SukhpalKLamba6“ਸਾਲ ਲੰਘਦੇ ਗਏ ਪਰ ਉਸ ਦਿਨ ਤੋਂ ਬਾਅਦ ਮਾਮੀ ਮਾਇਆ ਕਦੇ ਵੀ ਸਾਡੇ ਘਰ ...”
(1 ਅਕਤੂਬਰ 2026)

 

“ਰੱਬ ਦੀ ਰਜਾ ਵਿੱਚ ਰਾਜ਼ੀ ਰਹਿਣਾ ਹੀ ਪੈਂਦਾ। ਚੱਲ ਪੁੱਤ, ਉੱਠ, ਹੌਸਲਾ ਕਰ। ਜਦੋਂ ਤਕ ਸਾਹ ਚਲਦੇ ਨੇ, ਉਦੋਂ ਤਕ ਤਾਂ ਜਿਊਣਾ ਹੀ ਪੈਂਦਾ। ਕਾਸ਼! ਜੇ ਤੁਹਾਡਾ ਵਿਆਹ ਹੋਇਆ ਹੁੰਦਾ ਤਾਂ ਤੁਸੀਂ ਆਪਣੇ ਘਰ ਸੁਖੀ ਹੋਣਾ ਸੀ।” ਇਹ ਸਭ ਗੱਲਾਂ ਉਸਦੇ ਕੰਨ ਵਿੱਚ ਪੈ ਰਹੀਆਂ ਸਨ। ਉਸਦੇ ਨਾਲ ਦੇ ਕਰਮਚਾਰੀ ਉਸਨੂੰ ਦਿਲਾਸਾ ਦੇ ਰਹੇ ਸੀ। ਅੱਜ ਚਾਰ ਮਹੀਨੇ ਗੁਜ਼ਰ ਚੁੱਕੇ ਸੀ ਉਸਦੇ ਭਰਾ ਨੂੰ ਦੁਨੀਆਂ ਤੋਂ ਅਲਵਿਦਾ ਕਹੇ ਹੋਏ। ਪਰ ਇਸ ਸਭ ਵਿੱਚ ਉਸਦੇ ਮਨ ਦੀ ਅਣਕਹੀ ਪੀੜ ਨੂੰ ਅਤੇ ਉਸਤੋਂ ਉੱਠਦੀ ਚੀਸ ਨੂੰ ਕੋਈ ਵੀ ਨਹੀਂ ਸੁਣ ਰਿਹਾ ਸੀ। ਮੈਂ ਉਸ ਕੋਲ ਕੁਰਸੀ ’ਤੇ ਬੈਠ ਬੱਸ ਉਸਦੀਆਂ ਅੱਖਾਂ ਦੇ ਕੋਇਆਂ ਵਿੱਚ ਭਰੇ ਪਾਣੀ ਤੇ ਠੰਢੇ ਹੱਥਾਂ ਨੂੰ ਦੇਖ ਰਹੀ ਸੀ। ਸਭ ਦੇ ਚਲੇ ਜਾਣ ਦੇ ਬਾਅਦ ਬੱਸ ਅਸੀਂ ਦੋਨੋਂ ਤੇ ਇੱਕ ਗਹਿਰੀ ਚੁੱਪ ਸੀ। ਮੇਰੇ ਕੋਲ ਅਜਿਹੇ ਕੋਈ ਸ਼ਬਦ ਨਹੀਂ ਸਨ ਜੋ ਉਸਦੇ ਦੁੱਖ-ਦਰਦ ਨੂੰ ਘਟਾ ਸਕਦੇ। ਇਹ ਚੁੱਪ ਉਦੋਂ ਟੁੱਟੀ ਜਦੋਂ ਉਸਦੇ ਫੋਨ ਦੀ ਘੰਟੀ ਵੱਜੀ। ਫੋਨ ਸੁਣਦੇ ਹੋਏ ਉਸਦਾ ਚਿਹਰਾ ਸਫੈਦ ਪੈ ਗਿਆ ਸੀ ਤੇ ਚਿੰਤਾ ਦੀਆਂ ਗਹਿਰੀਆਂ ਲਕੀਰਾਂ ਉਸਦੇ ਮੱਥੇ ’ਤੇ ਉੱਘੜ ਆਈਆਂ। ਮੈਂ ਧੀਮੀ ਜਿਹੀ ਅਵਾਜ਼ ਵਿੱਚ ਪੁੱਛਿਆ, “ਮੈਮ, ਅੰਕਲ ਦਾ ਫੋਨ ਸੀ? ਠੀਕ ਹੈ ਸਭ?”

