SarwanSingh7“ਇੱਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ ਵਿੱਚੋਂ ਬਾਹਰ ਦੇਖਿਆ, ਅੰਬਰ ਸੁਰਮਈ ...”1 November 2026
(1 ਨਵੰਬਰ 2026) ਇਸ ਸਮੇਂ ਪਾਠਕ: 677.


1 November 2026 A
1 November 2026
ਪ੍ਰਿੰਸੀਪਲੀ ਤੋਂ ਰਿਟਾਇਰ ਹੋ ਕੇ ਮੈਂ
7 ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ ਵਿੱਚ ਬਿਤਾਉਂਦਾ ਆ ਰਿਹਾ ਹਾਂ। ਉਹਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿੱਚ ਹੋਣਾ ਅਤੇ ਛੋਟੇ ਦਾ ਕੈਨੇਡਾ ਵਿੱਚ। ਮੇਰਾ ਪਾਸਪੋਰਟ ਭਾਰਤੀ ਹੈ ਤੇ ਰਿਹਾਇਸ਼ੀ ਕਾਰਡ ਕੈਨੇਡੀਅਨ। ਕੈਨੇਡਾ ਵਿੱਚ ਪੰਜਾਬ ਤੋਂ ਆਏ ਬਹੁਤੇ ਬਾਬਿਆਂ ਦੀ ਇਹੋ ਸਥਿਤੀ ਹੈ। ਅਸੀਂ ਗਰਮੀਆਂ ਵਿੱਚ ਕੈਨੇਡਾ ਆ ਜਾਂਦੇ ਹਾਂ ਤੇ ਸਰਦੀਆਂ ਵਿੱਚ ਪੰਜਾਬ ਚਲੇ ਜਾਂਦੇ ਹਾਂ। ਮੈਂ 2001 ਤੋਂ ਹੁਣ ਤਕ 26 ਪੱਤਝੜਾਂ ਦੇਖ ਲਈਆਂ ਹਨ। ਪੰਜਾਬ ਦੀਆਂ ਬਹਾਰਾਂ ਵੀ ਮਾਣੀਆਂ ਹਨ ਅਤੇ ਕੈਨੇਡਾ ਦੀਆਂ ਪਤਝੜਾਂ ਵੀ। ਅਕਤੂਬਰ ਵਿੱਚ ਇੱਥੋਂ ਦੀ ਪਤਝੜ ਦੇ ਕਿਆ ਕਹਿਣੇ! ਉਹਦੇ ਬਦਲਦੇ ਰੰਗ ਦੇਖ ਕੇ ਕੌਣ ਹੈ ਜੋ ਕੁਦਰਤ ਦੇ ਬਲਿਹਾਰੇ ਨਾ ਜਾਵੇ? ਮੂੰਹੋਂ ਆਪਮੁਹਾਰੇ ਬੋਲ ਨਿਕਲਣਗੇ, ਸੁਭਾਨ ਤੇਰੀ ਕੁਦਰਤ!

ਕੈਨੇਡਾ ਦੀ ਪਤਝੜ ਦੇ ਨਜ਼ਾਰੇ ਬੇਹੱਦ ਹੁਸੀਨ ਹੁੰਦੇ ਹਨ; ਛਹਿਬਰ ਲੱਗ ਜਾਂਦੀ ਹੈ ਰੰਗਾਂ ਦੀ। ਕੁਦਰਤ ਦੀ ਰੰਗਲੀ ਲੀਲ੍ਹਾ! ਪਤਝੜ ਦੇ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾ ਦਿੰਦੇ ਹਨ। ਰੰਗਾਂ ਦਾ ਜਲੌਅ ਵੀ ਚੜ੍ਹਦੇ ਤੋਂ ਚੜ੍ਹਦਾ, ਸ਼ੋਖ ਤੋਂ ਸ਼ੋਖ ਅਤੇ ਸੋਹਣੇ ਤੋਂ ਸੋਹਣਾ। ਮੈਂ ਅਕਤੂਬਰ ਦੀਆਂ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ ਵਿੱਚ ਪਾਰਕਾਂ ਅਤੇ ਰੱਖਾਂ ਦੀਆਂ ਪਹੀਆਂ `ਤੇ ਸੈਰ ਕਰਦਾ ਹਾਂ ਤਾਂ ਰੁੱਖਾਂ-ਝਾੜੀਆਂ ਉੱਤੇ ਅਤੇ ਹੇਠਾਂ ਧਰਤੀ ਉੱਤੇ ਰਚੀ ਰੰਗਾਂ ਦੀ ਅਪਾਰ ਲੀਲ੍ਹਾ ਵੇਖਦਾ ਹਾਂ। ਅਨੇਕ ਰੰਗ ਹੁੰਦੇ ਹਨ ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਫੂਸ, ਰੁੱਖਾਂ-ਬੂਟਿਆਂ ਅਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ। ਹੈਰਾਨੀ ਹੁੰਦੀ ਹੈ, ਐਨੇ ਰੰਗ! ਖੜ੍ਹ-ਖੜ੍ਹ ਵੇਖੀਦਾ ਹੈ ਤੇ ਵੇਖ-ਵੇਖ ਤੁਰੀਦਾ ਹੈ। ਕੁਦਰਤ ਦੇ ਬਲਿਹਾਰੇ ਜਾਈਦਾ ਹੈ। ਖਿੜਨ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਹਨ!

