GSGhangas7ਰਿਟਾਇਰਮੈਂਟ ਤੋਂ ਬਾਅਦ ਮੇਰੇ ਜੀਵਨ ਵਿੱਚ ਕਾਫੀ ਤਬਦੀਲੀਆਂ ਆਈਆਂ ...
(21 ਨਵੰਬਰ 2019)

 

ਵਿੱਦਿਆ ਵੀਚਾਰੀ ਤਾਂ ਪਰਉਪਕਾਰੀ

(ਸ਼ੁੱਕਰਵਾਰ 05 ਅਕਤੂਬਰ 2012)

GurdevSKhush1ਵਿਗਿਆਨ ਜਗਤ ਵਿੱਚ ਗੁਰਦੇਵ ਸਿੰਘ ਖੁਸ਼ ਇੱਕ ਜਾਣਿਆ-ਪਛਾਣਿਆ ਨਾਂ ਹੈਪੰਜਾਬੀਆਂ ਲਈ ਉਸਦਾ ਜੀਵਨ ਇੱਕ ਫ਼ਖਰ ਵਾਲੀ ਗੱਲ ਹੈ‘ਹਰੀ ਕਰਾਂਤੀ’ (ਹਰਾ ਇਨਕਲਾਬ) ਵਿੱਚ ਉਸਦਾ ਹਿੱਸਾ ਬਹੁਤ ਵੱਡਾ ਹੈਚੌਲ਼ਾਂ ਦੀਆਂ ਨਵੀਆਂ ਕਿਸਮਾਂ ਈਜਾਦ ਕਰਨ ਵਾਲੀ ਉਹ ਸਿਰਕੱਢ ਸ਼ਖਸੀਅਤ ਹੈਡਾ. ਗੁਰਦੇਵ ਸਿੰਘ ਖੁਸ਼ ਬਾਰੇ ਅੰਗਰੇਜ਼ੀ ਵਿੱਚ ਜਿੰਨਾ ਕੁਝ ਪਹਿਲਾਂ ਹੀ ਲਿਖਿਆ ਮਿਲਦਾ ਹੈ ਉਸ ਨੂੰ ਪੜ੍ਹ ਕੇ ਇੱਦਾਂ ਲਗਦਾ ਹੈ ਕਿ ਸਾਇੰਸ ਦੇ ਖੇਤਰ ਵਿੱਚ ਉਸਨੇ ਆਹਲਾ ਦਰਜੇ ਦੀ ਕਮਾਲ ਕਰ ਦਿਖਾਈ ਹੈਇਸ ਤੋਂ ਉਪਰੰਤ ਉਹਦਾ ਬਹੁਤ ਸਾਰਾ ਕੰਮ ਉਹਦੀਆਂ ਅੱਖਾਂ ਸਾਹਮਣੇ ਹੀ ਦੁਨੀਆਂ ਦੇ ਕੋਨੇ ਕੋਨੇ ਨੂੰ ਛੂਹ ਰਿਹਾ ਹੈਸਰਬੱਤ ਦੇ ਭਲੇ ਲਈ ਇਸ ਤਰ੍ਹਾਂ ਦੀ ਪਰਾਪਤੀ ਕਿਸੇ ਭਾਗਾਂ ਵਾਲੇ ਇਨਸਾਨ ਦੇ ਹਿੱਸੇ ਹੀ ਆਉਂਦੀ ਹੈਇਸ ਤਰ੍ਹਾਂ ਦੇ ਨੇਕ ਇਨਸਾਨਾਂ ਦੇ ਸ਼ਬਦ ਲੋਕਾਂ ਲਈ ਕੁਝ ਅਰਥ ਰੱਖਦੇ ਹੁੰਦੇ ਹਨਤੇ ਕਈ ਵਾਰ ਇਹਨਾਂ ਦਾ ਇੱਕ ਫਿਕਰਾ ਹੀ ਕਲਿਆਣਕਾਰੀ ਸਾਬਤ ਹੋ ਸਕਦਾ ਹੈਇਸ ਤਰ੍ਹਾਂ ਦੇ ਮਸ਼ਹੂਰ ਇਨਸਾਨ ਨਾਲ ਗੱਲ ਚਲਾਉਣ ਲਈ ਸਬੱਬ ਅਤੇ ਹੌਸਲਾ ਦੋਨੋਂ ਜ਼ਰੂਰੀ ਹੁੰਦੇ ਹਨ

ਅਗਸਤ 2012 ਦੇ ਇੱਕ ਐਤਵਾਰ ਮੈਂ ਕੈਲੇਫੋਰਨੀਆ ਦੇ ਰੋਜ਼ਵਿਲ ਸ਼ਹਿਰ ਵਿੱਚ ਪੈਂਦੇ ਗੁਰਦਵਾਰੇ ਦੇ ਲੰਗਰ ਹਾਲ ਵਿੱਚ ਅਜੇ ਬੈਠਾ ਹੀ ਸੀ ਕਿ ਮੇਰੇ ਲਾਗੇ ਬੈਠਾ ਸੱਜਣ ਕਹਿੰਦਾ, “ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆਂ।” ਮੈਂ ਕਿਹਾ, “ਦੱਸੋ ਜੀ” ਉਹ ਬੋਲਿਆ, “ਮੇਰੀ ਸਲਾਹ ਹੈ ਮੁੰਡੇ ਨੂੰ ਵਿਗਿਆਨ ਵਿੱਚ ਪਾਉਣ ਦੀਪੜ੍ਹ ਕੇ ਤਨਖਾਹ ਕਿੰਨੀ ਮਿਲ ਜਾਂਦੀ ਹੈ?” ਇੰਨੇ ਵੱਡੇ ਸਵਾਲ ਦਾ ਸਹੀ ਜਵਾਬ ਦੇਣ ਲਈ ਨਾ ਹੀ ਮੇਰੇ ਕੋਲ ਸੰਖੇਪ ਅਤੇ ਢੁੱਕਵੇਂ ਸ਼ਬਦ ਸਨ ਤੇ ਨਾ ਹੀ ਉਸ ਸੱਜਣ ਕੋਲ ਬਹੁਤਾ ਸਬਰ ਸੀਇਸ ਤਰ੍ਹਾਂ ਦੇ ਪੰਜਾਬੀ ਭਰਾਵਾਂ ਨੂੰ ਕਿਵੇਂ ਦੱਸਿਆ ਜਾਵੇ ਕਿ ਚੰਗੇ ਸਾਇੰਸਦਾਨ ਕਿਸ ਮਿੱਟੀ ਦੇ ਬਣੇ ਹੁੰਦੇ ਹਨ?

ਮੈਂ ਘਰ ਆਇਆ ਤੇ ਕਾਫੀ ਸੋਚ-ਵਿਚਾਰ ਤੋਂ ਬਾਅਦ ਮੈਂ ਆਪਣੇ ਦੋਸਤ ਸ਼ਮਸ਼ੇਰ ਸਿੰਘ ‘ਕੰਗ’ ਨੂੰ ਫੋਨ ਕੀਤਾਸ਼ਮਸ਼ੇਰ ਵੀ ਮੇਰੇ ਵਾਂਗ ਪੀ.ਏ.ਯੂ. (P.A.U.) ਦਾ ਪੁਰਾਣਾ ਵਿਦਿਆਰਥੀ ਹੈ ਪਰ ਉਹ ਡਾ. ਗੁਰਦੇਵ ਸਿੰਘ ਖੁਸ਼ ਨੂੰ ਚਿਰਾਂ ਦਾ ਨੇੜਿਓਂ ਜਾਣਦਾ ਹੈਉਸਦੇ ਸਹਿਯੋਗ ਨਾਲ ਡਾ. ਖੁਸ਼ ਜੀ ਨਾਲ ਮੁਲਾਕਾਤ ਕਰਨ ਦੀ ਬਿਉਂਤ ਬਣਾ ਕੇ ਮੈਂ ਡਾ. ਖੁਸ਼ ਬਾਰੇ ਹੋਰ ਪੜ੍ਹਨਾ ਸ਼ੁਰੂ ਕਰ ਦਿੱਤਾ ਤੇ ਇੱਕ ਸਵਾਲ-ਨਾਮਾ ਵੀ ਤਿਆਰ ਕਰ ਲਿਆ ਤੇ ਸਤੰਬਰ 19 ਨੂੰ ਅਸੀਂ ਦੋਨੋਂ ਜਣੇ ਡਾ. ਖੁਸ਼ ਨੂੰ ਮਿਲਣ ਚਲੇ ਗਏਇਸ ਮੁਲਾਕਾਤ ਸਮੇਂ ਹੋਈਆਂ ਗੱਲਾਂ ਦੇ ਅਧਾਰ ਉੱਤੇ ਜੋ ਕੁਝ ਮੈਂ ਅਨੁਭਵ ਕੀਤਾ, ਪਹਿਲਾਂ ਉਸਨੂੰ ਕਲਮ-ਬੰਦ ਕੀਤਾਮੁਲਾਕਾਤ ਕੁਝ ਅਧੂਰੀ ਲੱਗੀਇਸ ਲਈ ਸਵਾਲ-ਨਾਮਾ ਮੈਂ ਡਾ. ਖੁਸ਼ ਨੂੰ ਘੱਲ ਦਿੱਤਾਇਹ ਸਭ ਕੁਝ ਮੈਂ ਹੁਣ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂਆਸ ਹੈ ਕਿ ਇਸ ਵਿੱਚ ਗੁਰਦੁਆਰੇ ਵਿੱਚ ਮਿਲੇ ਸੱਜਣ ਲਈ ਅਤੇ ਵਿਗਿਆਨ ਦੇ ਰਸਤੇ ਚੱਲਣ ਵਾਲਿਆਂ ਪਾਠਕਾਂ ਲਈ ਕੁਝ ਹੋਰ ਦਿਲਚਸਪ ਗੱਲਾਂ ਵੀ ਮਿਲਣਗੀਆਂ

ਡਾ. ਖੁਸ਼ ਬਾਰੇ ਪਹਿਲਾਂ ਛਪੀ ਜਾਣਕਾਰੀ:

