AmandeepSSekhon7ਇੱਕ ਹੋਰ ਗੱਲ ਜਿਸਦੇ ਅਧਾਰ ਉੱਤੇ ਕੁਝ ਧਿਰਾਂ ਭਗਤ ਸਿੰਘ ਨੂੰ ਆਪਣੇ ...
(28 ਮਾਰਚ 2019)

 

ਇਹ ਸੱਚ ਹੈ ਕਿ ਅਤੀਤ ਟੁਕੜਿਆਂ ਵਿੱਚ ਹੀ ਇਤਿਹਾਸ ਦਾ ਹਿੱਸਾ ਬਣਦਾ ਹੈਅਸਲ ਘਟਨਾਵਾਂ ਅਤੇ ਵਿਅਕਤੀਆਂ ਦੇ ਪ੍ਰਛਾਵੇਂ ਹੀ ਵੱਖੋ-ਵੱਖ ਸੋਮਿਆਂ ਰਾਹੀਂ ਸਾਡੇ ਤੱਕ ਪਹੁੰਚਦੇ ਹਨ ਜਿਨ੍ਹਾਂ ਵਿੱਚ ਇੱਕ ਇਤਿਹਾਸਕਾਰ ਆਪਣੀ ਕਲਪਨਾ ਰਾਹੀਂ ਰੰਗ ਭਰਦਾ ਹੈਪਰ ਲੋਕ ਨਾਇਕਾਂ ਦੇ ਕਿਰਦਾਰ ਵਿੱਚ ਲੋਕ ਵੀ ਆਪਣੀ ਕਲਪਨਾ ਨਾਲ ਰੰਗ ਭਰਦੇ ਹਨਕਈ ਵਾਰ ਕਿਸੇ ਲੋਕ ਨਾਇਕ ਨਾਲ ਅਜਿਹਾ ਅਨਿਆਂ ਵੀ ਹੋ ਜਾਂਦਾ ਹੈ ਕਿ ਉਸ ਨੂੰ ਉਨ੍ਹਾਂ ਰੰਗਾਂ ਵਿੱਚ ਲਿਬੇੜ ਦਿੱਤਾ ਜਾਂਦਾ ਹੈ ਜਿਨ੍ਹਾਂ ਨਾਲ ਉਹ ਸਭ ਤੋਂ ਵੱਧ ਨਫਰਤ ਕਰਦਾ ਸੀਕੁਝ ਅਜਿਹਾ ਹੀ ਸਾਡੇ ਭਗਤ ਸਿੰਘ ਨਾਲ ਵੀ ਹੋਇਆ ਹੈ

ਇਹ ਗੱਲ ਸੱਚ ਹੈ ਕਿ ਇਤਿਹਾਸ ਲੇਖਨ ਰਾਜਨੀਤੀ ਤੋਂ ਪੂਰੀ ਤਰ੍ਹਾਂ ਨਿਰਲੇਪ ਤਾਂ ਕਦੇ ਵੀ ਨਹੀਂ ਰਿਹਾ ਪਰ ਪਿਛਲੇ ਕੁਝ ਸਮੇਂ ਤੋਂ ਲੋਕ ਰਾਏ ਨੇ ਵੀ ਇਤਿਹਾਸ ਲੇਖਨ ਨੂੰ ਬੜੇ ਕੁੱਢਰ ਢੰਗ ਨਾਲ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈਦੇਸ਼ ਵਿੱਚ ਵਿਚਾਰਧਾਰਕ ਜੰਗ ਸਿਖਰਾਂ ਛੋਹ ਰਹੀ ਹੈ ਅਤੇ ਵੱਖ-ਵੱਖ ਵਿਚਾਰਧਾਰਕ ਧਿਰਾਂ ਸ਼ਹੀਦਾਂ ਉੱਤੇ ਆਪਣਾ ਕਬਜ਼ਾ ਜਮਾ ਲੈਣਾ ਚਾਹੁੰਦੀਆਂ ਹਨਕਿਸੇ ਸੰਤ, ਵਿਚਾਰਕ ਅਤੇ ਸ਼ਹੀਦ ਦੇ ਹਵਾਲੇ ਨਾਲ ਆਪਣੀ ਗੱਲ ਨੂੰ ਜਾਇਜ਼ ਠਹਿਰਾ ਸਕਣਾ ਹਮੇਸ਼ਾ ਸੁਖਾਲਾ ਰਿਹਾ ਹੈਪਰ ਸ਼ਹੀਦ ਦੀ ਕੁਰਬਾਨੀ ਹਰ ਅਲੋਚਨਾ ਦਾ ਮੂੰਹ ਬੰਦ ਕਰਨ ਦਾ ਸਭ ਤੋਂ ਖਤਰਨਾਕ ਹਥਿਆਰ ਹੈਫੌਜੀਆਂ ਦੇ ਨਾਂ ਉੱਤੇ ਇਸ ਹਥਿਆਰ ਦੀ ਵਰਤੋਂ ਭਾਜਪਾ ਅਤੇ ਇਸਦੇ ਸਹਾਇਕ ਸੰਗਠਨਾਂ ਵੱਲੋਂ ਲਗਾਤਾਰ ਕੀਤੀ ਜਾਂਦੀ ਰਹੀ ਹੈਇਹ ਤਾਂ ਰੱਬ ਦਾ ਸ਼ੁਕਰ ਹੀ ਹੈ ਕਿ ਆਜ਼ਾਦੀ ਦੀ ਲੜਾਈ ਵਿੱਚ ਆਰ.ਐੱਸ.ਐੱਸ. ਦੀ ਕੋਈ ਭੂਮਿਕਾ ਨਹੀਂਯੋਗਦਾਨ ਨਹੀਂ ਰਿਹਾ ਤਾਂ ਕੀ, ਜਿਨ੍ਹਾਂ ਦਾ ਯੋਗਦਾਨ ਹੈ ਉਨ੍ਹਾਂ ਦਾ ਭਗਵਾਕਰਨ ਤਾਂ ਕੀਤਾ ਜਾ ਹੀ ਸਕਦਾ ਹੈਭਗਤ ਸਿੰਘ, ਸੁਭਾਸ਼ ਚੰਦਰ ਬੋਸ, ਵੱਲਭ ਭਾਈ ਪਟੇਲ, ਵਿਵੇਕਾਨੰਦ ਅਤੇ ਅੰਬੇਦਕਰ ਜਿਹੇ ਲੋਕ-ਨਾਇਕਾਂ ਦੀਆਂ ਤਸਵੀਰਾਂ ਆਪਣੀਆਂ ਸਟੇਜਾਂ ਉੱਤੇ ਲਗਾ ਕੇ ਭਾਜਪਾ ਨੇ ਇਨ੍ਹਾਂ ਹਸਤੀਆਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਹਨਜਦਕਿ ਇਨ੍ਹਾਂ ਦੀ ਵਿਚਾਰਧਾਰਾ ਭਾਜਪਾ ਤੋਂ ਪੂਰੀ ਤਰ੍ਹਾਂ ਉਲਟ ਸੀ

ਕਿਸੇ ਸ਼ਹੀਦ ਦੀ ਤਸਵੀਰ ਜਾਂ ਮੂਰਤੀ ਬੋਲ ਕੇ ਕਿਸੇ ਅਜਿਹੇ ਲੀਡਰ ਦਾ ਵਿਰੋਧ ਨਹੀਂ ਕਰ ਸਕਦੀ ਜੋ ਫੁੱਲਾਂ ਦਾ ਹਾਰ ਪਾ ਕੇ ਉਸ ਸ਼ਹੀਦ ਨਾਲ ਆਪਣਾ ਨਾਤਾ ਜੋੜ ਲੈਂਦਾ ਹੈਇਸਦੇ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਸ਼ਹੀਦ ਨੇ ਆਪਣੇ ਜਿਉਂਦੇ ਜੀ ਕੀ ਕੀਤਾ ਅਤੇ ਕੀ ਕੀਤਾ ਸੀ ਉਸ ਨੂੰ ਪੜਚੋਲਿਆ ਅਤੇ ਉਭਾਰਿਆ ਜਾਵੇਇੱਥੇ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਜਿਨ੍ਹਾਂ ਨੇ ਮੈਂਨੂੰ ਪੜ੍ਹਿਆਂ ਲਿਖਿਆਂ ਦੀ ਅਨਪੜ੍ਹਤਾ ਬਾਰੇ ਅਤੇ ਬਹੁਤ ਪੜ੍ਹੇ ਲਿਖੇ ਵਿਦਵਾਨਾਂ ਦੀ ਚੁਸਤੀ ਬਾਰੇ ਸੋਚਣ ਉੱਤੇ ਮਜਬੂਰ ਕਰ ਦਿੱਤਾ, ਜਿਸਦੇ ਚਲਦਿਆਂ ਸ਼ਹੀਦਾਂ ਦੀ ਆਵਾਜ਼ ਲੋਕਾਂ ਤੱਕ ਨਹੀਂ ਪਹੁੰਚਦੀਇੱਕ ਅਧਿਆਪਕ ਸਿਖਲਾਈ ਪ੍ਰੋਗਰਾਮ ਦੌਰਾਨ ਗੁਜਰਾਤ ਤੋਂ ਆਏ ਇੱਕ ਅਧਿਆਪਕ ਨੇ ਸਟੇਜ ਤੋਂ ਦੱਸਿਆ ਕਿ ਭਗਤ ਸਿੰਘ ਨੂੰ ਆਪਣੇ ਜਜ਼ਬੇ ਲਈ ਭਗਵਤ ਗੀਤਾ ਤੋਂ ਪ੍ਰੇਰਣਾ ਮਿਲਦੀ ਸੀ ਅਤੇ ਆਪਣੇ ਅੰਤਿਮ ਪਲਾਂ ਦਾ ਉਹ ‘ਨਯਨਨ ਛਿੰਦਨ ਨਿਸ਼ਸਤਰਾਣੀ” ਦਾ ਜਾਪ ਕਰ ਰਿਹਾ ਸੀਭਾਵ ਕਿ ਆਤਮਾ ਨੂੰ ਨਾ ਸ਼ਸਤਰ ਮਾਰ ਸਕਦੇ ਹਨ ਅਤੇ ਨਾ ਅੱਗ ਜਲਾ ਸਕਦੀ ਹੈਉਸਦੀ ਸਮਝ ਨੂੰ ਦਰੁਸਤ ਕਰਨ ਲਈ ਜਦੋਂ ਮੈਂ ਉਸਨੂੰ ਇਹ ਦੱਸਿਆ ਕਿ ਭਗਤ ਸਿੰਘ ਨੇ ਆਪਣੀ ਇੱਕ ਲਿਖਤ “ਮੈਂ ਨਾਸਤਿਕ ਕਿਉਂ ਹਾਂ?” ਵਿੱਚ ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕ ਉੱਲਾ ਖਾਨ ਦੀ ਇਸ ਲਈ ਨਿਖੇਧੀ ਕੀਤੀ ਸੀ ਕਿਉਂਕਿ ਉਹ ਸੱਚੇ ਹਿੰਦੂ ਅਤੇ ਮੁਸਲਮਾਨ ਵਾਂਗ ਗੀਤਾ ਅਤੇ ਕੁਰਾਨ ਦੀਆਂ ਸਤਰਾਂ ਦੁਹਰਾਉਂਦੇ ਹੋਏ ਫਾਂਸੀ ਦੇ ਤਖ਼ਤੇ ਉੱਤੇ ਚੜ੍ਹੇ ਸਨਜਦਕਿ ਭਗਤ ਸਿੰਘ ਦਾ ਮੰਨਣਾ ਸੀ ਕਿ ਇੱਕ ਸੱਚੇ ਇਨਕਲਾਬੀ ਨੂੰ ਅਜਿਹੀ ਹਰ ਪਰੰਪਰਾ ਨਕਾਰ ਦੇਣੀ ਚਾਹੀਦੀ ਹੈ ਜੋ ਇਨਸਾਨ ਨੂੰ ਮਾਨਸਿਕ ਤੌਰ ਉੱਤੇ ਗ਼ੁਲਾਮ ਬਣਾਉਂਦੀ ਹੋਵੇਚਾਹੇ ਉਹ ਪਰੰਪਰਾ ਧਰਮ ਹੀ ਕਿਉਂ ਨਾ ਹੋਵੇਇਸਦੇ ਜਵਾਬ ਵਿੱਚ ਉਸ ਅਧਿਆਪਕ ਦਾ ਕਹਿਣਾ ਸੀ ਕਿ ਉਸਨੇ ਭਗਤ ਸਿੰਘ ਦੀ ਕੋਈ ਲਿਖਤ ਨਹੀਂ ਪੜ੍ਹੀ ਪਰ ਫਿਰ ਵੀ ਉਸਨੂੰ ਇਹ ਪੱਕਾ ਯਕੀਨ ਹੈ ਕਿ ਇਹ ਲਿਖਤ ਭਗਤ ਸਿੰਘ ਦੀ ਹੋ ਹੀ ਨਹੀਂ ਸਕਦੀ, ਇਹ ਜ਼ਰੂਰ ਕਾਮਰੇਡਾਂ ਦੀ ਕੋਈ ਸਾਜ਼ਿਸ਼ ਹੈਮੈਂ ਹੋਰ ਵੀ ਕਈ ਲੋਕਾਂ ਨੂੰ ਇਸ ਲਿਖਤ ਬਾਰੇ ਸਵਾਲ ਉਠਾਉਂਦੇ ਹੋਏ ਦੇਖਿਆ ਹੈਭਾਵੇਂ ਇਹ ਲਿਖਤ ਭਗਤ ਸਿੰਘ ਦੇ ਜਿਉਂਦੇ ਜੀ ਲਾਹੌਰ ਤੋਂ ਛਪਦੇ “ਦਾ ਪੀਪਲ” ਅਖਬਾਰ ਵਿੱਚ ਛਪ ਚੁੱਕੀ ਸੀ ਅਤੇ ਇਸਦਾ ਅਨੁਵਾਦ ਪੇਰਿਆਰ ਨੇ ਵੀ ਆਪਣੇ ਤਮਿਲ ਭਾਸ਼ਾ ਵਿੱਚ ਛਪਦੇ ਰਸਾਲੇ ਵਿੱਚ ਛਾਪਿਆ ਸੀ

ਇਹ ਗੱਲ ਤਾਂ ਇੱਕ ਪੜ੍ਹੇ ਲਿਖੇ ਅਨਪੜ੍ਹ ਦੀ ਸੀ, ਜੋ ਪੜ੍ਹ ਸਕਦਾ ਹੈ ਪਰ ਪੜ੍ਹਨ ਤੋਂ ਇਨਕਾਰੀ ਹੈਹੁਣ ਗੱਲ ਇੱਕ ਉੱਚ ਕੋਟੀ ਦੇ ਸਿੱਖ ਵਿਦਵਾਨ ਦੀ, ਜੋ ਖੁੱਲ੍ਹੇਪਣ ਦੀ ਆੜ ਵਿੱਚ ਭਗਤ ਸਿੰਘ ਉੱਤੇ ਸਿੱਖ ਪਹਿਚਾਣ ਥੋਪਣ ਦਾ ਇੱਛੁਕ ਨਜ਼ਰ ਆਇਆਉਸਦੀ ਨਜ਼ਰ ਵਿੱਚ ਭਗਤ ਸਿੰਘ ਇੱਕ ਸਰਵ ਸਾਂਝਾ ਸ਼ਹੀਦ ਹੈ ਜਿਸ ਨੂੰ ਜਿਵੇਂ ਕੋਈ ਚਾਹੇ, ਉਵੇਂ ਹੀ ਚਿਤਵ ਸਕਦਾ ਹੈਜਿਵੇਂ ਭਗਤ ਸਿੰਘ ਕੋਈ ਰੱਬ ਹੋਵੇ ਜਿਸ ਨੂੰ ਜਿਵੇਂ ਮਰਜ਼ੀ ਚਿਤਵ ਕੇ ਕੋਈ ਭਗਤ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਵੇਭਗਤ ਸਿੰਘ ਹਮੇਸ਼ਾ ਤੋਂ ਇੱਕ ਤਸਵੀਰ ਜਾਂ ਮੂਰਤੀ ਨਹੀਂ ਸੀ, ਉਹ ਹਮੇਸ਼ਾ ਤੋਂ ਇੱਕ ਸ਼ਹੀਦ ਵੀ ਨਹੀਂ ਸੀਸ਼ਹੀਦ ਹੋਣ ਤੋਂ ਪਹਿਲਾਂ ਉਹ ਤੁਹਾਡੇ ਅਤੇ ਮੇਰੇ ਵਾਂਗ ਇਸ ਧਰਤੀ ਉੱਤੇ ਵਿਚਰਿਆ ਸੀਦੁੱਖ ਹੰਢਾਏ ਸਨ, ਸੁਖ ਮਾਣੇ ਸਨਹੱਸਿਆ, ਰੋਇਆ ਸੀਅਤੇ ਸਭ ਤੋਂ ਵੱਡੀ ਗੱਲ ਕਿ ਉਸਨੇ ਆਪਣੀ ਜ਼ਿੰਦਗੀ ਦੇ ਆਖਰੀ ਤਿੰਨ ਵਰ੍ਹੇ ਇਸ ਤਰ੍ਹਾਂ ਗੁਜ਼ਾਰੇ ਸਨ ਕਿ ਭਾਰਤ ਦੇ ਇਤਿਹਾਸ ਉੱਤੇ ਅਮਿੱਟ ਪੈੜਾਂ ਛੱਡ ਗਿਆ ਸੀਉਹ ਕਿਹੜੀਆਂ ਪੈੜਾਂ ਸਨ, ਕੀ ਅਸੀਂ ਜਾਣਨਾ ਵੀ ਨਹੀਂ ਚਾਹੁੰਦੇ? ਉਹ ਕਿਹੜਾ ਵਿਚਾਰ ਸੀ ਜਿਸ ਲਈ ਉਹ ਫਾਂਸੀ ਚੜ੍ਹਨ ਲਈ ਵੀ ਤਿਆਰ ਹੋ ਗਿਆ, ਇਹ ਜਾਨਣ ਵਿੱਚ ਸਾਡੀ ਕੋਈ ਦਿਲਚਸਪੀ ਨਹੀਂ? ਅਸੀਂ ਸਿਰਫ ਸ਼ਹੀਦ ਨੂੰ ਵਰਤ ਕੇ ਵੋਟਾਂ ਲੈਣੀਆਂ ਚਾਹੁੰਦੇ ਹਾਂ ਜਾਂ ਆਪਣੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਉਸਨੂੰ ਇੱਕ ਹਵਾਲੇ ਦੇ ਤੌਰ ਉੱਤੇ ਵਰਤਣਾ ਚਾਹੁੰਦੇ ਹਾਂ? ਫਿਰ ਚਾਹੇ ਉਹ ਗੱਲ ਉਸਦੀ ਸਮੁੱਚੀ ਵਿਚਾਰਧਾਰਾ ਦੀ ਹੀ ਨਿਖੇਧੀ ਕਿਉਂ ਨਾ ਕਰਦੀ ਹੋਵੇ

ਇੱਕ ਹੋਰ ਗੱਲ ਜਿਸਦੇ ਅਧਾਰ ਉੱਤੇ ਕੁਝ ਧਿਰਾਂ ਭਗਤ ਸਿੰਘ ਨੂੰ ਆਪਣੇ ਰਿੱਛ-ਜੱਫ਼ੇ ਵਿੱਚ ਲੈਣਾ ਚਾਹੁੰਦੀਆਂ ਹਨ ਉਹ ਇਹ ਹੈ ਕਿ ਕਾਂਗਰਸ ਨੇ ਤਾਂ ਕਦੇ ਭਗਤ ਸਿੰਘ ਦੀ ਸਾਰ ਨਹੀਂ ਸੀ ਲਈ, ਅਸੀਂ ਸ਼ਹੀਦ ਨੂੰ ਯਾਦ ਤਾਂ ਕਰ ਰਹੇ ਹਾਂਅਸਲ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦਾ ਸਭ ਤੋਂ ਵੱਡਾ ਨੁਕਸਾਨ ਇਸੇ ਕਰਕੇ ਹੋਇਆ ਹੈ ਕਿਉਂਕਿ ਜਿਸ ਦੌਰ ਵਿੱਚ ਭਗਤ ਸਿੰਘ ਆਪਣਾ ਮੁਕੱਦਮਾ ਲੜ ਰਿਹਾ ਸੀ, ਉਸ ਸਮੇਂ ਵੀ ਉਸਦੇ ਹੱਕ ਵਿੱਚ ਧਰਨੇ, ਮੁਜਾਹਰੇ ਅਤੇ ਭੁੱਖ ਹੜਤਾਲਾਂ ਕਾਂਗਰਸ ਦੀ ਅਗਵਾਈ ਵਿੱਚ ਕੀਤੀਆਂ ਗਈਆਂਭਗਤ ਸਿੰਘ ਦੀ ਆਪਣੀ ਪਾਰਟੀ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਪੁਲਿਸ ਦੀ ਫੜਾ-ਫੜੀ ਕਰਕੇ ਖਿੰਡ-ਪੁੰਡ ਗਈ ਸੀਇਸ ਪਾਰਟੀ ਦਾ ਨੌਜਵਾਨ ਵਿੰਗ ਨੌਜਵਾਨ ਭਾਰਤ ਸਭਾ ਕਾਂਗਰਸ ਦੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਸਾਰੀਆਂ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦਾ ਰਿਹਾਪਰ ਕਾਂਗਰਸ ਆਪਣੇ ਆਕਾਰ ਅਤੇ ਪ੍ਰਚਾਰ ਪੱਖੋਂ ਵੱਡੀ ਪਾਰਟੀ ਸੀਅਤੇ ਨੌਜਵਾਨ ਭਾਰਤ ਸਭਾ ਦੀ ਤਾਕਤ ਇੰਨੀ ਕੁ ਹੀ ਸੀ ਕਿ ਗਾਂਧੀ-ਇਰਵਿਨ ਸਮਝੌਤੇ ਦੌਰਾਨ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਰਿਹਾ ਨਾ ਕਰਵਾ ਸਕਣ ਦੀ ਨਾਕਾਮੀ ਉੱਤੇ ਉਹ ਮਹਾਤਮਾ ਗਾਂਧੀ ਨੂੰ ਕਾਲੇ ਫੁੱਲ ਭੇਂਟ ਕਰ ਸਕਦੇਇਸਦਾ ਇੱਕ ਸਿੱਟਾ ਇਹ ਨਿੱਕਲਿਆ ਕਿ ਲੋਕ ਮਨਾਂ ਵਿੱਚ ਭਗਤ ਸਿੰਘ ਕਾਂਗਰਸੀ ਤਰਜ਼ ਦੇ ਰਾਸ਼ਟਰਵਾਦ ਦੀ ਰੰਗਤ ਵਿੱਚ ਰੰਗਿਆ ਜਾਂਦਾ ਰਿਹਾ, ਜਿਸਦਾ ਸਾਰ ਇਹ ਸੀ ਕਿ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇੱਕ ਅੰਗ੍ਰੇਜ਼ ਪੁਲਿਸ ਅਧਿਕਾਰੀ ਸਾਂਡਰਸ ਨੂੰ ਮਾਰ ਦਿੱਤਾ ਸੀਇਹ ਕਿ ਭਗਤ ਸਿੰਘ ਨੇ ਰਾਸ਼ਟਰੀ ਅਪਮਾਨ ਦਾ ਬਦਲਾ ਲਿਆ ਸੀਇਹ ਕਿ ਉਹ ਬਹਾਦਰ ਸੀ ਅਤੇ ਹੱਸਦੇ-ਹੱਸਦੇ ਫਾਂਸੀ ਚੜ੍ਹ ਗਿਆ ਸੀ