ਧਰਤੀ ਦੇ ਰੰਗ ਦੇਖਦਿਆਂ ਕਦੇ-ਕਦੇ ਨਿਗ੍ਹਾ ਅੰਬਰ ਵੱਲ ਵੀ ਉੱਠਦੀ ਹੈ। ਅੰਬਰ ਵਿੱਚ ਤੈਰਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਹਨ, ਕਦੇ ਸੂਰਜ ਦੀ ਲਿਸ਼ਕੋਰ ਵਿੱਚ ਸੰਤਰੀ ਭਾਅ ਮਾਰਦੀਆਂ ਹਨ। ਇਵੇਂ ਲੱਗਦਾ ਹੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ-ਕਿਨਾਰੀ ਲੱਗੀ ਹੋਵੇ। ਉਡਦੇ ਪੰਖੇਰੂਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲਗਦੇ ਹਨ। ਕਦੇ ਕਾਲੇ, ਚਿੱਟੇ, ਕੇਸਰੀ ਅਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉੱਘੜਵੇਂ, ਮੱਧਮ, ਨਿੱਖਰੇ ਅਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਅਤੇ ਵੇਲਾਂ ਉੱਤੇ ਰੰਗ ਖੇਡਦੇ ਹਨ, ਉੱਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ ਉੱਤੇ ਰੰਗ ਕਲੋਲਾਂ ਕਰਦੇ ਹਨ।

ਮੈਨੂੰ ਪੰਜਾਬ ਦੇ ਧਰਤ-ਦ੍ਰਿਸ਼ ਵੀ ਚੇਤੇ ਆਉਣ ਲਗਦੇ ਹਨ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾ ਸਰਸ਼ਾਰ ਕਰਦੀ ਰਹੀ ਹੈ। ਪੰਜਾਬ ਦੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਹੁੰਦੇ ਹਨ। ਦੂਰ-ਦਿਸਹੱਦਿਆਂ ਤਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾਂ, ਚਰ੍ਹੀਆਂ ਦੀ ਵਾਸ਼ਨਾ, ਬਾਜਰੇ ਦੇ ਗੁੰਦਵੇਂ ਸਿੱਟੇ, ਮੱਕੀਆਂ ਦੇ ਬੁੰਬਲਦਾਰ ਬਾਵੂ, ਹਰੇ ਭਰੇ ਲੂਸਣ, ਬਰਸੀਮ, ਗਿੱਲੀ ਮਿੱਟੀ ਦੀ ਮਹਿਕ, ਸੁਨਹਿਰੀ ਕਣਕਾਂ ਦਾ ਝੂੰਮਣਾ ਅਤੇ ਸੂਰਜਮੁਖੀ ਦੇ ਫੁੱਲਾਂ ਦਾ ਦਗਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਮੈਨੂੰ ਕਦੇ ਨਹੀਂ ਭੁੱਲਿਆ। ਸਰਵ੍ਹਾਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਅਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦ ਤਾਂ ਲੋਕ ਗੀਤ ਜੁੜਿਆ: ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ। ਮੈਂ ਵੀ ਕਦੇ ਸਿਰੇ ਦੇ ਸ਼ੌਂਕੀ ਅਥਲੀਟ ਮਹਿੰਦਰ ਸਿੰਘ ਗਿੱਲ ਦੇ ਰੇਖਾ ਚਿੱਤਰ ਦਾ ਨਾਂ ‘ਅਲਸੀ ਦਾ ਫੁੱਲ’ ਹੀ ਰੱਖਿਆ ਸੀ।