ਡਾ. ਖੁਸ਼ ਦੇ ਜੀਵਨ ਬਾਰੇ ਕਾਫੀ ਕੁਝ ਅੰਗਰੇਜ਼ੀ ਵਿੱਚ ਛਪਿਆ ਮਿਲਦਾ ਹੈਸੰਨ 1935 ਵਿੱਚ ਜਨਮੇ ਗੁਰਦੇਵ ਸਿੰਘ ਦਾ ਜੱਦੀ ਪਿੰਡ ਰੁੜਕੀ, ਜ਼ਿਲ੍ਹਾ ਜਲੰਧਰ ਵਿੱਚ ਹੈ, ਜੋ ਜੀ.ਟੀ. ਰੋਡ ਗੁਰਾਇਆ ਤੋਂ ਚੰਦ ਕੁ ਮੀਲਾਂ ਉੱਤੇ ਹੈਹੋਣਹਾਰ ਗੁਰਦੇਵ ਸਿੰਘ ਨੇ ਪਿੰਡ ਦੇ ਸਕੂਲ ਤੋਂ ਪਰਾਇਮਰੀ (ਚਾਰ ਜਮਾਤਾਂ) ਪਾਸ ਕਰ ਕੇ ਦਸਵੀਂ ਤੱਕ ਦੀ ਵਿੱਦਿਆ ਖਾਲਸਾ ਹਾਈ ਸਕੂਲ, ਬੰਡਾਲਾ ਤੋਂ ਕੀਤੀਰੁੜਕੀ ਤੋਂ ਪਿੰਡ ਬੰਡਾਲਾ (ਸਵ. ਹਰਕਿਸ਼ਨ ਸਿੰਘ ਸੁਰਜੀਤ ਦਾ ਪਿੰਡ) ਪੰਜ-ਛੇ ਮੀਲ ਹੈਸਕੂਲ ਪਹੁੰਚਣ ਲਈ ਉਹ ਸਦਾ ਪੈਦਲ ਜਾਂਦੇ ਰਹੇਦਸਵੀਂ ਤੋਂ ਬਾਅਦ ਉਨ੍ਹਾਂ ਸਰਕਾਰੀ ਖੇਤੀਬਾੜੀ ਕਾਲਿਜ, ਲੁਧਿਆਣਾ (ਜੋ ਬਾਅਦ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਾ ਦਿੱਤੀ ਗਈ) ਤੋਂ 1955 ਵਿੱਚ ਬੀ. ਐੱਸ-ਸੀ. (B.Sc.) ਪਾਸ ਕੀਤੀ ਤੇ ਇੰਗਲੈਂਡ ਚਲੇ ਗਏਉਦੋਂ ਇੰਗਲੈਂਡ ਜਾਣਾ ਸੌਖਾ ਹੁੰਦਾ ਸੀਡੇਢ ਕੁ ਸਾਲ ਇੰਗਲੈਂਡ ਦੀ ਕਿਸੇ ਫੈਕਟਰੀ ਵਿੱਚ ਕੰਮ ਕਰਕੇ ਉੱਚ ਵਿੱਦਿਆ ਲਈ ਅਮਰੀਕਾ ਆਏ ਤੇ ਯੂਨੀਵਰਸਿਟੀ ਆਫ ਕੈਲੇਫੋਰਨੀਆ, ਡੇਵਿਸ (University of California, Davis) ਤੋਂ 1960 ਵਿੱਚ ਪੀ-ਐੱਚ. ਡੀ. (Ph.D.) ਹਾਸਲ ਕੀਤੀ ਤੇ ਫਿਰ ਉੱਥੇ ਹੀ ਸੱਤ ਸਾਲ ਹੋਰ ਟਿਕੇ ਰਹੇ, ਜਿੱਥੇ ਉਨ੍ਹਾਂ ਟਮਾਟਰ ਦੀਆਂ ਕਿਸਮਾਂ (Tomato Genetics) ਉੱਤੇ ਜੁਟ ਕੇ ਖੋਜ ਕੀਤੀਇੱਥੇ ਆਪਣੇ ਖੋਜ-ਪੱਤਰਾਂ ਸੰਗ ਇੱਕ ਮਹੱਤਵਪੂਰਨ ਪੁਸਤਕ ਵੀ ਲਿਖਣੀ ਸ਼ੁਰੂ ਕੀਤੀ। (ਇਹ ਕਿਤਾਬ ਮੈਂ 1975 ਵਿੱਚ ਪੜ੍ਹੀ ਸੀ ਭਾਵੇਂ ਉਦੋਂ ਪੂਰੀ ਸਮਝ ਵਿੱਚ ਨਹੀਂ ਸੀ ਆਈ।) ਇਸ ਕੰਮ ਦੇ ਸਦਕੇ ਆਪਨੂੰ 1967 ਵਿੱਚ ਫਿਲੀਪੀਨਜ਼ ਵਿਖੇ ਵਿਸ਼ਵ ਝੋਨਾ ਖੋਜ ਵਿਦਿਆਲੇ (International Rice Research Institute, Manilla, Phillipines) ਨੇ ਖਿੱਚ ਲਿਆਂਦਾ ਜਿੱਥੇ 1972 ਵਿੱਚ ਡਾ. ਖੁਸ਼ ਨੂੰ ਝੋਨੇ ਦੀਆਂ ਨਵੀਆਂ ਕਿਸਮਾਂ ਕੱਢਣ ਵਾਲੇ ਮਹਿਕਮੇ ਦਾ ਮੁਖੀ ਬਣਾ ਦਿੱਤਾ ਗਿਆਇਹ ਮਹਿਕਮਾ ਦਿਨ-ਬਦਿਨ ਤਰੱਕੀ ਕਰਦਾ ਗਿਆਸੰਨ 2002 ਵਿੱਚ ਡਾ. ਖੁਸ਼ ਫ਼ਿਲੀਪੀਨਜ਼ ਤੋਂ ਰੀਟਾਇਰ ਹੋ ਗਏਕੈਲੇਫੋਰਨੀਆ ਦੀ ਉਸੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਸਹਾਇਕ-ਪ੍ਰੋਫੈਸਰ (Adjunct Professor) ਵਜੋਂ ਅਜੇ ਵੀ ਆਪਣੇ ਨਾਲ ਜੋੜਿਆ ਹੋਇਆ ਹੈ ਤੇ ਉਹ ਆਪਣੇ ਕੰਮਾਂ ਵਿੱਚ ਕਰਮਸ਼ੀਲ ਹਨ

ਫ਼ਿਲੀਪੀਨਜ਼ ਵਿੱਚ ਗੁਜ਼ਾਰੇ ਪੈਂਤੀ ਸਾਲਾਂ ਵਿੱਚ ਡਾ. ਖੁਸ਼ ਨੇ ਝੋਨੇ ਦੀਆਂ ਤਕਰੀਬਨ 300 ਨਵੀਆਂ ਕਿਸਮਾਂ ਦੇ ਈਜਾਦ ਕਰਨ ਵਿੱਚ ਭਾਗ ਲਿਆਇਸ ਸਮੇਂ ਵਿੱਚ ਦੁਨੀਆ ਵਿੱਚ ਝੋਨੇ ਦੀ ਉਪਜ ਜੋ ਸੰਨ 1966 ਵਿੱਚ 257 ਮਿਲੀਅਨ ਟਨ ਹੁੰਦੀ ਸੀ ਸੰਨ 2006 ਤੱਕ 626 ਮਿਲੀਅਨ ਟਨ ਤੱਕ ਪੁੱਜ ਗਈਉਨ੍ਹਾਂ ਦੀ ਅਗਵਾਈ ਹੇਠ ਤਕਰੀਬਨ 50 ਵਿਦਿਆਰਥੀਆਂ ਨੇ ਡਿਗਰੀਆਂ ਹਾਸਲ ਕੀਤੀਆਂ ਜਿਨ੍ਹਾਂ ਵਿੱਚੋਂ ਅੱਧੀਆਂ ਪੀ-ਐੱਚ. ਡੀ. (Ph.D.) ਦੀਆਂ ਹਨ

ਇਨ੍ਹਾਂ ਪਰਾਪਤੀਆਂ ਦੇ ਸਦਕੇ ਉਨ੍ਹਾਂ ਨੂੰ ਸੰਨ 1977 ਤੋਂ ਵਿਸ਼ਵ-ਪੱਧਰ ਵਾਲੇ ਇਨਾਮ-ਸਨਮਾਨ ਵੀ ਮਿਲ ਸ਼ੁਰੂ ਹੋ ਗਏ, ਜਿਨ੍ਹਾਂ ਵਿੱਚ ਵਿਸ਼ਵ ਭੋਜਨ ਪੁਰਸਕਾਰ (World Food Prize) ਵੀ ਸ਼ਾਮਿਲ ਹੈਇਨਾਮਾਂ ਦੀ ਸੂਚੀ ਲੰਮੀ ਹੈ ਜਿਸ ਵਿੱਚ ਚੀਨ, ਜਾਪਾਨ, ਥਾਈਲੈਂਡ, ਮਲੇਸ਼ੀਆ, ਇਰਾਨ, ਇੰਡੋਨੇਸ਼ੀਆ ਇਜ਼ਰਾਈਲ ਅਤੇ ਭਾਰਤ ਦੇ ਕਈ ਇਨਾਮ ਸ਼ਾਮਿਲ ਹਨਦੁਨੀਆਂ ਦੀਆਂ ਤਕਰੀਬਨ 12 ਮਸ਼ਹੂਰ ਯੂਨੀਵਰਸਿਟੀਆਂ ਨੇ ਇਨ੍ਹਾਂ ਨੂੰ ਆਨਰੇਰੀ ਡਾਕਟਰ (Ph.D./D.Sc.) ਦੀਆਂ ਡਿਗਰੀਆਂ ਨਾਲ ਨਿਵਾਜਿਆ ਹੈਮਨੁੱਖੀ ਇਨਾਮਾਂ ਤੋਂ ਵੀ ਵੱਡਾ ਇਨਾਮ ਕੁਦਰਤ ਨੇ ਉਹਨਾਂ ਨੂੰ ਸਬਰ-ਸ਼ੁਕਰ ਵਾਲਾ ਇਨਾਮ ਬਖ਼ਸ਼ਿਆ ਹੈਆਪਣੀ ਇਨਾਮਾਂ ਦੀ ਰਾਸ਼ੀ ਵਿੱਚੋਂ 3.5 ਕਰੋੜ ਰੁਪਏ ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅਰਪਨ ਕਰ ਦਿੱਤੇ ਹਨਉਨ੍ਹਾਂ ਦੇ ਨਾਂ ’ਤੇ ਖੇਤੀਬਾੜੀ ਯੂਨੀਵਰਸਿਟੀ ਵਿੱਚ ‘ਜੀਵ ਸ਼ਿਲਪ-ਵਿਗਿਆਨ’ (Bio-technology Centre) ਦਾ ਕੇਂਦਰ ਸਥਾਪਤ ਕਰ ਦਿੱਤਾ ਗਿਆ ਹੈਇਸ ਕੇਂਦਰ ਵਿੱਚ ਖੇਤੀ-ਬਾੜੀ ਦੇ ਵਿਕਾਸ ਲਈ ਉੱਚ ਦਰਜੇ ਦੀ ਖੋਜ ਹੋ ਰਹੀ ਹੈਇਸ ਤੋਂ ਇਲਾਵਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੋਣਹਾਰ ਵਿਦਿਆਰਥੀਆਂ ਲਈ ਕਈ ਪਰਕਾਰ ਦੇ ਵਜ਼ੀਫੇ ਵੀ ਦੇ ਰਹੇ ਹਨਕਈ ਵਿਸ਼ਵ ਸੰਸਥਾਵਾਂ ਦੇ ਮੈਂਬਰ ਚੁਣੇ ਜਾ ਚੁੱਕੇ ਹਨ ਜਿੱਥੇ ਸਿਰਫ ਅੱਵਲ ਦਰਜੇ ਦੇ ਸਾਇੰਸਦਾਨ ਹੀ ਪਹੁੰਚ ਸਕਦੇ ਹਨ

