HardevChauhan7ਸਾਹਿਬ! ਰਹਿਮ ਕਰੋ ...ਹਮ ਦੋਨੋ ਸਰਕਾਰੀ ਮੁਲਾਜ਼ਮ ਹੈਂ ...
(7 ਜੂਨ 2018)

 

ਬੜੀ ਤਪਸ਼ ਭਰੀ ਸੀ ਉੰਨੀ ਸੌ ਚੁਰਾਸੀ ਦੀ ਜੂਨਜੂਨ ਦਾ ਮਹੀਨਾ ਹੀ ਤਪਸ਼ ਤੇ ਅੱਗ ਭਰਿਆ ਨਹੀਂ ਸੀ ... ਗਰਮੀ ਤੇ ਸੇਕ, ਉਸ ਤੋਂ ਵੀ ਬਹੁਤ ਪਹਿਲਾਂ ਰਲਵੇਂ-ਮਿਲਵੇਂ ਕਰਮਾਂ ਵਾਲਿਆਂ ਤੇ ਨਿਕਰਮਿਆਂ ਨੂੰ ਲੱਗਣਾ ਸ਼ੁਰੂ ਹੋ ਗਿਆ ਸੀ

ਦਾਰਜੀ ਉਦੋਂ ਅਮ੍ਰਿਤਸਰ ਹੀ ਡੀ.ਐੱਸ.ਪੀ. ਹੁੰਦੇ ਸੀ ... ਜਾਣੂ ਉਹਨਾਂ ਨੂੰ ਗਿਆਨੀ ਜੀ ਵੀ ਸੱਦਦੇ ਸੁਣੇ ਸਨਕਦੀ ਕਦਾਈਂ ਉਹ ਗੁੱਸੇ ਵਿਚ ਆ ਸਾਨੂੰ ਆਪਣੇ ਪੁਲਸੀਆ ਅੰਦਾਜ਼ ਵਿਚ ਬੜਾ ਉੱਚਾ ਨੀਵਾਂ ਬੋਲ ਜਾਂਦੇ, ਜੋ ਸਾਨੂੰ ਗਵਾਰਾ ਨਹੀਂ ਸੀ ਹੁੰਦਾਲਿਹਾਜ਼ਾ ਪੰਜ ਸੌ ਗਜ਼ ਦੀ ਕੋਠੀ ਵਿੱਚੋਂ ਸਾਡੇ ਪੰਜਾਂ ਭਰਾਵਾਂ ਵਿੱਚੋਂ ਕੋਈ ਨਾ ਕੋਈ ਭਰਾ ਆਪਣੇ ਸੁਖ, ਸਕੂਨ ਦੀ ਬਹਾਲੀ ਲਈ ਕਿਰਾਏ ਦੇ ਮਕਾਨ ਵਿਚ ਗਿਆ ਹੀ ਰਹਿੰਦਾ ਸੀ

ਉਦੋਂ ਮੈਂ ਵੀ ਪੁਲਸੀਆ ਸੁਭਾਓ ਵਾਲੇ ਦਾਰਜੀ ਨਾਲ ਰੁੱਸਿਆ ਹੁੰਦਾ ਸੀਈਸਟ ਮੋਹਨ ਨਗਰ ‘ਝੀਲ ਕੇ ਉਸ ਪਾਰ’ ਵਾਲੀ ਕੋਠੀ ਛੱਡ ਮੈਂ ਸੁਲਤਾਨਵਿੰਡ ਰੋਡ ’ਤੇ ਅਜੀਤ ਨਗਰ ਦੇ ਸਾਹਮਣੇ, ਕੋਲਿਆਂ ਵਾਲੇ ਡੀਪੂ ਦੇ ਨਜ਼ਦੀਕ ਕਿਰਾਏ ਵਾਲੇ ਮਕਾਨ ਵਿਚ ਰਹਿੰਦਾ ਹੁੰਦਾ ਸੀ

ਰਾਤ ਦੇ ਹਨੇਰੇ ਵਿਚ ਛੋਟਾ ਭਰਾ ਇੰਦਰਜੀਤ ਆਪਣੇ ਕਰੀਬੀ ਮਿੱਤਰ ਦਾ ਵੈੱਬਲੇ ਪਿਸਟਲ ਸੰਭਾਲਣ ਲਈ ਸਾਡੇ ਘਰ ਛੱਡ ਗਿਆਉਨ੍ਹੀ ਦਿਨੀਂ, ਉਸਦੇ ਨਿਮਰ ਜਿਹੇ ਮਿੱਤਰ ’ਤੇ ਵੀ ਬੜੀ ਭੀੜ ਬਣੀ ਹੋਈ ਸੀ। ਉਹ ਆਪਣੀ ਜਿੰਦ ਬਚਾਉਂਦਾ ਥਾਂ, ਥਾਂ ਲੁਕਦਾ ਫਿਰਦਾ ਸੀਨਵਾਂ ਤੇ ਵਾਹਵਾ ਮਹਿੰਗਾ ਸੀ ਉਸਦਾ ਪਿਸਟਲਅਮਾਨਤ ਜਾਣ ਮੈਂ ਰੱਖ ਲਿਆਇਸ ਤੋਂ ਪਹਿਲਾਂ ਅਸੀਂ ਦਾਰਜੀ ਕੋਲ ਛੇ ਗੋਲੀਆਂ ਵਾਲਾ ਚੱਕਰੀਦਾਰ ਰਿਵਾਲਵਰ ਹੀ ਵੇਖੀਦਾ ਸੀ

