AmarjitBabbri7SarokarPeshkash1ਉਨ੍ਹਾਂ ਹਮੇਸ਼ਾ ਸਿਆਸਤ ਅਤੇ ਧਰਮ ਨੂੰ ਤੱਕੜੀ ਦੇ ਪਲੜਿਆਂ ਵਿੱਚ ਪਾ ਕੇ ਰੱਖਿਆ ਹੈ। ਜਦ ਧਰਮ ਭਾਰੂ ਹੋ ਜਾਂਦਾ ਹੈ ...
(ਫਰਵਰੀ 7, 2016)

 

ਸ਼ਤਰੰਜ ਦਾ ਖਿਡਾਰੀ ਜੇ ਇੱਕ ਵੀ ਮੋਹਰਾ ਗ਼ਲਤ ਰੱਖ ਦੇਵੇ ਤਾਂ ਉਸ ਦਾ ਰਾਜਾ ਚਿੱਤ ਹੋ ਜਾਂਦਾ ਹੈ। ਜਿੱਤੀ-ਜਿਤਾਈ ਬਾਜ਼ੀ ਇੱਕੋ ਚਾਲ ਨਾਲ ਪੁੱਠੀ ਪੈ ਜਾਂਦੀ ਹੈ।

ਸਿਆਣੇ ਕਹਿੰਦੇ ਹਨ ਕਿ ਜੁਆਰੀਏ ਨੂੰ ਕਦੇ ਵੀ ਇਸ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ ਕਿ ਉਸ ਦੀਆਂ ਗੋਟੀਆਂ ਹਮੇਸ਼ਾ ਸਿੱਧੀਆਂ ਪੈਣਗੀਆਂ। ਇੱਕ ਵਾਰ ਗੋਟੀਆਂ ਪੁੱਠੀਆਂ ਪੈ ਜਾਣ ਤਾਂ ਸਭ ਕੁਝ ਤਹਿਸ-ਨਹਿਸ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿਆਸਤ ਵੀ ਬੜੀ ਖ਼ਤਰਨਾਕ ਸ਼ਤਰੰਜ ਹੈ। ਇਸ ਵਿੱਚ ਵੱਡੇ ਤੋਂ ਵੱਡੇ ਖੱਬੀ ਖ਼ਾਨ ਦਿਨਾਂ ਵਿੱਚ ਹੀ ਚਿੱਤ ਹੋ ਜਾਂਦੇ ਹਨ। ਸਿਆਸਤ ਵਿੱਚ ਘੁਮੰਡ ਅਤੇ ਚਮਚਿਆਂ ਦੀ ਵਲਗਣ ਦੇਰ-ਸਵੇਰ ਭਾਰੂ ਪੈ ਹੀ ਜਾਂਦੀ ਹੈ। ਜੋ ਲੋਕ ਸਿਆਸਤ ਨੂੰ ਆਪਣਾ ਜਨਮ ਸਿੱਧ ਅਧਿਕਾਰ ਅਤੇ ਆਪਣੇ ਓੜਮੇ-ਕੋੜਮੇ ਦੀ ਜਗੀਰ ਸਮਝਦੇ ਹਨ, ਲੋਕਾਂ ਨੇ ਉਨ੍ਹਾਂ ਨੂੰ ਵੀ ਕੱਖੋਂ ਹੌਲੇ ਕੀਤਾ ਹੈ।

