AmarjitBabbri7ਮੇਰੇ ਤੋਂ ਪੁੱਛੇ ਬਗ਼ੈਰ ਇਸ ਪਾਰਕ ਵਿੱਚ ਪੌਦੇ ਲਗਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ...
(ਫਰਵਰੀ 17, 2016)

 

ਸੱਤਾ ਦਾ ਨਸ਼ਾ ਬੜੀ ਛੇਤੀ ਸਿਰ ਚੜ੍ਹ ਕੇ ਬੋਲਣ ਲੱਗਦਾ ਹੈ। ਵੱਡੇ ਨੇਤਾ ਤਾਂ ਕੀ, ਛੋਟੇ-ਛੋਟੇ ਗਲੀ-ਛਾਪ ਨੇਤਾ, ਮਿਊਂਸਪਲ ਕੌਂਸਲਰ, ਸਰਪੰਚ-ਪੰਚ ਅਤੇ ਮੁਹੱਲਾ ਜਥੇਦਾਰ ਵੀ ਅੱਜ ਕੱਲ੍ਹ ਸੱਤਾ ਦੇ ਨਸ਼ੇ ਵਿੱਚ ਧੁੱਤ ਹੋਏ ਫਿਰਦੇ ਹਨ। ਇਸ ਨਸ਼ੇ ਨੂੰ ਕਾਬੂ ਵਿੱਚ ਰੱਖਣ ਲਈ ਹਲੀਮੀ ਅਤੇ ਨੇਕ-ਨੀਅਤੀ ਦੀ ਲੋੜ ਹੁੰਦੀ ਹੈ। ਲੋਕਤੰਤਰ ਤਰਜ਼ ਦੇ ਰਾਜ ਵਿੱਚ ਅਜਿਹਾ ਵਰਤਾਰਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਲੋਕਾਂ ਨੇ ਹੀ ਸਿਆਸੀ ਆਗੂਆਂ ਨੂੰ ਸੱਤਾ ਪ੍ਰਦਾਨ ਕੀਤੀ ਹੁੰਦੀ ਹੈ।