ਮੈਨੂੰ ਉਹ ਦ੍ਰਿਸ਼ ਮੁੜ-ਮੁੜ ਦਿਖਾਈ ਦਿੰਦੇ ਹਨ ਜਦੋਂ ਟਿੱਬਿਆਂ ਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਰੁੱਖ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿੱਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ ਵਿੱਚ ਚਮਕਦੇ। ਕਦੇ ਉਹ ਹੀਰੇ ਮੋਤੀ ਬਣ ਜਾਂਦੇ ਅਤੇ ਉਨ੍ਹਾਂ ਵਿੱਚ ਪਈਆਂ ਸੱਤਰੰਗੀਆਂ ਪੀਂਘਾਂ ਦੇ ਹੁਲਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ ਉੱਤੇ ਮੋਰ ਦੀ ਧੌਣ ਅਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਅ ਲਿਸ਼ਕਦੀ। ਲਵੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਅ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿੱਚ ਇਹ ਭਾਅ ਮੇਰੇ ਨਾਲ-ਨਾਲ ਤੁਰੀ ਜਾਂਦੀ।

ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਤੋਂ ਮੈਂ ਕੈਨੇਡਾ ਦੀ ਪਤਝੜ ਦੇ ਅਨੰਤ ਰੰਗ ਦੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦਾ ਹੈ। ਬਾਬੇ ਦੀ ਬਾਣੀ ਵੀ ਕਹਿੰਦੀ ਹੈ: ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥ ਇੱਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਅਤੇ ਢਲਵਾਣਾਂ ਉੱਤੇ ਝਾਤ ਮਾਰਦਾ ਹਾਂ ਤਾਂ ਰੰਗਾਂ ਦੀ ਦਿਵਾਲੀ ਜਗਦੀ ਜਾਪਦੀ ਹੈ। ਅਨੇਕ ਰੰਗਾਂ ਦੀਆਂ ਫੁੱਲਝੜੀਆਂ ਚਲਦੀਆਂ ਮਲੂਮ ਹੁੰਦੀਆਂ। ਰੰਗਾਂ ਦੀ ਆਤਸ਼ਬਾਜ਼ੀ, ਉੱਪਰ ਆਕਾਸ਼ ਵਿੱਚ ਨਹੀਂ ਧਰਤੀ ’ਤੇ ਹੋ ਰਹੀ ਲਗਦੀ ਹੈ। ਕਦੇ-ਕਦੇ ਮੈਂ ਰੁੱਖਾਂ ਬੂਟਿਆਂ ਅਤੇ ਫੁੱਲਾਂ, ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਦਾ ਹਾਂ ਕਿ ਕੁਦਰਤ ਨੇ ਇੰਨੇ ਰੰਗ ਬਖਸ਼ੇ ਕਿੱਥੋਂ ਨੇ? ਕਿਹਾ ਜਾਂਦਾ ਹੈ ਕਿ ਕਾਲਾ, ਚਿੱਟਾ, ਹਰਾ, ਲਾਲ ਅਤੇ ਨੀਲਾ ਮੁੱਖ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ ਉੱਤੇ ਵੀ ਇਨ੍ਹਾਂ ਰੰਗਾਂ ਦੇ ਹੀ ਚੱਕਰ ਪਰੋਏ ਹੋਏ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ ਵਿੱਚੋਂ ਹੀ ਨਿਕਲੇ ਹਨ। ਤੇ ਉਹ ਇੰਨੇ ਰੰਗ ਬਣ ਗਏ ਹਨ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ ਵਿੱਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਰੱਖੇ ਗਏ ਹਨ। ਰੰਗਾਂ ਦੀ ਸ਼ਨਾਖਤ ਕਰਨ ਵਿੱਚ ਪੰਜਾਬੀ ਬੋਲੀ ਵੀ ਕਿਸੇ ਤੋਂ ਘੱਟ ਨਹੀਂ।

ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਅਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਕਿਸੇ ਦਾ ਦਾਖੀ, ਕਿਸੇ ਦਾ ਅੰਬਰੀ ਅਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਕੋਈ ਦਾਲਚੀਨੀ, ਕੋਈ ਮੂੰਗੀਆ, ਕੋਈ ਫਿਰੋਜ਼ੀ ਅਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਦੂਧੀਆ, ਰਾਣੀ ਕਲਰ, ਕਰੀਮ ਕਲਰ, ਕੱਚਾ ਪੀਲਾ, ਪੱਕਾ ਪੀਲਾ, ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਅਤੇ ਕੋਈ ਅਰਬੀ ਹੈ। ਕਿਸੇ ਦਾ ਰੰਗ ਮੋਰਪੰਖੀਆ, ਗੁਲਮੋਹਰੀ, ਯਾਕੂਤੀ ਅਤੇ ਕਿਸੇ ਦਾ ਸ਼ਰਬਤੀ! ਖਿਲਰੇ ਪੱਤਿਆਂ ਅਤੇ ਖਿੜੇ ਫੁੱਲਾਂ ਦੀਆਂ ਪੱਤੀਆਂ ਦੇ ਰੰਗ, ਫਲਾਂ ਦੇ ਰੰਗ, ਰਾਹ ਜਾਂਦਿਆਂ ਨੂੰ ਰੋਕਦੇ ਹਨ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਹਨ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਬਦਾਮੀ, ਬਿਸਕੁਟੀ, ਗਾਜਰੀ ਅਤੇ ਕਿਸੇ ਦਾ ਸੰਤਰੀ। ਮਧਰੀਆਂ ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ ਫਲ ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਹਨ। ਕਦੇ-ਕਦੇ ਤੋੜ ਵੀ ਬਹੀਦਾ ਹੈ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਹੁੰਦੇ ਹਨ ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਹਨ। ਕਿਸੇ ਪੱਤੀ ਦਾ ਰੰਗ ਮੋਤੀਆ, ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਕਿਸੇ ਦਾ ਪਿਆਜ਼ੀ ਅਤੇ ਕਿਸੇ ਦਾ ਹਵਾਪਿਆਜ਼ੀ। ਸ਼ਾਮ ਨੂੰ ਕਈ ਸੱਜਣ ਉਂਜ ਹੀ ਹਵਾਪਿਆਜ਼ੀ ਹੋਏ ਮਿਲਦੇ ਹਨ!

ਕੈਨੇਡਾ ਦਾ ਰਾਜਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਕੈਨੇਡਾ ਦੇ ਰਾਸ਼ਟਰੀ ਝੰਡੇ ’ਤੇ ਅੰਕਿਤ ਹੈ। ਕੈਨੇਡਾ ਵਿੱਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਹੈ। ਰੁੱਖ ਭਾਵੇਂ ਕੋਈ ਵੀ ਹੈ ਪੱਤੇ ਉਹਦੇ ਮੇਪਲ ਵਰਗੇ ਹੀ ਲਗਦੇ ਹਨ। ਪਤਝੜ ਵਿੱਚ ਮੇਪਲ ਦੇ ਪੱਤੇ ਵੀ ਅਨੇਕ ਰੰਗ ਵਟਾਉਂਦੇ ਹਨ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦਾ ਹੈ; ਜਿਨ੍ਹਾਂ ਵਿੱਚ ਤੋਤੇ ਲੁਕ ਵੀ ਸਕਦੇ ਹਨ। ਇਹਦੇ ਪੱਤੇ ਕਦੇ ਤਰਬੂਜ਼ੀਆ, ਬੈਂਗਣੀ, ਜਾਮਣੀ, ਮਹਿੰਦੀਰੰਗੇ, ਨਸਵਾਰੀ ਅਤੇ ਕਦੇ ਲਾਜਵਰੀ ਰੰਗਾਂ ਵਿੱਚ ਰੰਗੇ ਜਾਂਦੇ ਹਨ। ਪਤਝੜ ਦੀ ਰੁੱਤੇ ਪੱਤੇ ਅਤੇ ਫੁੱਲ, ਰੁੱਖਾਂ ਅਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਹਨ। ਰੁੱਖ ਇੰਜ ਲਗਦੇ ਨੇ ਜਿਵੇਂ ਰੰਗ ਬਰੰਗੀਆਂ ਚੀਨੀ/ਜਪਾਨੀ ਛਤਰੀਆਂ ਤਾਣੀਆਂ ਹੋਣ। ਜਦੋਂ ਪਤਝੜ ਪੱਤੇ ਝਾੜਨ ’ਤੇ ਆਉਂਦੀ ਹੈ ਤਾਂ ਪੱਤੇ ਧਰਤੀ ਉੱਤੇ ਡਿਗ ਕੇ ਹੋਰ ਵੀ ਰੰਗ ਵਟਾਉਂਦੇ ਹਨ। ਧਰਤੀ ਉੱਤੇ ਡਿਗੇ ਪਏ ਪੱਤਿਆਂ ਅਤੇ ਫੁੱਲ-ਪੱਤੀਆਂ ਉੱਤੇ ਝਾਤ ਮਾਰੀਏ ਤਾਂ ਇਉਂ ਲੱਗਦਾ ਹੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ਵਿੱਚ ਅਸਮਾਨੀ ਰੰਗ ਵੀ ਹੁੰਦੇ ਹਨ, ਸਰ੍ਹੋਂ-ਫੁੱਲੇ ਵੀ, ਊਦੇ ਵੀ, ਮੋਰਪੰਖੀਏ ਵੀ, ਗਿੱਦੜਰੰਗੇ ਵੀ ਅਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦਾ ਹੇ, ਭਗਵਾਂ, ਗੇਰੂਆ, ਗੁਲਾਨਾਰੀ, ਉਨਾਭੀ, ਜਾਮਣੀ, ਗੁਲਾਬੀ, ਕਬੂਤਰੀ ਅਤੇ ਕਿਸੇ ਦਾ ਕਿਰਮਚੀ।

ਇੱਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ ਵਿਚੋਂ ਬਾਹਰ ਦੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ ਉੱਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ/ਸਫੈਦ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ਵਿੱਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਲੱਗਾ ਜਿਵੇਂ ਹਵਾ ਬਾਰੀਆਂ ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ ਵਿੱਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆਂ, ਅੰਬਰਸੀਆ, ਗਾਜਰੀ, ਲਸੂੜੀਆ, ਨਾਸ਼ਪਾਤੀ ਅਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਏਂ ਦਾਖੀ ਅਤੇ ਖਾਕੀ ਜਿਹੀ ਸੀ। ਛੰਭ ਦਾ ਪਾਣੀ ਭਾਵੇਂ ਸਾਂਵਲਾ ਸੀ ਪਰ ਝੀਲ ਦਾ ਪਾਣੀ ਨੀਲਾ ਅਤੇ ਨਿਰਮਲ ਸੀ। ਫੁਹਾਰਿਆਂ ਵਿੱਚੋਂ ਚਾਂਦੀਰੰਗੇ, ਤਾਂਬੇਰੰਗੇ ਤੇ ਸੋਨਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ ਸੀ ਤੇ ਛਾਂ ਸਾਂਵਲੀ। ਲੰਮ ਸਲੰਮੀਆਂ ਝਾੜੀਆਂ ਹਰੀਆਂ ਚੁੰਨੀਆਂ ਲਈ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ ਵਿੱਚ ਟਹਿਕ ਸੀ, ਫੁੱਲਾਂ ਵਿੱਚ ਮਹਿਕ।

ਕੈਨੇਡਾ ਦੀਆਂ ਚਾਰ ਰੁੱਤਾਂ ਵਿੱਚੋਂ ਸਭ ਤੋਂ ਸਖਤ ਰੁੱਤ ਸਰਦੀ ਦੀ ਗਿਣੀ ਜਾਂਦੀ ਹੈ। ਬਾਹਰ ਨਿਕਲਦਿਆਂ ਹੱਡ ਪੈਰ ਠਰਨ ਲਗਦੇ ਹਨ। ਉਦੋਂ ਬਾਰੀਆਂ ਵਿੱਚੋਂ ਬਾਹਰ ਬਰਫ਼ਾਂ ਦਾ ਸਫੈਦ ਰੰਗ ਦਿਸਦਾ ਹੈ ਜਾਂ ਸੁੱਕੇ ਰੁੱਖਾਂ ਅਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਰੰਗ ਬਹਾਰ ਵਿੱਚ ਉਗਮਦੇ ਹਨ ਤੇ ਗਰਮੀਆਂ ਵਿੱਚ ਪੱਕਦੇ ਹਨ। ਬਹਾਰ ਸੋਹਣੀ ਹੈ ਤੇ ਗਰਮੀ ਸੁਖਾਵੀਂ। ਪਰ ਪਤਝੜ ਵੀ ਕਿਸੇ ਤੋਂ ਘੱਟ ਨਹੀਂ। ਤਦ ਹੀ ਤਾਂ ਸ਼ੁਰੂ ਵਿੱਚ ਕਿਹਾ ਸੀ ਕਿ ਕੈਨੇਡਾ ਦੀ ਪਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾ ਤਾਂ ਰੱਖੇ ਹੀ ਗਏ ਹਨ, ਹੋਰ ਵੀ ਰੱਖੇ ਜਾ ਰਹੇ ਹਨ। ਮੈਂ ਕੈਨੇਡਾ ਦੀ ਪਤਝੜ ਨੂੰ ਸਿਰ ਨਿਵਾਉਂਦਾ ਹਾਂ ਜਿਸਨੇ ਮੈਨੂੰ ਮੇਰੀ ਮਾਂ-ਬੋਲੀ ਪੰਜਾਬੀ ਦੇ ਭੁੱਲ ਰਹੇ ਰੰਗ ਮੁੜ ਚੇਤੇ ਕਰਾ ਦਿੱਤੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author