ਪਰ ਭਗਤ ਸਿੰਘ ਉਸ ਸਮੇਂ ਕੀ ਸੋਚ ਰਿਹਾ ਸੀ ਅਤੇ ਆਪਣੀ ਜਾਨ ਦੇ ਬਦਲੇ ਵਿੱਚ ਕੀ ਹਾਸਲ ਕਰਨਾ ਚਾਹੁੰਦਾ ਸੀ? ਭਗਤ ਸਿੰਘ ਨੇ ਇੱਕ ਥਾਂ ਲਿਖਿਆ ਹੈ ਕਿ ਆਪਣੀ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਮੈਂ ਇਸ ਤੋਂ ਵੱਧ ਹੋਰ ਕੀ ਉਮੀਦ ਕਰ ਸਕਦਾ ਹਾਂ ਕਿ ਸਾਡੇ ਯਤਨਾਂ ਨਾਲ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਸਾਰੇ ਦੇਸ਼ ਵਿੱਚ ਗੂੰਜਣ ਲੱਗਾ ਹੈਉਹ ਮੰਨਦਾ ਸੀ ਕਿ ਉਸਦੇ ਸਾਥੀਆਂ ਦੀ ਮਿਲੀ ਜੁਲੀ ਕੁਰਬਾਨੀ ਨੇ ਉਸਨੂੰ ਇਨਕਲਾਬ ਦਾ ਚਿੰਨ੍ਹ ਬਣਾ ਦਿੱਤਾ ਹੈ ਅਤੇ ਉਸਦੀ ਉਮੀਦ ਸੀ ਕਿ ਉਨ੍ਹਾਂ ਦੀ ਇਨਕਲਾਬੀ ਪਾਰਟੀ ਇਸ ਚਿੰਨ੍ਹ ਦੀ ਵਰਤੋਂ ਕਰਕੇ ਦੇਸ਼ ਦੀ ਸਿਆਸਤ ਵਿੱਚ ਪੈਰ ਧਰਾਵਾ ਕਰਨ ਵਿੱਚ ਸਫਲ ਹੋ ਜਾਵੇਗੀਭਗਤ ਸਿੰਘ ਦੀ ਤ੍ਰਾਸਦੀ ਇਹ ਰਹੀ ਕਿ ਭਗਤ ਸਿੰਘ ਦਾ ਬੜਾ ਕੁਝ ਪ੍ਰਵਾਨ ਹੋ ਗਿਆ ਪਰ ਉਸਦਾ ਇਨਕਲਾਬ ਅੱਜ ਵੀ ਲੋਕਾਂ ਨੂੰ ਪਰਵਾਨ ਨਹੀਂ ਹੋ ਸਕਿਆਭਗਤ ਸਿੰਘ ਦੀ ਬਹਾਦਰੀ ਅਤੇ ਦੇਸ਼ ਭਗਤੀ ਹੀ ਲੋਕ ਮਨ ਵਿੱਚ ਆਪਣੀ ਥਾਂ ਬਣਾ ਸਕੀ ਕਿਉਂਕਿ ਉਸ ਸਮੇਂ ਦੀਆਂ ਅਤੇ ਅੱਜ ਦੀਆਂ ਸਿਆਸੀ ਤਾਕਤਾਂ ਇਹੀ ਚਾਹੁੰਦੀਆਂ ਸਨਪਰ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਦੀ ਕਿਸੇ ਮਜ਼ਬੂਤ ਧਿਰ ਨੇ ਬਾਂਹ ਨਹੀਂ ਫੜੀ, ਇਸ ਲਈ ਉਹ ਲੋਕ ਮਨ ਵਿੱਚੋਂ ਵਿਸਾਰ ਦਿੱਤੀ ਗਈ