ਅਫਸੋਸ, ਛੋਟੇ-ਵੱਡੇ ਆਗੂ ਚੋਣਾਂ ਸਮੇਂ ਤਾਂ ਲੋਕਾਂ ਅੱਗੇ ਹੱਥ ਜੋੜਦੇ ਹਨ, ਪਰ ਸੱਤਾ ਪ੍ਰਾਪਤ ਹੋਣ ਤੇ ਵੋਟਾਂ ਪਾਉਣ ਵਾਲਿਆਂ ਦੇ ਹੀ ਹੱਥ ਮਰੋੜਦੇ ਹਨ। ਪੰਜਾਬ ਵਿੱਚ ਹੁਕਮਰਾਨ ਗੱਠਜੋੜ ਦੀ ਮੁੱਖ ਧਿਰ ਦੇ ਮੁਕਾਮੀ ਆਗੂਆਂ ਅਤੇ ਹਮਾਇਤੀਆਂ ਵਿੱਚ ਸੱਤਾ ਦੇ ਨਸ਼ੇ ਕਾਰਨ ਹਲੀਮੀ ਅਤੇ ਲੋਕਾਂ ਨਾਲ ਹਮਦਰਦੀ ਵਾਲਾ ਵਤੀਰਾ ਗਾਇਬ ਹੈ। ਹਰ ਮੰਤਰੀ ਚਾਹੁੰਦਾ ਹੈ ਕਿ ਉਸਦੇ ਹਲਕੇ ਵਿੱਚ ਕਿਸੇ ਵੀ ਕਿਸਮ ਦਾ ਹੋਣ ਵਾਲਾ ਸਮਾਗਮ ਉਸਦੀ ਮਰਜ਼ੀ ਜਾਂ ਅਗਾਊਂ ਜਾਣਕਾਰੀ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ। ਕਿਸੇ ਵੀ ਸਮਾਗਮ ਵਿੱਚ ਬਾਹਰਲੇ ਹਲਕੇ ਦਾ ਮੰਤਰੀ ਜਾਂ ਐੱਮ ਐੱਲ ਏ ਉਸਦੀ ਸਹਿਮਤੀ ਤੋਂ ਬਿਨਾਂ ਉਸਦੇ ਹਲਕੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਹਲਕੇ ਦੇ ਮੰਤਰੀ, ਵਿਧਾਇਕ ਜਾਂ ਜ਼ਿਲ੍ਹਾ ਪ੍ਰਧਾਨ ਦੀ ਸਿਫ਼ਾਰਸ਼ ਤੋਂ ਬਿਨਾਂ ਕਿਸੇ ਵੀ ਮੁਲਾਜ਼ਮ ਦੀ ਬਦਲੀ ਜਾਂ ਤਰੱਕੀ ਤੋਂ ਇਲਾਵਾ ਮੁਲਾਜ਼ਮ ਦੀ ਕੋਈ ਸਮੱਸਿਆ ਹੱਲ ਨਹੀਂ ਹੋ ਸਕਦੀ। ਡਿਪਟੀ ਕਮਿਸ਼ਨਰ ਮੰਤਰੀ ਨੂੰ ਪੁੱਛੇ ਬਗ਼ੈਰ ਕਿਸੇ ਨੂੰ ਕੋਈ ਰਾਹਤ ਜਾਂ ਕਿਸੇ ਪਿੰਡ ਨੂੰ ਗ੍ਰਾਂਟ ਜਾਰੀ ਨਹੀਂ ਕਰ ਸਕਦਾ। ਜ਼ਿਲ੍ਹਾ ਪੁਲਸ ਅਫ਼ਸਰ ਮੰਤਰੀ ਜਾਂ ਹਲਕਾ ਵਿਧਾਇਕ ਨੂੰ ਪੁੱਛੇ ਬਗ਼ੈਰ ਨਾ ਤਾਂ ਕਿਸੇ ਖ਼ਿਲਾਫ਼ ਕੋਈ ਐੱਫ ਆਈ ਆਰ ਦਰਜ ਕਰ ਸਕਦਾ ਹੈ ਅਤੇ ਨਾ ਹੀ ਐੱਫ ਆਈ ਆਰ ਖਾਰਜ ਕਰਨ ਦੀ ਸਿਫ਼ਾਰਸ਼ ਕਰ ਸਕਦਾ ਹੈ। ਹਾਂ, ਆਗੂ ਦੇ ਕਹਿਣ ਤੇ ਕਿਸੇ ਵੀ ਨਿਰਦੋਸ਼ ਖ਼ਿਲਾਫ਼ ਉਸ ਨੂੰ ਝੂਠਾ ਪਰਚਾ ਦਰਜ ਕਰਨਾ ਹੀ ਪੈਂਦਾ ਹੈ। ਇਹੋ ਹਾਲਾਤ ਹੇਠਲੇ ਪੱਧਰ ਤੇ ਬਣੇ ਹੋਏ ਹਨ। ਸਰਕਲ ਪ੍ਰਧਾਨ ਹੇਠਲੇ ਪੱਧਰ ਦੇ ਮੁਲਾਜ਼ਮਾਂ ਨੂੰ ਆਪਣੇ ਘੇਰੇ ਵਿੱਚ ਲਈ ਬੈਠੇ ਹਨ।