ਸਵਾਲ ਜਵਾਬ

? ਡਾ. ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਜੋ ਕੁਝ ਦੱਸਣਾ ਹੈ, ਦੱਸੋ

: ਮੈਂ ਇੱਕ ਦਰਮਿਆਨੇ ਕਿਸਾਨ ਟੱਬਰ ਵਿੱਚ ਪਲ਼ਿਆਮੇਰੇ ਦਾਦਾ ਜੀ ਅਤੇ ਉਨ੍ਹਾਂ ਦੇ ਦੋ ਭਰਾ 1918 ਦੀ ਪਲੇਗ (influenza outbreak) ਸਮੇਂ ਮਾਰੇ ਗਏਪਿਤਾ ਜੀ ਉਦੋਂ ਸਿਰਫ ਅੱਠ ਸਾਲਾਂ ਦੇ ਸਨਪਿਤਾ ਜੀ ਦੀ ਸਾਰੀ ਦੇਖ-ਭਾਲ ਮੇਰੀ ਅਨਪੜ੍ਹ ਦਾਦੀ ਦੇ ਜੁੰਮੇ ਆ ਗਈਆਮਦਨ ਲਈ ਗੁਜਾਰੇ ਜੋਗੀ ਜ਼ਮੀਨ ਤਾਂ ਹੈ ਸੀਕਿਸੇ ਸਨੇਹੀ ਦੀ ਮਦਦ ਨਾਲ ਮੇਰੇ ਪਿਤਾ ਜੀ ਨੂੰ ਗਵਾਂਢੀ ਪਿੰਡ ਦੇ ਪਰਾਇਮਰੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ ਗਿਆਇਹ ਕਦਮ ਸ਼ਾਇਦ ਮੇਰੇ ਜੀਵਨ ਦੇ ਕਿੱਤੇ ਲਈ ਸਭ ਤੋਂ ਵਧ ਮਹੱਤਤਾ ਰੱਖਦਾ ਹੈ

? ਗੋਤ ਤਾਂ ਤੁਹਾਡਾ ‘ਕੂਨਰ’ ਹੈ, ਤੁਸੀਂ ਆਪਣੇ ਨਾਂ ਨਾਲ ਖੁਸ਼ ਕਦੋਂ ਲਿਖਣ ਲੱਗੇ?

: ਹਾਈ ਸਕੂਲ ਵਿੱਚ ਮੈਂ ਕਵਿਤਾ ਲਿਖਣ ਦਾ ਸ਼ੁਗਲ ਕਰਨ ਲੱਗ ਪਿਆ ਤੇ ਇਸ ਸਮੇਂ ਮੈਂ ਆਪਣਾ ਤਖੱਲਸ ‘ਖੁਸ਼’ ਲਿਖਣਾ ਸ਼ੁਰੂ ਕਰ ਦਿੱਤਾਦਸਵੀਂ ਦੇ ਇਮਤਿਹਾਨ ਸਮੇਂ ਵੀ ਗੋਤ ਦੀ ਥਾਂ ’ਤੇ ‘ਖੁਸ਼’ ਵਰਤ ਲਿਆਉਸਤੋਂ ਬਾਅਦ ‘ਖੁਸ਼’ ਮੇਰਾ ਵਿਹਾਰਕ ਅਤੇ ਘਰੋਗੀ ਨਾਂ ਬਣ ਗਿਆ ਹੈ

? ਤੁਹਾਨੂੰ ਸਾਇੰਸ ਵੱਲ ਜਾਣ ਦਾ ਸ਼ੌਕ ਕਿੱਥੋਂ ਜਾਗਿਆ?

: ਬਚਪਨ ਵੇਲੇ ਮੈਂਨੂੰ ਕੁਦਰਤ ਦੇ ਕ੍ਰਿਸ਼ਮੇਂ, ਜਿਵੇਂ ਦਿਨ ਤੇ ਰਾਤ, ਗਰਮੀ ਤੇ ਸਰਦੀ, ਮੌਸਮ, ਬਿਜਲੀ ਸਭ ਖਿੱਚ ਪਾਉਂਦੇ ਸਨਸਕੂਲਾਂ ਵਿੱਚ ਉਸ ਸਮੇਂ ਬੱਚਿਆਂ ਨੂੰ ਸਾਇੰਸ ਬਹੁਤ ਘੱਟ ਪੜ੍ਹਾਈ ਜਾਂਦੀ ਸੀਫਿਰ ਵੀ ਮੈਂਨੂੰ ਸਾਇੰਸ ਨਾਲ ਮਿਲਦੀਆਂ-ਜੁਲਦੀਆਂ ਖਬਰਾਂ ਦਿਲਚਸਪ ਲੱਗਦੀਆਂਇਸੇ ਲਈ ਮੈਂ ਆਰਟਸ ਕਾਲਿਜ ਵਿੱਚ ਪੜ੍ਹਨ ਦੀ ਬਜਾਏ ਸਾਇੰਸ ਵਾਲੇ ਨੂੰ ਤਰਜੀਹ ਦਿੱਤੀ

? ਤੁਸੀਂ ਅਮਰੀਕਾ ਵਿੱਚ ਪੜ੍ਹਨ ਆਏ, ਪੜ੍ਹਨ ਆਉਣ ਦਾ ਸਬੱਬ ਕਿਵੇਂ ਬਣਿਆ?

: ਬੀ. ਐੱਸ. ਸੀ. ਤੋਂ ਬਾਅਦ ਮੈਂ ਅਗਾਹਾਂ ਪੜ੍ਹਨਾ ਚਾਹੁੰਦਾ ਸੀ, ਪਰ ਉੱਤਰੀ ਭਾਰਤ ਵਿੱਚ ਉਦੋਂ ਸਹੂਲਤਾਂ ਬਹੁਤ ਘੱਟ ਸਨਇਸ ਲਈ ਉੱਚ ਵਿੱਦਿਆ ਲਈ ਮੈਂ ਅਮਰੀਕਾ ਆਉਣ ਦਾ ਮਨ ਬਣਾ ਲਿਆ

? ਤੁਹਾਡੇ ਬੋਲਣ ਦੀ ਸੁਰ ਬਹੁਤ ਹੀ ਨਿਮਰਤਾ ਭਰੀ ਹੈ, ਇਹ ਤੁਸਾਂ ਕਿੱਥੋਂ ਸਿੱਖੀ ਹੈ?

: ਗੁਰਬਾਣੀ ਵਿੱਚ ਮੇਰਾ ਅਥਾਹ ਵਿਸ਼ਵਾਸ ਹੈ‘‘ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀਮੈਂ ਇਸ ਸਿਧਾਂਤ ਅਨੁਸਾਰ ਚੱਲਦਾ ਹਾਂ

? ਫ਼ਿਲੀਪੀਨਜ਼ ਰਹਿੰਦਿਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਈ ਤਰ੍ਹਾਂ ਦੀਆਂ ਮਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਉਨ੍ਹਾਂ ਬਾਰੇ ਕੁਝ ਦੱਸੋ

: ਫ਼ਿਲੀਪੀਨਜ਼ ਵਿੱਚ ਸਾਡਾ ਸਮਾਂ ਬਹੁਤ ਅਦਭੁੱਤ ਤੇ ਅਨੰਦ-ਮਈ ਬੀਤਿਆਸਾਡੀ ਮਦਦ ਦੇ ਵਸੀਲੇ ਬਹੁਤ ਮਜ਼ਬੂਤ ਸਨਬੱਚਿਆਂ ਦੀ ਪੜ੍ਹਾਈ ਲਈ ਥੋੜ੍ਹੀ ਮੁਸ਼ਕਿਲ ਜ਼ਰੂਰ ਹੁੰਦੀ ਰਹੀਅਸੀਂ ਫ਼ਿਲੀਪੀਨਜ਼ ਦੀ ਰਾਜਧਾਨੀ, ਮਨੀਲਾ ਤੋਂ ਸੱਠ ਮੀਲ ਦੂਰ ਇੱਕ ਛੋਟੇ ਸ਼ਹਿਰ ਵਿੱਚ ਰਹਿੰਦੇ ਸੀ, ਜਿੱਥੇ ਸਕੂਲ ਇੰਨੇ ਚੰਗੇ ਨਹੀਂ ਸਨਇਸ ਲਈ ਅਸੀਂ ਬੱਚਿਆਂ ਨੂੰ ਬੱਸਾਂ ਰਾਹੀਂ ਮਨੀਲਾ ਦੇ ਇੱਕ ਅੰਤਰ-ਰਾਸ਼ਟਰੀ ਸਕੂਲ ਭੇਜਦੇਤੜਕੇ ਪੰਜ ਵਜੇ ਤੋਂ ਦਸ ਮਿੰਟ ਪਹਿਲਾਂ ਜਗਾ ਕੇ ਬੱਸ ਲਈ ਤਿਆਰ ਕਰਨਾ ਪੈਂਦਾਸਾਡੇ ਲਈ ਕੁਝ ਦਿੱਕਤ ਜ਼ਰੂਰ ਰਹੀ, ਪਰ ਬੱਚੇ ਬਹੁਤ ਚੰਗੀ ਵਿੱਦਿਆ ਹਾਸਲ ਕਰ ਗਏ

? ਰਿਟਾਇਰ ਹੋਣ ਤੋਂ ਬਾਅਦ ਤੁਹਾਡਾ ਜੀਵਨ ਕਿਸ ਤਰ੍ਹਾਂ ਬਦਲ ਗਿਆ ਹੈ? ਇਸ ਬਦਲੀ ਨੂੰ ਸੁਖਾਲਾ ਰੱਖਣ ਲਈ ਕੀ ਕਰਨਾ ਪਿਆ?

: ਰਿਟਾਇਰਮੈਂਟ (ਸੇਵਾ-ਮੁਕਤੀ) ਤੋਂ ਬਾਅਦ ਮੇਰੇ ਜੀਵਨ ਵਿੱਚ ਕਾਫੀ ਤਬਦੀਲੀਆਂ ਆਈਆਂਕੁਝ ਚੰਗੀਆਂ ਸਨਹੁਣ ਮੈਂਨੂੰ ਸਵੇਰੇ 8 ਵਜੇ ਦਫਤਰ ਨਹੀਂ ਸੀ ਜਾਣਾ ਪੈਂਦਾਦਫਤਰੀ ਕੰਮਾਂ-ਕਾਜਾਂ ਤੋਂ ਵੀ ਛੁੱਟੀ ਹੋ ਗਈ ਸਟਾਫ ਅਤੇ ਵਿਦਿਆਰਥੀਆਂ ਦੀ ਨਿਗਰਾਨੀ ਕਰਨ ਤੋਂ ਛੁੱਟੀ ਹੋ ਗਈਇਸ ਲਈ ਮੇਰਾ ਜੀਵਨ ਹੁਣ ਆਰਾਮ ਭਰਿਆ ਹੋ ਗਿਆਪਰ ਫ਼ਿਲੀਪੀਨਜ਼ ਵਿੱਚ ਮੇਰੇ ਲਈ ਸਹਾਇਤਾ ਵੀ ਬਹੁਤ ਸੀਜਿਵੇਂ, ਮੇਰੀ ਸੈਕਟਰੀ ਬਹੁਤ ਸਾਰਾ ਕੰਮ ਖ਼ੁਦ ਹੀ ਨਬੇੜੀ ਜਾਂਦੀ ਸੀਬਹੁਤ ਹੁਨਰ-ਮੰਦ ਸੀ ਉਹਇੱਕ ਡਰਾਈਵਰ ਤੇ ਇੱਕ ਮਾਲੀ ਵੀ ਮਿਲਿਆ ਹੋਇਆ ਸੀਫਿਰ ਜਦੋਂ ਅਸੀਂ ਵਾਪਸ ਕੈਲੇਫੋਰਨੀਆ ਪਰਤੇ ਤਾਂ ਸਭ ਕੁਝ ਆਪੇ ਕਰਨਾ ਪਿਆਤੇ ਸਾਨੂੰ ਮੁੜ ਅਮਰੀਕਣ ਢੰਗ ਨਾਲ ਕੰਮ ਕਰਨ ਦੇ ਆਦੀ ਹੋਣਾ ਪਿਆਪਰ ਅਸੀਂ ਨਵੇਂ ਮਾਹੌਲ ਦੇ ਆਦੀ ਛੇਤੀ ਹੋ ਗਏਅੱਜਕਲ ਅਸੀਂ ਜੀਵਨ ਦਾ ਸਹੀ ਆਨੰਦ ਮਾਣ ਰਹੇ ਹਾਂ

? ਸਰੀਰ ਨੂੰ ਨਵਾਂ-ਨਰੋਆ ਰੱਖਣ ਲਈ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋ?

: ਮੈਂ ਆਪਣੇ ਖਾਣੇ ਦਾ ਬਹੁਤ ਧਿਆਨ ਰੱਖਦਾ ਹਾਂਹਰ ਰੋਜ਼ ਫਲ ਅਤੇ ਸਬਜੀਆਂ ਅਸੀਂ ਬਹੁਤ ਖਾਂਦੇ ਹਾਂਮੇਰੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਹਫਤੇ ਵਿੱਚ ਘੱਟੋ-ਘੱਟ ਤਿੰਨ ਦਫਾ ਕਸਰਤ ਕੀਤੀ ਜਾਵੇ; ਟਰੈੱਡਮਿਲ (ਮਸ਼ੀਨ) ’ਤੇ, ਤੁਰ ਕੇ ਅਤੇ ਬਗੀਚੀ ਵਿੱਚ ਕੰਮ ਕਰ ਕੇ

? ਵਿਗਿਆਨ ਦੇ ਖੇਤਰ ਵਿੱਚ ਹੁਣ ਤੁਸੀਂ ਕਿਸ ਤਰ੍ਹਾਂ ਕਰਮਸ਼ੀਲ ਹੋ?

: ਮੈਂ ਅਜੇ ਵੀ ਵਿਦਵਾਨੀ ਕੰਮਾਂ ਨਾਲ ਜੁੜਿਆ ਹੋਇਆ ਹਾਂ ਸਾਇੰਸ ਪੱਤਰ ਲਿਖਦਾ ਰਹਿੰਦਾ ਹਾਂ, ਪੜ੍ਹਦਾ ਰਹਿੰਦਾ ਹਾਂਸਾਇੰਸ-ਕਾਨਫਰੰਸਾਂ ’ਤੇ ਜਾਂਦਾ ਹਾਂ, ਸਾਥੀ ਵਿਦਵਾਨਾਂ ਤੋਂ ਆਏ ਸਵਾਲਾਂ ਦੇ ਜਵਾਬ ਦਿੰਦਾ ਹਾਂਨੌਜਵਾਨ ਵਿਗਿਆਨੀਆਂ ਨੂੰ ਨੌਕਰੀਆਂ ਲੱਭਣ ਲਈ ਪੱਤਰ ਲਿਖਦਾ ਰਹਿੰਦਾ ਹਾਂ

? ਅਸੀਂ ਤਾਂ ਬੱਸ ਸੁਣਿਆ ਹੀ ਹੈ ਕਿ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅਗਵਾਈ ਕਰਨ ਦਾ ਮੌਕਾ ਮਿਲ ਰਿਹਾ ਸੀ ਜੋ ਤੁਸਾਂ ਰੱਦ ਕਰ ਦਿੱਤਾ, ਇਸਦਾ ਕੋਈ ਵਿਸ਼ੇਸ਼ ਕਾਰਨ?

: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਬਣਨ ਲਈ ਮੈਂਨੂੰ ਦੋ ਵਾਰ ਸੱਦਾ ਆਇਆਇੱਕ ਵੇਰਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਆਇਆਨਿਰੋਲ ਪਰਬੰਧਕ ਨੌਕਰੀਆਂ (administrative positions) ਲਈ ਮੇਰਾ ਕਦੇ ਵੀ ਮਨ ਨਹੀਂ ਬਣਿਆਮੇਰੀ ਦਿਲਚਸਪੀ ਸਦਾ ਵਿਗਿਆਨਕ ਖੋਜ ਅਤੇ ਪੜ੍ਹਾਈ-ਸਿਖਲਾਈ ਵਿੱਚ ਹੀ ਰਹੀ ਹੈ

? ਤੁਹਾਡੇ ਬਾਰੇ ਕਾਫੀ ਕੁਝ ਅਸੀਂ ਪਹਿਲਾਂ ਹੀ ਇਕੱਠਾ ਕਰ ਲਿਆ ਹੈ, ਪਰ ਅੱਜ ਸਾਨੂੰ ਕੁਝ ਨਿੱਜੀ ਗੱਲਾਂ ਵੀ ਦੱਸੋ

: ਮੇਰੇ ਕਿੱਤੇ ਵਾਲੇ ਕੰਮ ਦੇ ਨਾਲ, ਜਿਸ ਨਾਲ ਮੈਂ ਬਹੁਤ ਖੁਸ਼ ਰਹਿੰਦਾ ਹਾਂ, ਮੈਂ ਦੁਨੀਆ ਦੀ ਤਵਾਰੀਖ ਅਤੇ ਦੁਨੀਆ ਦੇ ਮਸ਼ਹੂਰ ਆਗੂਆਂ ਦੀਆਂ ਜੀਵਨੀਆਂ ਪੜ੍ਹਦਾ ਹਾਂਖੁਸ਼ਵੰਤ ਸਿੰਘ ਵਰਗੇ ਮਸ਼ਹੂਰ ਲਿਖਾਰੀਆਂ ਦੀਆਂ ਦਿਲਚਸਪ ਕਿਤਾਬਾਂ ਪੜ੍ਹਦਾ ਹਾਂਆਪਣੇ ਸਮਾਜ ਦੀ ਲਗਾਤਾਰ ਜਾਣਕਾਰੀ ਲਈ ਮੈਂ ਸਿੱਖ ਰਸਾਲੇ (Sikh Review and Abstracts of Sikh Studies) ਵੀ ਲਗਾਏ ਹੋਏ ਨੇ

? ਤੁਸੀਂ ਪੰਜਾਬ ਕਿੰਨੇ ਚਿਰ ਬਾਅਦ ਜਾਂਦੇ ਹੋ?

: ਪੰਜਾਬ ਨੂੰ ਮੈਂ ਹਰ ਸਾਲ ਜਾਂਦਾ ਹਾਂਕਈ ਵਾਰ ਸਾਲ ਵਿੱਚ ਦੋ ਵਾਰ ਵੀ ਗਿਆ ਹਾਂਵਤਨ ਨੂੰ ਜਾਣ ਵਰਗੀ ਗੱਲ ਹੋਰ ਕੋਈ ਨਹੀਂ ਹੁੰਦੀ (There is nothing like homecoming)

? ਕੀ ਤੁਸੀਂ ਪੰਜਾਬ ਦੀ ਕਿਸੇ ਸਿਆਸਤ ਨਾਲ ਵੀ ਸੰਬੰਧਤ ਹੋ?

: ਮੈਂ ਕਿਸੇ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਬਣਿਆਜਦੋਂ ਮੈਂ ਪੰਜਾਬ ਵਿੱਚ ਹੁੰਦਾ ਸੀ, ਉਦੋਂ ਮੇਰਾ ਹਿਤ ਅਕਾਲੀ-ਦਲ ਨਾਲ ਹੁੰਦਾ ਸੀ ਕਿਉਂਕਿ ਇਸ ਸੰਸਥਾ ਨੇ ਸਾਡੇ ਲੋਕਾਂ ਦੀ ਭਲਾਈ ਵਿੱਚ ਮਹਾਨ ਹਿੱਸਾ ਪਾਇਆਹੁਣ ਮੈਂ ਕਿਸੇ ਐਸੇ ਸਿਆਸੀ ਗਰੁੱਪ ਦੀ ਮਦਦ ਕਰਨੀ ਚਾਹੁੰਦਾ ਹਾਂ ਜੋ ਕੰਮ-ਕਾਜ ਨੂੰ ਠੀਕ ਚਲਾਵੇ

? ਕੀ ਪੰਜਾਬ ਦੇ ਕਿਸੇ ਆਗੂ ਨੇ ਤੁਹਾਡੀ ਕਦੇ ਸਲਾਹ ਲਈ ਹੈ ਜਾਂ ਹੁਣ ਵੀ ਸਲਾਹ ਲੈਂਦਾ ਹੈ?

: ਪੰਜਾਬ ਦੇ ਕਿਸੇ ਨੇਤਾ ਨੂੰ ਨਿੱਜੀ ਤੌਰ ਉੱਤੇ ਜਾਣਨ ਲਈ ਮੇਰਾ ਮੌਕਾ ਹੀ ਨਹੀਂ ਬਣਿਆਜਦੋਂ ਜਾਂਦਾ ਹਾਂ, ਪੰਜਾਬ ਮੈਂ ਬਹੁਤ ਥੋੜ੍ਹੇ ਸਮੇਂ ਲਈ ਜਾਂਦਾ ਹਾਂ

? ਤੁਹਾਡੀ ਨਜ਼ਰੇ ਪੰਜਾਬ ਦੀ ਖੇਤੀਬਾੜੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਖੜ੍ਹੀ ਹੈ, ਤੇ ਕਿੱਧਰ ਜਾ ਰਹੀ ਹੈ?

: ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਕ ਅੱਵਲ ਦਰਜੇ ਦੀ ਯੂਨੀਵਰਸਿਟੀ ਹੈਕਿਸਾਨਾਂ ਦੇ ਭਲੇ ਲਈ ਇਸਨੇ ਕਾਫੀ ਕੁਝ ਕੀਤਾ ਹੈਹੁਣ ਇਸ ਨੂੰ ਨਵੇਂ ਰਸਤਿਆਂ ਵੱਲ ਜ਼ੋਰ ਲਾਉਣ ਦੀ ਲੋੜ ਵੀ ਹੈ, ਜਿਵੇਂ ਬਾਇਓ-ਤਕਨਾਲੋਜੀ ਤੇ ਨੈਨੋ-ਤਕਨਾਲੋਜੀ (biotechnology and nanotechnology)

? ਹੁਣ ਤੁਸੀਂ ਗਦਰੀ ਬਾਬਿਆਂ ਦੇ ਮੇਲਿਆਂ ’ਤੇ ਵੀ ਹਿੱਸਾ ਲੈਂਦੇ ਰਹਿੰਦੇ ਹੋ, ਕੁਝ ਸ਼ਬਦ ਇਸ ਬਾਰੇ ਕਹਿਣਾ ਚਾਹੋਗੇ?

: ਸਾਡੇ ਲੋਕਾਂ ਨੂੰ ਇੱਕ ਯਾਦਗਾਰ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਂ ਕਿ ਗਦਰੀ ਬਾਬਿਆਂ ਦੀ ਯਾਦ ਨੂੰ ਜ਼ਿੰਦਾ ਰੱਖਿਆ ਜਾ ਸਕੇਯਾਦਗਾਰ ਵੀ ਕੋਈ ਇਸ ਤਰ੍ਹਾਂ ਦੀ ਹੋਵੇ, ਜਿਵੇਂ ਕੋਈ ਸਾਂਝਾ ਕਮਰਾ ਤੇ ਲਾਇਬਰੇਰੀ ਹੋਵੇ (Community hall and a library) , ਤਾਂਕਿ ਆਉਣ ਵਾਲੀਆਂ ਨਸਲਾਂ ਦੇ ਲੋਕ ਇੱਥੇ ਆ ਕੇ ਗਦਰੀ ਬਾਬਿਆਂ ਤੋਂ ਉਤਸ਼ਾਹਤ ਹੁੰਦੇ ਰਹਿਣ

? ਤੁਹਾਡੇ ਪਰਿਵਾਰ ਤੁਹਾਡੇ ਕਰਮ ਨੂੰ ਕਿਸ ਤਰ੍ਹਾਂ ਲੈਂਦੇ ਰਹੇ ਹਨ?

: ਮੈਂ ਆਪਣੇ ਭਰਾਵਾਂ ਨੂੰ ਉੱਚ ਵਿੱਦਿਆ ਲਈ ਸਦਾ ਹੁੰਘਾਰਾ ਭਰਿਆ ਹੈ ਅਤੇ ਵਿਤ ਅਨੁਸਾਰ ਉਹਨਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਵੀ ਕੀਤੀ ਹੈ

? ਹੁਣ ਦੁਨੀਆਂ ਵਿੱਚ ਬਹੁਤ ਸਾਰੇ ਨੌਜਵਾਨ ਪੰਜਾਬੀ ਮੁੰਡੇ-ਕੁੜੀਆਂ ਵਿਗਿਆਨੀ ਹਨ, ਉਹਨਾਂ ਲਈ ਕੁਝ ਸੁਝਾਅ?

: ਇਹ ਠੀਕ ਹੈਸਾਡੇ ਆਰ-ਪਾਰ ਦੇ ਪੰਜਾਬ ਵਿੱਚ ਹੁਣ ਬਹੁਤ ਪੜ੍ਹੇ-ਲਿਖੇ ਹੁਨਰਮੰਦ ਮੁੰਡੇ ਕੁੜੀਆਂ ਹਨਮੇਰਾ ਸਭ ਨੂੰ ਇਹੀ ਕਹਿਣਾ ਹੈ ਕਿ ‘ਆਪਣੀਆਂ ਜੜ੍ਹਾਂ, ਆਪਣਾ ਵਿਰਸਾ ਕਦੇ ਨਾ ਭੁੱਲੋ’, ਤੇ ਆਪਣੇ ਸਮਾਜ ਦੇ ਭਲੇ ਲਈ ਕੁਝ ਕਰਦੇ ਰਹੋ

? ਤੁਹਾਡਾ ਜੀਵਨ ਸਫ਼ਰ ਹੁਣ ਤੱਕ ਕਿੱਦਾਂ ਰਿਹਾ? ਜਿਸ ਮਨਸ਼ੇ ਨਾਲ ਤੁਸੀਂ ਇਸ ਦੁਨੀਆ ਵਿੱਚ ਆਏ ਸੀ, ਉਹ ਪੂਰਾ ਹੋ ਗਿਆ?

: ਦੁਨੀਆਂ ਵਿਚਲੇ ਮੇਰੇ ਸਾਰੇ ਸਫਰ ਖੁਸ਼ੀਆਂ ਭਰੇ ਅਤੇ ਮੇਰੇ ਕਿੱਤੇ ਲਈ ਲਾਭਦਾਇਕ ਰਹੇ ਹਨਮੈਂ ਤਕਰੀਬਨ ਸੱਤਰ (70) ਦੇਸਾਂ ਦਾ ਸਫਰ ਕੀਤਾ ਹੈ, ਕਈਆਂ ਦਾ ਕਈ ਕਈ ਵਾਰਜਿਵੇਂ ਚੀਨ ਮੈਂ 54 ਵਾਰ ਗਿਆ ਹਾਂ, ਜਪਾਨ ਵਿੱਚ 25 ਵਾਰਇਹ ਸਾਰੇ ਸਫਰ ਚੌਲਾਂ ਦੀ ਖੋਜ ਕਰਕੇ ਹੋਏਇਸੇ ਕਰਕੇ ਹੁਣ ਮੇਰੇ ਦੋਸਤ ਵੀ ਸਾਰੀ ਦੁਨੀਆਂ ਵਿੱਚ ਖਿੰਡੇ ਪਏ ਹਨ ਤੇ ਜਦ ਵੀ ਮੈਂ ਕਿਸੇ ਦੇਸ ਵਿੱਚ ਜਾਂਦਾ ਹਾਂ, ਇਨ੍ਹਾਂ ਨੂੰ ਮਿਲ ਕੇ ਅਤਿਅੰਤ ਖੁਸ਼ੀ ਹੁੰਦੀ ਹੈ

? ਹੋਰ ਕੁਝ ਕਹਿਣਾ ਚਾਹੋਗੇ? ਕੋਈ ਜੀਵਨ ਦੀ ਐਸੀ ਗੱਲ ਜੋ ਪਹਿਲਾਂ ਕਦੇ ਸਾਂਝੀ ਨਹੀਂ ਕੀਤੀ?

: ਮੈਂਨੂੰ ਮੇਰੇ ਸਿੱਖ ਵਿਰਸੇ ਦਾ ਬਹੁਤ ਮਾਣ ਹੈ, ਪਰ ਮੈਂ ਸਾਰੇ ਧਰਮਾਂ ਦਾ ਆਦਰ ਕਰਦਾ ਹਾਂ ਕਿਉਂਕਿ ਧਰਮ ਤਾਂ ਸਾਰੇ ਹੀ ਇਹੀ ਸਿਖਾਉਂਦੇ ਹਨ ਕਿ ‘ ਗਵਾਂਢੀਆਂ ਨਾਲ ਪਿਆਰ ਵਧਾਵੋ’ਵੱਖ ਵੱਖ ਧਰਮਾਂ ਦੇ ਲੋਕ ਮੇਰੇ ਗੂੜ੍ਹੇ ਦੋਸਤ ਵੀ ਹਨਉਨ੍ਹਾਂ ਲਈ ਮੇਰਾ ਸਤਿਕਾਰ ਮੇਰੇ ਆਪਣੇ ਲੋਕਾਂ ਨਾਲੋਂ ਘੱਟ ਨਹੀਂਤੰਗ-ਦਿਲੀ ਵਿੱਚ ਮੇਰਾ ਕੋਈ ਵਿਸ਼ਵਾਸ ਨਹੀਂਅੰਤਰ-ਰਾਸ਼ਟਰੀ ਖੇਤਰ ਵਿੱਚ ਕੰਮ ਕਰਕੇ ਮੇਰਾ ਵਿਸ਼ਵਾਸ ਹੋਰ ਵੀ ਪਰਪੱਕ ਹੋ ਗਿਆ ਹੈ

? ਤੁਸੀਂ ਰੋਜ਼ਾਨਾ ਦਿਨ ਕਿੱਦਾਂ ਬਤੀਤ ਕਰਦੇ ਹੋ?

: ਜਦੋਂ ਮੈਂ ਸਫਰ ਨਾ ਕਰਦਾ ਹੋਵਾਂ ਤਾਂ ਮੇਰਾ ਇੱਕ ਰੁਝਾਨ ਬਣਿਆ ਰਹਿੰਦਾ ਹੈਸਵੇਰ ਦੇ ਖਾਣੇ ਤੋਂ ਬਾਅਦ ਦੁਪਹਿਰ ਤੱਕ ਮੈਂ ਈ-ਮੇਲਾਂ ਪੜ੍ਹਦਾ ਰਹਿੰਦਾ ਹਾਂਮੈਂ ਹੋਰ ਵੀ ਸਭ ਕੁਝ ਕਰਦਾ ਰਹਿੰਦਾ ਹਾਂ, ਜਿਵੇਂ ਯੂਨੀਵਰਸਿਟੀ ਦੇ ਦਫਤਰ ਜਾਣਾ, ਮੀਟਿੰਗਾਂ ਵਿੱਚ ਜਾਣਾ, ਅਤੇ ਕਈ ਤਰ੍ਹਾਂ ਦੇ ਘਰ ਵਿਚਲੇ ਕੰਮ ਕਰਨੇਪਰ ਮੇਰਾ ਮਨ-ਭਾਉਂਦਾ ਕੰਮ ਹੈ ਬਗੀਚੀ ਵਿੱਚ ਜਾਣਾ ਅਤੇ ਸਬਜ਼ੀ ਅਤੇ ਫਲ਼ਾਂ ਦੇ ਬੂਟਿਆਂ ਦੀ ਦੇਖ-ਰੇਖ ਕਰਨੀਰਾਤ ਦੇ ਖਾਣੇ ਤੋਂ ਬਾਅਦ ਮੈਂ ਫਿਰ ਕੰਪਿਊਟਰ ਤੇ ਈ-ਮੇਲਾਂ ਪੜ੍ਹਦਾ ਹਾਂਰਾਤ ਦੇ 10 ਕੁ ਵਜੇ ਮੇਰੇ ਸੌਣ ਦਾ ਸਮਾਂ ਹੋ ਜਾਂਦਾ ਹੈ

