“ਫਿਰ ਉਹੀ ਹੋਇਆ, ਜਿਸਦਾ ਡਰ ਸੀ। ਬੋਰਡ ਦੀ ਸਾਇਟ ’ਤੇ ਇੱਕ ਨੋਟੀਫਿਕੇਸ਼ਨ ...”
(25 ਸਤੰਬਰ 2026)
ਜਨਵਰੀ ਦਾ ਪਹਿਲਾ ਹਫਤਾ, ਅੰਤਾਂ ਦੀ ਠੰਢ ਅਤੇ ਧੁੰਦ ਵਿੱਚ ਮੈਂ ਢਾਈ ਘੰਟੇ ਦਾ ਸਫਰ ਤੈਅ ਕਰਕੇ ਪ੍ਰੀਖਿਆ ਕੇਂਦਰ ਪਹੁੰਚੀ ਤਾਂ ਮੇਰੇ ਵਰਗੇ ਕਿੰਨੇ ਹੀ ਹੋਰ ਉਮੀਦਵਾਰ ਠੰਢ ਵਿੱਚ ਆਪਣੇ ਮਾਪਿਆਂ ਨਾਲ, ਪਤੀ ਨਾਲ, ਦੁੱਧ ਚੁੰਘਦੇ ਬੱਚਿਆਂ ਨਾਲ ਬੱਸ ਇੱਕੋ ਉਮੀਦ ਨਾਲ ਪਹੁੰਚੇ ਹੋਏ ਸੀ ਕਿ ਇਸ ਵਾਰ ਪੱਕੀ ਨੌਕਰੀ ਮਿਲ ਜਾਵੇਗੀ। ਪ੍ਰੀਖਿਆ ਕੇਂਦਰ ਵਿੱਚ ਤਿੰਨ ਵਾਰ ਕੱਪੜਿਆਂ ਤੋਂ ਲੈ ਕੇ ਸਰੀਰ ਦੇ ਹਰ ਹਿੱਸੇ ਦੀ ਤਲਾਸ਼ੀ ਇਵੇਂ ਲਈ ਜਾ ਰਹੀ ਸੀ ਜਿਵੇਂ ਅਸੀਂ ਕੋਈ ਆਤੰਕਵਾਦੀ ਜਾਂ ਮੁਲਜ਼ਿਮ ਹੋਈਏ। ਆਪੋ-ਆਪਣੇ ਕਮਰੇ ਵਿੱਚ ਆਪਣੀ ਸੀਟ ’ਤੇ ਬੈਠਣ ਤੋਂ ਬਾਅਦ ਜੋ ਕੈਫੀਅਤ ਇੱਕ ਵਿਦਿਆਰਥੀ ਜਾਂ ਉਮੀਦਵਾਰ ਦੀ ਹੁੰਦੀ ਹੈ, ਉਸਨੂੰ ਕੋਈ ਕੋਚਿੰਗ ਸੈਂਟਰ ਜਾਂ ਸੰਸਥਾ ਨਹੀਂ ਸਿਖਾ ਸਕਦੀ ਕਿ ਉਸ ਤਣਾਅ ਨੂੰ ਕਿਸ ਤਰ੍ਹਾਂ ਨਾਲ ਸੁਖਾਵਾਂ ਬਣਾਉਣਾ ਹੈ। ਸੋ ਮੈਂ ਵੀ ਆਪਣੀ ਸੀਟ ’ਤੇ ਬੈਠ ਕੇ ਪ੍ਰੀਖਿਆ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਸੀ। ਇਸ ਪ੍ਰੀਖਿਆ ਤੋਂ ਪਹਿਲਾਂ ਮੈਂ ਦੋ ਹੋਰ ਪ੍ਰੀਖਿਆਵਾਂ ਦੇ ਚੁੱਕੀ ਸੀ ਜਿਨ੍ਹਾਂ ਵਿੱਚੋਂ ਇੱਕ ਪੇਪਰ ਲੀਕ ਹੋਣ ਕਾਰਨ ਵਿਜੀਲੈਂਸ ਦੀ ਇਨਕੁਆਰੀ ਬੈਠ ਗਈ ਸੀ ਤੇ ਦੂਜੇ ਪੇਪਰ ਵਿੱਚ ਗਲਤੀਆਂ ਕਰਕੇ ਗਰੇਸ ਮਾਰਕਸ ਦੇਣ ਦੀ ਲੰਬੀ ਬਹਿਸ ਛਿੜੀ ਹੋਈ ਸੀ। ਸੋ ਮੈਨੂੰ ਇਸ ਪ੍ਰੀਖਿਆ ਦੇ ਸੁਚੱਜੇ ਢੰਗ ਨਾਲ ਹੋਣ ਅਤੇ ਨਤੀਜਾ ਵਧੀਆ ਆਉਣ ਦੀ ਉਮੀਦ ਸੀ। ਸਾਡੇ ਕਮਰੇ ਵਿੱਚ ਜਿਸ ਮੈਡਮ ਦੀ ਡਿਊਟੀ ਸੀ, ਉਹ ਕਾਫੀ ਛੋਟੀ ਉਮਰ ਪਰ ਸਖਤ ਸੁਭਾਅ ਦੀ ਸੀ।
ਪੇਪਰ ਸ਼ੁਰੂ ਕਰਨ ਦੀ ਘੰਟੀ ਹੋਈ। ਅਸੀਂ ਸਭ ਨੇ ਆਪੋ ਆਪਣੀਆਂ ਪ੍ਰਸ਼ਨ ਕਾਪੀਆਂ ਖੋਲ੍ਹ ਕੇ ਪੇਪਰ ਸ਼ੁਰੂ ਕਰ ਦਿੱਤਾ। ਮੈਂ ਵਕਤ ਬਚਾਉਣ ਲਈ ਜਲਦੀ ਨਾਲ ਇੱਕ ਸਰਸਰੀ ਨਜ਼ਰ ਸਾਰੇ ਪੰਨਿਆਂ ’ਤੇ ਮਾਰੀ ਤਾਂ ਸਭ ਪ੍ਰਿੰਟਿਗ ਠੀਕ ਸੀ। ਵਕਤ ਭੱਜ ਰਿਹਾ ਸੀ। ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਸੀ, ਜੋ ਮੈਨੂੰ ਸੁਣ ਰਹੀ ਸੀ। ਜਦੋਂ ਅੱਧਾ ਵਕਤ ਬੀਤ ਚੁੱਕਿਆ ਸੀ ਮੈਂ 45 ਪ੍ਰਸ਼ਨ ਕਰ ਚੁੱਕੀ ਸੀ। ਪੇਪਰ ਮੇਰੇ ਪੜ੍ਹੇ ਹੋਏ ਵਿੱਚੋਂ ਸੀ, ਇਸ ਲਈ ਆਤਮ ਵਿਸ਼ਵਾਸ ਬਹੁਤ ਸੀ। ਮੈਂ ਅੱਧੇ ਕੁ ਮਿੰਟ ਦੇ ਅਰਾਮ ਲਈ ਜਦੋਂ ਸਿਰ ਉੱਪਰ ਚੁੱਕਿਆ ਤਾਂ ਮੇਰੇ ਨਾਲ ਬੈਠੇ ਉਮੀਦਵਾਰ ਨੇ ਹਾਲੇ ਕੋਈ ਵੀ ਪ੍ਰਸ਼ਨ ਹੱਲ ਨਹੀਂ ਕੀਤਾ ਸੀ। ਮੈਂ ਆਪਣਾ ਰਹਿੰਦਾ ਪੇਪਰ ਪੂਰਾ ਕਰਨ ਵਿੱਚ ਰੁੱਝ ਗਈ। ਦਸ ਮਿੰਟ ਬਾਅਦ ਮੈਂ ਕਿਸੇ ਦੇ ਕਮਰੇ ਵਿੱਚ ਹੌਲੀ-ਹੌਲੀ ਬੋਲਣ ਦੀ ਅਵਾਜ਼ ਸੁਣੀ। ਮੈਂ ਸਿਰ ਉੱਪਰ ਉਠਾ ਕੇ ਦੇਖਿਆ ਤਾਂ ਜਿਸ ਮੈਡਮ ਦੀ ਡਿਊਟੀ ਸੀ, ਉਹ ਇੱਕ ਦੋ ਉਮੀਦਵਾਰਾਂ ਨੂੰ ਪੇਪਰ ਵਿਚਲੇ ਉੱਤਰ ਦੱਸ ਰਹੀ ਸੀ। ਫਿਰ ਮੇਰੇ ਨਾਲ ਦਾ ਉਮੀਦਵਾਰ ਉੱਠ ਕੇ ਬਾਥਰੂਮ ਚਲਾ ਗਿਆ। ਆਮ ਤੌਰ ’ਤੇ ਪੇਪਰ ਦੌਰਾਨ ਕਿਸੇ ਨੂੰ ਵੀ ਉੱਠ ਕੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਪਰ ਇਹ ਕੀ ਹੋ ਰਿਹਾ ਸੀ? ਫਿਰ ਵੀਡੀਓਗ੍ਰਾਫੀ ਹੋਈ ਇਕੱਲੇ-ਇਕੱਲੇ ਉਮੀਦਵਾਰ ਦੀ ਬੜੇ ਸੁਚੱਜੇ ਢੰਗ ਨਾਲ। ਪਰ ਸਵਾਲ ਇਹ ਪੈਦਾ ਹੁੰਦਾ ਕਿ ਇੰਨੇ ਸੁਰੱਖਿਆ ਪ੍ਰੰਬਧ ਅਤੇ ਵੀਡੀਓਗ੍ਰਾਫੀ ਹੋਣ ਦੇ ਬਾਵਜੂਦ ਵੀ ਪ੍ਰੀਖਿਆਵਾਂ ਵਿੱਚ ਧਾਂਦਲੀ, ਲੀਕ, ਉਮੀਦਵਾਰਾਂ ਦਾ ਬਦਲ ਜਾਣਾ, ਇਹ ਸਭ ਕਿਵੇਂ ਹੋ ਰਿਹਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਵੀ ਨਹੀਂ ਹਨ। ਜਿਵੇਂ-ਜਿਵੇਂ ਸਮਾਂ ਪੂਰਾ ਹੋਣ ਦੀ ਘੜੀ ਨਜ਼ਦੀਕ ਆ ਰਹੀ ਸੀ ਕਮਰੇ ਵਿੱਚ ਅਵਾਜਾਂ ਵਧ ਰਹੀਆਂ ਸਨ। ਜਿਵੇਂ ਹੀ ਘੰਟੀ ਵੱਜੀ ਮੈਡਮ ਨੇ ਬਹੁਤ ਰੁੱਖੇ ਢੰਗ ਨਾਲ ਉੱਤਰ ਪੱਤਰੀਆਂ ਇਕੱਠੀਆਂ ਕੀਤੀਆਂ।
ਮੇਰੇ ਚਿਹਰੇ ’ਤੇ ਖੁਸ਼ੀ ਅਤੇ ਡਰ ਦੋਨੋਂ ਮੌਜੂਦ ਸਨ। ਖੁਸ਼ੀ ਸੀ ਕਿ ਸਵਾਲ ਆਉਂਦੇ ਸਨ ਤੇ ਡਰ ਸੀ ਕਿ ਦੋ ਪਹਿਲੀਆਂ ਪ੍ਰੀਖਿਆਵਾਂ ਦੀ ਤਰ੍ਹਾਂ ਇਹ ਵੀ ਕਿਤੇ ਧਾਂਦਲੀ ਦੀ ਭੇਟ ਨਾ ਚੜ੍ਹ ਜਾਵੇ। ਦੂਸਰੇ ਦਿਨ ਉੱਤਰ ਕੁੰਜੀ ਬੋਰਡ ਵੱਲੋਂ ਪਾਈ ਗਈ। ਮੈਂ ਮਿਲਾਣ ਕੀਤਾ ਤਾਂ ਚਾਅ ਚੜ੍ਹ ਗਿਆ ਕਿ ਮੇਰਾ ਸਲੈਕਸ਼ਨ ਇਸ ਵਾਰ ਸ਼ਾਇਦ ਹੋ ਜਾਵੇਗਾ।