ਸਰਪੰਚ, ਪੰਚ ਅਤੇ ਸ਼ਹਿਰਾਂ ਦੇ ਕੌਂਸਲਰ ਆਪਣੇ-ਆਪਣੇ ਦਾਇਰੇ ਵਿੱਚ ਆਪਣੀ-ਆਪਣੀ ਧੌਂਸ ਜਮਾ ਰਹੇ ਹਨ। ਉਨ੍ਹਾਂ ਦਾ ਵੀ ਵਤੀਰਾ ਅਜਿਹਾ ਬਣਿਆ ਹੋਇਆ ਹੈ ਕਿ ਉਨ੍ਹਾਂ ਦੇ ਵਾਰਡ ਵਿੱਚ ਹੋਣ ਵਾਲਾ ਸਮਾਗਮ ਉਨ੍ਹਾਂ ਦੀ ਜਾਣਕਾਰੀ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਜੇ ਕਿਸੇ ਨੇ ਘਰ ਵਿੱਚ ਅਖੰਡ ਪਾਠ ਵੀ ਕਰਵਾਉਣਾ ਹੈ ਤਾਂ ਉਸ ਦੀ ਜਾਣਕਾਰੀ ਸੱਤਾਧਾਰੀ ਕੌਂਸਲਰ ਨੂੰ ਜ਼ਰੂਰ ਹੋਵੇ। ਸਮਾਜ ਸੇਵੀ ਸੰਸਥਾ ਜੇਕਰ ਕੋਈ ਸਮਾਜ ਸੇਵਾ ਦਾ ਕੰਮ ਕਰਨ ਦੀ ਸੋਚਦੀ ਹੈ ਤਾਂ ਕੌਂਸਲਰ ਚਾਹੁੰਦਾ ਹੈ ਕਿ ਉਹ ਵੀ ਉਸ ਨੂੰ ਪੁੱਛੇ ਬਿਨਾਂ ਕੰਮ ਨਾ ਕਰੇ।

ਸਰਕਾਰ ਨੇ ਥਾਣਿਆਂ ਨੂੰ ਵਿਧਾਇਕਾਂ/ਹਲਕਾ ਇੰਚਾਰਜਾਂ ਦੇ ਅਧੀਨ ਕਰ ਦਿੱਤਾ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੁਲਸ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਛੋਟੇ-ਮੋਟੇ ਆਗੂ ਵਿਰੁੱਧ ਦੋਸ਼ੀ ਹੋਣ ਦੇ ਬਾਵਜੂਦ ਕਾਰਵਾਈ ਕਰਨ ਤੋਂ ਝਿਜਕਦੀ ਹੈ ਤੇ ਉਹ ਵੀ ਪ੍ਰਸ਼ਾਸਨ ਅਤੇ ਪੁਲਸ ਦੇ ਮਾਮਲਿਆਂ ਵਿੱਚ ਦਖ਼ਲ ਦੇਣ ਨੂੰ ਆਪਣਾ ਜਨਮ ਜਾਤ ਹੱਕ ਸਮਝਦੇ ਹਨ। ਆਮ ਲੋਕਾਂ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਕਾਰਨ ਆਮ ਆਦਮੀ ਘੁੱਟਿਆ-ਘੁੱਟਿਆ ਮਹਿਸੂਸ ਕਰ ਰਿਹਾ ਹੈ। ਲੋਕਾਂ ਵਿੱਚ ਇਹ ਚਰਚਾ ਵੀ ਆਮ ਚੱਲ ਰਹੀ ਹੈ ਕਿ ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਹਰੇਕ ਨੂੰ ਰੋਟੀ ਖਾਣ ਅਤੇ ਘਰ ਬੈਠ ਕੇ ਖ਼ੁਦ ਪਾਠ ਕਰਨ ਦੀ ਸੂਚਨਾ ਵੀ ਸੱਤਾਧਾਰੀਆਂ ਦੇ ਜਮੂਰਿਆਂ ਨੂੰ ਦੇਣੀ ਲਾਜ਼ਮੀ ਹੋ ਜਾਵੇਗੀ। ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਜਮੂਰਿਆਂ ਵੱਲੋਂ ਲੋਕਾਂ ਦੀਆਂ ਨਿੱਕੀਆਂ -ਨਿੱਕੀਆਂ ਗੱਲਾਂ ਵਿੱਚ ਕੀਤੀ ਜਾਂਦੀ ਦਖ਼ਲ ਅੰਦਾਜ਼ੀ ਦੀਆਂ ਅਨੇਕ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਪਰ ਮੈਂ ਇੱਥੇ ਇੱਕ ਹੀ ਘਟਨਾ ਦਾ ਜ਼ਿਕਰ ਕਰਾਂਗਾ।

