VargisSalamat7ਸਿੱਖਿਆ ਨੂੰ ਬਚਾਉਣਾ ਹੈ ਤਾਂ ਅਧਿਆਪਕ ਨੂੰ ਬਚਾਉਣਾ ਪਵੇਗਾਕਿਸੇ ਵੀ ਦੇਸ਼ ...
(7 ਸਤੰਬਰ 2026)

 

(ਵਰਗਿਸ ਸਲਾਮਤ ਜੀ ਦਾ ਇਹ ਲੇਖ ‘ਅਧਿਆਪਕ ਦਿਵਸ’ ਤੋਂ ਕਈ ਦਿਨ ਪਹਿਲਾਂ ਪਹੁੰਚ ਗਿਆ ਸੀ ਪਰ ਮੇਰੀ ਗਲਤੀ ਕਾਰਨ ਇਹ ਦੋ ਦਿਨ ਪਛੜ ਗਿਆ ਹੈ। ਲੇਖਕ ਅਤੇ ਪਾਠਕਾਂ ਪਾਸੋਂ ਮੁਆਫੀ ਚਾਹੁੰਡਾ ਹਾਂ --- ਅਵਤਾਰ ਗਿੱਲ।)

ਪੂਰੇ ਸੰਸਾਰ ਵਿੱਚ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ, ਰਾਹ ਦਸੇਰਾ ਅਤੇ ਗਿਆਨ ਦੀ ਰੌਸ਼ਨੀ ਫੈਲਾਉਣ ਵਾਲਾ ਤਾਰਾ ਕਿਹਾ ਜਾਂਦਾ ਹੈਅਧਿਆਪਕ ਦਿਵਸ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤਿਆਂ ਨੂੰ ਸਮਝਣ ਅਤੇ ਮਹਿਸੂਸ ਕਰਨ ਦਾ ਪਰਵ ਹੈ ਪਰ ਅੱਜ ਇਹ ਗੁਰੂ ਚੇਲੇ ਸਮੇਂ ਦੀਆਂ ਸਰਕਾਰਾਂ ਦੇ ਰਵਈਏ ਤੋਂ ਪਰੇਸ਼ਾਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨਇਸਦੀ ਉਦਾਹਰਨ ਜਨਰੇਸ਼ਨ-ਜ਼ੀ ਅਤੇ ਜਨਰੇਸ਼ਨ ਅਲਫਾ ਦਾ ਸਕੂਲੀ ਅਤੇ ਕਾਲਜੀ ਸਹੂਲਤਾਂ ਅਤੇ ਸਿੱਖਿਆ ਨੀਤੀਆਂ ਲਈ ਲਗਾਤਾਰ ਚੱਲ ਰਿਹਾ ਸੰਘਰਸ਼ ਹੈਅੱਜ ਅਧਿਆਪਕ ਸਰਕਾਰਾਂ ਦੀ ਬੇਰੁਖੀ, ਬੇਇੰਤਜ਼ਾਮੀ ਅਤੇ ਬੇਅਦਬੀ ਦਾ ਸ਼ਿਕਾਰ ਹੈ ਅਤੇ ਲਗਾਤਾਰ ਸੜਕਾਂ ’ਤੇ ਆਪਣੇ ਹੱਕਾਂ ਲਈ ਲੜ ਰਿਹਾ ਹੈਪੰਜਾਬ ਵਿੱਚ ਮੁਲਾਜ਼ਮਾਂ ਨਾਲ ਬਹੁਤ ਹੀ ਵੱਡੇ-ਵੱਡੇ ਵਾਅਦੇ ਕਰਕੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈਅਧਿਆਪਕਾਂ ਨੇ ਦਿਲ-ਜਾਨ ਤੋਂ ਇਸਦਾ ਸਵਾਗਤ ਕੀਤਾ ਅਤੇ ਵੱਡੇ ਬਹੁਮਤ ਨਾਲ ਜਿਤਾਇਆਪਰ ਵਾਅਦਿਆਂ ਤੋਂ ਇਹ ਸਰਕਾਰ ਮੁੱਕਰ ਗਈਪੁਰਾਣੀ ਪੈਨਸ਼ਨ ਦੇਣ ਤੋਂ ਮੁੱਕਰ ਗਈ, ਰੁਜ਼ਗਾਰ ਦੇ ਨਹੀਂ ਸਕੀ, ਸਿਹਤ ਅਤੇ ਸਿੱਖਿਆ ਵਿੱਚ ਉਮੀਦਾਂ ਬੰਨ੍ਹਵਾਈਆਂ ਪਰ ਉੱਥੇ ਵੀ ਉਲਝ ਗਈ। ਇੱਥੋਂ ਤਕ ਕਿ ਡੀ.