(ਇਸ ਮੁਲਾਕਾਤ ਨੂੰ ਚਲਦੀ ਰੱਖਣ ਲਈ ਅਸੀਂ ਇੱਕ ਟੇਪ-ਰੀਕਾਰਡ ਵੀ ਨਾਲ ਲੈ ਕੇ ਗਏ ਸੀ, ਪਰ ਉਸਦੀ ਲੋੜ ਮਹਿਸੂਸ ਨਾ ਹੋਈਤਿੰਨ-ਚਾਰ ਘੰਟੇ ਮਹਿਮਾਨ ਨਿਵਾਜ਼ੀ ਨਾਲ ਅਸੀਂ ਕਿਵੇਂ ਨਾ ਕਿਵੇਂ ਉਤਲੇ ਖਾਕੇ ਅਨੁਸਾਰ ਗੱਲਾਂ ਚਲਾਉਂਦੇ ਰਹੇ।)

ਕਿਸੇ ਨੇ ਲਿਖਿਆ ਹੈ ਕਿ ਹਰ ਸਫ਼ਲ ਆਦਮੀ ਪਿੱਛੇ ਕਿਸੇ ਅਕਲਮੰਦ ਜਨਾਨੀ ਦਾ ਹੱਥ ਹੁੰਦਾ ਹੈ (Behind every great man there is a wise woman) ਡਾ. ਖੁਸ਼ ਉੱਤੇ ਵੀ ਇਹ ਗੱਲ ਸੌ ਫੀਸਦੀ ਢੁੱਕਦੀ ਹੈਉਨ੍ਹਾਂ ਦੀ ਧਰਮ ਪਤਨੀ ਡਾ. ਹਰਵੰਤ ਕੌਰ ਗਰੇਵਾਲ ਨੇ ਖੁਦ ਐਜੂਕੇਸ਼ਨ ਦੀ ਪੀਐੱਚ. ਡੀ. ਕੀਤੀ ਹੋਈ ਹੈਪਰਿਵਾਰ ਦੇ ਘਰ ਦੀ ਸੰਭਾਲ, ਬੱਚਿਆਂ ਦੀ ਜੀਵਨ-ਜਾਚ ਤੇ ਡਾ. ਗੁਰਦੇਵ ਸਿੰਘ ਖੁਸ਼ ਦੀ ਸਫਲਤਾ ਵਿੱਚ ਸ੍ਰੀਮਤੀ ਖੁਸ਼ ਦਾ ਹੱਥ ਸਾਫ ਦਿਸਦਾ ਹੈਪਰਿਵਾਰ ਬਾਰੇ ਕਾਫੀ ਜਾਣਕਾਰੀ ਖੇਤੀਬਾੜੀ ਕਾਲਜ ਦੇ ਡੀਨ ਡਾ. ਰਣਜੀਤ ਸਿੰਘ ਨੇ ਆਪਣੀ 2001 ਵਿੱਚ ਛਪੀ ਦਿਲਚਸਪ ਕਿਤਾਬਚੀ ‘ਗੁਰਦੇਵ ਸਿੰਘ ਖ਼ੁਸ਼’ ਵਿੱਚ ਵੀ ਦਿੱਤੀ ਹੋਈ ਹੈ ਜੋ ਮੈਂਨੂੰ ਇਸ ਮੁਲਾਕਾਤ ਸਮੇਂ ਮਿਲੀ

ਡਾ. ਖੁਸ਼ ਅਨੁਸਾਰ ਉਨ੍ਹਾਂ ਦੀ ਮੁਢਲੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਪਿਤਾ ਜੀ ਦਾ ਵੀ ਅਹਿਮ ਭਾਗ ਹੈਉਹ ਕਹਿੰਦੇ ਹਨ, “ਉਨ੍ਹਾਂ ਸਮਿਆਂ ਵਿੱਚ ਰੁੜਕੀ ਪਿੰਡ ਵਿੱਚ ਸਿਰਫ ਸਾਡੇ ਪਿਤਾ ਜੀ ਦਸਵੀਂ ਪਾਸ ਸਨਉਦੋਂ ਦਸਵੀਂ ਤੱਕ ਕੋਈ ਵਿਰਲਾ ਹੀ ਜਾਂਦਾ ਸੀਪਿਤਾ ਜੀ ਨੂੰ ਵਿੱਦਿਆ ਦੀ ਬਹੁਤ ਕਦਰ ਸੀ, ਜਿਸਦਾ ਮੇਰੇ ਉੱਤੇ ਚੰਗਾ ਅਸਰ ਪਿਆਪਿਤਾ ਜੀ ਪੰਜਾਹ ਸਾਲ ਦੀ ਉਮਰ ਵਿੱਚ ਹੀ ਰਵਾਨਾ ਹੋ ਗਏ, ਜਿਸਦਾ ਮੈਂਨੂੰ ਦੁੱਖ ਹੈਮਾਤਾ ਜੀ ਨੱਬੇ ਤੋਂ ਉੱਤੇ ਤੱਕ ਜੀਂਦੇ ਰਹੇਅਸੀਂ ਚਾਰ ਭਰਾ ਹਾਂਮੈਂ ਸਭ ਤੋਂ ਵੱਡਾ ਹਾਂਦੂਜਾ ਰੇਸ਼ਮ ਸਿੰਘ ‘ਕੂਨਰ’ ਜੋ ਪੀ.ਏ.ਯੂ. ਦਾ ਪੜ੍ਹਿਆ ਹੋਇਆ ਹੈ, ਹੁਣ ਚੰਡੀਗੜ੍ਹ ਦੇ ਲਾਗੇ ਰਹਿੰਦਾ ਹੈਇੱਕ ਪਿੰਡ ਰੁੜਕੀ ਵਿੱਚ ਰਹਿੰਦਾ ਹੈ ਤੇ ਇੱਕ ਆਸਟਰੇਲੀਆ ਵਿੱਚਬੱਚੇ ਸਭ ਪੜ੍ਹ ਲਿਖ ਗਏ ਹਨ, ਦੋ ਤਾਂ ਅਸਲੀ ਡਾਕਟਰ (M.D.) ਹਨ

ਡਾ. ਖੁਸ਼ ਦਾ ਅਸਲੀ ਗੋਤ ‘ਕੂਨਰ’ ਹੈਸਕੂਲ ਸਮੇਂ ਉਹ ਕਵਿਤਾ ਵੀ ਲਿਖਦੇ ਸਨ ਤੇ ਦਸਵੀਂ ਜਮਾਤ ਦੇ ਮੁੰਡੇ-ਖੁੰਡਿਆਂ ਵਾਂਗ, ਉਨ੍ਹਾਂ ਦਸਵੀਂ ਦਾ ਇਮਿਤਿਹਾਨ ਦੇਣ ਵੇਲੇ ਆਪਣੇ ਨਾ ਨਾਲ ‘ਖੁਸ਼’ ਜੋੜ ਲਿਆਹੁਣ ਉਹ ਆਪਣੀ ਜੀਵਨ ਕਹਾਣੀ ਲਿਖਣ ਲਈ ਹਰਦਵਾਰ ਜਾ ਕੇ ‘ਕੂਨਰ’ ਪਰਿਵਾਰ ਦੀ ਪੱਤਰੀ ਕਢਵਾ ਕੇ ਲਿਆਏ ਹਨਉਨ੍ਹਾਂ ਦੀ ਕਵਿਤਾ ਸਮਗਰੀ ਕਿਤੇ ਗੁੰਮ ਹੋ ਗਈ ਹੈਡਾ. ਖੁਸ਼ ਦਾ ਜਨਮ ਰੁੜਕੀ ਵਿੱਚ ਨਹੀਂ ਸੀ ਹੋਇਆ, ਆਪਣੇ ਨਾਨਕੇ ਪਿੰਡ ਖਟਕੜ-ਕਲਾਂ ਵਿੱਚ ਹੋਇਆ ਸੀ; ਸ਼ਹੀਦ ਭਗਤ ਸਿੰਘ ਦੇ ਪਿੰਡ। (ਤਿੰਨ ਸਾਲ ਪਹਿਲਾਂ ਭਗਤ ਸਿੰਘ ਬਾਰੇ ਜਾਣਕਾਰੀ ਹਾਸਲ ਕਰਦਾ ਹੋਇਆ ਦਾਸ ਖਟਕੜ-ਕਲਾਂ ਦੀਆਂ ਗਲੀਆਂ ਗਾਹ ਕੇ ਆਇਆ ਹੈ; ਇਸ ਲੇਖ ਲਿਖਣ ਸਮੇਂ ਲਾਹੌਰ ਵਿੱਚ ਇੱਕ ਚੌਕ ਦਾ ਨਾਂ ‘ਭਗਤ ਸਿੰਘ ਚੌਕ’ ਰੱਖ ਦਿੱਤਾ ਗਿਆ ਹੈਦੇਖੋ ਰੱਬ ਦੇ ਰੰਗ!)