ਬਹੁਤ ਦਿਨ ਬੀਤ ਗਏ। ਮੈਂ ਰੁਜ਼ਾਨਾ ਦੋ-ਤਿੰਨ ਵਾਰ ਵੈੱਬਸਾਈਟ ਦੇਖਦੀ ਕਿ ਨਤੀਜਾ ਆਇਆ ਜਾਂ ਨਹੀਂ। ਫਿਰ ਉਹੀ ਹੋਇਆ, ਜਿਸਦਾ ਡਰ ਸੀ। ਬੋਰਡ ਦੀ ਸਾਇਟ ’ਤੇ ਇੱਕ ਨੋਟੀਫਿਕੇਸ਼ਨ ਸੀ ਕਿ ਇਸ ਮਿਤੀ ਨੂੰ ਹੇਠ ਲਿਖੇ ਰੋਲ ਨੰਬਰ ਆਪਣੇ ਸਰਟੀਫਿਕੇਟ ਲੈ ਕੇ ਕੌਂਸਲਿੰਗ ਲਈ ਹਾਜ਼ਰ ਹੋ ਜਾਣ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਸੀ ਕਿ ਬਿਨਾਂ ਨਤੀਜਾ ਘੋਸ਼ਤ ਕੀਤੇ ਕੌਂਸਲਿੰਗ ਕਿਵੇਂ ਹੋ ਸਕਦੀ ਹੈ। ਮੇਰਾ ਵਿਸ਼ਵਾਸ, ਸੁਪਨੇ ਅਤੇ ਹੌਸਲਾ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਤੇ ਦਿਨ ਰਾਤ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਸੀ। ਕਿਸਨੂੰ ਪੁੱਛਦੀ ਕਿ ਇਹ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ। ਬਿਨਾਂ ਕਿਸੇ ਸਬੂਤ ਦੇ ਤੁਸੀਂ ਕਿਤੇ ਕੋਈ ਸ਼ਿਕਾਇਤ ਵੀ ਤਾਂ ਦਰਜ ਨਹੀਂ ਕਰਵਾ ਸਕਦੇ। ਆਖਰ ਕੀ ਕਸੂਰ ਹੁੰਦਾ ਹੈ ਮੇਰੇ ਵਰਗੇ ਮਿਹਨਤੀ ਉਮੀਦਵਾਰਾਂ ਦਾ, ਜਿਹੜੇ ਕੋਚਿੰਗ ਸੈਂਟਰਾਂ ਤੋਂ ਬਿਨਾਂ ਸੈਲਫ ਸਟੱਡੀ ਕਰਦੇ ਨੇ? ਕਿਵੇਂ ਇਹ ਪੇਪਰ ਪ੍ਰੀਖਿਆ ਕੇਂਦਰ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕੁਝ ਕੁ ਭ੍ਰਿਸ਼ਟ ਕੋਚਿੰਗ ਸੈਂਟਰਾਂ ’ਤੇ ਪਹੁੰਚ ਜਾਂਦੇ ਹਨ? ਲੋਕਾਂ ਕੋਲ 20-30 ਲੱਖ ਰੁਪਏ ਜੇ ਹੁੰਦੇ ਹਨ ਤਾਂ ਬਿਜ਼ਨਸ ਕਰਨ, ਦੂਜੇ ਉਮੀਦਵਾਰਾਂ ਦੀ ਮਿਹਨਤ ਨੂੰ ਕਿਉਂ ਰੋਲਦੇ ਹਨ? ਸਭ ਕੁਝ ਸਾਬਤ ਹੋਣ ਤੇ ਵੀ ਆਖਰ ਕਿਉਂ ਨਹੀਂ ਇਨ੍ਹਾਂ ਕੋਚਿੰਗ ਸੈਂਟਰਾਂ ਤੇ ਪੇਪਰ ਲੀਕ ਕਰਨ ਵਾਲਿਆਂ ਨੂੰ ਸਜ਼ਾ ਮਿਲਦੀ?
ਅੱਜਕੱਲ੍ਹ ਮੈਡੀਕਲ ਦਾ ਦਾਖਲਾ ਪ੍ਰੀਖਿਆ ‘ਨੀਟ’ ਹਰ ਸਾਲ ਲੀਕ ਹੁੰਦਾ ਹੈ ਤੇ ਫਿਰ ਦੁਬਾਰਾ ਲਿਆ ਜਾਂਦਾ। ਪੰਜਾਬ ਵਿੱਚ ਤਾਂ ਇਸ ਤੋਂ ਵੀ ਵੱਧ ਬੁਰਾ ਹਾਲ ਹੈ। ਇੱਥੇ ਤਾਂ ਹਰ ਪ੍ਰੀਖਿਆ ਲੀਕ ਅਤੇ ਨਕਲ ਕਾਰਨ ਰੱਦ ਹੋ ਰਹੀ ਹੈ। ਇਸਦਾ ਸਿੱਧਾ ਨੁਕਸਾਨ ਉਸ ਉਮੀਦਵਾਰ ਨੂੰ ਹੁੰਦਾ ਹੈ ਜਿਸਨੇ ਸ਼ਿੱਦਤ ਨਾਲ ਦਿਨ-ਰਾਤ ਗਵਾ ਕੇ ਮਿਹਨਤ ਕੀਤੀ ਹੁੰਦੀ ਹੈ ਤੇ ਜਦੋਂ ਪੇਪਰ ਰੱਦ ਹੁੰਦੇ ਹਨ ਤਾਂ ਉਹ ਵਕਤ ਇੰਨਾ ਤਕਲੀਫਦੇਹ ਹੁੰਦਾ ਹੈ ਕਿ ਸਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਸੈਂਕੜੇ ਬੱਚੇ ਆਤਮਹੱਤਿਆ ਕਰਨ ਜਾਂ ਨਸ਼ੇ ਵੱਲ ਆਪਣੇ ਕਦਮ ਵਧਾ ਲੈਂਦੇ ਹਨ। ਇੱਥੇ ਸਿਰਫ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ ਹਨ, ਅਸੀਂ ਵੀ ਬਰਾਬਰ ਜ਼ਿੰਮੇਵਾਰ ਹਾਂ। ਮਹਿੰਗੇ ਕੋਚਿੰਗ ਸੈਂਟਰਾਂ ਤੋਂ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਬੱਸ ਕਿਸੇ ਵੀ ਤਰ੍ਹਾਂ ਸਾਡਾ ਬੱਚਾ ਸਿਲੈਕਟ ਹੋ ਜਾਵੇ। ਦਿਨੋ ਦਿਨ ਪ੍ਰੀਖਿਆਵਾਂ ਸਖਤ ਹੋ ਰਹੀਆਂ ਹਨ ਤੇ ਮੁਕਾਬਲਾ ਸਖਤ ਹੁੰਦਾ ਜਾ ਰਿਹਾ ਹੈ। ਸਾਡੀ ਉਮੀਦਾਂ ਵੀ ਬੇਲਗਾਮ ਘੋੜੇ ਵਾਂਗ ਵਧਦੀਆਂ ਹੀ ਜਾ ਰਹੀਆਂ ਹਨ। ਉਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਹਰ ਹੀਲਾ-ਵਸੀਲਾ ਵਰਤਿਆ ਜਾ ਰਿਹਾ ਹੈ।
ਆਉ ਹੰਭਲਾ ਮਾਰ ਕੇ ਸੋਚੀਏ ਅਤੇ ਕੋਸ਼ਿਸ਼ ਕਰੀਏ ਕਿ ਕੋਈ ਵੀ ਬੱਚਾ ਆਤਮ ਹੱਤਿਆ ਵੱਲ ਕਦਮ ਨਾ ਵਧਾਵੇ ਅਤੇ ਮਹਿੰਗੇ ਕੋਚਿੰਗ ਸੈਂਟਰਾਂ ਵੱਲ ਨਾ ਜਾ ਕੇ ਸੈਲਫ ਸਟੱਡੀ ਨੂੰ ਉਸ਼ਹਿਤ ਕਰੀਏ। ਜੇ ਕੋਚਿੰਗ ਸੈਂਟਰ ਹੀ ਨਹੀਂ ਹੋਣਗੇ ਤਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਇੰਨੀਆਂ ਸਖਤ ਨਹੀਂ ਹੋਣਗੀਆਂ ਅਤੇ ਨਾ ਹੀ ਕੋਈ ਪੇਪਰ ਲੀਕ ਕਰੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