ਅੱਜ ਲੋਕ ਮਨ ਦੀ ਕਚਹਿਰੀ ਵਿੱਚ ਭਗਤ ਸਿੰਘ ਕਈ ਟੁਕੜਿਆਂ ਵਿੱਚ ਵੰਡਿਆ ਹੋਇਆ ਹਾਜ਼ਰ ਹੁੰਦਾ ਹੈਕੁੰਢੀਆਂ ਮੁੱਛਾਂ ਵਾਲਾ ਭਗਤ ਸਿੰਘ, ਜੱਟਵਾਦੀ ਧੌਂਸ ਨੂੰ ਪਸੰਦ ਹੈ, ਇਸ ਲਈ ਪ੍ਰਵਾਨ ਹੈਪਿਸਤੌਲ ਵਾਲਾ ਭਗਤ ਸਿੰਘ, ਗੈਂਗਸਟਰ ਸੱਭਿਆਚਾਰ ਨੂੰ ਪਸੰਦ ਹੈ, ਇਸ ਲਈ ਪ੍ਰਵਾਨ ਹੈਕੇਸਰੀ ਦਸਤਾਰ ਵਾਲਾ ਭਗਤ ਸਿੰਘ, ਖਾਲਸਤਾਨੀ ਕੱਟੜਪੰਥੀਆਂ ਨੂੰ ਪਸੰਦ ਹੈ, ਇਸ ਲਈ ਪ੍ਰਵਾਨ ਹੈਬਸੰਤੀ ਚੋਲੇ ਵਾਲਾ ਭਗਤ ਸਿੰਘ, ਕੱਟੜ ਹਿੰਦੂਵਾਦੀਆਂ ਨੂੰ ਪਸੰਦ ਹੈ, ਇਸ ਲਈ ਪ੍ਰਵਾਨ ਹੈਇਨਕਾਲਬੀ ਭਗਤ ਸਿੰਘ, ਜੋ ਹਰ ਵਾਰ ਅਦਾਲਤ ਵਿੱਚ ਪੇਸ਼ ਹੋਣ ਵੇਲੇ ਇਨਕਾਲਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਅਤੇ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਲਾਇਆ ਕਰਦਾ ਸੀ, ਕਿਸ ਨੂੰ ਪਸੰਦ ਹੈ, ਕਿਸ ਨੂੰ ਪਰਵਾਨ ਹੈ? ਵਿਚਾਰਾ ਅਸਲੀ ਭਗਤ ਸਿੰਘ ਜੋ ਇਸ ਲਈ ਫਾਂਸੀ ਚੜ੍ਹ ਗਿਆ ਤਾਂ ਕਿ ਉਸਦੀ ਆਵਾਜ਼ ਸਾਡੇ ਬੋਲੇ ਕੰਨਾਂ ਤੱਕ ਪਹੁੰਚ ਸਕੇਕੀ ਅਸੀਂ ਉਸ ਨੂੰ ਸੁਣ ਸਕੇ, ਕੀ ਕਦੇ ਸੁਣ ਸਕਾਂਗੇ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1531)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਨਦੀਪ ਸਿੰਘ ਸੇਖੋਂ

ਅਮਨਦੀਪ ਸਿੰਘ ਸੇਖੋਂ

Assistant Professor (Punjabi University Guru Kashi Campus, Talwandi Sabo, Punjab, India)
Phone: (91 - 70099 - 11489)
Email: (aman60.sekhon@gmail.com)