ਉਸਦੀਆਂ ਅੱਖਾਂ ਦੇ ਕੋਇਆਂ ’ਤੇ ਖੜ੍ਹਿਆ ਪਾਣੀ ਵਹਿ ਤੁਰਿਆ। ਉਹ ਆਪਣਾ ਮੂੰਹ ਆਪਣੇ ਹੱਥਾਂ ਵਿੱਚ ਲੁਕੋ ਜ਼ੋਰ ਦੀ ਰੋ ਪਈ। ਔਰਤਾਂ ਜਿੰਨਾ ਮਰਜ਼ੀ ਖੁਦ ਨੂੰ ਮਜ਼ਬੂਤ ਦਿਖਾਉਣ ਪਰ ਹਕੀਕਤ ਹੈ ਕਿ ਬਾਹਰੋਂ ਮਜ਼ਬੂਤ ਅੰਦਰੋਂ ਬਹੁਤ ਸਾਰੇ ਦੰਵਦ ਇਕੱਲੇ ਲੜ ਰਹੀਆਂ ਹੁੰਦੀਆਂ ਹਨ। ਮੈਂ ਉਨ੍ਹਾਂ ਦਾ ਫੋਨ ਚੁੱਕ ਕੇ ਦੇਖਿਆ ਤਾਂ ਕਾਲ ਕੱਟੀ ਨਹੀਂ ਗਈ ਸੀ। ਫੋਨ ਘਰ ਦੀ ਨੌਕਰਾਣੀ ਦਾ ਸੀ। ਮੈਂ ਪੁੱਛਿਆ, “ਲਕਸ਼ਮੀ ਕੀ ਹੋਇਆ? ਮੈਮ ਦੀ ਹਾਲਤ ਠੀਕ ਨਹੀਂ ਹੈ।”

ਉੱਧਰੋਂ ਕੰਬਦੀ ਜਿਹੀ ਅਵਾਜ਼ ਆਈ, “ਦੀਦੀ ਜੀ, ਬਾਬੂ ਜੀ ਦੀ ਤਬੀਅਤ ਖਰਾਬ ਹੋ ਗਈ ਹੈ। ਉਹ ਇਕੱਲੇ ਹੀ ਰੋਈ ਜਾ ਰਹੇ ਹਨ।”

ਮੇਰਾ ਆਪਣਾ ਮਨ ਭਾਰੀ ਹੋ ਗਿਆ। ਮੈਂ ਸੰਭਲਦੇ ਹੋਏ ਕਿਹਾ, “ਮੈਮ ਘਰ ਆ ਰਹੇ ਹਨ ਥੋੜ੍ਹੀ ਦੇਰ ਤਕ।”

ਮੈਂ ਉਨ੍ਹਾਂ ਨੂੰ ਪਾਣੀ ਪਿਲਾਇਆ ਤੇ ਬੱਸ ਸਟੈਂਡ ’ਤੇ ਛੱਡ ਆਈ। ਮੈਂ ਦਫਤਰ ਤਾਂ ਆ ਗਈ ਸੀ ਪਰ ਮੇਰਾ ਮਨ ਹੱਦੋਂ ਵੱਧ ਬੋਝਲ ਸੀ। ਮੇਰਾ ਧਿਆਨ ਵਾਰ-ਵਾਰ ਇਸ ਸਵਾਲ ਵੱਲ ਸੀ, ਕਾਸ਼ ਜੇ ਵਿਆਹ ਹੋਇਆ ਹੁੰਦਾ!

