VargisSalamat7“ਸਹੀ ਉਮੀਦਵਾਰ ਦੀ ਚੋਣ ਕਰਕੇ ਆਪਣੀ ਵੋਟ ਨੂੰ ਦੇਸ਼ ਦੇ ਸੁਨਹਿਰੇ ਭਵਿੱਖ ...”
(24 ਅਕਤੂਬਰ 2026)

 

ਅਮਰੀਕਾ ਦੀਆਂ ਮਿੱਡ-ਟਰਮ ਚੋਣਾਂ ਅਤੇ ਇਜ਼ਰਾਈਲ ਦੀਆਂ ਚੋਣਾਂ ਨੇ ਦੁਨੀਆ ਭਰ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਲੋਕ ਜੰਗ ਜਾਂ ਜੰਗੀ ਕੂਟਨੀਤੀ ਨਹੀਂ, ਸਗੋਂ ਸ਼ਾਂਤੀ ਚਾਹੁੰਦੇ ਹਨ। ਹੁਣੇ-ਹੁਣੇ ਸਰਬੀਆ, ਫਰਾਂਸ, ਬ੍ਰਾਜ਼ੀਲ ਅਤੇ ਇਸ ਤੋਂ ਕੁਝ ਚਿਰ ਪਹਿਲਾਂ ਨਿਪਾਲ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਆਦਿ ਦੇਸ਼ਾਂ ਵਿੱਚ ਜੋ ਕੁਝ ਹੋਇਆ, ਉਸਨੇ ਤਾਨਾਸ਼ਾਹੀ ਮਾਨਸਿਕਤਾ ਅਤੇ ਮਨਸੂਬੇ ਪਾਲਣ ਵਾਲੇ ਦੁਨੀਆ ਭਰ ਦੇ ਹਾਕਮਾਂ ਨੂੰ ਇੱਕ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਵੋਟ, ਜਿਸ ਨੂੰ ਹਾਕਮ ਆਪਣੀ ਤਿਜੌਰੀ ਦਾ ਗਹਿਣਾ ਅਤੇ ਹਕੂਮਤ ਦਾ ਹਥਿਆਰ ਬਣਾਉਣ ਵੱਲ ਤੁਰ ਪਏ ਸਨ, ਲੋਕਾਂ ਨੇ ਉਸ ਸ਼ਕਤੀ ਦੀ ਵਰਤੋਂ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਲੋਕ ਧਰਮਾਂ, ਜਾਤਾਂ, ਨਸਲਾਂ ਅਤੇ ਰੰਗਾਂ ਆਦਿ ਤੋਂ ਉੱਪਰ ਉੱਠ ਕੇ ਮਸਲਿਆਂ ਅਤੇ ਮੁੱਦਿਆਂ ਦੀ ਲੜਾਈ ਲੜਨ ਵੱਲ ਤੁਰ ਪਏ ਹਨ। ਇਨ੍ਹਾਂ ਦੇਸ਼ਾਂ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਅੰਦੋਲਨ ਕਰਕੇ ਸਰਕਾਰਾਂ ਅਤੇ ਹਾਕਮਾਂ ਦੇ ਹੰਕਾਰ ਅਤੇ ਹਉਮੈਂ ਦੇ ਭਰਮ-ਜਾਲ਼ ਨੂੰ ਤੋੜਿਆ ਹੈ। ਇਨ੍ਹਾਂ ਸਾਰੇ ਦੇਸ਼ਾਂ ਵਿੱਚ ਸੱਤਾ ਤਬਦੀਲੀ ਦੇ ਕਾਰਨ ਅਤੇ ਕਾਰਕ ਰਲਦੇ-ਮਿਲਦੇ ਹਨ। ਨੌਜਵਾਨਾਂ ਦੀਆਂ ਉਮੀਦਾਂ, ਭਵਿੱਖ ਅਤੇ ਸੋਚ ਦੀ ਅਣਦੇਖੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਸਰਕਾਰੀ ਪ੍ਰਬੰਧ ਪ੍ਰਤੀ ਲੋਕਾਂ ਦਾ ਰੋਸ ਅਤੇ ਅਸੰਤੋਸ਼ ਇਸਦੇ ਮੁੱਖ ਕਾਰਨ ਹਨ।

ਭਾਰਤ ਵੀ ਅਜਿਹੀਆਂ ਹੀ ਸਮੱਸਿਆਵਾਂ ਨਾਲ ਗ੍ਰਸਤ ਹੈ। ਬਲਕਿ ਇਸ ਤੋਂ ਵੀ ਅੱਗੇ ਐੱਸ.ਆਈ.ਆਰ. ਵਿੱਚ ਵੋਟਾਂ ਦੀ ਕਟੌਤੀ, ਨਕਲੀ ਅਤੇ ਬੋਗਸ ਵੋਟਾਂ ਦੇ ਰਾਜਨੀਤਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਦੇਸ਼ ਦੀਆਂ ਘੱਟਗਿਣਤੀਆਂ ਤਾਂ ਪਹਿਲਾਂ ਹੀ ਧਰਮ-ਆਧਾਰਿਤ ਫਾਸ਼ੀਵਾਦੀ ਚਾਲਾਂ ਤੋਂ ਤੰਗ ਅਤੇ ਪਰੇਸ਼ਾਨ ਹਨ। ਤਬਦੀਲੀ ਨੂੰ ਕਦੇ ਦਬਾਇਆ, ਰੋਕਿਆ ਅਤੇ ਦਫਨਾਇਆ ਨਹੀਂ ਜਾ ਸਕਦਾ, ਕਿਉਂਕਿ ਤਬਦੀਲੀ ਜਾਂ ਬਦਲਾਅ ਕੁਦਰਤ ਦਾ ਅਟੱਲ ਨਿਯਮ ਹੈ। ਜਿਵੇਂ ਸਮੇਂ ਦੇ ਗੇੜ ਨਾਲ ਮੌਸਮ ਵਿੱਚ ਮੌਸਮੀ ਤਬਦੀਲੀਆਂ, ਮਨੁੱਖ ਵਿੱਚ ਸਰੀਰਕ ਤਬਦੀਲੀਆਂ ਅਤੇ ਸਮਾਜ ਵਿੱਚ ਸਮਾਜਿਕ ਤਬਦੀਲੀਆਂ ਆਉਂਦੀਆਂ ਹਨ, ਉਸੇ ਤਰ੍ਹਾਂ ਰਾਜਨੀਤੀ ਵਿੱਚ ਰਾਜਨੀਤਿਕ ਬਦਲਾਅ ਵੀ ਸੁਭਾਵਿਕ ਹਨ। ਇਤਿਹਾਸ ਦੱਸਦਾ ਹੈ ਕਿ ਅੱਜ ਦੀ ਲੋਕਤੰਤਰੀ ਪ੍ਰਣਾਲੀ ਦਾ ਰੂਪ, ਜੋ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਮਕਬੂਲ ਹੈ, ਤਬਦੀਲੀਆਂ ਦਾ ਹੀ ਸਿਲਸਿਲਾ ਅਤੇ ਸਰੂਪ ਹੈ। ਕਬੀਲਾਸ਼ਾਹੀ ਤੋਂ ਰਾਜਾਸ਼ਾਹੀ ਅਤੇ ਰਾਜਾਸ਼ਾਹੀ ਤੋਂ ਵੱਡੇ ਘੋਲਾਂ, ਲੰਮੇ ਸੰਘਰਸ਼ਾਂ ਅਤੇ ਲੱਖਾਂ ਕੁਰਬਾਨੀਆਂ ਰਾਹੀਂ ਲੋਕਸ਼ਾਹੀ ਦਾ ਅੱਜ ਦਾ ਲੋਕਤੰਤਰੀ ਸਰੂਪ ਹੋਂਦ ਵਿੱਚ ਆਇਆ ਹੈ। ਇਸ ਵਿੱਚ ਲੋਕ ਆਪਣੀ ਮਰਜ਼ੀ ਨਾਲ ਆਪਣੇ ਦੇਸ਼ ਦੇ ਸੰਚਾਲਕ ਅਤੇ ਉਨ੍ਹਾਂ ਦੀ ਟੀਮ ਚੁਣਦੇ ਹਨ। ਲੋਕਤੰਤਰੀ ਪ੍ਰਣਾਲੀ ਵਿੱਚ ਸਭ ਤੋਂ ਵੱਡੀ ਸ਼ਕਤੀ ਵੋਟ ਹੈ।

