“ਇਹ ਇੱਕ ਨਸ਼ੇ ਦੀ ਤਰ੍ਹਾਂ ਮਨੁੱਖੀ ਦਿਮਾਗ ਉੱਤੇ ਇੰਨਾ ਹਾਵੀ ਹੋ ਚੁੱਕਾ ਹੈ ਕਿ ਅਸੀਂ ਰੋਟੀ ਖਾਧੇ ਬਿਨਾਂ ...”
(22 ਜੁਲਾਈ 2025)
ਬੱਸ ਕੰਡਕਟਰ ਨੇ ਮੈਨੂੰ ਟਿਕਟ ਲੈਣ ਲਈ ਪੁੱਛਿਆ ਤੇ ਜਿਵੇਂ ਹੀ ਮੈਂ ਟਿਕਟ ਲਈ ਪੈਸੇ ਕੱਢ ਕੰਡਕਟਰ ਨੂੰ ਦੇਣ ਲਈ ਹੱਥ ਵਧਾਇਆ ਤਾਂ ਇੱਕ ਮਾਤਾ ਜੀ ਇੱਕ ਦਮ ਤ੍ਰਭਕ ਕੇ ਬੋਲੇ, “ਬੇਟਾ ਤੇਰੇ ਕੋਲ ਅਧਾਰ ਕਾਰਡ ਨਹੀਂ?”
ਮੈਂ ਠਰ੍ਹੰਮੇ ਨਾਲ ਮੁਸਕਰਾਉਂਦੇ ਕਿਹਾ, “ਨਹੀਂ, ਹੈ ਜੀ।” ਤੇ ਮੈਂ ਆਪਣੀ ਟਿਕਟ ਲਈ, ਟਿਕਟ ਤੇ ਬਾਕੀ ਪੈਸੇ ਜੇਬ ਵਿੱਚ ਪਾ ਇੱਕ ਸਰਸਰੀ ਨਜ਼ਰ ਸਾਰੀ ਬੱਸ ਵੱਲ ਮਾਰੀ ਤਾਂ ਹਰ ਔਰਤ ਸਵਾਰੀ ਦੇ ਹੱਥ ਵਿੱਚ ਆਪਣਾ ਅਧਾਰ ਕਾਰਡ ਸੀ। ਮੈਂ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਔਰਤਾਂ ਸਬਜ਼ੀ ਖਰੀਦਿਆਂ ਤੇ ਸੂਟ ਖਰੀਦਿਆਂ ਕਿੰਨੀ ਪੁਣਛਾਣ ਕਰਦੀਆਂ ਹਨ ਤੇ ਇੱਥੇ ਸਫਰ ਦੌਰਾਨ ਕਿਰਾਇਆ ਬਚਾਉਣ ਲਈ ਆਪਣਾ ਨਿੱਜੀ ਅਧਾਰ ਕਾਰਡ ਬਿਨਾਂ ਕੁਝ ਸੋਚੇ ਸਮਝੇ ਫਟਾਫਟ ਦੇ ਰਹੀਆਂ ਹਨ। ਹਾਲੇ ਮੈਂ ਇਨ੍ਹਾਂ ਸੋਚਾਂ ਵਿੱਚ ਗੁੰਮ ਹੀ ਸੀ ਕਿ ਨਾਲ ਬੈਠੇ ਮਾਤਾ ਜੀ ਕਾਹਲੀ ਨਾਲ ਬੋਲੇ, “ਕੁੜੀਏ, ਲਗਦੀ ਤਾਂ ਕਾਫੀ ਪੜ੍ਹੀ ਲਿਖੀ ਹੈਂ ਪਰ ਅਧਾਰ ਕਾਰਡ ਕੋਲ ਕਿਉਂ ਨਹੀਂ ਰੱਖਿਆ? ਇਹ ਤਾਂ ਬੜਾ ਜ਼ਰੂਰੀ ਐ। ਦੇਖ ਤੇਰਾ ਹੁਣ ਕਰਾਇਆ ਬਚ ਜਾਣਾ ਸੀ।”
ਮੈਂ ਮੁਸਕਰਾ ਕੇ ਕਿਹਾ, “ਬੀਜੀ, ਕਰਾਇਆ ਤਾਂ ਬਚ ਜਾਂਦਾ ਪਰ ਅਧਾਰ ਕਾਰਡ ਮੇਰਾ ਨਿੱਜੀ ਹੈ, ਸਾਂਝਾ ਕਰਨਾ ਗਲਤ ਹੈ।”