ਸੋਚਾਂ ਸੋਚਦੀ ਮੈਂ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਗਈ। ਘਰ ਆਕੇ ਮੈਂ ਆਪਣੀ ਡਾਇਰੀ ਲਿਖਣ ਲਈ ਚੁੱਕੀ ਤਾਂ ਕਈ ਸਾਲ ਪਿੱਛੇ ਚਲੀ ਗਈ। ਮੇਰੇ ਜ਼ਿਹਨ ਵਿੱਚ ਇਕਦਮ ਮੇਰੇ ਪਾਪਾ ਜੀ ਦੀ ਮਾਮੀ ‘ਮਾਇਆ’ ਦਾ ਖਿਆਲ ਪਤਾ ਨਹੀਂ ਕਿਉਂ ਆ ਗਿਆ। ਮੇਰੇ ਮਨ ਵਿੱਚ ਉਨ੍ਹਾਂ ਦੀ ਛਾਪ ਅੱਜ ਵੀ ਤਾਜ਼ਾ ਸੀ। 30 ਸਾਲ ਪੁਰਾਣੀਆਂ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਇੰਝ ਲਗਦੀਆਂ ਹਨ ਜਿਵੇਂ ਕੱਲ੍ਹ ਦੀ ਗੱਲ ਹੋਵੇ। ਮੇਰੇ ਦਾਦੀ, ਦਾਦਾ, ਪਾਪਾ, ਮੰਮੀ, ਭੂਆ, ਸਭ ਨਾਲ ਉਨ੍ਹਾਂ ਦਾ ਬੜਾ ਮੋਹ ਸੀ। ਮੈਨੂੰ ਤਾਂ ਉਹ ਉਂਝ ਈ ਬੜਾ ਪਿਆਰ ਕਰਦੇ ਸੀ। ਉਨ੍ਹਾਂ ਦਾ ਰੰਗ ਪੱਕਾ ਸੀ ਤੇ ਕੱਦ ਦਰਮਿਆਨਾ ਸੀ। ਜ਼ਿੰਦਗੀ ਦੀਆਂ ਗਹਿਰੀਆਂ ਸੱਟਾਂ ਨੇ ਉਨ੍ਹਾਂ ਦੇ ਸਾਰੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਕਰ ਦਿੱਤੇ ਸਨ। ਬਹੁਤ ਘੱਟ ਬੋਲਣਾ ਤੇ ਹੌਲੀ ਬੋਲਣਾ। ਉਨ੍ਹਾਂ ਦਾ ਪਿੰਡ ਹਰਿਆਣਾ ਦੇ ਬਾਰਡਰ ਦੇ ਲਾਗੇ ਹੋਣ ਕਾਰਨ ਬੋਲੀ ਵਿੱਚ ਬਹੁਤੇ ਸ਼ਬਦ ਹਰਿਆਣਵੀ ਹੁੰਦੇ ਜਿਨ੍ਹਾਂ ਦੀ ਮੈਂ ਬਾਖੂਬੀ ਨਕਲ ਕਰਦੀ ਸੀ। ਦਾਦਾ ਜੀ ਤੇ ਪਾਪਾ ਜੀ ਦੀ ਬੜੀ ਇੱਜ਼ਤ ਕਰਦੇ ਸੀ ਮਾਮੀ ਸੀ। ਅਸੀਂ ਸਾਰੇ ਮਾਮੀ ਕਹਿੰਦੇ ਸੀ, ਭਲੇ ਹੀ ਰਿਸ਼ਤੇ ਵਿੱਚ ਉਹ ਮੇਰੇ ਦਾਦੀ ਲਗਦੇ ਸੀ। ਜਦੋਂ ਵੀ ਕੋਈ ਵਿਆਹ ਕਰਵਾਉਣ ’ਤੇ ਲੰਬੀ ਚੌੜੀ ਭਾਸ਼ਣਬਾਜ਼ੀ ਕਰਦਾ ਤਾਂ ਮੇਰੇ ਜ਼ਿਹਨ ਵਿੱਚ ਮਾਮੀ ਮਾਇਆ ਦਾ ਚਿਹਰਾ ਸਾਹਮਣੇ ਆ ਖੜੋਂਦਾ ਤੇ ਮਨ ਇੱਕੋ ਸਵਾਲ ਪੁੱਛਦਾ, ਵਿਆਹ ਤਾਂ ਮਾਮੀ ਮਾਇਆ ਦਾ ਵੀ ਹੋਇਆ ਸੀ ਫਿਰ ਉਹ ਕਿਉਂ ਇਕੱਲੇ ਰਹਿ ਗਏ ਸੀ। ਦਰਅਸਲ ਮਾਮੀ ਮਾਇਆ ਸੁਭਾਅ ਦੀ ਬੜੀ ਸਾਊ ਸੀ ਤੇ ਮੇਰੇ ਪਾਪਾ ਜੀ ਦੀ ਨਾਨੀ ਭਾਵ ਮਾਮੀ ਦੀ ਸੱਸ ਬੜੀ ਲੜਾਕੀ ਅਤੇ ਹੈਂਕੜ ਵਾਲੀ ਸੀ। ਮਾਮਾ ਜੀ ਵੱਡੀ ਨਾਨੀ ਦੀ ਹਰ ਗੱਲ ਮੰਨਦੇ ਸੀ ਇਸ ਲਈ ਮਾਮਾ ਜੀ ਨੇ ਕਦੇ ਮਾਮੀ ਨੂੰ ਇੱਜ਼ਤ ਲਾਇਕ ਹੀ ਨਹੀਂ ਸਮਝਿਆ। ਉਲਟਾ ਕਈ ਵਾਰ ਨਸ਼ਾ ਕਰਕੇ ਮਾਰ ਕੁੱਟ ਕਰ ਦੇਣੀ। ਮਾਮੀ ਦੇ ਦੋ ਬੇਟੇ, ਜੋ ਰਿਸ਼ਤੇ ਵਿੱਚ ਮੇਰੇ ਚਾਚਾ ਜੀ ਸਨ, ਉਹ ਵੀ ਮਾਮੀ ਦੇ ਨਰਮ ਸਭਾਉ ਦੀ ਇੱਜ਼ਤ ਨਹੀਂ ਕਰਦੇ ਸੀ, ਉਹ ਆਏ ਦਿਨ ਮਾਮੀ ਨਾਲ ਮਾੜਾ ਸਲੂਕ ਕਰਦੇ ਸੀ। ਜਦੋਂ ਸਭ ਅਸਹਿ ਹੋ ਜਾਂਦਾ ਤਾਂ ਮਾਮੀ ਮਾਇਆ ਆਪਣੇ ਪੇਕੇ ਪਿੰਡ ਜਾਣ ਦੀ ਬਜਾਏ ਕਈ ਕਈ ਦਿਨ ਸਾਡੇ ਕੋਲ ਆ ਜਾਂਦੇ। ਦਾਦਾ ਜੀ ਦੋਨਾਂ ਪੱਖਾਂ ਨੂੰ ਸਮਝਾ ਕੇ ਸੁਲ੍ਹਾ ਕਰਵਾ ਦਿੰਦੇ।

