HardevChauhan7ਉਦੋਂ ਬਾਬੇ ਨਾਨਕ ਦਾ ਪੰਜ ਸੌਵਾਂ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ
(12 ਨਵੰਬਰ 2019)

 

ਸਰਬ ਸਾਂਝੇ ਬਾਬੇ ਨਾਨਕ ਦਾ ਪੰਜ ਸੌ ਪੰਜਾਹਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬੜੀ ਸ਼ਰਧਾ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਤਿਆਰੀਆਂ ਚੱਲ ਰਹੀਆਂ ਹਨਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਫਰਾਖ਼ ਦਿਲੀ ਅਤੇ ਸਾਡੀਆਂ ਹਕੂਮਤਾਂ ਦੇ ਸਹਿਯੋਗ ਨਾਲ ਗੁਰੂ ਪਿਆਰੀਆਂ ਸੰਗਤਾਂ ਵਾਸਤੇ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਲਾਂਘਾ 9 ਨਵੰਬਰ ਤੋਂ ਸੰਗਤਾਂ ਲਈ ਖੁੱਲ੍ਹ ਗਿਆ ਹੈ

ਪੰਜਾਹ ਸਾਲ ਪਹਿਲਾਂ ਦੀ ਇੱਕ ਗੱਲ ਮੈਨੂੰ ਯਾਦ ਆਈ ਹੈਉਦੋਂ ਬਾਬੇ ਨਾਨਕ ਦਾ ਪੰਜ ਸੌਵਾਂ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸੀਅਸੀਂ ਉਦੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਰਹਿੰਦੇ ਸੀਗਲੀਆਂ, ਬਾਜ਼ਾਰਾਂ ਵਿੱਚ ਸ਼ਰਧਾਲੂਆਂ ਦਾ ਇੱਡਾ ਵੱਡਾ ਹੜ੍ਹ ਆਇਆ ਹੋਇਆ ਸੀ ਕਿ ਭੋਏਂ ਉੱਤੇ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ ਸੀ ਦਿਸਦੀਸ਼ਰਧਾ ਵੱਸ ਅਸੀਂ ਵੀ ਤੇ ਸਾਡੇ ਆਂਢੀਆਂ, ਗੁਆਂਢੀਆਂ ਨੇ ਵੀ ਦੂਰ ਦੁਰੇਡਿਉਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸ਼ਰਧਾਲੂਆਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਸਰਦੀ-ਬਣਦੀ ਥਾਂ ਦਿੱਤੀ ਸੀ

ਉਦੋਂ ਅਸੀਂ ਸਰਕਾਰੀ ਹਾਇਅਰ ਸੈਕੰਡਰੀ ਸਕੂਲ, ਟਾਊਨ ਹਾਲ, ਅੰਮ੍ਰਿਤਸਰ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦੇ ਹੁੰਦੇ ਸੀਇੱਕ ਦਿਨ ਸਾਡੇ ਪੰਜਾਬੀ ਵਾਲੇ ਅਧਿਆਪਕ ਸ਼ਿੰਗਾਰਾ ਆਜੜੀ ਨੇ ਭਰੀ ਜਮਾਤ ਵਿੱਚ ਸੂਚਨਾ ਦਿੱਤੀ ਕਿ ਸਾਰੇ ਦੇਸ਼ ਵਿੱਚ ਬਾਬੇ ਨਾਨਕ ਦੇ ਪਰਉੱਪਕਾਰੀ ਜੀਵਨ ਫਲਸਫੇ ਉੱਤੇ ਲੇਖ ਮੁਕਾਬਲਾ ਕਰਵਾਇਆ ਜਾ ਰਿਹਾ ਹੈਪਹਿਲੇ, ਦੂਜੇ ਅਤੇ ਤੀਜੇ ਨੰਬਰ ਉੱਤੇ ਆਉਣ ਵਾਲੇ ਲੇਖਾਂ ਨੂੰ ਸਰਟੀਫਿਕੇਟਾਂ ਸਮੇਤ ਨਗਦ ਇਨਾਮ ਰਾਸ਼ੀ ਵੀ ਦਿੱਤੀ ਜਾਏਗੀਚਾਹਵਾਨ ਵਿਦਿਆਰਥੀ ਇਸ ਲੇਖ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਨੇ

ਉਦੋਂ ਪੜ੍ਹਾਈ, ਲਿਖਾਈ ਵਿੱਚ ਸਾਡਾ ਹੱਥ ਤੰਗ ਹੀ ਹੁੰਦਾ ਸੀਪਿਤਾ ਸ਼੍ਰੀ ਸਕੂਲ ਦੇ ਸਾਹਮਣੀ ਕੋਤਵਾਲੀ ਵਿੱਚ ਠਾਣੇਦਾਰ ਹੁੰਦੇ ਸਨਕੋਤਵਾਲੀ ਵਿੱਚ ਹੀ ਨਹੀਂ, ਘਰ ਵਿੱਚ ਵੀ ਉਹ ਆਪਣੀ ਅਫਸਰੀ ਮਿਜਾਜ਼ ਨਾਲ ਸਾਡੇ ਸਾਹ ਸੂਤੀ ਰੱਖਦੇ ਮਹਿਸੂਸ ਹੁੰਦੇਇਹ ਵੀ ਯਾਦ ਆਉਂਦਾ ਹੈ ਕਿ ਉਨ੍ਹਾਂ ਨੇ ਆਪਣੇ ਪੰਜਾਂ ਪੁੱਤਾਂ ਦੀਆਂ ਵਿੱਦਿਅਕ ਅਤੇ ਆਰਥਿਕ ਲੋੜਾਂ, ਥੋੜਾਂ ਪੂਰੀਆਂ ਕਰਨ ਲਈ ਕਦੇ ਮੱਥੇ ਵੱਟ ਵੀ ਨਹੀਂ ਸੀ ਪਾਇਆ

ਪਤਾ ਨਹੀਂ ਮੈਂ ਪਹਿਲੀ ਵਾਰੀ ਜੇਤੂ ਲੇਖ ਕਿਵੇਂ ਲਿਖ ਦਿੱਤਾਬਾਬੇ ਨਾਨਕ ਦੀਆਂ ਬਰਕਤਾਂ ਵੇਖੋ ... ਮੇਰੇ ਲੇਖ ਨੂੰ ਸਰਬ ਭਾਰਤੀ ਮੁਕਾਬਲੇ ਵਿੱਚੋਂ ਦੂਸਰਾ ਇਨਾਮ ਮਿਲ ਗਿਆਕਦੀ ਕਦਾਈਂ ਸਕੂਲ ਦੀ ਕੰਟੀਨ ਵਿੱਚੋਂ ਪੰਜੀ, ਦੱਸੀ ਦੀਆਂ ਲੂਣੀਆਂ ਜਾਂ ਮਿੱਠੀਆਂ ਸੇਵੀਂਆਂ ਖਾਣ ਵਾਲੇ ਨਾਚੀਜ਼ ਨੂੰ ਸਰਟੀਫਿਕੇਟ ਦੇ ਨਾਲ ਢਾਈ ਸੌ ਰੁਪਏ ਦਾ ਨਕਦ ਇਨਾਮ ਵੀ ਮਿਲ ਗਿਆ

ਹੁਣ ਸਾਫ ਲੱਗਦਾ ਹੈ ਕਿ ਬਾਬੇ ਦੀ ਕਿਰਪਾ ਨਾਲ ਹੀ ਉਸ ਵੇਲੇ ਦੇ ਆਪਣੇ ਕੱਦ ਨਾਲੋਂ ਵੱਡੇ ਇਨਾਮ ਦੀ ਖੁਸ਼ੀ, ਦੂਜੀ ਸਵਰਗਵਾਸੀ ਪੰਜਾਬੀ ਮਾਸਟਰ ਸ਼ੰਗਾਰਾ ਆਜੜੀ ਦੀ ਸਿੱਖਿਆ ਅਤੇ ਤੀਜੀ ਵੱਡੇ ਗੁਲ ਭਾਜੀ ਅਤੇ ਉਨ੍ਹਾਂ ਦੇ ਸਾਹਿਤਕਾਰ ਯਾਰ, ਮਿੱਤਰਾਂ ਦੀ ਸੰਗਤ ਤੇ ਵੇਲੇ-ਕੁਵੇਲੇ ਕੀਤੀ ਉਨ੍ਹਾਂ ਦੀ ਸੇਵਾ ਭਾਵਨਾ ਨੇ ਵੀ ਯਕੀਨਨ ਮੈਂਨੂੰ ਸਾਹਿਤ ਵਾਲੇ ਪਾਸੇ ਮੋੜਨ ਵਿੱਚ ਵੱਡਾ ਹਿੱਸਾ ਪਾਇਆ

ਉਦੋਂ ਤੋਂ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆਘਰੇਲੂ ਕਾਰਨਾਮਿਆਂ ਦੀ ਰੌਸ਼ਨੀ ਵਿੱਚ ਗੁਲ ਭਾਜੀ ਦੇ ਮਗਰੇ ਮਗਰ ਮੈਂ ਵੀ 1989 ਦੇ ਅਖੀਰ ਵਿੱਚ ਅੰਮ੍ਰਿਤਸਰ ਨੂੰ ਅਲਵਿਦਾ ਕਹਿ ਚੰਡੀਗੜ੍ਹ ਆ ਗਿਆਇੱਥੇ ਸਾਡੇ ਕੋਲ ਲਾਲੀ ਬਾਬਾ, ਅਜੀਤ ਪਿਆਸਾ, ਨਿੰਦਰ ਘੁਗਿਆਣਵੀ, ਪ੍ਰੋ. ਰਮਨ ਤੇ ਗੁਲਜ਼ਾਰ ਮੁਹੰਮਦ ਗੌਰੀਆ ਵਰਗੇ ਕਈ ਨੇਕ ਦਿਲ ਸਾਹਿਤਕਾਰ ਆਉਂਦੇ, ਜਾਂਦੇ ਰਹੇ

ਚੰਡੀਗੜ੍ਹ ਵਿੱਚ ਸਥਾਪਤ ਹੋ ਜਾਣ ਉੱਤੇ ਕਾਰ ਸਿੱਖਣ ਅਤੇ ਖਰੀਦਣ ਦੀ ਰੀਝ ਜਾਗ ਪਈਸ਼੍ਰੀਮਤੀ ਵੀ ਬੱਚੇ ਵੱਡੇ ਹੋ ਜਾਣ ਉੱਤੇ ਸਕੂਟਰ ਨੂੰ ਅੱਪ ਗ੍ਰੇਡ ਕਰਕੇ ਨਵੀਂ ਕਾਰ ਖਰੀਦਣ ਲਈ ਜ਼ੋਰ ਪਾਉਣ ਲੱਗ ਪਈ

ਉਹਨੀਂ ਦਿਨੀਂ ਗੌਰੀਆ ਭਾਈਜਾਨ ਚੰਡੀਗੜ੍ਹ ਆਇਆ ਹੋਇਆ ਸੀਸਾਰੇ ਪਰਿਵਾਰ ਸਮੇਤ ਆਪਣੇ ਮਨ ਵਾਲੀ ਕਾਰ ਚਲਾਉਣੀ ਸਿੱਖਣ ਅਤੇ ਖਰੀਦਣ ਦੀ ਖਾਹਸ਼ ਉਸ ਨਾਲ ਸਾਂਝੀ ਕੀਤੀਭਾ ਗੌਰੀਏ ਨੇ ਬੜੇ ਕੰਮ ਦਾ ਫਾਰਮੂਲਾ ਦੱਸਿਆ ਸੀ, ਜਿਸ ਨਾਲ ਕਾਰ ਸਿੱਖਣ ਵਾਲੀ ਸਾਡੀ ਅੱਧੀ ਚਿੰਤਾ ਖਤਮ ਹੋ ਗਈ

ਗੌਰੀਆ ਨੇ ਆਖਿਆ, “ਜਿਹੜੇ ਬਰਾਂਡ ਦੀ ਕਾਰ ਲੈਣੀ ਹੋਵੇ, ਉਸਦੀ ਲੰਬਾਈ ਅਤੇ ਚੁੜਾਈ ਜਿੱਡੇ ਦੋ ਕਾਨੇ ਲੈ ਕੇ ਸਕੂਟਰ ਦੇ ਹੈਂਡਲ ਨਾਲ ਬੰਨ੍ਹ ਲਵੋਦੋ, ਤਿੰਨ ਦਿਨ ਖੁੱਲ੍ਹੀ ਸੜਕ ਉੱਤੇ ਹਨੇਰੇ ਸਵੇਰੇ ਕਾਨੇ ਬੱਧੀ ਸਕੂਟਰ ਚਲਾਓਸਕੂਟਕ ਚਲਾਉਂਦਿਆਂ ਤੁਸੀਂ ਆਪਣੇ ਸੱਜੇ, ਖੱਬੇ ਅਤੇ ਅੱਗੇ ਪਿੱਛੇ ਇੱਕ ਕਾਰ ਦੀ ਸਪੇਸ ਦਾ ਅਹਿਸਾਸ ਕਰੋਗੇਕਾਰ ਦੇ ਇਸ ਅਦਿੱਖ ਅਹਿਸਾਸ ਨਾਲ ਸਹਿਜੇ ਹੀ ਕਾਰ ਚਲਾਉਣ ਦੀ ਮੁੱਢਲੀ ਜਾਚ ਸਿੱਖੀ ਜਾ ਸਕਦੀ ਏ।”