ਡਾ. ਖੁਸ਼ ਆਪਣੇ ਚੰਗੇ ਉਸਤਾਦਾਂ ਨੂੰ ਸਦਾ ਯਾਦ ਕਰਦੇ ਹਨਖਾਲਸਾ ਹਾਈ ਸਕੂਲ, ਬੁੰਡਾਲਾ ਦੇ ਪ੍ਰਿੰਸੀਪਲ ਲਾਲਾ ਸੰਤ ਰਾਮ ਜੀ ਉਨ੍ਹਾਂ ਦੇ ਮਨ-ਭਾਉਂਦੇ ਉਸਤਾਦ ਸਨਇਸੇ ਤਰ੍ਹਾਂ ਕਾਲਿਜ ਸਮੇਂ ਉਹ ਡਾ. ਖੜਕ ਸਿੰਘ ‘ਮਾਨ’ ਨੂੰ ਚੰਗਾ ਸਮਝਦੇ ਸਨਇਹ ਓਹੀ ਖੜਕ ਸਿੰਘ ਹਨ, ਜਿਨ੍ਹਾਂ ਬਾਰੇ ਚੌਧਰੀ ਜੀਤਾ ਰਾਮ ਤੋਂ ਸੁਣੀ ਇੱਕ ਪੰਕਤੀ ਮੈਂਨੂੰ ਅਜੇ ਵੀ ਯਾਦ ਹੈ:

ਖੜਕ ਸਿੰਘ ਕੇ ਖੜਕਨੇ ਸੇ ਖੜਕਤੀ ਹੈਂ ਖਿੜਕੀਆਂ,
ਖਿੜਕੀਓਂ ਕੇ ਖੜਕਨੇ ਸੇ ਖੜਕਤਾ ਹੈ ਖੜਕ ਸਿੰਘ

ਅਮਰੀਕਾ ਦੇ ਦੋ ਪ੍ਰੋਫੈਸਰਾਂ, ਡਾ. ਸਟੈਬਿਨਜ਼ ਤੇ ਡਾ. ਰਿੱਕ (G. L. Stebbins & Charles M. Rick) , ਦੇ ਉਹ ਬਹੁਤ ਅਭਾਰੀ ਹਨ ਜਿਨ੍ਹਾਂ ਦੀ ਛਤਰ-ਛਾਇਆ (mentorship) ਹੇਠ ਉਨ੍ਹਾਂ ਨੂੰ ਤਰੱਕੀ ਕਰਨ ਦਾ ਖੁੱਲ੍ਹਾ ਮੌਕਾ ਪਰਦਾਨ ਹੋ ਸਕਿਆਇੱਥੇ ਹੀ ਬੱਸ ਨਹੀਂ, ਉਹ ਆਪਣੇ ਨਾਲ ਰਹੇ ਚੰਗੇ ਸਾਥੀਆਂ ਨੂੰ ਵੀ ਨਹੀਂ ਭੁੱਲਦੇ, ਦਰਸ਼ਨ ਸਿੰਘ ਬਰਾੜ ਇੱਕ ਐਸਾ ਨਾਂ ਹੈ

ਡਾ. ਖੁਸ਼ ਸਮੇਂ ਦੀ ਬਹੁਤ ਕਦਰ ਕਰਦੇ ਹਨਇੱਕ ਮਿੰਟ ਵੀ ਜਾਇਆ ਕਰਨਾ ਉਨ੍ਹਾਂ ਨੂੰ ਚੁੱਭਦਾ ਹੈਅਨਪੜ੍ਹ ਲੋਕਾਂ ਨੂੰ ਇਸ ਤਰ੍ਹਾਂ ਦੇ ਰੁਝੇਵਿਆਂ ਵਾਲੇ ਇਨਸਾਨ ਵਿਹਲੇ ਲਗਦੇ ਹੁੰਦੇ ਹਨ‘ਘੁੱਗੀ ਕੀ ਜਾਣੇ ਸਤਗੁਰ ਕੀਆਂ ਬਾਤਾਂ!’ ਪੈਂਤੀ ਸਾਲਾਂ ਵਿੱਚ ਉਨ੍ਹਾਂ ਕਦੇ ਕੰਮ ਤੋਂ ਛੁੱਟੀ (Furlough) ਨਹੀਂ ਕੀਤੀਇਹੀ ਕਾਰਨ ਹੈ ਕਿ ਡਾ. ਖੁਸ਼ ਵਰਗੇ ਇਨਸਾਨ ਸਮੇਂ ਦੀ ਬੇਕਦਰੀ ਕਰਨ ਵਾਲੇ ਲੋਕਾਂ ਤੋਂ ਕੰਨੀ ਵੀ ਕਤਰਾਉਂਦੇ ਦਿਸਦੇ ਹਨਮੇਰੀ ਵੀ ਹਿੰਮਤ ਨਾ ਪਈ ਕਿ ਉਨ੍ਹਾਂ ਨੂੰ ਕਿਸੇ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਆਉਣ ਦਾ ਸੁਝਾ ਦਿੱਤਾ ਜਾਵੇਇਸੇ ਤਰ੍ਹਾਂ ਦੇ ਕਾਰਨਾਂ ਕਰਕੇ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਗਵਾਈ ਕਰਨ ਲਈ ਖਿੱਚਿਆ ਨਾ ਜਾ ਸਕਿਆਮੇਰੀ ਜਾਚੇ ਪੰਜਾਬੀ ਵਿਰਸੇ ਵਾਲਿਆਂ ਦੀ ਇਹ ਸਾਂਝੀ ਬਦਕਿਸਮਤੀ ਹੈ

ਨੌਜਵਾਨਾਂ ਲਈ ਡਾ. ਖੁਸ਼ ਦੇ ਜੀਵਨ ਤੋਂ ਸਿੱਖਣ ਲਈ ਬਹੁਤ ਕੁਝ ਹੈਉਹ ਕਹਿੰਦੇ ਹਨ, “ਸਫਲਤਾ ਲਈ ਸਵੈ-ਭਰੋਸਾ (ਦ੍ਰਿੜ੍ਹਤਾ, determination), ਲਗਨ, ਮਿਹਨਤ ਅਤੇ ਸਮੇਂ ਦੀ ਕਦਰ ਬਹੁਤ ਜ਼ਰੂਰੀ ਹਨਇਸ ਤਰ੍ਹਾਂ ਦੇ ਸ਼ਬਦ ਕੋਈ ਹੰਢੇ ਹੋਏ ਇਮਾਨਦਾਰ ਬੰਦੇ ਹੀ ਕੱਢ ਸਕਦੇ ਹਨਇਨ੍ਹਾਂ ਦੀ ਪੂਰੀ ਸਮਝ ਵੀ ਹੌਲੀ ਹੌਲੀ ਆਉਂਦੀ ਹੈ“ਸਿਆਣੇ ਦਾ ਕਿਹਾ, ਔਲ਼ੇ ਦਾ ਖਾਧਾ ...

ਦਸ ਸਾਲ ਪਹਿਲਾਂ ਫ਼ਿਲੀਪੀਨਜ਼ ਤੋਂ ਸੇਵਾ-ਮੁਕਤ ਹੋ ਕੇ ਡਾ. ਖ਼ੁਸ਼ ਫੇਰ ਯੂਨੀਵਰਸਿਟੀ ਆਫ ਕੈਲੇਫੋਰਨੀਆ ਵਿੱਚ ਸਹਾਇਕ ਪ੍ਰੋਫੈਸਰ (Adjunct Professor) ਹਨ ਪਰ ਬਹੁਤਾ ਕੰਮ ਉਹ ਘਰੋਂ ਹੀ ਕਰਦੇ ਹਨਹਰ ਰੋਜ਼ ਤਕਰੀਬਨ ਸਵੇਰੇ 7 ਵਜੇ ਉੱਠਦੇ ਹਨਨਹਾ ਧੋ ਕੇ, ਨਾਸ਼ਤਾ ਕਰ ਕੇ ਕੰਪਿਊਟਰ ਤੇ ਸਾਰੀ ਡਾਕ ਪੜ੍ਹ ਕੇ ਜਵਾਬ ਦਿੰਦੇ ਹਨਆਮ ਤੌਰ ਉੱਤੇ ਦੁਪਹਿਰ ਦਾ ਖਾਣਾ ਹਲਕਾ ਰੱਖਦੇ ਹਨਪੰਜ ਕੁ ਵਜੇ ਤਕਰੀਬਨ ਘੰਟਾ ਕਸਰਤ ਲਈ ਕੱਢਦੇ ਹਨ ਤੇ ਜਾਂ ਆਪਣੇ ਵਿਹੜੇ ਦੀ ਬਗੀਚੀ ਵਿੱਚ ਕੰਮ ਕਰਦੇ ਹਨਕੁਦਰਤ ਨੇ ਵੀ ਉਨ੍ਹਾਂ ਨੂੰ ਮਾੜੀ ਜਿਹੀ ਐਲਰਜੀ ਤੋਂ ਬਿਨਾਂ ਕਦੇ ਬਿਮਾਰ ਨਹੀਂ ਹੋਣ ਦਿੱਤਾਉਹ ਆਪਣੇ ਜੀਵਨ ਤੋਂ ਅਤੀ ਸੰਤੁਸ਼ਟ ਹਨਸ਼ਹਿਰ ਦੇ ਬਾਹਰ ਖੁੱਲ੍ਹੇ-ਡੁੱਲ੍ਹੇ ਇਲਾਕੇ ਵਿੱਚ ਰਹਿੰਦੇ ਹਨ, ਜਿਸ ਤੋਂ ਥੋੜ੍ਹੀ ਦੂਰ ਟਮਾਟਰਾਂ ਦੇ ਖੇਤ ਦਿਖਾਈ ਦਿੰਦੇ ਹਨਕਾਰ ਅਜੇ ਵੀ ਉਹ ਮੁੰਡਿਆਂ ਵਾਂਗ ਹੀ ਭਜਾਉਂਦੇ ਹਨਦੁਪਹਿਰ ਦੇ ਖਾਣੇ ਲਈ ਦੇਸੀ ਰੈਸਟੋਰੈਂਟ ਵੱਲ ਜਾਂਦੀ ਕਾਰ ਦੀ ਸੂਈ ’ਤੇ ਅਚਾਨਕ ਮੇਰੀ ਝਾਤ ਪਈ ਤਾਂ ਕਾਰ 67 ਮੀਲ ਪਰ ਘੰਟਾ ਕਹਿ ਰਹੀ ਸੀ

ਤਿੰਨ ਘੰਟੇ ਦੀ ਮੁਲਾਕਾਤ ਮਗਰੋਂ ਮੈਂ ਸਵਾਲ-ਨਾਮੇ ਉੱਤੇ ਨਜ਼ਰ ਮਾਰੀ ਤਾਂ ਮੈਂਨੂੰ ਬਹੁਤਾ ਕੁਝ ਬਚਿਆ ਨਾ ਦਿਸਿਆਚਾਹ ਬਣ ਰਹੀ ਸੀਸ਼ਮਸ਼ੇਰ ਕੰਗ ਤਾਂ ਪਹਿਲਾਂ ਹੀ ਰਸੋਈਖਾਨੇ ਵੱਲ ਤੁਰ ਗਿਆ ਸੀਸ੍ਰੀਮਤੀ ਖੁਸ਼ ਜੀ ਨੇ ਹੋਰ ਵੀ ਕਾਫੀ ਕੁਝ ਪਰੋਸਿਆ ਹੋਇਆ ਸੀਡਾ. ਖੁਸ਼ ਹੁਰਾਂ ਦੇ ਘਰ ਆਉਣ ਵੇਲੇ ਮੈਂਨੂੰ ਸਿਰਫ ਮੈਂ ਹੀ ਅਜਨਬੀ ਲਗਦਾ ਸੀ, ਪਰ ਤੁਰਨ ਵੇਲੇ ਲਗਦਾ ਸੀ ਜਿਵੇਂ ਮੈਂ ਵੀ ਖ਼ੁਸ਼ ਪਰਿਵਾਰ ਨੂੰ ਚਿਰਾਂ ਤੋਂ ਜਾਣਦਾ ਹੋਵਾਂਇਹ ਸਭ ਕੁਝ ਸ਼ਮਸ਼ੇਰ ਸਿੰਘ ਕੰਗ ਦੀ ਸਹਾਇਤਾ ਸਦਕਾ ਹੋਇਆ, ਜਿਸਦਾ ਮੈਂ ਬਹੁਤ ਰਿਣੀ ਹਾਂ