ਇੱਕ ਦਿਨ ਮੈਂ ਸਕੂਲੋਂ ਵਾਪਸ ਆਈ ਤਾਂ ਵਿਹੜੇ ਵਿੱਚ ਮੰਜੇ ’ਤੇ ਸਾਰਾ ਪਰਿਵਾਰ ਬੈਠਾ ਸੀ ਤੇ ਵਿਚਕਾਰ ਮਾਮੀ ਮਾਇਆ ਚੁੱਪ ਚੁਪੀਤੇ ਹੰਝੂਆਂ ਵਿੱਚ ਡੁੱਬੇ ਹੋਏ ਸੀ। ਦਾਦਾ ਜੀ, ਮਾਮਾ ਜੀ ਤੇ ਮਾਮੀ ਦੇ ਵੱਡੇ ਪੁੱਤਰ ਨੂੰ ਕਾਫੀ ਗੁੱਸੇ ਵਿੱਚ ਬੋਲ ਰਹੇ ਸੀ। ਮੈਂ ਅੰਦਰ ਬੈਗ ਰੱਖ ਬਾਹਰ ਆਈ ਤੇ ਮੰਮੀ ਜੀ ਨੂੰ ਪੁੱਛਿਆ ਤਾਂ ਮੰਮੀ ਜੀ ਨੇ ਮੈਨੂੰ ਚੁੱਪ ਕਰਾ ਕੇ ਅੰਦਰ ਜਾਣ ਲਈ ਕਿਹਾ ਪਰ ਮੈਂ ਮਾਮੀ ਕੋਲ ਜਾ ਖੜ੍ਹੀ। ਮਾਮੀ ਬੱਸ ਚੁੱਪ ਰਹੀ। ਉਸ ਦਿਨ ਕਾਫੀ ਸ਼ੋਰ ਸ਼ਰਾਬਾ ਹੋਇਆ। ਮਾਮਾ ਜੀ ਤੇ ਚਾਚਾ ਜੀ ਆਪਣੇ ਪਿੰਡ ਜਾ ਚੁੱਕੇ ਸੀ ਤੇ ਮਾਮੀ ਮਾਇਆ ਸਾਡੇ ਕੋਲ ਸੀ। ਫਿਰ ਪਤਾ ਲੱਗਿਆ ਕਿ ਮਾਮੀ ਦੇ ਵੱਡੇ ਮੁੰਡੇ ਨੇ ਮਾਮੀ ’ਤੇ ਹੱਥ ਚੁੱਕਿਆ ਜੋ ਮਾਮੀ ਨੂੰ ਅੰਦਰ ਤਕ ਜ਼ਖਮੀ ਕਰ ਗਿਆ। ਦੂਜੇ ਦਿਨ ਮਾਮੀ ਆਪਣੇ ਪੇਕੇ ਪਿੰਡ ਚਲੇ ਗਏ।

ਕਈ ਮਹੀਨੇ ਲੰਘ ਗਏ ਪਰ ਮਾਮੀ ਮਾਇਆ ਮਿਲਣ ਨਾ ਆਏ। ਮੰਮੀ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮਾਮੀ ਹੁਣ ਪੇਕੇ ਹੀ ਰਹਿ ਰਹੇ ਸਨ। ਮਾਮੀ ਦੇ ਪੁੱਤਰਾਂ ਦਾ ਵਿਆਹ ਹੋ ਗਿਆ। ਵੱਡੀ ਨਾਨੀ ਵੀ ਦੁਨੀਆ ਚਲੀ ਗਈ ਪਰ ਮਾਮੀ ਦਾ ਬਨਵਾਸ ਖਤਮ ਨਹੀਂ ਹੋਇਆ। ਸਾਰੀ ਉਮਰ ਉਨ੍ਹਾਂ ਕੁਆਰੀਆਂ ਦੀ ਤਰ੍ਹਾਂ ਆਪਣੇ ਪੇਕੇ ਕੱਢ ਲਈ। ਪੇਕੇ ਪਰਿਵਾਰ ਵੀ ਉੰਨਾ ਚਿਰ ਹੀ ਉਨ੍ਹਾ ਦਾ ਸੁਖਾਲਾ ਰਿਹਾ, ਜਿੰਨਾ ਚਿਰ ਉਨ੍ਹਾਂ ਦਾ ਭਰਾ ਜਿਊਂਦਾ ਸੀ; ਬਾਅਦ ਵਿੱਚ ਉੱਥੇ ਵੀ ਉਨ੍ਹਾਂ ਦੀ ਹਾਲਤ ਸਿਰਫ ਘਰ ਦੀ ਰਖਵਾਲੀ ਕਰਨ ਵਾਲੀ ਹੀ ਰਹਿ ਗਈ ਸੀ।