ਲੋਕਤੰਤਰ ਵਿੱਚ ਲੋਕ ਹਿੱਤੂ ਸੋਚ, ਨਿਮਾਣਾਪਣ ਅਤੇ ਮਿੱਠਤ ਅਜਿਹੇ ਗੁਣ ਮੰਨੇ ਗਏ ਹਨ, ਜੋ ਦੁਸ਼ਮਣ ਨੂੰ ਵੀ ਕਾਇਲ ਕਰ ਦਿੰਦੇ ਹਨ। ਉਪਮਾ, ਵਡਿਆਈ ਅਤੇ ਪ੍ਰਸ਼ੰਸਾ ਭਲਾ ਕੌਣ ਨਹੀਂ ਚਾਹੁੰਦਾ, ਪਰ ਨੇਤਾ ਤਾਂ ਹਮੇਸ਼ਾ ਵਡਿਆਈ ਦੇ ਚਾਹਵਾਨ ਰਹਿੰਦੇ ਹਨ। ਉਨ੍ਹਾਂ ਦਾ ਕਿਰਦਾਰ ਭਾਵੇਂ ਕਿੰਨਾ ਵੀ ਘਟੀਆ ਹੋਵੇ, ਚਰਿੱਤਰ ਕਿੰਨਾ ਵੀ ਮਾੜਾ ਹੋਵੇ, ਜਦੋਂ ਚਾਪਲੂਸ ਉਨ੍ਹਾਂ ਦੀ ਫੋਕੀ ਵਡਿਆਈ ਕਰਦੇ ਹਨ ਤਾਂ ਉਹ ਫੁੱਲ ਕੇ ਕੁੱਪਾ ਹੋ ਜਾਂਦੇ ਹਨ। ਅੰਦਰੋਂ-ਅੰਦਰ ਭਾਵੇਂ ਉਹ ਆਪਣੇ-ਆਪ ਨੂੰ ਹੀਣਾ ਮਹਿਸੂਸ ਕਰਦੇ ਹੋਣ, ਪਰ ਵਡਿਆਈ ਸੁਣ ਕੇ ਉਨ੍ਹਾਂ ਦੇ ਧਰਤੀ ਤੇ ਪੈਰ ਨਹੀਂ ਲੱਗਦੇ। ਬਹੁਤੇ ਸਿਆਸਤਦਾਨਾਂ ਨੂੰ ਚਾਪਲੂਸੀ ਅਤੇ ਵਿਰੋਧੀਆਂ ਦੀਆਂ ਮਸਾਲਾ ਲੱਗੀਆਂ ਚੁਗਲੀਆਂ ਸੁਣਨ ਦੀ ਬਿਮਾਰੀ ਹੁੰਦੀ ਹੈ।

ਪਿਛਲੇ ਦਿਨੀਂ ਦੇਸ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਦਲੀਲ ਦੇ ਕੇ ਨੈਲਸਨ ਮੰਡੇਲਾ ਦਾ ਖਿਤਾਬ ਦੇ ਦਿੱਤਾ ਕਿ ਉਨ੍ਹਾਂ ਨੇ ਆਜ਼ਾਦ ਭਾਰਤ ਵਿੱਚ ਨੈਲਸਨ ਮੰਡੇਲਾ ਜਿੰਨੀ ਕੈਦ ਕੱਟੀ ਹੈ। ਆਪਣੇ ਮੂੰਹ ਤੇ ਆਪਣੀ ਵਡਿਆਈ ਸੁਣ ਕੇ ਪੰਜਾਬ ਦੇ ਮੁੱਖ ਮੰਤਰੀ ਬਾਗ਼ੋ-ਬਾਗ਼ ਹੋ ਗਏ ਤੇ ਪੰਜਾਬ ਦੇ ਵਿਕਾਸ ਲਈ ਨੋਟਾਂ ਦੇ ਭਰੇ ਟਰੱਕ ਮੰਗਣ ਦੀ ਮੰਗ ਫੋਕੀ ਵਡਿਆਈ ਦੇ ਭਾਰ ਥੱਲੇ ਹੀ ਦੱਬ ਕੇ ਰਹਿ ਗਈ। ਇਸ ਬਾਰੇ ਦੋਵੇਂ ਜਾਣਦੇ ਸਨ ਕਿ ਇੱਕ ਝੂਠ ਬੋਲ ਰਿਹਾ ਹੈ ਤੇ ਦੂਜਾ ਚੁੱਪਚਾਪ ਝੂਠ ਸੁਣ ਰਿਹਾ ਹੈ।

ਆਮ ਲੋਕਾਂ ਨੂੰ ਸ਼ਾਇਦ ਇਹ ਪਤਾ ਨਾ ਹੋਵੇ ਕਿ ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦਾ ਵਿਦਰੋਹੀ ਨੇਤਾ ਸੀ, ਜਿਸ ਨੂੰ ਹਕੂਮਤ ਨੇ ਲਗਾਤਾਰ 27 ਸਾਲ ਜੇਲ੍ਹ ਵਿੱਚ ਬੰਦ ਕਰੀ ਰੱਖਿਆ ਸੀ। ਉਹ ਲਾਅ ਗ੍ਰੈਜੂਏਟ ਸੀ। ਜਦੋਂ ਉਹ ਰਿਹਾਅ ਹੋਇਆ ਤਾਂ ਲੋਕਾਂ ਨੇ ਉਸ ਨੂੰ ਮੋਢਿਆਂ ਤੇ ਚੁੱਕਿਆ ਅਤੇ ਦੱਖਣੀ ਅਫਰੀਕਾ ਦਾ ਪ੍ਰਧਾਨ ਬਣਾ ਦਿੱਤਾ। ਉਹ ਅਹਿੰਸਾਵਾਦੀ ਨੇਤਾ ਸੀ ਤੇ ਲੋਕ ਉਸ ਨੂੰ ਅਫਰੀਕਾ ਦਾ ਮਹਾਤਮਾ ਗਾਂਧੀ ਕਹਿੰਦੇ ਸਨ। ਖ਼ੈਰ, ਫੋਕੀ ਵਡਿਆਈ ਨਾਲ ਤੜਿਆ ਕੇ ਕੇਂਦਰ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਖਹਿੜਾ ਛੁਡਵਾਉਣ ਦਾ ਢੰਗ ਰਾਸ ਆ ਗਿਆ।

ਬਾਦਲ ਸਾਹਿਬ ਬੜੇ ਸਿਆਣੇ ਅਤੇ ਹੰਢੇ ਹੋਏ ਪ੍ਰੌਢ ਸਿਆਸਤਦਾਨ ਹਨ। ਉਨ੍ਹਾਂ ਹਮੇਸ਼ਾ ਸਿਆਸਤ ਅਤੇ ਧਰਮ ਨੂੰ ਤੱਕੜੀ ਦੇ ਪਲੜਿਆਂ ਵਿੱਚ ਪਾ ਕੇ ਰੱਖਿਆ ਹੈ। ਜਦ ਧਰਮ ਭਾਰੂ ਹੋ ਜਾਂਦਾ ਹੈ ਤਾਂ ਸਿਆਸਤ ਦਾ ਦਾਅ-ਪੇਚ ਵਰਤ ਲੈਂਦੇ ਹਨ, ਜਦ ਵਿਰੋਧੀ ਧਿਰਾਂ ਦੀ ਸਿਆਸਤ ਜਾਂ ਲੋਕਾਂ ਦਾ ਰੋਹ ਸਿਆਸਤ ’ਤੇ ਭਾਰੂ ਹੋ ਜਾਂਦਾ ਹੈ ਤਾਂ ਧਰਮ ਦਾ ਪੱਲਾ ਫੜ ਕੇ ਮੌਕੇ ਨੂੰ ਸੰਭਾਲ ਲੈਂਦੇ ਹਨ। ਧਰਮ ਅਤੇ ਸਿਆਸਤ ਦੀ ਇਸ ਖੇਡ ਨਾਲ ਉਨ੍ਹਾਂ ਆਪਣੀ ਹੀ ਪਾਰਟੀ ਦੇ ਵੱਡੇ-ਵੱਡੇ ਧੁਨੰਤਰ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਆਪਣੇ ਰਸਤੇ ਵਿੱਚੋਂ ਸਾਫ਼ ਕੀਤਾ ਹੈ।

ਅਜੋਕੇ ਸਮੇਂ ਵਿੱਚ ਵੀ ਉਨ੍ਹਾਂ ਉਹੋ ਪੁਰਾਣੀ ਖੇਡ ਖੇਡਣ ਦਾ ਯਤਨ ਕੀਤਾ, ਪਰ ਲੋਕ ਹੁਣ ਉਨ੍ਹਾਂ ਦੀਆਂ ਇਹਨਾਂ ਤਿਗੜਮਬਾਜ਼ੀਆਂ ਨੂੰ ਸਮਝਣ ਲੱਗ ਗਏ ਹਨ। ਮੋਗਾ ਔਰਬਿਟ ਬੱਸ ਕਾਂਡ ਮੌਕੇ ਲੋਕਾਂ ਦੇ ਰੋਹ ਨੂੰ ਠੱਲ੍ਹਣ ਲਈ ਉਨ੍ਹਾਂ ਆਪਣੇ ਧਾਰਮਿਕ ਵਿੰਗ ਐੱਸ ਜੀ ਪੀ ਸੀ ਨੂੰ ਵਰਤਿਆ। ਲੋਕਾਂ ਦਾ ਧਿਆਨ ਔਰਬਿਟ ਬੱਸ ਕਾਂਡ ਤੋਂ ਲਾਂਭੇ ਕਰਨ ਲਈ ਗੁਰੂ ਸਾਹਿਬ ਦੇ ਸ਼ਸਤਰਾਂ ਵਾਲੀ ਬੱਸ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮਾਉਣੀ ਸ਼ੁਰੂ ਕਰ ਦਿੱਤੀ। ਲੋਕ ਧਾਰਮਿਕ ਵਹਿਣ ਵਿੱਚ ਵਹਿ ਕੇ ਔਰਬਿਟ ਬੱਸ ਕਾਂਡ ਨੂੰ ਭੁੱਲ ਗਏ। ਉਨ੍ਹਾਂ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਟੁੰਬ ਕੇ ਆਪਣਾ ਖਹਿੜਾ ਛੁਡਾ ਲਿਆ।

ਫਿਰ ਨਰਮਾ ਪੱਟੀ ਦੇ ਕਿਸਾਨ ਚਿੱਟੀ ਮੱਖੀ ਦਾ ਸ਼ਿਕਾਰ ਹੋਏ ਤਾਂ ਉਨ੍ਹਾਂ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਮੰਗਣ ਦੇ ਨਾਲ-ਨਾਲ ਸੰਬੰਧਤ ਮੰਤਰੀ ਤੋਂ ਇਲਾਵਾ ਹੋਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸੰਘਰਸ਼ ਵਿੱਢਿਆ। ਜਦ ਸਰਕਾਰ ਨੇ ਉਨ੍ਹਾਂ ਦੀ ਕੋਈ ਗੱਲ ਨਾ ਸੁਣੀ ਤਾਂ ਉਨ੍ਹਾਂ ਰੇਲਾਂ ਦਾ ਚੱਕਾ ਜਾਮ ਕੀਤਾ। ਕਿਸਾਨ ਖੇਤਾਂ ਵਿੱਚੋਂ ਬਾਹਰ ਨਿਕਲ ਕੇ ਸੜਕਾਂ ’ਤੇ ਆ ਗਏ। ਕਈ ਕਿਸਾਨਾਂ ਨੇ ਆਤਮ-ਹੱਤਿਆਵਾਂ ਵੀ ਕੀਤੀਆਂ। ਕਿਸਾਨਾਂ ਦਾ ਰੋਹ ਵਧਦਾ ਵੇਖ ਕੇ ਹਕੂਮਤ ਦੇ ਮੁਖੀ ਨੇ ਕਿਸਾਨਾਂ ਤੇ ਲੋਕਾਂ ਦਾ ਧਿਆਨ ਹੋਰ ਪਾਸੇ ਲਾਉਣ ਲਈ ਧਰਮ ਦਾ ਪੱਤਾ ਖੇਡਦਿਆਂ ਪੰਜੇ ਤਖ਼ਤਾਂ ਦੇ ਸਿੰਘ ਸਾਹਿਬਾਨ ਤੋਂ ਸੱਚਾ ਸੌਦਾ ਡੇਰੇ ਦੇ ਸਾਧ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਦੋਸ਼ ਤੋਂ ਬਿਨਾਂ ਸ਼ਰਤ ਉਸ ਦੀ ਅਕਾਲ ਤਖ਼ਤ ’ਤੇ ਹਾਜ਼ਰੀ ਦੇ ਮੁਆਫ਼ ਕਰਨ ਦਾ ਹੁਕਮਨਾਮਾ ਜਾਰੀ ਕਰਵਾ ਦਿੱਤਾ। ਅਜਿਹਾ ਹੋਣ ਨਾਲ ਲੋਕ ਕਿਸਾਨੀ ਸੰਘਰਸ਼ ਨੂੰ ਵਿੱਚੇ ਛੱਡ ਕੇ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਹੁਕਮਨਾਮੇ ਦੇ ਮਗਰ ਹੋ ਤੁਰੇ।

ਸਰਕਾਰ ਵਿਰੋਧੀ ਅੱਗ ਉਸ ਵੇਲੇ ਹੋਰ ਵੀ ਪ੍ਰਚੰਡ ਹੋ ਗਈ, ਜਦੋਂ ਕੁਝ ਵਿਰੋਧੀ ਤਾਕਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਇੱਕ ਪਿੰਡ ਤੋਂ ਚੋਰੀ ਕਰ ਕੇ ਉਸੇ ਪਿੰਡ ਵਿੱਚ ਫਲੈਕਸ ਬੋਰਡ ਲਗਾ ਕੇ ਸਿੱਖ ਭਾਈਚਾਰੇ ਨੂੰ ਚੈਲਿੰਜ ਕੀਤਾ ਕਿ ਜਿਸ ਦੀ ਹਿੰਮਤ ਹੈ, ਉਹ ਸਾਡੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਵਿਖਾਵੇ। ਤੇ ਕੁਝ ਦਿਨ ਬਾਅਦ ਸ਼ਰਾਰਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗ ਪਾੜ ਕੇ ਪਿੰਡ ਵਿੱਚ ਖਿਲਾਰ ਦਿੱਤੇ। ਸਿੱਖ ਜਥੇਬੰਦੀਆਂ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਸ਼ਾਂਤਮਈ ਧਰਨੇ ਲਗਾਏ ਤਾਂ ਪੁਲਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਮਾਰ ਦਿੱਤਾ। ਫਿਰ ਕੀ ਸੀ, ਆਮ ਲੋਕ ਵੀ ਸੜਕਾਂ ਤੇ ਆ ਗਏ । ਪੂਰੇ ਪੰਜਾਬ ਵਿੱਚ ਚੱਕੇ ਜਾਮ ਕੀਤੇ ਗਏ, ਪਰ ਸਰਕਾਰ ਸੁੱਤੀ ਰਹੀ।

ਪੰਜਾਬ ਦੇ ਮੁੱਖ ਮੰਤਰੀ ਇਸ ਗੱਲ ਦਾ ਮਾਣ ਕਰਦੇ ਹਨ ਕਿ ਉਨ੍ਹਾਂ ਨੇ ਸਿਆਸਤ ਦੀ ਪੀ ਐੱਚ ਡੀ ਕੀਤੀ ਹੋਈ ਹੈ। ਸ਼ਾਇਦ ਪੀ ਐੱਚ ਡੀ ਕਰਦੇ ਸਮੇਂ ਉਨ੍ਹਾਂ ਨੇ ਨੈਪੋਲੀਅਨ ਦੀ ਇਹ ਨਸੀਹਤ ਪੜ੍ਹੀ ਹੋਵੇ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਲੋਕ ਜਦੋਂ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਤਾਂ ਉਨ੍ਹਾਂ ਨੂੰ ਧਾਰਮਿਕ ਮਾਮਲੇ ਵਿੱਚ ਉਲਝਾ ਦਿਉ, ਉਹ ਅਸਲ ਮੁੱਦੇ ਤੋਂ ਭਟਕ ਜਾਣਗੇ ਅਤੇ ਭਾਵਨਾਵਾਂ ਵਿੱਚ ਗਵਾਚ ਕੇ ਆਮਣੀ ਕੌਮ ਅੰਦਰ ਮਾਰ-ਧਾੜ ਕਰਨਗੇ।

ਅੱਜ ਮੁੱਖ ਮੰਤਰੀ ਅਤੇ ਉਸ ਦੇ ਜੋਟੀਦਾਰਾਂ ਨੇ ਪੰਜਾਬ ਨੂੰ ਨੈਪੋਲੀਅਨ ਦੇ ਕਥਨ ਅਨੁਸਾਰ ਚੌਰਾਹੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਹੁਣ ਫ਼ੈਸਲਾ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਨੈਪੋਲੀਅਨ ਦੇ ਕਥਨ ਦਾ ਖੰਡਨ ਕਰਦੇ ਹੋਏ ਸੱਤਾਧਾਰੀ ਆਗੂਆਂ ਦਾ ਪਿੰਡ-ਪਿੰਡ ਬਾਈਕਾਟ ਕਰ ਕੇ ਸਿੱਖ ਭਾਈਚਾਰੇ ਨੂੰ ਖਾਨਾਜੰਗੀ ਤੋਂ ਬਚਾਉਣਾ ਹੈ ਕਿ ਆਪਸ ਵਿੱਚ ਲੜ-ਲੜ ਕੇ ਪੰਜਾਬ ਨੂੰ ਕੁੰਭੀ ਨਰਕ ਵਿੱਚ ਸੁੱਟਣਾ ਹੈ?

*****

(178)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਅਮਰਜੀਤ ਬੱਬਰੀ

ਅਮਰਜੀਤ ਬੱਬਰੀ

Moga, Punjab, India.
Phone: (91 - 94630 - 83363)

Email: (amarjitsingh52@yahoo.co.in)