“ਮਨੀਪੁਰ ਦੋ ਸਾਲ ਤੋਂ ਦੰਗਿਆਂ ਦੀ ਅੱਗ ਵਿੱਚ ਹੈ ਅਤੇ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ...”
(14 ਜੂਨ 2026)
ਭਾਰਤ ਵਿੱਚ ਪੇਪਰ ਲੀਕ ਹੁੰਦੇ ਰਹੇ ਹਨ, ਲਗਾਤਾਰ ਹੋ ਰਹੇ ਹਨ ਅਤੇ ਮੌਜੂਦਾ ਸਰਕਾਰਾਂ ਨੇ ਵੀ ਅਜੇ ਤਕ ਕੋਈ ਠੋਸ ਕਦਮ ਉਠਾ ਕੇ ਲੋਕਾਂ ਦਾ ਭਰੋਸਾ ਨਹੀਂ ਬੰਨ੍ਹਵਾਇਆ, ਉਲਟਾ ਰਾਜਨੀਤੀ ਕਰਦਿਆਂ ਪਿਛਲੀਆਂ ਸਰਕਾਰਾਂ ਉੱਤੇ ਭਾਂਡਾ ਭੰਨਣ ਤੋਂ ਬਾਜ਼ ਨਹੀਂ ਆਏ। ਮੇਨ ਲਾਈਨ ਮੀਡੀਆ ਨੇ ਵੀ ਇਸ ਮਸਲੇ ਨੂੰ ਵਿਦਿਆਰਥੀਆਂ ਦੇ ਪੱਖ ਨਾਲ ਪੇਸ਼ ਨਹੀਂ ਕੀਤਾ। ਵਿਦਿਆਰਥੀਆਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਦੀ ਗੱਲ ਨਾ ਉਠਾ ਕੇ ਵਿਦਿਆਰਥੀਆਂ ਦਾ ਮਨੋਬਲ ਘਟਾਇਆ ਹੈ ਨਾ ਕਿ ਵਧਾਇਆ। ਮੀਡੀਆ ਨੇ ਨਾ ਹੀ ਪ੍ਰੀਖਿਆਰਥੀਆਂ ਦੇ ਨੁਕਸਾਨ ਦੀ ਨੈਤਿਕ ਜ਼ਿੰਮੇਵਾਰੀ ਲੈਣ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹੇ ਕੀਤਾ। ਪਰ ਅਧਿਆਪਕਾਂ, ਵਿਦਿਆਰਥੀਆਂ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵਸ਼ਾਲੀ ਸੰਵੇਦਨਸ਼ੀਲ ਪੱਤਰਕਾਰਾਂ ਨੇ ਇਸਦਾ ਡਟ ਕੇ ਵਿਰੋਧ ਕੀਤਾ ਹੈ। ਨਤੀਜਨ ਟੀਚਰਾਂ, ਸੋਸ਼ਲ ਮੀਡੀਆ ਇੰਨਫਿਉਲੈਂਸਰਾਂ, ਵਿਦਿਆਰਥੀਆਂ ਅਤੇ ਇਸ ਤਰ੍ਹਾਂ ਦੇ ਨਿਜ਼ਾਮ ਦਾ ਵਿਰੋਧ ਕਰਨ ਵਾਲਿਆਂ ਨੂੰ ਕੌਕਰੋਚ ਅਤੇ ਦੋ ਕੌਡੀ ਦੇ ਟੀਚਰ ਅਤੇ ਪਰਜੀਵੀ ਆਦਿ ਨਕਾਰਾਤਮਕ ਵਿਸ਼ੇਸ਼ਣਾਂ ਨਾਲ ਸ਼ਰੇਆਮ ਮੀਡੀਆ ਪਲੇਟਫਾਰਮ ਤੋਂ ਅਪਮਾਨਿਤ ਕੀਤਾ ਗਿਆ। ਜੰਤਰ-ਮੰਤਰ ’ਤੇ ਅਭੀਜੀਤ ਦੀਪੀਕੇ ਅਤੇ ਸਾਥੀਆਂ ਦੀ ਅਗਵਾਈ ਵਿੱਚ ਦੇਸ਼ ਭਰ ਦੇ ਨੌਜਵਾਨਾਂ ਦਾ ਰੋਸ ਪ੍ਰਦਰਸ਼ਨ ਅਤੇ ਖਾਨ ਸਰ ਅਤੇ ਸੋਸ਼ਲ ਮੀਡੀਆ ਦੇ ਹੋਰ ਅਧਿਆਪਕਾਂ ਦੀ ਆਜਤੱਕ ਦੀ ਮੂੰਹਫਟ ਐਂਕਰ ਨਾਲ ਤੂੰ ਤੂੰ ਮੈਂ ਮੈਂ ਲਗਾਤਾਰ ਚੱਲ ਰਹੀ ਹੈ। ਮਸਲਾ ਇਹ ਵੀ ਹੈ ਕਿ ਨਾ ਆਪਣੀ ਸਰਵਉੱਚ ਅਦਾਲਤ ਦੇ ਸਰਵਉੱਚ ਜੱਜ ਸਾਹਿਬ ਜੀ ਨੇ ਆਪਣੀ ਸਟੇਟਮੈਂਟ ਨੂੰ ਗਲਤ ਮੰਨ ਕੇ ਖੇਦ ਮੰਨੀ, ਨਾ ਮੁਹਤਰਮਾ ਅੰਜਨਾ ਕਸ਼ਿਅਪ ਜੀ ਨੇ ਆਪਣੀ ਕੁਟਿੱਪਣੀ ਦੀ ਅਧਿਆਪਕ ਵਰਗ ਤੋਂ ਮੁਆਫੀ ਮੰਗੀ ਅਤੇ ਨਾ ਹੀ ਸਾਡੇ ਮਾਨਨੀਯ ਕੇਂਦਰੀ ਸਿੱਖਿਆ ਮੰਤਰੀ ਨੇ ਨੀਟ ਪੇਪਰ ਲੀਕ ਅਤੇ ਸੀ.ਬੀ.ਐੱਸ.ਸੀ. ਪੇਪਰ ਚੈਕਿੰਗ ਸਕੈਮ ਦੇ ਮਾਮਲੇ ਵਿੱਚ ਨੈਤਿਕ ਜ਼ਿੰਮੇਵਾਰੀ ਸਮਝ ਕੇ ਅਸਤੀਫੇ ਦੀ ਗੱਲ ਕਬੂਲੀ ਹੈ।
ਨਾ ਟੀਚਰ ਕਦੇ ਦੋ ਕੌਡੀ ਦਾ ਹੋ ਸਕਦਾ ਅਤੇ ਨਾ ਹੀ ਨੌਜਵਾਨ ਕੌਕਰੋਚ ਹੋ ਸਕਦੇ ਹਨ। ਪਤਾ ਨਹੀਂ ਇਹ ਕੋਈ ਖਿਝ ਹੈ ਜਾਂ ਕਿਸੇ ਵਿਸ਼ੇਸ਼ ਨੂੰ ਖੁਸ਼ ਕਰਨ ਦੀ ਤਰਫਦਾਰੀ ਜਾਂ ਫਿਰ ਕਿਸੇ ਵਿਸ਼ੇਸ਼ ਅਜੰਡੇ ਅਧੀਨ ਵਿਵਾਦਿਤ ਟਿੱਪਣੀਆਂ ਨਾਲ ਆਮ ਲੋਕਾਂ ਨੂੰ ਚਿੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਝਿਆ ਇਹ ਵੀ ਜਾ ਰਿਹਾ ਹੈ ਕਿ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਵਾਲੇ ਅਧਿਆਪਕ ਵਰਗ ਅਤੇ ਇਨਫਿਲੂਐਂਸਰਾਂ ਭਾਵ ਵਿਸ਼ਲੇਸ਼ਕਾਂ ਆਦਿ ਨੂੰ ਉਲਝਾਉਣ, ਭਟਕਾਉਣ ਅਤੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਸਾਡੇ ਮਾਨਯੋਗ ਸੁਪਰੀਮ ਜਸਟਿਸ ਆਫ ਇੰਡੀਆ ਜੀ ਦੁਆਰਾ ਨੌਜਵਾਨਾਂ ਨੂੰ ਕੌਕਰੋਚ ਕਹਿ ਕੇ ਆਪਣੀ ਕੋਈ ਭੜਾਸ ਕਢੀ ਗਈ ਸੀ ਅਤੇ ਹੁਣ ਇੱਕ ਗੋਦੀ ਮੀਡੀਆ ਚੈਨਲ ਦੀ ਗੋਦੀ ਐਂਕਰ ਨੇ ਅਧਿਆਪਕਾਂ ਨੂੰ “ਦੋ ਕੌਡੀ ਦੇ” ਕਹਿ ਕੇ ਸਾਰੇ ਅਧਿਆਪਕ ਵਰਗ ਦਾ ਨਿਰਾਦਰ ਕੀਤਾ ਹੈ। ਮੁਹਤਰਮਾ ਸ਼ਾਇਦ ਜਨਮ ਲੈਂਦੇ ਐਂਕਰ ਸੀ ਜਾਂ ਕਦੇ ਸਕੂਲ ਨਹੀਂ ਗਈ ਜਾਂ ਫਿਰ ਮੰਨ ਲਵੇ ਕਿ ਉਸਨੇ ਅੱਜ ਆਪਣੇ ਅਧਿਆਪਕਾਂ ਦਾ ਵੀ ਅਪਮਾਨ ਕੀਤਾ ਹੈ। ਸਾਡੀ ਇਹ ਭੈਣ ਭੁੱਲ ਹੀ ਗਈ ਕਿ ਅਧਿਆਪਕ ਇੱਕ ਜਲ ਰਿਹਾ ਦੀਪਕ ਹੈ ਜਿਸਦੀ ਲਾਟ ਨਾਲ ਰੌਸ਼ਨੀ ਫੈਲਦੀ ਹੈ ਅਤੇ ਇਸ ਨਾਲ ਹੋਰ ਦੀਪਕ ਵੀ ਜਗਦੇ ਜਾਂਦੇ ਹਨ ਅਤੇ ਰੌਸ਼ਨੀ ਕਰਦੇ ਕਰਦੇ ਚਾਨਣ ਫੈਲਾਅ ਜਾਂਦੇ ਹਨ। ਉਸੇ ਚਾਨਣ ਥੱਲੇ ਹਨੇਰੇ ਹੀ ਅਧਿਆਪਕ ਨੂੰ ”ਦੋ ਕੌਡੀ ਦਾ” ਸਮਝਣ ਵਾਲੇ ਕਈ ਹੈਂਕੜ ਅਤੇ ਐਂਕਰ ਵੀ ਪੈਦਾ ਹੋ ਜਾਂਦੇ ਹਨ।
ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ 2014 ਤੋਂ ਲਗਾਤਾਰ ਅਧਿਆਪਕ ਵਾਂਗ ਬੱਚਿਆਂ ਨਾਲ “ਮਨ ਕੀ ਬਾਤ” ਰੇਡਿਓ ਪ੍ਰੋਗਰਾਮ ਕਰ ਰਹੇ ਹਨ ਅਤੇ ਹੁਣ ਮਈ 2026 ਤਕ ਲਗਭਗ 134ਵਾਰ ਅਧਿਆਪਕ ਵਾਂਗ ਬਾਲਾਂ ਨੂੰ ਸੰਬੋਧਨ ਹੋਏ ਹਨ। ਪਰੀਕਸ਼ਾ ਪੇ ਚਰਚਾ ਵੀ ਉਹਨਾਂ ਦਾ ਹੀ ਪ੍ਰੋਗਰਾਮ ਹੈ ਜੋ ਸਾਰੇ ਭਾਰਤ ਵਿੱਚ ਚਲਦਾ ਹੈ। ਮੈਨੂੰ ਯਾਦ ਹੈ ਉਹਨਾਂ ਨੇ ਆਪਣੀਆਂ ਸ਼ੁਰੂ ਦੀਆਂ ਕਲਾਸਾਂ ਵਿੱਚ ਅਧਿਆਪਕ ਦੀ ਮਹੱਤਤਾ ਵਿੱਚ ਕਿਹਾ ਸੀ ਕਿ ਮਾਂ-ਪਿਓ ਬੱਚੇ ਨੂੰ ਜਨਮ ਦਿੰਦੇ ਹਨ ਅਤੇ ਅਧਿਆਪਕ ਬੱਚੇ ਨੂੰ ਜੀਵਨ ਦਿੰਦਾ ਹੈ। ਸੋ ਬਿਨਾਂ ਸ਼ੱਕ ਸਾਨੂੰ ਜੀਵਨ ਦੇਣ ਵਾਲਾ ਅਧਿਆਪਕ ਹੀ ਹੈ। ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਅਧਿਆਪਕ ਬਣ ਕੇ ਆਪਣੀ ਗੱਲਬਾਤ ਦੇ ਰਿਕਾਰਡ ਵੀ ਬਣਾਏ ਹਨ। ਪਰ ਹੁਣ ਸਾਹਿਬ ਜੀ ਵੀ ਅਜਿਹੇ ਮਸਲਿਆਂ ’ਤੇ ਹਮੇਸ਼ਾ ਚੁੱਪ ਰਹਿੰਦੇ ਹਨ।
ਗੁਰੂ ਗੋਬਿੰਦ ਦੋਉ ਖੜ੍ਹੇ, ਕਾਕੇ ਲਾਗੂੰ ਪਾਏ
ਬਲਿਹਾਰੀ ਗੁਰੂ ਆਪਣੇ, ਜਿਨ ਗੋਬਿੰਦ ਦਿਓ ਦਿਖਾਏ।
ਕਬੀਰ ਜੀ ਦਾ ਇਹ ਦੋਹਾ ਵਿੱਦਵਤਾ ਅਤੇ ਵਿਦਵਾਨਤਾ ਭਰਪੂਰ ਹੈ ਅਤੇ ਗਿਆਨ ਦਾ ਸਿਰਾ ਹੈ। ਗਾਗਰ ਵਿੱਚ ਸਾਗਰ ਹੈ। ਮਹਾਨ ਹਸਤੀ ਜਿਸਨੂੰ ਭਗਵਾਨ ਦਾ ਦਰਜ਼ਾ ਪ੍ਰਾਪਤ ਹੈ, ਉਹ ਗੁਰੂ ਨੂੰ ਭਗਵਾਨ ਤੋਂ ਵੀ ਉੱਪਰ ਮਨੰਦੇ ਹਨ। ਸਾਨੂੰ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀਬਾਈ ਫੁਲੇ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ। ਜਦੋਂ ਕੁੜੀਆਂ ਨੂੰ ਘਰੋਂ ਨਿਕਲਣ ਦੀ ਮਨਾਹੀ ਸੀ, ਪੜ੍ਹਨਾ ਤਾਂ ਦੂਰ ਦੀ ਗੱਲ ਸੀ, ਉਹ ਦੂਰ-ਦੂਰ ਪਿੰਡਾਂ ਵਿੱਚ ਜਾ ਕੇ ਪੜ੍ਹਾਉਂਦੇ ਸਨ। ਉਹ ਜਾਤਾਂ-ਪਾਤਾਂ ਦਾ ਵਿਤਕਰਾ ਝੱਲਦੇ ਰਹੇ। ਉਸ ਵੇਲੇ ਸਮਾਜ ਵਰਣ-ਵਰਗ, ਜਾਤ-ਪਾਤ, ਵਹਿਮ-ਭਰਮ ਅਤੇ ਵਿਤਕਰਿਆਂ ਦੇ ਝੰਜਾਲ ਵਿੱਚ ਝਕੜਿਆ ਹੋਇਆ ਸੀ। ਅੰਗਰੇਜ਼ ਸਰਕਾਰ ਦਾ ਤਸ਼ੱਦਦ ਭੁਲਾਇਆ ਨਹੀਂ ਜਾ ਸਕਦਾ ਪਰ ਉਹਨਾਂ ਦੇ ਚੰਗੇ ਕੰਮਾਂ ਦੀ ਲਿਸਟ ਵਿੱਚ ਪਹਿਲੇ ਨੰਬਰ ’ਤੇ ਸਿੱਖਿਆ ਦਾ ਪ੍ਰਸਾਰ ਸੀ, ਉਹ ਵੀ ਬਿਨਾਂ ਭੇਦ-ਭਾਵ। ਅਜਿਹੇ ਉੱਦਮਾਂ ਸਦਕਾ ਹੀ ਅਧਿਆਪਕ ਅੱਜ ਨੇਸ਼ਨ ਬਿਲਡਰ ਹੈ।