ਸਾਲ ਲੰਘਦੇ ਗਏ ਪਰ ਉਸ ਦਿਨ ਤੋਂ ਬਾਅਦ ਮਾਮੀ ਮਾਇਆ ਕਦੇ ਵੀ ਸਾਡੇ ਘਰ ਨਹੀਂ ਆਏ। ਮੈਂ ਵੀ ਵੱਡੀ ਹੋ ਗਈ ਤੇ ਅਸੀਂ ਸ਼ਹਿਰ ਆ ਗਏ। ਫਿਰ ਇੱਕ ਦਿਨ ਚਾਚਾ ਜੀ (ਮਾਮੀ ਦੀ ਵੱਡਾ ਪੁੱਤਰ) ਮਿਲਣ ਆਇਆ ਤੇ ਉਸ ਤੋਂ ਪਤਾ ਲੱਗਿਆ ਕਿ ਮਾਮਾ ਜੀ ਦੀ ਮੌਤ ਹੋ ਗਈ ਹੈ। ਮੰਮੀ ਜੀ ਤੇ ਡੈਡੀ ਜੀ ਮਿਲਣ ਗਏ ਮਾਮੀ ਜੀ ਨੂੰ ਪਰ ਉਨ੍ਹਾਂ ਦੇ ਅੰਦਰ ਸੁੱਕ ਚੁੱਕਿਆ ਸੀ। ਇੰਨੇ ਸਾਲਾਂ ਵਿੱਚ ਕਿਸੇ ਨੇ ਵੀ ਉਨ੍ਹਾਂ ਦੀ ਅਣਕਹੀ ਪੀੜ ਨੂੰ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਆਮ ਤੌਰ ’ਤੇ ਕੁੜੀਆਂ ਨੂੰ ਪਹਿਲੇ ਦਿਨ ਤੋਂ ਸਿਖਾਇਆ ਜਾਂਦਾ ਹੈ ਕਿ ਉੱਚੀ ਨਾ ਬੋਲਣ, ਕਿਸੇ ਅੱਗੇ ਮੂੰਹ ਨਾ ਖੋਲ੍ਹਣ ਪਰ ਕੀ ਕੋਈ ਵੀ ਰਿਸ਼ਤਾ ਅਜਿਹਾ ਹੈ ਜੋ ਕੁੜੀਆਂ ਦੀ ਅਣਕਹੀ ਪੀੜ ਦੀ ਚੀਸ ਨੂੰ ਅਣਸੁਣਿਆ ਨਾ ਕਰੇ। ਕਾਸ਼ ਇਹ ਕਹਿਣ ਦੀ ਥਾਂ ਕਿ ਵਿਆਹ ਹੋ ਜਾਣਾ ਚਾਹੀਦਾ, ਇਹ ਹੌਸਲਾ ਦਿੱਤਾ ਜਾਵੇ ਕਿ ਅਸੀਂ ਤੇਰੇ ਇਸ ਦੁੱਖ ਵਿੱਚ ਤੇਰੇ ਨਾਲ ਹਾਂ। ਹਮਦਰਦੀ ਕਰਨਾ ਚੰਗੀ ਗੱਲ ਹੈ ਪਰ ਇਨਸਾਨੀਅਤ ਦਾ ਤਕਾਜ਼ਾ ਹੈ ਕਿ ਸਾਹਮਣੇ ਵਾਲੇ ਦੇ ਦਰਦ ਨੂੰ ਮਹਿਸੂਸ ਕਰਕੇ ਉਸਦਾ ਸਾਥ ਦਿੱਤਾ ਜਾਵੇ ਨਾ ਕਿ ਔਖੇ ਵੇਲੇ ਸਲਾਹਾਂ ਦਿੱਤੀਆਂ ਜਾਣ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Sukhpal K Lamba

Sukhpal K Lamba

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author