GSGhangas7ਤੁਰਨ ਜੋਗੀ ਤਾਕਤ ਜਦੋਂ ਸਰੀਰ ਵਿਚ ਹੋਈ, ਮੈਂ ਯਾਤਰਾ ਲਈ ਸਮਾਂ ਕੱਢਣ ਲੱਗ ਪਿਆ ...
(ਅਪਰੈਲ 10, 2016)


DhaddALL1

ਮੈਂ ਤੇ ਮੇਰੀ ਢੱਡ, ਰੱਬਾ ਕਦੇ ਨਾ ਹੋਈਏ ਅੱਡ” ਮੇਰੇ ਮਨ ਵਿਚ ਇਹ ਖਿਆਲ ਆਮ ਗੂੰਜਦੇ ਰਹਿੰਦੇ।

ਸੰਨ 2016 ਵਿਚ ਮੈਂ ਜ਼ਿੰਦਗੀ ਦੇ ਉਸ ਪੜਾ ’ਤੇ ਪਹੁੰਚ ਗਿਆ, ਜਦ ਬਹੁਤ ਸਾਰੀਆਂ ਚੁਣੌਤੀਆਂ ਖਤਮ ਹੋ ਚੁੱਕੀਆਂ ਸਨ ਜਾਂ ਖਤਮ ਹੋ ਰਹੀਆਂ ਸਨ। ਇਸਦੇ ਨਾਲ ਨਾਲ ਨਵੀਆਂ ਚੁਣੌਤੀਆਂ ਵੀ ਆ ਰਹੀਆਂ ਸਨ। ਜਿੰਨਾ ਚਿਰ ਚੋਣ ਸਹੀ ਹੁੰਦੀ ਰਹਿੰਦੀ, ਜੀਵਨ ਦੀਆਂ ਬਾਕੀ ਘੜੀਆਂ ਖੁਸ਼ਗਵਾਰ ਲੰਘ ਜਾਂਦੀਆਂ।

ਸਤਾਰਾਂ ਸਾਲ ਪਹਿਲਾਂ, 1999 ਵਿਚ, ਕੈਂਸਰ ਦੀ ਬੀਮਾਰੀ ਨੇ ਮੇਰਾ ਵਿਗਿਆਨਕ ਕਿੱਤਾ ਖਤਮ ਕਰ ਦਿੱਤਾ; ਪਰ ਸਾਇੰਸ ਅਤੇ ਡਾਕਟਰਾਂ ਨੇ ਮੇਰੀ ਜਾਨ ਬਚਾ ਲਈ ਮੇਰੇ ਅੰਦਰ ਜੀਉਣ ਦਾ ਨਵਾਂ ਉਤਸ਼ਾਹ ਭਰਿਆ ਗਿਆ।

ਕਮਜ਼ੋਰੀ ਇੰਨੀ ਵਧ ਗਈ ਸੀ ਕਿ ਮੈਂਨੂੰ ਬਹੁਤ ਸਾਰੇ ਰੁਝੇਵੇਂ ਠੱਪ ਕਰਨੇ ਪਏ। ਪੰਜਾਬੀ ਕਿਤਾਬਾਂ ਨੇ ਉਦੋਂ ਮੇਰਾ ਲੋੜੀਂਦਾ ਸਾਥ ਦਿੱਤਾ। ਪੜ੍ਹਨ ਦੇ ਨਾਲ ਨਾਲ ਮੈਂ ਲਿਖਣਾ ਵੀ ਸ਼ੁਰੂ ਕਰ ਲਿਆ। ਸੰਨ 2002 ਦੇ ਲਾਗੇ ਲਿਖਣ ਪੜ੍ਹਨ ਦਾ ਰੁਝਾਨ ਬਹੁਤ ਔਖਾ ਸੀ, ਪਰ ਮੈਂਨੂੰ ਏਦਾਂ ਲੱਗ ਰਿਹਾ ਸੀ ਕਿ ਹਰ ਦਿਨ ਮੈਂ ਕੁਝ ਨਵਾਂ ਸਿੱਖ ਰਿਹਾ ਸਾਂ। ਹਰ ਛੋਟੀ ਤਰੱਕੀ ਨਵਾਂ ਉਤਸ਼ਾਹ ਭਰਦੀ, ਮੈਂਨੂੰ ਬਚਪਨ ਚੇਤੇ ਆਉਂਦਾ।