ਏ ਅਤੇ ਬਾਕੀ ਭੱਤੇ ਵੀ ਫਰੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਹੱਦ ਉਸ ਵੇਲੇ ਪਾਰ ਹੋ ਗਈ, ਜਦੋਂ ਸਰਕਾਰ ਮੁਲਾਜ਼ਮਾਂ ਦੇ ਹੱਕੀ ਮਸਲਿਆਂ ’ਤੇ ਅਦਾਲਤ ਵਿੱਚ ਚਲੀ ਗਈਜੋ ਪਹਿਲਾਂ ਕਿੱਸੇ ਸਰਕਾਰ ਨੇ ਨਹੀਂ ਸੀ ਕੀਤਾ

ਅੱਜ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅਧਿਆਪਕ ਕਦੇ ਵੀ ਇਸ ਤਰ੍ਹਾਂ ਸੜਕਾਂ ’ਤੇ ਨਹੀਂ ਰੁਲਿਆ ਹੋਵੇਗਾ ਅਤੇ ਨਾ ਹੀ ਲੁੱਟਿਆ ਅਤੇ ਕੁੱਟਿਆ ਗਿਆ ਹੋਵੇਗਾਮੁਲਾਜ਼ਮਾਂ ਨਾਲ ਬੇਰੁਖੀ ਕਰਨ ਵਿੱਚ ਪਹਿਲੀਆਂ ਸਰਕਾਰਾਂ ਵੀ ਘੱਟ ਨਹੀਂ ਹਨ ਪਰ ਹੁਣ ਜਿਸ ਤਰ੍ਹਾਂ ਸਰਕਾਰ ਮੁਲਾਜ਼ਮਾਂ ਨਾਲ ਕਰ ਰਹੀ ਹੈ, ਉਹ ਹੱਦ ਤੋਂ ਵੱਧ ਹੋ ਗਈ ਹੈਹਰ ਸਾਲ 5 ਸਤੰਬਰ ਨੂੰ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਸ਼੍ਰੀ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਦੇਸ਼ ਭਰ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ; ਜੋ ਇੱਕ ਅਧਿਆਪਕ ਅਤੇ ਸਿੱਖਿਆ ਸ਼ਾਸਤਰੀ ਸਨਇਸ ਦਿਨ ਸਕੂਲਾਂ ਵਿੱਚ ਸਮਾਗਮ ਹੁੰਦੇ ਹਨ, ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਉਨ੍ਹਾਂ ਦੀ ਮਹਾਨਤਾ ਬਾਰੇ ਭਾਸ਼ਣ ਦਿੱਤੇ ਜਾਂਦੇ ਹਨ ਅਤੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ, ਸਮਾਜ ਦਾ ਮਾਰਗਦਰਸ਼ਕ ਅਤੇ ਭਵਿੱਖ ਦੀ ਨੀਂਹ ਰੱਖਣ ਵਾਲਾ ਕਿਹਾ ਜਾਂਦਾ ਹੈਪਰ ਇਸ ਸਾਰੇ ਦਿਖਾਵੇ ਦੇ ਵਿਚਕਾਰ ਇੱਕ ਸਵਾਲ ਵਾਰ-ਵਾਰ ਮਨ ਨੂੰ ਝੰਜੋੜਦਾ ਹੈ ਕਿ ਇੱਕ ਪਾਸੇ ਅਧਿਆਪਕ ਨੂੰ ਸਨਮਾਨ ਦੇਣ ਦੇ ਸਮਾਗਮ ਹੋ ਰਹੇ ਹਨ ਅਤੇ ਦੂਜੇ ਪਾਸੇ ਉਹੀ ਅਧਿਆਪਕ ਸਕੂਲ ਜਾਂਦੇ-ਆਉਂਦੇ ਸਮੇਂ ਡਰ ਦੇ ਮਾਹੌਲ ਵਿੱਚੋਂ ਲੰਘ ਰਿਹਾ ਹੈਕਿਤੇ ਡਿਊਟੀ ਦੌਰਾਨ ਬਦਸਲੂਕੀ ਹੁੰਦੀ ਹੈ, ਕਿਤੇ ਧਮਕੀਆਂ ਮਿਲਦੀਆਂ ਹਨ, ਕਿਤੇ ਮਾਰ-ਕੁੱਟ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਅਧਿਆਪਕ ਨੂੰ ਆਪਣੀ ਸੁਰੱਖਿਆ ਲਈ ਵੀ ਚਿੰਤਤ ਹੋਣਾ ਪੈਂਦਾ ਹੈਜੇਕਰ ਅਧਿਆਪਕ ਦੀ ਇੱਜ਼ਤ ਅਤੇ ਸੁਰੱਖਿਆ ਹੀ ਯਕੀਨੀ ਨਹੀਂ ਤਾਂ ਕੇਵਲ ਇੱਕ ਦਿਨ ਉਸ ਨੂੰ ਫੁੱਲਾਂ ਦੇ ਹਾਰ ਪਾ ਦੇਣ ਨਾਲ ਉਸਦਾ ਸਨਮਾਨ ਕਿਵੇਂ ਹੋ ਸਕਦਾ ਹੈ?

ਅੱਜ ਅਧਿਆਪਕ ਦੀ ਡਿਊਟੀ ਸਿਰਫ ਕਲਾਸਰੂਮ ਤਕ ਸੀਮਿਤ ਨਹੀਂ ਰਹੀ; ਪੜ੍ਹਾਉਣ ਤੋਂ ਇਲਾਵਾ ਉਸ ਤੋਂ ਅਨੇਕਾਂ ਗੈਰ-ਵਿੱਦਿਅਕ ਕੰਮ ਲਏ ਜਾਂਦੇ ਹਨਸਰਕਾਰੀ ਮੁਹਿੰਮਾਂ, ਸਰਵੇਖਣਾਂ, ਵੱਖ-ਵੱਖ ਰਜਿਸਟਰਾਂ, ਡਾਟਾ ਇਕੱਠਾ ਕਰਨ, ਚੋਣ ਡਿਊਟੀ, ਜਨਗਣਨਾ, ਟੈਸਟਿੰਗ, ਜਾਗਰੂਕਤਾ ਮੁਹਿੰਮਾਂ ਅਤੇ ਹੋਰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਵਿੱਚ ਵੀ ਅਧਿਆਪਕਾਂ ਦੀ ਵੱਡੀ ਭੂਮਿਕਾ ਹੁੰਦੀ ਹੈਦਰਜਣਾਂ ਕਿਸਮ ਦੀਆਂ ਡਿਊਟੀਆਂ ਕੇਵਲ ਅਧਿਆਪਕ ਤੋਂ ਹੀ ਲਈਆਂ ਜਾ ਰਹੀਆਂ ਹਨਇੱਥੋਂ ਤਕ ਕਿ ਸਰਕਾਰਾਂ ਦੇ ਧਾਰਮਿਕ ਜਲਸਿਆਂ ਜਲੂਸਾਂ ਨੂੰ ਬਿਹਤਰ ਬਣਾਉਣ ਲਈ ਵੀ ਅਧਿਆਪਕ ਨੂੰ ਹੀ ਲਾਇਆ ਜਾਂਦਾ ਹੈਬੱਸ! ਪੜ੍ਹਾਉਣ ਤੋਂ ਦੂਰ ਕੀਤਾ ਜਾ ਰਿਹਾ ਹੈ ਮਾਣਯੋਗ ਅਦਾਲਤ ਵੀ ਕਹਿ ਚੁੱਕੀ ਹੈ ਕਿ ਅਧਿਆਪਕ ਦਾ ਕੰਮ ਕੇਵਲ ਪੜ੍ਹਾਉਣਾ ਹੀ ਹੋਣਾ ਚਾਹੀਦਾ ਹੈ ਇਸਦੇ ਬਾਵਜੂਦ ਜਦੋਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਵੇ ਤਾਂ ਅਧਿਆਪਕ ਨੂੰ ‘ਵਿਹਲਾ’ ਕਹਿਣਾ ਅਸਾਨ ਹੋ ਜਾਂਦਾ ਹੈ ਅਧਿਆਪਕ ਦੇ ਅਸਲ ਕੰਮ ਦੀ ਵਿਸ਼ਾਲਤਾ ਨੂੰ ਸਮਝਣ ਦੀ ਬਜਾਏ ਉਸਦੀ ਮਿਹਨਤ ਨੂੰ ਅਕਸਰ ਅੰਕੜਿਆਂ ਅਤੇ ਫਾਈਲਾਂ ਵਿੱਚ ਤੋਲਿਆ ਜਾਂਦਾ ਹੈ

ਜੇ ਗੱਲ ਲੁੱਟ ਅਤੇ ਕੁੱਟ ਦੀ ਕਰੀਏ ਤਾਂ ਇਸ ਸਰਕਾਰ ਨੇ ਪਹਿਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਦਿੱਤਾ ਹੈਸਰਕਾਰ ਨੇ ਜਿੱਥੇ ਲਾਠੀ-ਡੰਡੇ ਬਰਸਾਏ ਉੱਥੇ ਮਹਿਲਾ ਅਧਿਆਪਕਾਵਾਂ ਦੀ ਧੂਹ-ਖਿੱਚ ਕਰਨ ਵਿੱਚ ਕੋਈ ਲਿਹਾਜ਼ ਨਹੀਂ ਕੀਤਾ ਇੱਕ ਪਾਸੇ ਲਾਡਲੀ ਬਹਿਨਾ ਦੂਜੇ ਪਾਸੇ ਲਾਠੀ ਨਾਲ ਬਹਿਨਾ ਦੀ ਕੁੱਟ ਵਾਲੇ ਦੋਹਰੇ ਮਾਪਦੰਡ ਸਰਕਾਰ ਦੀ ਬਦਨੀਅਤੀ ਪੇਸ਼ ਕਰਦੀ ਹੈਅਧਿਆਪਕ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਗਿਆਨ ਦੇਵੇ, ਉਨ੍ਹਾਂ ਦੀ ਸ਼ਖਸੀਅਤ ਬਣਾਏ, ਨੈਤਿਕਤਾ ਸਿਖਾਏ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਤਿਆਰ ਕਰੇਪਰ ਉਸੇ ਅਧਿਆਪਕ ਨੂੰ ਜੇਕਰ ਲਗਾਤਾਰ ਪ੍ਰਸ਼ਾਸਨਿਕ ਦਬਾਅ ਵਿੱਚ ਰੱਖਿਆ ਜਾਵੇ ਤਾਂ ਉਹ ਆਪਣੇ ਮੁੱਖ ਫਰਜ਼ ਨੂੰ ਪੂਰੀ ਤਰ੍ਹਾਂ ਕਿਵੇਂ ਨਿਭਾਵੇ? ਅਧਿਆਪਕਾਂ ਨੂੰ ਕੁੱਟਿਆ ਤਾਂ ਜਾ ਹੀ ਰਿਹਾ ਹੈ, ਮਾਨਸਿਕ ਤੌਰ ’ਤੇ ਵੀ ਪੀੜਿਤ ਕੀਤਾ ਜਾ ਰਿਹਾ ਹੈਅਧਿਆਪਕਾਂ ਨਾਲ ਬਦਸਲੂਕੀ ਜਾਂ ਹਿੰਸਾ ਦੀ ਕੋਈ ਵੀ ਘਟਨਾ ਸਿਰਫ ਇੱਕ ਵਿਅਕਤੀ ਨਾਲ ਹੋਈ ਘਟਨਾ ਨਹੀਂ ਹੁੰਦੀ, ਇਹ ਪੂਰੀ ਸਿੱਖਿਆ ਪ੍ਰਣਾਲੀ ਦੀ ਸੁਰੱਖਿਆ ਉੱਤੇ ਸਵਾਲ ਹੁੰਦਾ ਹੈਅਧਿਆਪਕ ਨੂੰ ਧਮਕਾਉਣਾ, ਉਸ ਨਾਲ ਗਾਲੀ-ਗਲੋਚ ਕਰਨਾ, ਉਸਦੀ ਡਿਊਟੀ ਵਿੱਚ ਰੁਕਾਵਟ ਪਾਉਣਾ ਜਾਂ ਉਸ ’ਤੇ ਹਮਲਾ ਕਰਨਾ - ਇਹ ਸਭ ਸਿੱਖਿਆ ਦੇ ਮਾਹੌਲ ਨੂੰ ਕਮਜ਼ੋਰ ਕਰਦਾ ਹੈਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਕਈ ਵਾਰ ਅਜਿਹੀਆਂ ਘਟਨਾਵਾਂ ਨੂੰ ਕੁਝ ਸਮੇਂ ਬਾਅਦ ‘ਮਾਮਲਾ ਸ਼ਾਂਤ ਕਰਨ’ ਦੇ ਨਾਮ ’ਤੇ ਭੁਲਾ ਦਿੱਤਾ ਜਾਂਦਾ ਹੈਜੇਕਰ ਕਿਸੇ ਅਧਿਆਪਕ ਨਾਲ ਬਦਸਲੂਕੀ ਜਾਂ ਹਿੰਸਾ ਹੁੰਦੀ ਹੈ ਤਾਂ ਉਸ ਨੂੰ ਸਿਰਫ ‘ਵਿਅਕਤੀਗਤ ਝਗੜਾ’ ਸਮਝਣਾ ਗਲਤ ਹੈਅਧਿਆਪਕ ਦੀ ਸੁਰੱਖਿਆ ਨੂੰ ਸਿੱਖਿਆ ਪ੍ਰਣਾਲੀ ਦੀ ਸੁਰੱਖਿਆ ਦਾ ਹਿੱਸਾ ਮੰਨਣਾ ਪਵੇਗਾਅਧਿਆਪਕ ਦਾ ਸਨਮਾਨ ਭਾਸ਼ਣਾਂ ਨਾਲ ਨਹੀਂ, ਉਤਸ਼ਾਹ ਵਧਾਉਣ, ਵਧੀਆ ਨੀਤੀਆਂ ਅਤੇ ਵਧੀਆ ਤਨਖਾਹਾਂ ਭੱਤਿਆਂ ਨਾਲ ਹੋਣਾ ਚਾਹੀਦਾ ਹੈ

ਅਧਿਆਪਕ ਦਿਵਸ ਮੌਕੇ ਮੰਚਾਂ ਤੋਂ ਵੱਡੇ-ਵੱਡੇ ਸ਼ਬਦ ਬੋਲੇ ਜਾਂਦੇ ਹਨ- ‘ਰਾਸ਼ਟਰ ਨਿਰਮਾਤਾ’, ‘ਸਮਾਜ ਦਾ ਚਾਨਣ’, ‘ਗੁਰੂ’ ਆਦਿਪਰ ਸਨਮਾਨ ਦੀ ਅਸਲ ਪਰਖ ਉਸ ਵੇਲੇ ਹੁੰਦੀ ਹੈ ਜਦੋਂ ਅਧਿਆਪਕ ਕਿਸੇ ਮੁਸ਼ਕਿਲ ਵਿੱਚ ਹੁੰਦਾ ਹੈਜੇ ਅਧਿਆਪਕ ਨੂੰ ਸੁਰੱਖਿਅਤ ਕੰਮਕਾਜੀ ਮਾਹੌਲ ਨਹੀਂ ਮਿਲਦਾ, ਜੇ ਉਸਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਨਹੀਂ ਜਾਂਦਾ, ਜੇ ਉਸ ਨੂੰ ਲੋੜ ਤੋਂ ਵੱਧ ਗੈਰ-ਵਿੱਦਿਅਕ ਕੰਮਾਂ ਵਿੱਚ ਲਾਇਆ ਜਾਂਦਾ ਹੈ ਅਤੇ ਜੇ ਉਸਦੀ ਪੇਸ਼ਾਵਰ ਇੱਜ਼ਤ ਦੀ ਰੱਖਿਆ ਨਹੀਂ ਕੀਤੀ ਜਾਂਦੀ ਤਾਂ ਅਧਿਆਪਕ ਦਿਵਸ ਦਾ ਸਮਾਗਮ ਸਿਰਫ ਰਸਮੀ ਕਾਰਵਾਈ ਬਣ ਕੇ ਰਹਿ ਜਾਂਦਾ ਹੈਅਧਿਆਪਕ ਦੀ ‘ਲੁੱਟ’ ਨੂੰ ਸਿਰਫ ਤਨਖਾਹ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ; ਉਸਦਾ ਸਮਾਂ, ਮਿਹਨਤ, ਮਾਨਸਿਕ ਸ਼ਾਂਤੀ ਅਤੇ ਪੇਸ਼ਾਵਰ ਅਜ਼ਾਦੀ ਵੀ ਕੀਮਤੀ ਹਨ

ਸਰਕਾਰੀ ਸਕੂਲਾਂ ਵਿੱਚ ਸਮਾਜ ਦੇ ਵੱਡੇ ਹਿੱਸੇ ਦੇ ਬੱਚੇ ਪੜ੍ਹਦੇ ਹਨਖਾਸਕਰ ਗਰੀਬ ਬੱਚੇ ਜੋ ਮਹਿੰਗੇ ਅਤੇ ਵਿਤਕਰਿਆਂ ਵਾਲੇ ਸਕੂਲਾਂ ਵਿੱਚ ਪੜ੍ਹ ਹੀ ਨਹੀਂ ਸਕਦੇਇਨ੍ਹਾਂ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਉੱਤੇ ਸਿਰਫ ਪਾਠਕ੍ਰਮ ਪੂਰਾ ਕਰਨ ਦੀ ਨਹੀਂ, ਸਗੋਂ ਸਮਾਜਿਕ ਬਰਾਬਰੀ ਨੂੰ ਮਜ਼ਬੂਤ ਕਰਨ ਦੀ ਵੀ ਜ਼ਿੰਮੇਵਾਰੀ ਹੈਇਸ ਲਈ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ ਅਧਿਆਪਕਾਂ ਨੂੰ ਸਾਧਨ, ਸਟਾਫ, ਸੁਰੱਖਿਆ ਅਤੇ ਸਨਮਾਨ ਦੇਣਾ ਜ਼ਰੂਰੀ ਹੈਜਿਹੜਾ ਅਧਿਆਪਕ ਸਰਕਾਰੀ ਸਕੂਲ ਵਿੱਚ ਸੀਮਿਤ ਸਰੋਤਾਂ ਦੇ ਬਾਵਜੂਦ ਬੱਚਿਆਂ ਨੂੰ ਬਿਹਤਰ ਭਵਿੱਖ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਨੂੰ ਸਿਰਫ ਹੁਕਮਾਂ ਅਤੇ ਨੋਟਿਸਾਂ ਨਾਲ ਨਹੀਂ, ਸਹਿਯੋਗ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈਸਿੱਖਿਆ ਨੂੰ ਬਚਾਉਣਾ ਹੈ ਤਾਂ ਅਧਿਆਪਕ ਨੂੰ ਬਚਾਉਣਾ ਪਵੇਗਾਕਿਸੇ ਵੀ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀ ਗੁਣਵੱਤਾ ਦਾ ਅੰਦਾਜ਼ਾ ਉਸਦੇ ਅਧਿਆਪਕ ਦੀ ਸਥਿਤੀ ਤੋਂ ਲਾਇਆ ਜਾ ਸਕਦਾ ਹੈਜਿਸ ਸਮਾਜ ਵਿੱਚ ਅਧਿਆਪਕ ਡਰਿਆ ਹੋਇਆ, ਦਬਾਅ ਹੇਠ ਜਾਂ ਅਪਮਾਨਿਤ ਮਹਿਸੂਸ ਕਰੇ, ਉੱਥੇ ਸਿੱਖਿਆ ਦੇ ਮਿਆਰ ਨੂੰ ਲੰਬੇ ਸਮੇਂ ਤਕ ਉੱਚਾ ਨਹੀਂ ਰੱਖਿਆ ਜਾ ਸਕਦਾਇਸ ਲਈ ਲੋੜ ਹੈ ਕਿ ਅਧਿਆਪਕਾਂ ਲਈ ਸਪਸ਼ਟ ਸੁਰੱਖਿਆ ਪ੍ਰਬੰਧ ਹੋਣਸਕੂਲਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਧਮਕੀ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗੈਰ-ਵਿੱਦਿਅਕ ਡਿਊਟੀਆਂ ਨੂੰ ਤਰਕਸੰਗਤ ਹੱਦਾਂ ਵਿੱਚ ਰੱਖਿਆ ਜਾਵੇਅਧਿਆਪਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਬਣੇ ਅਤੇ ਉਨ੍ਹਾਂ ਦੀ ਪੇਸ਼ਾਵਰ ਮਰਯਾਦਾ ਦੀ ਰੱਖਿਆ ਕੀਤੀ ਜਾਵੇ

ਅਧਿਆਪਕ ਦਿਵਸ ਸਿਰਫ ਅਧਿਆਪਕ ਨੂੰ ਅਖਬਾਰਾਂ ਵਿੱਚ ਵੱਡੇ ਵੱਡੇ ਪੋਸਟਰ ਨਾਲ ਵਧਾਈ ਦੇਣ ਦਾ ਦਿਨ ਨਹੀਂ ਹੋਣਾ ਚਾਹੀਦਾ; ਇਹ ਦਿਨ ਸਿੱਖਿਆ ਪ੍ਰਣਾਲੀ ਦੀ ਸਮੀਖਿਆ ਕਰਨ ਦਾ ਦਿਨ ਵੀ ਹੋਣਾ ਚਾਹੀਦਾ ਹੈਸਵਾਲ ਇਹ ਨਹੀਂ ਕਿ ਅਸੀਂ ਅਧਿਆਪਕ ਨੂੰ ਇੱਕ ਦਿਨ ਕਿੰਨਾ ਸਨਮਾਨ ਦਿੰਦੇ ਹਾਂ; ਸਵਾਲ ਇਹ ਹੈ ਕਿ ਬਾਕੀ ਦੇ 364 ਦਿਨ ਅਸੀਂ ਅਧਿਆਪਕ ਨਾਲ ਕਿਹੋ ਜਿਹਾ ਵਿਹਾਰ ਕਰਦੇ ਹਾਂਅਧਿਆਪਕ ਨੂੰ ਫੁੱਲ ਨਹੀਂ, ਸੁਰੱਖਿਅਤ ਮਾਹੌਲ ਚਾਹੀਦਾ ਹੈਅਧਿਆਪਕ ਨੂੰ ਸਿਰਫ ਸਨਮਾਨ ਦੇ ਸ਼ਬਦ ਨਹੀਂ, ਸਨਮਾਨਯੋਗ ਵਿਹਾਰ ਚਾਹੀਦਾ ਹੈਅਧਿਆਪਕ ਨੂੰ ਸਿਰਫ ਵਧਾਈ ਨਹੀਂ, ਆਪਣਾ ਕੰਮ ਕਰਨ ਦੀ ਅਜ਼ਾਦੀ ਅਤੇ ਸਹੂਲਤ ਚਾਹੀਦੀ ਹੈ ਉਸਦੀ ਸਿੱਖਿਆ ਅਨੁਸਾਰ ਉਸਦਾ ਸਹੀ ਅਤੇ ਸਮੇਂ ਸਿਰ ਮਿਹਨਤਾਨਾ ਚਾਹੀਦਾ ਹੈ ਤਾਂ ਹੀ ਅਧਿਆਪਕ ਦਿਵਸ ਸੱਚੇ ਅਰਥਾਂ ਵਿੱਚ ਅਧਿਆਪਕ ਦਿਵਸ ਬਣੇਗਾ; ਨਹੀਂ ਤਾਂ ਇਹ ਸਿਰਫ ਇੱਕ ਹੋਰ ਰਸਮੀ ਦਿਨ ਬਣ ਕੇ ਰਹਿ ਜਾਵੇਗਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਵਰਗਿਸ ਸਲਾਮਤ

ਵਰਗਿਸ ਸਲਾਮਤ

Phone: (91 - 98782 - 61522)
Email: (wargisalamat@gmail.com)

More articles from this author