ਸਾਡੇ ਸ਼ਹਿਰ ਦੀ ਇੱਕ ਅੰਤਰ-ਰਾਸ਼ਟਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਨੇ ਵਾਤਾਵਰਣ ਦੀ ਸ਼ੁੱਧਤਾ ਅਤੇ ਚੁਫੇਰੇ ਨੂੰ ਹਰਿਆ-ਭਰਿਆ ਰੱਖਣ ਲਈ ਸ਼ਹਿਰ ਦੇ ਇੱਕ ਸਰਵਜਨਕ ਪਾਰਕ ਵਿੱਚ ਪੌਦੇ ਲਗਾਉਣ ਦਾ ਫੈਸਲਾ ਕਰ ਲਿਆ। ਉਸ ਪਾਰਕ ਵਿੱਚ ਪੌਦਿਆਂ ਦੀ ਬੜੀ ਘਾਟ ਮਹਿਸੂਸ ਹੋ ਰਹੀ ਸੀ ਅਤੇ ਇਲਾਕੇ ਦੇ ਕਾਫ਼ੀ ਲੋਕ ਇਸ ਪਾਰਕ ਵਿੱਚ ਸਵੇਰੇ-ਸ਼ਾਮ ਸੈਰ ਕਰਨ ਵੀ ਜਾਇਆ ਕਰਦੇ ਹਨ। ਸੰਸਥਾ ਨੇ ਇਹ ਵੀ ਫੈਸਲਾ ਕੀਤਾ ਕਿ ਲੋਕਾਂ ਦੇ ਆਰਾਮ ਦੀ ਸਹੂਲਤ ਲਈ ਕੁਝ ਬੈਂਚ ਵੀ ਰਖਵਾਏ ਜਾਣ। ਸੰਸਥਾ ਦੇ ਕੁਝ ਮੈਂਬਰ ਉਸ ਵਾਰਡ ਦੇ ਵੀ ਵਸਨੀਕ ਹਨ।

ਖ਼ੈਰ, ਸੰਸਥਾ ਦੇ ਮੈਂਬਰਾਂ ਨੇ ਨਿਸ਼ਚਿਤ ਸਮੇਂ ਤੇ ਪੌਦੇ ਲਗਾਉਣੇ ਅਜੇ ਸ਼ੁਰੂ ਹੀ ਕੀਤੇ ਸਨ ਕਿ ਵਾਰਡ ਦਾ ਕੌਂਸਲਰ ਆ ਧਮਕਿਆ। ਪੂਰੇ ਰੋਹਬ ਨਾਲ ਗੜ੍ਹਕਵੀਂ ਆਵਾਜ਼ ਵਿੱਚ ਸੰਸਥਾ ਦੇ ਮੈਂਬਰਾਂ ਨੂੰ ਉਹ ਕਹਿਣ ਲੱਗਾ, ਮੈਂ ਇਸ ਵਾਰਡ ਦਾ ਮਾਲਕ ਹਾਂ, ਮੇਰੇ ਤੋਂ ਪੁੱਛੇ ਬਗ਼ੈਰ ਇਸ ਪਾਰਕ ਵਿੱਚ ਪੌਦੇ ਲਗਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ?

ਕੌਂਸਲਰ ਇਸ ਤਰ੍ਹਾਂ ਗੱਲ ਕਰ ਰਿਹਾ ਸੀ, ਐੱਮ ਸੀ ਬਣਨ ਨਾਲ ਹੀ ਪਾਰਕ ਦਾ ਇੰਤਕਾਲ ਉਸ ਦੇ ਨਾਮ ਹੋ ਗਿਆ ਹੋਵੇ। ਸਾਰੇ ਮੈਂਬਰ ਹੈਰਾਨ-ਪ੍ਰੇਸ਼ਾਨ ਹੋ ਗਏ। ਉਸੇ ਵਾਰਡ ਦੇ ਇੱਕ ਮੈਂਬਰ ਨੇ ਬੜੀ ਹਲੀਮੀ ਨਾਲ ਕੌਂਸਲਰ ਨੂੰ ਕਿਹਾ,ਇੱਕ ਸਮਾਜ ਸੇਵਾ ਦੇ ਕੰਮ ਲਈ ਤੁਹਾਡੀ ਆਗਿਆ ਦੀ ਕੀ ਜ਼ਰੂਰਤ ਹੈ, ਅਸੀਂ ਇਸ ਪਾਰਕ ਵਿੱਚੋਂ ਕੁਝ ਲੈ ਤਾਂ ਨਹੀਂ ਰਹੇ, ਸਗੋਂ ਲੋਕਾਂ ਦੀ ਸਹੂਲਤ ਲਈ ਕੁਝ ਦੇ ਹੀ ਰਹੇ ਹਾਂ। ਸਾਡੀ ਸੰਸਥਾ ਗ਼ਰੀਬ ਲੋਕਾਂ ਲਈ ਮੁਫਤ ਅੱਖਾਂ ਦੇ ਅਪਰੇਸ਼ਨ ਕੈਂਪ, ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਉਣ ਤੋਂ ਇਲਾਵਾ ਗ਼ਰੀਬ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਦੀ ਹੈ ਅਤੇ ਤੁਸੀਂ ਸੱਤਾ ਦੇ ਨਸ਼ੇ ਵਿੱਚ ਚੰਗੇ ਕੰਮਾਂ ਵਿੱਚ ਵੀ ਰੁਕਾਵਟ ਬਣਦੇ ਹੋ। ਯਾਦ ਰੱਖੋ, ਤੁਸੀਂ ਜੇ ਐੱਮ ਸੀ ਹੋ ਤਾਂ ਸਾਡੇ ਲੋਕਾਂ ਦੀ ਬਦੌਲਤ ਹੀ ਹੋ।

ਏਨੇ ਵਿੱਚ ਵਾਰਡ ਦੇ ਲੋਕਾਂ ਦਾ ਕਾਫ਼ੀ ਇਕੱਠ ਹੋ ਗਿਆ। ਵਿਰੋਧ ਵਧਦਾ ਵੇਖ ਕੇ ਐੱਮ ਸੀ ਫੋਨ ਆਉਣ ਦਾ ਬਹਾਨਾ ਬਣਾ ਕੇ ਉੱਥੋਂ ਖਿਸਕ ਗਿਆ। ਲੋਕਾਂ ਦੇ ਸਹਿਯੋਗ ਨਾਲ ਸੰਸਥਾ ਦੇ ਮੈਂਬਰਾਂ ਨੇ ਪਾਰਕ ਵਿੱਚ ਪੌਦੇ ਲਾ ਦਿੱਤੇ। ਪਾਰਕ ਦੀ ਨੁੱਕਰ ਵਿੱਚ ਬੈਠਾ ਇੱਕ ਬਜ਼ੁਰਗ, ਜੋ ਇਹ ਸਾਰਾ ਤਮਾਸ਼ਾ ਵੇਖ ਰਿਹਾ ਸੀ, ਕਚੀਚੀ ਵੱਟ ਕੇ ਸੰਸਥਾ ਦੇ ਮੈਂਬਰਾਂ ਨੂੰ ਕਹਿਣ ਲੱਗਾ, ਬਰਖੁਰਦਾਰੋ, ਇਹ ਲੋਕਤੰਤਰੀ ਸਰਕਾਰ ਹੈ, ਜਿਸ ਵਿੱਚ ਸੇਵਾ ਨਹੀਂ, ਸਿਰਫ਼ ਰਾਜ ਹੀ ਕੀਤਾ ਜਾ ਰਿਹਾ ਹੈ।

*****

(188)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)