ਡਾ. ਗੁਰਦੇਵ ਸਿੰਘ ਖੁਸ਼ ਨਾਲ ਦੂਜੀ ਮੁਲਾਕਾਤ

(15 ਨਵੰਬਰ 2019)

ਅਕਤੂਬਰ 19, 2019 ਨੂੰ ਇੱਕ ਸਮਾਗਮ ਵਿੱਚ ਮੇਰਾ ਡਾ. ਦਰਸ਼ਨ ਸਿੰਘ ਕੈਲੇ ਨੂੰ ਮਿਲਣ ਦਾ ਸੁਭਾਗ ਹੋਇਆਡਾ. ਕੈਲੇ ਵੀ ਇੱਕ ਜਾਣਿਆ-ਪਛਾਣਿਆ ਸਾਇੰਸਦਾਨ ਹੈ ਅਤੇ ਡਾ. ਗੁਰਦੇਵ ਸਿੰਘ ਖੁਸ਼ ਦੇ ਸ਼ਹਿਰ ਡੇਵਿਸ ਵਿੱਚ ਰਹਿੰਦਾ ਹੈਇਸ ਲਈ ਇਨ੍ਹਾਂ ਦੋਨਾਂ ਦਾ ਆਪਸ ਵਿੱਚ ਮੇਲ ਹੁੰਦਾ ਰਹਿੰਦਾ ਹੈਡਾ. ਦਰਸ਼ਨ ਸਿੰਘ ਜੀ ਤੋਂ ਮੈਂ ਡਾ. ਗੁਰਦੇਵ ਸਿੰਘ ਖੁਸ਼ ਦਾ ਹਾਲ-ਚਾਲ ਪੁੱਛ ਲਿਆ ਡਾ. ਗੁਰਦੇਵ ਸਿੰਘ ਖੁਸ਼ ਨੂੰ ਮੈਂ ਸੱਤ ਸਾਲ ਪਹਿਲਾਂ ਸ਼ਮਸ਼ੇਰ ਕੰਗ ਨਾਲ ਮਿਲਿਆ ਅਤੇ ਇੱਕ ਪੰਜਾਬੀ ਰਸਾਲੇ (Likhari.org) ਤੇ ਛਾਪਣ ਲਈ ਮੁਲਾਕਾਤ ਕੀਤੀਇਸ ਰਸਾਲੇ ਨੂੰ ਚਲਾਉਣ ਵਾਲੇ ਮੋਢੀ-ਸੰਪਾਦਕ ਡਾ. ਗੁਰਦਿਆਲ ਸਿੰਘ ਰਾਏ ਦੀ ਸਿਹਤ ਵਿੱਚ ਕਮਜ਼ੋਰੀ ਆ ਜਾਣ ਕਰਕੇ ਰਸਾਲਾ ਕਈ ਸਾਲਾਂ ਤੋਂ ਬੰਦ ਹੈਰਸਾਲਾ ਬੰਦ ਹੋਣ ਤੋਂ ਬਾਅਦ ਬਹੁਤ ਸਾਰੀਆਂ ਲਿਖਤਾਂ ਵੀ ਗੁੰਮ (ਹੈਕ) ਹੋ ਗਈਆਂ ਹਨਗੁੰਮ ਲਿਖਤਾਂ ਵਿੱਚ ਮੇਰੀ ਡਾ. ਖੁਸ਼ ਨਾਲ ਮੁਲਾਕਾਤ ਵੀ ਹੈ, ਜਿਸਦੇ ਗੁੰਮ ਹੋਣ ਦਾ ਮੈਂਨੂੰ ਅਫਸੋਸ ਰਹਿੰਦਾ ਹੈ

“ਕਾਫੀ ਦੇਰ ਹੋਗੀ ਹੁਣ ਮਿਲੇ ਨੀ, ਸ਼ਾਇਦ ਇੰਡੀਆ ਗਏ ਹੋਣਡਾ. ਕੈਲੇ ਦੇ ਕਹਿਣ ’ਤੇ ਗੱਲ ਹੀ ਇੱਥੇ ਸਮਾਪਤ ਹੋ ਗਈਡਾ. ਖੁਸ਼ ਅਕਸਰ ਇੰਡੀਆ ਫਰਵਰੀ-ਮਾਰਚ ਵਿੱਚ ਹਰ ਸਾਲ ਜਾਂਦੇ ਰਹਿੰਦੇ ਹਨ

ਇਸ ਤੋਂ ਬਾਅਦ ਜਦ ਕੁਝ ਦਿਨਾਂ ਬਾਅਦ ਡਾ. ਕੈਲੇ ਅਤੇ ਡਾ. ਖੁਸ਼ ਦੀ ਮਿਲਣੀ ਵਿੱਚ ਮੈਂਨੂੰ ਆਉਣ ਦਾ ਸੱਦਾ ਆਇਆ ਤਾਂ ਮੈਂ ਬਹਾਨਾ ਲੱਭਣ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਖੁਸ਼ੀ ਪਰਗਟ ਕੀਤੀਨਵੰਬਰ 14, 2019 ਨੂੰ ਅਸੀਂ ਡੇਵਿਸ ਸ਼ਹਿਰ ਦੇ ਉਸੇ ਹੋਟਲ ਵਿੱਚ ਦੁਪਹਿਰ ਦਾ ਖਾਣਾ ਖਾਧਾ, ਜਿੱਥੇ ਸੱਤ ਸਾਲ ਪਹਿਲਾਂ ਖਾਧਾ ਸੀ

ਖਾਣਾ ਖਾਂਦੇ ਜ਼ਿਆਦਾ ਗੱਲਾਂ ਕੈਲੇ ਅਤੇ ਖੁਸ਼ ਕਰਦੇ ਗਏਗੱਲਾਂ ਵੀ ਜ਼ਿਆਦਾ ਸਾਇੰਸ ਦੀਆਂਇਹੋ ਜਿਹੇ ਸੁਲਝੇ ਇਨਸਾਨ ਰੀਟਾਇਰ ਹੋ ਕੇ ਵੀ ਚੰਗੇ ਰੁਝੇਵਿਆਂ ਵਿੱਚ ਉਲਝੇ ਰਹਿੰਦੇ ਹਨਰੀਟਾਇਰ ਹੋਣ ਤੋਂ ਬਾਅਦ ਪਿਛਲੇ ਸੱਤ ਸਾਲਾਂ ਵਿੱਚ ਡਾ. ਗੁਰਦੇਵ ਸਿੰਘ ਖੁਸ਼ ਨੇ ਇੰਨਾ ਕੰਮ ਕਰ ਵਿਖਾਇਆ ਹੈ, ਜਿੰਨਾ ਬਹੁਤੇ ਸਾਇੰਸਦਾਨ ਸਾਰੀ ਉਮਰ ਵਿੱਚ ਨਹੀਂ ਕਰ ਸਕਦੇਮੇਰੀ ਜਾਣਕਾਰੀ ਅਨੁਸਾਰ ਸੰਖੇਪ ਸ਼ਬਦਾਂ ਵਿੱਚ ਡਾ. ਖੁਸ਼ ਦੀਆਂ ਨਵੀਆਂ ਪਰਾਪਤੀਆਂ ਦਾ ਅਧੂਰਾ ਜਿਹਾ ਵੇਰਵਾ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ:

1. ਡਾ. ਖੁਸ਼ ਦਾ ਪਰਉਪਕਾਰੀ ਯੋਗਦਾਨ:

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੰਨ 2010 ਤੋਂ ਚਲਦੀ ਆ ਰਹੀ ਖੁਸ਼ ਫਾਊਂਡੇਸ਼ਨ ਦੇ ਸਦਕੇ ਇੱਥੋਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਇਹ ਸੰਸਥਾ 2012 ਤੋਂ 2018 ਤੱਕ 264 ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਦੇ ਚੁੱਕੀ ਹੈਇਸ ਤੋਂ ਉਪਰੰਤ ਹੋਰ ਕਈ ਤਰੀਕਿਆਂ ਨਾਲ ਯੂਨੀਵਰਸਿਟੀ ਦੇ ਖੋਜੀਆਂ ਅਤੇ ਖੋਜਾਰਥੀਆਂ ਦੀ ਸਹਾਇਤਾ ਕਰ ਰਹੀ ਹੈਇਹ ਸਭ ਕੁਝ ਫਾਊਂਡੇਸ਼ਨ ਦੀ ਵੈੱਬ-ਸਾਈਟ   https://www.khushfoundation.org/objectives/   ਉੱਤੇ ਵੀ ਪੜ੍ਹਿਆ ਜਾ ਸਕਦਾ ਹੈ

2. ਡਾ. ਖੁਸ਼ ਦੇ ਨਵੇਂ ਇਨਾਮ-ਸਨਮਾਨ:

ਜਿੱਥੇ ਡਾ. ਖੁਸ਼ ਆਪਣਾ ਯੋਗਦਾਨ ਪਾ ਰਹੇ ਹਨ, ਉੱਥੇ ਵੱਖੋ ਵੱਖ ਸੰਸਥਾਵਾਂ ਵੀ ਉਨ੍ਹਾਂ ਲਈ ਨਵੇਂ ਸਨਮਾਨ ਭੇਂਟ ਕਰ ਰਹੀਆਂ ਹਨਇਨ੍ਹਾਂ ਦੀ ਗਿਣਤੀ ਕਰ ਸਕਣਾ ਮੇਰੇ ਵੱਸ ਦਾ ਰੋਗ ਨਹੀਂ। ਪਰ ਕੁਝ ਨਵੇਂ ਇਨਾਮ ਮੈਂਨੂੰ ਖਾਸ ਮਹੱਤਵਪੂਰਣ ਲਗਦੇ ਹਨਹੁਣੇ ਹੁਣੇ ਉਨ੍ਹਾਂ ਦੇ ਨਾਂ ’ਤੇ ਯੂਨੀਵਰਸਿਟੀ ਆਫ ਕੈਲੇਫੋਰਨੀਆ, ਡੇਵਿਸ ਵਿੱਚ ਇੱਕ ਕਾਨਫਰੰਸ ਕਮਰਾ ਸਥਾਪਤ ਕਰ ਦਿੱਤਾ ਗਿਆ ਹੈ (Gurdev Khush Conference Room) ਇਸੇ ਤਰ੍ਹਾਂ ਇੱਕ ਹੋਰ ਯੂਨੀਵਰਸਿਟੀ ਨੇ ਆਨਰੇਰੀ ਡਾਕਟਰੇਟ ਦੀ ਡਿਗਰੀ ਦੇ ਦਿੱਤੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1817)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

Roseville, California, USA.
gsg123@hotmail.com
Phone: 916 740 3036

More articles from this author