HardevChauhan7ਅਸੀਂ ਵੀ ਤਿੰਨ ਕੁ ਦਹਾਕੇ ਪਹਿਲਾਂ ... ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਉਣ ...
(8 ਨਵੰਬਰ 2019)

 

ਛੋਟੇ ਹੁੰਦਿਆਂ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਸਾਲ 1947 ਦੌਰਾਨ ਉਸ ਵੇਲੇ ਦੇ ਅੰਗਰੇਜ ਵਪਾਰੀਆਂ ਅਤੇ ਰਾਜਸੀ ਨੇਤਾਵਾਂ ਦੀਆਂ ਮਾਰੂ ਨੀਤੀਆਂ ਅਤੇ ਸੌੜੇ ਹਿਤਾਂ ਦੇ ਕਾਰਨ ਖੁਸ਼ਹਾਲ ਤੇ ਹੱਸਦਾ-ਵਸਦਾ ਵਿਸ਼ਾਲ ਹਿੰਦੁਸਤਾਨ ਦੋ ਭਾਗਾਂ ਵਿੱਚ ਵੰਡਿਆ ਗਿਆ ਸੀਮੁਸਲਮਾਨਾਂ ਲਈ ਇਸ ਦੇਸ਼ ਨੂੰ ਵੰਡ ਕੇ ਪਾਕਿਸਤਾਨ ਬਣਾ ਦਿੱਤਾ ਗਿਆ ਤੇ ਹਿੰਦੂ-ਸਿੱਖਾਂ ਲਈ ਭਾਰਤ

ਉਸ ਵੇਲੇ ਇੱਧਰ ਵਸਦੇ ਮੁਸਲਮਾਨਾਂ ਨੂੰ ਨਵੇਂ ਬਣੇ ਪਾਕਿਸਤਾਨ ਵਿੱਚ ਜਾਣਾ ਪਿਆ, ਉੱਧਰ ਪਾਕਿਸਤਾਨ ਵਿੱਚੋਂ ਜ਼ਮੀਨਾਂ, ਜਾਇਦਾਦਾਂ, ਟੂੰਮਾਂ-ਛੱਲੇ ਤੇ ਜਹਾਜ਼ਾਂ ਵਰਗੀਆਂ ਹਵੇਲੀਆਂ ਦੇ ਮਾਲਕ ਹਿੰਦੂ ਅਤੇ ਸਿੱਖਾਂ ਨੂੰ ਉੱਜੜ-ਪੁੱਜੜ ਕੇ ਖਾਲੀ ਹੱਥੀਂ ਭਾਰਤ ਵਿੱਚ ਆਉਣਾ ਪਿਆਭੈਣਾਂ-ਭਰਾਵਾਂ ਤੋਂ ਵੱਧ ਪਿਆਰ ਨਾਲ ਰਹਿੰਦੇ ਹਿੰਦੂ, ਸਿੱਖ ਤੇ ਮੁਸਲਮਾਨ ਇਸ ਸਦੀ ਦੇ ਮਨਹੂਸ ਬਟਵਾਰੇ ਕਾਰਨ ਤਨੋਂ-ਮਨੋਂ ਇੱਕ, ਦੂਜੇ ਤੋਂ ਕੋਹਾਂ ਦੂਰ ਹੋ ਗਏਉਸ ਸਮੇਂ ਦੋਹਾਂ ਦੇਸ਼ਾਂ ਵਿੱਚ ਮਾਨਵਤਾ ਦੇ ਦੋਖੀਆਂ ਦੁਆਰਾ ਹਜ਼ਾਰਾਂ ਬੇਦੋਸ਼ਿਆਂ ਨੂੰ ਲੁੱਟ, ਪੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਦੀ ਦਰਦ ਭਰੀ ਚੀਸ ਅੱਜ ਵੀ ਬਰਕਰਾਰ ਹੈ

ਆਪਣੇ ਪੀਰਾਂ-ਫਕੀਰਾਂ ਦੀਆਂ ਦਰਗਾਹਾਂ ਅਤੇ ਮਸਜ਼ਿਦਾਂ-ਮਸੀਤਾਂ ਵਿੱਚ ਈਦ, ਬਕਰੀਦ ਅਤੇ ਉਰਸ ਮਨਾਉਣ ਲਈ ਹੁਣ ਉੱਧਰ ਵਾਲੇ ਮੁਸਲਮਾਨ ਇੱਥੇ ਭਾਰਤ ਵਿੱਚ ਆਉਂਦੇ ਹਨਸਾਡੇ ਦੇਸ਼ ਦੇ ਹਿੰਦੂ ਕਟਾਸ ਰਾਜ ਦੀ ਯਾਤਰਾ ਲਈ ਪਾਕਿਸਤਾਨ ਜਾਂਦੇ ਹਨਉੱਧਰ ਸਿੱਖਾਂ ਦੇ ਵੀ ਬੜੇ ਧਾਰਮਿਕ ਅਸਥਾਨ ਹਨਇੱਧਰਲੇ ਗੁਰੂ ਪਿਆਰੇ, ਬਾਬੇ ਨਾਨਕ ਦੇ ਗੁਰਦੁਆਰੇ ਸ਼੍ਰੀ ਪੰਜਾਂ ਸਾਹਿਬ, ਸ਼੍ਰੀ ਨਨਕਾਣਾ ਸਾਹਿਬ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਉੱਤੇ ਆਪਦੇ ਸੀਸ ਨਿਵਾਉਣ ਜਾਂਦੇ ਰਹਿੰਦੇ ਹਨਦੇਸ਼ਾਂ, ਵਿਦੇਸ਼ਾਂ ਦੇ ਹਜ਼ਾਰਾਂ ਸ਼ਰਧਾਲੂ ਵੀ ਇਸ ਮੌਕੇ ਗੁਰਧਾਮਾਂ ਦੀ ਯਾਤਰਾ ਦੌਰਾਨ ਬੜੀ ਸ਼ਰਧਾ ਨਾਲ ਪਾਕਿਸਤਾਨ ਸਥਿੱਤ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਦੇ ਹਨ