ਅਧਿਆਪਕ ਨੂੰ ਸਮਾਜ ਵਿੱਚ ਬਹੁਤ ਹੀ ਸਨਮਾਨ ਵਾਲਾ ਸਥਾਨ ਅਤੇ ਉਪਾਧੀਆਂ ਪ੍ਰਾਪਤ ਹਨ। ਵਿਦਵਾਨਾਂ ਨੇ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ, ਪ੍ਰੇਰਨਾ ਸ੍ਰੋਤ, ਗਿਆਨ ਦਾ ਸਾਗਰ, ਚਰਿੱਤਰ ਨਿਰਮਾਤਾ, ਸ਼ਿਲਪਕਾਪ, ਸਿੱਖਿਆ ਪੁਜਾਰੀ ਅਤੇ ਰੱਬੀ ਆਦਿ ਕਈ ਉਪਾਧੀਆਂ ਨਾਲ ਨਿਵਾਜ਼ਿਆ ਹੈ। ਸ਼ਾਇਦ ਇਸੇ ਕਾਰਨ ਸਰਕਾਰਾਂ ਵੱਲੋਂ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਵਿੱਚ ਲਗਾਤਾਰ ਝੋਕਿਆ ਜਾ ਰਿਹਾ। ਦੇਸ਼ ਭਰ ਵਿੱਚ ਅਧਿਆਪਕ ਹਰ ਕਿਸਮ ਦੀਆਂ ਵਿੱਦਿਅਕ ਅਤੇ ਗੈਰ-ਵਿੱਦਿਅਕ ਡਿਉਟੀਆਂ ਲਗਾਤਾਰ ਕਰ ਰਿਹਾ ਹੈ। ਟਰੇਡ ਯੂਨੀਅਨਾਂ ਅਨੁਸਾਰ ਦੇਸ਼ ਭਰ ਵਿੱਚ ਅਧਿਆਪਕਾਂ ਕੋਲੋਂ ਲਗਭਗ 80 ਤੋਂ 100 ਕਿਸਮ ਦੀਆਂ ਗੈਰ-ਵਿੱਦਿਅਕ ਡਿਉਟੀਆਂ ਲਈਆਂ ਜਾ ਰਹੀਆਂ ਹਨ। ਇਸ ਸਮੇਂ ਛੁੱਟੀਆਂ ਵਿੱਚ ਵੀ ਐੱਸ. ਆਈ. ਆਰ., ਬੀ ਏ.ਓ, ਮਰਦਮਸ਼ੁਮਾਰੀ, ਇਕਨੌਮਿਕ ਸਰਵੇ, ਡਰੱਗ ਸਰਵੇ ਅਤੇ ਕਈ ਹੋਰ ਡਿਉਟੀਆਂ ਲਈ ਤਾਇਨਾਤ ਹਨ।
ਨਿੱਜੀਕਰਨ, ਉਦਾਰੀਕਰਨ ਅਤੇ ਮੰਡੀਕਰਨ ਨੇ ਮੀਡੀਆ ਦਾ ਵੀ ਮੰਡੀਰਕਨ ਕਰ ਛੱਡਿਆ ਹੈ। ਸਾਮਰਾਜਵਾਦ ਨੇ ਲਗਭਗ ਮੀਡੀਆ ਆਪਣੇ ਅਧੀਨ ਲੈ ਲਿਆ ਹੈ। ਇਸਦੇ ਉਲਟ ਹੀ ਦੁਨੀਆਂ ਵਿੱਚ ਸੋਸ਼ਲ ਮੀਡੀਆ ਹੋਂਦ ਵਿੱਚ ਆਇਆ ਅਤੇ ਵਧਿਆ-ਫੁੱਲਿਆ ਵੀ ਬਹੁਤ ਜ਼ਿਆਦਾ। ਮੀਡੀਆ ਦੀਆਂ ਅਤਿ-ਆਧੁਨਿਕ ਤਕਨੀਕਾਂ ਨੇ ਸਾਰੀ ਦੁਨੀਆਂ ਨੂੰ ਜੋੜ ਕੇ ਰੱਖ ਦਿੱਤਾ ਹੈ। ਅੱਜ ਮੇਨ ਲਾਈਨ ਮੀਡੀਆ ਅਤੇ ਸੋਸ਼ਲ ਮੀਡੀਆ ਸੰਚਾਰ ਸਿਸਟਮ ਦੀਆਂ ਦੋ ਧਾਰਾਵਾਂ ਬਣ ਚੁੱਕੀਆਂ ਹਨ। ਮਹਿਸੂਸ ਕੀਤਾ ਜਾ ਰਿਹਾ ਕਿ ਮੇਨ ਲਾਈਨ ਮੀਡੀਆ ਤਾਂ ਲਗਭਗ ਕਾਰਪੋਰੇਟ ਦੇ ਹੱਥਾਂ ਦੀ ਕਠਪੁਤਲੀ ਵਾਂਗ ਹੀ ਹੈ। ਪਰ ਸੋਸ਼ਲ ਮੀਡੀਆ ਆਪਣੀਆਂ ਵੱਖ-ਵੱਖ ਵਿਧਾਵਾਂ ਵਿੱਚ ਅਜ਼ਾਦ, ਨਿਰਪੱਖ ਅਤੇ ਤੱਥਪੂਰਨ ਸਾਬਤ ਹੋ ਰਿਹਾ ਹੈ। ਇਸ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਪ੍ਰਾਪਤੀ ਅਧਿਆਪਨ ਰਾਹੀਂ ਸਿੱਖਿਆ ਦਾ ਪ੍ਰਸਾਰ ਅਤੇ ਪ੍ਰਚਾਰ ਹੈ। ਆਨ ਲਾਈਨ ਸਟੱਡੀ ਨੇ ਮਹੀਨਿਆਂ ਦੇ ਹਜ਼ਾਰਾਂ ਅਤੇ ਸਾਲਾਂ ਦੇ ਲੱਖਾਂ ਰੁਪਏ ਖਰਚੇ ਵਾਲੀਆਂ ਸੰਸਥਾਵਾਂ ਦੀ ਇਕੱਲੀ ਪੋਲ ਹੀ ਨਹੀਂ ਖੋਲ੍ਹੀ ਬਲਕਿ ਮਹਿਜ਼ ਦੋ-ਚਾਰ ਹਜ਼ਾਰ ਦੀ ਸਲਾਨਾ ਫੀਸ ਨਾਲ ਚੁੱਗੀਆਂ-ਚੌਂਪੜੀਆਂ ਤਕ ਸਿੱਖਿਆ ਅਤੇ ਪ੍ਰੀਖਿਆਵਾਂ ਦੀ ਤਿਆਰੀ ਪਹੁੰਚਾ ਦਿੱਤੀ ਹੈ। ਇਸ ਕਿਸਮ ਦੀ ਸਿੱਖਿਆ ਨੇ ਦੇਸ਼ ਨੂੰ ਅਤਿ-ਕਾਬਿਲ ਅਧਿਆਪਕ, ਪੱਤਰਕਾਰ, ਵਿਸ਼ਲੇਸ਼ਕ ਅਤੇ ਰਿਪੋਟਰ ਦਿੱਤੇ ਹਨ। ਅੱਜ ਦੇਸ਼ ਦੀ ਸੰਸਦ ਦੀ ਵਿਰੋਧੀ ਧਿਰ ਕਮਜ਼ੋਰ ਹੁੰਦਿਆਂ ਹੋਇਆਂ ਵੀ ਲੋਕਤੰਤਰ ਦੇ ਚੌਥੇ ਥੰਮ੍ਹ ਦੀਆਂ ਇਨ੍ਹਾਂ ਇੱਟਾਂ ਨੇ ਮੁੱਦਿਆਂ ਨੂੰ ਲੋਕਾਂ ਤਕ ਪਹੁੰਚਾਇਆ ਹੈ ਅਤੇ ਜਾਣੂ ਕਰਵਾਇਆ ਹੈ।
ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਰਾਜ ਹੈ। ਇਸ ਗੱਲ ਦੀਆਂ ਅਸੀਂ ਪੂਰੀ ਦੁਨੀਆ ਵਿੱਚ ਕੱਛਾਂ ਵਜਾਉਂਦੇ ਥੱਕਦੇ ਨਹੀਂ ਹਾਂ। ਪਰ ਇਹ ਭੁੱਲ ਹੀ ਗਏ ਹਾਂ ਕਿ ਕੰਮਾਂ ਦੀ ਪਾਰਦ੍ਰਸ਼ਤਾ ਲੋਕਤੰਤਰ ਦੀ ਵਿਸ਼ੇਸ਼ ਵਿਸ਼ੇਸ਼ਤਾ ਹੈ। ਸਰਕਾਰ ਦਾ ਹਰ ਬਾਸ਼ਿੰਦਾ, ਭਾਵੇਂ ਉਹ ਵੋਟਾਂ ਨਾਲ ਚੁਣਿਆ ਹੋਵੇ ਅਤੇ ਭਾਵੇਂ ਵਿਸ਼ੇਸ਼ ਟੈਸਟਾਂ ਦੁਆਰਾ ਨਿਯੁਕਤੀ ਪ੍ਰਾਪਤ ਹੋਵੇ, ਉਸਦੀ ਪਹਿਲੀ ਜ਼ਿੰਮੇਵਾਰੀ ਜਨਤਾ ਪ੍ਰਤੀ ਜ਼ਿੰਮੇਵਾਰ ਹੋਣਾ ਹੈ। ਪਰ ਕੁਝ ਸਾਲਾਂ ਤੋਂ ਕੰਮਾਂ ਦੀ ਪਾਰਦ੍ਰਸ਼ਤਾ ਅਤੇ ਨੈਤਿਕ ਜ਼ਿੰਮੇਵਾਰੀ ਰਾਜਨੀਤੀ ਦੀ ਭੇਟ ਚੜ੍ਹ ਚੁੱਕੀਆਂ ਹਨ। ਭ੍ਰਿਸ਼ਟਾਚਾਰੀ ਕਾਰਨ ਕਈ ਰੇਲ ਹਾਦਸੇ ਹੋ ਚੁੱਕੇ ਹਨ। ਨਵੇਂ ਬਣੇ ਪੁਲ ਟੁੱਟ ਗਏ, ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਧੀਆਂ ਨਾਲ ਧੱਕੇਸ਼ਾਹੀ ਘਰਾਂ ਵਿੱਚ ਵੀ ਹੈ ਅਤੇ ਬਾਹਰ ਵੀ ਵਧ ਰਹੀ ਹੈ, ਕਿਸਾਨਾਂ-ਮਜ਼ਦੂਰਾਂ ਦੀ ਗ਼ੁਰਬਤ ਅਤੇ ਖੁਦਕੁਸ਼ੀਆਂ ਦੀ ਹੋਈ ਹਾਥ ਨਹੀਂ ਰਹੀ, ਨਸ਼ਾਖੋਰੀ ਅਤੇ ਗੈਂਗਸਟਰਵਾਦ ਵਿੱਚ ਵਾਧਾ, ਮਨੀਪੁਰ ਦੋ ਸਾਲ ਤੋਂ ਦੰਗਿਆਂ ਦੀ ਅੱਗ ਵਿੱਚ ਹੈ ਅਤੇ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਰੁਕ ਨਹੀਂ ਰਹੀਆਂ ਪਰ ਨੇਤਾਵਾਂ ਦੀ ਕੋਈ ਨੈਤਿਕ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ, ਜੋ ਸਰਕਾਰ ਦਾ ਮੁਖੀ ਭਾਵ ਪ੍ਰਧਾਨ ਮੰਤਰੀ ਸੰਬੰਧਤ ਵਿਭਾਗ ਦੇ ਨੇਤਾਵਾਂ ਦੇ ਅਸਤੀਫੇ ਮੰਗਦੇ ਹਨ, ਇੱਥੋਂ ਤਕ ਕਿ ਉਨ੍ਹਾਂ ਦੇ ਕੰਨ ਖਿੱਚ ਕੇ ਤਾੜਨਾ ਵੀ ਨਹੀਂ ਦਿੱਤੀ ਜਾਂਦੀ। ਨੀਟ ਪ੍ਰੀਖਿਆ ਅਤੇ ਸੀ ਬੀ ਐੱਸ ਸੀ ਮਾਮਲੇ ਵਿੱਚ 90 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਪਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਚੁੱਪ ਹਨ। ਦੇਖਿਆ ਇਹ ਵੀ ਗਿਆ ਹੈ ਕਿ ਚੋਣਾਂ ਅਤੇ ਚੌਕਲੇਟ ਵੇਲੇ ਹੀ ਉਹਨਾਂ ਦੀ ਚੁੱਪ ਟੁੱਟਦੀ ਹੈ।
ਲੋਕਾਂ ਦਾ ਰਾਜ, ਲੋਕਾਂ ਲਈ ਰਾਜ ਅਤੇ ਲੋਕਾਂ ਦੁਆਰਾ ਰਾਜ ਤਦ ਹੀ ਮੰਨਿਆ ਜਾਂਦਾ ਹੈ, ਜਦੋਂ ਸਿਸਟਮ ਵਿੱਚ ਪਾਰਦ੍ਰਸ਼ਤਾ, ਵਿਚਾਰਾਂ ਦੀ ਸਵਤੰਤਰਤਾ ਅਤੇ ਨਿਰਪੱਖਤਾ ਨੂੰ ਪਹਿਲ ਦਿੱਤੀ ਜਾਂਦੀ ਹੈ। ਅਧਿਆਪਕ ਦਾ ਸੌ ਕੌਡੀ ਤੋਂ ਉੱਪਰ ਵਾਲਾ ਸਨਮਾਨ ਇਸ ਗੱਲ ਤੋਂ ਵੀ ਮੰਨਿਆ ਜਾ ਸਕਦਾ ਕਿ ਇੱਕ ਦੋ ਸਾਲ ਪਹਿਲਾਂ ਯੁਰੋਪ ਦੀ ਇੱਕ ਨਾਮੀ ਅਖਬਾਰ ਦੀ ਖਬਰ ਨੇ ਦੱਸਿਆ ਸੀ ਕਿ ਇੱਕ ਅਧਿਆਪਕ ’ਤੇ ਕੋਈ ਸੰਗੀਨ ਜੁਰਮ ਦਾ ਇਲਜ਼ਾਮ ਸੀ, ਜਿਸ ਲਈ ਤਾਰੀਕ ਅਨੁਸਾਰ ਉਸਨੂੰ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਜੱਜ ਸਾਹਿਬ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਇਹ ਵਿਅਕਤੀ ਅਧਿਆਪਕ ਹੈ ਤਾਂ ਜੱਜ ਸਾਹਿਬ ਆਪਣੀ ਸੀਟ ਤੋਂ ਖੜ੍ਹੇ ਹੋ ਗਏ ਅਤੇ ਕਿਹਾ, ਉਹ ਇੱਕ ਅਧਿਆਪਕ ਹੈ! ... ਅਧਿਆਪਕ ਦਾ ਫੈਸਲਾ ਜੋ ਵੀ ਹੋਇਆ ਹੋਵੇਗਾ ਉਸਨੂੰ ਪਤਾ, ਪਰ ਉਸਦੇ ਅਧਿਆਪਕ ਹੋਣ ਦਾ ਸਨਮਾਨ ਜੱਜ ਸਾਹਿਬ ਨੇ ਖੜ੍ਹੇ ਹੋ ਕੇ ਕੀਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