ਗੱਲ ਬੜੀ ਸਿੱਧੀ ਅਤੇ ਸਪਸ਼ਟ ਹੈ ਕਿ ਅਕਸਰ ਇਹ ਕਿਹਾ ਜਾਂਦਾ ਕਿ ਜ਼ਿੰਦਗੀ ਵਿੱਚ ਹਾਦਸੇ ਦੱਸ ਕੇ ਨਹੀਂ ਹੁੰਦੇ ਪਰ ਅੱਜ ਕੱਲ੍ਹ ਤਕਨੀਕੀ ਵਿਕਾਸ ਦੀ ਬੇਲੋੜੀ ਵਰਤੋਂ ਤੇ ਬਿਨਾਂ ਜਾਣਕਾਰੀ ਦੇ ਵਰਤੋਂ, ਇਹ ਕਿਹਾ ਜਾ ਸਕਦਾ ਕਿ ਹਾਦਸਿਆਂ ਨੂੰ ਸੱਦਾ ਪੱਤਰ ਜਾਣੇ-ਅਣਜਾਣੇ ਅਸੀਂ ਆਪ ਦੇ ਰਹੇ ਹਾਂ। ਆਮ ਤੌਰ ’ਤੇ ਮਨੁੱਖ ਬਾਰੇ ਇਹ ਕਿਹਾ ਜਾਂਦਾ ਕਿ ਸਾਰੀ ਸ੍ਰਿਸ਼ਟੀ ਵਿੱਚ ਸਭ ਤੋਂ ਵੱਧ ਅਕਲ ਤੇ ਸੋਚਣ ਸਮਝਣ ਦਾ ਗੁਣ ਕੁਦਰਤ ਨੇ ਸਿਰਫ ਮਨੁੱਖ ਨੂੰ ਬਖਸ਼ਿਆ ਹੈ। ਇਹ ਸੱਚ ਵੀ ਹੈ ਕਿ ਮਨੁੱਖ ਨੇ ਇੰਨਾ ਤਕਨੀਕੀ ਵਿਕਾਸ ਕਰ ਲਿਆ ਕਿ ਤਾਰਿਆਂ ਨੂੰ ਨਾਪ ਤੇ ਸਮੁੰਦਰਾਂ ਨੂੰ ਮਾਪ ਲਿਆ ਹੈ ਪਰ ਇਸਦਾ ਕੌੜਾ ਪੱਖ ਇਹ ਵੀ ਹੈ, ਜਿੰਨੀ ਤੇਜ਼ੀ ਨਾਲ ਵਿਕਾਸ ਹੋਇਆ ਹੈ, ਉਸ ਤੋਂ ਦੁੱਗਣੀ ਰਫਤਾਰ ਨਾਲ ਵਿਨਾਸ਼ ਵੀ ਹੋ ਰਿਹਾ ਹੈ। ਜਿੱਥੇ ਤਕਨੀਕ ਨੇ ਜ਼ਿੰਦਗੀ ਨੂੰ ਤੇਜ਼ ਅਤੇ ਆਰਾਮਦੇਹ ਬਣਾਇਆ ਹੈ ਅਤੇ ਮੀਲਾਂ ਦੀਆਂ ਦੂਰੀਆਂ ਨੂੰ ਖਤਮ ਤੇ ਘੱਟ ਕੀਤਾ ਹੈ, ਉੱਥੇ ਹੀ ਮਨੁੱਖ ਦੀ ਜ਼ਿੰਦਗੀ ਵਿੱਚੋਂ ਸਕੂਨ, ਖੁਸ਼ੀਆਂ ਤੇ ਅਚੰਗੀ ਸਿਹਤ ਨੂੰ ਤਾਂ ਨਿਗਲਿਆ, ਨਾਲ ਹੀ ਜੁਰਮਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ। ਦੌੜ ਭੱਜ, ਦਿਖਾਵੇ ਅਤੇ ਸੋਸ਼ਲ ਮੀਡਿਆ ’ਤੇ ਸਕੂਨ ਲੱਭਦਿਆਂ ਪਤਾ ਹੀ ਨਹੀਂ ਲਗਦਾ ਕਿ ਕਦੋਂ ਕੋਈ ਅਣਚਾਹਿਆ ਖਤਰਾ ਜ਼ਿੰਦਗੀ ਵਿੱਚ ਦਸਤਕ ਦੇ ਦਿੰਦਾ ਹੈ ਅਤੇ ਸਾਡੀ ਹੱਸਦੀ, ਵਸਦੀ ਜ਼ਿੰਦਗੀ ਨੂੰ ਉਜਾੜ ਕੇ ਰੱਖ ਦਿੰਦਾ ਹੈ।