ਹੁਣ ਸਰਬ ਸਾਂਝੇ ਬਾਬੇ ਨਾਨਕ ਦਾ ਪੰਜ ਸੌ ਪੰਜਾਹਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਬੜੀ ਸ਼ਰਧਾ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਤਿਆਰੀਆਂ ਚੱਲ ਰਹੀਆਂ ਹਨਗੁਆਂਢੀ ਮੁਲਕ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਫਰਾਖ਼ ਦਿਲੀ ਅਤੇ ਸਾਡੀਆਂ ਹਕੂਮਤਾਂ ਦੇ ਸਹਿਯੋਗ ਨਾਲ ਗੁਰੂ ਪਿਆਰੀਆਂ ਸੰਗਤਾਂ ਵਾਸਤੇ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਲਾਂਘਾ ਬਣਾਉਣ ਵਾਲਾ ਕਾਰਜ ਲਗਭਗ ਮੁਕੰਮਲ ਹੋ ਰਿਹਾ ਹੈਇਸ ਕਾਰਜ ਲਈ ਦੇਸ਼ਾਂ, ਵਿਦੇਸ਼ਾਂ ਵਿੱਚ ਬੈਠੇ ਗੁਰੂ ਘਰ ਦੇ ਲੱਖਾਂ ਪਿਆਰੇ ਕਈ ਦਹਾਕਿਆਂ ਤੋਂ ਆਪਣੇ ਧਰਮ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਲਈ ਅਰਦਾਸਾਂ, ਅਰਜੋਈਆਂ ਪਏ ਕਰ ਰਹੇ ਸਨਸਾਡਾ ਬਾਬਾ ਜਾਣੀਜਾਣ ਹੈ ... ਬਿਨਾਂ ਕਿਸੇ ਵਿਤਕਰੇ ਦੇ ਉਹ ਅਪਾਰ ਬਰਕਤਾਂ ਦੇ ਨਾਲ ਸਭਨਾਂ ਦੇ ਹਿਰਦੇ ਠਾਰਦਾ ਹੈ ... ਇਸ ਧਾਰਮਿਕ ਆਸਥਾ ਪੱਖੀ ਵਰਤਾਰੇ ਨਾਲ ਯਕੀਨਨ 1947 ਦੀ ਦੇਸ਼ ਵੰਡ ਵਾਲੀ ਪੀੜ ਵੀ ਥੋੜ੍ਹੀ ਘਟ ਜਾਏਗੀ ...।

ਅਸੀਂ ਵੀ ਤਿੰਨ ਕੁ ਦਹਾਕੇ ਪਹਿਲਾਂ ਤਿੰਨ ਹਜ਼ਾਰ ਸਿੱਖ ਯਾਤਰੀਆਂ ਦੇ ਜੱਥੇ ਨਾਲ ਸਰਬ ਸਾਂਝੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਸੀਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਸੀਂ ਅੱਧੇ ਕੁ ਘੰਟੇ ਵਿੱਚ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਛੇਹਰਟਾ, ਖਾਸਾ ਤੇ ਗੁਰੂਸਰ ਹੁੰਦੇ ਹੋਏ ਅਟਾਰੀ ਪਹੁੰਚ ਗਏਅਟਾਰੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਨਾਲ ਲੱਗਦਾ ਭਾਰਤੀ ਸੀਮਾ ਦਾ ਆਖਰੀ ਪਿੰਡ ਹੈਇੱਥੇ ਭਾਰਤ ਸਰਕਾਰ ਦੇ ਕਰਮਚਾਰੀਆਂ ਦੁਆਰਾ ਇੰਮੀਗਰੇਸ਼ਨ, ਵੀਜ਼ਾ, ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਂ ਦੀ ਪੜਤਾਲ ਹੁੰਦੀ ਹੈਇੱਥੋਂ ਚੱਲੀਆਂ ਗੱਡੀਆਂ ਅੱਖ-ਪਲਕਾਰੇ ਵਿੱਚ ਗੁਆਂਢੀ ਮੁਲਕ ਪਾਕਿਸਤਾਨ ਦੇ ਵਾਹਗਾ ਬਾਡਰ ਉੱਤੇ ਜਾ ਰੁਕਦੀਆਂ ਹਨ

ਇੱਥੇ ਪਹੁੰਚ ਕੇ ਖੁਸ਼ੀ ਵੀ ਬੜੀ ਹੋਈ ਤੇ ਹੈਰਾਨੀ ਵੀਖੁਸ਼ੀ ਇਸ ਲਈ ਹੋਈ ਕਿ ਅਸੀਂ ਬੇਗਾਨੇ ਮੁਲਕ ਦੀ ਉਸ ਪਵਿੱਤਰ ਧਰਤੀ ਉੱਤੇ ਪਹੁੰਚ ਗਏ, ਜਿੱਥੇ ਸਾਡੇ ਵੱਡੇ-ਵਡੇਰੇ ਜੰਮੇ-ਪਲੇ ਤੇ ਇੱਕ ਦੂਜੇ ਨਾਲ ਹੱਸਦੇ, ਖੇਡਦੇ ਵੱਡੇ ਹੋਏ ਸਨਰਹੀ ਗੱਲ ਹੈਰਾਨੀ ਦੀ, ਹੈਰਾਨੀ ਸਿਰਫ਼ ਉਸ ਸੀਮਾ-ਰੇਖਾ ਦੇ ਫਾਸਲੇ ਨੂੰ ਵੇਖਕੇ ਹੋਈ ਜਿਸਨੂੰ ਸਿਰਫ ਪੰਜ, ਦਸ ਮਿੰਟਾਂ ਦੇ ਸਫ਼ਰ ਵਿੱਚ ਤੈਅ ਕਰ ਲਿਆ ਸੀਉਹ ਫਾਸਲਾ, ਜਿਸਨੇ ਸਾਡੇ ਬਜ਼ੁਰਗਾਂ ਤੇ ਹਮਸਾਇਆਂ ਦੀ ਪ੍ਰੀਤਾਂ ਭਰੀ ਧਰਤੀ ਨੂੰ ਕੰਡਿਆਲੀਆਂ ਤਾਰਾਂ ਦੇ ਨਾਲ ਦੇਸ਼ ਅਤੇ ਪ੍ਰਦੇਸ਼ ਵਿੱਚ ਵੰਡ ਦਿੱਤਾ ਹੈ