ਇੱਕ ਦੋ ਦਿਨ ਮੈਂ ਪਿਸਟਲ ਨੂੰ ਉਂਗਲਾਂ ’ਤੇ ਨਚਾਉਂਦਾ ਰਿਹਾਮਨ ਵਿਚ ਆਇਆ ਕਿ ਛੁੱਟੀਆਂ ਤੋਂ ਬਾਅਦ ਇਕ ਦਿਨ ਸਕੂਲੇ ਲੈ ਜਾਵਾਂਗਾ ਤੇ ਸਾਥੀ ਮਾਸਟਰਾਂ ਨੂੰ ਵੀ ਵਿਖਾਵਾਂਗਾ ਇਹ ਹਥਿਆਰ ... ਪਰ ਮਾਹੌਲ ਐਸਾ ਵਿਗੜਿਆ ਕਿ ਇਕ ਤਰ੍ਹਾਂ ਦਾ ਪਹਿਰਾਵਾ ਵੀ ਇਕ ਦੂਜੇ ਨੂੰ ਪਿਸਟਲ, ਸੰਤਾਲੀਆਂ ਅਤੇ ਹੋਰ ਹਥਿਆਰਾਂ ਤੋਂ ਘਾਤਕ ਲੱਗਣ ਲੱਗ ਪਿਆ ...।

ਉਦੋਂ ਮੈਂ ਮਿਹਰਬਾਨਪੁਰੇ ਪੰਜਾਬੀ ਮਾਸਟਰ ਹੁੰਦਾ ਸੀਵੇਖਾ ਵੇਖੀ ਮੈਂ ਵੀ ਪਿਆਰੀ ਜਿੰਦੜੀ ਦੇ ਬਚਾਓ ਲਈ ਭਰ ਗਰਮੀਆਂ ਵਿਚ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀਮੈਂਨੂੰ ਸੁਹਣੀ ਪੱਗ ਬੰਨ੍ਹਣ ਦੀ ਜਾਚ ਨਹੀਂ ਸੀ ਭੁੱਲੀਉਂਝ ਵੀ ਸਹਿਜੇ ਕੀਤਿਆਂ, ਕੌਣ ਮਾਈ ਦਾ ਲਾਲ ਆਪਣੀ ਕੀਮਤੀ ਜਿੰਦ ਨੂੰ ਅਜਾਬ ਵਿਚ ਪਾਉਣਾ ਚਾਹੁੰਦਾ ਹੈ?

ਮਈ ਮਹੀਨੇ ਦਾ ਆਖਰੀ ਹਫ਼ਤਾ ਚੱਲ ਰਿਹਾ ਸੀਸਕੂਲ ਵਿਚ ਛੁੱਟੀ ਹੋ ਗਈ ਸੀਸਾਰੇ ਬੱਚੇ ਤੇ ਹਿੰਦੀ ਵਾਲੇ ਪ੍ਰੇਮ ਲਤਾ ਭੈਣਜੀ ਜਾ ਚੁੱਕੇ ਸਨਮਾਸਟਰ ਮਨਜੀਤ ਅਤੇ ਸੁਰਜੀਤ ਦੇ ਸਕੂਟਰਾਂ ਤੋਂ ਪਹਿਲਾਂ ਮੈਂ ਆਪਣਾ ਸਕੂਟਰ, ਸਕੂਲ ਦੇ ਗੇਟੋਂ ਬਾਹਰ ਕੱਢਿਆ ਹੀ ਸੀ ਕਿ ਚਿੱਟੇ ਬਾਣੇ ਵਾਲੇ ਦੋ ਸਿੰਘਾਂ ਨੇ ਮੇਰਾ ਰਸਤਾ ਰੋਕ ਲਿਆ ਤੇ ਕਹਿਣ ਲੱਗੇ, “ਪਿਆਰਿਓ! ਲਾਗਲੇ ਪਿੰਡੋਂ ਰਸਦ, ਪਾਣੀ ਲਿਆਉਣਾ ਏ ... ਤੁਹਾਡੇ ਸਕੂਟਰ ਦੀ ਲੋੜ ਏ, ਥੋੜ੍ਹੇ ਚਿਰ ਲਈ ...ਸੋ ਸੇਵਾ ਵਿਚ ਹਿੱਸਾ ਪਾ ਦਿਓ ਤੁਸੀਂ ਵੀ ...”