ਵੈਸੇ ਹਰ ਦੇਸ਼, ਭਾਵੇਂ ਉਹ ਲੋਕਤੰਤਰੀ ਹੋਵੇ ਜਾਂ ਗੈਰ-ਲੋਕਤੰਤਰੀ, ਇੱਕ ਗਾਈਡ-ਬੁੱਕ ਅਨੁਸਾਰ ਚਲਦਾ ਹੈ, ਜਿਸ ਅਨੁਸਾਰ ਸ਼ਾਸਨ-ਪ੍ਰਸ਼ਾਸਨ ਚਲਾਇਆ ਜਾਂਦਾ ਹੈ; ਉਸ ਨੂੰ ਦੇਸ਼ ਦਾ ਸੰਵਿਧਾਨ ਕਿਹਾ ਜਾਂਦਾ ਹੈ। ਸਾਡੇ ਵੱਡੇ-ਵਡੇਰਿਆਂ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਸਾਡਾ ਸੰਵਿਧਾਨ ਲੋਕਤੰਤਰੀ ਹੈ। ਲੋਕਤੰਤਰ ਉਹ ਸ਼ਾਸਨ-ਪ੍ਰਣਾਲੀ ਹੈ ਜਿਸ ਵਿੱਚ ਦੇਸ਼ ਦੀ ਅਸਲ ਤਾਕਤ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਲੋਕ ਆਪਣੇ ਪ੍ਰਤੀਨਿਧ ਚੁਣਦੇ ਹਨ ਅਤੇ ਉਨ੍ਹਾਂ ਤੋਂ ਦੇਸ਼ ਦੀ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ਲੈਂਦੇ ਹਨ। ਇਸ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਵੋਟ ਦਾ ਅਧਿਕਾਰ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਵੋਟ ਲੋਕਤੰਤਰ ਦੀ ਚਾਬੀ ਹੈ। ਇਹ ਅਧਿਕਾਰ ਦੇਸ਼ ਦੇ ਹਰ ਨਾਗਰਿਕ ਨੂੰ ਦਿੱਤਾ ਜਾਂਦਾ ਹੈ। ਇਸੇ ਨਾਲ ਲੋਕਤੰਤਰੀ ਸੰਸਦ ਦੇ ਕਿਵਾੜ ਖੁੱਲ੍ਹਦੇ ਹਨ। ਵੋਟ ਮਹਿਜ਼ ਇੱਕ ਪਰਚੀ ਜਾਂ ਬਟਨ ਨਹੀਂ ਹੈ, ਇਹ ਇੱਕ ਅਵਾਜ਼ ਹੈ। ਅਵਾਜ਼ ਇੱਕ ਬਦਲਾਅ ਹੈ ਅਤੇ ਬਦਲਾਅ ਹੀ ਲੋਕਤੰਤਰ ਦੀ ਪਛਾਣ ਹੈ।

ਨਿਪਾਲ ਵਿੱਚ ਸੱਤਾ ਤਬਦੀਲੀ ਅਤੇ ਨੌਜਵਾਨਾਂ ਦੇ ਸੰਘਰਸ਼ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਨਿਪਾਲ ਵਿੱਚ ਸੱਤਾ ਤਬਦੀਲੀ ਲਈ ਹਿੰਸਾ ਹੋਈ, ਦਬਾਅ ਬਣਿਆ ਅਤੇ ਸੰਘਰਸ਼ ਹੋਇਆ। ਪਰ ਨਿਪਾਲ ਵਿੱਚ ਸੱਤਾ ਤਬਦੀਲੀ ਅਤੇ ਰਾਜਨੀਤਿਕ ਹਿੰਸਾ ਨੂੰ ਸਮਝਣ ਲਈ ਉੱਥੋਂ ਦੇ ਰਾਜਨੀਤਿਕ ਇਤਿਹਾਸ, ਨੌਜਵਾਨਾਂ ਦੀਆਂ ਉਮੀਦਾਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਸਰਕਾਰੀ ਪ੍ਰਬੰਧ ਪ੍ਰਤੀ ਲੋਕਾਂ ਦੇ ਅਸੰਤੋਸ਼ ਨੂੰ ਸਮਝਣਾ ਜ਼ਰੂਰੀ ਹੈ। ਉੱਥੇ ਰਾਜਸ਼ਾਹੀ ਦਾ ਅੰਤ, ਗਣਤੰਤਰ ਦੀ ਸਥਾਪਨਾ ਅਤੇ ਵੱਖ-ਵੱਖ ਸਰਕਾਰਾਂ ਦਾ ਬਦਲਣਾ ਕਈ ਸਾਲਾਂ ਦੇ ਸੰਘਰਸ਼ਾਂ ਅਤੇ ਰਾਜਨੀਤਿਕ ਤਬਦੀਲੀਆਂ ਨਾਲ ਜੁੜਿਆ ਹੋਇਆ ਹੈ। ਜੇ ਅਸੀਂ ਹਾਲੀਆ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਾਰਨਾਂ ਨੂੰ ਵੱਖਰੇ ਤੌਰ ’ਤੇ ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਬੇਰੁਜ਼ਗਾਰੀ, ਆਰਥਿਕ ਅਸਮਾਨਤਾ, ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਸੋਸ਼ਲ ਮੀਡੀਆ ’ਤੇ ਪਾਬੰਦੀ ਅਤੇ ਪੁਰਾਣੀ ਰਾਜਨੀਤਿਕ ਲੀਡਰਸ਼ਿੱਪ ਪ੍ਰਤੀ ਨਰਾਜ਼ਗੀ ਨਿਪਾਲ ਵਿੱਚ ਸੱਤਾ ਤਬਦੀਲੀ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਰਹੇ ਹਨ।

ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹੋ ਜਿਹੇ ਮੁੱਦੇ ਭਾਰਤ ਵਿੱਚ ਵੀ ਵੱਡੇ ਵਿਸ਼ਲੇਸ਼ਣ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਮੁੱਦਿਆਂ ਦੇ ਵਿਰੁੱਧ ਰੋਸ ਵੀ ਹੈ ਅਤੇ ਸ਼ਾਂਤਮਈ ਅੰਦੋਲਨ ਲਗਾਤਾਰ ਜਾਰੀ ਹਨ। ਵਿਚਾਰਨ ਵਾਲਾ ਸਵਾਲ ਹੈ ਕਿ ਨਿਪਾਲ ਜਾਂ ਉੱਥੋਂ ਦੇ ਨੌਜਵਾਨ, ਭਾਵ ਜਨਰੇਸ਼ਨ-ਜ਼ੈੱਡ, ਹਿੰਸਕ ਕਿਉਂ ਹੋਏ? ਸ਼ਾਂਤਮਈ ਅੰਦੋਲਨਾਂ ਦੇ ਬਾਵਜੂਦ ਪੁਲਿਸ ਵੱਲੋਂ ਸਖਤ ਰਵਈਆ ਅਪਣਾਉਣ ਅਤੇ 8 ਸਤੰਬਰ 2025 ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ 19 ਲੋਕਾਂ ਦੀ ਮੌਤ ਹੋਣ ਨਾਲ ਲੋਕਾਂ ਦਾ ਗੁੱਸਾ ਹੋਰ ਵਧ ਗਿਆ ਅਤੇ ਅੰਦੋਲਨ ਨੇ ਗੰਭੀਰ ਰੂਪ ਧਾਰਨ ਕਰ ਲਿਆ। ਫਿਰ ਸਰਕਾਰ ਅਤੇ ਨੌਜਵਾਨਾਂ ਵਿਚਕਾਰ ਸੰਵਾਦ ਦੀ ਘਾਟ ਰਹੀ। ਨੌਜਵਾਨਾਂ ਦੀਆਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਣਨ ਅਤੇ ਤਣਾਅ ਘਟਾਉਣ ਵਿੱਚ ਨਾਕਾਮੀ ਨੇ ਹਾਲਾਤ ਵਿਗਾੜਨ ਵਿੱਚ ਭੂਮਿਕਾ ਨਿਭਾਈ, ਜਿਸ ਨਾਲ ਸੰਸਥਾਵਾਂ ਪ੍ਰਤੀ ਭਰੋਸਾ ਵੀ ਘਟਦਾ ਗਿਆ। ਭ੍ਰਿਸ਼ਟਾਚਾਰ ਅਤੇ ਪਿਛਲੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਵਿੱਚ ਜਵਾਬਦੇਹੀ ਦੀ ਘਾਟ ਕਾਰਨ ਲੋਕਾਂ ਦਾ ਪ੍ਰਬੰਧ ਉੱਤੇ ਭਰੋਸਾ ਕਮਜ਼ੋਰ ਹੁੰਦਾ ਗਿਆ ਅਤੇ ਆਖਰਕਾਰ ਸਬਰ ਦਾ ਬੰਨ੍ਹ ਟੁੱਟ ਗਿਆ। ਸ਼੍ਰੀਲੰਕਾ ਵਿੱਚ ਸੱਤਾ ਤਬਦੀਲੀ ਦੇ ਮੁੱਖ ਕਾਰਨ ਅਤੇ ਹਿੰਸਾ ਸ਼੍ਰੀਲੰਕਾ ਵਿੱਚ ਸੱਤਾ ਤਬਦੀਲੀ ਦੇ ਕਾਰਨਾਂ ਨੂੰ ਵੇਖੀਏ ਤਾਂ ਬਹੁਤਾ ਫਰਕ ਨਹੀਂ ਹੈ। ਘਟਨਾਵਾਂ ਦਾ ਅੰਤਰ ਤਾਂ ਰਹੇਗਾ ਹੀ, ਪਰ ਮੁੱਖ ਮੁੱਦੇ ਆਰਥਿਕ ਬਦਇੰਤਜ਼ਾਮੀ, ਭ੍ਰਿਸ਼ਟਾਚਾਰ ਦੇ ਦੋਸ਼, ਪਰਿਵਾਰਵਾਦ, ਲੋਕਾਂ ਦੀਆਂ ਵਧਦੀਆਂ ਮੁਸ਼ਕਲਾਂ ਅਤੇ ਰਾਜਨੀਤਿਕ ਪ੍ਰਬੰਧ ਪ੍ਰਤੀ ਟੁੱਟਦੇ ਭਰੋਸੇ ਨਾਲ ਜੁੜੇ ਹੋਏ ਸਨ।

ਸ਼੍ਰੀਲੰਕਾ ਵਿੱਚ ਸੱਤਾ ਤਬਦੀਲੀ ਨੂੰ ਸਮਝਣ ਲਈ ਦੋ ਵੱਡੀਆਂ ਘਟਨਾਵਾਂ ਨੂੰ ਜੋੜ ਕੇ ਵੇਖਣਾ ਹੋਵੇਗਾ। ਪਹਿਲੀ, 2022 ਦਾ ਆਰਥਿਕ ਸੰਕਟ ਅਤੇ ਜਨਤਕ ਵਿਦਰੋਹ, ਜਿਸ ਕਾਰਨ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਅਹੁਦਾ ਛੱਡਣਾ ਪਿਆ। ਦੂਜੀ, 2024 ਦੀਆਂ ਚੋਣਾਂ, ਜਿਨ੍ਹਾਂ ਰਾਹੀਂ ਲੋਕਾਂ ਨੇ ਅਨੁਰਾ ਕੁਮਾਰਾ ਦਿਸਾਨਾਇਕੇ ਦੀ ਅਗਵਾਈ ਵਿੱਚ ਨਵੀਂ ਰਾਜਨੀਤਿਕ ਤਾਕਤ ਨੂੰ ਸੱਤਾ ਸੰਭਾਲਣ ਦਾ ਮੌਕਾ ਦਿੱਤਾ। ਪਰ ਮਸਲੇ ਅਤੇ ਸੰਕਟ ਜਿਉਂ ਦੇ ਤਿਉਂ ਰਹੇ। ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਅਤੇ ਉਨ੍ਹਾਂ ਦੇ ਭਰਾ ਮਹਿੰਦਾ ਰਾਜਪਕਸ਼ੇ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਦਾ ਸੱਤਾ ਵਿੱਚ ਦਬਦਬਾ ਅਤੇ ਦਖਲਅੰਦਾਜ਼ੀ ਲੋਕਾਂ ਦੇ ਇੱਕ ਵੱਡੇ ਹਿੱਸੇ ਵਿੱਚ ਪਰਿਵਾਰਵਾਦ, ਸੱਤਾ ਦੇ ਕੇਂਦਰੀਕਰਨ ਅਤੇ ਜਵਾਬਦੇਹੀ ਦੀ ਘਾਟ ਪ੍ਰਤੀ ਨਰਾਜ਼ਗੀ ਵਧਾਉਂਦੀ ਗਈ। ਭ੍ਰਿਸ਼ਟਾਚਾਰ ਅਤੇ ਆਰਥਿਕ ਬਦਇੰਤਜ਼ਾਮੀ ਨੇ ਲੋਕਾਂ ਅਤੇ ਦੇਸ਼ ਨੂੰ ਆਰਥਿਕ ਸੰਕਟ ਦੀ ਦਲਦਲ ਵਿੱਚ ਧੱਕ ਦਿੱਤਾ। ਸਰਕਾਰ ਦੀਆਂ ਆਰਥਿਕ ਨੀਤੀਆਂ, ਟੈਕਸਾਂ ਵਿੱਚ ਵੱਡੀਆਂ ਕਟੌਤੀਆਂ ਅਤੇ ਕਰਜ਼ੇ ਦੇ ਪ੍ਰਬੰਧਨ ਨੂੰ ਲੈ ਕੇ ਗੰਭੀਰ ਸਵਾਲ ਉੱਠੇ। ਲੋਕਾਂ ਵਿੱਚ ਇਹ ਧਾਰਨਾ ਮਜ਼ਬੂਤ ਹੋਈ ਕਿ ਰਾਜਨੀਤਿਕ ਲੀਡਰਸ਼ਿੱਪ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਵਿੱਚ ਅਸਫਲ ਰਹੀ ਹੈ।

ਸਾਲ 2019 ਦੇ ਈਸਟਰ ਬੰਬ ਧਮਾਕਿਆਂ ਅਤੇ ਫਿਰ ਕੋਵਿਡ-19 ਮਹਾਂਮਾਰੀ ਨੇ ਇਸ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਸੈਰ-ਸਪਾਟਾ ਘਟਣ ਕਾਰਨ ਵਿਦੇਸ਼ੀ ਆਮਦਨ ਘਟ ਗਈ, ਜਿਸ ਨਾਲ ਪਹਿਲਾਂ ਹੀ ਕਮਜ਼ੋਰ ਆਰਥਿਕਤਾ ਉੱਤੇ ਹੋਰ ਦਬਾਅ ਪਿਆ। ਮਹਿੰਗਾਈ, ਤੇਲ ਦੀ ਕਮੀ, ਬਿਜਲੀ ਕੱਟਾਂ ਅਤੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਅਸਤੀਫੇ ਅਤੇ ਰਾਜਨੀਤਿਕ ਸੁਧਾਰਾਂ ਦੀ ਮੰਗ ਕੀਤੀ। ਸ਼੍ਰੀਲੰਕਾ ਵਿੱਚ ਸੱਤਾ ਤਬਦੀਲੀ ਦਾ ਮੁੱਖ ਕਾਰਨ ਮਹਿਜ਼ ਆਰਥਿਕ ਸੰਕਟ ਨਹੀਂ ਸੀ, ਸਗੋਂ ਆਰਥਿਕ ਬਦਇੰਤਜ਼ਾਮੀ, ਰਾਜਨੀਤਿਕ ਪਰਿਵਾਰਵਾਦ, ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਲੋਕਾਂ ਦੇ ਟੁੱਟਦੇ ਭਰੋਸੇ ਦਾ ਸਾਂਝਾ ਨਤੀਜਾ ਸੀ।

2022 ਦੇ ਅੰਦੋਲਨ ਨੇ ਪੁਰਾਣੀ ਲੀਡਰਸ਼ਿੱਪ ਨੂੰ ਸੱਤਾ ਛੱਡਣ ਲਈ ਮਜਬੂਰ ਕੀਤਾ, ਜਦਕਿ 2024 ਦੀਆਂ ਚੋਣਾਂ ਨੇ ਨਵੀਂ ਲੀਡਰਸ਼ਿੱਪ ਨੂੰ ਲੋਕਤੰਤਰੀ ਮਾਨਤਾ ਦਿੱਤੀ। ਗੱਲ ਸਪਸ਼ਟ ਹੈ ਕਿ ਜਦੋਂ ਸਰਕਾਰ ਲੋਕਾਂ ਦੀਆਂ ਬੁਨਿਆਦੀ ਲੋੜਾਂ ਅਤੇ ਉਨ੍ਹਾਂ ਦੀ ਅਵਾਜ਼ ਨੂੰ ਅਣਡਿੱਠਾ ਕਰਦੀ ਹੈ ਤਾਂ ਰਾਜਨੀਤਿਕ ਸੰਕਟ ਡੂੰਘਾ ਹੋ ਸਕਦਾ ਹੈ। ਲੋਕਤੰਤਰ ਦੀ ਅਸਲ ਤਾਕਤ ਲੋਕਾਂ ਦੇ ਭਰੋਸੇ, ਜਵਾਬਦੇਹ ਸ਼ਾਸਨ ਅਤੇ ਸ਼ਾਂਤਮਈ ਢੰਗ ਨਾਲ ਤਬਦੀਲੀ ਲਿਆਉਣ ਦੀ ਸਮਰੱਥਾ ਵਿੱਚ ਹੈ।

ਬੰਗਲਾਦੇਸ਼ ਵਿੱਚ ਸੱਤਾ ਤਬਦੀਲੀ

ਬੰਗਲਾਦੇਸ਼ ਵਿੱਚ ਸੱਤਾ ਬਦਲਾਅ ਵੀ ਵਿਦਿਆਰਥੀਆਂ ਦੇ ਇੱਕ ਮੁੱਦੇ ਤੋਂ ਸ਼ੁਰੂ ਹੋਇਆ ਅਤੇ ਜਨ-ਅੰਦੋਲਨ ਵਿੱਚ ਬਦਲ ਗਿਆ। ਦੇਖਦੇ ਹੀ ਦੇਖਦੇ ਅੰਦੋਲਨ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਲੋਕਤੰਤਰੀ ਅਧਿਕਾਰਾਂ ਅਤੇ ਸਰਕਾਰੀ ਜਬਰ ਵਿਰੁੱਧ ਦੇਸ਼-ਵਿਆਪੀ ਵਿਦਰੋਹ ਵਿੱਚ ਬਦਲ ਗਿਆ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫਤਰ ਨੇ 2024 ਦੇ ਜੁਲਾਈ-ਅਗਸਤ ਸੰਕਟ ਦੌਰਾਨ ਵੱਡੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਰਜ ਕੀਤੀ। ਇੱਕ ਮਹੱਤਵਪੂਰਨ ਤਬਦੀਲੀ ਇਹ ਵੀ ਹੈ ਕਿ 2024 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿਗਣ ਤੋਂ ਬਾਅਦ ਮੁਹੰਮਦ ਯੂਨਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਬਣੀ ਅਤੇ ਫਿਰ ਫਰਵਰੀ 2026 ਦੀਆਂ ਚੋਣਾਂ ਤੋਂ ਬਾਅਦ ਤਾਰਿਕ ਰਹਿਮਾਨ ਦੀ ਅਗਵਾਈ ਹੇਠ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਸਰਕਾਰ ਬਣੀ। 2024 ਵਿੱਚ ਵਿਦਿਆਰਥੀ ਅੰਦੋਲਨ ਦਾ ਤਤਕਾਲੀ ਕਾਰਨ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੀ ਵਿਵਸਥਾ ਸੀ। 1971 ਦੀ ਅਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਵਾਲਿਆਂ ਦੇ ਵੰਸ਼ਜਾਂ ਲਈ 30 ਫੀਸਦੀ ਨੌਕਰੀਆਂ ਰਾਖਵੀਆਂ ਕਰਨ ਦੀ ਵਿਵਸਥਾ ਮੁੜ ਬਹਾਲ ਕੀਤੇ ਜਾਣ ਨਾਲ ਵਿਦਿਆਰਥੀਆਂ ਵਿੱਚ ਰੋਸ ਵਧਿਆ। ਉਹ ਚਾਹੁੰਦੇ ਸਨ ਕਿ ਭਰਤੀ ਵਿੱਚ ਯੋਗਤਾ ਨੂੰ ਵਧੇਰੇ ਮਹੱਤਵ ਦਿੱਤਾ ਜਾਵੇ। ਮਹਿੰਗਾਈ, ਆਰਥਿਕ ਅਸਮਾਨਤਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਲੰਮੇ ਸਮੇਂ ਤੋਂ ਸੱਤਾ ਵਿੱਚ ਰਹਿਣ ਕਾਰਨ ਪੈਦਾ ਹੋਈ ਨਰਾਜ਼ਗੀ ਨੇ ਵਿਦਿਆਰਥੀ ਅੰਦੋਲਨ ਨੂੰ ਜਨਤਕ ਵਿਦਰੋਹ ਵਿੱਚ ਬਦਲ ਦਿੱਤਾ।

