ਕੁਛ ਇਹ ਹੱਲ੍ਹੇ ਹੋਏ। ਹਮਲਿਆਂ ਤੋਂ ਬਾਅਦ ਵੀ ਪੁਲਿਸ ਆਲੇ ਆਉਂਦੇ ਰਹੇ। ਪਰ ਅਸੀਂ ਘਾਹ ਲਿਜਾਣਾ ਬੰਦ ਕਰ ‘ਤਾ ਪਈ ਹੁਣ ਮੁਲਖ ਅਜ਼ਾਦ ਹੋ ਗਿਆ।’
“ਹੋਰ ਦੱਸਾਂ।” ਭਾਈਏ ਦੀਆਂ ਅੱਖਾਂ ਵਿੱਚ ਲਾਲਗੀ ਚਮਕ ਰਹੀ ਸੀ।’
“ਦੱਸ, ‘ ਅਸੀਂ ਕਿਹਾ।
“ਇਕ ਵਾਰ ਜੈਲਦਾਰ ਅੱਛਰ ਸੁੰਹ (ਪਿੰਡ ਲੜੋਆ) ਤੇ ਸ਼ੇਰ ਸੁੰਹ ਲੰਬੜ ਅਈਥੋਂ ਦੀ ਨੰਘਦੇ ਸੀ। ਅਸੀਂ ਸਾਰੇ ਜਣੇ ਆਪਣੇ ਧਿਆਨ ਖੱਡੀਆਂ ’ਤੇ ਬੁਣਾਈ ਕਰਦੇ ਸੀ। ਚਾਣਚੱਕ ਜੈਲਦਾਰ ਘੋੜੀ ਤੋਂ ਉੱਤਰਿਆ। ਚਾਚੇ ਛੱਜੂ ਦੇ ਡੰਡੇ ਵਰ੍ਹਾਉਣ ਲੱਗ ਪਿਆ। ਕਹੇ-ਮੇਰੀ ਘੋੜੀ ਦੀਆਂ ਬਾਗਾਂ ਨਹੀਂ ਫੜੀਆਂ। ਚਾਚੇ ਨੇ ਬਥੇਰੇ ਤਰਲੇ ਪਾਏ ਪਈ ਸਰਦਾਰ ਜੀ ਧੁਆਨੂੰ ਦੇਖਿਆ ਨਹੀਂ ... ਨਹੀਂ ਤਾਂ ਬਾਗਾਂ ਫੜ ਲੈਣੀਆਂ ਸੀ। ਸਾਰੀ ਚਮ੍ਹਾਰਲੀ ਨੂੰ ਨੌਲਦਾ ਰਿਹਾ। ਕਹੇ-ਪਈ ਘੋੜੀ ਦੇ ਪੌੜਾਂ ਦੀ ਪੈਛੜ ਨਹੀਂ ਸੁਣੀ? ਧਰਮ ਨਾ ਅਸੀਂ ਖੱਡੀਆਂ ਛੱਡ ਕੇ ਆਪੋ-ਆਪਣੇ ਥਾਂਈਂ ਥਰ-ਥਰ ਕੰਬਦੇ ਰਹੇ। ਅਖੀਰ ਸ਼ੇਰ ਸੁੰਹ ਨੇ ਜੈਲਦਾਰ ਨੂੰ ਕਿਹਾ-ਛੱਡੋ ਪਰ੍ਹਾਂ ਹੁਣ ਸਰਦਾਰ ਜੀ। ਛੱਜੂ ਰਾਮਾ ਅੱਗੇ ਤੋਂ ਖਿਆਲ ਰੱਖਣਾ, ਕਹਿ ਕੇ ਦੋਨੋਂ ਜਣੇ ਘੋੜੀਆਂ ’ਤੇ ਚੜ੍ਹ ਕੇ ਰਾਸਗੂੰਆਂ ਵਲ ਨੂੰ ਚਲੇ ਗਏ। ਜੈਲਦਾਰ ਸਾਲ਼ੇ ਨੂੰ ਜੱਜ ਜਿੰਨੇ ਹੱਕ ਸੀ-ਜਿਹਨੂੰ ਮਰਜ਼ੀ ਅੰਦਰ ਕਰਾਉਂਦਾ ਸੀ, ਜਿਹਨੂੰ ਮਰਜ਼ੀ ਛਡਾਉਂਦਾ ਸੀ। ਸੱਤ ਖੂਨ ਮੁਆਫ ਸੀ ਸਾਲ਼ੇ ਨੂੰ-ਤਾਹੀਓਂ ਦੁਨੀਆਂ ਡਰਦੀ ਸੀ ਉਹਤੋਂ। ਬਗਾਰਾਂ ਬੁੱਤੀਆਂ ਕਰਾਉਣ ਨੂੰ ਸਾਡੇ ਕਿੰਨੇ ਈ ਬੰਦੇ ਲੈ ਜਾਂਦਾ ਸੀ, ਭੈਣ ਦਾ ਖਸਮ।’
ਭਾਈਏ ਦਾ ਰੋਹ ਕਿਸੇ ਜਵਾਲਾਮੁਖੀ ਵਾਂਗ ਫੁੱਟ ਪਿਆ ਸੀ। ਫਿਰ ਮੈਂਨੂੰ ਲੱਗਿਆ ਕਿ ਉਹ ਸਾਨੂੰ ਜਿਵੇਂ ਆਜ਼ਾਦੀ ਦੇ ਅਸਲ ਅਰਥਾਂ ਨੂੰ ਸਮਝਣ ਲਈ ਪਰੇਰ ਰਿਹਾ ਹੋਵੇ।
ਅੰਗਰੇਜ਼ੀ ਸਰਕਾਰ ਦੇ ਪਿੱਠੂ ਇਸ ਜ਼ੈਲਦਾਰ ਸਰਦਾਰ ਨੂੰ ਮੈਂ ਭੋਗਪੁਰ ਠਾਣੇ ਲਾਗੇ ਕਈ ਮੌਕਿਆਂ ਉੱਤੇ ਘੁੰਮਦਿਆਂ ਦੇਖਿਆ। ਉਸ ਨੂੰ ਉਨ੍ਹਾਂ ਦਿਨਾਂ ਵਿੱਚ ਵੀ ਦੇਖਿਆ ਜਦੋਂ ਉਹ ਮਰਿਆਂ ਤੁੱਲ ਜ਼ਿੰਦਗੀ ਕੱਟ ਰਿਹਾ ਸੀ ਪਰ ਉਹਦੀ ਪੱਗ ਦਾ ਕੁੱਲਾ ਉਦੋਂ ਵੀ ਕਿਸੇ ਹੈਂਕੜ ਦੀ ਹਾਮੀ ਭਰਦਾ ਸਿਰ ਤੋਂ ਉਤਾਂਹ ਨੂੰ ਉੱਚਾ ਉੱਲਰਦਾ ਦਿਸਦਾ ਸੀ।
ਭਾਈਏ ਨੇ ਕਿਹਾ, ‘ਏਦਾਂ ਹੁੰਦੀ ਰਹੀ ਸਾਡੇ ਨਾਲ-ਔਖੇ-ਸੌਖੇ ਪੜ੍ਹ ਲਿਖ ਲਓ ਸਹੁਰੀ ਦਿਓ, ਜ਼ਿੰਦਗੀ ਸੁਧਰ ਜਾਉ। ਹੁਣ ਤਾਂ ਪਹਿਲਾਂ ਨਾਲੋਂ ਜ਼ਮੀਨ-ਅਸਮਾਨ ਦਾ ਫਰਕ ਆ।’
ਫਿਰ ਉਹ ਦਿਨ ਵੀ ਆ ਗਿਆ ਜਿਸਦਾ ਮੈਂ ਕਦੇ ਕਲਪਨਾ ਵਿੱਚ ਵੀ ਨਹੀਂ ਸੋਚਿਆ ਸੀ ਤੇ ਉਹ ਮੇਰੀ ਯਾਦ ਦਾ ਇੱਕ ਨਾ ਭੁੱਲਣਯੋਗ ਵਾਕਿਆ ਬਣ ਗਿਆ। ਇਹ 1972 ਦੇ ਫਰਵਰੀ ਮਹੀਨੇ ਦੀ ਗੱਲ ਹੈ। ਮੈਂ ਦਸਵੀਂ ਜਮਾਤ ਦੇ ਆਖ਼ਰੀ ਦਿਨਾਂ ਵਿੱਚ ਸੀ। ਸਕੂਲੋਂ ਪਰਤਿਆ ਤਾਂ ਦੇਖਿਆ ਕਿ ਸਾਡੇ ਬੋਹੜ-ਪਿੱਪਲ ਦੇ ਮੋਛੇ ਪੈ ਚੁੱਕੇ ਸਨ। ਛਾਂਗ ਦੇਖਣ ਨੂੰ ਨਹੀਂ ਸੀ। ਕਿਸੇ ਪੁਰਾਣੇ ਸਮੇਂ ਵਿੱਚ ਜੰਗ ਵਿੱਚ ਸ਼ਹੀਦ ਹੋਏ ਸੂਰਬੀਰ ਦੇ ਡੱਕਰਿਆਂ ਵਾਂਗ ਬੋਹੜ-ਪਿੱਪਲ ਦੇ ਲੰਮੇ-ਲੰਮੇ, ਮੋਟੇ-ਮੋਟੇ ਡਾਹਣੇ ਜ਼ਮੀਨ ਉੱਤੇ ਪਏ ਸਨ। ਤਣੇ ਦੀ ਹਿੱਕ ਉੱਤੇ ਜਾਗਰ ਚੌਕੀਦਾਰ ਤੇ ਉਹਦੇ ਪੁੱਤ ਜਲਾਦਾਂ ਵਾਂਗ ਕਾਹਲੀ-ਕਾਹਲੀ ਆਰਾ ਫੇਰ ਰਹੇ ਸਨ।
ਤਾਜ਼ਾ ਲੰਘੇ ਭਰ ਸਿਆਲ ਦਾ ਮੈਂਨੂੰ ਆਪ-ਮੁਹਾਰੇ ਚੇਤਾ ਆ ਗਿਆ ਜਦੋਂ ਭਾਰਤ-ਪਾਕਿਸਤਾਨ ਜੰਗ ਦੌਰਾਨ ਸਾਡੇ ਬਹੁਤੇ ਪਰਿਵਾਰਾਂ ਨੇ ਬਲੈਕ-ਆਊਟ ਰਾਤਾਂ ਨੂੰ ਇਸਦੀ ਸ਼ਰਨ ਲਈ ਸੀ। ਇਸਦੀ ਓਟ ਹੇਠ ਮੋਰਚੇ ਪੁੱਟੇ ਗਏ ਸਨ। ਜਦੋਂ ਆਦਮਪੁਰ ਹਵਾਈ ਅੱਡੇ ਜਾਂ ਸ਼ੂਗਰ ਮਿਲ ਭੋਗਪੁਰ ਦੇ ਨੇੜੇ-ਤੇੜੇ ਪਾਕਿਸਤਾਨੀ ਬੰਬ ਗਿਗਦਾ ਤਾਂ ਲੋਕ ਦੌੜ ਕੇ ਇਨ੍ਹਾਂ ਮੋਰਚਿਆਂ ਵਿੱਚ ਜਾ ਲੁਕਦੇ।
ਇਨ੍ਹਾਂ ਡਰਾਉਣੀਆਂ ਰਾਤਾਂ ਵਿੱਚ ਇਸ ਬੋਹੜ-ਪਿੱਪਲ ਥੱਲੇ ਠੀਕਰੀ ਪਹਿਰੇ ਲਈ ਪਿੰਡ ਦੇ ਲੋਕ ਇਕੱਠੇ ਹੁੰਦੇ। ਖ਼ੌਫ਼ ਦੌਰਾਨ ਵੀ ਮੈਂ ਇੱਥੇ ਜ਼ਿੰਦਗੀ ਨੂੰ ਧੜਕਦਿਆਂ ਦੇਖਿਆ-ਸੁਣਿਆ। ਹਾਸੇ-ਮਖ਼ੌਲ ਨੂੰ ਇੰਦਰ ਸੁੰਹ ਦਾ ਸਵਰਨਾ ਤੁਲ ਦੇ ਕੇ ਸਿਖਰਾਂ ’ਤੇ ਪਹੁੰਚਾਉਂਦਾ ਜਦੋਂ ਉਹ ਹੁੱਝ ਮਾਰ ਕੇ ਉੱਚੀ ਦੇਣੀ ਹੱਸ ਕੇ ਕਹਿੰਦਾ, ‘ਇਨ੍ਹਾਂ ਸਿਆਲਾਂ ਦੀਆਂ ਰਾਤਾਂ ਦੀਆਂ ‘ਚੋਰੀਆਂ ’ਦਾ ਭੇਦ ਦੁਸਹਿਰੇ ਤੋਂ ਪਹਿਲਾਂ ਈ ਖੁੱਲ੍ਹ ਜਾਣਾ, ਕਿਉਂ ਕਿਸ਼ਨਿਆਂ।” ਅਸੀਂ ਹੌਲ਼ੀ ਉਮਰ ਦੇ ਸਾਰੇ ਮੁੰਡੇ ਰਾਜ਼ ਵਾਲੀ ਗੱਲ ਸਮਝ ਜਾਂਦੇ।
ਬੋਹੜ-ਪਿੱਪਲ ਦੇ ਮੋਛਿਆਂ ਨੂੰ ਦੇਖ ਮੈਂਨੂੰ ਜਾਪਿਆ ਜਿਵੇਂ ਸਾਡੇ ਸਿਰਾਂ ਤੋਂ ਸੱਚਮੁੱਚ ਸਾਇਆ ਚੁੱਕਿਆ ਗਿਆ ਹੋਵੇ। ਖੱਡੀਆਂ ਵਾਲਾ ਥਾਂ ਪੱਤਹੀਣ, ਨੰਗਾ ਜਿਹਾ ਹੋ ਗਿਆ। ਸਾਡੇ ਲੋਕਾਂ ਉੱਤੇ ਹੁੰਦੇ ਜ਼ੁਲਮਾਂ ਦੇ ਗਵਾਹਾਂ ਦਾ ਖ਼ਾਤਮਾ ਕਰ ਦਿੱਤਾ ਗਿਆ।
ਇਸ ਦੁੱਖਦਾਈ ਘਟਨਾ ਨਾਲ ਮੇਰੇ ਘਰਦਿਆਂ ਦੇ ਚਿਹਰੇ ਉੱਤੇ ਅਫਸੋਸ ਦਾ ਮਾਤਮੀ ਪਹਿਰਾ ਪ੍ਰਤੱਖ ਦਿਖਾਈ ਦੇ ਰਿਹਾ ਸੀ। ਦਾਦੀ ਨੇ ਝੁਸਮੁਸਾ ਹੋਣ ਤਕ ਵੀ ਘਰ ਦੀ ਸਰਦਲ ਦੇ ਬਾਹਰ ਬਦ ਅਸੀਸਾਂ ਦੀ ਝੜੀ ਲਾਈ ਹੋਈ ਸੀ, ‘ਦਾਦੇ ਮਰਾਉਣਿਓਂ ਧੁਆਡਾ ਤੁਖਮ ਨਾ ਰਹੇ। ਜਿੱਦਾਂ ਤੁਸੀਂ ਮੇਰਾ ਦਿਲ ਦੁਖਾਇਆ - ਰੱਬ ਧੁਆਡੇ ਨਾਲ ਬੀ ਇੱਦਾਂ ਹੀ ਕਰੇ।’
ਦਾਦੀ ਨੇ ਵਿਆਹੀ ਆਉਣ ਤੋਂ ਲੈ ਕੇ ਇਸ ਬੋਹੜ-ਪਿੱਪਲ ਨੂੰ ਵੱਡੇ ਹੁੰਦਿਆਂ ਦੇਖਿਆ ਤੇ ਛਾਵਾਂ ਮਾਣੀਆਂ ਸਨ। ਉਹਦੇ ਦਿਲ ਨੂੰ ਡੋਬੂ ਪਾਉਣ ਵਾਲੀ ਗੱਲ ਇਹ ਵੀ ਸੀ ਕਿ ਉਹਦੇ ਪਤੀ ਦੇ ਹੱਥੀਂ ਲਾਈ ਇਸ ਨਿਸ਼ਾਨੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਗਿਆ ਸੀ।
ਭਾਈਏ ਨੇ ਵੀ ਬੜਾ ਦੁੱਖ ਮਨਾਇਆ। ਪਰ ਉਸ ਨੇ ਇਹ ਕਹਿ ਕੇ ਦਿਲ ਨੂੰ ਧਰਵਾਸ ਦੇ ਲਿਆ, ‘ਚਲੋ, ਜੋ ਹੋ ਗਿਆ ਸੋ ਹੋ ਗਿਆ, ਹੁਣ ਜੱਟਾਂ ਦੀ ਮਢੀਰ ਤਾਂ ਨਾ ਆ ਕੇ ਬੈਠੂ ਇੱਥੇ।’
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2561)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)