ਇਸ ਤੋਂ ਪਹਿਲਾਂ ਕਿ ਮੇਰਾ ਅੰਤਰ ਮਨ ਨਵੇਂ ਸਕੂਟਰ ਨੂੰ ਬਚਾਉਣ ਲਈ ਬਹਾਨੇਬਾਜ਼ੀ ਕਰਦਾ, ਦਿਮਾਗ ਨੇ ਜਿੰਦ ਨੂੰ ਬਚਾਉਣ ਲਈ ਸਕੂਟਰ ਦੇ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾਜਿਉਂ ਹੀ ਮੈਂ ਉਨ੍ਹਾਂ ਨੂੰ ਚਾਬੀ ਫੜਾਈ, ਉਹ ਕਿੱਕ ਮਾਰ ਕੇ ਔਹ ਗਏ।

ਸਿੰਘਾਂ ਦੇ ਚਲੇ ਜਾਣ ਤੋਂ ਬਾਅਦ ਕੰਧ ਪਿੱਛੇ ਲੁਕੇ ਮਾਸਟਰ ਸੁਰਜੀਤ ਤੇ ਮਨਜੀਤ ਮੇਰੇ ਕੋਲ ਆਣ ਖਲੋਤੇ ਤੇ ਅਫ਼ਸੋਸ ਦੀ ਮੁਦਰਾ ਵਿਚ ਕਹਿਣ ਲੱਗੇ, “ਭਾਊ! ਸ਼ੁਕਰ ਕਰ, ਅੱਜ ਤੈਨੂੰ ਦਸਤਾਰ ਨੇ ਬਚਾ ਲਿਆ ...।”

ਸੱਚਮੁੱਚ ਦੋ ਚਾਰ ਦਿਨ ਪਹਿਲਾਂ ਹੀ ਮੈਂ ਪੱਗ ਬੰਨ੍ਹਣੀ ਸ਼ੁਰੂ ਕੀਤੀ ਸੀਨਵੇਂ ਸਕੂਟਰ ਦੇ ਖੁੱਸ ਜਾਣ ਦੇ ਸਦਮੇ ਨੂੰ ਭਾਂਪਦਿਆਂ ਉਹ ਮੈਨੂੰ ਦਿਲਾਸੇ ਦੇਂਦੇ ਹੋਏ ਕਹਿਣ ਲੱਗੇ, “ਭਰਾਵਾ! ਲੋਕੀਂ ਤਾਂ ਇੱਥੇ ਜੀਅ-ਜੰਤ ਲੁਟਾ ਕੇ ਕੱਖੋਂ ਹੌਲੇ ਹੋਏ ਜਿੰਦ ਵਰੋਲ ਰਹੇ ਨੇ ... ਤੂੰ ਸਕੂਟਰ ਨੂੰ ਭੁੱਲ ਭੁਲਾ ਕੇ ਹੁਣ ਸਾਡੇ ਨਾਲ ਘਰ ਨੂੰ ਚੱਲ ...।”

ਮੈਂ ਸਕੂਟਰ ਨੂੰ ਅਲਵਿਦਾ ਕਹਿਣ ਦੀ ਸੋਚ ਹੀ ਰਿਹਾ ਸਾਂ ਕਿ ਦੋਵੇਂ ਸਿੰਘ ਕੀਤੇ ਹੋਏ ਵਾਅਦੇ ਮੁਤਾਬਕ ਵਾਪਸ ਮੇਰੇ ਕੋਲ ਆਣ ਰੁਕੇਬੁੱਕ ਭਰ ਗੋਲੀ-ਸਿੱਕਾ ਤੇ ਨਵੇਂ ਨੋਟ ਦਿੰਦੇ ਹੋਏ ਬੜੀ ਆਜ਼ਜ਼ੀ ਨਾਲ ਕਹਿਣ ਲੱਗੇ, ‘ਮਾਸਟਰ ਜੀ! ਕਾਹਲੀ ਵਿਚ ਗੱਡੇ ਨਾਲ ਵੱਜਕੇ ਤੁਹਾਡੇ ਸਕੂਟਰ ਦੀ ਕਿੱਕ ਵਿੰਗੀ ਹੋ ਗਈ ਏ ... ਇਨ੍ਹਾਂ ਪੈਸਿਆਂ ਨਾਲ ਠੀਕ ਕਰਵਾ ਲਿਓ ...।”