ਦੁਨੀਆ ਨਸਲੀ ਜੰਗਾਂ ਵਿਚ ਇੰਨੀ ਫਸੀ ਹੋਈ ਸੀ ਕਿ ਆਮ ਬੰਦੇ ਲਈ ਸੈਰ ਕਰਨਾ ਵੀ ਦੁੱਭਰ ਹੋ ਗਿਆ ਫਿਰ ਵੀ ਸੰਸਾਰ ਦੇ ਕੁਝ ਕੋਨੇ ਸਨ, ਜਿਨ੍ਹਾਂ ਦੇ ਦਰਸ਼ਣ ਕਰ ਸਕਣਾ ਮੇਰੇ ਲਈ ਭਾਗਾਂ ਵਾਲੀ ਗੱਲ ਸਾਬਤ ਹੋਈ। ਤੀਰਥ ਯਾਤਰਾ ਆਪਣਾ ਵੱਖਰਾ ਉਤਸ਼ਾਹ ਭਰਦੀ ਹੈ। ਕਈ ਵਾਰ ਵਧੀਆ ਦੇਖਣ ਵਾਲੀਆਂ ਥਾਵਾਂ ਸਾਡੇ ਆਂਢ-ਗੁਆਂਢ ਵਿਚ ਹੁੰਦੀਆਂ ਹਨ, ਪਰ ਅਸੀਂ ਉਨ੍ਹਾਂ ਤਕ ਪਹੁੰਚਣ ਤੋਂ ਵਾਂਝੇ ਰਹਿ ਜਾਂਦੇ ਹਾਂ।

ਤੁਰਨ ਜੋਗੀ ਤਾਕਤ ਜਦੋਂ ਸਰੀਰ ਵਿਚ ਹੋਈ, ਮੈਂ ਯਾਤਰਾ ਲਈ ਸਮਾਂ ਕੱਢਣ ਲੱਗ ਪਿਆ। ਇਸ ਤਾਂਘ ਆਸਰੇ ਮੈਂ ਕਈ ਵਾਰ ਭਾਰਤ ਪਰਤਿਆ ਅਤੇ ਸੰਨ 2000 ਵਿਚ ਕੁਝ ਮਸ਼ਹੂਰ ਸ਼ਹਿਰਾਂ ਦੀ ਯਾਤਰਾ ਵੀ ਕੀਤੀ। ਸੰਨ 2007 ਵਿਚ ਮੈਂ ਪਾਕਿਸਤਾਨ ਵੀ ਦੇਖਿਆ। ਇਸੇ ਤਰ੍ਹਾਂ ਫਰਾਂਸ ਤੋਂ ਚੱਲਕੇ ਰੇਲ਼ ਰਾਹੀਂ ਕੁਝ ਯੂਰਪ ਦੇ ਮੁਲਕਾਂ ਰਾਹੀਂ ਇਟਲੀ ਗਏ। ਫਰਾਂਸ ਅਤੇ ਇਟਲੀ ਦੇ ਕਈ ਗੁਰਦਵਾਰੇ ਵੀ ਦੇਖੇ। ਪੈਰਿਸ ਦੀਆਂ ਸੜਕਾਂ ’ਤੇ ਰੁਲ਼ਦੇ ਪੰਜਾਬੀ ਨੌਜਵਾਨ ਵੀ ਦੇਖੇ।  ਭਾਰਤ ਯਾਤਰਾ ਸਮੇਂ ਕਦੇ ਮੈਂ ਪੁਰਾਣੇ ਦੋਸਤਾਂ, ਅਧਿਆਪਕਾਂ ਨੂੰ ਮਿਲਦਾ ਅਤੇ ਲਿਖਾਰੀਆਂ ਨੂੰ।

ਇਹ ਸਭ ਚੰਗੀਆਂ ਮਾੜੀਆਂ ਗਤੀਆਂ ਮੇਰੀ ਲਿਖਤ ਨੂੰ ਸਹਾਰਾ ਦਿੰਦੀਆਂ। ਲਿਖਤਾਂ ਨੂੰ ਹੋਰ ਸਹਾਰਾ ਦੇਣ ਲਈ ਮੈਂ ਸੰਗੀਤ ਵੱਲ ਜਾਣ ਲੱਗ ਪਿਆ। ਸੰਗੀਤ ਵਿਚ ਰੁਚੀ ਤਾਂ ਮੇਰੀ ਬਚਪਨ ਤੋਂ ਸੀ ਪਰ ਸਿੱਖਣ ਦਾ ਸਬੱਬ ਕਦੇ ਨਾ ਬਣ ਸਕਿਆ। ਚਾਲ਼ੀ ਸਾਲ ਪਹਿਲਾਂ, ਸੰਨ 1977 ਦੇ ਲਾਗ, ਥੋੜ੍ਹਾ ਕੁ ਸਮਾਂ ਮੈਂ ਹੱਥ ਮੈਂ ਤਬਲੇ ’ਤੇ ਮਾਰੇ ਸਨ, ਪਰ ਮਸ਼ਕ ਲਈ ਸਮਾਂ ਕੱਢਣ ਤੋਂ ਅਸਮਰਥ ਰਿਹਾ। ਗੱਲ ਨਾ ਬਣੀ।

ਆਖਰ 2009 ਵਿਚ ਅਸੀਂ ਨੀਊ ਯਾਰਕ ਦੇ ਸੂਬੇ ਤੋਂ ਵਿਦਾ ਹੋ ਕੇ ਕੈਲੇਫੋਰਨੀਆ ਡੇਰਾ ਗੱਡ ਲਿਆ। ਇੱਥੇ ਮੇਰਾ ਸੰਪਰਕ ਮਸ਼ਹੂਰ ਢੋਲੀ ਲਾਲ ਸਿੰਘ ਭੱਟੀ ਨਾਲ ਹੋ ਗਿਆ। ਭੱਟੀ ਸਾਹਿਬ ਮੈਥੋਂ ਉਮਰ ਵਿਚ ਛੋਟੇ ਸਨ, ਪਰ ਉਹ ਮੇਰੇ ਢੋਲ ਉਸਤਾਦ ਬਣ ਗਏ। ਉਹ ਹਾਰਮੋਨੀਅਮ, ਤੂੰਬੀ ਅਤੇ ਹੋਰ ਬੜਾ ਕੁਝ ਵਜਾ ਲੈਂਦੇ।

ਉਮਰ ਦੇ ਅਨੁਸਾਰ ਢੋਲ ਦਾ ਸਿੱਖਣਾ ਮੇਰੇ ਲਈ ਖ਼ੁਸ਼ੀ ਭਰਿਆ ਸਮਾਂ ਸੀ, ਪਰ ਮੈਂ ਕਿਸੇ ਪ੍ਰਦਰਸ਼ਨ ਵਿਚ ਭਾਗ ਲੈਣ ਵਾਲੇ ਗਰੁੱਪ ਦਾ ਹਿੱਸਾ ਨਾ ਬਣ ਸਕਿਆ। ਇਸ ਲਈ ਇਹ ਸਿਰਫ ਇੱਕ ਨਿੱਜੀ ਮਨੋਰੰਜਕ ਆਹਰ ਬਣਕੇ ਰਹਿ ਗਿਆ। ਇਸਦਾ ਇਕ ਫਾਇਦਾ ਜ਼ਰੂਰ ਹੋਇਆ ਕਿ ਮੈਂ ਬੱਚਿਆਂ ਨੂੰ ਢੋਲ ਬਾਰੇ ਮੁੱਢਲੀ ਜਾਣਕਾਰੀ ਦੇ ਸਕਣ ਦੇ ਕਾਬਲ ਹੋ ਗਿਆ ਤੇ ਕਈ ਵਾਰ ਜਾਣਕਾਰੀ ਦਿੱਤੀ ਵੀ।

ਢੋਲ ਨਾਲੋਂ ਢੱਡ ਬਹੁਤ ਹਲਕੀ ਹੁੰਦੀ ਹੈ, ਇਸ ਲਈ ਢੋਲ ਦੇ ਨਾਲ ਨਾਲ ਮੈਂ ਢੱਡ ਸਿੱਖਣੀ ਵੀ ਆਰੰਭ ਕਰ ਦਿੱਤੀ। ਇਸ ਨੂੰ ਵਜਾਉਣ ਦੇ ਤਰੀਕੇ ਕਾਫੀ ਵੱਖਰੇ ਹਨ, ਭਾਵੇਂ ਢੋਲ ਅਤੇ ਢੱਡ ਦੇ ਰਾਗਾਂ ਦੀ ਮੁੱਢਲੀ ਬਣਤਰ ਕੁਝ ਮਿਲ਼ਦੀ-ਗਿਲ਼ਦੀ ਵੀ ਹੈ। ਢੱਡ ਦੇ ਮੁੱਢਲੇ ਨੁਕਤੇ ਮੈਂ ਯੂਬਾ ਸਿਟੀ ਦੇ ਇੱਕ ਢਾਡੀ ਕੋਲੋਂ ਸਿੱਖੇ ਬਹੁਤ ਕੁਝ ਮੈਂ ਢਾਡੀਆਂ ਨੂੰ ਗਾਉਂਦੇ ਦੇਖ ਦੇਖ ਸਿੱਖਿਆ। ਪੰਜਾਬ ਦੇ  ਕੁਝ ਅਖਾੜੇ ਵੀ ਦੇਖੇ। ਕੁਝ ਨਾਮਵਰ ਹਸਤੀਆਂ ਨੂੰ ਮਿਲਿਆ, ਪਰ ਬਹੁਤੀ ਜਾਣਕਾਰੀ ਮੈਂ ਕੰਪਿਊਟਰ ਤੋਂ ਇੰਟਰਨੈੱਟ ਰਾਹੀਂ ਪਰਾਪਤ ਕੀਤੀ।

ਮੈਨੂੰ ਜਦ ਕਦੇ ਵੀ ਮੌਕਾ ਮਿਲਦਾ, ਮੈਂ ਹਰ ਨਵੇਂ ਢਾਡੀ ਨੂੰ ਇਕ ਵਾਰ ਜ਼ਰੂਰ ਸੁਣਦਾ। ਹਰ ਇਕ ਕਲਾਕਾਰ ਤੋਂ ਕੁਝ ਨਵਾਂ ਰੰਗ ਜਾਂ ਰਾਗ ਸੁਣਨ ਨੂੰ ਮਿਲਦਾ ਰਿਹਾ।

ਭਾਰਤ ਵਿਚਲਾ 2016 ਦਾ ਦੌਰਾ ਮੈਂ ਢੱਡ ਨੂੰ ਮੁੱਖ ਰੱਖਕੇ ਕੀਤਾ। ਢੱਡ ਬਾਰੇ ਲਿਖੇ ਕੁਝ ਨੁਕਤੇ ਮੇਰੀ ਸਮਝ ਵਿਚ ਨਹੀਂ ਸਨ ਆ ਰਹੇ। ਇਸ ਲਈ ਇੰਡੀਆ ਜਾਣ ਤੋਂ ਪਹਿਲਾਂ ਮੈਂ ਗੁਰਮਤ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲ਼ਾ ਨੂੰ ਚਿੱਠੀ ਵੀ ਲਿਖੀ। ਕੋਈ ਜਵਾਬ ਨਾ ਆਇਆ। ਇੰਡੀਆ ਜਾ ਕੇ ਮੈਂ ਉੱਥੇ ਦੋ ਚੱਕਰ ਵੀ ਮਾਰੇ। ਆਖਰ ਮੈਂ ਸੰਗੀਤ ਵਿਭਾਗ ਤੋਂ ਜੋ ਨੁਕਤੇ ਮਿਲੇ, ਉਹ ਲੈਕੇ ਆਪਣੀ ਤਸੱਲੀ ਕਰ ਲਈ। 

ਇੱਕ ਦਿਨ ਯੂਨੀਵਰਸਿਟੀ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਨਾਮ-ਸਨਮਾਨ ਦਿੱਤੇ ਜਾ ਰਹੇ ਸਨ। ਮੈਂ ਵੀ ਉੱਥੇ ਪਹੁੰਚ ਗਿਆ। ਪਤਾ ਲੱਗਾ ਕਿ ਇਹਨਾਂ ਵਿਚ ਲੋਕ ਢਾਡੀ ਦੇਸ ਰਾਜ ਲਛਕਾਨੀ ਤੇ ਪੰਥਕ ਢਾਡੀ ਮਹਿੰਦਰ ਸਿੰਘ ਸਿਵੀਆ ਵੀ ਸਨਮਾਨੇ ਜਾ ਰਹੇ ਸਨ। ਦੇਸ ਰਾਜ ਨੂੰ ਮੈਂ ਕਈ ਸਾਲ ਤੋਂ ਜਾਣਦਾ-ਸੁਣਦਾ ਰਿਹਾ ਹਾਂ। ਪੰਡਾਲ ਦੇ ਪਿੱਛੇ ਵਧਾਈ ਦੇਣ ਸਮੇਂ ਮੈਂ ਦੋਨੋਂ ਜਥਿਆਂ ਦੀਆਂ ਕੁਝ ਤਸਵੀਰਾਂ ਖਿੱਚੀਆਂ।

ਚਾਰ ਸਾਹਿਤ ਸਭਾਵਾਂ ਵਿਚ ਮੈਂ ਆਪਣੀਆਂ ਰਚਨਾਵਾਂ ਢੱਡ ਵਜਾਕੇ ਸੁਣਾਈਆਂ। ਇਕ ਦਿਨ ਪਾਇਲ ਸ਼ਹਿਰ ਦੇ ਸਕੂਲ ਵਿਚ ਬੱਚਿਆਂ ਨੂੰ ਢੱਡ ਨਾਲ ਗਾਉਂਦੇ ਸੁਣਿਆ। ਕੁਲਵਿੰਦਰ ਸਿੰਘ ਘੁੰਮਣ, ਹੁਣੇ ਹੁਣੇ ਹਿਸਾਬ-ਅਧਿਆਪਕ ਦੇ ਕਿੱਤੇ ਤੋਂ ਰੀਟਾਇਰ ਹੋ ਕੇ ਬੱਚਿਆਂ ਨੂੰ ਸੰਗੀਤ ਸਿਖਾ ਰਿਹਾ ਸੀ, ਉਸਨੂੰ ਮਿਲਣ ਦਾ ਮੌਕਾ ਮਿਲਿਆ। ਫਗਵਾੜਾ ਸ਼ਹਿਰ ਦੇ ਲਾਗੇ ਵਸਦੇ ਮਸ਼ਹੂਰ ਢਾਡੀ ਜਸਵੰਤ ਸਿੰਘ ਜੋਸ਼ ਨੂੰ ਮਿਲਿਆ, ਉਹਨਾਂ ਤੋਂ ਢਾਡੀ ਬੈਂਤ ਬਾਰੇ ਇਕ ਨੁਕਤਾ ਹਾਸਲ ਕੀਤਾ।

ਸਰੰਗੀ ਮਾਸਟਰ ਕੁਲਵਿੰਦਰ ਸਿੰਘ ਘੁੰਮਣ ਦੇ ਸੰਗੀਤ ਨਾਲ ਜੁੜੇ ਬੱਚਿਆਂ ਨੂੰ ਮਿਲਕੇ ਮੈਂਨੂੰ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਦੀ ਪੇਸ਼ਕਾਰੀ ਨੇ ਮੇਰਾ ਢਾਡੀ ਸਿੱਖਣ ਦਾ ਇਰਾਦਾ ਹੋਰ ਵੀ ਦ੍ਰਿੜ੍ਹ ਬਣਾ ਦਿੱਤਾ।

ਮੈਂ ਆਪਣੀਆਂ ਟੁੱਟੀਆਂ ਢੱਡਾਂ ਨੂੰ ਠੀਕ ਕਰਵਾ ਕੇ ਅਤੇ ਤਿੰਨ ਨਵੀਆਂ ਢੱਡਾਂ ਖਰੀਦ ਕੇ ਆਪਣੇ ਨਾਲ ਅਮਰੀਕਾ ਲੈ ਆਂਦੀਆਂ। ਸਾਰੰਗੀ ਤੇ ਹੱਥ ਮਾਰਨਾ ਸ਼ੁਰੂ ਕਰ ਲਿਆ। ਸਾਰੰਗੀ ਸਿੱਖਣ ਲਈ ਹਾਰਮੋਨੀਅਮ ਸੁਰਾਂ ਦੀ ਜਾਣਕਾਰੀ ਚਾਹੀਦੀ ਹੈ ਜੋ ਮੈਂ ਪਿਛਲੇ ਦੋ ਸਾਲ ਤੋਂ ਕਰਦਾ ਰਿਹਾ ਹਾਂ।

ਭਾਵੇਂ ਮੈਂ ਸਾਜਾਂ ਦਾ ਕਾਫੀ ਖਿਲਾਰਾ ਪਾ ਰੱਖਿਆ ਸੀ, ਪਰ ਮੇਰਾ ਅਸਲੀ ਮਨੋਰਥ ਢੱਡ ਸਿੱਖਣ ਦਾ ਸੀ। ਬਾਕੀ ਸਾਜ ਮੇਰੇ ਕਮਰੇ ਦਾ ਸ਼ਿੰਗਾਰ (ਜਾਂ ਘਸਮਾਣ!) ਬਣੇ ਰਹਿੰਦੇਪਰ, ਢੱਡ ਤੋਂ ਬਗੈਰ ਮੈਂ ਕਿਤੇ ਨਾ ਜਾਂਦਾ। ਕੁਝ ਢਾਡੀ ਲਿਖਤਾਂ ਵੀ ਮੈਂ ਹਮੇਸ਼ਾ ਆਪਣੇ ਨਾਲ ਰੱਖਦਾ, ਜਿਨ੍ਹਾਂ ਵਿਚ ਕੁਝ ਲਿਖਤਾਂ ਮੇਰੀਆਂ ਆਪਣੀਆਂ ਹੁੰਦੀਆਂ। ਸਾਜ਼ਾਂ ਅਤੇ ਲਿਖਤਾਂ ਦਾ ਰਿਸ਼ਤਾ ਬਹੁਤ ਗੂੜ੍ਹਾ ਹੈ। ਲਿਖਤਾਂ ਨੂੰ ਸੁਧਾਰਨ ਲਈ ਗਾਉਣਾ ਵਜਾਉਣਾ ਅਤਿਅੰਤ ਸਹਾਈ ਰਹਿੰਦਾ ਹੈ। ਢਾਡੀ ਰਾਗਾਂ ਦੀ ਜਾਣਕਾਰੀ ਲਈ ਵਜਾਉਣ ਦੀ ਕਿਰਿਆ ਸਮਝਣਾ ਵੀ ਜ਼ਰੂਰੀ ਹੈ।

ਢੱਡ ਵਿੱਚੋਂ ਚੰਗੀ ਆਵਾਜ਼ ਕੱਢਣਾ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੁੰਦਾ। ਢੱਡ ਦੀ ਆਵਾਜ਼ ਢੱਡ ਦੀ ਬਣਤਰ ’ਤੇ ਵੀ ਨਿਰਭਰ ਹੁੰਦੀ ਹੈ। ਜਿਵੇਂ ਲੋਕ ਆਪੋ-ਆਪਣੇ ਸੰਤ-ਬਾਬੇ ਪਸੰਦ ਕਰਦੇ ਰਹਿੰਦੇ ਨੇ, ਢਾਡੀਆਂ ਨੇ ਵੀ ਆਪੋ ਆਪਣੇ ਮਿਸਤਰੀ ਪਸੰਦ ਕੀਤੇ ਹੁੰਦੇ ਹਨ। ਮਾੜੀ ਢੱਡ ਜਾਂ ਗਲਤ ਵਜਾਉਣ ਢੰਗ ਨਾਲ ਉਂਗਲਾਂ ਦੀ ਦੁਰਦਸ਼ਾ ਹੁੰਦੀ ਰਹਿੰਦੀ ਹੈ। ਇਸੇ ਕਰਕੇ ਮੈਂ ਵੱਖ ਵੱਖ ਥਾਵਾਂ ਤੋਂ ਢੱਡਾਂ ਇਕੱਠੀਆਂ ਕਰਦਾ ਰਹਿੰਦਾ ਅਤੇ ਢੱਡ ਨੂੰ ਕੱਸਣ ਦੇ ਨੁਸਖੇ ਪੁੱਛਦਾ ਰਹਿੰਦਾ। ਕਈ ਲੋਕ ਮੈਂਨੂੰ ਮੂਰਖ ਅਮਰੀਕਣ ਜਾਣ ਕੇ ਕੀਮਤ ਨੂੰ ਛੇ ਤੋਂ ਦਸ ਗੁਣਾਂ ਤੱਕ ਦੱਸ ਜਾਂਦੇ। ਅਜਿਹੇ ਸੱਜਣਾਂ ਲਈ ਢਾਡੀ ਦਇਆ ਸਿੰਘ ਦਿਲਬਰ ਤੋਂ ਸੁਣੀਆਂ ਇਹ ਸਤਰਾਂ ਯਾਦ ਆ ਜਾਂਦੀਆਂ:

ਲੱਖ ਕੁੜੀਆਂ ਮੁੰਡੇ ਕਹਿਣ ਪਏ
ਬਰਸਾਤ ਆਈ ਬਰਸਾਤ ਆਈ,
ਪਰ ਗੜ੍ਹਕਣ ਕੜਕਣ ਚਮਕਣ ਤੋਂ
 ਬਰਸਾਤ ਪਛਾਣੀ ਜਾਂਦੀ ਏ।

ਮਿੱਤਰ ਦੀ ਅੱਖ ਵਿਚ ਪਿਆਰ ਹੁੰਦਾ
ਦੁਸ਼ਮਣ ਦੀ ਅੱਖ ਵਿਚ ਵੈਰ ਹੁੰਦਾ,
ਸੌ ਦੁਸ਼ਮਣਾਂ ’ਚੋਂ ਇਕ ਸੱਜਣ ਦੀ
ਵੱਖ ਝਾਤ ਪਛਾਣੀ ਜਾਂਦੀ ਏ।

ਕੋਈ ਕਿੰਨਾ ਉੱਤੋਂ ਸਾਫ ਰਹੇ
ਪਰ ਝੂਠ ਲੁਕਾਇਆਂ ਲੁਕਦਾ ਨਹੀਂ,
ਹਰ ਹਰਕਤ ਤਾੜੀ ਜਾਂਦੀ ਏ
ਹਰ ਬਾਤ ਪਛਾਣੀ ਜਾਂਦੀ ਏ।

ਕੀ ਟੋਹਣਾ ਹਲਕੇ ਬੰਦੇ ਦਾ
ਮਾਮੂਲੀ ਗੱਲ ਨਾਲ ਟੋਹ ਲਈਦਾ,
ਇਕ ਟਕੇ ਦੀ ਹਾਂਡੀ ਨਾਲ
ਕੁੱਤੇ ਦੀ ਜ਼ਾਤ ਪਛਾਣੀ ਜਾਂਦੀ ਏ
   

ਢੱਡ ਪੰਜਾਬੀਆਂ ਦਾ ਪੁਰਾਣਾ ਮਨ ਭਾਉਂਦਾ ਸਾਜ਼ ਹੈ ਜੋ ਸਾਰੰਗੀ ਨਾਲ ਮਿਲਕੇ ਖਾਸ ਮਨੋਰੰਜਕ ਸੰਗੀਤ ਪੈਦਾ ਕਰਦਾ ਹੈ। ਚੰਗੇ ਢੱਡ-ਵਾਦਕ ਉਹੀ ਬਣ ਸਕਦੇ ਹਨ ਜੋ ਹਾਰਮੋਨੀਅਮ ਅਤੇ ਸਾਰੰਗੀ ਵਰਗੇ ਸਾਜ਼ਾਂ ਦੀ ਜਾਣਕਾਰੀ ਵੀ ਰੱਖਦੇ ਹੋਣ।

‘ਕਹਾਣੀ ਪੰਜਾਬ’ ਰਸਾਲੇ ਦੇ ਬਾਨੀ ਸੰਪਾਦਕ ਰਾਮ ਸਰੂਪ ਅਣਖੀ ਨੇ ਕਦੇ ਮੈਂਨੂੰ ਸੁਝਾਅ ਦਿੱਤਾ ਸੀ ਕਿ ਬੰਦੇ ਨੂੰ ਆਪਣੇ ਆਲ਼ੇ-ਦੁਆਲ਼ੇ ਬਾਰੇ ਜਰੂਰ ਲਿਖਣਾ ਚਾਹੀਦਾ ਹੈ। ਉਸ ਸੁਝਾ ਨੂੰ ਮੈਂ ਪੱਲੇ ਬੰਨ੍ਹ ਲਿਆ। ਮੈਂ ਇਕ ਪਰਵਾਸੀ ਕਲੀ ਲਿਖੀ ਜੋ ਬਣਤਰ ਵਿਚ ਪਿੰਡ ਬੁਟਾਹਰੀ ਵਾਲੇ ਹਜੂਰਾ ਸਿੰਘ ਦੀਆਂ ਕਲੀਆਂ ਨਾਲ ਮੇਲ ਖਾਂਦੀ ਹੈ। ਇਹ ਕਲੀ ਮੈਂ ਕੈਲੇਫੋਰਨੀਆ ਤੋਂ ਚਲਦੇ ਪੰਜਾਬੀ ਰੇਡੀਓ ਯੂ. ਐਸ. ਏ. ਵਿਚ ਵੀ ਪੜ੍ਹੀ ਅਤੇ ਆਪਣੀ ਭਾਰਤ ਫੇਰੀ ਸਮੇਂ ਕਵੀ ਦਰਬਾਰਾਂ ਵਿਚ ਪੜ੍ਹੀ। ਲੋਕਾਂ ਨੂੰ ਮਿਲਣ ਗਿਲਣ ਸਮੇਂ ਵੀ ਪੜ੍ਹੀ।

ਕਲੀ:                                                                                                                                                

ਜਿਹੜੀ ਧਰਤੀ ਤੇ ਵੀ ਖਿੰਡ ਗਏ ਆਣ ਪੰਜਾਬੀ,
ਡਿਗਦੇ ਢਹਿੰਦੇ ਆਖਰ ਬਹਿ ਗਏ ਪੈਰ ਜਮਾਕੇ।

ਦਿਸਦੇ ਬੰਦਨਾ ਕਰਦੇ ਬੈਠੇ ਵਿਚ ਟਰੱਕਾਂ ਦੇ,
ਕਰਦੇ ਯਾਦ ਗੁਰਾਂ ਨੂੰ ਰੱਬ ਦਾ ਨਾਮ ਧਿਆਕੇ।

ਬਾਪੂ ਬੇਬੇ ਸੱਦੇ ਆਏ ਧੀਆਂ-ਪੁੱਤਰਾਂ ਦੇ,
ਕੱਢੇ ਗਰਜਾਂ ਨੇ ਜਾਂ ਮੁਲਕੋਂ ਅੱਕ ਚਬਾਕੇ।

ਪੱਕੀ ਉਮਰੇ ਕਹਿੰਦੀ ਫਿਰੇ ਜ਼ਨਾਨੀ ਘਰ ਘਰ ਦੀ,
‘ਮੈਂ ਹੀ ਕੱਟਗੀ’, ਫਾਹਾ ਤੇਰੇ ਨਾਲ ਲਗਾਕੇ।

ਕੁਝ ਨੀ ਮਿਲਣਾ ਜ਼ਿੰਦੜੀਏ ਤੈਨੂੰ ਸੜੀ ਸਿਆਸਤ ਤੋਂ,
ਰੋਬ੍ਹ ਜਮਾਕੇ, ਸਬਕ ਸਿਖਾਕੇ ਜਾਂ ਵਡਿਆਕੇ।

ਸਮਝ ਕਵੱਲੀ, ਵਿਹਲੜ ਸਾਧਾਂ ਸੰਤਾਂ ਦੀ,
ਰੱਖਦੀ ਆਏ ਸਾਨੂੰ ਓਹ ਪੁੱਠੇ ਰਾਹ ਪਾਕੇ।

ਨਾਮ ਧਿਆ ਲੈ, ਖੱਟ ਕਮਾ ਲੈ, ਮਨ ਪ੍ਰਚਾਅ ਲੈ ਓਏ,
ਮਿਲਣਾ ਕੁਝ ਨੀ ਵਰਨਾ, ਫਿਰ ਪਿੱਛੋਂ ਪਛਤਾਕੇ।

ਮੇਲਾ ਚਾਰ ਦਿਨਾਂ ਦਾ, ਆਖਰ ਦੁਨੀਆਂ ਫਾਨੀ ਹੈ,
ਕੋਈ ਨ੍ਹੀਂ ਮੁੜਿਆ ਵਾਪਿਸ
ਇਕ ਵਾਰੀ ਇੱਥੋਂ ਜਾਕੇ।

ਉਮਰ ਸਿਆਣੀ ਦੇ ਵਿਚ ਕੰਮ ਅਵੱਲੇ ਕਰ ਬੈਠਾ,
ਘਣਗਸ ਖੁਸ਼ ਰਹਿੰਦਾ ਹੈ ਅੱਜਕਲ ਢੱਡ ਵਜਾਕੇ।

**

ਮਾਰਚ 16, 2016  ਨੂੰ ਖੰਨਾ ਸ਼ਹਿਰ ਦੇ ਗੁਆਂਢੀ ਪਿੰਡਾਂ ਵਿਚ ਦੋ ਢਾਡੀ ਦਰਬਾਰ ਹੋ ਰਹੇ ਸਨ। ਪਿੰਡ ਸਲਾਣੇ ਵਿਚ ਦੇਸ ਰਾਜ ਦਾ ਅਖਾੜਾ ਲੱਗ ਰਿਹਾ ਸੀ। ਇੱਥੇ ਹਰ ਦੂਜੇ ਸਾਲ ਘੋਲਾਂ ਦੇ ਅਖਾੜੇ ਨਾਲ ਪੂਰਨ ਗਾਇਆ ਜਾਂਦਾ। ਪਿੰਡ ਭਮੱਦੀ ਵਿਚ ਪੰਥਕ ਢਾਡੀ ਦਰਬਾਰ ਸਜਣ ਜਾ ਰਿਹਾ ਸੀ, ਜਿੱਥੇ ਤਰਲੋਚਨ ਸਿੰਘ ਭਮੱਦੀ ਅਤੇ ਲਖਵਿੰਦਰ ਸਿੰਘ ਸੋਹਲ ਦੇ ਜੱਥੇ ਵੀ ਆ ਰਹੇ ਸਨ। ਕੁਦਰਤੀ, ਮੇਰੇ ਜਹਾਜ਼ ਦੀ ਉਡਾਣ ਵੀ ਉਸੇ ਦਿਨ ਦੀ ਸੀ। ਇਸ ਨਿਰਾਸਤਾ ਦੇ ਬਾਵਜੂਦ, ਇਸ ਫੇਰੀ ਵਿਚ ਮੇਰੀ ਢੱਡ ਬਾਰੇ ਜਾਣਕਾਰੀ ਕੁਝ ਹੋਰ ਵਧੀ। ਢੱਡ ਦਾ ਸਫਰ ਬੜਾ ਹੀ ਦਿਲਚਸਪ ਰਿਹਾ।

ਗੋਡੇ ਖੜ੍ਹ ਗਏ, ਮੋਢੇ ਦੁਖਦੇ, ਰੜਕਣ ਲੱਗ ਪਏ ਹੱਡ,
ਇਹ ਉਂਗਲਾਂ ਮੱਤ ਛੋਹਿਓ
, ਅਸਾਂ ਵਜਾਉਣੀ ਢੱਡ।

*****
(249)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author