ਵਾਹਗਾ ਬਾਰਡਰ ਉੱਤੇ ਸਾਡੇ ਸੁਆਗਤ ਲਈ ਰੰਗੀਨ ਸ਼ਾਮਿਆਨੇ ਲੱਗੇ ਹੋਏ ਸਨਕੁੜਤੇ-ਪਜਾਮੇ ਪਹਿਨੀ ਪਾਕਿਸਤਾਨ ਦੇ ਮੁਸਲਮਾਨ ਅਧਿਕਾਰੀਆਂ ਨੇ ਸਾਡੇ ਕਾਗਜ਼-ਪੱਤਰਾਂ ਦੀ ਪੜਤਾਲ ਕੀਤੀ ਤੇ ਪਾਸਪੋਰਟਾਂ ਉੱਤੇ ਪਾਕਿਸਤਾਨ ਵਿੱਚ ਦਾਖਲ ਹੋਣ ਦੀਆਂ ਮੋਹਰਾਂ ਲਾਈਆਂਕਾਗਜ਼ੀ ਕਾਰਵਾਈ ਤੋਂ ਬਾਅਦ ਯਾਤਰੀਆਂ ਨੂੰ ਬੜੇ ਤਪਾਕ ਨਾਲ ਚਾਹ-ਪਾਣੀ ਛਕਾਇਆ ਗਿਆਕੜਾਹ-ਪੂਰੀਆਂ, ਲੱਡੂ-ਜਲੇਬੀਆਂ, ਮੇਸੂ, ਬਰਫੀ ਅਤੇ ਹਰੀਆਂ ਇਲਾਚੀਆਂ ਵਾਲੀ ਵਿਦੇਸ਼ੀ ਚਾਹ ਦੀ ਮਹਿਕ ਅਤੇ ਸੁਆਦ ਵੀ ਆਪਣੇ ਦੇਸ਼ ਵਰਗਾ ਹੀ ਸੀਉਹਨਾਂ ਦੀ ਪ੍ਰਾਹੁਣਚਾਰੀ ਨੂੰ ਵੇਖ ਕੇ ਇੰਝ ਮਹਿਸੂਸ ਹੋਇਆ ਕਿ ਜਿਵੇਂ ਅਸੀਂ ਮੁੱਦਤਾਂ ਬਾਅਦ ਆਪਣੇ ਵਿੱਛੜੇ ਹੋਏ ਚਾਚੇ, ਤਾਇਆਂ ਦੇ ਪੁੱਤ-ਭਰਾਵਾਂ ਨੂੰ ਮਿਲ ਰਹੇ ਹੋਈਏ

ਸੂਰਜ ਢਲਦਾ ਹੈ ਤਾਂ ਗੱਡੀਆਂ ਹੌਲੀ-ਹੌਲੀ ਅੱਗੇ ਚੱਲ ਪੈਂਦੀਆਂ ਹਨਇੱਥੋਂ ਜੱਲੋ ਸਟੇਸ਼ਨ ਤੋਂ ਬਾਅਦ ਵੀਹ, ਤੀਹ ਮਿੰਟਾਂ ਵਿੱਚ ਪਾਕਿਸਤਾਨ ਦੇ ਪੁਰਾਤਨ ਤੇ ਮਕਬੂਲ ਸ਼ਹਿਰ ਲਾਹੌਰ ਦਾ ਰੇਲਵੇ-ਸਟੇਸ਼ਨ ਆ ਜਾਂਦਾ ਹੈਸਟੇਸ਼ਨ ਤੇ ਖੜ੍ਹੇ ਮੁਸਲਮਾਨ ਯਾਤਰੀ, ਸਿੱਖਾਂ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਹਨਮੁਹੱਬਤ ਵੱਸ ਉਹ ਆਪਿਉਂ ਬਾਹਰ ਹੋ ਕੇ ਸਾਨੂੰ ਕਲਾਵੇ ਵਿੱਚ ਲੈਣ ਲਈ ਅੱਗੇ ਵਧਦੇ ਹਨ ਪਰ ਸਾਡੀ ਗੱਡੀ ਦੇ ਨਾਲ, ਨਾਲ ਪਹਿਰੇ ਲਈ ਖੜ੍ਹੇ ਪੁਲਸ ਦੇ ਵਰਦੀਧਾਰੀ ਸਿਪਾਹੀ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜ ਦਿੰਦੇ ਹਨ

ਰਾਤ ਪੈਂਦਿਆਂ ਹੀ ਸਾਡੀਆਂ ਗੱਡੀਆਂ ਹਨੇਰੇ ਵਿੱਚ ਪਾਕਿਸਤਾਨ ਦੇ ਜ਼ਿਲ੍ਹੇ ਅੱਟਕ ਵਲ ਤੁਰ ਪੈਂਦੀਆਂ ਹਨਰਾਤ ਭਰ ਚੱਲਕੇ, ਤੜਕੇ-ਤੜਕੇ ਸਾਡੀਆਂ ਗੱਡੀਆਂ ਹਸਨ ਅਬਦਾਲ ਨਾਂ ਦੇ ਰੇਲਵੇ ਸਟੇਸ਼ਨ ਉੱਤੇ ਜਾ ਰੁਕਦੀਆਂ ਹਨਯਾਤਰਾ ਕਰਨ ਤੋਂ ਪਹਿਲਾਂ ਮਨ ਵਿੱਚ ਇੱਕ ਖਾਹਿਸ਼ ਸਮਾਈ ਹੁੰਦੀ ਹੈ ਕਿ ਪਾਕਿਸਤਾਨ ਜਾ ਕੇ ਉੱਥੋਂ ਦੇ ਸ਼ਹਿਰ ਵੇਖਾਂਗੇ …ਉੱਥੋਂ ਦੇ ਲੋਕ ਵੇਖਾਂਗੇ ... ਉੱਥੋਂ ਦੇ ਪਸ਼ੂ-ਪੰਛੀ ਅਤੇ ਖੇਤ-ਬੰਨੇ ਵੇਖਾਂਗੇ। ਐਪਰ ਰਾਤ ਦੇ ਹਨੇਰੇ ਵਾਲੇ ਸਫਰ ਦੌਰਾਨ ਕੋਈ ਵੀ ਖਾਹਿਸ਼ ਪੂਰੀ ਨਹੀਂ ਹੁੰਦੀ