ਤਕਨਾਲੋਜੀ ਇੱਕ ਅਜਿਹਾ ਅਣਡਿੱਠਾ ਹਥਿਆਰ ਹੈ, ਜੋ ਪਲਕ ਝਪਕਦੇ ਹੀ ਦੁਨੀਆ ਬਦਲ ਦਿੰਦਾ। ਤਕਨਾਲੋਜੀ ਬਣੀ ਸੀ ਸਾਡੀ ਜ਼ਿੰਦਗੀ ਨੂੰ ਆਸਾਨ ਅਤੇ ਸੁਖਾਵਾਂ ਬਣਾਉਣ ਲਈ ਤੇ ਇਸਨੇ ਜ਼ਿੰਦਗੀ ਆਸਾਨ ਬਣਾਈ ਵੀ ਹੈ, ਪਰ ਜਾਗਰੂਕਤ ਦੀ ਕਮੀ ਅਤੇ ਅੰਨ੍ਹੀ ਵਰਤੋਂ ਨੇ ਸਾਡਾ ਸਕੂਨ ਖੋ ਲਿਆ ਹੈ ਅਤੇ ਮਾਨਸਿਕ ਪਰੇਸ਼ਾਨੀ ਦੇ ਨਾਲ-ਨਾਲ ਸਰੀਰਕ ਅਲਾਮਤਾਂ ਨੇ ਘੇਰ ਲਿਆ। ਉਦਾਹਾਰਨ ਦੇ ਤੌਰ ’ਤੇ ਅਸੀਂ ਸਕਿੰਟਾਂ ਵਿੱਚ ਬੈਂਕਾਂ ਦੀ ਜ਼ਰੂਰਤ ਪੈਣ ’ਤੇ ਲੱਖਾਂ ਦੀ ਟਰਾਂਸਜੈਕਸ਼ਨ ਘਰ ਜਾਂ ਦਫਤਰ ਬੈਠੇ ਕਰ ਲੈਂਦੇ ਹਾਂ, ਜੋ ਕਿ ਇੱਕ ਵਧੀਆ ਸਹੂਲਤ ਹੈ। ਪਰ ਇਸ ਸਹੂਲਤ ਦੀ ਬੇਲੋੜੀ ਵਰਤੋਂ ਅਤੇ ਬਿਨਾਂ ਜਾਣਕਾਰੀ ਅਤੇ ਸਾਵਧਾਨੀ ਦੇ ਅਸੀਂ ਕਈ ਵਾਰ ਡਿਜਿਟਲ ਚੋਰਾਂ ਦੇ ਹੱਥੋਂ ਲੁੱਟੇ ਵੀ ਜਾ ਰਹੇ ਹਾਂ। ਸਾਡਾ ਅਧਾਰ ਕਾਰਡ ਸਾਡੀ ਨਿੱਜੀ ਪਛਾਣ ਹੈ, ਜਿਸ ਵਿੱਚ ਸਾਡੇ ਬਾਇਓਮੈਟਰਿਕ ਪ੍ਰਿੰਟ ਹਨ, ਪਰ ਅਸੀਂ ਬਿਨਾਂ ਕੁਝ ਸੋਚੇ ਸਮਝੇ ਕਿ ਉਸਦੀ ਵਰਤੋਂ ਕਿੱਥੇ ਹੋ ਰਹੀ ਹੈ, ਆਪਣਾ ਅਧਾਰ ਕਾਰਡ ਦੇ ਦਿੰਦੇ ਹਾਂ। ਇੱਕ ਰਿਪੋਰਟ ਅਨੁਸਾਰ ਸਾਲ 2023 ਅਧਾਰ ਕਾਰਡ ਨਾਲ ਜੁੜੇ 11 ਪ੍ਰਤੀਸ਼ਤ ਫਾਇਨੈਂਸ਼ਲ ਠੱਗੀਆਂ ਦੇ ਕੇਸ ਰਜਿਸਟਰ ਕੀਤੇ ਗਏ। ਇਸੇ ਤਰ੍ਹਾਂ ਮੋਬਾਇਲ ਸਿੰਮ ਕਾਰਡ ਲੈਣ ਸਮੇਂ ਡਿਜਿਟਲ ਵੈਰੀਫਿਕੇਸ਼ਨ ਅਧਾਰ ਕਾਰਡ ਰਾਹੀਂ ਹੀ ਹੁੰਦੀ ਹੈ ਤੇ ਜਾਗਰੂਕਤਾ ਦੀ ਕਮੀ ਕਾਰਨ ਸਿੰਮ ਉਪਰੇਟਰ ਸਾਡੇ ਤੋਂ 2-3 ਵਾਰ ਬਾਇਓਮੈਟਰਿਕ ਫਿੰਗਰ ਪ੍ਰਿੰਟ ਇਹ ਕਹਿ ਕੇ ਲਗਾਵਾ ਲੈਂਦੇ ਹਨ ਕਿ ਇਹ ਸਹੀ ਨਹੀਂ ਲੱਗੇ। ਹਾਲਾਂਕਿ 80-90 ਪ੍ਰਤੀਸ਼ਤ ਉਹ ਸਹੀ ਲੱਗ ਚੁੱਕੇ ਹੁੰਦੇ ਪਰ ਹੋ ਸਕਦਾ ਕਿ ਸਿੰਮ ਉਪਰੇਟਰ ਨੇ ਸਾਡੇ ਅਧਾਰ ਕਾਰਡ ’ਤੇ ਹੋਰ ਸਿੰਮ ਵੀ ਐਕਟੀਵੇਟ ਕਰ ਲਏ ਹੋਣ ਤੇ ਬਹੁਤ ਸਾਰੇ ਕੇਸਾਂ ਵਿੱਚ ਇਹ ਸਿੰਮ ਅਪਰਾਧੀਆਂ ਨੂੰ ਵੇਚ ਦਿੱਤੇ ਜਾਣ। ਪਰ ਇੱਥੇ ਇਹ ਸਵਾਲ ਕਿ “ਇਸ ਤੋਂ ਬਚਣ ਦਾ ਹੱਲ ਕੀ ਹੈ?” ਇਸਦਾ ਜਵਾਬ ਹੈ ਜਾਗਰੂਕਤਾ। ਅਸੀਂ ਅਧਾਰ ਕਾਰਡ ਦੀ ਵੈੱਬਸਾਈਟ ’ਤੇ ਜਾ ਕੇ ਜਾਂਚ ਕਰ ਸਕਦੇ ਹਾਂ। ਕਿਸੇ ਨੂੰ ਅਧਾਰ ਕਾਰਡ ਦੀ ਫੋਟੋ ਕਾਪੀ ਦਿੰਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਉਸਦੀ ਵਰਤੋਂ ਉੱਥੇ ਲੋੜੀਂਦੀ ਹੈ ਵੀ ਜਾ ਨਹੀਂ।
ਇਸੇ ਤਰ੍ਹਾਂ ਸੋਸ਼ਲ ਮੀਡਿਆ ਖਾਸਕਰ ਇੰਨਸਟਾਗਰਾਮ, ਟੈਲੀਗਰਾਮ, ਟਵਿਟਰ, ਵਟਸਐਪ, ਯੂ ਟਿਊਬ, ਐਕਸ ਡਾਟ ਕਾਮ ਦੀ ਵਰਤੋਂ, ਵੀਡਿਓ ਤੇ ਫੋਟੋਆਂ ਨੂੰ ਤਬਦੀਲ ਕਰਦੀਆਂ ਅਣਔਥੋਰਾਈਜ਼ ਮੋਬਾਇਲ ਐਪਸ, ਆਰਟੀਫੀਸ਼ਲ ਇੰਨਟੈਲੀਜੈਂਸ਼ ਰਾਹੀਂ ਔਡੀਓ ਅਤੇ ਵੀਡੀਓ ਦੀ ਨਾਜਾਇਜ਼ ਤੇ ਬਿਨਾਂ ਸੋਚੇ ਸਮਝੇ ਵਰਤੋਂ ਨੇ ਸਾਡੀ ਜ਼ਿੰਦਗੀ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਬਿਮਾਰ ਕਰ ਦਿੱਤਾ ਹੈ। ਕੋਵਿਡ ਦੀ ਮਹਾਂਮਾਰੀ ਦੇ ਦੌਰਾਨ ਸੋਸ਼ਲ ਮੀਡੀਆ ਨੂੰ ਬੱਚੇ, ਜਵਾਨ ਅਤੇ ਬਜ਼ੁਰਗ ਹਰ ਇੱਕ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ। ਪਤਾ ਸਭ ਨੂੰ ਹੈ ਕਿ ਇਸਦੇ ਕੀ ਨੁਕਸਾਨ ਅਤੇ ਲਾਭ ਹਨ, ਕਿੱਥੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤੇ ਕਿੱਥੇ ਨਹੀਂ, ਪਰ ਇਹ ਇੱਕ ਨਸ਼ੇ ਦੀ ਤਰ੍ਹਾਂ ਮਨੁੱਖੀ ਦਿਮਾਗ ਉੱਤੇ ਇੰਨਾ ਹਾਵੀ ਹੋ ਚੁੱਕਾ ਹੈ ਕਿ ਅਸੀਂ ਰੋਟੀ ਖਾਧੇ ਬਿਨਾਂ, ਪਾਣੀ ਪੀਤੇ ਬਿਨਾਂ, ਘੱਟ ਸੌਂ ਸਾਰ ਲੈਂਦੇ ਹਾਂ ਇਹ ਕਹਿ ਕਿ ਰੁਕ ਕੇ ਖਾ ਲੈਂਦੇ ਹਾਂ, ਰੁਕ ਕੇ ਪੀ ਲੈਂਦੇ ਹਾਂ ਤੇ ਰੁਕ ਕੇ ਸੌਂ ਜਾਂਦੇ ਹਾਂ ਪਰ ਸੋਸ਼ਲ ਮੀਡਿਆ ਤੇ ਕੀ ਸਟੇਟਸ ਅਪਡੇਟ ਹੋਇਆ ਹੈ, ਕਿਹੜੀ ਨਵੀਂ ਰੀਲ ਆਈ ਹੈ, ਇਹ ਦੇਖੇ ਬਿਨਾਂ ਨਹੀਂ ਰੁਕ ਸਕਦੇ।
ਸਾਡੀ ਨੌਜਵਾਨ ਪੀੜ੍ਹੀ ਦਾ ਤਾਂ ਇੰਨਾ ਬੁਰਾ ਹਾਲ ਹੋ ਗਿਆ ਹੈ ਕਿ ਉਹਨਾਂ ਲਈ ਸੋਸ਼ਲ ਮੀਡਿਆ ਦੀ ਕਾਲਪਨਿਕ ਦੁਨੀਆ ਹੀ ਸੱਚੀ ਦੁਨੀਆ ਹੈ। ਰੀਲਜ਼, ਲਈਕਸ ਅਤੇ ਸ਼ੇਅਰ ਵਿੱਚ ਇੰਨੀ ਜ਼ਿੰਦਗੀ ਉਲਝ ਗਈ ਹੈ ਕਿ ਇੱਕ 4 ਸਾਲ ਦਾ ਬੱਚਾ ਪਤਾ ਨਹੀਂ ਕਦੋਂ ਵੀਡੀਓ ਚੈਟ ਕਰਨ ਲੱਗ ਜਾਂਦਾ ਹੈ ਤੇ ਮਾਪਿਆਂ ਨੂੰ ਪਤਾ ਵੀ ਨਹੀਂ ਲਗਦਾ ਕਿ ਕੀ ਹੋ ਗਿਆ। ਪਿਛਲੇ ਦਿਨਾਂ ਵਿੱਚ ਡਿਜਿਟਲ ਠੱਗੀ, ਡਿਜਿਟਲ ਧਮਕੀਆਂ, ਕਿਡਨੈਪਿੰਗ ਤੇ ਡਿਜਿਟਲ ਦੁਨੀਆਂ ਵਿੱਚ ਬੱਚਿਆਂ ਅਤੇ ਔਰਤਾਂ ਨਾਲ ਸਬੰਧਤ ਜੁਰਮਾਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਇੱਕ ਘਰ ਦੇ ਪਰਿਵਾਰਿਕ ਮੈਂਬਰਾਂ ਨੇ ਵਾਰੀ-ਵਾਰੀ ਸੋਸ਼ਲ ਮੀਡਿਆ ’ਤੇ ਆਪਣੇ ਨਵੇਂ ਆਲੀਸ਼ਾਨ ਘਰ ਦੀਆਂ ਵੀਡਿਓਜ਼ ਦਿਖਾਵੇ ਲਈ ਅਪਲੋਡ ਕਰ ਦਿੱਤੀਆਂ ਤੇ ਮਹਿਜ਼ ਤਿੰਨ ਦਿਨ ਬਾਦ ਉਸ ਘਰ ਵਿੱਚ ਚੋਰੀ ਦੀ ਵਾਰਦਾਤ ਹੋ ਗਈ ਤੇ ਤਫਤੀਸ਼ ਕਰਨ ’ਤੇ ਚੋਰਾਂ ਕੋਲੋਂ ਪਤਾ ਲੱਗਿਆ ਕਿ ਸਭ ਕੁਝ ਉਹਨਾਂ ਨੂੰ ਸੋਸ਼ਲ ਮੀਡਿਆ ਰਾਹੀਂ ਹੀ ਪਤਾ ਲੱਗਿਆ ਸੀ। ਅਸੀਂ ਇਹ ਸਭ ਦੇਖ ਕੇ ਕਬੂਤਰ ਦੀ ਤਰ੍ਹਾਂ ਅੱਖਾਂ ਬੰਦ ਕਰ ਰਹੇ ਹਾਂ ਕਿ ਬਿੱਲੀ ਸਾਹਮਣੇ ਨਹੀਂ ਹੈ ਪਰ ਸੱਚ ਇਹ ਹੈ ਕਿ ਬਿੱਲੀ ਹੈ ਤੇ ਹਮਲਾ ਵੀ ਕਰੇਗੀ। ਅੱਜ ਕਿਸੇ ਹੋਰ ਨਾਲ ਠੱਗੀ, ਕੱਲ੍ਹ ਤੁਸੀਂ ਕਿਸੇ ਡਿਜਿਟਲ ਠੱਗੀ ਜਾਂ ਜੁਰਮ ਦਾ ਸ਼ਿਕਾਰ ਹੋ ਸਕਦੇ ਹੋ।
ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਕਿ ਅਸੀਂ ਸਬਜ਼ੀ ਖਰੀਦਿਆਂ, ਕੱਪੜੇ ਖਰੀਦਿਆਂ, ਇਲੈਕਟ੍ਰੌਨਿਕ ਵਸਤਾਂ, ਜਾਇਦਾਦਾਂ ਖਰੀਦਿਆਂ ਕਿੰਨੀ ਬਾਰੀਕੀ ਨਾਲ ਜਾਂਚ-ਪੜਤਾਲ ਕਰਦੇ ਹਾਂ ਪਰ ਸੋਸ਼ਲ ਮੀਡਿਆ ’ਤੇ ਆਪਣੀ ਨਿੱਜੀ, ਪਰਿਵਾਰਿਕ ਜਾਣਕਾਰੀ ਸਾਂਝੀ ਕਰਦਿਆਂ ਅਤੇ ਆਪਣੇ ਮਾਸੂਮ ਬੱਚਿਆਂ ਦੇ ਹੱਥੀਂ ਮੋਬਾਇਲ ਫੋਨ ਦਿੰਦੇ ਜ਼ਰਾ ਜਿੰਨੀ ਵੀ ਸਮਝ ਨਹੀਂ ਵਰਤਦੇ। ਬਹੁਤ ਸਹੀ ਹੈ ਕਿ ਅਸੀਂ ਘਰਾਂ ਵਿੱਚ ਹਰ ਚੀਜ਼ ਨੂੰ ਜਿੰਦਾ ਮਾਰ ਕੇ ਤੇ ਕੈਮਰੇ ਲਵਾ ਕੇ ਰੱਖਦੇ ਹਾਂ ਕਿ ਕਿਤੇ ਕੋਈ ਚੋਰ ਨਾ ਆ ਜਾਵੇ ਪਰ ਫੋਨ ’ਤੇ ਸ਼ਰੇਆਮ ਆਪਣੀ ਸਾਰੀ ਜ਼ਿੰਦਗੀ ਸਾਝੀਂ ਕਰਕੇ ਜੁਰਮ ਨੂੰ ਸੱਦਾ ਦਿੰਦੇ ਹਾਂ। ਹਾਲੇ ਵੀ ਵਕਤ ਹੈ ਕਿ ਡਿਜਿਟਲ ਤਕਨਾਲੋਜੀ ਦੀ ਵਰਤੋਂ ਨੂੰ ਸਮਝ-ਸੂਝ ਅਤੇ ਸਤਰਕਤਾ ਨਾਲ ਵਰਤਿਆ ਜਾਵੇ। ਕੋਈ ਲਿੰਕ ਜਾਂ ਈਮੇਲ ਖੋਲ੍ਹਣ ਤੋਂ ਪਹਿਲਾਂ ਇਹ ਜ਼ਰੂਰ ਜਾਂਚ ਕਰ ਲਿਆ ਜਾਵੇ ਕਿ ਕੀ ਇਹ ਸਹੀ ਹੈ ਵੀ ਜਾਂ ਨਹੀਂ। ਕਿਸੇ ਪਾਰਸਲ ਲਈ ਆਏ ਫੋਨ ਬਾਰੇ ਪੰਜ ਮਿੰਟ ਲਈ ਸੋਚੋ ਕਿ ਕੀ ਤੁਹਾਡਾ ਜਾਂ ਪਰਿਵਾਰਿਕ ਮੈਂਬਰ ਦਾ ਪਾਰਸਲ ਹੈ ਵੀ, ਜਾਂ ਨਹੀਂ। ਹੋ ਸਕੇ ਤਾਂ ਮੋਬਾਇਲ ਨੰਬਰ ’ਤੇ ਨਾਮ ਦੱਸਣ ਵਾਲੀਆਂ ਐਪਸ ਨੂੰ ਨਾ ਵਰਤੋਂ ਕਿਉਂਕਿ ਅਪਰਾਧੀ ਕਿਸੇ ਵੀ ਜਾਅਲੀ ਨਾਮ ਨਾਲ ਨੰਬਰ ਰਜਿਸਟਰ ਕਰਕੇ ਠੱਗੀ ਮਾਰ ਲੈਂਦੇ ਹਨ। ਜੇਕਰ ਫਿਰ ਵੀ ਕੋਈ ਤੁਹਾਨੂੰ ਡਿਜਿਟਲ ਧਮਕੀ ਜਾਂ ਬਲੈਕਮੇਲ ਕਰ ਰਿਹਾ ਹੈ ਤਾਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰੋ ਤੇ ਤੁੰਰਤ ਸਰਕਾਰੀ ਹੈਲਪ ਲਈਨ ਦਾ ਸਹਾਰਾ ਲਵੋ। ਆਪਣੇ ਦਫਤਰੀ ਜਾਂ ਘਰ ਦੇ ਲੈਪਟਾਪ ’ਤੇ ਆਪਣਾ ਨਿੱਜੀ ਈਮੇਲ ਦਾ ਪਾਸਪਾਰਡ ਜਮ੍ਹਾਂ ਨਾ ਕਰੋ। ਆਪਣੇ ਫੋਨ ਵਿੱਚ ਸਰਕਾਰੀ ਹੈਲਪ ਲਾਇਨ ਨੰਬਰ ਜ਼ਰੂਰ ਨੋਟ ਕਰਕੇ ਰੱਖੋ ਤੇ ਬੱਚਿਆਂ ਨੂੰ ਮੋਬਾਇਲ ਫੋਨ ਦਿੰਦੇ ਵਕਤ ਇਹ ਜ਼ਰੂਰ ਯਕੀਨੀ ਬਣਾਓ ਕਿ ਬੱਚਾ ਕੀ ਕਰ ਰਿਹਾ ਤੇ ਬੱਚੇ ਦੇ ਸੁਭਾਅ ਵਿੱਚ ਕੀ ਤਬਦੀਲੀ ਆ ਰਹੀ ਹੈ। ਸਮਾਰਟ ਡਿਜਿਟਲ ਦੁਨੀਆ ਦਾ ਹਿੱਸਾ ਸਮਾਰਟ ਬਣ ਕੇ ਬਣੋ, ਜ਼ਿੰਦਗੀ ਆਸਾਨ ਅਤੇ ਸਰੱਖਿਅਤ ਰਹੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (