VargisSalamat7“ਭਗਤ ਸਿੰਘ ਨੂੰ ਸਿਰਫ ਸ਼ਰਧਾਂਜਲੀ ਭੇਟ ਕਰਨਾ ਕਾਫੀ ਨਹੀਂ ਹੈ; ਜੇਕਰ ਅਸੀਂ ...”BhagatSinghShaheedC
(28 ਸਤੰਬਰ 2026)

BhagatSinghShaheedC

ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਮ ਸੁਣਦਿਆਂ ਹੀ ਅੱਖਾਂ ਅੱਗੇ 23 ਸਾਲ 5 ਮਹੀਨੇ 26 ਦਿਨ ਦਾ ਨੌਜਵਾਨ ਜੋ ਅੱਜ ਦੀ ਯੁਗ ਵਿੱਚ ਜਨਰੇਸ਼ਨ-ਜੀ ਵਾਂਗ ਉਸ ਦੌਰ ਵਿੱਚ ਦੇਸ਼ ਲਈ ਆਪਣੀ ਜਾਨ ਦੇ ਕੇ ਕ੍ਰਾਂਤੀ ਦੀ ਜੋ ਮਸ਼ਾਲ ਬਾਲ ਗਿਆ, ਉਸਦੀ ਵਿਚਾਰਧਾਰਾ ਦੀ ਉਹ ਮਸ਼ਾਲ ਅੱਜ ਵੀ ਮਗ ਰਹੀ ਹੈ ਜਿਸ ਵਿੱਚੋਂ ਇੱਕ ਸਮਾਜਿਕ ਇਨਕਲਾਬ ਦਾ ਸੇਕ ਹਰ ਵੇਲੇ ਨੌਜਵਾਨਾਂ ਵਿੱਚ ਜੋਸ਼, ਹੋਸ਼ ਅਤੇ ਸਰਫਰੋਸ਼ ਦਾ ਕੰਮ ਕਰ ਹੀ ਜਾਂਦਾ ਹੈ ਅਤੇ ਉਸੇ ਵੇਲੇ ਸਾਡੇ ਸਾਹਮਣੇ ਫਾਂਸੀ ਦੇ ਤਖਤੇ ’ਤੇ ਹੱਸਦੇ ਹੋਏ ਇੱਕ ਨੌਜਵਾਨ ਦੀ ਤਸਵੀਰ ਉੱਭਰ ਅਤੇ ਉੱਕਰ ਜਾਂਦੀ ਹੈ। ਉਹ ਤਸਵੀਰ 119 ਸਾਲ ਬਾਅਦ ਵੀ ਸਾਢੇ 23 ਸਾਲ ਦਾ ਜਨਰੇਸ਼ਨ-ਜੀ ਹੀ ਲਗਦਾ ਹੈ ਅਤੇ ਸ਼ਾਇਦ ਅਖੀਰ ਦੁਨੀਆਂ ਤੱਕ ਉਹ ਸਾਢੇ 23 ਸਾਲਾਂ ਦਾ ਜਵਾਨ ਹੀ ਰਹੇਗਾ।

ਉਹ ਸਿਰਫ ਇੱਕ ਕ੍ਰਾਂਤੀਕਾਰੀ ਨਹੀਂ ਸਨ, ਸਗੋਂ ਇੱਕ ਵਿਚਾਰਕ ਵੀ ਸਨ ਅਤੇ ਉਨ੍ਹਾਂ ਦੀ ਸੋਚ ਅੱਜ ਵੀ ਓਨੀ ਹੀ ਪ੍ਰਸੰਗਿਕ ਹੈ। ਉਨ੍ਹਾਂ ਦੇਸ਼ ਦੀ ਅਜ਼ਾਦੀ ਨੂੰ ਸਿਰਫ ਅੰਗਰੇਜ਼ਾਂ ਨੂੰ ਭਜਾਉਣ ਤਕ ਸੀਮਿਤ ਨਹੀਂ ਸਮਝਿਆ, ਸਗੋਂ ਉਹ ਇੱਕ ਅਜਿਹੇ ਸਮਾਜ ਦਾ ਸੁਪਨਾ ਦੇਖਦੇ ਸਨ ਜਿੱਥੇ ਕੋਈ ਸ਼ੋਸ਼ਣ ਨਾ ਹੋਵੇ, ਸਾਰੇ ਬਰਾਬਰ ਹੋਣ ਅਤੇ ਧਰਮਾਂ ਦੀ ਚੜ੍ਹਤ ਰੌਲਾ ਨਾ ਹੋਵੇ। ਉਹ ਸਮਝਦੇ ਸਨ ਕਿ ਜੇਕਰ ਸਮਾਜਿਕ ਬੁਰਾਈਆਂ, ਜਿਵੇਂ ਕਿ ਜਾਤ-ਪਾਤ, ਧਾਰਮਿਕ ਵੰਡ ਅਤੇ ਆਰਥਿਕ ਅਸਮਾਨਤਾ ਖਤਮ ਨਹੀਂ ਹੁੰਦੀ ਤਾਂ ਅਜ਼ਾਦੀ ਦਾ ਕੋਈ ਅਰਥ ਨਹੀਂ ਰਹਿੰਦਾ। ਉਹ ਰੂਸੀ ਕ੍ਰਾਂਤੀ ਤੋਂ ਬਹੁਤ ਪ੍ਰੇਰਿਤ ਸਨ ਅਤੇ ਇੱਕ ਸਮਾਜਵਾਦੀ ਸਮਾਜ ਦੀ ਸਥਾਪਨਾ ਚਾਹੁੰਦੇ ਸਨ ਜੋ ਸ਼ੋਸ਼ਣ ਤੋਂ ਮੁਕਤ ਹੋਵੇ। ਉਨ੍ਹਾਂ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਵਿਗਿਆਨਕ ਸੋਚ, ਧਰਮ ਨਿਰਪੱਖਤਾ ਅਤੇ ਸਮਾਜਿਕ ਬਰਾਬਰੀ ਸੀ।

ਅੱਜ ਦੇ ਸਮੇਂ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦੀ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ। ਉਨ੍ਹਾਂ ਦੇ ਆਦਰਸ਼ ਅੱਜ ਦੀਆਂ ਕਈ ਗੰਭੀਰ ਸਮੱਸਿਆਵਾਂ ਨਾਲ ਸਿੱਧਾ ਟਕਰਾਅ ਕਰਦੇ ਹਨ। ਵਧਦੀ ਆਰਥਿਕ ਅਸਮਾਨਤਾ ਲੋਕਾਂ ਲਈ ਵੱਡੀ ਚੁਣੌਤੀ ਹੈ। ਦੇਸ਼ ਦਾ ਸਾਰਾ ਸਰਮਾਇਆ ਕੁਝ ਪੂੰਜੀਪਤੀਆਂ ਦੇ ਹੱਥਾਂ ਇਕੱਠਾ ਹੁੰਦਾ ਜਾ ਰਿਹਾ ਹੈ। ਭਗਤ ਸਿੰਘ ਨੇ ਪੂੰਜੀਵਾਦੀ ਵਿਵਸਥਾ ਦੀ ਆਲੋਚਨਾ ਕੀਤੀ ਅਤੇ ਇੱਕ ਅਜਿਹੇ ਸਿਸਟਮ ਦੀ ਗੱਲ ਕੀਤੀ ਜਿੱਥੇ ਸਿੱਖਿਆ ਅਤੇ ਸਿਹਤ ਸੇਵਾਵਾਂ ਸਭ ਲਈ ਉਪਲਬਧ ਹੋਣ। ਅੱਜ ਸਿੱਖਿਆ ਅਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਭਗਤ ਸਿੰਘ ਦਾ ਸਮਾਜਵਾਦੀ ਮਾਡਲ ਅੱਜ ਦੇ ਪੂੰਜੀਵਾਦੀ ਢਾਂਚੇ ਲਈ ਇੱਕ ਚੁਣੌਤੀ ਹੈ। ਉਨ੍ਹਾਂ ਨੇ 1928 ਵਿੱਚ ਹੀ ‘ਅਛੂਤ ਦਾ ਸਵਾਲ’ ਅਤੇ ‘ਸੰਪਰਦਾਇਕ ਦੰਗੇ ਅਤੇ ਉਨ੍ਹਾਂ ਦਾ ਇਲਾਜ’ ਵਰਗੇ ਲੇਖ ਲਿਖ ਕੇ ਇਨ੍ਹਾਂ ਸਮੱਸਿਆਵਾਂ ਦੀ ਡੁੰਘਾਈ ਨੂੰ ਸਮਝਿਆ ਸੀ। ਇਨ੍ਹਾਂ ਲੇਖਾਂ ਰਾਹੀਂ ਉਨ੍ਹਾਂ ਫਿਰਕੂਵਾਦ ਅਤੇ ਜਾਤੀ ਵੰਡ ਦਾ ਡਟ ਕੇ ਵਿਰੋਧ ਕੀਤਾ ਅਤੇ ਸਮਾਜਿਕ ਇਨਕਲਾਬ ਦਾ ਸੁਨੇਹਾ ਦਿੱਤਾ। ਅੱਜ ਵੀ ਧਾਰਮਿਕ ਅਤੇ ਜਾਤੀ ਅਧਾਰ ’ਤੇ ਵੰਡ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜੋ ਭਗਤ ਸਿੰਘ ਦੇ ਧਰਮ ਨਿਰਪੱਖ ਅਤੇ ਬਰਾਬਰੀ ਵਾਲੇ ਭਾਰਤ ਦੇ ਸੁਪਨੇ ਦੇ ਉਲਟ ਹਨ।

ਭਗਤ ਸਿੰਘ ਨੌਜਵਾਨਾਂ ਨੂੰ ਸਮਾਜਿਕ ਬਦਲਾਅ ਦਾ ਮੋਹਰੀ ਮੰਨਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਦੁਨੀਆਂ ਦੀਆਂ ਜਿੰਨੀਆਂ ਵੀ ਕ੍ਰਾਂਤੀਆਂ ਹੋਈਆਂ ਹਨ ਉਨ੍ਹਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਹੀ ਅਹਿਮ ਹੀ ਨਹੀਂ ਬਲਕਿ ਉਸ ਦੇਸ਼ ਦੀ ਰਾਜਨੀਤੀ ਦਾ ਟਰਨਿੰਗ ਪੁਆਇੰਟ ਬਣਦੀ ਰਹੀ ਹੈ। ਖੁਦ ਭਗਤ ਸਿੰਘ ਦੀ ਵਿਚਾਰਧਾਰਾ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ਟਰਨਿੰਗ ਪੁਆਇੰਟ ਬਣੀ ਸੀ। ਇੱਥੋਂ ਤਕ ਕਿ ਕਾਂਗਰਸ ਵਰਗੀ ਪਾਰਟੀ, ਜੋ ਆਪਣੇ ਆਪ ਨੂੰ ਉਸ ਵੇਲੇ ਅਜ਼ਾਦੀ ਦੇ ਸੰਘਰਸ਼ ਦੀ ਵੱਡੀ ਦਾਅਵੇਦਾਰ ਕਹਾਉਂਦੀ ਸੀ, ਉਸਨੂੰ ਵੀ ਆਪਣੇ ਮੈਨੀਫੈਸਟੋ ਨੂੰ ਬਦਲਣਾ ਪਿਆ ਸੀ। ਜੇ ਅੱਜ ਦੇ ਪ੍ਰਸੰਗ ਨੂੰ ਜੋੜੀਏ ਤਾਂ ਅੱਜ ਦੀ ਜਨਰੇਸ਼ਨ-ਜੀ 2026 ਵਿੱਚ ਭਾਰਤੀ ਜਨਤਾ ਪਾਰਟੀ ਦੀ 2014 ਤੋਂ ਚੱਲ ਰਹੀ ਧਰਮਤੰਤਰ, ਫਿਰਕੂਵਾਦੀ ਅਤੇ ਫਾਸ਼ੀਵਾਦੀ ਰਾਜਨੀਤੀ ਨੂੰ ਟਰਨਿੰਗ ਪੁਆਇੰਟ ’ਤੇ ਲਿਆ ਦਿੱਤਾ ਹੈ ਅਤੇ ਉਸਨੂੰ ਮਜਬੂਰ ਕਰ ਦਿੱਤਾ ਹੈ ਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਫੋਕਸ ’ਤੇ ਲਿਆਵੇ। ਅੱਜ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ, ਕਵਾਲਿਟੀ ਐਜੂਕੇਸ਼ਨ ਅਤੇ ਆਨਲਾਈਨ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦਾ ਸੰਦੇਸ਼ ਸੀ ਕਿ ਨੌਜਵਾਨਾਂ ਨੂੰ ਜਾਤੀ ਅਤੇ ਧਾਰਮਿਕ ਵੰਡਾਂ ਤੋਂ ਉੱਪਰ ਉੱਠ ਕੇ ਸੱਚੀ ਅਜ਼ਾਦੀ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਭਾਰਤ ਵਿੱਚ ਜਨਰੇਸ਼ਨ-ਜ਼ੀ ਉਨ੍ਹਾਂ ਦੀ ਇਸ ਪੈੜ ਨੂੰ ਛੂਹ ਰਹੀ ਹੈ।

ਰਾਜਨੀਤੀ ਵਿੱਚ ਸਵਾਰਥ ਨਹੀਂ ਕੁਰਬਾਨੀ ਦੀ ਲੋੜ ਹੈ। ਅੱਜ ਦੀ ਰਾਜਨੀਤੀ ਵਿੱਚ ਭਗਤ ਸਿੰਘ ਵਰਗੀ ਨਿਰਸਵਾਰਥ ਭਾਵਨਾ ਦੀ ਝਲਕ ਨਹੀਂ ਮਿਲਦੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਕੋਈ ਨਿੱਜੀ ਰਾਜਨੀਤਿਕ ਲਾਭ ਦਾ ਮਕਸਦ ਨਹੀਂ ਸੀ ਸਗੋਂ ਦੇਸ਼ ਅਤੇ ਸਮਾਜ ਦਾ ਭਵਿੱਖ ਉਨ੍ਹਾਂ ਦੀ ਇਕਲੌਤੀ ਚਿੰਤਾ ਸੀ। ਇਤਿਹਾਸਕਾਰ ਦੱਸਦੇ ਹਨ ਕਿ ਭਗਤ ਸਿੰਘ ਦਾ ਰਾਸ਼ਟਰਵਾਦ ਨਿਰਪੱਖਤਾ ਅਤੇ ਨਿਆਂ ’ਤੇ ਆਧਾਰਿਤ ਸੀ, ਜੋ ਅੱਜ ਦੇ ਸਲੋਗਨ-ਅਧਾਰਿਤ ਅਤੇ ਅੰਧਰਾਸ਼ਟਰਵਾਦ ਰਾਸ਼ਟਰਵਾਦ ਨਾਲ ਮੇਲ ਨਹੀਂ ਖਾਂਦਾ। ਉਹ ਇੱਕ ਨਾਸਤਿਕ ਸਨ ਅਤੇ ਧਾਰਮਿਕ ਕੱਟੜਤਾ ਦੇ ਖਿਲਾਫ ਸਨ। ਅੱਜ ਜਦੋਂ ਧਰਮ ਦੇ ਨਾਂ ’ਤੇ ਰਾਜਨੀਤੀ ਹੋ ਰਹੀ ਹੈ, ਭਗਤ ਸਿੰਘ ਦੀ ਵਿਚਾਰਧਾਰਾ ਸਾਨੂੰ ਸੱਚੀ ਧਰਮ ਨਿਰਪੱਖਤਾ ਦੀ ਯਾਦ ਦਿਵਾਉਂਦੀ ਹੈ।

ਭਗਤ ਸਿੰਘ ਦੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਇਨਕਲਾਬ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਮਹਾਨ ਨੌਜਵਾਨ ਇਨਕਲਾਬੀ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਿਰਫ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਤਕ ਸੀਮਿਤ ਨਹੀਂ ਰੱਖਿਆ, ਸਗੋਂ ਇੱਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿਸ ਵਿੱਚ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਨਾ ਹੋਵੇ, ਹਰ ਵਿਅਕਤੀ ਨੂੰ ਬਰਾਬਰੀ ਮਿਲੇ ਅਤੇ ਲੋਕਾਂ ਨੂੰ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਨਿਆਂ ਪ੍ਰਾਪਤ ਹੋਵੇ। ਉਸਦੀ ਵਿਚਾਰਧਾਰਾ ਅੱਜ ਵੀ ਨੌਜਵਾਨਾਂ ਲਈ ਇੱਕ ਮਹੱਤਵਪੂਰਨ ਪ੍ਰੇਰਨਾ ਅਤੇ ਵਿਚਾਰ ਕਰਨ ਦਾ ਵਿਸ਼ਾ ਹੈ। ਭਗਤ ਸਿੰਘ ਲਈ ਇਨਕਲਾਬ ਦਾ ਮਤਲਬ ਸਿਰਫ ਹਥਿਆਰ ਚੁੱਕਣਾ ਜਾਂ ਸਰਕਾਰ ਬਦਲਣਾ ਨਹੀਂ ਸੀ; ਇਨਕਲਾਬ ਉਸਦੇ ਲਈ ਸਮਾਜਿਕ ਚੇਤਨਾ ਅਤੇ ਵਿਵਸਥਾ ਵਿੱਚ ਬੁਨਿਆਦੀ ਤਬਦੀਲੀ ਦਾ ਨਾਮ ਸੀ। ਉਹ ਮੰਨਦਾ ਸੀ ਕਿ ਜੇਕਰ ਸ਼ਾਸਕ ਬਦਲ ਜਾਣ ਪਰ ਆਮ ਮਨੁੱਖ ਦੀ ਜ਼ਿੰਦਗੀ ਵਿੱਚ ਅਨਿਆਂ, ਗਰੀਬੀ, ਸ਼ੋਸ਼ਣ ਅਤੇ ਅਸਮਾਨਤਾ ਜਿਉਂ ਦੀ ਤਿਉਂ ਰਹੇ ਤਾਂ ਅਜਿਹੀ ਤਬਦੀਲੀ ਅਧੂਰੀ ਹੈ। ਮੈਨੂੰ ਲਗਦਾ ਭਾਰਤ ਦੀ ਸਿਆਸਤ ਅਜ਼ਾਦੀ ਤੋਂ ਬਾਅਦ ਵੀ ਹੁਣ ਤਕ ਅਜਿਹੀ ਹੀ ਵਿਵਸਥਾ ਵਿੱਚੋਂ ਲੰਘ ਰਹੀ ਹੈ। ਭਗਤ ਸਿੰਘ ਲਈ ਅਜ਼ਾਦੀ ਦਾ ਅਰਥ ਸਿਰਫ ਗੋਰੀ ਹਕੂਮਤ ਦਾ ਅੰਤ ਨਹੀਂ ਸੀ, ਉਹ ਅਜਿਹੀ ਅਜ਼ਾਦੀ ਚਾਹੁੰਦੇ ਸਨ, ਜਿਸ ਵਿੱਚ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਹੋਵੇ। ਉਸਦੀ ਸੋਚ ਵਿੱਚ ਰਾਜਨੀਤਿਕ ਅਜ਼ਾਦੀ ਦੇ ਨਾਲ-ਨਾਲ ਆਰਥਿਕ ਅਤੇ ਸਮਾਜਿਕ ਬਰਾਬਰੀ ਵੀ ਜ਼ਰੂਰੀ ਸੀ। ਉਹ ਜਾਤ-ਪਾਤ, ਧਾਰਮਿਕ ਵੰਡ, ਸ਼ੋਸ਼ਣ ਅਤੇ ਅੰਧਵਿਸ਼ਵਾਸ ਦੇ ਵਿਰੁੱਧ ਸੀ। ਉਸਦੀਆਂ ਲਿਖਤਾਂ ਅਤੇ ਜੀਵਨ ਜਿਊਣਾ ਦੱਸਦੇ ਹਨ ਕਿ ਉਹ ਇੱਕ ਤਰਕਸ਼ੀਲ, ਵਿਗਿਆਨਕ ਅਤੇ ਜਾਗਰੂਕ ਸਮਾਜ ਦੀ ਉਸਾਰੀ ਚਾਹੁੰਦਾ ਸੀ। ਉਸਦੀ ਸੋਚ ਦਾ ਇੱਕ ਮਹੱਤਵਪੂਰਨ ਪੱਖ ਵਿਗਿਆਨਕ ਸੋਚ ਅਤੇ ਤਰਕਸ਼ੀਲਤਾ ਸੀ। ਉਹ ਨੌਜਵਾਨਾਂ ਨੂੰ ਸਿਰਫ ਕਿਸੇ ਗੱਲ ਨੂੰ ਇਸ ਲਈ ਸਵੀਕਾਰ ਕਰਨ ਦੀ ਬਜਾਏ ਕਿ ਉਹ ਪੁਰਾਣੀ ਹੈ ਜਾਂ ਬਹੁਤ ਲੋਕ ਉਸ ਨੂੰ ਮੰਨਦੇ ਹਨ ਦੀ ਬਜਾਏ ਸਵਾਲ ਪੁੱਛਣ, ਤੱਥਾਂ ਨੂੰ ਪਰਖਣ ਅਤੇ ਆਪਣੇ ਵਿਚਾਰ ਬਣਾਉਣ ਲਈ ਪ੍ਰੇਰਿਤ ਕਰਦੇ ਸੀ। ਉਹ ਮੰਨਦੇ ਸਨ ਕਿ ਮਜ਼ਦੂਰ, ਕਿਸਾਨ, ਵਿਦਿਆਰਥੀ ਅਤੇ ਆਮ ਲੋਕ ਸਮਾਜ ਦੀ ਤਰੱਕੀ ਦੇ ਕੇਂਦਰ ਹੁੰਦੇ ਹਨ। ਮਜ਼ਦੂਰ ਦੀ ਮਜ਼ਦੂਰੀ, ਕਿਸਾਨ ਦੀ ਕਿਸਾਨੀ ਦਾ ਪਸੀਨਾ ਅਤੇ ਵਿਦਿਆਰਥੀ ਦੀ ਪੜ੍ਹਾਈ ਦੀ ਮਿਹਨਤ ਦਾ ਪ੍ਰਤੀਫਲ ਸਹੀ ਅਤੇ ਸਹੀ ਸਮੇਂ ਸਿਰ ਮਿਲਣਾ ਚਾਹੀਦਾ ਹੈ।

ਅੱਜ ਦਾ ਨੌਜਵਾਨ ਜੋ ਬੇਰੁਜ਼ਗਾਰੀ ਦੇ ਆਲਮ ਵਿੱਚ ਆਪਣੇ ਆਪ ਨੂੰ ਬੇਵੱਸ ਸਮਝ ਰਿਹਾ ਹੈ, ਉਹ ਪੜ੍ਹਿਆ-ਲਿਖਿਆ ਹੈ, ਤਕਨੀਕੀ ਤੌਰ ’ਤੇ ਪਹਿਲਾਂ ਨਾਲੋਂ ਵਧੇਰੇ ਸਮਰੱਥ ਹੈ ਅਤੇ ਦੁਨੀਆ ਨਾਲ ਜੁੜਿਆ ਹੋਇਆ ਹੈ, ਪਰ ਇਸਦੇ ਬਾਵਜੂਦ ਉਸਦੇ ਸਾਹਮਣੇ ਬੇਰੁਜ਼ਗਾਰੀ ਅਤੇ ਰੁਜ਼ਗਾਰ ਦੀ ਅਨਿਸ਼ਚਿਤਤਾ ਇੱਕ ਵੱਡੀ ਚੁਣੌਤੀ ਹੈ। ਡਿਗਰੀਆਂ ਹੱਥ ਵਿੱਚ ਹੋਣ ਦੇ ਬਾਵਜੂਦ ਯੋਗਤਾ ਅਨੁਸਾਰ ਰੁਜ਼ਗਾਰ ਨਾ ਮਿਲਣਾ ਨੌਜਵਾਨਾਂ ਵਿੱਚ ਨਿਰਾਸ਼ਾ ਪੈਦਾ ਕਰਦਾ ਹੈ। ਸਰਕਾਰੀ ਨੌਕਰੀਆਂ ਦੀਆਂ ਸੀਮਿਤ ਅਸਾਮੀਆਂ, ਸਿਸਟਮ ਦਾ ਭ੍ਰਿਸ਼ਟਚਾਰ, ਪੇਪਰਾਂ ਦਾ ਲੀਕ ਹੋਣਾ, ਮੁਕਾਬਲੇ ਦੀ ਦੌੜ, ਭਰਤੀ ਪ੍ਰਕਿਰਿਆਵਾਂ ਵਿੱਚ ਦੇਰੀ ਅਤੇ ਨਿੱਜੀ ਖੇਤਰ ਵਿੱਚ ਘੱਟ ਤਨਖਾਹ ਜਾਂ ਅਸਥਿਰ ਨੌਕਰੀਆਂ ਵਰਗੀਆਂ ਸਮੱਸਿਆਵਾਂ ਨੌਜਵਾਨ ਪੀੜ੍ਹੀ ਦੇ ਭਵਿੱਖ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਭਗਤ ਸਿੰਘ ਦੀ ਸੋਚ ਸਾਨੂੰ ਇਹ ਸਵਾਲ ਪੁੱਛਣ ਲਈ ਮਜਬੂਰ ਕਰਦੀ ਹੈ ਕਿ ਸਿੱਖਿਆ ਦਾ ਮਕਸਦ ਸਿਰਫ ਨੌਕਰੀ ਪ੍ਰਾਪਤ ਕਰਨਾ ਹੈ ਜਾਂ ਇੱਕ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਵੀ ਹੈ। ਅੱਜ ਸਿੱਖਿਆ ਹੀ ਖੇਤਰ ਵਿੱਚ ਵੀ ਇੱਕ ਵੱਡੀ ਦੌੜ ਬਣ ਗਈ ਹੈ। ਵਿਦਿਆਰਥੀਆਂ ਉੱਤੇ ਵਧੀਆ ਅੰਕ ਲੈਣ, ਪ੍ਰੀਖਿਆਵਾਂ ਪਾਸ ਕਰਨ ਅਤੇ ਮੁਕਾਬਲੇ ਵਿੱਚ ਅੱਗੇ ਨਿਕਲਣ ਦਾ ਦਬਾਅ ਹੈ। ਕਈ ਵਾਰ ਸਿੱਖਿਆ ਗਿਆਨ ਅਤੇ ਸੋਚ ਵਿਕਸਿਤ ਕਰਨ ਦੀ ਬਜਾਏ ਸਿਰਫ ਪ੍ਰੀਖਿਆ-ਕੇਂਦਰਿਤ ਬਣ ਜਾਂਦੀ ਹੈ। ਭਗਤ ਸਿੰਘ ਦੀ ਕਿਤਾਬਾਂ ਨਾਲ ਜੁੜੇ ਰਹਿਣ ਅਤੇ ਪੜ੍ਹਨ ਦੀ ਆਦਤ ਦੱਸਦੀ ਹੈ ਕਿ ਪੜ੍ਹਨਾ ਸਿਰਫ ਕਿਤਾਬਾਂ ਨੂੰ ਯਾਦ ਕਰਨਾ ਨਹੀਂ, ਸਗੋਂ ਸਮਾਜ ਅਤੇ ਆਪਣੇ ਆਲੇ-ਦੁਆਲੇ ਨੂੰ ਸਮਝਣਾ ਵੀ ਹੈ। ਉਸਨੇ ਵਿਸ਼ਾਲ ਪੱਧਰ ’ਤੇ ਸਾਹਿਤ ਅਤੇ ਰਾਜਨੀਤਿਕ ਵਿਚਾਰਾਂ ਦਾ ਅਧਿਐਨ ਕੀਤਾ। ਇਸ ਲਈ ਅੱਜ ਦੇ ਨੌਜਵਾਨ ਲਈ ਵੀ ਕਿਤਾਬਾਂ, ਇਤਿਹਾਸ, ਸੰਵਿਧਾਨ, ਵਿਗਿਆਨ ਅਤੇ ਸਮਾਜਿਕ ਮੁੱਦਿਆਂ ਦਾ ਅਧਿਐਨ ਬਹੁਤ ਜ਼ਰੂਰੀ ਹੈ।

ਅੱਜ ਦਾ ਨੌਜਵਾਨ ਸੋਸ਼ਲ ਮੀਡੀਆ ਨਾਲ ਬਹੁਤ ਗੂੜ੍ਹੇ ਤੌਰ ’ਤੇ ਜੁੜਿਆ ਹੋਇਆ ਹੈ। ਉਸਨੇ ਜਾਣਕਾਰੀ ਤਕ ਪਹੁੰਚ ਅਸਾਨ ਕੀਤੀ ਹੈ, ਪਰ ਇਸਦੇ ਨਾਲ ਗਲਤ ਜਾਣਕਾਰੀ, ਅਫਵਾਹਾਂ, ਨਫਰਤੀ ਸਮਗਰੀ ਅਤੇ ਬਿਨਾਂ ਤੱਥਾਂ ਵਾਲੀਆਂ ਗੱਲਾਂ ਵੀ ਉੰਨੀ ਹੀ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਲਈ ਭਗਤ ਸਿੰਘ ਦੀ ਤਰਕਸ਼ੀਲ ਸੋਚ ਅੱਜ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਹਰ ਵਾਇਰਲ ਸੁਨੇਹੇ ਨੂੰ ਸੱਚ ਮੰਨਣ ਦੀ ਬਜਾਏ ਨੌਜਵਾਨ ਨੂੰ ਪੁੱਛਣਾ ਚਾਹੀਦਾ ਹੈ ਕਿ ਇਸਦਾ ਸਰੋਤ ਕੀ ਹੈ? ਤੱਥ ਕੀ ਹਨ? ਇਸਦਾ ਸਮਾਜ ਉੱਤੇ ਕੀ ਪ੍ਰਭਾਵ ਪਵੇਗਾ? ਜਾਗਰੂਕ ਨੌਜਵਾਨ ਉਹ ਨਹੀਂ ਜੋ ਸਭ ਤੋਂ ਵੱਧ ਜਾਣਕਾਰੀ ਰੱਖਦਾ ਹੈ, ਸਗੋਂ ਉਹ ਹੈ ਜੋ ਜਾਣਕਾਰੀ ਅਤੇ ਸੱਚ ਵਿੱਚ ਫਰਕ ਕਰ ਸਕਦਾ ਹੈ।

ਕੁਦਰਤ ਅਤੇ ਕੁਦਰਤ ਦੇ ਸਰੋਤਾਂ ਨਾਲ ਖਿਲਵਾੜ ਨੇ ਸਾਡੇ ਦਰਿਆ ਤਾਂ ਸੁੱਕਣ ਕਿਨਾਰੇ ਪਹੁੰਚਾ ਦਿੱਤੇ ਹਨ ਪਰ ਨਸ਼ਿਆਂ ਦੇ ਦਰਿਆ ਤੇਜ਼ੀ ਨਾਲ ਉਫਾਨ ਖਾ ਰਹੇ ਹਨ। ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਨਸ਼ਿਆਂ ਦੀ ਸਮੱਸਿਆ ਨੇ ਨੌਜਵਾਨਾਂ ਦੇ ਭਵਿੱਖ ਨੂੰ ਪ੍ਰਭਾਵਿਤ ਕੀਤਾ ਹੈ। ਬੇਰੁਜ਼ਗਾਰੀ, ਨਿਰਾਸ਼ਾ, ਸਮਾਜਿਕ ਦਬਾਅ, ਗਲਤ ਸੰਗਤ ਅਤੇ ਅਸਾਨੀ ਨਾਲ ਉਪਲਬਧ ਹੋਣ ਵਾਲੇ ਨਸ਼ੀਲੇ ਪਦਾਰਥ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾਉਂਦੇ ਹਨ। ਇਸਦਾ ਹੱਲ ਸਿਰਫ ਨੌਜਵਾਨਾਂ ਨੂੰ ਦੋਸ਼ੀ ਠਹਿਰਾਉਣਾ ਨਹੀਂ ਬਲਕਿ ਨੌਜਵਾਨਾਂ ਨੂੰ ਰੁਜ਼ਗਾਰ, ਚੰਗੀ ਸਿੱਖਿਆ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ, ਮਾਨਸਿਕ ਸਹਾਇਤਾ ਅਤੇ ਸੁਰੱਖਿਅਤ ਸਮਾਜ ਵਾਲਾ ਮਾਹੌਲ ਸਿਰਜਣ ਲੋੜ ਹੈ ਨਾ ਕਿ ਹਿੰਦੂ-ਮੁਸਲਿਮ ਵਾਲਾ ਨਫਰਤੀ ਮਾਹੌਲ ਸਿਰਜਣ ਦੀ ਜ਼ਰੂਰਤ ਹੈ।

ਧਰਮ ਅਤੇ ਜਾਤੀ ਵੰਡ ਸਦੀਆਂ ਤੋਂ ਭਾਰਤੀ ਸਮਾਜ ਨੂੰ ਘੁਣ ਵਾਂਗ ਖੋਖਲਾ ਕਰਦੀ ਜਾ ਰਹੀ ਹੈ। ਸੰਵਿਧਾਨ ਦੇ ਹੁੰਦਿਆਂ ਸੁੰਦਿਆ ਸਮੇਂ ਦੀ ਸਰਕਾਰਾਂ ਨੇ ਇਸਨੂੰ ਰੋਕਣ ਦੀ ਬਜਾਏ ਇਸ ਨੂੰ ਆਪਣੇ ਰਾਜਨੀਤਿਕ ਫਾਇਦਿਆਂ ਲਈ ਹਮੇਸ਼ਾ ਹਵਾ ਦਿੱਤੀ ਹੈ। ਪਰ 2014 ਤੋਂ ਬਾਅਦ ਭਰਤੀ ਜਨਤਾ ਪਾਰਟੀ ਨੇ ਧਰਮ ਅਤੇ ਜਾਤੀ ਦੀ ਰਾਜਨੀਤੀ ਕਰਕੇ ਗੰਗਾ-ਜਮਨੀ ਤਹਿਜ਼ੀਬ, ਧਾਰਮਿਕ ਭਾਈਚਾਰਾ ਅਤੇ ਸਮਾਜਿਕ ਸਾਂਝ ਨੂੰ ਹਰ ਪੱਖੋਂ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ਰਾਜਨੀਤੀ ਅਤੇ ਸੋਸ਼ਲ ਮੀਡੀਆ ਵਿੱਚ ਧਰਮ, ਜਾਤ ਅਤੇ ਪਛਾਣ ਦੇ ਅਧਾਰ ’ਤੇ ਵੰਡ ਦੀਆਂ ਕੋਸ਼ਿਸ਼ਾਂ ਵੀ ਸਾਫ ਨਜ਼ਰ ਆਉਂਦੀਆਂ ਹਨ। ਨੌਜਵਾਨ ਜੇਕਰ ਬਿਨਾਂ ਸੋਚੇ ਅਜਿਹੇ ਪ੍ਰਚਾਰ ਦਾ ਹਿੱਸਾ ਬਣ ਜਾਂਦਾ ਹੈ ਤਾਂ ਸਮਾਜ ਵਿੱਚ ਦੂਰੀ ਅਤੇ ਨਫਰਤ ਵਧਦੀ ਹੈ। ਭਗਤ ਸਿੰਘ ਦੀ ਵਿਚਾਰਧਾਰਾ ਸਾਨੂੰ ਮਨੁੱਖ ਨੂੰ ਪਹਿਲਾਂ ਮਨੁੱਖ ਵਜੋਂ ਦੇਖਣ ਦੀ ਸਿੱਖਿਆ ਦਿੰਦੀ ਹੈ। ਉਸਦੀ ਸੋਚ ਨੂੰ ਯਾਦ ਕਰਨਾ ਸਿਰਫ ਉਸਦੀ ਤਸਵੀਰ ਉੱਤੇ ਫੁੱਲ ਚੜ੍ਹਾਉਣਾ ਨਹੀਂ, ਸਗੋਂ ਉਸਦੀ ਤਰਕਸ਼ੀਲਤਾ, ਬਰਾਬਰੀ ਅਤੇ ਮਨੁੱਖੀ ਏਕਤਾ ਦੀ ਸੋਚ ਨੂੰ ਸਮਝਣਾ ਵੀ ਹੈ।

ਅਸੀਂ ਹਰ ਸਾਲ ਭਗਤ ਸਿੰਘ ਨੂੰ ਯਾਦ ਕਰਦੇ ਹਾਂ; ਉਸਦੀਆਂ ਤਸਵੀਰਾਂ, ਨਾਅਰੇ ਅਤੇ ਸ਼ਹਾਦਤ ਦੀਆਂ ਗੱਲਾਂ ਹੁੰਦੀਆਂ ਹਨ ਪਰ ਅਸਲ ਸਵਾਲ ਇਹ ਹੈ ਕਿ ਅਸੀਂ ਉਸਦੀ ਵਿਚਾਰਧਾਰਾ ਨੂੰ ਕਿੰਨਾ ਸਮਝਦੇ ਹਾਂ? ਜੇਕਰ ਨੌਜਵਾਨ ਕਿਤਾਬਾਂ ਪੜ੍ਹੇ, ਵਿਗਿਆਨਕ ਸੋਚ ਅਪਣਾਏ, ਅੰਧਵਿਸ਼ਵਾਸਾਂ ਅਤੇ ਨਫਰਤ ਦੇ ਪ੍ਰਚਾਰ ਨੂੰ ਸਵਾਲ ਕਰੇ, ਜਾਤ-ਧਰਮ ਦੀਆਂ ਕੰਧਾਂ ਤੋਂ ਉੱਪਰ ਉੱਠੇ, ਸ਼ੋਸ਼ਣ ਅਤੇ ਅਨਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰੇ ਅਤੇ ਲੋਕਤੰਤਰ ਵਿੱਚ ਆਪਣੀ ਜ਼ਿੰਮੇਵਾਰ ਭੂਮਿਕਾ ਨਿਭਾਏ ਤਾਂ ਇਹੀ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅੱਜ ਦੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਤਸਵੀਰ ਤੋਂ ਵੱਧ ਉਸਦੀ ਵਿਚਾਰਧਾਰਾ ਦੀ ਲੋੜ ਹੈ; ਉਸਦੇ ਨਾਅਰਿਆਂ ਤੋਂ ਵੱਧ ਉਸਦੀ ਪੜ੍ਹਨ ਅਤੇ ਸੋਚਣ ਦੀ ਆਦਤ ਦੀ ਲੋੜ ਹੈ; ਅਤੇ ਉਸਦੀ ਸ਼ਹਾਦਤ ਨੂੰ ਯਾਦ ਕਰਨ ਤੋਂ ਵੱਧ ਉਸਦੇ ਸੁਪਨਿਆਂ ਵਾਲੇ ਬਰਾਬਰੀ ਅਤੇ ਨਿਆਂਪੂਰਨ ਸਮਾਜ ਬਾਰੇ ਸੋਚਣ ਦੀ ਲੋੜ ਹੈ।

ਭਗਤ ਸਿੰਘ ਸਿਰਫ ਇਤਿਹਾਸ ਦਾ ਇੱਕ ਮਹਾਨ ਸ਼ਹੀਦ ਨਹੀਂ, ਸਗੋਂ ਨੌਜਵਾਨ ਚੇਤਨਾ ਦਾ ਪ੍ਰਤੀਕ ਹੈ। ਉਸਦੀ ਵਿਚਾਰਧਾਰਾ ਅੱਜ ਦੇ ਬੇਰੁਜ਼ਗਾਰੀ, ਨਸ਼ਿਆਂ, ਸਮਾਜਿਕ ਵੰਡ, ਅਸਮਾਨਤਾ, ਗਲਤ ਜਾਣਕਾਰੀ ਅਤੇ ਸਿੱਖਿਆ ਦੇ ਵਧਦੇ ਦਬਾਅ ਵਰਗੇ ਮੁੱਦਿਆਂ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਵਿਚਾਰਕ ਅਧਾਰ ਪ੍ਰਦਾਨ ਕਰਦੀ ਹੈ। ਅੱਜ ਦੇ ਨੌਜਵਾਨ ਜੇਕਰ ਭਗਤ ਸਿੰਘ ਨੂੰ ਸਿਰਫ ਇੱਕ ਇਨਕਲਾਬੀ ਨਾਇਕ ਵਜੋਂ ਨਹੀਂ, ਬਲਕਿ ਇੱਕ ਗੰਭੀਰ ਪਾਠਕ, ਤਰਕਸ਼ੀਲ ਚਿੰਤਕ ਅਤੇ ਸਮਾਜਿਕ ਬਰਾਬਰੀ ਦੇ ਹਾਮੀ ਵਜੋਂ ਸਮਝਣ ਤਾਂ ਉਸਦੀ ਵਿਚਾਰਧਾਰਾ ਅੱਜ ਵੀ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਕਰ ਸਕਦੀ ਹੈ।

ਭਗਤ ਸਿੰਘ ਨੂੰ ਸਿਰਫ ਸ਼ਰਧਾਂਜਲੀ ਭੇਟ ਕਰਨਾ ਕਾਫੀ ਨਹੀਂ ਹੈ; ਜੇਕਰ ਅਸੀਂ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ ਅਤੇ ਸਮਾਜਿਕ ਅਸਮਾਨਤਾ, ਫਿਰਕੂ ਵੰਡ ਅਤੇ ਸਵਾਰਥੀ ਰਾਜਨੀਤੀ ਵਰਗੀਆਂ ਸਮੱਸਿਆਵਾਂ ਵਿਰੁੱਧ ਅਵਾਜ਼ ਉਠਾਉਣੀ ਪਵੇਗੀ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਕ੍ਰਾਂਤੀ ਸਿਰਫ ਸੱਤਾ ਬਦਲਣਾ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਦਲਣਾ ਹੈ। ਭਗਤ ਸਿੰਘ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਉਸਦੀ ਤਸਵੀਰ ਨੂੰ ਸਲਾਮ ਕਰਨਾ ਹੀ ਨਹੀਂ, ਸਗੋਂ ਉਸ ਵਾਂਗ ਆਪਣੇ ਸਮੇਂ ਨੂੰ ਪੜ੍ਹਨਾ, ਸਮਝਣਾ, ਸਵਾਲ ਕਰਨਾ ਅਤੇ ਬਿਹਤਰ ਸਮਾਜ ਲਈ ਜ਼ਿੰਮੇਵਾਰੀ ਨਿਭਾਉਣਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਵਰਗਿਸ ਸਲਾਮਤ

ਵਰਗਿਸ ਸਲਾਮਤ

Phone: (91 - 98782 - 61522)
Email: (wargisalamat@gmail.com)

More articles from this author