ਬੰਗਲਾਦੇਸ਼ ਵਿੱਚ ਵੀ ਹਿੰਸਾ ਦੇ ਮੁੱਖ ਕਾਰਨਾਂ ਵਿੱਚ ਵਿਦਿਆਰਥੀਆਂ ਉੱਤੇ ਸਖਤ ਕਾਰਵਾਈ ਅਤੇ ਸਰਕਾਰ ਵਿਰੁੱਧ ਵਿਆਪਕ ਰੋਸ ਸ਼ਾਮਲ ਸਨ। ਇਸ ਦੌਰਾਨ ਬਦਲੇ ਦੀ ਹਿੰਸਾ ਅਤੇ ਘੱਟਗਿਣਤੀਆਂ ਵਿਰੁੱਧ ਵੀ ਹਮਲੇ ਹੋਏ, ਜਿਸ ਨਾਲ ਸਰਕਾਰ ਦਾ ਪਤਨ ਹੋਣਾ ਲਗਭਗ ਨਿਸ਼ਚਿਤ ਹੋ ਗਿਆ। ਬੰਗਲਾਦੇਸ਼ ਦੀ ਘਟਨਾ ਤੋਂ ਸਬਕ ਲੈਣੇ ਬਣਦੇ ਹਨ ਕਿ ਨੌਜਵਾਨਾਂ ਦੀ ਅਵਾਜ਼ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ। ਸਿੱਖਿਆ, ਰੁਜ਼ਗਾਰ ਅਤੇ ਬਰਾਬਰ ਮੌਕਿਆਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰੀ ਜਬਰ ਸੰਕਟ ਨੂੰ ਹੋਰ ਗੰਭੀਰ ਬਣਾ ਸਕਦਾ ਹੈ। ਸ਼ਾਂਤਮਈ ਵਿਰੋਧ ਦਾ ਜਵਾਬ ਸੰਵਾਦ ਅਤੇ ਕਾਨੂੰਨੀ ਪ੍ਰਕਿਰਿਆ ਰਾਹੀਂ ਦੇਣਾ ਚਾਹੀਦਾ ਹੈ। ਲੋਕਤੰਤਰ ਸਿਰਫ ਚੋਣਾਂ ਦਾ ਨਾਮ ਨਹੀਂ ਹੋਣਾ ਚਾਹੀਦਾ। ਆਜ਼ਾਦ ਮੀਡੀਆ, ਸੁਤੰਤਰ ਨਿਆਂਪਾਲਿਕਾ, ਵਿਰੋਧੀ ਧਿਰ ਦੇ ਅਧਿਕਾਰ ਅਤੇ ਨਿਰਪੱਖ ਚੋਣਾਂ ਆਦਿ ਲੋਕਤੰਤਰ ਦੇ ਗੁਲਦਸਤੇ ਦੇ ਸੁੱਚੇ ਫੁੱਲ ਹਨ।

ਫਰਾਂਸ ਵਿੱਚ ਰਾਜਨੀਤਿਕ ਅਸਥਿਰਤਾ ਅਤੇ ਸੱਤਾ ਤਬਦੀਲੀ

ਫਰਾਂਸ ਦਾ ਇਤਿਹਾਸਕ ਪਿਛੋਕੜ ਇੱਕ ਮਹਾਨ ਸ਼ਕਤੀ ਵਜੋਂ ਰਿਹਾ ਹੈ। ਅੱਜ ਵੀ ਇਹ ਦੇਸ਼ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਹੈ ਅਤੇ ਵੀਟੋ ਸ਼ਕਤੀ ਪ੍ਰਾਪਤ ਹੈ। ਅਜਿਹਾ ਦੇਸ਼ ਵੀ ਰਾਜਨੀਤਿਕ ਅਸਥਿਰਤਾ ਦਾ ਸ਼ਿਕਾਰ ਹੋਇਆ ਹੈ। ਫਰਾਂਸ ਦੀ ਰਾਜਨੀਤਿਕ ਸਥਿਤੀ ਨੂੰ ਸਮਝਣ ਲਈ ਇੱਕ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ 2024-2025 ਵਿੱਚ ਫਰਾਂਸ ਵਿੱਚ ਸਰਕਾਰਾਂ ਬਦਲੀਆਂ ਅਤੇ ਰਾਜਨੀਤਿਕ ਅਸਥਿਰਤਾ ਵਧੀ, ਪਰ ਇਹ ਸ਼੍ਰੀਲੰਕਾ ਜਾਂ ਬੰਗਲਾਦੇਸ਼ ਵਾਂਗ ਜਨਤਕ ਵਿਦਰੋਹ ਰਾਹੀਂ ਰਾਸ਼ਟਰਪਤੀ ਨੂੰ ਅਹੁਦਾ ਛੱਡਣ ਲਈ ਮਜਬੂਰ ਕਰਨ ਵਾਲੀ ਸੱਤਾ ਤਬਦੀਲੀ ਨਹੀਂ ਸੀ। ਫਰਾਂਸ ਵਿੱਚ ਸੰਸਦੀ ਚੋਣਾਂ, ਬੇਭਰੋਸਗੀ ਮਤੇ, ਬਜਟ ਬਾਰੇ ਟਕਰਾਅ ਅਤੇ ਵੱਖ-ਵੱਖ ਰਾਜਨੀਤਿਕ ਧਿਰਾਂ ਵਿਚਕਾਰ ਅਸਹਿਮਤੀ ਇਸ ਸੰਕਟ ਦੇ ਮੁੱਖ ਹਿੱਸੇ ਰਹੇ ਹਨ। ਇਸ ਤੋਂ ਇਲਾਵਾ ਪੈਨਸ਼ਨ ਸੁਧਾਰਾਂ ਵਿਰੁੱਧ ਪ੍ਰਦਰਸ਼ਨਾਂ ਨੇ ਆਰਥਿਕ ਅਸਮਾਨਤਾ, ਮਹਿੰਗਾਈ ਅਤੇ ਸਰਕਾਰ ਦੀਆਂ ਨੀਤੀਆਂ ਪ੍ਰਤੀ ਲੋਕਾਂ ਦੀ ਨਰਾਜ਼ਗੀ ਨੂੰ ਉਜਾਗਰ ਕੀਤਾ। ਸਾਲ 2018 ਵਿੱਚ ਸ਼ੁਰੂ ਹੋਏ ਯੈਲੋ ਵੈਸਟਸ ਅੰਦੋਲਨ ਦਾ ਤਤਕਾਲੀ ਕਾਰਨ ਈਂਧਨ ਟੈਕਸ ਵਿੱਚ ਵਾਧਾ ਸੀ। ਪਰ ਇਸਦੇ ਪਿੱਛੇ ਰਹਿਣ-ਸਹਿਣ ਦੇ ਵਧਦੇ ਖਰਚੇ, ਘੱਟ ਆਮਦਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਇਹ ਧਾਰਨਾ ਵੀ ਸੀ ਕਿ ਸਰਕਾਰੀ ਨੀਤੀਆਂ ਦਾ ਬੋਝ ਆਮ ਲੋਕਾਂ ਉੱਤੇ ਵੱਧ ਪੈਂਦਾ ਹੈ।

2023 ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਨੇ ਰਿਟਾਇਰਮੈਂਟ ਦੀ ਉਮਰ 62 ਤੋਂ ਵਧਾ ਕੇ 64 ਸਾਲ ਕਰਨ ਦਾ ਸੁਧਾਰ ਲਿਆਂਦਾ। ਮਜ਼ਦੂਰ ਯੂਨੀਅਨਾਂ ਅਤੇ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੇ ਇਸਦਾ ਵਿਰੋਧ ਕੀਤਾ। ਸਰਕਾਰ ਵੱਲੋਂ ਸੰਸਦ ਵਿੱਚ ਆਮ ਵੋਟਿੰਗ ਤੋਂ ਬਿਨਾਂ ਕਾਨੂੰਨ ਪਾਸ ਕਰਵਾਉਣ ਨਾਲ ਵੀ ਰੋਸ ਵਧਿਆ। ਕਰਜ਼ਾ, ਘਾਟੇ ਦਾ ਬਜਟ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਵੀ ਸੱਤਾ ਤਬਦੀਲੀ ਦੇ ਕਾਰਨ ਬਣੇ। 2025 ਵਿੱਚ ਪ੍ਰਧਾਨ ਮੰਤਰੀ ਫਰਾਂਸਵਾ ਬੈਰੂ ਦੀ ਸਰਕਾਰ ਨੇ ਸਰਕਾਰੀ ਕਰਜ਼ੇ ਅਤੇ ਬਜਟ ਘਾਟੇ ਨੂੰ ਘਟਾਉਣ ਲਈ ਖਰਚਿਆਂ ਵਿੱਚ ਵੱਡੀਆਂ ਕਟੌਤੀਆਂ ਦਾ ਪ੍ਰਸਤਾਵ ਰੱਖਿਆ। ਵਿਰੋਧੀ ਪਾਰਟੀਆਂ ਨੇ ਇਸਦਾ ਵਿਰੋਧ ਕੀਤਾ। 8 ਸਤੰਬਰ 2025 ਨੂੰ ਬੈਰੂ ਭਰੋਸੇ ਦੀ ਵੋਟ ਹਾਰ ਗਏ ਅਤੇ ਉਨ੍ਹਾਂ ਦੀ ਸਰਕਾਰ ਡਿਗ ਗਈ।

ਫਰਾਂਸ ਵਿੱਚ ਰਾਜਨੀਤਿਕ ਅਸਥਿਰਤਾ ਦੇ ਮੁੱਖ ਕਾਰਨ ਆਰਥਿਕ ਦਬਾਅ, ਪੈਨਸ਼ਨ ਸੁਧਾਰਾਂ ਵਿਰੁੱਧ ਨਰਾਜ਼ਗੀ, ਸੰਸਦੀ ਬਹੁਮਤ ਦੀ ਘਾਟ, ਬਜਟ ਵਿਵਾਦ ਅਤੇ ਵੱਖ-ਵੱਖ ਰਾਜਨੀਤਿਕ ਧਿਰਾਂ ਵਿਚਕਾਰ ਸਹਿਮਤੀ ਦੀ ਕਮੀ ਰਹੇ ਹਨ। ਦੂਜੇ ਪਾਸੇ, ਹਿੰਸਕ ਘਟਨਾਵਾਂ ਦੇ ਪਿੱਛੇ ਵੱਖਰੇ ਕਾਰਨ ਸਨ। ਕਿਤੇ ਆਰਥਿਕ ਨਰਾਜ਼ਗੀ, ਕਿਤੇ ਪੁਲਿਸ ਕਾਰਵਾਈ ਅਤੇ ਕਿਤੇ ਸਮਾਜਿਕ ਤਣਾਅ ਵੀ ਕਾਰਨ ਬਣੇ। ਸਮੇਂ ਦੀਆਂ ਸਰਕਾਰਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਲੋਕਤੰਤਰ ਦੀ ਮਜ਼ਬੂਤੀ ਸਿਰਫ ਚੋਣਾਂ ਕਰਵਾਉਣ ਨਾਲ ਨਹੀਂ, ਸਗੋਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ, ਸੰਸਦ ਵਿੱਚ ਸਹਿਮਤੀ ਬਣਾਉਣ, ਸਰਕਾਰੀ ਕਾਰਵਾਈ ਨੂੰ ਜਵਾਬਦੇਹ ਰੱਖਣ ਅਤੇ ਅਸਹਿਮਤੀ ਦਾ ਸ਼ਾਂਤਮਈ ਹੱਲ ਲੱਭਣ ਨਾਲ ਹੁੰਦੀ ਹੈ।

ਸਰਬੀਆ ਵਿੱਚ ਨੌਜਵਾਨ ਪੀੜ੍ਹੀ ਦਾ ਸੰਘਰਸ਼

ਸਰਬੀਆ ਦੀ ਨੌਜਵਾਨ ਪੀੜ੍ਹੀ ਨੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਬਾਰੇ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਦੀ ਅਜਿਹੀ ਉਦਾਹਰਨ ਕਾਇਮ ਕੀਤੀ ਹੈ, ਜਿਸਨੇ ਦੁਨੀਆ ਦੀ ਜਨਰੇਸ਼ਨ-ਜ਼ੈੱਡ, ਜਨਰੇਸ਼ਨ-ਅਲਫਾ ਅਤੇ ਸੰਵੇਦਨਸ਼ੀਲ ਲੋਕਾਂ ਨੂੰ ਹੈਰਾਨ ਵੀ ਕੀਤਾ ਹੈ ਅਤੇ ਖੁਸ਼ ਵੀ। ਸਰਬੀਆ ਵਿੱਚ ਸੱਤਾ ਤਬਦੀਲੀ ਦੇ ਮੁੱਖ ਕਾਰਨਾਂ ਵਿੱਚ ਸਰਕਾਰਾਂ ਦਾ ਭ੍ਰਿਸ਼ਟਾਚਾਰ, ਗੈਰ-ਜ਼ਿੰਮੇਵਾਰਾਨਾ ਰਵਈਆ, ਅਪਾਰਦਰਸ਼ਤਾ ਅਤੇ ਬੇਪਰਵਾਹੀ ਸ਼ਾਮਲ ਸਨ।

ਸਰਬੀਆ ਵਿੱਚ 2024 ਦੇ ਅੰਤ ਤੋਂ ਸ਼ੁਰੂ ਹੋਏ ਵਿਦਿਆਰਥੀ ਅੰਦੋਲਨ ਨੇ ਭ੍ਰਿਸ਼ਟਾਚਾਰ, ਸਰਕਾਰੀ ਜਵਾਬਦੇਹੀ ਅਤੇ ਲੋਕਤੰਤਰ ਦੀ ਹਾਲਤ ਬਾਰੇ ਵੱਡੇ ਸਵਾਲ ਖੜ੍ਹੇ ਕੀਤੇ। ਇਸ ਅੰਦੋਲਨ ਦੀ ਸ਼ੁਰੂਆਤ ਇੱਕ ਭਿਆਨਕ ਰੇਲਵੇ ਸਟੇਸ਼ਨ ਹਾਦਸੇ ਤੋਂ ਹੋਈ। ਪਹਿਲੀ ਨਵੰਬਰ 2024 ਨੂੰ ਨੋਵੀ ਸਾਦ ਰੇਲਵੇ ਸਟੇਸ਼ਨ ਦੀ ਨਵੀਂ ਮੁਰੰਮਤ ਕੀਤੀ ਇਮਾਰਤ ਦਾ ਕੰਕਰੀਟ ਛੱਜਾ ਡਿਗ ਗਿਆ। ਇਸ ਹਾਦਸੇ ਵਿੱਚ 16 ਲੋਕਾਂ ਦੀ ਮੌਤ ਹੋ ਗਈ। ਲੋਕਾਂ ਨੇ ਮੰਗ ਕੀਤੀ ਕਿ ਹਾਦਸੇ ਦੇ ਅਸਲ ਕਾਰਨ ਸਾਹਮਣੇ ਲਿਆਂਦੇ ਜਾਣ, ਨਿਰਮਾਣ ਅਤੇ ਨਿਗਰਾਨੀ ਵਿੱਚ ਹੋਈਆਂ ਸੰਭਾਵਿਤ ਲਾਪਰਵਾਹੀਆਂ ਦੀ ਜਾਂਚ ਹੋਵੇ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਵਿਦਿਆਰਥੀਆਂ ਦੀ ਅਗਵਾਈ ਅਤੇ ਲੋਕਾਂ ਦੀ ਵਧਦੀ ਸ਼ਮੂਲੀਅਤ ਕਾਰਨ ਯੂਨੀਵਰਸਿਟੀਆਂ ਵਿੱਚ ਰੋਸ, ਕਲਾਸਾਂ ਦੇ ਬਾਈਕਾਟ ਅਤੇ ਸੜਕਾਂ ਉੱਤੇ ਸ਼ਾਂਤਮਈ ਪ੍ਰਦਰਸ਼ਨਾਂ ਤੋਂ ਸ਼ੁਰੂ ਹੋਈ ਲਹਿਰ ਵਿੱਚ ਅਧਿਆਪਕਾਂ, ਕਿਸਾਨਾਂ, ਵਕੀਲਾਂ ਅਤੇ ਹੋਰ ਨਾਗਰਿਕਾਂ ਨੇ ਵੀ ਹਿੱਸਾ ਲਿਆ। ਅੰਦੋਲਨ ਨੇ ਇੱਕ ਹਾਦਸੇ ਲਈ ਇਨਸਾਫ ਦੀ ਮੰਗ ਨੂੰ ਵਿਆਪਕ ਸਰਕਾਰੀ ਜਵਾਬਦੇਹੀ ਅਤੇ ਰਾਜਨੀਤਿਕ ਸੁਧਾਰਾਂ ਨਾਲ ਜੋੜ ਦਿੱਤਾ। ਸਮੇਂ ਨਾਲ ਇਹ ਸਰਕਾਰ ਵਿਰੁੱਧ ਵਿਆਪਕ ਰਾਜਨੀਤਿਕ ਲਹਿਰ ਬਣ ਗਿਆ।

ਭਾਰਤ ਵਿੱਚ ਕਿਸਾਨੀ ਅੰਦੋਲਨ ਵਾਂਗ ਸਰਬੀਆ ਵਿੱਚ ਵੀ ਜਨਤਕ ਦਬਾਅ ਅੱਗੇ ਹਕੂਮਤ ਨੂੰ ਝੁਕਣਾ ਪਿਆ। ਨਤੀਜੇ ਵਜੋਂ ਲਗਾਤਾਰ ਪ੍ਰਦਰਸ਼ਨਾਂ ਦੌਰਾਨ ਪ੍ਰਧਾਨ ਮੰਤਰੀ ਮਿਲੋਸ਼ ਵੂਚੇਵਿਚ ਨੇ 28 ਜਨਵਰੀ 2025 ਨੂੰ ਅਸਤੀਫਾ ਦੇ ਦਿੱਤਾ। ਅਕਤੂਬਰ 2026 ਦੀਆਂ ਚੋਣਾਂ ਬਾਰੇ ਤਾਜ਼ਾ ਰਿਪੋਰਟਾਂ ਮੁਤਾਬਿਕ ਵਿਦਿਆਰਥੀਆਂ ਦੀ ਹਿਮਾਇਤ ਵਾਲੀ ਸੂਚੀ ਨੇ ਲੰਮੇ ਸਮੇਂ ਤੋਂ ਸੱਤਾ ਵਿੱਚ ਪ੍ਰਭਾਵਸ਼ਾਲੀ ਰਹੀ ਅਲੈਗਜ਼ੈਂਡਰ ਵੂਚਿਚ ਦੀ ਪਾਰਟੀ ਨੂੰ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ। ਗੌਰਤਲਬ ਹੈ ਕਿ ਭਾਰਤ ਵਿੱਚ ਅਜਿਹੇ ਰੇਲ ਹਾਦਸਿਆਂ ਅਤੇ ਕਈ ਇਮਾਰਤਾਂ ਦੀਆਂ ਛੱਤਾਂ ਡਿਗਣ ਨਾਲ ਵਿਦਿਆਰਥੀ, ਬੱਚੇ, ਬਜ਼ੁਰਗ ਅਤੇ ਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ। ਲੋਕਾਂ ਵੱਲੋਂ ਦਬਾਅ ਬਣਾਉਣ ’ਤੇ ਵੀ ਕਈ ਵਾਰ ਜਵਾਬਦੇਹੀ ਤੈਅ ਨਹੀਂ ਹੁੰਦੀ। ਉਲਟਾ ਹਿੰਦੂ-ਮੁਸਲਿਮ ਅਤੇ ਜਾਤ-ਪਾਤ ਦੀ ਰਾਜਨੀਤੀ ਨਾਲ ਮਸਲੇ ਮਿੱਟੀ ਵਿੱਚ ਰੋਲ ਦਿੱਤੇ ਜਾਂਦੇ ਹਨ।