ਗੁਰਦੁਆਰਾ ਸ਼੍ਰੀ ਪੰਜਾਂ ਸਾਹਿਬ ਹਸਨ ਅਬਦਾਲ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਕੁ ਦੂਰ ਸਥਿਤ ਹੈਪੱਛਮ ਵੱਲ ਦੀ ਚੌਥੀ ਯਾਤਰਾ ਕਰਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ ਬਲੋਚਸਤਾਨ, ਮੱਕਾ, ਬਗਦਾਦ, ਇਰਾਨ, ਕਾਬਲ ਤੇ ਕੰਧਾਰ ਤੋਂ ਹੁੰਦੇ ਹੋਏ ਹਸਨ ਅਬਦਾਲ ਆਏ ਸਨਇੱਥੇ ਭਾਈ ਮਰਦਾਨੇ ਨੂੰ ਬੜੀ ਪਿਆਸ ਲੱਗ ਗਈਗੁਰੂ ਜੀ ਦੇ ਕਹਿਣ ਤੇ ਭੁੱਖਾ, ਪਿਆਸਾ ਭਾਈ ਮਰਦਾਨਾ ਡਿੱਗਦਾ, ਢਹਿੰਦਾ ਪਾਣੀ ਪੀਣ ਲਈ ਉੱਚੀ ਪਹਾੜੀ ਉੱਤੇਬੈਠੇ ਵਲੀ ਕੰਧਾਰੀ ਕੋਲ ਚਲਾ ਗਿਆ

ਅਭਿਮਾਨੀ ਵਲੀ ਕਧਾਰੀ ਦੀ ਸੁਣੋ ... ਉਸਨੇ ਭਾਈ ਮਰਦਾਨੇ ਨੂੰ ਪਾਣੀ ਦਾ ਇੱਕ ਲੋਟਾ ਨਹੀਂ ਸੀ ਪੀਣ ਦਿੱਤਾਵਿਆਕੁਲ ਹੋਏ ਮਰਦਾਨੇ ਦੀ ਪਿਆਸ ਬੁਝਾਉਣ ਲਈ ਗੁਰੂ ਜੀ ਨੇ ਪਰਮਾਤਮਾ ਦੀ ਕ੍ਰਿਪਾ ਨਾਲ ਹੇਠਲੀ ਜ਼ਮੀਨ ਵਿੱਚੋਂ ਇੱਕ ਪੱਥਰ ਨੂੰ ਪੁੱਟ ਕੇ ਪਾਣੀ ਦਾ ਚਸ਼ਮਾ ਪੈਦਾ ਕਰ ਦਿੱਤਾਕਰਨੀ ਰੱਬ ਦੀ, ਵਲੀ ਕੰਧਾਰੀ ਦੇ ਚਸ਼ਮੇ ਵਿੱਚੋਂ ਪਾਣੀ ਮੁੱਕ ਗਿਆਉਸਨੇ ਗੁੱਸੇ ਵਿੱਚ ਆ ਕੇ ਬਦਲਾ ਲੈਣ ਲਈ ਗੁਰੂ ਜੀ ਵੱਲ ਇੱਕ ਵੱਡਾ ਸਾਰਾ ਪੱਥਰ ਰੇੜ੍ਹ ਦਿੱਤਾਸ਼ਾਂਤ-ਚਿੱਤ ਬੈਠੇ ਗੁਰੂ ਜੀ ਨੇ ਭਾਰੀ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆਉਹ ਇਤਿਹਾਸਕ ਪੱਥਰ ਅੱਜ ਵੀ ਇਸ ਅਸਥਾਨ ਉੱਤੇ ਪਿਆ ਹੋਇਆ ਹੈ ਤੇ ਉਸ ਉੱਤੇ ਗੁਰੂ ਜੀ ਦਾ ਪੰਜਾ ਉੱਕਿਰਆ ਹੋਇਆ ਹੈਗੁਰੂ ਜੀ ਦੇ ਪੰਜੇ ਦੀ ਛੁਹ ਵਾਲਾ ਉਹ ਪਵਿੱਤਰ ਪੱਥਰ ਅਤੇ ਉਸ ਉੱਤੇ ਉੱਕਰਿਆ ਹੋਇਆ ਬਾਬੇ ਦੇ ਪੰਜੇ ਵਾਲਾ ਨਿਸ਼ਾਨ ਸਾਨੂੰ ਅੱਜ ਵੀ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਰੂਪੀ ਪੰਜ ਬੁਰਾਈਆਂ ਨੂੰ ਕਾਬੂ ਵਿੱਚ ਰੱਖਕੇ ਸੱਚਾ-ਸੁੱਚਾ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਾ ਹੈਇਸੇ ਸਥਾਨ ਉੱਤੇ ਹੀ ਆਲੀਸ਼ਾਨ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਬਣਿਆ ਹੋਇਆ ਹੈ

ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿੱਚ ਰਹਿਣ ਲਈ ਬੇਸ਼ੁਮਾਰ ਕਮਰੇ ਬਣੇ ਹੋਏ ਹਨਯਾਤਰੀ ਇੱਥੇ ਤਿੰਨ ਦਿਨ ਠਹਿਰਦੇ ਹਨਗੁਰੂ ਘਰ ਦਾ ਲੰਗਰ ਅੱਠੇ ਪਹਿਰ ਵਰਤਦਾ ਰਹਿੰਦਾ ਹੈਰਾਤ ਨੂੰ ਦੀਪਮਾਲਾ ਦੇ ਵੇਲੇ ਇੱਥੇ ਬੜਾ ਅਲੌਕਿਕ ਦ੍ਰਿਸ਼ ਵੇਖਣ ਨੂੰ ਮਿਲਦਾ ਹੈਇੱਕ ਦਿਨ ਯਾਤਰੀਆਂ ਨੂੰ ਰਾਵਲਪਿੰਡੀ ਸ਼ਹਿਰ ਵਿਖਾਇਆ ਜਾਂਦਾ ਹੈਤੀਸਰੇ ਦਿਨ ਯਾਤਰੀ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਆਰੰਭ ਕਰ ਦਿੰਦੇ ਹਨਪਹਿਲੇ ਵਾਲੀਆਂ ਗੱਡੀਆਂ ਰਾਤ ਦੇ ਸਮੇਂ ਹੀ ਚੱਲਦੀਆਂ ਹਨ ਤੇ ਸਵੇਰੇ-ਸਵੇਰੇ ਰਾਏ ਭੋਏ ਦੀ ਤਲਵੰਡੀ ਪਹੁੰਚ ਜਾਂਦੀਆਂ ਹਨ

ਲਹੌਰ ਤੋਂ 48 ਮੀਲ ਪੱਛਮ ਵੱਲ ਜ਼ਿਲ੍ਹਾ ਸ਼ੇਖੂਪਰਾ ਵਿੱਚ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀਪਹਿਲਾਂ ਇਸ ਅਸਥਾਨ ਨੂੰ ਰਾਏਪੁਰ ਕਿਹਾ ਜਾਂਦਾ ਸੀਸਮੇਂ, ਸਮੇਂ ਇਸ ਅਸਥਾਨ ਨੂੰ ਰਾਏ ਭੋਏ ਦੀ ਤਲਵੰਡੀ ਅਤੇ ਨਾਨਕਿਆਣਾ ਵੀ ਕਿਹਾ ਜਾਂਦਾ ਰਿਹਾ ਹੈਅੱਜਕਲ ਇਸ ਪਵਿੱਤਰ ਅਸਥਾਨ ਨੂੰ ਸ਼੍ਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈਗੁਰੂ ਜੀ ਦੇ ਜਨਮ-ਅਸਥਾਨ ਵਾਲੀ ਜਗ੍ਹਾ ਉੱਤੇ ਬਣੇ ਆਲੀਸ਼ਾਨ ਗੁਰਦੁਆਰੇ ਨੂੰ ਅਵਤਾਰ ਪੁਰਬ ਦੇ ਸਮੇਂ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸੁਸੱਜਿਤ ਕੀਤਾ ਜਾਂਦਾ ਹੈ

ਕੀਨੀਆ, ਮਲੇਸ਼ੀਆ, ਸਿੰਗਾਪੁਰ, ਜਰਮਨੀ, ਕਾਬਲ, ਦੁਬਈ, ਜਪਾਨ, ਅਮਰੀਕਾ, ਇੰਗਲੈਂਡ, ਸੂਬਾ ਸਿੰਧ ਅਤੇ ਕਨੇਡਾ ਆਦਿ ਦੇਸ਼ਾਂ ਵਿੱਚੋਂ ਅਣਗਿਣਤ ਸ਼ਰਧਾਲੂ ਸ਼੍ਰੀ ਨਨਕਾਣਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਹੁੰਮਹੁਮਾ ਕੇ ਆਉਂਦੇ ਹਨਇੱਥੇ ਗਹਿਮਾ-ਗਹਿਮੀ ਇੰਨੀ ਹੋ ਜਾਂਦੀ ਹੈ ਕਿ ਜ਼ਮੀਨ ਉੱਤੇ ਤਿਲ ਸੁੱਟਣ ਜੋਗੀ ਥਾਂ ਵੀ ਨਹੀਂ ਦਿਸਦੀਅੰਦਰ ਗੁਰਦੁਆਰੇ ਵਿੱਚ ਅਲਾਹੀ ਕੀਰਤਨ ਦਾ ਪਰਵਾਹ ਚਲਦਾ ਰਹਿੰਦਾ ਹੈ ਤੇ ਬਾਹਰ ਸ਼੍ਰੀ ਨਨਕਾਣਾ ਸਾਹਿਬ ਦੇ ਬਜ਼ਾਰਾਂ ਵਿੱਚ ਮੇਲੇ ਵਰਗੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ

ਗੁਰਦੁਆਰੇ ਦੇ ਪਿਛਾੜੀ ਖੁੱਲ੍ਹੇ ਮੈਦਾਨ ਵਿੱਚ ਲੱਗੇ ਹੋਏ ਪੰਘੂੜੇ ਅਸਮਾਨਾਂ ਨੂੰ ਛੁੰਹਦੇ ਹਨਮੇਲੇ ਦੇ ਸ਼ੌਕੀਨ ਗੱਭਰੂ ਪੀਘਾਂ ਝੂਟਦੇ ਹਨ, ਗਰਮ-ਗਰਮ ਜਲੇਬੀਆਂ ਖਾਂਦੇ ਹਨ, ਸਿਨੇਮਾ ਵੇਖਦੇ ਹਨ ਤੇ ਮੌਤ ਦੇ ਖੂਹ ਵਿੱਚ ਚਲਦੇ ਹੋਏ ਮੋਟਰ-ਸਾਈਕਲ ਨੂੰ ਵੇਖ, ਵੇਖ ਕੇ ਖੁਸ਼ੀ ਨਾਲ ਖੀਵੇ ਹੁੰਦੇ ਹਨਇੱਥੇ ਮੇਲੇ ਵਿੱਚ ਗਾਨੀਆਂ ਤੇ ਕੈਂਠੇ ਵਿਕਦੇ ਹਨਤੋਤੇ ਕਿਸਮਤ ਦੇ ਕਾਰਡ ਕੱਢਦੇ ਹਨਲੂਚੀਆਂ, ਭਠੂਰੇ ਤੇ ਗੋਲਗੱਪੇ ਵੇਚਣ ਵਾਲਿਆਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਮਿਲਦੀਲੋਕ ਇੱਥੇ ਦੂਰੋਂ, ਦੂਰੋਂ ਬਾਹਰ ਨੂੰ ਵਧੇ ਹੋਏ ਰੰਗ ਬਰੰਗੇ ਛੱਜੇ ਵਾਲੀਆਂ ਸੋਹਣੀਆਂ, ਸੋਹਣੀਆਂ ਬੱਸਾਂ ਵਿੱਚ ਬੈਠਕੇ ਆਰਫ ਲੁਹਾਰ ਦੇ ਗੀਤ ਸੁਣਨ ਲਈ ਆਉਂਦੇ ਹਨਮੇਲੇ ਦੀਆਂ ਰੌਣਕਾਂ ਵੇਖਕੇ ਇਵੇਂ ਲੱਗਦਾ ਹੈ ਜਿਵੇਂ ਅਸੀਂ ਆਪਣੇ ਹੀ ਮੁਲਕ ਦੇ ਕਿਸੇ ਮੇਲੇ ਵਿੱਚ ਵਿਚਰ ਰਹੇ ਹੋਈਏ