ਅੱਗੋਂ ਮੈਂ ਨਾਂਹ ਵਿਚ ਸਿਰ ਹਿਲਾਉਂਦਿਆਂ ਤੇ ਰੂਹ ਤੀਕ ਕੰਬਦਿਆਂ ਸਕੂਟਰ ਸਟਾਰਟ ਕੀਤਾ ਤੇ ਪਲਾਂ, ਛਿਣਾਂ ਵਿਚ ਸਿੰਘਾਂ ਦੀ ਰੇਂਜ ਵਿੱਚੋਂ ਬਾਹਰ ਹੋ ਜਾਣਾ ਹੀ ਬਿਹਤਰ ਸਮਝਿਆਸੱਚਮੁੱਚ ਦਸਤਾਰ ਨੇ ਸਕੂਟਰ ਦੇ ਨਾਲ, ਨਾਲ ਮੈਂਨੂੰ ਵੀ ਬਚਾਅ ਲਿਆ ਸੀ।

ਗਰਮ ਹਵਾਵਾਂ ਦੇ ਉਸ ਦੌਰ ਵਿਚ ਠੰਢਾ ਠਾਰ ਕਰਨ ਵਾਲੇ ਨਿਆਂ ਵਰਗੀ ਕੋਈ ਚੀਜ਼ ਲੱਭਿਆਂ ਨਹੀਂ ਸੀ ਲੱਭਦੀਉਦੋਂ ਬੜੇ ਅਜੀਬ ਜਿਹੇ ਵਰਤਾਰੇ ਵੇਖਣ ਨੂੰ ਮਿਲਦੇ ਸਨਜਿੰਦੜੀ ਨੂੰ ਬਚਾਉਣ ਦਾ ਸਬੱਬ ਬਣਨ ਵਾਲੀ ਦਸਤਾਰ ਵੀ ਬੰਦੇ ਨੂੰ ਮੌਤ ਦੇ ਮੂੰਹ ਵਿਚ ਪਾਉਣ ਤੋਂ ਗੁਰੇਜ਼ ਨਹੀਂ ਸੀ ਕਰਦੀ।

ਇੱਕ ਦਿਨ ਮਾਸਟਰ ਸੁਰਜੀਤ ਨੇ ਬੋਰਡ ਦੇ ਚੈੱਕ ਕੀਤੇ ਹੋਏ ਪੇਪਰ ਤਾਰਾਗੜ੍ਹ ਤੋਂ ਅੱਗੇ ਨਾਗੋਕੇ ਪਿੰਡ ਆਪਣੇ ਹੈੱਡ ਐਗਜ਼ਾਮੀਨਰ ਨੂੰ ਦੇਣ ਜਾਣਾ ਸੀਉਸਨੇ ਮੈਨੂੰ ਵੀ ਨਾਲ ਜਾਣ ਦੀ ਸੁਲਾਹ ਮਾਰ ਲਈਅੰਨ੍ਹਾ ਕੀ ਭਾਲੇ ਦੋ ਅੱਖਾਂ, ਮੈ ਆਪਣਾ ਕੈਮਰਾ ਮੋਢੇ ਪਾਇਆ ਤੇ ਤੱਤੀਆਂ ਹਵਾਵਾਂ ਤੋਂ ਬਚਣ ਲਈ ਦਸਤਾਰ ਸਜਾ ਕੇ ਉਸਦੇ ਸਕੂਟਰ ’ਤੇ ਪਲਾਕੀ ਮਾਰ ਕੇ ਬੈਠ ਗਿਆ। ਮਨ ਵਿਚ ਚਾਅ ਸੀ ਕਿ ਪਿੰਡ ਦੀਆਂ ਭੁੱਲੀਆਂ, ਵਿਸਰੀਆਂ ਤਸਵੀਰਾਂ ਖਿੱਚ ਕੇ ਲਿਆਵਾਂਗੇਉਦੋਂ ਮੇਰੇ ਲਿਖੇ ਫੋਟੋ ਫ਼ੀਚਰ ਵੀ ਅਖਬਾਰਾਂ ਵਿਚ ਛਪਿਆ ਕਰਦੇ ਸਨ

ਜੰਡਿਆਲਾ ਗੁਰੂ ਤੋਂ ਅੱਗੇ ਤਾਰਾਗੜ੍ਹ ਤੋਂ ਬਾਅਦ ਨਾਗੋਕੇ ਆ ਗਿਆਮੈਂ ਮਾਸਟਰ ਸੁਰਜੀਤ ਦੇ ਨਾਲ ਉਸਦੇ ਹੈੱਡ ਐਗਜ਼ਾਮੀਨਰ ਦੇ ਘਰ ਜਾਣ ਦੀ ਥਾਂ, ਪਿੰਡੋਂ ਬਾਹਰ ਇਕ ਹਵੇਲੀ ਦੇ ਸਾਹਮਣੇ ਛੜੱਪਾ ਮਾਰ ਕੇ ਸਕੂਟਰ ਤੋਂ ਹੇਠਾਂ ਉੱਤਰ ਗਿਆਹਵੇਲੀ ਦੇ ਪੁਰਾਤਨ ਦਰਵਾਜ਼ੇ ਅੱਗੇ ਲੱਕੜ ਦੇ ਮੋਟੇ ਮੋਟੇ ਪਹੀਆਂ ਵਾਲਾ ਗੱਡਾ ਖੜ੍ਹਾ ਸੀਚਾਰ ਦੀਵਾਰੀ ’ਤੇ ਦੋ, ਤਿੰਨ ਪਰਤਾਂ ਵਿਚ ਮੋਟੀਆਂ ਠੁੱਲ੍ਹੀਆਂ ਪਾਥੀਆਂ ਥੱਪੀਆਂ ਹੋਈਆਂ ਸਨਸੀਨ ਬੜਾ ਫੋਟੋਜੈਨਿਕ ਸੀਬਿਨਾਂ ਦੇਰੀ ਕੀਤਿਆਂ ਮੈਂ ਆਪਣਾ ਕੈਮਰਾ ਕੱਢਿਆ ਤੇ ਲੱਗ ਪਿਆ ਐਂਗਲ ਬਣਾ ਕੇ ਕਲਿੱਕ ਕਲਿੱਕ ਫੋਟੋਆਂ ਖਿੱਚਣ ਅਚਾਨਕ ਮਾਸਟਰ ਸੁਰਜੀਤ ਦੀ ਰੋਣਹਾਕੀ ਜਿਹੀ ਆਵਾਜ਼ ਕੰਨੀ ਪਈਅੱਠ ਕੁ ਗਜ਼ ਦੂਰ ਖੜ੍ਹਾ ਉਹ ਮੈਂਨੂੰ ਬੁਲਾ ਰਿਹਾ ਸੀਜਿਉਂ ਹੀ ਮੈਂ ਪਿੱਛੇ ਵੱਲ ਝਾਕਿਆ, ਬੜਾ ਡਰਾਉਣਾ ਸੀਨ ਦਿਸਿਆਅਜਿਹੇ ਸੀਨ ਦੀ ਫੋਟੋ ਕਿਆਸੀ ਨਹੀਂ ਸੀ ਜਾ ਸਕਦੀ। ਕੰਬਦੇ ਹੱਥਾਂ ਵਿੱਚੋਂ ਕੈਮਰਾ ਛੁੱਟ ਫਾਂਸੀ ਲਾਏ ਬੰਦੇ ਵਾਂਗ ਗਲੇ ਵਿਚ ਲਟਕ ਗਿਆਆਲੇ ਦੁਆਲੇ ਸੀ.ਆਰ.ਪੀ.ਐੱਫ. ਦੇ ਕਈ ਜੁਆਨ ਬੰਦੂਕਾਂ ਨਾਲ ਨਿਸ਼ਾਨੇ ਸਾਧੀ ਮੈਂਨੂੰ ਘੇਰਾ ਪਾਈ ਖੜ੍ਹੇ ਸਨ

ਆਤੰਕਵਾਦੀ ਹੋ?ਸਭ ਤੋਂ ਵੱਡਾ ਅਫਸਰ ਮੇਰੀ ਪੁੜਪੁੜੀ ’ਤੇ ਬੰਦੂਕ ਟਿਕਾਉਂਦਾ ਹੋਇਆ ਗਰਜਿਆ

ਜਿਵੇਂ ਸਬਰ ਦੀ ਸੀਮਾ ਮੁੱਕ ਗਈ ਹੋਵੇ, ਅੱਖਾਂ ਵਿੱਚੋਂ ਅੱਥਰੂ ਕੇਰਦਾ ਮਾਸਟਰ ਸੁਰਜੀਤ ਸਾਡੇ ਦੋਹਾਂ ਦੇ ਵਿਚਾਲੇ ਆਣ ਖਲੋਤਾ ਤੇ ਹੱਥ ਜੋੜ ਕੇ ਬੋਲਿਆ, “ਸਾਹਿਬ! ਰਹਿਮ ਕਰੋ ...ਹਮ ਦੋਨੋ ਸਰਕਾਰੀ ਮੁਲਾਜ਼ਮ ਹੈਂ ... ਯਹਾਂ ਆਪਣੇ ਹੈੱਡ ਐਗਜ਼ਾਮੀਨਰ ਕੋ ਚੈੱਕ ਕੀਏ ਹੂਏ ਪੇਪਰ ਦੇਨੇ ਆਏ ਹੈਂ।”

ਤੋ ਫਿਰ ਦਿਖਾਓ ਆਪਣੇ ਸ਼ਨਾਖਤੀ ਕਾਰਡ।” ਹੌਲੀ ਹੌਲੀ ਆਪਣੀ ਬੰਦੂਕ ਨੂੰ ਹੇਠਾਂ ਕਰਦਾ ਅਫ਼ਸਰ ਬੋਲਿਆ

ਸਾਡੇ ਸ਼ਨਾਖਤੀ ਕਾਰਡ ਵੇਖ ਕੇ ਉਹ ਸਾਰੇ ਮੁੜ ਆਪੋ-ਆਪਣੇ ਮੋਰਚਿਆਂ ’ਤੇ ਤਾਇਨਾਤ ਹੋ ਗਏਅਸੀਂ ਮੁਲਜ਼ਮ ਬਣਨ ਤੋਂ ਬਚ ਗਏ ਨਹੀਂ ਤਾਂ ਅਗਲੀ ਸਵੇਰੇ, ਅਖਬਾਰਾਂ ਵਿਚ ‘ਪ੍ਰਾਈਸ ਕੈਚ‘ ਦੇ ਨਾਂ ਹੇਠ ਸਾਡੀ ਲਹੂ ਭਿੱਜੀ ਫੋਟੋ ਛਪ ਜਾਣੀ ਸੀ ...

ਚਾਰ ਜੂਨ ਦੀ ਗੱਲ ਹੈਸ਼ਹਿਰ ਦੇ ਸਕੂਲ ਛੁੱਟੀਆਂ ਕਾਰਨ ਬੰਦ ਸਨਦਸ ਕੁ ਵਜੇ ਨਿੱਤਨੇਮੀ ਮਾਸਟਰ ਸੁਰਜੀਤ, ਸਾਡੇ ਘਰ ਆ ਗਏਉਹ ਬਿਨਾਂ ਨਾਗਾ ਘੰਟਾ ਘਰ ਵਾਲੇ ਪਾਸੇ ਜੋੜਾ ਘਰ ਵਿਚ ਜੋੜਿਆਂ ਦੀ ਸੇਵਾ ਕਰਿਆ ਕਰਦੇ ਸਨਉਸਦੇ ਕਹਿਣ ’ਤੇ ਅਸੀਂ ਦੋਵੇਂ ਜਣੇ ਸ਼੍ਰੀ ਦਰਬਾਰ ਸਾਹਿਬ ਚਲੇ ਗਏਬਾਬੇ ਦੇ ਨਤਮਸਤਕ ਹੋ ਕੇ ਅਸੀਂ ਜੋੜਾ ਘਰ ਵਿਚ ਸੇਵਾ ਕਰਨ ਲਈ ਜਾ ਬੈਠੇ ਜੋੜਾ ਘਰ ਵਿਚ ਹਾਲੇ ਪੰਜ, ਸੱਤ ਜੋੜੇ ਹੀ ਪਾਲਸ਼ ਕੀਤੇ ਹੋਣਗੇ ਕਿ ਕਰਫਿਊ ਦਾ ਐਲਾਨ ਹੋ ਗਿਆਸ਼੍ਰੀ ਦਰਬਾਰ ਸਾਹਿਬ ਦੇ ਅੰਦਰ, ਬਾਹਰ ਰੌਲਾ ਮੱਚ ਗਿਆਸਾਰੇ ਪਾਸੇ ਭਾਜੜ ਪੈ ਗਈਜੋੜਾ ਘਰ ਵਿਚ ਪਾਲਸ਼ ਵਾਲੀਆਂ ਡੱਬੀਆਂ ਖੁੱਲ੍ਹੀਆਂ ਛੱਡ ਅਸੀਂ ਵੀ ਵਾਹੋਦਾਹੀ ਆਪਣੇ ਘਰੀਂ ਪੁੱਜ ਗਏਉਸ ਤੋਂ ਬਾਅਦ ਕਰਫਿਊ ਵੀ ਲੱਗ ਗਿਆ ਤੇ ਠਾਹ, ਠੂਹ ਵੀ ਸ਼ੁਰੂ ਹੋ ਗਈਸ਼ਾਮਾਂ ਵੇਲੇ, ਕੋਠਿਆਂ ਉੱਪਰੋਂ ਸਪਿਰਲ ਗੰਨ ਦੀਆਂ ਗੋਲੀਆਂ ਵੀ ਛੂਕਣ ਲੱਗ ਪਈਆਂ ਸਨਬਾਅਦ ਵਿਚ ਪਤਾ ਲੱਗਾ ਸੀ ਕਿ ਜਿਹੜੇ ਸ਼ਰਧਾਲੂ ਕਰਫਿਊ ਦੌਰਾਨ ਫੌਜ ਦੇ ਢਾਏ ਚੜ੍ਹੇ ਸਨ ਉਨਾਂ ਵਿੱਚੋਂ ਵਿਰਲੇ, ਟਾਂਵੇ ਹੀ ਬਚੇ ਸਨ

ਹਾਂ ਸੱਚ! ਵੈੱਬਲੇ ਪਿਸਟਲ ਦੀ ਗੱਲ ਹੋ ਰਹੀ ਸੀਪੁਲਿਸ ਅਤੇ ਬਖਤਰਬੰਦ ਗੱਡੀਆਂ ਦੀ ਆਮਦੋਰਫ਼ਤ ਬੜੀ ਤੇਜ਼ ਹੋ ਗਈ ਘੁੱਗ ਵਸਦੇ ਸ਼ਹਿਰ ਵਿਚ ਖੌਫ ਦਾ ਆਲਮ ਤਾਰੀ ਹੋ ਗਿਆ ਸੀਘਰੋਂ ਬਾਹਰ ਤਾਂ ਤਣਾਉ ਭਰਿਆ ਮਾਹੌਲ ਹੈ ਹੀ ਸੀ, ਵੈੱਬਲੇ ਦੀ ਪਿਸਟਲ ਨੇ ਘਰ ਦੇ ਮਾਹੌਲ ਵਿਚ ਵੀ ਜ਼ਹਿਰ ਘੋਲ ਦਿੱਤੀ ਸੀਬੀਵੀ, ਬੇਬੀ ਸ਼ਵੇਤਾ ਤੇ ਆਪਣੇ ਸਮੇਤ ਘਰ ਦਾ ਕੋਨਾ ਕੋਨਾ ਡਰ ਨਾਲ ਕੰਬਦਾ ਮਹਿਸੂਸ ਹੋਣ ਲੱਗ ਪਿਆਰਾਜ ਸੱਤਾ ਨੇ ਜਿਵੇਂ ਘਰ ਘਰ ਦੇ ਫਰਦ ਨੂੰ ਦੋਸ਼ੀ ਬਣਾ ਧਰਿਆ ਸੀਮੁਫ਼ਤ ਵਾਲੀ ਪਿਸਟਲ ਵੀ ਸਾਡੇ ਗਲੇ ਦੀ ਹੱਡੀ ਬਣ ਗਈਨਜ਼ਾਇਜ਼ ਹਥਿਆਰ ਬਾਰੇ ਸੋਚਦਿਆਂ ਸਾਰੀ ਰਾਤ ਨੀਂਦ ਨਾ ਆਈ

ਔਖੇ, ਸੌਖੇ ਰਾਤ ਬਿਤਾਈਬਾਬੇ ਦੀ ਮਿਹਰ ਸਦਕਾ ਜੋੜਾ ਘਰ ਵਿੱਚੋਂ ਜਾਨ ਬਚਾ ਕੇ ਆਉਣ ਤੋਂ ਬਾਅਦ ਪਿਸਟਲ ਦਾ ਫਾਹਾ ਵੱਢਣਾ ਹਾਲੇ ਬਾਕੀ ਸੀਸ਼ਹਿਰ ਵਿੱਚ ਸੁੰਨ ਮਸਾਣ ਛਾਈ ਹੋਈ ਸੀਪੈਰ, ਪੈਰ ’ਤੇ ਸਖਤ ਪਹਿਰੇ ਲੱਗ ਚੁੱਕੇ ਸਨਪ੍ਰਸ਼ਾਸ਼ਨ ਦੀ ਆਗਿਆ ਤੋਂ ਬਗੈਰ ਚਿੜੀ ਵੀ ਨਹੀਂ ਸੀ ਫੜਫੜਾ ਸਕਦੀਹੋਵੇ ਨਾ ਹੋਵੇ ਤਲਾਸ਼ੀ ਦੌਰਾਨ ਇਹ ਪਿਸਟਲ ਹੀ ਸਾਡੇ ਸਾਰੇ ਜੀਆਂ ਦੀ ਜਾਨ ਦਾ ਖੌ ਬਣ ਜਾਏ ...। ਮੈਂ ਸਾਈਕਲ ਦੇ ਅੱਗੇ ਲੱਗੇ ਕੈਨਵਸ ਦੇ ਖਾਕੀ ਝੋਲੇ ਵਿਚ ਪਿਸਟਲ ਪਾਈਉੱਤੇ, ਫਰਿਜ ਵਿੱਚੋਂ ਆਲੂ, ਮਟਰ, ਅਦਰਕ ਤੇ ਹੋਰ ਜੋ ਵੀ ਮਿਲਿਆ, ਸਾਰਾ ਕੁਝ ਝੋਲੇ ਵਿਚ ਪਾ ਲਿਆਸ਼ਾਮ ਨੂੰ ਕੰਬਦੀਆਂ ਲੱਤਾਂ ਨਾਲ ਸਾਈਕਲ ’ਤੇ ਚੜ੍ਹ ਤੁਰ ਪਿਆ ਈਸਟ ਮੋਹਨ ਨਗਰ ਵੱਲ ... ਪੈਰ, ਪੈਰ ’ਤੇ ਫੌਜੀ ਨਾਕੇ ਲੱਗੇ ਹੋਏ ਸਨਹਰ ਫੌਜੀ ਰੋਕੇ ਤੇ ਦਬਕੇ ਮਾਰੇ ... “ਅੰਧੇ ਹੋ? ਕਰਫਿਊ ਲਗਾ ਹੈ ...।”

ਕਹਾਂ ਜਾ ਰਹੇ ਹੋ?” ਫੌਜੀਆਂ ਨੇ ਗੋਲੀਆਂ ਵਾਂਗ ਤਰ੍ਹਾਂ ਤਰ੍ਹਾਂ ਦੇ ਸੁਆਲ ਮੱਥੇ ਵਿਚ ਦਾਗੇ

ਮੌਤ ਨੂੰ ਆਪ ਸਹੇੜਿਆ ਸੀ, ਸੋ ਬਚਾਓ ਲਈ ਹਰ ਇੱਕ ਨੂੰ ਬੜੀ ਹਲੀਮੀ ਨਾਲ ਇਹੀਓ ਉੱਤਰ ਦਿੱਤਾ, “ਸਾਹਿਬ! ਸਾਥ ਵਾਲੀ ਗਲੀ ਮੇਂ ਹਮਾਰੇ ਪਾਪਾ ਭੂਖੇ, ਪਿਆਸੇ ਬੈਠੇ ਹੈ ... ਖਾਣਾ ਬਣਾਨੇ ਕੇ ਲੀਏ ਸਬਜ਼ੀ ਦੇਣੇ ਜਾ ਰਹੇਂ ਹੈਂ ...”

ਕਿਸਮਤ ਚੰਗੀ, ਫੌਜੀਆਂ ਦੀ ਰਹਿਮ ਦਿਲੀ ਸਦਕਾ ਦਾਰਜੀ ਕੋਲ ਪਹੁੰਚ ਗਏਪਿਸਟਲ ਵੇਖ ਉਹਨਾਂ ਦੀਆਂ ਅੱਖਾਂ ਵਿਚ ਜਿਵੇਂ ਲਹੂ ਉੱਤਰ ਆਇਆ ਹੋਵੇ, ਕਹਿਣ ਲੱਗੇ, “ਕੰਜਰਾ! ਆਪ ਵੀ ਮਰੇਂਗਾ ਤੇ ਮੈਨੂੰ ਵੀ ਮਰਵਾਏਂਗਾ ...”

ਦਾਰਜੀ ਦੀ ਸੁਣੀ, ਅਣਸੁਣੀ ਕਰ ਮੈਂ ਜਿਵੇਂ ਮਰੇ ਹੋਏ ਸੱਪ ਨੂੰ ਗਲੋਂ ਲਾਹਿਆ ਤੇ ਬੜਾ ਸੁਰਖਰੂ ਹੋ ਕੇ ਭੌਂਦੇ ਪੈਰੀਂ ਆਪਣੇ ਘਰ ਨੂੰ ਆ ਗਿਆਅਗਲੇ ਦਿਨ ਦਾਰਜੀ ਨੇ ਨਜਾਇਜ਼ ਪਿਸਟਲ ਆਪਣੇ ਵੱਡੇ ਅਫਸਰ ਨੂੰ ਸੌਂਪ ਦਿੱਤੀ ਸੀ

ਦਾਰਜੀ ਸਾਨੂੰ ਭੁੱਲਣਹਾਰੇ ਪੁੱਤਰਾਂ ਨੂੰ ਹਮੇਸ਼ਾ ਹੀ ਗਲੇ ਲਾਉਂਦੇ ਰਹੇ ਤੇ ਸਾਡੀਆਂ ਸਾਰੀਆਂ ਗਲਤੀਆਂ ਮਾਫ ਕਰਦੇ ਰਹੇਰੱਬ ਨੇ ਵੀ ਸਾਡੀ ਸੇਵਾ ਭਾਵਨਾ ਵੇਖ, ਕੋਈ ਅਣਹੋਣੀ ਨਹੀਂ ਸੀ ਵਾਪਰਨ ਦਿੱਤੀਐਪਰ ਉਨ੍ਹਾਂ ਵੇਲਿਆਂ ਦੀ ਕਠੋਰ ਦਿਲ ਰਾਣੀ ਮਾਂ ਨੂੰ ਵੇਖੋ ... ਭੁੱਲੇ ਹੋਏ ਚੰਦ ਬਚੜਿਆਂ ਨੂੰ ਸਮਝਾਉਣ, ਬੁਝਾਉਣ ਦੀ ਥਾਂ ਉਹਨਾਂ ਨੂੰ ਭੁੱਖੇ, ਪਿਆਸੇ ਰੱਖ ਕੇ ਗੋਲੀਆਂ ਨਾਲ ਭੁੰਨ ਦਿੱਤਾ, ਜਿਸਦਾ ਸੇਕ ਅਤੇ ਤਪਸ਼ ਅੱਜ ਵੀ ਬਰਕਰਾਰ ਹੈ

*****

(1181)

About the Author

ਹਰਦੇਵ ਚੌਹਾਨ

ਹਰਦੇਵ ਚੌਹਾਨ

Amritsar, Punjab, India.
Phone: (91 - 70098 - 57708)
Email: (hardev.chauhan@yahoo.co.in)