ਲੋਕਤੰਤਰ ਵਿੱਚ ਵੋਟ ਦੀ ਅਹਿਮੀਅਤ ਵਿਸ਼ਵ ਦੇ ਜਿੰਨੇ ਵੀ ਦੇਸ਼ਾਂ ਵਿੱਚ ਸੱਤਾ ਤਬਦੀਲੀਆਂ ਹੋ ਰਹੀਆਂ ਹਨ ਜਾਂ ਹੋ ਚੁੱਕੀਆਂ ਹਨ, ਉਹ ਸੱਤਾ ਦੀਆਂ ਬੇਨਿਯਮੀਆਂ, ਬਦਇੰਤਜ਼ਾਮੀਆਂ ਅਤੇ ਗੈਰ-ਜ਼ਿੰਮੇਵਾਰੀਆਂ ਦੇ ਨਤੀਜੇ ਹਨ। ਹਾਕਮਾਂ ਦਾ ਅੜੀਅਲ ਰਵਈਆ ਅਤੇ ਮੈਂ ਹੀ ਹਾਂ ਵਾਲਾ ਹੰਕਾਰ ਦੇਸ਼ਾਂ ਅਤੇ ਲੋਕਾਂ ਦਾ ਹਰ ਪੱਖੋਂ ਨੁਕਸਾਨ ਕਰਦਾ ਹੈ। ਪਿਛਲੇ ਪੰਜ-ਛੇ ਮਹੀਨਿਆਂ ਤੋਂ ਭਾਰਤ ਦੇ ਨੌਜਵਾਨ ਸਰਬੀਆ, ਫਰਾਂਸ, ਬੰਗਲਾਦੇਸ਼, ਨਿਪਾਲ ਅਤੇ ਸ਼੍ਰੀਲੰਕਾ ਆਦਿ ਦੇਸ਼ਾਂ ਵਾਂਗ ਸੜਕਾਂ ਉੱਤੇ ਅੰਦੋਲਨ ਕਰ ਰਹੇ ਹਨ। ਲੋਕਾਂ ਦਾ ਚੋਣਾਂ ਅਤੇ ਚੋਣ ਕਮਿਸ਼ਨ ਦੀਆਂ ਨੀਤੀਆਂ ਵਿੱਚ ਭਰੋਸਾ ਘਟਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵੋਟਾਂ ਪ੍ਰਤੀ ਲੋਕਾਂ ਨੂੰ ਨਵੇਂ ਢੰਗਾਂ ਨਾਲ ਆਪਣੇ ਨਾਲ ਜੋੜਨ ਦੀ ਬਜਾਏ ਵੋਟ ਚੋਰੀ ਕਰਕੇ ਵੋਟ ਲੈਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਚੋਣਾਂ ਦੇ ਸਮੇਂ ਪੈਸੇ, ਤੋਹਫਿਆਂ, ਝੂਠੇ ਵਾਅਦਿਆਂ ਜਾਂ ਹੋਰ ਲਾਲਚਾਂ ਰਾਹੀਂ ਵੋਟਰ ਨੂੰ ਪ੍ਰਭਾਵਿਤ ਕਰਨਾ ਲੋਕਤੰਤਰ ਲਈ ਖਤਰਨਾਕ ਹੈ। ਕੁਝ ਪਲਾਂ ਦੇ ਲਾਭ ਲਈ ਆਪਣੀ ਵੋਟ ਵੇਚ ਦੇਣਾ ਅਸਲ ਵਿੱਚ ਆਪਣੇ ਭਵਿੱਖ ਨਾਲ ਸਮਝੌਤਾ ਕਰਨਾ ਹੈ। ਵੋਟ ਨੂੰ ਵੇਚਣਾ ਲੋਕਤੰਤਰ ਨੂੰ ਕਮਜ਼ੋਰ ਕਰਨਾ ਹੈ। ਇੱਕ ਛੋਟਾ ਲਾਲਚ ਕੁਝ ਸਮੇਂ ਲਈ ਖੁਸ਼ੀ ਦੇ ਸਕਦਾ ਹੈ, ਪਰ ਇੱਕ ਗਲਤ ਫੈਸਲੇ ਦਾ ਪ੍ਰਭਾਵ ਸਾਲਾਂ ਤਕ ਪੂਰੇ ਸਮਾਜ ਨੂੰ ਸਹਿਣਾ ਪੈ ਸਕਦਾ ਹੈ। ਇਸ ਲਈ ਸਾਡੀ ਵੋਟ ਨਾ ਵਿਕਣ ਵਾਲੀ, ਨਾ ਡਰਨ ਵਾਲੀ ਅਤੇ ਨਾ ਝੁਕਣ ਵਾਲੀ ਹੋਣੀ ਚਾਹੀਦੀ ਹੈ।

ਅਸਲ ਵਿੱਚ ਵੋਟ ਲੋਕਤੰਤਰ ਦੀ ਉਹ ਚਾਬੀ ਹੈ ਜੋ ਲੋਕਾਂ ਨੂੰ ਆਪਣੇ ਭਵਿੱਖ ਦਾ ਦਰਵਾਜ਼ਾ ਖੋਲ੍ਹਣ ਦੀ ਤਾਕਤ ਦਿੰਦੀ ਹੈ। ਜੇ ਇਹ ਚਾਬੀ ਸਹੀ ਹੱਥਾਂ ਵਿੱਚ ਹੋਵੇ ਤਾਂ ਦੇਸ਼ ਤਰੱਕੀ, ਖੁਸ਼ਹਾਲੀ ਅਤੇ ਨਿਆਂ ਦੇ ਰਾਹ ’ਤੇ ਅੱਗੇ ਵਧ ਸਕਦਾ ਹੈ। ਇਸ ਲਈ ਸਾਨੂੰ ਆਪਣੀ ਵੋਟ ਦੀ ਕੀਮਤ ਪਛਾਣਨੀ ਚਾਹੀਦੀ ਹੈ। ਨਾ ਵੋਟ ਵੇਚਣੀ ਹੈ, ਨਾ ਵੋਟ ਤੋਂ ਡਰਨਾ ਹੈ ਅਤੇ ਨਾ ਹੀ ਵੋਟ ਪਾਉਣ ਤੋਂ ਉਦਾਸੀਨ ਹੋਣਾ ਹੈ। ਸਹੀ ਉਮੀਦਵਾਰ ਦੀ ਚੋਣ ਕਰਕੇ ਆਪਣੀ ਵੋਟ ਨੂੰ ਦੇਸ਼ ਦੇ ਸੁਨਹਿਰੇ ਭਵਿੱਖ ਦੀ ਨੀਂਹ ਬਣਾਉਣਾ ਹੀ ਸੱਚੇ ਨਾਗਰਿਕ ਦਾ ਫਰਜ਼ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਵਰਗਿਸ ਸਲਾਮਤ

ਵਰਗਿਸ ਸਲਾਮਤ

Phone: (91 - 98782 - 61522)
Email: (wargisalamat@gmail.com)

More articles from this author