ਸ਼੍ਰੀ ਨਨਕਾਣਾ ਸਾਹਿਬ ਵਿੱਚ ਪ੍ਰਭਾਤ ਫੇਰੀ ਨਾਲ ਦਿਨ ਚੜ੍ਹਦਾ ਹੈਲੰਮੇ, ਉੱਚੇ ਮੀਨਾਰ ਵਾਲੀ ਮਸਜਿਦ ਵਿੱਚੋਂ ਉਚਾਰੀ ਗਈ ਫ਼ਜਰ ਦੀ ਨਮਾਜ਼ ਵੀ ਆਲੇ-ਦੁਆਲੇ ਨੂੰ ਅਲਾਹੀ ਰੰਗਤ ਵਿੱਚ ਰੰਗ ਦਿੰਦੀ ਹੈਆਲੇ ਦੁਆਲਿਉਂ ਸੁੱਤ-ਉਨੀਂਦਰੇ ਬੰਦੇ ਉੱਠ ਪੈਂਦੇ ਹਨ ਤੇ ਰੱਬ ਦੇ ਘਰਾਂ ਵਿੱਚ ਸੀਸ ਨਿਵਾਉਣ ਲਈ ਤੁਰ ਪੈਂਦੇ ਹਨਇੱਥੇ ਚੌਵੀਂ ਘੰਟੇ ਗੁਰੂ ਘਰ ਦਾ ਲੰਗਰ ਵਰਤਦਾ ਰਹਿੰਦਾ ਹੈਖੀਰ-ਪੂਰੀਆਂ, ਲੱਡੂ, ਜਲੇਬੀਆਂ ਤੇ ਫਲ-ਫਰੂਟ ਛਕਦੇ ਹੋਏ ਯਾਤਰੀ ਗੁਰੂ-ਘਰ ਦੀਆਂ ਅਮੁੱਕ ਬਰਕਤਾਂ ਮਾਣਦੇ ਹਨਸੂਬਾ ਸਿੰਧ ਅਤੇ ਫਰੰਟੀਅਰ ਤੋਂ ਆਈਆਂ ਸਿੱਖ ਬੀਬੀਆਂ ਤਨੋਂ-ਮਨੋ ਲੰਗਰ ਘਰ ਵਿੱਚ ਸੇਵਾ ਕਰਦੀਆਂ ਹਨ ਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਵਿਖਾਈ ਦਿੰਦਿਆਂ ਹਨ

ਦੁਪਹਿਰੇ ਪਾਲਕੀ ਸਾਹਿਬ ਦੀ ਨਗਰ-ਫੇਰੀ ਅਰੰਭ ਹੁੰਦੀ ਹੈਗੁਰਦੁਆਰੇ ਵਿੱਚ ਢੋਲ ਵੱਜਦੇ ਹਨ ਤੇ ਭੰਗੜੇ ਪੈਂਦੇ ਹਨਆਤਿਸ਼ਬਾਜ਼ੀ ਚੱਲਦੀ ਹੈਪੰਜ ਪਿਆਰੇ ਹੱਥਾਂ ਵਿੱਚ ਕੇਸਰੀ ਨਿਸ਼ਾਨ ਸਾਹਿਬ ਫੜੀ ਪਾਲਕੀ ਸਾਹਿਬ ਦੇ ਅੱਗੇ-ਅੱਗੇ ਚਲਦੇ ਹਨਜਲੂਸ ਦੇ ਅੱਗੇ-ਅੱਗੇ ਕੇਵੜੇ ਦਾ ਛਿੜਕਾਅ ਕੀਤਾ ਜਾਂਦਾ ਹੈਠੰਢੇ ਮਿੱਠੇ ਪਾਣੀ ਦੇ ਨਾਲ ਨਾਲ ਜਲੂਸ ਵਿੱਚ ਸ਼ਾਮਲ ਤਮਾਮ ਯਾਤਰੀਆਂ ਨੂੰ ਮੋਤੀਚੂਰ ਦੇ ਲੱਡੂ ਵੰਡੇ ਜਾਂਦੇ ਹਨਗਤਕਾਬਾਜ਼ ਗਤਕੇ ਦੇ ਜੌਹਰ ਵਿਖਾਉਂਦੇ ਹਨਸ਼੍ਰੀ ਨਨਕਾਣਾ ਸਾਹਿਬ ਵਿੱਚ ਵਿਦੇਸ਼ਾਂ ਤੋਂ ਆਏ ਰਹਿਤ-ਮਰਿਆਦਾ ਵਾਲੇ ਸੰਪੂਰਨ ਸਿੱਖ, ਹਿੰਦੂ ਤੇ ਮੁਸਲਮਾਨਾਂ ਪ੍ਰੇਮੀਆਂ ਦਾ ਜਿਵੇਂ ਹੜ੍ਹ ਆਇਆ ਲੱਗਦਾ ਹੈ

ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਚੱਲੀ ਪਾਲਕੀ ਸਾਹਿਬ ਦੀ ਸਵਾਰੀ ਗੁਰਦੁਆਰਾ ਸ਼੍ਰੀ ਬਾਲ ਲੀਲਾ, ਪੱਟੀ ਸਾਹਿਬ, ਤੰਬੂ ਸਾਹਿਬ, ਨਿਹੰਗ ਸਿੰਘਾਂ ਦੀ ਛਾਉਣੀ, ਮਾਲ ਜੀ ਸਾਹਿਬ ਅਤੇ ਕਿਆਰਾ ਸਾਹਿਬ ਤੋਂ ਹੁੰਦੀ ਹੋਈ ਸ਼ਾਮਾਂ ਪਈਆਂ ਨੂੰ ਮੁੜ ਗੁਰੂ ਜੀ ਦੇ ਜਨਮ-ਅਸਥਾਨ ਵਾਲੇ ਗੁਰਦੁਆਰੇ ਸ਼੍ਰੀ ਨਨਕਾਣਾ ਸਾਹਿਬ ਵਿੱਚ ਆ ਜਾਂਦੀ ਹੈ

ਆਸਮਾਨ ਵਿੱਚ ਟਿਮਟਿਮਾਉਂਦੇ ਤਾਰੇ ਤੇ ਗੁਰਦੁਆਰੇ ਵਿੱਚ ਹੋਈ ਰੰਗ-ਬਰੰਗੀ ਦੀਪਮਾਲਾ ਇੱਕ-ਮਿੱਕ ਹੋ ਜਾਂਦੇ ਹਨਸਵਰਗ ਲੋਕ ਵਰਗੀ ਠੰਢ ਭਰੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੀ ਇਹ ਰਾਤ ਨੂੰ ਸਭ ਨੂੰ ਇਲਾਹੀ ਖੁਸ਼ੀਆਂ ਅਤੇ ਖੇੜੇ ਵੰਡਦੀ ਪ੍ਰਤੀਤ ਹੁੰਦੀ ਹੈਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਭਾਈ ਮਰਦਾਨੇ ਦੇ ਵੰਸ਼ ਵਿੱਚੋਂ ਭਾਈ ਲਾਲ ਜੀ ਦੇ ਕੀਰਤਨੀ ਜੱਥੇ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਨਗੁਰਬਾਣੀ ਪ੍ਰਵਾਹ ਵਿੱਚ ਲੀਨ ਬੈਠੀਆਂ ਸੰਗਤਾ ਨੂੰ ਗਿਰੀ-ਮੇਵਿਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਹੈਅੱਧੀ ਰਾਤ ਨੂੰ ਸ਼੍ਰੀ ਅਖੰਡ ਪਾਠ ਦਾ ਭੋਗ ਪੈਂਦਾ ਹੈਆਸਮਾਨ ਉੱਤੇ ਆਪਣੇ ਪੂਰੇ ਜਲਵੇ-ਜਲੌਅ ਨਾਲ ਚਮਕਦਾ ਹੋਇਆ ਸੱਚ ਦਾ ਚੰਦਰਮਾ ਗੁਰੂ-ਘਰ ਦੇ ਸ਼ਰਧਾਲੂਆਂ ਨੂੰ ਖੁਸ਼ੀਆਂ ਵੰਡਦਾ ਪ੍ਰਤੀਤ ਹੁੰਦਾ ਹੈਗੁਰਦੁਆਰੇ ਦੇ ਗੁੰਬਦਾਂ ਅੱਤੋਂ ਚੱਲਦੀ ਹੋਈ ਆਤਿਸ਼ਬਾਜੀ ਤੇ ਹੇਠਾਂ ਵੱਜਦੇ ਹੋਏ ਢੋਲ ਅਤੇ ਬੈਂਡ ਵਾਜੇ ਬੜੇ ਸੰਗੀਤ ਮਈ ਅੰਦਾਜ਼ ਵਿੱਚ ਗੁਣਗੁਣਾਉਂਦੇ ਲਗਦੇ ਹਨ- ‘ਅੱਜ ਦਿਨ ਵੱਡਭਾਗਾ ਆਇਆ।’

ਤਿੰਨ ਦਿਨਾਂ ਬਾਅਦ ਬਾਬੇ ਨਾਨਕ ਦੀ ਜਨਮ-ਭੂਮੀ ਉੱਤੇ ਠਹਿਰੇ ਹੋਏ ਯਾਤਰੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਉੱਤੇ ਬਣੇ ਹੋਏ ਗੁਰਦੁਆਰੇ ਵਿੱਚ ਆ ਜਾਂਦੇ ਹਨਇਹ ਗੁਰਦੁਆਰਾ ਕਿਲ੍ਹੇ ਦੇ ਨਜ਼ਦੀਕ ਲਾਹੌਰ ਸ਼ਹਿਰ ਵਿੱਚ ਸਥਿਤ ਹੈਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੀ ਬਣੀ ਹੋਈ ਹੈਇੱਥੇ ਸਿੱਖ ਸ਼ਰਧਾਲੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੁਨੀ ਚੰਦ ਨਾਲ ਹੋਏ ਮਿਲਾਪ ਅਸਥਾਨ ਉੱਤੇ ਬਣਿਆ ਹੋਇਆ ਗੁਰਦੁਆਰਾ ਵੇਖਦੇ ਹਨਚੂਨਾ ਮੰਡੀ ਵਿਖੇ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਜਨਮ-ਅਸਥਾਲ ਉੱਤੇ ਵੀ ਗੁਰਦੁਆਰਾ ਬਣਿਆ ਹੋਇਆ ਹੈਡੱਬੀ ਬਜ਼ਾਰ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਬਣਵਾਈ ਹੋਈ ਬਾਉਲੀ ਅਤੇ ਚੰਦੂ ਦੇ ਘਰ ਵਿੱਚ ‘ਲਾਲ ਕੂਆਦੇ ਸਥਾਨ ਉੱਤੇ ਵੀ ਗੁਰਦੁਆਰੇ ਬਣੇ ਹੋਏ ਹਨ