ਇੱਥੇ ਰਹਿੰਦਿਆਂ ਟੈਕਸਟ ਬੁੱਕ ਬੋਰਡ ਵਾਲੇ ਗੁਰਸ਼ਰਨ ਸਿੰਘ, ਸੁਖਦੇਵ ਮਾਧੋਪੁਰੀ, ਰਮਾ ਰਤਨ, ਸਰਬਜੀਤ ਬੇਦੀ, ਅਮਰ ਗਿਰੀ, ਮੋਹਨ ਭੰਡਾਰੀ, ਆਰਟਿਸਟ ਰਾਜ ਕੁਮਾਰ ਤੇ ਦੇਵ ਭਾਰਦਵਾਜ ਵਰਗੇ ਸੁਹਿਰਦ ਸਾਹਿਤਕਾਰਾਂ ਨੇ ਨਿਰਸੰਦੇਹ ਪਹਿਲਾਂ ਸਾਨੂੰ ਬਾਲ ਸਾਹਿਤ ਦੀਆਂ ਪੈਲੀਆਂ ਵਿੱਚ ਕਲਮੀਂ ਕਿਰਤ-ਕਮਾਈ ਕਰਨ ਦੀ ਚੇਟਕ ਲਾਈ, ਦੋ ਢਾਈ ਦਰਜਨ ਬਾਲ-ਪੁਸਤਕਾਂ ਲਿਖਵਾਈਆਂ ਤੇ ਫਿਰ ਉਂਗਲੀ ਫੜ ਕੇ ਬਾਲ ਸਾਹਿਤ ਦੇ ਕੋਠੇ ਵੀ ਚੜ੍ਹਾਇਆ

ਪੁਤਲੀ ਤਮਾਸ਼ੇ ਦੇ ਖੋਜ ਕਾਰਜ ਲਈ ਰਾਸ਼ਟਰੀ ਫੈਲੋਸ਼ਿਪ, ਅਧਿਆਪਨ ਲਈ ਸੀ.ਸੀ.ਆਰ.ਟੀ. ਦਾ ਰਾਸ਼ਟਰੀ ਪੁਰਸਕਾਰ, ਬਾਲ ਸਾਹਿਤ ਲਈ ਐੱਨ.ਸੀ.ਈ.ਆਰ.ਟੀ ਦਾ ਰਾਸ਼ਟਰੀ ਪੁਰਸਕਾਰ ਅਤੇ ਪੰਜਾਬ ਸਰਕਾਰ ਦੇ ਸ਼ਰੋਮਣੀ ਬਾਲ ਸਾਹਿਤਕਾਰ ਵਰਗੇ ਮਾਣ, ਸਨਮਾਨਾਂ ਨਾਲ ਝੋਲੀ ਭਰੀ ਪਈ ਏਅੱਜ ਮੈਂ ਜੋ ਕੁਝ ਹਾਂ, ਜੇ ਕੋਈ ਪ੍ਰਾਪਤੀ ਝੋਲੀ ਪਈ ਹੈ, ਸਾਰਾ ਕੁਝ ਸੁਹਿਰਦ ਸੱਜਣ, ਬੇਲੀਆਂ ਦਾ ਸਹਿਯੋਗ ਲੱਗਦਾ ਹੈ ... ਜਾਂ ਗੁਰੂ ਬਾਬੇ ਦੀ ਵੱਡੀ ‘ਕਰਾਮਾਤ‘ ਹੋਈ ਲੱਗਦੀ ਹੈ

ਬਾਕੀ ਰਹਿ ਗਈ ਹੁਣ ਸਫ਼ਰ ਨੂੰ ਸਮੇਟਣ ਵਾਲੀ ਗੱਲਅੱਲਾਹ ਮੀਆਂ ਕੋਲ ਬੈਠੇ ਗੌਰੀਏ ਦਾ ਦੱਸਿਆ ਬੇਸ਼ਕੀਮਤੀ ਫਾਰਮੂਲਾ ਅੱਜ ਵੀ ਅੱਖਰ, ਅੱਖਰ ਯਾਦ ਏ - ਜਦੋਂ ਵੀ ਸੱਦਾ ਆਇਆ, ਉਸ ਦੀ ਸੁਝਾਈ ਹੋਈ ‘ਕਾਨਾ ਕਾਰ’ ਵਿੱਚ ਬਹਿ ਕੇ ਅੰਤਮ ਯਾਤਰਾ ਵੀ ਮੰਗਲਮਈ ਹੋ ਜਾਏਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1806)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਹਰਦੇਵ ਚੌਹਾਨ

ਹਰਦੇਵ ਚੌਹਾਨ

Amritsar, Punjab, India.
Phone: (91 - 70098 - 57708)
Email: (hardev.chauhan@yahoo.co.in)