ਲਾਹੌਰ ਵਿੱਚ ਯਾਤਰੀਆਂ ਨੂੰ ਇੱਧਰ-ਉੱਧਰ ਘੁੰਮਣ ਫਿਰਨ ਦੀ ਇਜਾਜ਼ਤ ਹੁੰਦੀ ਹੈਇੱਥੇ ਕੁਝ ਵੀ ਓਪਰਾ ਨਹੀਂ ਲੱਗਦਾਘੁੰਮਦਿਆਂ-ਫਿਰਦਿਆਂ ਇੰਝ ਲਗਦਾ ਹੈ ਕਿ ਜਿਵੇਂ ਅਸੀਂ ਅੰਮ੍ਰਿਤਸਰ ਦੇ ਗਲੀ-ਮੁਹੱਲਿਆਂ ਵਿੱਚ ਵਿਚਰ ਰਹੇ ਹੁੰਦੇ ਹਾਂਹਲਵਾਈਆਂ ਦੀਆਂ ਦੁਕਾਨਾਂ ਉੱਤੇ ਰਿੜਕੀ ਹੋਈ ਸੰਘਣੀ ਲੱਸੀ ਅਤੇ ਵੱਡੇ ਵੱਡੇ ਕੜਾਹਿਆਂ ਵਿੱਚ ਕੜ੍ਹਦਾ ਹੋਇਆ ਮੋਟੀ ਮਲਾਈ ਵਾਲਾ ਦੁੱਧ ਵਿਕਦਾ ਹੈਲਾਹੌਰ ਦੇ ਨਿਵਾਸੀ ਸਾਡੇ ਅੰਬਰਸਰੀਆਂ ਵਾਂਗ ਹੀ ਖੁੱਲ੍ਹਾ-ਡੁੱਲ੍ਹਾ ਖਾਂਦੇ ਪੀਂਦੇ ਹਨਸਿੱਖ ਯਾਤਰੀਆਂ ਨੂੰ ਉਹ ਇੰਝ ਨਿੱਘ-ਮੋਹ ਨਾਲ ਮਿਲਦੇ ਹਨ ਜਿਵੇਂ ਚਿਰਾਂ ਦੇ ਵਿੱਛੜੇ ਹੋਏ ਭਰਾਵਾਂ ਨੂੰ ਮਿਲ ਰਹੇ ਹੋਣਪੁਰਾਣੀ ਸੋਚ ਅਤੇ ਨਵੇਂ ਖਿਆਲਾਂ ਦੇ ਹਾਮੀ, ਪਾਕਿਸਤਾਨ ਦੇ ਲੋਕ ਸਾਡੇ ਵਾਂਗ ਹੀ ਬੜੀ ਤੇਜ਼ੀ ਨਾਲ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਹਨਇੱਥੇ ਬੁਰਕੇ ਵਾਲੀਆਂ ਔਰਤਾਂ ਦੇ ਨਾਲ-ਨਾਲ, ਨੰਗੇ ਚਿਹਰਿਆਂ ਵਾਲੀਆਂ ਪੜ੍ਹੀਆਂ-ਲਿਖੀਆਂ ਮੁਟਿਆਰਾਂ ਵੀ ਮਰਦਾਂ ਵਾਂਗ ਨੌਕਰੀਆਂ ਅਤੇ ਹੋਰ ਕਾਰੋਬਾਰ ਵਿੱਚ ਹਿੱਸੇਦਾਰੀ ਪਾ ਰਹੀਆਂ ਹਨ

ਪਾਕਿਸਤਾਨ ਵਿੱਚ ਵਿਦੇਸ਼ੀ ਚੀਜ਼ਾਂ ਆਮ ਮਿਲਦੀਆਂ ਹਨਇਟਲੀ ਦਾ ਵੈਸਪਾ ਸਕੂਟਰ, ਜਪਾਨ ਦਾ ਹਾਡਾਂ ਤੇ ਸਜੂਕੀ ਮੋਟਰ ਸਾਈਕਲ, ਟੋਇਟਾ ਦੀਆਂ ਕਾਰਾਂ, ਫੋਰਡ ਦੀਆਂ ਜੀਪਾਂ ਅਤੇ ਸੋਹਣੀਆਂ ਸੋਹਣੀਆਂ ਵੈਨਾਂ ਨਵੇਂ ਲਾਹੌਰ ਦੀਆਂ ਖੁੱਲ੍ਹੀਆਂ-ਡੁੱਲ੍ਹੀਆਂ ਸੜਕਾਂ ਉੱਤੇ ਦੌੜਦੀਆਂ ਫਿਰਦੀਆਂ ਹਨ

ਸਾਡੇ ਯਾਤਰੀ ਇੱਥੋਂ ਬਦਾਮ-ਗਿਰੀ, ਕਾਜੂ, ਮੇਵੇ, ਬੋਸਕੀ, ਚੁੰਨੀਆਂ, ਸੂਟ, ਮੌਜੇ ਤੇ ਹੋਰ ਨਿਕ-ਸੁਕ ਦੀ ਖਰੀਦੋ-ਫਰੋਖ਼ਤ ਕਰਕੇ ਦਸਵੇਂ ਦਿਨ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿੰਦੇ ਹਨਲਾਹੌਰ ਤੋਂ ਚੱਲੀਆਂ ਗੱਡੀਆਂ ਵਾਹਗਾ ਰੇਲਵੇ ਸਟੇਸ਼ਨ ਉੱਤੇ ਆਣ ਰੁਕਦੀਆਂ ਹਨਪਾਸਪੋਰਟਾਂ ਉੱਤੇ ਵਾਪਸੀ ਦੀਆਂ ਮੋਹਰਾਂ ਲੱਗਦੀਆਂ ਹਨਫਰਾਖ ਦਿਲ ਪਾਕਿਸਤਾਨੀ ਅਧਿਕਾਰੀ ਯਾਤਰੀਆਂ ਨਾਲ ਲਿਆਂਦੇ ਸਾਮਾਨ ਦੀ ਕੋਈ ਪੁੱਛ-ਪੜਤਾਲ ਨਹੀਂ ਕਰਦੇ

ਵਾਹਗਿਉਂ ਚੱਲੀਆਂ ਗੱਡੀਆਂ ਪਲਾਂ-ਛਿਣਾਂ ਵਿੱਚ ਆਪਣੇ ਦੇਸ਼ ਭਾਰਤ ਵਿੱਚ ਪਹੁੰਚ ਜਾਂਦੀਆਂ ਹਨਇੱਥੇ ਅਟਾਰੀ ਬਾਰਡਰ ਉੱਤੇ ਕਾਗਜ਼-ਪੱਤਰ ਅਤੇ ਵਿਦੇਸ਼ੋਂ ਲਿਆਂਦੇ ਇੱਕ-ਇੱਕ ਸਮਾਨ ਦੀ ਬੜੀ ਬਾਰੀਕਬੀਨੀ ਨਾਲ ਪੜਤਾਲ ਹੁੰਦੀ ਹੈਫਿਰ ਅਟਾਰੀ ਬਾਰਡਰ ਤੋਂ ਚੱਲੀਆਂ ਗੱਡੀਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਆ ਰੁਕਦੀਆਂ ਹਨਇੱਥੋਂ ਬਾਬੇ ਨਾਨਕ ਦੇ ਉੱਚੇ ਦਰਾਂ ਦੇ ਦਰਸ਼ਨ-ਦੀਦਾਰੇ ਕਰਕੇ ਆਏ ਯਾਤਰੀ ਖੁਸ਼ੀ-ਖੁਸ਼ੀ ਆਪੋ-ਆਪਣੇ ਘਰਾਂ ਵੱਲ ਤੁਰ ਪੈਂਦੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1802)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਹਰਦੇਵ ਚੌਹਾਨ

ਹਰਦੇਵ ਚੌਹਾਨ

Amritsar, Punjab, India.
Phone: (91 - 70098 - 57708)
Email: (hardev.chauhan@yahoo.co.in)